ਕਿਸੇ ਦਾ ਜੀਵਨ-ਸਾਥੀ ਗੁਜ਼ਰ ਜਾਵੇ, ਤਾਂ . . . ਉਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?
ਕਿਸੇ ਦਾ ਜੀਵਨ-ਸਾਥੀ ਗੁਜ਼ਰ ਜਾਵੇ, ਤਾਂ . . . ਉਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?
ਆਪਣੇ ਛੋਟੇ ਜਿਹੇ ਅਪਾਰਟਮੈਂਟ ਵਿਚ ਜੀਨ ਖਾਣਾ ਖਾਣ ਲਈ ਮੇਜ਼ ਉੱਤੇ ਭਾਂਡੇ ਰੱਖ ਰਹੀ ਸੀ। ਆਖ਼ਰ ਉਸ ਨੂੰ ਖਾਣਾ ਤਾਂ ਪੈਣਾ ਹੀ ਹੈ। ਅਚਾਨਕ ਉਸ ਦੀ ਨਜ਼ਰ ਸਾਮ੍ਹਣੇ ਪਈਆਂ ਦੋ ਪਲੇਟਾਂ ਉੱਤੇ ਪੈਂਦੀ ਹੈ ਤੇ ਉਹ ਫੁੱਟ ਕੇ ਰੋਣ ਲੱਗਦੀ ਹੈ। ਆਦਤ ਹੋਣ ਕਰਕੇ ਉਸ ਨੇ ਦੋ ਜਣਿਆਂ ਲਈ ਮੇਜ਼ ਤਿਆਰ ਕੀਤਾ ਹੈ, ਪਰ ਉਸ ਦੇ ਪਿਆਰੇ ਪਤੀ ਦੋ ਸਾਲ ਪਹਿਲਾਂ ਹੀ ਗੁਜ਼ਰ ਗਏ ਸਨ।
ਜਿਨ੍ਹਾਂ ਨੇ ਜੀਵਨ-ਸਾਥੀ ਦੀ ਮੌਤ ਦਾ ਗਮ ਨਹੀਂ ਸਹਿਆ, ਉਨ੍ਹਾਂ ਲਈ ਅਜਿਹੇ ਪਤੀ-ਪਤਨੀਆਂ ਦੇ ਦਿਲ ਦੀ ਪੀੜ ਸਮਝਣੀ ਨਾਮੁਮਕਿਨ ਹੈ। ਅਸਲ ਵਿਚ ਸਾਡਾ ਮਨ ਹੌਲੀ-ਹੌਲੀ ਹੀ ਇਸ ਸਦਮੇ ਨੂੰ ਕਬੂਲ ਕਰਦਾ ਹੈ। 72 ਸਾਲਾਂ ਦੀ ਬੈਰਲ ਆਪਣੇ ਪਤੀ ਦੀ ਅਚਾਨਕ ਹੋਈ ਮੌਤ ਨੂੰ ਪਹਿਲਾਂ-ਪਹਿਲਾਂ ਸਵੀਕਾਰ ਨਹੀਂ ਕਰ ਸਕੀ। ਉਸ ਨੇ ਕਿਹਾ: “ਮੈਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਹ ਘਰ ਵਾਪਸ ਨਹੀਂ ਆਵੇਗਾ।”
ਜਦੋਂ ਓਪਰੇਸ਼ਨ ਕਰਾ ਕੇ ਕਿਸੇ ਦਾ ਅੰਗ ਕੱਟਿਆ ਜਾਂਦਾ ਹੈ, ਤਾਂ ਕਈ ਵਾਰ ਉਸ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਅੰਗ ਅਜੇ ਵੀ ਹੈ। ਇਸੇ ਤਰ੍ਹਾਂ ਸੋਗ ਦੇ ਮਾਰੇ ਦੁਖੀ ਪਤੀ-ਪਤਨੀ ਨੂੰ ਸ਼ਾਇਦ ਲੱਗੇ ਕਿ ਉਸ ਨੇ ਆਪਣੇ ਸਾਥੀ ਦੇ ਚਿਹਰੇ ਨੂੰ ਭੀੜ ਵਿਚ ਦੇਖਿਆ ਹੋਵੇ ਜਾਂ ਸ਼ਾਇਦ ਉਹ ਆਪਣੇ ਸਾਥੀ ਨਾਲ ਕੋਈ ਗੱਲ ਕਰ ਰਿਹਾ ਹੋਵੇ।
