ਸਾਡੀ ਮਸੀਹੀ ਜ਼ਿੰਦਗੀ
“ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ”
ਜਦੋਂ ਰੋਮ ਦੇ ਭਰਾਵਾਂ ਨੂੰ ਪੌਲੁਸ ਦੇ ਆਉਣ ਦੀ ਖ਼ਬਰ ਮਿਲੀ, ਤਾਂ ਉਹ 64 ਕਿਲੋਮੀਟਰ (ਲਗਭਗ 40 ਮੀਲ) ਦਾ ਸਫ਼ਰ ਕਰ ਕੇ ਉਸ ਨੂੰ ਮਿਲਣ ਗਏ। ਉਨ੍ਹਾਂ ਦੇ ਨਿਰਸੁਆਰਥ ਪਿਆਰ ਦਾ ਪੌਲੁਸ ’ਤੇ ਕੀ ਅਸਰ ਪਿਆ? “ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।” (ਰਸੂ 28:15) ਭਾਵੇਂ ਕਿ ਪੌਲੁਸ ਇਸ ਗੱਲ ਲਈ ਮਸ਼ਹੂਰ ਸੀ ਕਿ ਉਹ ਜਿਨ੍ਹਾਂ ਮੰਡਲੀਆਂ ਵਿਚ ਜਾਂਦਾ ਸੀ, ਉਹ ਉੱਥੇ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਾ ਸੀ, ਪਰ ਇਸ ਮੌਕੇ ’ਤੇ ਜਦੋਂ ਉਹ ਜੇਲ੍ਹ ਵਿਚ ਸੀ, ਤਾਂ ਉਸ ਨੂੰ ਦੂਸਰਿਆਂ ਤੋਂ ਹੌਸਲਾ ਮਿਲਿਆ ਸੀ।—2 ਕੁਰਿੰ 13:10.
ਅੱਜ ਸਰਕਟ ਓਵਰਸੀਅਰ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਮੰਡਲੀ ਤੋਂ ਦੂਜੀ ਮੰਡਲੀ ਦਾ ਦੌਰਾ ਕਰਦੇ ਹਨ। ਪਰਮੇਸ਼ੁਰ ਦੇ ਸਾਰੇ ਲੋਕਾਂ ਵਾਂਗ ਕਈ ਵਾਰ ਉਹ ਵੀ ਥੱਕ ਜਾਂਦੇ ਹਨ, ਚਿੰਤਾ ਅਤੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹਨ। ਅਗਲੀ ਵਾਰ ਜਦੋਂ ਸਰਕਟ ਓਵਰਸੀਅਰ ਆਪਣੀ ਪਤਨੀ ਨਾਲ ਤੁਹਾਡੀ ਮੰਡਲੀ ਦਾ ਦੌਰਾ ਕਰਨ ਆਵੇ, ਤਾਂ ਤੁਸੀਂ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਉਨ੍ਹਾਂ ਤੋਂ ਅਤੇ ਉਨ੍ਹਾਂ ਨੂੰ ਤੁਹਾਡੇ ਤੋਂ “ਹੌਸਲਾ” ਮਿਲੇ?—ਰੋਮੀ 1:11, 12.
