“ਨਾਮੁਮਕਿਨ!” ਇਸ ਦਾ ਕੀ ਮਤਲਬ ਹੈ?
“ਨਾਮੁਮਕਿਨ!” ਇਸ ਦਾ ਕੀ ਮਤਲਬ ਹੈ?
ਆਪਣੇ ਜ਼ਮਾਨੇ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਵੱਡਾ ਸਮੁੰਦਰੀ ਜਹਾਜ਼ ਟਾਈਟੈਨਿਕ ਸੀ। ਟਾਈਟੈਨਿਕ ਦੇ ਵਧੀਆ ਡੀਜ਼ਾਈਨ ਕਰਕੇ ਲੋਕਾਂ ਦਾ ਕਹਿਣਾ ਸੀ ਕਿ ਇਹ ਜਹਾਜ਼ “ਕਦੇ ਨਹੀਂ ਡੁੱਬ ਸਕਦਾ।” ਪਰ ਸਾਨੂੰ ਪਤਾ ਹੈ ਕਿ ਕੀ ਹੋਇਆ। 1912 ਵਿਚ ਆਪਣੇ ਪਹਿਲੇ ਸਮੁੰਦਰੀ ਸਫ਼ਰ ’ਤੇ ਇਹ ਜਹਾਜ਼ ਬਰਫ਼ ਨਾਲ ਟਕਰਾ ਕੇ ਡੁੱਬ ਗਿਆ ਜਿਸ ਕਰਕੇ ਕੁਝ 1,500 ਲੋਕਾਂ ਦੀਆਂ ਜਾਨਾਂ ਗਈਆਂ। ਜਿਸ ਜਹਾਜ਼ ਬਾਰੇ ਸਾਰੇ ਕਹਿੰਦੇ ਸਨ ਕਿ ਇਸ ਦਾ ਡੁੱਬਣਾ ਨਾਮੁਮਕਿਨ ਹੈ, ਇਹ ਕੁਝ ਹੀ ਘੰਟਿਆਂ ਵਿਚ ਮਹਾਂਸਾਗਰ ਦੇ ਪਾਣੀਆਂ ਹੇਠ ਹਮੇਸ਼ਾ ਲਈ ਗਾਇਬ ਹੋ ਗਿਆ।
ਅਸੀਂ ਸ਼ਾਇਦ ਸੋਚੀਏ ਕਿ ਕਈ ਕਾਰਨਾਂ ਕਰਕੇ ਕੋਈ ਕੰਮ ਕਰਨਾ ਜਾਂ ਕੋਈ ਚੀਜ਼ ਹਾਸਲ ਕਰਨੀ ਸਾਡੇ ਵਾਸਤੇ ਨਾਮੁਮਕਿਨ ਹੋਵੇ। ਅੱਜ ਦੇ ਕੀਤੇ ਕਈ ਤਕਨਾਲੋਜੀਕਲ ਕੰਮ ਇਕ ਸਮੇਂ ਤੇ ਨਾਮੁਮਕਿਨ ਜਾਪਦੇ ਸਨ ਕਿਉਂਕਿ ਉਸ ਵੇਲੇ ਉਹ ਕੰਮ ਇਨਸਾਨਾਂ ਦੀ ਸਮਝ ਅਤੇ ਕਾਬਲੀਅਤ ਤੋਂ ਬਾਹਰ ਸਨ। ਕੁਝ 50 ਸਾਲ ਪਹਿਲਾਂ ਲੋਕ ਇਨ੍ਹਾਂ ਗੱਲਾਂ ਨੂੰ ਨਾਮੁਮਕਿਨ ਸਮਝਦੇ ਸਨ ਜਿਵੇਂ ਕਿ ਇਨਸਾਨਾਂ ਦਾ ਚੰਦ ਤਕ ਪਹੁੰਚਣਾ, ਮੰਗਲ ਗ੍ਰਹਿ ਤਕ ਰੋਬੋਟ ਪਹੁੰਚਾ ਕਿ ਇਸ ਨੂੰ ਧਰਤੀ ਤੋਂ ਕੰਟ੍ਰੋਲ ਕਰਨਾ, ਡੀ. ਐੱਨ. ਏ. ਨੂੰ ਸਮਝਣਾ ਅਤੇ ਦੁਨੀਆਂ ਦੇ ਕਿਸੇ ਕੋਨੇ ਵਿਚ ਉਸੇ ਵੇਲੇ ਵਾਪਰੀ ਕੋਈ ਘਟਨਾ ਦੇਖਣੀ। ਇਹ ਗੱਲਾਂ ਅੱਜ ਆਮ ਹਨ। ਇਹ ਗੱਲ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਨੇ ਦੁਨੀਆਂ ਦੇ ਮਸ਼ਹੂਰ ਸਾਇੰਸਦਾਨਾਂ ਨੂੰ ਕਹੀ ਸੀ: “ਤੁਸੀਂ ਤਕਨਾਲੋਜੀ ਵਿਚ ਇੰਨੀ ਤਰੱਕੀ ਕੀਤੀ ਹੈ ਕਿ ਜਿਹੜੀਆਂ ਗੱਲਾਂ ਕੱਲ੍ਹ ਨਾਮੁਮਕਿਨ ਸਨ ਉਹ ਅੱਜ ਆਮ ਬਣ ਚੁੱਕੀਆਂ ਹਨ!”
ਅੱਜ ਦੀਆਂ ਹੋ ਰਹੀਆਂ ਤਰੱਕੀਆਂ ਕਰਕੇ ਪ੍ਰੋਫ਼ੈਸਰ ਜੋਨ ਬਰੋਬੈਕ ਨੇ ਕਿਹਾ: “ਸਾਇੰਸਦਾਨ ਸਵੀਕਾਰ ਕਰਦੇ ਹਨ ਕਿ ਕਿਸੇ ਵੀ ਕੰਮ ਨੂੰ ਨਾਮੁਮਕਿਨ ਕਹਿਣਾ ਸਹੀ ਨਹੀਂ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਉਹ ਇਹੀ ਕਹਿ ਸਕਦੇ ਹਨ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਕਿਸੇ ਵਿਸ਼ੇ ਬਾਰੇ ਪੂਰਾ ਗਿਆਨ ਨਾ ਹੋਣ ਕਰ ਕੇ ਸ਼ਾਇਦ ਇਕ ਇਨਸਾਨ ਕਹਿ ਸਕਦਾ ਹੈ ਕਿ ਕੋਈ ਚੀਜ਼ ਨਾਮੁਮਕਿਨ ਹੈ।” ਪ੍ਰੋਫ਼ੈਸਰ ਅੱਗੇ ਕਹਿੰਦਾ ਹੈ ਕਿ ਜੇ ਸਾਨੂੰ ਕੋਈ ਗੱਲ ਨਾਮੁਮਕਿਨ ਜਾਪਦੀ ਹੈ, ‘ਤਾਂ ਇਹ ਇਸ ਕਰਕੇ ਹੈ ਕਿ ਅਸੀਂ ਉਸ ਅਣਜਾਣ ਤਾਕਤਵਰ ਸੋਮੇ ਬਾਰੇ ਨਹੀਂ ਜਾਣਦੇ। ਬਾਈਬਲ ਮੁਤਾਬਕ ਇਹ ਤਾਕਤਵਰ ਸੋਮਾ ਪਰਮੇਸ਼ੁਰ ਦੀ ਤਾਕਤ ਹੈ।’
ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ
ਪ੍ਰੋਫ਼ੈਸਰ ਬਰੋਬੈਕ ਦੀ ਕਹੀ ਗੱਲ ਤੋਂ ਬਹੁਤ ਸਮਾਂ ਪਹਿਲਾਂ ਯਿਸੂ ਨਾਸਰੀ, ਜਿਸ ਨੂੰ ਧਰਤੀ ਉੱਤੇ ਸਭ ਤੋਂ ਮਹਾਨ ਆਦਮੀ ਕਿਹਾ ਗਿਆ ਹੈ, ਨੇ ਕਿਹਾ: “ਜਿਹੜੇ ਕੰਮ ਇਨਸਾਨ ਲਈ ਨਾਮੁਮਕਿਨ ਹਨ, ਉਹ ਪਰਮੇਸ਼ੁਰ ਲਈ ਮੁਮਕਿਨ ਹਨ।” (ਲੂਕਾ 18:27) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਬ੍ਰਹਿਮੰਡ ਵਿਚ ਸਭ ਤੋਂ ਤਾਕਤਵਰ ਸ਼ਕਤੀ ਹੈ। ਇਸ ਨੂੰ ਕਿਸੇ ਤਕਨਾਲੋਜੀਕਲ ਤਰੀਕੇ ਨਾਲ ਨਹੀਂ ਮਿਣਿਆ ਜਾ ਸਕਦਾ। ਪਵਿੱਤਰ ਸ਼ਕਤੀ ਨਾਲ ਅਸੀਂ ਉਹ ਕੰਮ ਕਰ ਸਕਦੇ ਹਾਂ ਜੋ ਅਸੀਂ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ।
ਕਈ ਵਾਰ ਸਾਡੀ ਜ਼ਿੰਦਗੀ ਵਿਚ ਅਜਿਹੇ ਹਾਲਾਤ ਆਉਂਦੇ ਹਨ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਅਕਸਰ ਸਾਨੂੰ ਨਾਮੁਮਕਿਨ ਲੱਗਦਾ ਹੈ। ਮਿਸਾਲ ਲਈ, ਸ਼ਾਇਦ ਸਾਡਾ ਕੋਈ ਅਜ਼ੀਜ਼ ਮਰ ਜਾਵੇ ਜਾਂ ਸ਼ਾਇਦ ਸਾਡੇ ਪਰਿਵਾਰ ਵਿਚ ਇੰਨੀਆਂ ਮੁਸ਼ਕਲਾਂ ਆਉਣ ਕਰਕੇ ਅਸੀਂ ਹਾਰ ਮੰਨ ਕੇ ਬੈਠ ਜਾਈਏ। ਸ਼ਾਇਦ ਆਪਣੇ ਚਾਲ-ਚਲਣ ਕਰਕੇ ਅਸੀਂ ਬਹੁਤ ਹੀ ਨਿਰਾਸ਼ ਹੋਈਏ ਅਤੇ ਅਸੀਂ ਬੇਬੱਸ ਮਹਿਸੂਸ ਕਰੀਏ। ਇਨ੍ਹਾਂ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ?