ਜਦ ਕਿਸੇ ਦਾ ਜੀਵਨ-ਸਾਥੀ ਗੁਜ਼ਰ ਜਾਂਦਾ ਹੈ, ਤਾਂ ਅਕਸਰ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਸ ਦੀ ਮਦਦ ਕਿਵੇਂ ਕੀਤੀ ਜਾਵੇ। ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਦਾ ਜੀਵਨ-ਸਾਥੀ ਗੁਜ਼ਰ ਗਿਆ ਹੈ? ਤੁਸੀਂ ਉਸ ਨੂੰ ਸਹਾਰਾ ਕਿਵੇਂ ਦੇ ਸਕਦੇ ਹੋ? ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਤੁਸੀਂ ਇਸ ਦੁੱਖ ਦੀ ਘੜੀ ਦੌਰਾਨ ਉਸ ਦੀ ਮਦਦ ਕਰ ਸਕੋ? ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਸਹਿਜੇ-ਸਹਿਜੇ ਆਪਣੇ ਜੀਵਨ-ਸਾਥੀ ਤੋਂ ਬਿਨਾਂ ਰਹਿਣਾ ਸਿੱਖੇ?
ਕੀ ਨਹੀਂ ਕਰਨਾ ਚਾਹੀਦਾ
ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਸੋਗ ਕਰ ਰਹੇ ਵਿਅਕਤੀ ਦਾ ਦੁੱਖ ਦੇਖ ਕੇ ਦੁਖੀ ਹੁੰਦੇ ਹਨ। ਪਰ ਸਮੇਂ ਦੇ ਬੀਤਣ ਨਾਲ ਉਹ ਸ਼ਾਇਦ ਸੋਚਣ ਕਿ ਹੁਣ ਉਸ ਨੂੰ ਸੋਗ ਨਹੀਂ ਕਰਨਾ ਚਾਹੀਦਾ। ਇਕ ਖੋਜਕਾਰ ਨੇ 700 ਲੋਕਾਂ ਦਾ ਸਰਵੇਖਣ ਕੀਤਾ ਜਿਨ੍ਹਾਂ ਉਤਪਤ 37:34, 35; ਅੱਯੂਬ 10:1.
ਦੇ ਜੀਵਨ-ਸਾਥੀ ਗੁਜ਼ਰ ਗਏ ਸਨ। ਉਹ ਕਹਿੰਦਾ ਹੈ: “ਅਸੀਂ ਇਹ ਨਹੀਂ ਕਹਿ ਸਕਦੇ ਕਿ ਸੋਗ ਕਰਨ ਲਈ ਕਿੰਨਾ ਕੁ ਸਮਾਂ ਚਾਹੀਦਾ ਹੈ।” ਇਸ ਲਈ ਉਨ੍ਹਾਂ ਦੇ ਹੰਝੂ ਰੋਕਣ ਦੀ ਬਜਾਇ ਉਨ੍ਹਾਂ ਨੂੰ ਹੰਝੂ ਵਹਾਉਣ ਦਿਓ।—ਸ਼ਾਇਦ ਤੁਸੀਂ ਅੰਤਿਮ-ਸੰਸਕਾਰ ਦੀਆਂ ਰਸਮਾਂ ਵਾਸਤੇ ਮਦਦ ਕਰ ਰਹੇ ਹੋ, ਪਰ ਇਹ ਨਾ ਸੋਚੋ ਕਿ ਤੁਹਾਨੂੰ ਸਾਰੇ ਫ਼ੈਸਲੇ ਕਰਨ ਦਾ ਹੱਕ ਹੈ। ਪੌਲ, ਜਿਸ ਦੀ ਪਤਨੀ ਗੁਜ਼ਰ ਗਈ ਸੀ, 49 ਸਾਲਾਂ ਦਾ ਹੈ। ਉਸ ਦਾ ਕਹਿਣਾ ਹੈ ਕਿ “ਮੈਂ ਇਸ ਗੱਲ ਦੀ ਬਹੁਤ ਕਦਰ ਕੀਤੀ ਕਿ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਉਨ੍ਹਾਂ ਨੇ ਮੈਨੂੰ ਆਪ ਫ਼ੈਸਲੇ ਕਰਨ ਦਿੱਤੇ। ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਕਿ ਸਾਰਾ ਕੁਝ ਠੀਕ ਹੋ ਗਿਆ। ਮੈਨੂੰ ਇੱਦਾਂ ਲੱਗਾ ਕਿ ਮੈਂ ਆਪਣੀ ਪਤਨੀ ਦੀ ਇਹ ਆਖ਼ਰੀ ਰਸਮ ਚੰਗੀ ਤਰ੍ਹਾਂ ਨਿਭਾਈ।”