-
ਪ੍ਰਚਾਰ ਲਈ ਹੁੰਦੀਆਂ ਸਭਾਵਾਂ ਵਿਚ ਹਾਜ਼ਰ ਹੋਵੋ। ਸਰਕਟ ਓਵਰਸੀਅਰ ਨੂੰ ਹੱਲਾਸ਼ੇਰੀ ਮਿਲਦੀ ਹੈ ਜਦੋਂ ਭੈਣ-ਭਰਾ ਇਸ ਖ਼ਾਸ ਹਫ਼ਤੇ ਤੋਂ ਪੂਰਾ ਫ਼ਾਇਦਾ ਲੈਣ ਲਈ ਕੁਰਬਾਨੀਆਂ ਕਰਦੇ ਹਨ। (1 ਥੱਸ 1: 2, 3; 2:20) ਇਸ ਮਹੀਨੇ ਦੌਰਾਨ ਪਾਇਨੀਅਰਿੰਗ ਕਰਨ ਬਾਰੇ ਸੋਚੋ। ਕੀ ਤੁਸੀਂ ਭਰਾ ਜਾਂ ਉਸ ਦੀ ਪਤਨੀ ਨਾਲ ਪ੍ਰਚਾਰ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਆਪਣੇ ਨਾਲ ਬਾਈਬਲ ਅਧਿਐਨ ’ਤੇ ਲੈ ਜਾ ਸਕਦੇ ਹੋ? ਉਨ੍ਹਾਂ ਨੂੰ ਅਲੱਗ-ਅਲੱਗ ਪ੍ਰਚਾਰਕਾਂ ਨਾਲ ਕੰਮ ਕਰ ਕੇ ਮਜ਼ਾ ਆਉਂਦਾ ਹੈ ਜਿਨ੍ਹਾਂ ਵਿਚ ਨਵੇਂ ਬਣੇ ਪ੍ਰਚਾਰਕ ਜਾਂ ਉਹ ਭੈਣ-ਭਰਾ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਸਕਦੇ।
-
ਪਰਾਹੁਣਚਾਰੀ ਦਿਖਾਓ। ਕੀ ਤੁਸੀਂ ਉਨ੍ਹਾਂ ਨੂੰ ਆਪਣੇ ਘਰ ਠਹਿਰਾ ਸਕਦੇ ਹੋ ਜਾਂ ਖਾਣੇ ’ਤੇ ਬੁਲਾ ਸਕਦੇ ਹੋ? ਇਸ ਤਰ੍ਹਾਂ ਤੁਸੀਂ ਸਰਕਟ ਓਵਰਸੀਅਰ ਅਤੇ ਉਸ ਦੀ ਪਤਨੀ ਨੂੰ ਆਪਣਾ ਪਿਆਰ ਜ਼ਾਹਰ ਕਰਦੇ ਹੋ। ਉਹ ਤੁਹਾਡੇ ਤੋਂ ਇਹ ਮੰਗ ਨਹੀਂ ਕਰਦੇ ਕਿ ਤੁਸੀਂ ਉਨ੍ਹਾਂ ਲਈ ਬਹੁਤ ਕੁਝ ਕਰੋ।—ਲੂਕਾ 10:38-42.
-
ਉਸ ਦੀ ਹਿਦਾਇਤ ਅਤੇ ਤਾੜਨਾ ਨੂੰ ਸੁਣੋ ਅਤੇ ਮੰਨੋ। ਸਰਕਟ ਓਵਰਸੀਅਰ ਪਿਆਰ ਨਾਲ ਸਾਡੀ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਹੋਰ ਵਧੀਆ ਢੰਗ ਨਾਲ ਕਰਨ ਲਈ ਆਪਣੇ ਵਿਚ ਕਿਹੜੇ ਸੁਧਾਰ ਕਰ ਸਕਦੇ ਹਾਂ। ਕਈ ਵਾਰੀ ਸ਼ਾਇਦ ਉਹ ਸਾਨੂੰ ਸਖ਼ਤੀ ਨਾਲ ਤਾੜਨਾ ਦੇਵੇ। (1 ਕੁਰਿੰ 5:1-5) ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ ਅਤੇ ਉਸ ਦੇ ਅਧੀਨ ਰਹਿੰਦੇ ਹਾਂ।—ਇਬ 13:17.
-
ਸ਼ੁਕਰਗੁਜ਼ਾਰੀ ਦਿਖਾਓ। ਸਰਕਟ ਓਵਰਸੀਅਰ ਤੇ ਉਸ ਦੀ ਪਤਨੀ ਨੂੰ ਦੱਸੋ ਕਿ ਉਨ੍ਹਾਂ ਦੇ ਕੰਮਾਂ ਦਾ ਤੁਹਾਨੂੰ ਕਿੰਨਾ ਫ਼ਾਇਦਾ ਹੋਇਆ। ਤੁਸੀਂ ਇਹ ਉਨ੍ਹਾਂ ਨੂੰ ਬੋਲ ਕੇ ਦੱਸ ਸਕਦੇ ਹੋ ਜਾਂ ਉਨ੍ਹਾਂ ਨੂੰ ਕਾਰਡ ਦੇ ਸਕਦੇ ਹੋ।—ਕੁਲੁ 3:15.