ਬਾਈਬਲ ਸਾਨੂੰ ਦੱਸਦੀ ਹੈ ਕਿ ਜਿਹੜਾ ਇਨਸਾਨ ਸਰਬਸ਼ਕਤੀਮਾਨ ਨੂੰ ਖ਼ੁਸ਼ ਕਰਨ ਲਈ ਪੂਰੀ ਵਾਹ ਲਾਉਂਦਾ ਹੈ, ਉਸ ਉੱਤੇ ਵਿਸ਼ਵਾਸ ਕਰਦਾ ਹੈ ਤੇ ਉਸ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦਾ ਹੈ, ਪਰਮੇਸ਼ੁਰ ਉਸ ਨੂੰ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ। ਯਿਸੂ ਦੇ ਦਿਲਾਸਾ ਦੇਣ ਵਾਲੇ ਸ਼ਬਦਾਂ ਉੱਤੇ ਗੌਰ ਕਰੋ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ, ਬਸ਼ਰਤੇ ਕਿ ਉਹ ਆਪਣੇ ਦਿਲ ਵਿਚ ਸ਼ੱਕ ਨਾ ਕਰੇ, ਸਗੋਂ ਪੂਰਾ ਯਕੀਨ ਰੱਖੇ ਕਿ ਉਸ ਦੀ ਕਹੀ ਗੱਲ ਜ਼ਰੂਰ ਪੂਰੀ ਹੋਵੇਗੀ।” (ਮਰਕੁਸ 11:23) ਜੇ ਅਸੀਂ ਬਾਈਬਲ ਅਤੇ ਪਵਿੱਤਰ ਸ਼ਕਤੀ ਨੂੰ ਆਪਣੀ ਜ਼ਿੰਦਗੀ ਵਿਚ ਕੰਮ ਕਰਨ ਦਿੰਦੇ ਹਾਂ, ਤਾਂ ਇਸ ਤਰ੍ਹਾਂ ਦੇ ਕੋਈ ਵੀ ਹਾਲਾਤ ਨਹੀਂ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਸਾਡੇ ਲਈ ਨਾਮੁਮਕਿਨ ਹੋਵੇ।
ਗੌਰ ਕਰੋ ਕਿ ਇਕ ਆਦਮੀ ਦੀ ਪਤਨੀ ਕੈਂਸਰ ਨਾਲ ਗੁਜ਼ਰ ਗਈ ਜਿਸ ਦੇ ਵਿਆਹ ਨੂੰ 38 ਸਾਲ ਹੋ ਚੁੱਕੇ ਸਨ। ਪਤੀ ਦੀ ਤਾਂ ਦੁਨੀਆਂ ਹੀ ਉਜੜ ਗਈ। ਉਸ ਨੂੰ ਲੱਗਦਾ ਸੀ ਕਿ ਆਪਣੀ ਪਤਨੀ ਬਗੈਰ ਜੀਣਾ ਨਾਮੁਮਕਿਨ ਸੀ। ਉਸ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ ਹਨੇਰਾ ਛਾਇਆ ਹੋਇਆ ਸੀ। ਉਸ ਸਮੇਂ ਨੂੰ ਯਾਦ ਕਰਦੇ ਹੋਏ ਉਹ ਕਹਿੰਦਾ ਹੈ ਕਿ ਉਸ ਨੇ ਰੋ-ਰੋ ਕੇ ਪ੍ਰਾਰਥਨਾਵਾਂ ਕੀਤੀਆਂ, ਹਰ ਰੋਜ਼ ਬਾਈਬਲ ਪੜ੍ਹੀ ਤੇ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਰਨ ਨਾਲ ਉਹ ਉਨ੍ਹਾਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਿਆ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਉਸ ਨੂੰ ਨਾਮੁਮਕਿਨ ਲੱਗਦਾ ਸੀ।
