ਡਾਕਟਰੀ ਪੱਖੋਂ ਸਹੀ
ਡਾਕਟਰੀ ਪੱਖੋਂ ਸਹੀ
“ਭਲਾ, ਮੈਂ ਤੇਰੇ ਲਈ ਤੀਹ ਗੱਲਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ, ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂ?”—ਕਹਾਉਤਾਂ 22:20, 21.
ਬਾਈਬਲ ਕਿਵੇਂ ਵੱਖਰੀ ਹੈ? ਪੁਰਾਣੀਆਂ ਕਿਤਾਬਾਂ ਵਿਚ ਕਈ ਵਾਰ ਅਜਿਹੀਆਂ ਗੱਲਾਂ ਪਾਈਆਂ ਗਈਆਂ ਹਨ ਜਿਨ੍ਹਾਂ ਨੂੰ ਅੱਜ ਸਾਇੰਸ ਨੇ ਝੂਠਾ ਜਾਂ ਖ਼ਤਰਨਾਕ ਸਾਬਤ ਕੀਤਾ ਹੈ। ਅੱਜ ਸਾਇੰਸ ਵਿਚ ਹੁੰਦੀ ਤਰੱਕੀ ਮੁਤਾਬਕ ਲੇਖਕਾਂ ਨੂੰ ਸਮੇਂ-ਸਮੇਂ ’ਤੇ ਆਪਣੀਆਂ ਕਿਤਾਬਾਂ ਵਿਚ ਦਿੱਤੀ ਸਲਾਹ ਨੂੰ ਬਦਲਣਾ ਪੈਂਦਾ ਹੈ। ਪਰ ਬਾਈਬਲ ਦਾਅਵਾ ਕਰਦੀ ਹੈ ਕਿ ਉਸ ਦਾ ਲਿਖਾਰੀ ਪਰਮੇਸ਼ੁਰ ਹੈ ਅਤੇ ਉਸ ਦਾ ਬਚਨ “ਹਮੇਸ਼ਾ ਕਾਇਮ ਰਹਿੰਦਾ ਹੈ।”—1 ਪਤਰਸ 1:25.
ਇਕ ਮਿਸਾਲ: ਮੂਸਾ ਦੇ ਕਾਨੂੰਨ ਮੁਤਾਬਕ ਇਜ਼ਰਾਈਲੀਆਂ ਨੂੰ ਦੱਸਿਆ ਗਿਆ ਸੀ ਕਿ ਉਹ “ਛੌਣੀ ਤੋਂ ਬਾਹਰ” ਟੋਆ ਪੁੱਟ ਕੇ ਮਲ-ਮੂਤਰ ਕਰਨ ਤੇ ਫਿਰ ਇਸ ਨੂੰ ਦੱਬ ਦੇਣ। (ਬਿਵਸਥਾ ਸਾਰ 23:12, 13) ਜੇ ਉਹ ਮਰੇ ਹੋਏ ਜਾਨਵਰ ਜਾਂ ਇਨਸਾਨ ਨੂੰ ਹੱਥ ਲਾਉਂਦੇ ਸਨ, ਤਾਂ ਉਨ੍ਹਾਂ ਨੂੰ ਆਪਣੇ ਸਰੀਰ ਤੇ ਕੱਪੜਿਆਂ ਨੂੰ ਧੋਣਾ ਪੈਂਦਾ ਸੀ। (ਲੇਵੀਆਂ 11:27, 28; ਗਿਣਤੀ 19:14-16) ਉਸ ਸਮੇਂ ਕੋੜ੍ਹ ਦੇ ਸ਼ਿਕਾਰ ਲੋਕਾਂ ਨੂੰ ਦੂਸਰਿਆਂ ਤੋਂ ਉਦੋਂ ਤਕ ਅਲੱਗ ਰੱਖਿਆ ਜਾਂਦਾ ਸੀ ਜਦ ਤਕ ਇਹ ਪੱਕਾ ਨਹੀਂ ਸੀ ਹੋ ਜਾਂਦਾ ਕਿ ਉਨ੍ਹਾਂ ਤੋਂ ਦੂਸਰਿਆਂ ਨੂੰ ਇਹ ਬੀਮਾਰੀ ਲੱਗਣ ਦਾ ਖ਼ਤਰਾ ਨਹੀਂ ਸੀ।—ਲੇਵੀਆਂ 13:1-8.
