ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਕੀ ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ?
ਬਾਈਬਲ ਅਨੁਸਾਰ ਅਸੀਂ ਸਾਰੇ ਪਾਪੀ ਹਾਂ। ਇਹ ਪਾਪ ਸਾਨੂੰ ਪਹਿਲੇ ਬਾਪ ਆਦਮ ਤੋਂ ਵਿਰਸੇ ਵਿਚ ਮਿਲਿਆ ਹੈ। ਇਸ ਲਈ ਅਸੀਂ ਕਦੀ-ਕਦੀ ਬੁਰੇ ਕੰਮ ਕਰਦੇ ਹਾਂ ਤੇ ਬਾਅਦ ਵਿਚ ਪਛਤਾਉਂਦੇ ਹਾਂ। ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਸਾਡੇ ਪਾਪਾਂ ਲਈ ਆਪਣੀ ਜਾਨ ਕੁਰਬਾਨ ਕੀਤੀ। ਉਸ ਦੀ ਕੁਰਬਾਨੀ ਕਰਕੇ ਸਾਨੂੰ ਸਾਡੇ ਪਾਪਾਂ ਤੋਂ ਮਾਫ਼ੀ ਮਿਲਦੀ ਹੈ। ਇਹ ਪਰਮੇਸ਼ੁਰ ਵੱਲੋਂ ਵਰਦਾਨ ਹੈ।—ਰੋਮੀਆਂ 3:23, 24 ਪੜ੍ਹੋ।
ਕਈ ਲੋਕ ਗੰਭੀਰ ਪਾਪ ਕਰਦੇ ਹਨ ਤੇ ਸ਼ਾਇਦ ਸੋਚਣ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ। ਪਰ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਉਸ ਦੇ ਪੁੱਤਰ ਯਿਸੂ ਦਾ ਲਹੂ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।” (1 ਯੂਹੰਨਾ 1:7) ਜੇ ਅਸੀਂ ਸੱਚੇ ਦਿਲੋਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਡੇ ਗੰਭੀਰ ਪਾਪਾਂ ਨੂੰ ਵੀ ਮਾਫ਼ ਕਰਨ ਲਈ ਤਿਆਰ ਹੈ।—ਯਸਾਯਾਹ 1:18 ਪੜ੍ਹੋ।
ਸਾਨੂੰ ਮਾਫ਼ੀ ਪਾਉਣ ਲਈ ਕੀ ਕਰਨਾ ਚਾਹੀਦਾ ਹੈ?
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਉਸ ਬਾਰੇ, ਉਸ ਦੇ ਰਾਹਾਂ, ਉਸ ਦੀ ਸਲਾਹ ਤੇ ਉਸ ਦੀਆਂ ਮੰਗਾਂ ਬਾਰੇ ਸਿੱਖਣ ਦੀ ਲੋੜ ਹੈ। (ਯੂਹੰਨਾ 17:3) ਯਹੋਵਾਹ ਉਨ੍ਹਾਂ ਨੂੰ ਖੁੱਲ੍ਹੇ-ਦਿਲ ਨਾਲ ਮਾਫ਼ ਕਰਦਾ ਹੈ ਜੋ ਆਪਣੇ ਭੈੜੇ ਰਾਹਾਂ ਤੋਂ ਤੋਬਾ ਕਰਦੇ ਹਨ ਤੇ ਆਪਣੇ ਰਾਹਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ।—ਰਸੂਲਾਂ ਦੇ ਕੰਮ 3:19 ਪੜ੍ਹੋ।
ਸਾਡੇ ਲਈ ਪਰਮੇਸ਼ੁਰ ਦੀ ਮਿਹਰ ਪਾਉਣੀ ਜ਼ਿਆਦਾ ਔਖੀ ਨਹੀਂ ਹੈ। ਯਹੋਵਾਹ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਦਾ ਹੈ। ਉਹ ਦਿਆਲੂ ਤੇ ਰਹਿਮਦਿਲ ਹੈ। ਕੀ ਉਸ ਦੀ ਅਪਾਰ ਕਿਰਪਾ ਕਰਕੇ ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਤੁਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹੋ?—ਜ਼ਬੂਰਾਂ ਦੀ ਪੋਥੀ 103:13, 14 ਪੜ੍ਹੋ। (w13-E 05/01)