ਇਕ ਜੋੜੇ ਦੀ ਵਿਆਹੁਤਾ ਜ਼ਿੰਦਗੀ ਵਿਚ ਗੰਭੀਰ ਸਮੱਸਿਆਵਾਂ ਸਨ। ਪਤੀ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਸੀ ਅਤੇ ਉਸ ਵਿਚ ਹੋਰ ਵੀ ਕਈ ਬੁਰੀਆਂ ਆਦਤਾਂ ਸਨ। ਉਸ ਦੀ ਪਤਨੀ ਨੂੰ ਲੱਗਦਾ ਸੀ ਕਿ ਉਹ ਹੋਰ ਜੀ ਨਹੀਂ ਸਕਦੀ, ਇਸ ਲਈ ਉਸ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਫਿਰ ਪਤੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ। ਜੋ ਕੁਝ ਉਸ ਨੇ ਸਿੱਖਿਆ ਉਸ ਦੀ ਮਦਦ ਨਾਲ ਉਹ ਆਪਣੀਆਂ ਬੁਰੀਆਂ ਆਦਤਾਂ ਅਤੇ ਗੁੱਸੇ ’ਤੇ ਕਾਬੂ ਪਾ ਸਕਿਆ। ਉਸ ਵਿਚ ਹੋਈਆਂ ਤਬਦੀਲੀਆਂ ਦੇਖ ਕੇ ਉਸ ਦੀ ਪਤਨੀ ਹੈਰਾਨ ਰਹਿ ਗਈ। ਉਸ ਨੂੰ ਲੱਗਦਾ ਸੀ ਕਿ ਉਸ ਦੇ ਪਤੀ ਲਈ ਬਦਲਣਾ ਨਾਮੁਮਕਿਨ ਸੀ।
ਇਕ ਹੋਰ ਆਦਮੀ, ਜਿਹੜਾ ਨਸ਼ੇ ਕਰਦਾ ਸੀ ਤੇ ਬਦਚਲਣ ਸੀ, ਸੋਚਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਸੀ। ਉਹ ਕਹਿੰਦਾ ਹੈ: “ਮੈਂ ਆਪਣਾ ਸਾਰਾ ਮਾਣ-ਸਨਮਾਨ ਗੁਆ ਚੁੱਕਾ ਸੀ।” ਉਸ ਨੇ ਪਰਮੇਸ਼ੁਰ ਅੱਗੇ ਤਰਲੇ ਕੀਤੇ: “ਹੇ ਰੱਬਾ ਮੈਨੂੰ ਪਤਾ ਹੈ ਕਿ ਤੂੰ ਹੈਂ, ਮੇਰੀ ਮਦਦ ਕਰ!” ਉਸ ਨੂੰ ਪ੍ਰਾਰਥਨਾ ਦਾ ਜਵਾਬ ਮਿਲ ਗਿਆ ਤੇ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ। ਨਤੀਜੇ ਵਜੋਂ, ਉਸ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਉਹ ਅੱਗੇ ਕਹਿੰਦਾ ਹੈ: “ਮੈਂ ਅਕਸਰ ਆਪਣੇ ਆਪ ਨੂੰ ਦੋਸ਼ੀ ਅਤੇ ਨਿਕੰਮਾ ਸਮਝਦਾ ਸੀ ਤੇ ਕਈ ਵਾਰ ਮੈਂ ਨਿਰਾਸ਼ਾ ਵਿਚ ਡੁੱਬ ਜਾਂਦਾ ਸੀ। ਪਰ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਮੈਂ ਇਨ੍ਹਾਂ ਭਾਵਨਾਵਾਂ ’ਤੇ ਕਾਬੂ ਪਾ ਸਕਿਆ ਹਾਂ। ਜਦੋਂ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਤਾਂ ਮੈਂ ਉਨ੍ਹਾਂ ਗੱਲਾਂ ਨੂੰ ਯਾਦ ਕਰਦਾ ਸੀ ਜੋ ਮੈਂ ਬਾਈਬਲ ਵਿੱਚੋਂ ਸਿੱਖੀਆਂ ਸਨ। ਇਨ੍ਹਾਂ ਹਵਾਲਿਆਂ ਦੀ ਮਦਦ ਨਾਲ ਮੈਂ ਆਪਣੇ ਮਨ ਨੂੰ ਸਾਫ਼ ਰੱਖ ਸਕਿਆ।” ਹੁਣ ਉਹ ਸ਼ਾਦੀ-ਸ਼ੁਦਾ ਅਤੇ ਬਹੁਤ ਖ਼ੁਸ਼ ਹੈ। ਉਹ ਅਤੇ ਉਸ ਦੀ ਪਤਨੀ ਦੂਜਿਆਂ ਦੀ ਇਹ ਦੇਖਣ ਵਿਚ ਮਦਦ ਕਰਦੇ ਹਨ ਕਿ ਬਾਈਬਲ ਵਿਚ ਕਿੰਨੀ ਤਾਕਤ ਹੈ। ਬਾਈਬਲ ਦੀ ਸੱਚਾਈ ਸਿੱਖਣ ਤੋਂ ਪਹਿਲਾਂ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦੀ ਜ਼ਿੰਦਗੀ ਇੰਨੀ ਵਧੀਆ ਹੋ ਸਕਦੀ ਹੈ।
ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਤਾਕਤ ਹੈ ਅਤੇ ਪਵਿੱਤਰ ਸ਼ਕਤੀ ਸਾਡੀ ਜ਼ਿੰਦਗੀ ਵਿਚ ਅਜਿਹੀਆਂ ਤਬਦੀਲੀਆਂ ਕਰ ਸਕਦੀ ਹੈ ਜੋ ਸਾਨੂੰ ਨਾਮੁਮਕਿਨ ਲੱਗੇ। ਪਰ ਤੁਸੀਂ ਸ਼ਾਇਦ ਕਹੋ: “ਤਬਦੀਲੀਆਂ ਕਰਨ ਲਈ ਇਬਰਾਨੀਆਂ 11:6) ਪਰ ਇਸ ਮਿਸਾਲ ਉੱਤੇ ਗੌਰ ਕਰੋ: ਤੁਹਾਡਾ ਚੰਗਾ ਦੋਸਤ, ਜੋ ਬੈਂਕ ਮੈਨੇਜਰ ਜਾਂ ਕੋਈ ਵੱਡਾ ਅਫ਼ਸਰ ਹੈ, ਤੁਹਾਨੂੰ ਕਹਿੰਦਾ ਹੈ: “ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਜੇ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਪਵੇ, ਤਾਂ ਮੇਰੇ ਕੋਲ ਜ਼ਰੂਰ ਆਓ।” ਕੋਈ ਸ਼ੱਕ ਨਹੀਂ ਕਿ ਇਹ ਵਾਅਦਾ ਸੁਣ ਕੇ ਤੁਹਾਨੂੰ ਦਿਲਾਸਾ ਮਿਲੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਇਨਸਾਨ ਆਪਣੇ ਵਾਅਦੇ ਪੂਰੇ ਨਹੀਂ ਕਰ ਪਾਉਂਦੇ। ਸ਼ਾਇਦ ਤੁਹਾਡੇ ਦੋਸਤ ਦੇ ਹਾਲਾਤ ਬਦਲ ਜਾਣ ਜਿਸ ਕਰਕੇ ਉਹ ਆਪਣੇ ਵਾਅਦੇ ਪੂਰੇ ਨਾ ਕਰ ਪਾਵੇ। ਜੇ ਤੁਹਾਡਾ ਦੋਸਤ ਮਰ ਜਾਂਦਾ ਹੈ, ਤਾਂ ਜੋ ਕੁਝ ਉਸ ਨੇ ਵਾਅਦਾ ਕੀਤਾ ਸੀ, ਉਹ ਉਸ ਨੂੰ ਪੂਰਾ ਨਹੀਂ ਕਰ ਪਾਵੇਗਾ। ਦੂਜੇ ਪਾਸੇ, ਪਰਮੇਸ਼ੁਰ ਨੂੰ ਆਪਣੇ ਵਾਅਦੇ ਪੂਰੇ ਕਰਨ ਤੋਂ ਕੋਈ ਚੀਜ਼ ਨਹੀਂ ਰੋਕ ਸਕਦੀ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ: “ਪਰਮੇਸ਼ੁਰ ਦੀ ਕਹੀ ਹਰ ਗੱਲ ਪੂਰੀ ਹੋ ਕੇ ਹੀ ਰਹਿੰਦੀ ਹੈ।”—ਲੂਕਾ 1:37.