ਇਹ ਸੱਚ ਹੈ ਕਿ ਜਦ ਇਹੋ ਜਿਹੀ ਹਾਲਤ ਵਿਚ ਕੋਈ ਮਦਦ ਕਰਦਾ ਹੈ, ਤਾਂ ਚੰਗਾ ਲੱਗਦਾ ਹੈ। ਆਈਲੀਨ ਇਕ 68 ਸਾਲਾਂ ਦੀ ਵਿਧਵਾ ਦੱਸਦੀ ਹੈ ਕਿ “ਦਾਹ-ਸੰਸਕਾਰ ਦੀ ਤਿਆਰੀ ਕਰਨੀ ਅਤੇ ਕਾਗਜ਼-ਪੱਤਰਾਂ ਦਾ ਕੰਮ ਬਹੁਤ ਔਖਾ ਸੀ ਕਿਉਂਕਿ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ। ਸ਼ੁਕਰ ਹੈ ਕਿ ਮੇਰੇ ਬੇਟੇ ਤੇ ਮੇਰੀ ਨੂੰਹ ਨੇ ਮੇਰਾ ਸਾਥ ਦਿੱਤਾ।”
ਗੁਜ਼ਰੇ ਹੋਏ ਸਾਥੀ ਦੀ ਮੌਤ ਬਾਰੇ ਗੱਲ ਕਰਨ ਤੋਂ ਵੀ ਨਾ ਡਰੋ। ਬੈਰਲ ਕਹਿੰਦੀ ਹੈ: “ਦੋਸਤ-ਮਿੱਤਰਾਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ। ਪਰ ਮੈਂ ਦੇਖਿਆ ਕਿ ਕਈ ਮੇਰੇ ਪਤੀ ਜੋਨ ਬਾਰੇ ਗੱਲ ਕਰਨ ਤੋਂ ਝੱਕਦੇ ਸਨ। ਮੈਨੂੰ ਇਸ ਤੋਂ ਬਹੁਤ ਦੁੱਖ ਹੁੰਦਾ ਸੀ ਕਿਉਂਕਿ ਇਵੇਂ ਲੱਗਦਾ ਸੀ ਕਿ ਉਹ ਇਸ ਦੁਨੀਆਂ ਵਿਚ ਕਦੇ ਰਿਹਾ ਨਾ ਹੋਵੇ।” ਸਮੇਂ ਦੇ ਬੀਤਣ ਨਾਲ ਸ਼ਾਇਦ ਸੋਗ ਕਰ ਰਿਹਾ ਵਿਅਕਤੀ ਆਪਣੇ ਸਾਥੀ ਬਾਰੇ ਗੱਲ ਕਰਨੀ ਚਾਹੇ। ਕੀ ਤੁਹਾਨੂੰ ਉਨ੍ਹਾਂ ਦੇ ਸਾਥੀ ਬਾਰੇ ਕੋਈ ਸੋਹਣੀ ਜਾਂ ਹਸਾਉਣੀ ਗੱਲ ਯਾਦ ਹੈ? ਕਿਉਂ ਨਾ ਉਨ੍ਹਾਂ ਨੂੰ ਸੁਣਾਓ? ਗੁਜ਼ਰੇ ਹੋਏ ਦਾ ਨਾਂ ਲੈਣ ਤੋਂ ਨਾ ਡਰੋਂ। ਜੇ ਤੁਹਾਨੂੰ ਸਹੀ ਲੱਗੇ, ਤਾਂ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਉਸ ਬਾਰੇ ਖ਼ਾਸ ਕਰਕੇ ਕਿਹੜੀ ਗੱਲ ਯਾਦ ਆਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸੋਗ ਕਰ ਰਹੇ ਸਾਥੀ ਦਾ ਦੁੱਖ ਵੰਡ ਸਕਦੇ ਹੋ।—ਰੋਮੀਆਂ 12:15.
