ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ
-
ਜਨਮ: 1958
-
ਦੇਸ਼: ਇਟਲੀ
-
ਅਤੀਤ: ਖੂੰਖਾਰ ਗੈਂਗ ਮੈਂਬਰ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੈਂ ਰੋਮ ਵਿਚ ਜੰਮਿਆ-ਪਲ਼ਿਆ ਸੀ ਤੇ ਸਾਡਾ ਪਰਿਵਾਰ ਇਕ ਅਜਿਹੇ ਇਲਾਕੇ ਵਿਚ ਰਹਿੰਦਾ ਸੀ ਜਿੱਥੇ ਗ਼ਰੀਬ ਮਜ਼ਦੂਰ ਰਹਿੰਦੇ ਸਨ। ਜ਼ਿੰਦਗੀ ਦਾ ਗੁਜ਼ਾਰਾ ਤੋਰਨਾ ਬਹੁਤ ਮੁਸ਼ਕਲ ਸੀ। ਮੈਂ ਆਪਣੀ ਮਾਂ ਨੂੰ ਕਦੇ ਨਹੀਂ ਸੀ ਮਿਲਿਆ ਤੇ ਮੇਰੇ ਪਿਤਾ ਜੀ ਨਾਲ ਵੀ ਮੇਰਾ ਰਿਸ਼ਤਾ ਚੰਗਾ ਨਹੀਂ ਸੀ। ਮੈਂ ਘਰ ਨਹੀਂ ਸੀ ਰਹਿੰਦਾ, ਪਰ ਗਲੀਆਂ ਵਿਚ ਆਵਾਰਾ ਫਿਰਦਾ ਰਹਿੰਦਾ ਸੀ।
ਦੱਸਾਂ ਸਾਲਾਂ ਦੀ ਉਮਰ ਵਿਚ ਮੈਂ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਤੇ 12 ਸਾਲਾਂ ਦੀ ਉਮਰ ਵਿਚ ਮੈਂ ਪਹਿਲੀ ਵਾਰ ਘਰੋਂ ਭੱਜ ਗਿਆ। ਕਈ ਵਾਰ ਮੇਰੇ ਪਿਤਾ ਜੀ ਮੈਨੂੰ ਥਾਣੇ ਤੋਂ ਛੁਡਾਉਣ ਆਏ ਤੇ ਆਪਣੇ ਨਾਲ ਘਰ ਲੈ ਗਏ। ਮੇਰੀ ਕਿਸੇ ਨਾਲ ਵੀ ਨਹੀਂ ਸੀ ਬਣਦੀ, ਸੋ ਮੈਂ ਸਾਰਿਆਂ ਨਾਲ ਲੜਦਾ-ਝਗੜਦਾ ਰਹਿੰਦਾ ਸੀ। 14 ਸਾਲਾਂ ਦੀ ਉਮਰ ਵਿਚ ਮੈਂ ਹਮੇਸ਼ਾ ਲਈ ਘਰ ਛੱਡ ਦਿੱਤਾ। ਮੈਂ ਡ੍ਰੱਗਜ਼ ਲੈਣੇ ਸ਼ੁਰੂ ਕਰ ਦਿੱਤੇ ਤੇ ਸੜਕਾਂ ’ਤੇ ਰਹਿਣ ਲੱਗ ਪਿਆ। ਰਾਤ ਗੁਜ਼ਾਰਨ ਲਈ ਮੇਰੇ ਕੋਲ ਜਗ੍ਹਾ ਨਹੀਂ ਸੀ ਹੁੰਦੀ, ਇਸ ਲਈ ਮੈਂ ਕਾਰਾਂ ਦੇ ਸ਼ੀਸ਼ੇ ਭੰਨ ਕੇ ਉਨ੍ਹਾਂ ਵਿਚ ਸੌਂ ਜਾਂਦਾ ਸੀ। ਫਿਰ ਤੜਕੇ ਉੱਠ ਕੇ ਮੈਂ ਕਿਸੇ ਫੁਹਾਰੇ ਤੇ ਜਾ ਕੇ ਆਪਣਾ ਮੂੰਹ-ਹੱਥ ਧੋ ਲੈਂਦਾ ਸੀ।
ਚੋਰੀ ਕਰਨੀ ਤਾਂ ਮੇਰੇ ਖੱਬੇ ਹੱਥ ਦੀ ਖੇਡ ਸੀ! ਮੈਂ ਛੋਟੀਆਂ-ਮੋਟੀਆਂ ਚੋਰੀਆਂ ਕਰਨ ਤੋਂ ਇਲਾਵਾ, ਰਾਤ ਨੂੰ ਅਪਾਰਟਮੈਂਟਾਂ ਜਾਂ ਕੋਠੀਆਂ ਵਿੱਚੋਂ ਵੀ ਚੋਰੀ ਕਰਦਾ ਸੀ। ਬਦਨਾਮ ਹੋਣ ਕਾਰਨ ਮੈਨੂੰ ਇਕ ਖ਼ਤਰਨਾਕ ਗੈਂਗ ਨੇ ਆਪਣਾ ਮੈਂਬਰ ਬਣਨ ਲਈ ਕਿਹਾ। ਹੁਣ ਮੈਂ ਛੋਟੀਆਂ-ਮੋਟੀਆਂ ਚੋਰੀਆਂ ਕਰਨ ਦੀ ਬਜਾਇ ਬੈਂਕ ਲੁੱਟਣੇ ਸ਼ੁਰੂ ਕਰ ਦਿੱਤੇ। ਗੁੱਸੇਖ਼ੋਰ ਹੋਣ ਕਰਕੇ ਬਾਕੀ ਦੇ ਗੈਂਗ ਮੈਂਬਰ ਮੇਰੀ ਬਹੁਤ ਇੱਜ਼ਤ ਕਰਦੇ ਸਨ। ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ, ਇੱਥੋਂ ਤਕ ਕਿ ਮੈਂ ਸਿਰਹਾਣੇ ਥੱਲੇ ਬੰਦੂਕ ਰੱਖ ਕੇ ਸੌਂਦਾ ਸੀ। ਮੇਰੇ ਲਈ ਮਾਰ-ਧਾੜ ਕਰਨੀ, ਨਸ਼ੇ ਲੈਣੇ, ਗਾਲ੍ਹਾਂ ਕੱਢਣੀਆਂ ਅਤੇ ਬਦਚਲਣ ਕੰਮ ਕਰਨੇ ਆਮ ਸਨ। ਪੁਲਸ ਹਮੇਸ਼ਾ ਮੇਰੇ ਪਿੱਛੇ ਲੱਗੀ ਰਹਿੰਦੀ ਸੀ। ਮੈਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਮੈਂ ਕਈ ਸਾਲਾਂ ਤਕ ਜੇਲ੍ਹ ਦੀ ਹਵਾ ਖਾਂਦਾ ਰਿਹਾ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:
ਇਕ ਵਾਰ ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਆਇਆ, ਤਾਂ ਮੈਂ ਆਪਣੀ ਇਕ ਮਾਸੀ ਨੂੰ ਮਿਲਣ ਗਿਆ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਮਾਸੀ ਤੇ ਉਸ ਦੇ ਦੋ ਬੱਚੇ ਯਹੋਵਾਹ ਦੇ ਗਵਾਹ ਬਣ ਗਏ ਸਨ ਅਤੇ ਉਨ੍ਹਾਂ ਨੇ ਮੈਨੂੰ ਮੀਟਿੰਗ ਆਉਣ ਦਾ ਸੱਦਾ ਦਿੱਤਾ। ਮੈਂ ਜਾਣਨਾ ਚਾਹੁੰਦਾ
ਸੀ ਕਿ ਉੱਥੇ ਕੀ ਹੁੰਦਾ ਹੈ, ਸੋ ਮੈਂ ਉਨ੍ਹਾਂ ਨਾਲ ਚੱਲਾ ਗਿਆ। ਜਦੋਂ ਅਸੀਂ ਕਿੰਗਡਮ ਹਾਲ ਦੇ ਅੰਦਰ ਗਏ, ਤਾਂ ਮੈਂ ਦਰਵਾਜ਼ੇ ਕੋਲ ਬੈਠਣ ਦੀ ਜ਼ਿੱਦ ਕੀਤੀ ਤਾਂਕਿ ਮੈਂ ਆਉਂਦੇ-ਜਾਂਦੇ ਲੋਕਾਂ ’ਤੇ ਨਜ਼ਰ ਰੱਖ ਸਕਾਂ। ਔਰ ਹਾਂ, ਮੇਰੀ ਬੰਦੂਕ ਮੇਰੇ ਕੋਲ ਸੀ।ਉਸ ਮੀਟਿੰਗ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਲੋਕਾਂ ਨੇ ਮੁਸਕਰਾ ਕੇ ਮੇਰਾ ਨਿੱਘਾ ਸੁਆਗਤ ਕੀਤਾ। ਮੈਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿਉਂਕਿ ਮੈਂ ਜ਼ਿੰਦਗੀ ਵਿਚ ਇੱਦਾਂ ਦਾ ਪਿਆਰ-ਮੁਹੱਬਤ ਪਹਿਲਾਂ ਕਦੇ ਨਹੀਂ ਸੀ ਦੇਖਿਆ। ਮੈਨੂੰ ਹਾਲੇ ਵੀ ਉਨ੍ਹਾਂ ਗਵਾਹਾਂ ਦੇ ਪਿਆਰੇ ਚਿਹਰੇ ਯਾਦ ਹਨ!
ਫਿਰ ਮੈਂ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਜਿੱਦਾਂ-ਜਿੱਦਾਂ ਮੈਂ ਬਾਈਬਲ ਦਾ ਗਿਆਨ ਲੈਂਦਾ ਰਿਹਾ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣੀ ਪੈਣੀ ਹੈ। ਕਹਾਉਤਾਂ 13:20 ਦੇ ਸ਼ਬਦਾਂ ਨੇ ਮੇਰੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਜਿੱਥੇ ਲਿਖਿਆ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਮੈਨੂੰ ਪਤਾ ਸੀ ਕਿ ਮੈਨੂੰ ਆਪਣੇ ਗੈਂਗ ਤੋਂ ਆਪਣਾ ਖਹਿੜਾ ਛੁਡਾਉਣ ਦੀ ਲੋੜ ਸੀ। ਭਾਵੇਂ ਇੱਦਾਂ ਕਰਨਾ ਆਸਾਨ ਨਹੀਂ ਸੀ, ਪਰ ਯਹੋਵਾਹ ਦੀ ਮਦਦ ਸਦਕਾ ਮੈਂ ਇੱਦਾਂ ਕਰ ਪਾਇਆ।
ਜ਼ਿੰਦਗੀ ਵਿਚ ਮੈਨੂੰ ਪਹਿਲੀ ਵਾਰ ਲੱਗਾ ਕਿ ਮੈਂ ਸੋਚ-ਸਮਝ ਕੇ ਸਹੀ ਕੰਮ ਕਰ ਰਿਹਾ ਹਾਂ
ਮੈਂ ਆਪਣੇ ਆਪ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਸਿਗਰਟ ਪੀਣੀ ਤੇ ਡ੍ਰੱਗਜ਼ ਲੈਣੇ ਛੱਡ ਦਿੱਤੇ। ਮੈਂ ਆਪਣੇ ਲੰਬੇ ਵਾਲ਼ ਕੱਟਾ ਦਿੱਤੇ, ਕੰਨਾਂ ਵਿੱਚੋਂ ਵਾਲ਼ੀਆਂ ਲਾ ਦਿੱਤੀਆਂ ਅਤੇ ਗਾਲ੍ਹਾਂ ਕੱਢਣੋਂ ਹੱਟ ਗਿਆ। ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਸੋਚ-ਸਮਝ ਕੇ ਸਹੀ ਕੰਮ ਕਰ ਰਿਹਾ ਹਾਂ।
ਮੈਨੂੰ ਬੈਠ ਕੇ ਬਾਈਬਲ ਦੀ ਸਟੱਡੀ ਕਰਨੀ ਔਖੀ ਲੱਗਦੀ ਸੀ ਕਿਉਂਕਿ ਸ਼ੁਰੂ ਤੋਂ ਹੀ ਮੈਨੂੰ ਪੜ੍ਹਨ ਤੇ ਸਟੱਡੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਪਰ ਜਿੱਦਾਂ-ਜਿੱਦਾਂ ਮੈਂ ਕੋਸ਼ਿਸ਼ ਕਰਦਾ ਰਿਹਾ, ਹੌਲੀ-ਹੌਲੀ ਮੇਰੇ ਦਿਲ ਵਿਚ ਯਹੋਵਾਹ ਲਈ ਪਿਆਰ ਵਧਦਾ ਰਿਹਾ, ਪਰ ਇਸ ਦੇ ਨਾਲ-ਨਾਲ ਮੇਰੀ ਜ਼ਮੀਰ ਮੈਨੂੰ ਕੋਸਣ ਲੱਗ ਪਈ। ਮੈਂ ਆਪਣੇ ਆਪ ਨੂੰ ਨਿਕੰਮਾ ਸਮਝਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੇਰੇ ਬੁਰੇ ਕੰਮਾਂ ਕਰਕੇ ਯਹੋਵਾਹ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਪਲਾਂ ਵਿਚ ਮੈਨੂੰ ਬਾਈਬਲ ਤੋਂ ਬਹੁਤ ਹੌਸਲਾ ਮਿਲਿਆ ਕਿ ਯਹੋਵਾਹ ਨੇ ਰਾਜਾ ਦਾਊਦ ਦੇ ਗੰਭੀਰ ਪਾਪਾਂ ਨੂੰ ਵੀ ਮਾਫ਼ ਕੀਤਾ।—2 ਸਮੂਏਲ 11:1–12:13.