ਸਾਨੂੰ ਬਾਈਬਲ ਅਤੇ ਪਵਿੱਤਰ ਸ਼ਕਤੀ ਦੀ ਤਾਕਤ ’ਤੇ ਭਰੋਸਾ ਕਰਨ ਦੀ ਲੋੜ ਹੈ!” ਜੀ ਹਾਂ, ਇਹ ਸੱਚ ਹੈ। ਦਰਅਸਲ ਬਾਈਬਲ ਕਹਿੰਦੀ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (‘ਕੀ ਤੁਸੀਂ ਇਸ ਗੱਲ ਦਾ ਵਿਸ਼ਵਾਸ ਕਰਦੇ ਹੋ?’
ਬਾਈਬਲ ਵਿਚ ਕਈ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਦੇਖਿਆ ਹੈ ਕਿ ਪਰਮੇਸ਼ੁਰ ਦੀ ਕਹੀ ਹਰ ਗੱਲ ਪੂਰੀ ਹੋ ਕੇ ਰਹਿੰਦੀ ਹੈ। ਕੁਝ ਮਿਸਾਲਾਂ ਉੱਤੇ ਗੌਰ ਕਰੋ।
90 ਸਾਲ ਦੀ ਸਾਰਾਹ ਨੇ ਇਸ ਗੱਲ ਨੂੰ ਮਜ਼ਾਕ ਸਮਝਿਆ ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਪੁੱਤਰ ਨੂੰ ਜਨਮ ਦੇਵੇਗੀ। ਇਜ਼ਰਾਈਲੀ ਕੌਮ ਇਸ ਗੱਲ ਦਾ ਸਬੂਤ ਹੈ ਕਿ ਉਸ ਨੇ ਸੱਚ-ਮੁੱਚ ਇਕ ਪੁੱਤਰ ਨੂੰ ਜਨਮ ਦਿੱਤਾ। ਯੂਨਾਹ ਨਾਂ ਦਾ ਆਦਮੀ ਵੱਡੀ ਮੱਛੀ ਦੇ ਢਿੱਡ ਵਿਚ ਤਿੰਨ ਦਿਨ ਰਿਹਾ ਜਿਸ ਨੇ ਬਾਅਦ ਵਿਚ ਆਪਣੀ ਕਹਾਣੀ ਲਿਖੀ। ਲੂਕਾ ਨਾਂ ਦੇ ਡਾਕਟਰ ਨੂੰ ਪਤਾ ਸੀ ਕਿ ਬੇਹੋਸ਼ ਤੇ ਮਰੇ ਹੋਏ ਇਨਸਾਨ ਵਿਚ ਕੀ ਫ਼ਰਕ ਹੈ। ਉਸ ਨੇ ਨੌਜਵਾਨ ਯੂਤਖੁਸ ਬਾਰੇ ਲਿਖਿਆ ਜੋ ਤੀਜੀ ਮੰਜ਼ਲ ਦੀ ਖਿੜਕੀ ਤੋਂ ਡਿਗ ਕੇ ਮਰ ਗਿਆ, ਪਰ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਇਹ ਮਨ-ਘੜਤ ਗੱਲਾਂ ਨਹੀਂ ਹਨ। ਇਨ੍ਹਾਂ ਬਿਰਤਾਂਤਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਇਹ ਘਟਨਾਵਾਂ ਸੱਚੀਆਂ ਹਨ।—ਉਤਪਤ 18:10-14; 21:1, 2; ਯੂਨਾਹ 1:17; 2:1, 10; ਰਸੂਲਾਂ ਦੇ ਕੰਮ 20:9-12.
ਯਿਸੂ ਨੇ ਮਾਰਥਾ ਨੂੰ ਇਹ ਹੈਰਾਨੀ ਵਾਲੀ ਗੱਲ ਕਹੀ: “ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ।” ਭਾਵੇਂ ਇਹ ਵਾਅਦਾ ਮਾਰਥਾ ਨੂੰ ਨਾਮੁਮਕਿਨ ਲੱਗਿਆ ਹੋਵੇ, ਪਰ ਯਿਸੂ ਨੇ ਉਸ ਨੂੰ ਇਹ ਜ਼ਰੂਰੀ ਸਵਾਲ ਪੁੱਛਿਆ: “ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?” ਇਸ ਸਵਾਲ ਉੱਤੇ ਅਸੀਂ ਵੀ ਅੱਜ ਸੋਚ-ਵਿਚਾਰ ਕਰ ਸਕਦੇ ਹਾਂ।—ਯੂਹੰਨਾ 11:26.
