ਧਰਮ ਅਤੇ ਨੈਤਿਕ ਮਿਆਰ
ਸਿਲਵੀਆ ਬਜ਼ੁਰਗਾਂ ਦੀ ਦੇਖ-ਭਾਲ ਕਰਨ ਦਾ ਕੰਮ ਕਰਦੀ ਹੈ। ਉਹ ਦੱਸਦੀ ਹੈ: “ਮੈਂ ਉਨ੍ਹਾਂ ਲੋਕਾਂ ਨਾਲ ਕਾਲਜ ਵਿਚ ਪੜ੍ਹਦੀ ਸੀ ਜਿਹੜੇ ਕਹਿੰਦੇ ਤਾਂ ਸੀ ਕਿ ਉਹ ਰੱਬ ਨੂੰ ਮੰਨਦੇ ਹਨ, ਪਰ ਉਹ ਪੇਪਰਾਂ ਵਿਚ ਨਕਲ ਮਾਰਦੇ ਸਨ ਤੇ ਡ੍ਰੱਗਜ਼ ਲੈਂਦੇ ਸਨ। ਉਨ੍ਹਾਂ ਦੇ ਧਰਮ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ’ਤੇ ਕੋਈ ਅਸਰ ਨਹੀਂ ਸੀ ਪੈਂਦਾ।”
ਲਾਇਨਲ ਨਾਂ ਦਾ ਇਕ ਆਦਮੀ ਕਹਿੰਦਾ ਹੈ: “ਮੇਰੇ ਨਾਲ ਕੰਮ ਕਰਨ ਵਾਲੇ ਝੂਠ ਬੋਲਦੇ ਸਨ ਤੇ ਛੁੱਟੀ ਲੈਣ ਲਈ ਬੀਮਾਰ ਹੋਣ ਦਾ ਨਾਟਕ ਕਰਦੇ ਸਨ। ਦਿਖਾਵੇ ਲਈ ਰੱਖੇ ਗਏ ਫਰਨੀਚਰ ਵਾਂਗ ਉਹ ਧਰਮ ਨੂੰ ਮੰਨਣ ਦਾ ਸਿਰਫ਼ ਦਿਖਾਵਾ ਹੀ ਕਰਦੇ ਸਨ।”
ਬਹੁਤ ਸਾਰੇ ਲੋਕਾਂ ਦੇ ਧਰਮ ਦਾ ਉਨ੍ਹਾਂ ਦੇ ਕੰਮਾਂ ’ਤੇ ਕੋਈ ਅਸਰ ਨਹੀਂ ਪੈਂਦਾ। ਅੱਜ ਕਾਫ਼ੀ ਸਾਰੇ ਲੋਕ ‘ਭਗਤੀ ਦਾ ਦਿਖਾਵਾ ਤਾਂ ਕਰਦੇ ਹਨ, ਪਰ ਇਸ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀਉਂਦੇ।’ (2 ਤਿਮੋਥਿਉਸ 3:5) ਉਨ੍ਹਾਂ ਦੇ ਧਾਰਮਿਕ ਆਗੂ ਨਾ ਤਾਂ ਉਨ੍ਹਾਂ ਲਈ ਸਹੀ ਮਿਸਾਲ ਰੱਖਦੇ ਹਨ ਤੇ ਨਾ ਹੀ ਪਾਦਰੀ ਆਪਣੇ ਲੋਕਾਂ ਨੂੰ ਬਾਈਬਲ ਵਿੱਚੋਂ ਇਹ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣਾ ਚਾਲ-ਚਲਣ ਕਿਹੋ ਜਿਹਾ ਰੱਖਣਾ ਚਾਹੀਦਾ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੱਦਾਂ ਦੀ ਜ਼ਿੰਦਗੀ ਬਿਤਾਉਂਦੇ ਹਾਂ।
ਬਾਈਬਲ ਕੀ ਸਿਖਾਉਂਦੀ ਹੈ?
ਬਾਈਬਲ ਸਿਖਾਉਂਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਜੋ ਵੀ ਕਰਦੇ ਹਾਂ ਉਸ ਨਾਲ ਰੱਬ ਨੂੰ ਖ਼ੁਸ਼ੀ ਹੁੰਦੀ ਹੈ ਜਾਂ ਦੁੱਖ ਹੁੰਦਾ ਹੈ। ਜਦੋਂ ਇਜ਼ਰਾਈਲੀਆਂ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ, ਤਾਂ ਉਨ੍ਹਾਂ ਨੇ ‘ਉਸ ਨੂੰ ਉਦਾਸ ਕੀਤਾ।’ (ਜ਼ਬੂਰਾਂ ਦੀ ਪੋਥੀ 78:40) ਪਰ ਜਦੋਂ ਇਕ ਪਾਪੀ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰਦਾ ਹੈ, ਤਾਂ ‘ਸਵਰਗ ਵਿਚ ਖ਼ੁਸ਼ੀ ਮਨਾਈ ਜਾਂਦੀ’ ਹੈ। (ਲੂਕਾ 15:7) ਜਦੋਂ ਇਕ ਇਨਸਾਨ ਰੱਬ ਦੇ ਗੁਣਾਂ ਦੀ ਕਦਰ ਕਰਦਾ ਹੈ, ਤਾਂ ਉਸ ਦਾ ਰੱਬ ਲਈ ਪਿਆਰ ਵਧਦਾ ਹੈ। ਇਸ ਪਿਆਰ ਕਰਕੇ ਉਹ ਉਨ੍ਹਾਂ ਗੱਲਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਜਿਨ੍ਹਾਂ ਨਾਲ ਰੱਬ ਪਿਆਰ ਕਰਦਾ ਹੈ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪੈਂਦਾ ਹੈ ਜਿਨ੍ਹਾਂ ਨਾਲ ਰੱਬ ਨਫ਼ਰਤ ਕਰਦਾ ਹੈ।—ਆਮੋਸ 5:15.