ਅੱਜ ਦੀ ਡਾਕਟਰੀ ਸਲਾਹ ਕੀ ਕਹਿੰਦੀ ਹੈ? ਗੰਦ-ਮੰਦ ਨੂੰ ਸਹੀ ਟਿਕਾਣੇ ਲਾਉਣਾ, ਹੱਥ ਧੋਣੇ ਅਤੇ ਬੀਮਾਰ ਲੋਕਾਂ ਨੂੰ ਦੂਸਰਿਆਂ ਤੋਂ ਦੂਰ ਰੱਖਣਾ ਬੀਮਾਰੀਆਂ ਨਾਲ ਲੜਨ ਦੇ ਵਧੀਆ ਤਰੀਕੇ ਹਨ। ਜੇ ਨੇੜੇ-ਤੇੜੇ ਕੋਈ ਟਾਇਲਟ ਜਾਂ ਗੰਦ-ਮੰਦ ਨੂੰ ਟਿਕਾਣੇ ਲਾਉਣ ਦਾ ਕੋਈ ਪ੍ਰਬੰਧ ਨਹੀਂ ਹੈ, ਤਾਂ ਅਮਰੀਕਾ ਦਾ ਰੋਗ ਨਿਯੰਤ੍ਰਣ ਕੇਂਦਰ ਸਲਾਹ ਦਿੰਦਾ ਹੈ: “ਪਾਣੀ ਦੇ ਕਿਸੇ ਵੀ ਸੋਮੇ ਤੋਂ ਘੱਟੋ-ਘੱਟ 30 ਮੀਟਰ ਦੀ ਦੂਰੀ ’ਤੇ ਟਾਇਲਟ ਜਾਣਾ ਚਾਹੀਦਾ ਹੈ ਤੇ ਫਿਰ ਇਸ ਨੂੰ ਦੱਬ ਦੇਣਾ ਚਾਹੀਦਾ ਹੈ।” ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਜਦ ਲੋਕ ਗੰਦ-ਮੰਦ ਨੂੰ ਸਹੀ ਟਿਕਾਣੇ ਲਾਉਂਦੇ ਹਨ, ਤਾਂ ਦਸਤ ਲੱਗਣ ਦਾ ਖ਼ਤਰਾ 36% ਘੱਟ ਜਾਂਦਾ ਹੈ। 200 ਤੋਂ ਘੱਟ ਸਾਲ ਪਹਿਲਾਂ ਡਾਕਟਰਾਂ ਨੇ ਦੇਖਿਆ ਕਿ ਉਨ੍ਹਾਂ ਨੇ ਆਪਣੇ ਮਰੀਜ਼ਾਂ ਨੂੰ ਛੂਤ ਦੀ ਬੀਮਾਰੀ ਲਗਾ ਦਿੱਤੀ ਜਦੋਂ ਉਹ ਲਾਸ਼ਾਂ ਨੂੰ ਹੱਥ ਲਗਾਉਣ ਤੋਂ ਬਾਅਦ ਆਪਣੇ ਹੱਥ ਨਹੀਂ ਧੋਂਦੇ ਸਨ। ਰੋਗ ਨਿਯੰਤ੍ਰਣ ਕੇਂਦਰ ਅੱਗੇ ਦੱਸਦਾ ਹੈ ਕਿ ਹੱਥ ਧੋਣਾ “ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।” ਕੋੜ੍ਹੀਆਂ ਜਾਂ ਹੋਰ ਛੂਤ ਦੀਆਂ ਬੀਮਾਰੀਆਂ ਦੇ ਸ਼ਿਕਾਰਾਂ ਨੂੰ ਅਲੱਗ ਰੱਖਣ ਬਾਰੇ ਕੀ? ਹਾਲ ਹੀ ਵਿਚ ਸਾਊਦੀ ਅਰਬ ਦੇ ਮੈਡੀਕਲ ਰਸਾਲੇ ਨੇ ਕਿਹਾ: “ਛੂਤ ਦੀਆਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸ਼ਾਇਦ ਸ਼ੁਰੂਆਤ ਵਿਚ ਹੀ ਬੀਮਾਰਾਂ ਨੂੰ ਦੂਜਿਆਂ ਤੋਂ ਅਲੱਗ ਰੱਖਣਾ ਪਵੇ। ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਦਾ ਇਹੀ ਇੱਕੋ-ਇਕ ਚਾਰਾ ਹੈ।”
ਤੁਹਾਡਾ ਕੀ ਖ਼ਿਆਲ ਹੈ? ਕੀ ਤੁਸੀਂ ਉਮੀਦ ਰੱਖ ਸਕਦੇ ਹੋ ਕਿ ਕੋਈ ਹੋਰ ਪੁਰਾਣੀ ਧਾਰਮਿਕ ਕਿਤਾਬ ਮੌਜੂਦਾ ਡਾਕਟਰੀ ਨਾਲ ਮੇਲ ਖਾਂਦੀ ਹੈ? ਜਾਂ ਕੀ ਇਸ ਮਾਮਲੇ ਵਿਚ ਬਾਈਬਲ ਅਨੋਖੀ ਹੈ? (w12-E 06/01)
[ਸਫ਼ਾ 6 ਉੱਤੇ ਸੁਰਖੀ]
“ਮੂਸਾ ਦੇ ਕਾਨੂੰਨ ਦੇ ਸਮੇਂ ਦਿੱਤੀਆਂ ਸਿਹਤ ਸੰਬੰਧੀ ਸਾਵਧਾਨੀਆਂ ਨੂੰ ਧਿਆਨ ਨਾਲ ਪੜ੍ਹ ਕੇ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।”—ਮੈਨੂਅਲ ਆਫ਼ ਟ੍ਰਾਪੀਕਲ ਮੈਡੀਸਨ, ਡਾਕਟਰ ਆਲਡੋ ਕਾਸਤੇਲਾਨੀ ਅਤੇ ਡਾਕਟਰ ਐਲਬਰਟ ਜੇ. ਚਾਲਮਰਜ਼