ਸਹਾਰਾ ਦੇਣ ਵੇਲੇ ਸੋਗ ਕਰ ਰਹੇ ਵਿਅਕਤੀ ਨੂੰ ਬਹੁਤੀਆਂ ਸਲਾਹਾਂ ਦੇਣ ਤੋਂ ਪਰਹੇਜ਼ ਕਰੋ। ਜਲਦੀ ਫ਼ੈਸਲੇ ਕਰਨ ਦਾ ਦਬਾਅ ਉਸ ਉੱਤੇ ਨਾ ਪਾਓ। * ਇਸ ਦੀ ਬਜਾਇ ਸਿਆਣਪ ਤੋਂ ਕੰਮ ਲਵੋ ਅਤੇ ਆਪਣੇ ਆਪ ਨੂੰ ਪੁੱਛੋ, ‘ਮੈਂ ਕਿਹੜੇ ਕਦਮ ਚੁੱਕ ਸਕਦਾ ਹਾਂ ਤਾਂਕਿ ਮੈਂ ਇਸ ਮੁਸ਼ਕਲ ਸਮੇਂ ਦੌਰਾਨ ਆਪਣੇ ਦੋਸਤ ਜਾਂ ਰਿਸ਼ਤੇਦਾਰ ਦੀ ਮਦਦ ਕਰ ਸਕਾਂ?’
ਤੁਸੀਂ ਕੀ ਕਰ ਸਕਦੇ ਹੋ
ਕਿਸੇ ਦੀ ਮੌਤ ਹੋਣ ਤੋਂ ਇਕਦਮ ਬਾਅਦ ਉਸ ਦੇ ਜੀਵਨ-ਸਾਥੀ ਨੂੰ ਸ਼ਾਇਦ ਕਾਫ਼ੀ ਮਦਦ ਦੀ ਲੋੜ ਪਵੇ। ਕੀ ਤੁਸੀਂ ਖਾਣਾ ਤਿਆਰ ਕਰ ਸਕਦੇ ਹੋ, ਦੂਰੋਂ ਆਏ ਰਿਸ਼ਤੇਦਾਰਾਂ ਨੂੰ ਆਪਣੇ ਘਰ ਰੱਖ ਸਕਦੇ ਹੋ, ਜਾਂ ਸੋਗ ਕਰ ਰਹੇ ਸਾਥੀ ਨਾਲ ਸਮਾਂ ਗੁਜ਼ਾਰ ਸਕਦੇ ਹੋ?
ਤੁਹਾਨੂੰ ਇਹ ਵੀ ਪਛਾਣਨ ਦੀ ਲੋੜ ਹੈ ਕਿ ਆਦਮੀ ਅਤੇ ਔਰਤਾਂ ਸ਼ਾਇਦ ਵੱਖੋ-ਵੱਖਰੇ ਤਰੀਕੇ ਨਾਲ ਗਮ ਅਤੇ ਤਨਹਾਈ ਨੂੰ ਸਹਿਣ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਪਤਨੀ ਦੀ ਮੌਤ ਹੋਣ ਤੋਂ ਬਾਅਦ ਆਦਮੀਆਂ ਦੀ ਅੱਧੀ ਤੋਂ ਜ਼ਿਆਦਾ ਗਿਣਤੀ 18 ਮਹੀਨਿਆਂ ਦੇ ਅੰਦਰ-ਅੰਦਰ ਦੁਬਾਰਾ ਸ਼ਾਦੀ ਕਰਵਾ ਲੈਂਦੇ ਹਨ। ਪਰ ਵਿਧਵਾਵਾਂ ਦੁਬਾਰਾ ਸ਼ਾਦੀ ਘੱਟ ਹੀ ਕਰਦੀਆਂ ਹਨ। ਇਹ ਫ਼ਰਕ ਕਿਉਂ?