ਮੇਰੇ ਲਈ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਨਾ ਵੀ ਬਹੁਤ ਔਖਾ ਸੀ। (ਮੱਤੀ 28:19, 20) ਮੈਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਮੈਨੂੰ ਪ੍ਰਚਾਰ ਵਿਚ ਉਹ ਲੋਕ ਨਾ ਮਿਲ ਜਾਣ ਜਿਨ੍ਹਾਂ ਨੂੰ ਮੈਂ ਪਹਿਲਾਂ ਮਾਰਿਆ-ਕੁੱਟਿਆ ਸੀ ਜਾਂ ਜਿਨ੍ਹਾਂ ਨਾਲ ਮੈਂ ਬਦਸਲੂਕੀ ਕੀਤੀ ਸੀ! ਪਰ ਹੌਲੀ-ਹੌਲੀ ਮੇਰੇ ਮਨ ਵਿੱਚੋਂ ਇਹ ਡਰ ਨਿਕਲ ਗਿਆ। ਦੂਸਰਿਆਂ ਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਬਾਰੇ ਸਿਖਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜੋ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ।
ਅੱਜ ਮੇਰੀ ਜ਼ਿੰਦਗੀ:
ਯਹੋਵਾਹ ਨੇ ਆਪਣੇ ਬਾਰੇ ਸਿਖਾ ਕੇ ਮੈਨੂੰ ਬਚਾਇਆ! ਮੇਰੇ ਜ਼ਿਆਦਾਤਰ ਦੋਸਤ ਜਾਂ ਤਾਂ ਮਰ ਚੁੱਕੇ ਹਨ ਜਾਂ ਸਲਾਖਾਂ ਪਿੱਛੇ ਹਨ। ਪਰ ਮੇਰੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰੀ ਹੈ ਅਤੇ ਮੈਂ ਇਕ ਵਧੀਆ ਭਵਿੱਖ ਦੀ ਉਡੀਕ ਕਰ ਰਿਹਾ ਹਾਂ। ਮੈਂ ਨਿਮਰ ਬਣਨਾ, ਕਹਿਣਾ ਮੰਨਣਾ ਅਤੇ ਆਪਣੇ ਭੜਕਦੇ ਗੁੱਸੇ ਨੂੰ ਕਾਬੂ ਕਰਨਾ ਸਿੱਖਿਆ ਹੈ। ਹੁਣ ਮੇਰੀ ਸਾਰਿਆਂ ਨਾਲ ਬਣਦੀ ਹੈ। ਮੈਂ ਆਪਣੀ ਖੂਬਸੂਰਤ ਪਤਨੀ ਕਾਰਮਨ ਨਾਲ ਸੁਖੀ ਜ਼ਿੰਦਗੀ ਬਿਤਾ ਰਿਹਾ ਹਾਂ ਅਤੇ ਅਸੀਂ ਦੋਵੇਂ ਮਿਲ ਕੇ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦੇ ਹਾਂ।
ਹੁਣ ਮੈਂ ਈਮਾਨਦਾਰੀ ਨਾਲ ਪੈਸਾ ਕਮਾਉਂਦਾ ਹਾਂ। ਮੈਂ ਬੈਂਕਾਂ ਨੂੰ ਲੁੱਟਣ ਦੀ ਬਜਾਇ, ਇਨ੍ਹਾਂ ਦੀ ਸਾਫ਼-ਸਫ਼ਾਈ ਕਰਦਾ ਹਾਂ! ▪ (w14-E 07/01)