ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਪ੍ਰਕਾਸ਼ਨਾਂ ਨਾਲ ਭਰਿਆ ਇਕ ਛੋਟਾ ਬਾਕਸ
1 ਸਤੰਬਰ 2020
ਅੱਜ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੀਡੀਓ ਅਤੇ ਡਿਜੀਟਲ ਪ੍ਰਕਾਸ਼ਨਾਂ ਦੀ ਵਰਤੋਂ ਕਰ ਰਹੇ ਹਾਂ। ਪਰ ਦੁਨੀਆਂ ਦੇ ਕਈ ਹਿੱਸਿਆਂ ਵਿਚ ਇੰਟਰਨੈੱਟ ਦੀ ਸਹੂਲਤ ਬਹੁਤ ਮਹਿੰਗੀ ਹੈ। ਇਸ ਕਰਕੇ ਸਾਡੇ ਭੈਣ-ਭਰਾ ਇੰਟਰਨੈੱਟ ਰੀਚਾਰਜ ਨਹੀਂ ਕਰ ਪਾਉਂਦੇ। ਕੁਝ ਭੈਣ-ਭਰਾ ਅਜਿਹੀਆਂ ਥਾਵਾਂ ʼਤੇ ਰਹਿੰਦੇ ਹਨ ਜਿੱਥੇ ਇੰਟਰਨੈੱਟ ਦੀ ਸਪੀਡ ਬਹੁਤ ਘੱਟ ਹੈ ਜਾਂ ਫਿਰ ਇੰਟਰਨੈੱਟ ਹੈ ਹੀ ਨਹੀਂ।
ਪਰ ਇਸ ਦੇ ਬਾਵਜੂਦ ਸਾਡੇ ਬਹੁਤ ਸਾਰੇ ਭੈਣ-ਭਰਾ ਹੁਣ ਇੰਟਰਨੈੱਟ ਤੋਂ ਬਿਨਾਂ ਹੀ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹਨ। ਇਹ ਕਿਵੇਂ ਮੁਮਕਿਨ ਹੋ ਰਿਹਾ ਹੈ?
ਇਹ JW ਬਾਕਸ ਦੀ ਮਦਦ ਨਾਲ ਹੋ ਰਿਹਾ ਹੈ। ਇਹ ਇਕ ਛੋਟੀ ਜਿਹੀ ਕਿੱਟ ਹੈ ਜਿਸ ਵਿਚ ਇਕ ਰਾਊਟਰ ਹੁੰਦਾ ਹੈ ਜੋ ਸਾਡੇ ਸੰਗਠਨ ਨੇ ਇਕ ਕੰਪਨੀ ਤੋਂ ਖ਼ਰੀਦਿਆ ਹੈ। ਇਸ JW ਬਾਕਸ ਦੇ ਅੰਦਰ ਇਕ ਸਾਫਟਵੇਅਰ ਪਾਇਆ ਗਿਆ ਹੈ ਜਿਸ ਨੂੰ ਬੈਥਲ ਦੇ ਕੰਪਿਊਟਰ ਵਿਭਾਗ ਨੇ ਤਿਆਰ ਕੀਤਾ ਹੈ। ਜਿਨ੍ਹਾਂ ਮੰਡਲੀਆਂ ਵਿਚ ਇੰਟਰਨੈੱਟ ਦੀ ਸਹੂਲਤ ਵਧੀਆ ਨਹੀਂ ਹੈ ਜਾਂ ਨਾਂਹ ਦੇ ਬਰਾਬਰ ਹੈ, ਉਨ੍ਹਾਂ ਨੂੰ JW ਬਾਕਸ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਬਾਕਸ ਦੀ ਮਦਦ ਨਾਲ ਭੈਣ-ਭਰਾ ਡਿਜੀਟਲ ਪ੍ਰਕਾਸ਼ਨ ਅਤੇ ਵੀਡੀਓ ਡਾਊਨਲੋਡ ਕਰ ਪਾਉਂਦੇ ਹਨ ਜੋ jw.org ਵੈੱਬਸਾਈਟ ਉੱਤੇ ਉਪਲਬਧ ਹਨ। ਇਕ ਬਾਕਸ ਦੀ ਕੀਮਤ ਲਗਭਗ 5,500 ਰੁਪਏ (75 ਡਾਲਰ) ਹੈ।
ਸਾਡੇ ਭੈਣ-ਭਰਾ ਕਿੰਗਡਮ ਹਾਲ ਵਿਚ ਜਾ ਕੇ ਆਪਣੇ ਫ਼ੋਨ ਜਾਂ ਟੈਬਲੇਟ ਨੂੰ ਵਾਈ-ਫਾਈ ਦੇ ਜ਼ਰੀਏ JW ਬਾਕਸ ਨਾਲ ਜੋੜਦੇ ਹਨ। ਫਿਰ ਉਹ ਪ੍ਰਕਾਸ਼ਨ ਅਤੇ ਵੀਡੀਓ ਡਾਊਨਲੋਡ ਕਰ ਲੈਂਦੇ ਹਨ। ਨਾਲੇ ਜਿਨ੍ਹਾਂ ਭੈਣਾਂ-ਭਰਾਵਾਂ ਦੇ ਫ਼ੋਨ ਜਾਂ ਟੈਬਲੇਟ ਸਾਧਾਰਣ ਹਨ ਜਾਂ ਫਿਰ ਪੁਰਾਣੇ ਹੋ ਚੁੱਕੇ ਹਨ, ਉਹ ਵੀ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹਨ। ਪਰ ਜਿਸ ਮੰਡਲੀ ਵਿਚ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉੱਥੇ ਇਸ ਬਾਕਸ ਵਿਚ ਨਵੇਂ ਪ੍ਰਕਾਸ਼ਨ ਕਿਵੇਂ ਪਾਏ ਜਾਂਦੇ ਹਨ? ਇਸ ਹਾਲਾਤ ਵਿਚ ਬ੍ਰਾਂਚ ਆਫ਼ਿਸ ਸਮੇਂ-ਸਮੇਂ ਤੇ ਪੈੱਨ-ਡ੍ਰਾਈਵ ਭੇਜਦਾ ਹੈ ਜਿਸ ਵਿਚ ਨਵੀਆਂ-ਨਵੀਆਂ ਕਿਤਾਬਾਂ ਅਤੇ ਵੀਡੀਓ ਹੁੰਦੇ ਹਨ। ਇਸ ਪੈੱਨ-ਡ੍ਰਾਈਵ ਨੂੰ JW ਬਾਕਸ ਵਿਚ ਲਗਾਇਆ ਜਾਂਦਾ ਹੈ। ਇਸ ਦੀ ਕੀਮਤ ਲਗਭਗ 300 ਰੁਪਏ (4 ਅਮਰੀਕੀ ਡਾਲਰ) ਹੈ।
