ਖ਼ਬਰਦਾਰ ਰਹੋ!
ਕੀ ਆਰਮਾਗੇਡਨ ਦਾ ਯੁੱਧ ਇਜ਼ਰਾਈਲ ਵਿਚ ਸ਼ੁਰੂ ਹੋਵੇਗਾ?—ਬਾਈਬਲ ਕੀ ਕਹਿੰਦੀ ਹੈ?
ਬਾਈਬਲ ਦੱਸਦੀ ਹੈ ਕਿ ਆਰਮਾਗੇਡਨ ਦਾ ਯੁੱਧ ਧਰਤੀ ਦੇ ਛੋਟੇ ਜਿਹੇ ਹਿੱਸੇ ʼਤੇ ਨਹੀਂ, ਸਗੋਂ ਪੂਰੀ ਧਰਤੀ ʼਤੇ ਲੜਿਆ ਜਾਵੇਗਾ। ਇਹ ਯੁੱਧ ਸਾਰੀਆਂ ਸਰਕਾਰਾਂ ਅਤੇ ਪਰਮੇਸ਼ੁਰ ਦੇ ਵਿਚਕਾਰ ਹੋਵੇਗਾ।
“ਇਹ ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ . . . ਸਾਰੀ ਧਰਤੀ ਦੇ ਰਾਜਿਆਂ ਕੋਲ ਜਾਂਦੇ ਹਨ ਤਾਂਕਿ ਉਹ ਉਨ੍ਹਾਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ ਲਈ ਇਕੱਠਾ ਕਰਨ। ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।”—ਪ੍ਰਕਾਸ਼ ਦੀ ਕਿਤਾਬ 16:14, 16.
“ਆਰਮਾਗੇਡਨ” ਸ਼ਬਦ ਇਬਰਾਨੀ ਸ਼ਬਦ ਹਰ ਮੇਗਿਡੋਨ ਤੋਂ ਆਇਆ ਹੈ ਜਿਸ ਦਾ ਮਤਲਬ ਹੈ, “ਮਗਿੱਦੋ ਪਹਾੜ।” ਮਗਿੱਦੋ ਪੁਰਾਣੇ ਇਜ਼ਰਾਈਲ ਦਾ ਇਕ ਸ਼ਹਿਰ ਸੀ। ਇਸ ਕਰਕੇ ਕੁਝ ਲੋਕ ਮੰਨਦੇ ਹਨ ਕਿ ਆਰਮਾਗੇਡਨ ਦਾ ਯੁੱਧ ਇਜ਼ਰਾਈਲ ਵਿਚ ਲੜਿਆ ਜਾਵੇਗਾ। ਪਰ ਨਾ ਤਾਂ ਮਗਿੱਦੋ ਦਾ ਇਲਾਕਾ ਤੇ ਨਾ ਹੀ ਮੱਧ-ਪੂਰਬੀ ਦੇਸ਼ਾਂ ਦਾ ਕੋਈ ਵੀ ਇਲਾਕਾ ਇੰਨਾ ਵੱਡਾ ਹੈ ਜਿੱਥੇ ‘ਸਾਰੀ ਧਰਤੀ ਦੇ ਰਾਜੇ’ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋ ਸਕਣ।
ਪ੍ਰਕਾਸ਼ ਦੀ ਕਿਤਾਬ ਵਿਚ ਗੱਲਾਂ ਨੂੰ “ਨਿਸ਼ਾਨੀਆਂ” ਰਾਹੀਂ ਸਮਝਾਇਆ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 1:1) ਆਰਮਾਗੇਡਨ ਕਿਸੇ ਅਸਲੀ ਜਗ੍ਹਾ ਨੂੰ ਨਹੀਂ, ਸਗੋਂ ਪੂਰੀ ਦੁਨੀਆਂ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ ਜਿਸ ਵਿਚ ਸਾਰੀਆਂ ਕੌਮਾਂ ਆਖ਼ਰੀ ਵਾਰ ਪਰਮੇਸ਼ੁਰ ਦੇ ਖ਼ਿਲਾਫ਼ ਖੜ੍ਹੀਆਂ ਹੋਣਗੀਆਂ।—ਪ੍ਰਕਾਸ਼ ਦੀ ਕਿਤਾਬ 19:11-16, 19-21.