ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ
ਰਾਜ਼ ਨੰਬਰ 2
ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ
ਬਾਈਬਲ ਕੀ ਕਹਿੰਦੀ ਹੈ? “ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।”—ਗਲਾਤੀਆਂ 6:4, ERV.
ਮੁਸ਼ਕਲ ਕੀ ਹੈ? ਸਾਡੀ ਆਦਤ ਹੁੰਦੀ ਹੈ ਕਿ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ। ਕਦੇ-ਕਦੇ ਉਨ੍ਹਾਂ ਲੋਕਾਂ ਨਾਲ ਜਿਨ੍ਹਾਂ ਕੋਲ ਸਾਡੇ ਨਾਲੋਂ ਘੱਟ ਚੀਜ਼ਾਂ ਹਨ ਅਤੇ ਖ਼ਾਸ ਕਰਕੇ ਉਨ੍ਹਾਂ ਨਾਲ ਜੋ ਸਾਡੇ ਨਾਲੋਂ ਤਕੜੇ, ਅਮੀਰ ਜਾਂ ਫਿਰ ਕਾਬਲ ਹਨ। ਪਰ ਇੱਦਾਂ ਕਰਨ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਅਸੀਂ ਗ਼ਲਤੀ ਨਾਲ ਇਹ ਸੋਚ ਲੈਂਦੇ ਹਾਂ ਕਿ ਇਨਸਾਨ ਦੀ ਕੀਮਤ ਇਸ ਨਾਲ ਮਿਣੀ ਜਾਂਦੀ ਹੈ ਕਿ ਉਸ ਕੋਲ ਕੀ ਹੈ ਜਾਂ ਉਹ ਕੀ ਕਰਨ ਦੇ ਕਾਬਲ ਹੈ। ਇਸ ਨਾਲ ਜਲਨ ਪੈਦਾ ਹੋ ਸਕਦੀ ਹੈ ਅਤੇ ਅਸੀਂ ਦੂਸਰਿਆਂ ਨਾਲ ਮੁਕਾਬਲਾ ਕਰਨ ਲੱਗ ਜਾਂਦੇ ਹਾਂ।—ਉਪਦੇਸ਼ਕ ਦੀ ਪੋਥੀ 4:4.
ਤੁਸੀਂ ਕੀ ਕਰ ਸਕਦੇ ਹੋ? ਆਪਣੇ ਆਪ ਨੂੰ ਰੱਬ ਦੀਆਂ ਨਜ਼ਰਾਂ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰੋਗੇ। ਬਾਈਬਲ ਕਹਿੰਦੀ ਹੈ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ * ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) ਯਹੋਵਾਹ ਤੁਹਾਡੀ ਕਾਬਲੀਅਤ ਨੂੰ ਦੇਖਦਾ ਹੈ। ਉਹ ਦੂਜਿਆਂ ਦੇ ਨਾਲ ਤੁਹਾਡੀ ਤੁਲਨਾ ਨਹੀਂ ਕਰਦਾ, ਸਗੋਂ ਉਹ ਤੁਹਾਡੇ ਦਿਲ ਦੀਆਂ ਸੋਚਾਂ, ਜਜ਼ਬਾਤਾਂ ਅਤੇ ਇਰਾਦਿਆਂ ਨੂੰ ਜਾਣ ਲੈਂਦਾ ਹੈ। (ਇਬਰਾਨੀਆਂ 4:12, 13) ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਹੋ ਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਇਸ ਗੱਲ ਨੂੰ ਸਮਝੋ। ਜੇ ਤੁਸੀਂ ਆਪਣੀ ਤੁਲਨਾ ਦੂਸਰਿਆਂ ਨਾਲ ਕਰੋਗੇ, ਤਾਂ ਤੁਸੀਂ ਬੜੇ ਘਮੰਡੀ ਜਾਂ ਫਿਰ ਬੜੇ ਉਦਾਸ ਹੋਵੋਗੇ। ਸੋ ਇਸ ਗੱਲ ਨੂੰ ਮੰਨੋ ਕਿ ਤੁਸੀਂ ਹਰ ਕੰਮ ਚੰਗੀ ਤਰ੍ਹਾਂ ਨਹੀਂ ਕਰ ਪਾਓਗੇ।—ਕਹਾਉਤਾਂ 11:2.
ਰੱਬ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਰੱਬ ਨੇ ਆਪਣੇ ਨਬੀ ਮੀਕਾਹ ਤੋਂ ਲਿਖਵਾਇਆ: “ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” (ਮੀਕਾਹ 6:8) ਜੇ ਤੁਸੀਂ ਇਸ ਸਲਾਹ ’ਤੇ ਚੱਲੋਗੇ, ਤਾਂ ਰੱਬ ਤੁਹਾਡਾ ਖ਼ਿਆਲ ਰੱਖੇਗਾ। (1 ਪਤਰਸ 5:6, 7) ਇਸ ਤੋਂ ਵਧੀਆ ਗੱਲ ਕਿਹੜੀ ਹੋ ਸਕਦੀ ਹੈ? (w10-E 11/01)
[ਫੁਟਨੋਟ]
^ ਪੈਰਾ 5 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਦਾ ਨਾਂ ਯਹੋਵਾਹ ਹੈ।
[ਸਫ਼ਾ 5 ਉੱਤੇ ਤਸਵੀਰ]
ਯਹੋਵਾਹ ਸਾਡੇ ਸਾਰਿਆਂ ਦੇ ਦਿਲਾਂ ਨੂੰ ਜਾਣਦਾ ਹੈ