ਇਸ ਬਾਕਸ ਤੋਂ ਸਾਡੇ ਭਰਾਵਾਂ ਨੂੰ ਕਿਵੇਂ ਫ਼ਾਇਦਾ ਹੋ ਰਿਹਾ ਹੈ? ਨੇਥਨ ਅਡਰੂ-ਆਂਡਰਾ ਨਾਂ ਦਾ ਇਕ ਪਿਤਾ, ਜੋ ਕਾਂਗੋ ਲੋਕਤੰਤਰੀ ਗਣਰਾਜ ਵਿਚ ਰਹਿੰਦਾ ਹੈ, ਕਹਿੰਦਾ ਹੈ: “ਮੈਂ ਕਾਫ਼ੀ ਸਮੇਂ ਤੋਂ ਇਨ੍ਹਾਂ ਡਰਾਮਿਆਂ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ‘ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ’ ਅਤੇ ‘ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!’ ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਡਾਊਨਲੋਡ ਨਹੀਂ ਕਰ ਪਾ ਰਿਹਾ ਸੀ। ਇਸ ਕਾਰਨ ਮੈਂ ਨਿਰਾਸ਼ ਹੋ ਗਿਆ। ਪਰ ਹੁਣ JW ਬਾਕਸ ਦੀ ਮਦਦ ਨਾਲ ਮੈਂ ਇਹ ਵੀਡੀਓ ਆਪਣੇ ਫ਼ੋਨ ʼਤੇ ਡਾਊਨਲੋਡ ਕਰ ਪਾਇਆ ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਸਿਖਾ ਪਾ ਰਹੇ ਹਾਂ।”
ਸਾਡਾ ਇਕ ਭਰਾ ਨਾਈਜੀਰੀਆ ਦੀਆਂ ਮੰਡਲੀਆਂ ਵਿਚ JW ਬਾਕਸ ਨੂੰ ਵਰਤਣ ਵਿਚ ਮਦਦ ਕਰਦਾ ਹੈ। ਉਹ ਕਹਿੰਦਾ ਹੈ: “ਸਾਡੇ ਭੈਣ-ਭਰਾ JW ਬਾਕਸ ਨੂੰ ਯਹੋਵਾਹ ਤੋਂ ਮਿਲਿਆ ਇਕ ਅਨਮੋਲ ਤੋਹਫ਼ਾ ਸਮਝਦੇ ਹਨ। ਉਹ ਬਹੁਤ ਖ਼ੁਸ਼ ਹਨ ਕਿ ਹੁਣ ਉਹ ਆਸਾਨੀ ਨਾਲ ‘ਸਿਖਾਉਣ ਲਈ ਪ੍ਰਕਾਸ਼ਨਾਂ’ ਵਿੱਚੋਂ ਕਿਤਾਬਾਂ ਅਤੇ ਵੀਡੀਓ ਡਾਊਨਲੋਡ ਕਰ ਸਕਦੇ ਹਨ।”
ਸਾਡੇ ਸੰਗਠਨ ਨੇ 1,700 ਤੋਂ ਵੀ ਜ਼ਿਆਦਾ JW ਬਾਕਸ ਕਿੱਟਾਂ ਅਫ਼ਰੀਕਾ, ਦੱਖਣੀ ਅਮਰੀਕਾ, ਆਸਟ੍ਰੇਲੀਆ ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ʼਤੇ ਭੇਜੀਆਂ ਹਨ। ਨਾਲੇ ਇਨ੍ਹਾਂ ਨੂੰ ਹੋਰ ਵੀ ਮੰਡਲੀਆਂ ਵਿਚ ਭੇਜਣ ਦੀ ਤਿਆਰੀ ਚੱਲ ਰਹੀ ਹੈ। ਇਸ JW ਬਾਕਸ ਕਿੱਟ ਦਾ ਖ਼ਰਚਾ ਕਿਵੇਂ ਉਠਾਇਆ ਜਾਂਦਾ ਹੈ? ਸਾਡੇ ਭੈਣ-ਭਰਾ donate.jw.org ਦੇ ਜ਼ਰੀਏ ਦੁਨੀਆਂ ਭਰ ਵਿਚ ਹੁੰਦੇ ਪ੍ਰਚਾਰ ਦੇ ਕੰਮ ਲਈ ਜੋ ਦਾਨ ਦਿੰਦੇ ਹਨ, ਉਸ ਨਾਲ ਇਹ ਖ਼ਰਚਾ ਪੂਰਾ ਕੀਤਾ ਜਾਂਦਾ ਹੈ। ਤੁਹਾਡੇ ਦਿਲੋਂ ਦਿੱਤੇ ਦਾਨ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।