ਕੀ ਹਮੇਸ਼ਾ ਲਈ ਜੀਉਣਾ ਮੁਮਕਿਨ ਹੈ?
ਸਾਇੰਸ ਦੀ ਸਟੱਡੀ ਕਰਨ ਵਾਲਿਆਂ ਨੇ ਲਿਖਿਆ: “ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਹੁਣ ਨਾਲੋਂ ਜ਼ਿਆਦਾ ਜੀ ਪਾਵਾਂਗੇ, ਸ਼ਾਇਦ ਹਮੇਸ਼ਾ ਲਈ।” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦੀ ਹੈ ਕਿ ਸਾਡੇ ਸੈੱਲ ਪੁਰਾਣੇ ਹੋਣ ਕਰਕੇ ਨਹੀਂ ਮਰਦੇ। ਪਰ ਸਾਨੂੰ ਇਹ ਨਹੀਂ ਪਤਾ ਕਿ ਬੁਢਾਪਾ ਕਿਉਂ ਆਉਂਦਾ ਹੈ। ਭਾਵੇਂ ਸਾਇੰਸਦਾਨ ਸਾਡੇ ਸੈੱਲਾਂ ਨੂੰ ਪੁਰਾਣੇ ਹੋਣ ਤੋਂ ਰੋਕਣ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਪਤਾ ਹੈ ਕਿ ਇੱਦਾਂ ਕਰਨਾ ਨਾਮੁਮਕਿਨ ਹੈ।
ਸਾਇੰਸ ਤੋਂ ਉਲਟ, ਬਾਈਬਲ ਸਾਨੂੰ ਹਮੇਸ਼ਾ ਲਈ ਜੀਉਂਦੇ ਰਹਿਣ ਦੇ ਠੋਸ ਕਾਰਨ ਦਿੰਦੀ ਹੈ। ਸਾਨੂੰ ਜੀਵਨ ਦੇਣ ਵਾਲਾ ਯਹੋਵਾਹ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ।” (ਜ਼ਬੂਰਾਂ ਦੀ ਪੋਥੀ 36:9; ਯਸਾਯਾਹ 25:8) ਕੀ ਤੁਸੀਂ ਇਸ ਵਾਅਦੇ ’ਤੇ ਵਿਸ਼ਵਾਸ ਕਰਦੇ ਹੋ? ਇਹ ਵਾਅਦਾ ਯਹੋਵਾਹ ਪਰਮੇਸ਼ੁਰ ਨੇ ਕੀਤਾ ਹੈ ਜੋ ਕਦੇ ਝੂਠ ਨਹੀਂ ਬੋਲ ਸਕਦਾ।—ਤੀਤੁਸ 1:2. (w12-E 06/01)
[ਸਫ਼ਾ 29 ਉੱਤੇ ਸੁਰਖੀ]
“ਜਿਹੜੀਆਂ ਗੱਲਾਂ ਕੱਲ੍ਹ ਨਾਮੁਮਕਿਨ ਸਨ ਉਹ ਅੱਜ ਆਮ ਬਣ ਚੁੱਕੀਆਂ ਹਨ!”—ਰੋਨਾਲਡ ਰੀਗਨ
[ਸਫ਼ਾ 30 ਉੱਤੇ ਸੁਰਖੀ]
ਜਦੋਂ ਅਸੀਂ ਜੀਉਣਾ ਨਾ ਚਾਹੀਏ, ਤਾਂ ਅਸੀਂ ਮਦਦ ਲਈ ਕਿਸ ਕੋਲ ਜਾਈਏ?
[ਸਫ਼ਾ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
NASA photo