ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਕਿਵੇਂ ਪੈਦਾ ਕਰੀਏ?
ਚਾਹੇ ਮੂਸਾ ਦਾ ਕਾਨੂੰਨ ਅੱਜ ਮਸੀਹੀਆਂ ਉੱਤੇ ਲਾਗੂ ਨਹੀਂ ਹੁੰਦਾ, ਪਰ ਉਸ ਵਿਚ ਦਿੱਤੇ ਦੋ ਸਭ ਤੋਂ ਵੱਡੇ ਹੁਕਮ ਪੂਰੇ ਕਾਨੂੰਨ ਦਾ ਨਿਚੋੜ ਹਨ। ਇਹ ਦੋ ਕਾਨੂੰਨ ਹਨ, ਪਰਮੇਸ਼ੁਰ ਨੂੰ ਅਤੇ ਗੁਆਂਢੀ ਨੂੰ ਪਿਆਰ ਕਰਨਾ। (ਮੱਤੀ 22:37-39) ਇਨ੍ਹਾਂ ਦੋ ਹੁਕਮਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਪਰ ਇਹ ਪਿਆਰ ਆਪੇ ਹੀ ਪੈਦਾ ਨਹੀਂ ਹੁੰਦਾ ਜਾਂ ਸਾਨੂੰ ਵਿਰਾਸਤ ਵਿਚ ਨਹੀਂ ਮਿਲਦਾ, ਸਗੋਂ ਇਸ ਨੂੰ ਪੈਦਾ ਕਰਨਾ ਪੈਂਦਾ ਹੈ। ਕਿਵੇਂ? ਇਕ ਅਹਿਮ ਤਰੀਕਾ ਹੈ, ਰੋਜ਼ ਬਾਈਬਲ ਪੜ੍ਹ ਕੇ। ਬਾਈਬਲ ਸਾਨੂੰ ਪਰਮੇਸ਼ੁਰ ਦੇ ਸੁਭਾਅ ਅਤੇ ਗੁਣਾਂ ਬਾਰੇ ਬਹੁਤ ਕੁਝ ਦੱਸਦੀ ਹੈ। ਜਦੋਂ ਅਸੀਂ ਇਨ੍ਹਾਂ ’ਤੇ ਗੌਰ ਕਰਦੇ ਹਾਂ, ਤਾਂ ਅਸੀਂ ‘ਯਹੋਵਾਹ ਦੀ ਮਨੋਹਰਤਾ ਨੂੰ ਤੱਕਦੇ’ ਹਾਂ। (ਜ਼ਬੂ 27:4) ਨਤੀਜੇ ਵਜੋਂ, ਪਰਮੇਸ਼ੁਰ ਲਈ ਸਾਡਾ ਪਿਆਰ ਹੋਰ ਗਹਿਰਾ ਹੁੰਦਾ ਹੈ ਅਤੇ ਅਸੀਂ ਹੋਰ ਵੀ ਜ਼ਿਆਦਾ ਉਸ ਵਾਂਗ ਸੋਚਣ ਲੱਗ ਪੈਂਦੇ ਹਾਂ। ਬਾਈਬਲ ਪੜ੍ਹ ਕੇ ਸਾਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਅਸੀਂ ਨਿਰਸੁਆਰਥ ਪਿਆਰ ਦਿਖਾਉਣ ਦੇ ਹੁਕਮ ਨੂੰ ਵੀ ਮੰਨਣਾ ਚਾਹੁੰਦੇ ਹਾਂ। (ਯੂਹੰ 13:34, 35; 1 ਯੂਹੰ 5:3) ਆਪਣੀ ਬਾਈਬਲ ਪੜ੍ਹਾਈ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਇਨ੍ਹਾਂ ਤਿੰਨ ਸੁਝਾਵਾਂ ਵੱਲ ਧਿਆਨ ਦਿਓ:
-