ਯਹੋਵਾਹ ਦੇ ਗਵਾਹਾਂ ਬਾਰੇ ਕੀ?
ਅਮਰੀਕਾ ਵਿਚ ਯੂਟਾਹ ਦੇ ਇਕ ਅਖ਼ਬਾਰ ਨੇ ਕਿਹਾ ਕਿ ਯਹੋਵਾਹ ਦੇ ਗਵਾਹ “ਪਰਿਵਾਰਕ ਰਿਸ਼ਤਿਆਂ ਨੂੰ ਸੁਧਾਰਨ ਵਿਚ ਲੋਕਾਂ ਦੀ ਮਦਦ ਕਰਦੇ ਹਨ, ਦੂਜਿਆਂ ਦਾ ਭਲਾ ਕਰਦੇ ਹਨ ਤੇ ਈਮਾਨਦਾਰ ਨਾਗਰਿਕ ਬਣਦੇ ਹਨ।” ਅਖ਼ਬਾਰ ਨੇ ਅੱਗੇ ਕਿਹਾ: “ਇਹ ਲੋਕ ਉੱਚੇ ਨੈਤਿਕ ਮਿਆਰਾਂ ’ਤੇ ਚੱਲਦੇ ਹਨ। ਉਹ ਮੰਨਦੇ ਹਨ ਕਿ ਸਿਗਰਟ ਪੀਣ, ਜ਼ਿਆਦਾ ਸ਼ਰਾਬ ਪੀਣ, ਡ੍ਰੱਗਜ਼ ਲੈਣ, ਜੂਆ ਖੇਡਣ, ਵਿਆਹ ਤੋਂ ਬਿਨਾਂ ਜਿਨਸੀ ਸੰਬੰਧ ਰੱਖਣ ਅਤੇ ਆਦਮੀ-ਆਦਮੀ ਤੇ ਔਰਤ-ਔਰਤ ਨਾਲ ਸੰਬੰਧ ਰੱਖਣ ਕਰਕੇ ਰੱਬ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਸਕਦਾ ਹੈ।”
ਕੀ ਧਾਰਮਿਕ ਆਗੂਆਂ ਨੇ ਰੱਬ ਦੇ ਨੈਤਿਕ ਮਿਆਰਾਂ ’ਤੇ ਚੱਲਣ ਵਿਚ ਲੋਕਾਂ ਦੀ ਮਦਦ ਕੀਤੀ ਹੈ?
ਰੱਬ ਬਾਰੇ ਸਿੱਖ ਕੇ ਗਵਾਹਾਂ ਨੂੰ ਕੀ ਫ਼ਾਇਦਾ ਹੁੰਦਾ ਹੈ? ਸਿਲਵੀਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਜਿੱਥੇ ਮੈਂ ਕੰਮ ਕਰਦੀ ਹਾਂ, ਉੱਥੇ ਬੇਈਮਾਨੀ ਕਰਨੀ ਆਮ ਗੱਲ ਹੈ। ਜੇ ਮੈਂ ਚਾਹਾਂ, ਤਾਂ ਮੈਂ ਵੀ ਉਨ੍ਹਾਂ ਵਰਗੇ ਗ਼ਲਤ ਕੰਮ ਕਰ ਸਕਦੀ ਹਾਂ, ਪਰ ਇਸ ਗੱਲ ਨੇ ਸਹੀ ਕੰਮ ਕਰਨ ਵਿਚ ਮੇਰੀ ਮਦਦ ਕੀਤੀ ਹੈ ਕਿ ਯਹੋਵਾਹ * ਇਨ੍ਹਾਂ ਕੰਮਾਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ। ਮੈਂ ਖ਼ੁਸ਼ ਹਾਂ ਤੇ ਮੈਨੂੰ ਮਨ ਦੀ ਸ਼ਾਂਤੀ ਹੈ।” ਸਿਲਵੀਆ ਮੰਨਦੀ ਹੈ ਕਿ ਯਹੋਵਾਹ ਦੀ ਗਵਾਹ ਬਣਨ ਕਰਕੇ ਉਸ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਸੁਧਰ ਗਈ ਹੈ। (w13-E 07/01)
^ ਪੇਰਗ੍ਰੈਫ 9 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।