ਕੀ ਇਹ ਦੂਜੀਆਂ ਕਿਤਾਬਾਂ ਵਰਗੀ ਹੈ?
ਕੀ ਇਹ ਦੂਜੀਆਂ ਕਿਤਾਬਾਂ ਵਰਗੀ ਹੈ?
“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ . . . ਫ਼ਾਇਦੇਮੰਦ ਹੈ, ਤਾਂਕਿ ਪਰਮੇਸ਼ੁਰ ਦਾ ਸੇਵਕ ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ ਹੋਵੇ।” —2 ਤਿਮੋਥਿਉਸ 3:16, 17.
ਕੁਝ ਲੋਕ ਬਾਈਬਲ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ। ਤੁਹਾਡਾ ਕੀ ਖ਼ਿਆਲ ਹੈ? ਬਾਈਬਲ ਬਾਰੇ ਥੱਲੇ ਦੱਸੀਆਂ ਗੱਲਾਂ ਵਿੱਚੋਂ ਤੁਸੀਂ ਕਿਹੜੀ ਗੱਲ ਮੰਨਦੇ ਹੋ?
• ਬਹੁਤ ਵਧੀਆ ਕਿਤਾਬ
• ਦੂਜੀਆਂ ਪਵਿੱਤਰ ਲਿਖਤਾਂ ਵਰਗੀ ਇਕ ਕਿਤਾਬ
• ਕਥਾ-ਕਹਾਣੀਆਂ ਦੀ ਕਿਤਾਬ ਜਿਸ ਵਿੱਚੋਂ ਅਸੀਂ ਕੋਈ ਸਬਕ ਸਿੱਖ ਸਕਦੇ ਹਾਂ
• ਪਰਮੇਸ਼ੁਰ ਦਾ ਬਚਨ
ਇਸ ਦੇ ਨਾਲ-ਨਾਲ ਕੀ ਇਸ ਨਾਲ ਕੋਈ ਫ਼ਰਕ ਪੈਂਦਾ ਕਿ ਤੁਸੀਂ ਕੀ ਮੰਨਦੇ ਹੋ? ਧਿਆਨ ਦਿਓ ਕਿ ਬਾਈਬਲ ਆਪਣੇ ਬਾਰੇ ਕੀ ਕਹਿੰਦੀ ਹੈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀਆਂ 15:4) ਇਸ ਤਰ੍ਹਾਂ ਬਾਈਬਲ ਦਾਅਵਾ ਕਰਦੀ ਹੈ ਕਿ ਇਹ ਸਾਨੂੰ ਸਿੱਖਿਆ, ਦਿਲਾਸਾ ਅਤੇ ਉਮੀਦ ਦੇਣ ਲਈ ਲਿਖੀ ਗਈ ਹੈ।
ਪਰ ਜੇ ਬਾਈਬਲ ਸਿਰਫ਼ ਇਕ ਵਧੀਆ ਕਿਤਾਬ ਜਾਂ ਦੂਜੀਆਂ ਕਈ ਪਵਿੱਤਰ ਲਿਖਤਾਂ ਵਰਗੀ ਹੁੰਦੀ, ਤਾਂ ਕੀ ਤੁਸੀਂ ਮੰਨਦੇ ਕਿ ਇਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੇਧ ਦੇ ਸਕਦੀ ਹੈ? ਉਦੋਂ ਵੀ ਜੇ ਇਸ ਵਿਚਲੀਆਂ ਗੱਲਾਂ ਉਨ੍ਹਾਂ ਗੱਲਾਂ ਦੇ ਖ਼ਿਲਾਫ਼ ਹੁੰਦੀਆਂ ਜੋ ਤੁਹਾਨੂੰ ਪਹਿਲਾਂ ਸਹੀ ਲੱਗਦੀਆਂ ਸਨ? ਜੇ ਬਾਈਬਲ ਸਿਰਫ਼ ਕਥਾ-ਕਹਾਣੀਆਂ ਦੀ ਕਿਤਾਬ ਹੁੰਦੀ, ਤਾਂ ਕੀ ਤੁਸੀਂ ਇਸ ਦੇ ਵਾਅਦਿਆਂ ਤੋਂ ਦਿਲਾਸਾ ਅਤੇ ਉਮੀਦ ਪਾ ਸਕਦੇ?
ਦੂਜੇ ਪਾਸੇ, ਬਾਈਬਲ ਦੀ ਸਟੱਡੀ ਕਰ ਕੇ ਲੱਖਾਂ ਹੀ ਲੋਕਾਂ ਨੇ ਮੰਨਿਆ ਹੈ ਕਿ ਪਰਮੇਸ਼ੁਰ ਦਾ ਬਚਨ ਇਕ ਵੱਖਰੀ ਕਿਤਾਬ ਹੈ। ਕਿਉਂ? ਕਿਹੜੀਆਂ ਗੱਲਾਂ ਕਰਕੇ ਬਾਈਬਲ ਬਾਕੀ ਸਾਰੀਆਂ ਕਿਤਾਬਾਂ ਤੋਂ ਵੱਖਰੀ ਹੈ? ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਅਗਲੇ ਲੇਖਾਂ ਵਿਚ ਬਾਈਬਲ ਬਾਰੇ ਦੱਸੀਆਂ ਪੰਜ ਅਨੋਖੀਆਂ ਗੱਲਾਂ ਉੱਤੇ ਗੌਰ ਕਰੋ। (w12-E 06/01)