ਕਲਪਨਾ ਕਰੋ ਅਤੇ ਆਪਣੀਆਂ ਗਿਆਨ-ਇੰਦਰੀਆਂ ਵਰਤੋ। ਕਲਪਨਾ ਕਰੋ ਕਿ ਤੁਸੀਂ ਉੱਥੇ ਹੋ। ਤੁਹਾਨੂੰ ਕੀ ਨਜ਼ਰ ਆ ਰਿਹਾ ਹੈ? ਕਿਹੜੀਆਂ ਆਵਾਜ਼ਾਂ ਸੁਣ ਰਹੀਆਂ ਹਨ? ਤੁਹਾਨੂੰ ਕਿਹੜੀ ਖ਼ੁਸ਼ਬੂ ਆ ਰਹੀ ਹੈ? ਸੋਚੋ ਕਿ ਬਿਰਤਾਂਤ ਵਿਚ ਦੱਸੇ ਪਾਤਰਾਂ ਦੀਆਂ ਕਿਹੜੀਆਂ ਭਾਵਨਾਵਾਂ ਹਨ।
-
ਅਲੱਗ-ਅਲੱਗ ਤਰੀਕੇ ਵਰਤੋ। ਕੁਝ ਸੁਝਾਅ ਹਨ: ਉੱਚੀ ਪੜ੍ਹੋ ਜਾਂ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣਦਿਆਂ ਨਾਲ-ਨਾਲ ਬਾਈਬਲ ਪੜ੍ਹੋ। ਬਾਈਬਲ ਦੇ ਅਧਿਆਇ ਤਰਤੀਬਵਾਰ ਪੜ੍ਹਨ ਦੀ ਬਜਾਇ ਕਿਉਂ ਨਾ ਕਿਸੇ ਬਾਈਬਲ ਪਾਤਰ ਜਾਂ ਕਿਸੇ ਵਿਸ਼ੇ ਬਾਰੇ ਪੜ੍ਹੋ? ਮਿਸਾਲ ਲਈ, ਯਿਸੂ ਬਾਰੇ ਪੜ੍ਹਨ ਲਈ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਨਾਂ ਦੀ ਪੁਸਤਿਕਾ ਦੇ ਭਾਗ 4 ਜਾਂ 16 ਨੂੰ ਵਰਤੋ। ਉਹ ਅਧਿਆਇ ਪੂਰਾ ਪੜ੍ਹੋ ਜਿਸ ਵਿੱਚੋਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਦਾ ਹਵਾਲਾ ਲਿਆ ਗਿਆ ਹੈ। ਜਿਸ ਤਰਤੀਬ ਵਿਚ ਬਾਈਬਲ ਲਿਖੀ ਗਈ ਸੀ, ਉਸ ਤਰਤੀਬ ਵਿਚ ਬਾਈਬਲ ਪੜ੍ਹੋ।
-
ਸਮਝਣ ਲਈ ਪੜ੍ਹੋ। ਇਕ ਦਿਨ ਵਿਚ ਬਹੁਤ ਸਾਰੇ ਅਧਿਆਇ ਪੜ੍ਹਨ ਦੀ ਬਜਾਇ ਵਧੀਆ ਹੋਵੇਗਾ ਕਿ ਇਕ ਅਧਿਆਇ ਹੀ ਪੜ੍ਹ ਕੇ ਉਸ ਨੂੰ ਸਮਝੋ ਅਤੇ ਉਸ ’ਤੇ ਸੋਚ-ਵਿਚਾਰ ਕਰੋ। ਗੌਰ ਕਰੋ ਕਿ ਕੀ ਹੋ ਰਿਹਾ ਹੈ। ਵੇਰਵਿਆਂ ’ਤੇ ਧਿਆਨ ਦਿਓ। ਨਕਸ਼ਿਆਂ ਅਤੇ ਬਾਈਬਲ ਵਿਚ ਦਿੱਤੇ ਸ਼ਬਦਾਂ ਦਾ ਅਰਥ ਇਸਤੇਮਾਲ ਕਰੋ। ਘੱਟੋ-ਘੱਟ ਇਕ ਨੁਕਤੇ ਦੀ ਖੋਜ ਕਰੋ ਜਿਸ ਦੀ ਤੁਹਾਨੂੰ ਸਮਝ ਨਹੀਂ ਲੱਗੀ। ਜੇ ਹੋ ਸਕੇ, ਤਾਂ ਉੱਨਾ ਹੀ ਸਮਾਂ ਸੋਚ-ਵਿਚਾਰ ਕਰਨ ’ਤੇ ਲਾਓ ਜਿੰਨਾ ਤੁਸੀਂ ਪੜ੍ਹਨ ’ਤੇ ਲਾਇਆ ਹੈ।