ਆਮ ਤੌਰ ਤੇ ਕਈ ਲੋਕ ਸੋਚਦੇ ਹਨ ਕਿ ਆਦਮੀ ਆਪਣੀਆਂ ਜਿਨਸੀ ਲੋੜਾਂ ਪੂਰੀਆਂ ਕਰਨ ਲਈ ਦੁਬਾਰਾ ਵਿਆਹ ਕਰਾ ਲੈਂਦੇ ਹਨ। ਪਰ ਇਹ ਸੱਚ ਨਹੀਂ ਹੈ। ਅਸਲ ਵਿਚ ਕਈ ਆਦਮੀ ਸਿਰਫ਼ ਆਪਣੀ ਪਤਨੀ ਨਾਲ ਦੁੱਖ-ਸੁਖ ਕਰਦੇ ਹਨ। ਸੋ ਪਤਨੀ ਦੀ ਮੌਤ ਹੋਣ ਤੇ ਉਹ ਤਨਹਾਈ ਵਿਚ ਡੁੱਬ ਜਾਂਦੇ ਹਨ। ਸ਼ਾਇਦ ਇਸ ਕਰਕੇ ਆਦਮੀ ਆਪਣੀ ਤਨਹਾਈ ਵਿੱਚੋਂ ਨਿਕਲਣ ਲਈ ਦੁਬਾਰਾ ਵਿਆਹ ਕਰ ਲੈਂਦੇ ਹਨ, ਭਾਵੇਂ ਜਲਦਬਾਜ਼ੀ ਨਾਲ ਨਵਾਂ ਰਿਸ਼ਤਾ ਜੋੜਨ ਕਰਕੇ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਦੂਸਰੇ ਪਾਸੇ, ਜੇ ਵਿਧਵਾਵਾਂ ਨੂੰ ਉਨ੍ਹਾਂ ਦੇ ਪਤੀ ਦੇ ਦੋਸਤ-ਮਿੱਤਰ ਬਹੁਤਾ ਨਾ ਵੀ ਮਿਲਣ, ਫਿਰ ਵੀ ਉਨ੍ਹਾਂ ਨੂੰ ਦੂਸਰਿਆਂ ਤੋਂ ਸਹਾਰਾ ਮਿਲ ਜਾਂਦਾ ਹੈ। ਸੋ ਲੱਗਦਾ ਹੈ ਕਿ ਵਿਧਵਾਵਾਂ ਤਨਹਾਈ ਨੂੰ ਬਿਹਤਰ ਤਰੀਕੇ ਨਾਲ ਸਹਿ ਲੈਂਦੀਆਂ ਹਨ।
ਚਾਹੇ ਤੁਹਾਡਾ ਰਿਸ਼ਤੇਦਾਰ ਜਾਂ ਦੋਸਤ ਆਦਮੀ ਜਾਂ ਔਰਤ ਹੋਵੇ, ਤੁਸੀਂ ਉਨ੍ਹਾਂ ਦੇ ਇਕੱਲੇਪਣ ਦਾ ਬੋਝ ਹਲਕਾ ਕਿਵੇਂ ਕਰ ਸਕਦੇ ਹੋ? ਹੈਲਨ ਨਾਂ ਦੀ 49 ਸਾਲਾਂ ਦੀ ਵਿਧਵਾ ਕਹਿੰਦੀ ਹੈ: “ਕਈਆਂ ਦਾ ਇਰਾਦਾ ਚੰਗਾ ਹੁੰਦਾ ਹੈ, ਪਰ ਉਹ ਕਦਮ ਚੁੱਕਣ ਵਿਚ ਪਹਿਲ ਨਹੀਂ ਕਰਦੇ। ਉਹ ਸ਼ਾਇਦ ਕਹਿਣ, ‘ਜੇ ਕਿਸੇ ਚੀਜ਼ ਦੀ ਲੋੜ ਹੋਵੇ, ਤਾਂ ਮੈਨੂੰ ਦੱਸ ਦਿਓ।’ ਪਰ ਮੇਰੀ ਉਦੋਂ ਜ਼ਿਆਦਾ ਮਦਦ ਹੋਈ ਜਦੋਂ ਕਿਸੇ ਨੇ ਕਿਹਾ, ‘ਮੈਂ ਬਾਜ਼ਾਰ ਜਾ ਰਹੀ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ।’” ਪੌਲ, ਜਿਸ ਦੀ ਪਤਨੀ ਕੈਂਸਰ ਦੀ ਸ਼ਿਕਾਰ ਹੋ ਕੇ ਪੂਰੀ ਹੋ ਗਈ, ਨੇ ਦੱਸਿਆ ਕਿ ਉਸ ਨੂੰ ਕਿਉਂ ਚੰਗਾ ਲੱਗਾ ਜਦ ਲੋਕ ਉਸ ਨੂੰ ਕਿਤੇ ਬੁਲਾਉਂਦੇ ਸਨ। ਉਸ ਨੇ ਕਿਹਾ: “ਕਦੀ-ਕਦੀ ਤੁਹਾਡਾ ਜੀ ਨਹੀਂ ਕਰਦਾ ਕਿ ਤੁਸੀਂ ਲੋਕਾਂ ਨੂੰ ਮਿਲੋ ਜਾਂ ਆਪਣੀ ਹੱਡ-ਬੀਤੀ ਬਾਰੇ ਗੱਲਬਾਤ ਕਰੋ। ਪਰ ਦੂਸਰਿਆਂ ਨਾਲ ਸਮਾਂ ਗੁਜ਼ਾਰਨ ਤੋਂ ਬਾਅਦ ਤੁਹਾਡਾ ਮਨ ਕੁਝ ਹਲਕਾ ਹੋ ਜਾਂਦਾ ਹੈ ਤੇ ਤੁਸੀਂ ਇਕੱਲੇ ਨਹੀਂ ਮਹਿਸੂਸ ਕਰਦੇ। ਤੁਸੀਂ ਜਾਣਦੇ ਹੋ ਕਿ ਲੋਕ ਤੁਹਾਨੂੰ ਪਿਆਰ ਕਰਦੇ ਹਨ ਤੇ ਇਹ ਜਾਣ ਕੇ ਤੁਹਾਨੂੰ ਤਸੱਲੀ ਮਿਲਦੀ ਹੈ।” *
ਹਮਦਰਦੀ ਦੀ ਕਦਰ
ਹੈਲਨ ਨੂੰ ਲੱਗਾ ਕਿ ਜਦ ਉਸ ਦੇ ਰਿਸ਼ਤੇਦਾਰ ਆਪੋ-ਆਪਣੇ ਕੰਮਾਂ ਵਿਚ ਦੁਬਾਰਾ ਲੱਗ ਗਏ, ਤਾਂ ਉਸ ਸਮੇਂ ਉਸ ਨੂੰ ਜ਼ਿਆਦਾ ਸਹਾਰੇ ਦੀ ਲੋੜ ਸੀ। ਉਸ ਨੇ ਕਿਹਾ: “ਸ਼ੁਰੂ-ਸ਼ੁਰੂ ਵਿਚ ਤਾਂ ਦੋਸਤ ਅਤੇ ਰਿਸ਼ਤੇਦਾਰ ਤੁਹਾਡੇ ਕੋਲ ਹੁੰਦੇ ਹਨ, ਪਰ ਫਿਰ ਉਹ ਪਹਿਲਾਂ ਵਾਂਗ ਆਪਣੇ ਕੰਮਾਂ-ਕਾਰਾਂ ਵਿਚ ਪੈ ਜਾਂਦੇ ਹਨ, ਪਰ ਤੁਹਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ।” ਇਸ ਸੱਚਾਈ ਨੂੰ ਮਨ ਵਿਚ ਰੱਖਦੇ ਹੋਏ ਸੱਚੇ ਦੋਸਤ ਤੁਹਾਨੂੰ ਮਿਲਦੇ ਰਹਿਣਗੇ ਤੇ ਸਹਾਰਾ ਦਿੰਦੇ ਰਹਿਣਗੇ।
ਸ਼ਾਇਦ ਕਿਸੇ ਦੁਖੀ ਦਿਲ ਨੂੰ ਖ਼ਾਸ ਮੌਕਿਆਂ ਤੇ ਕਿਸੇ ਦਾ ਸਾਥ ਚਾਹੀਦਾ ਹੋਵੇ, ਜਿੱਦਾਂ ਕਿ ਸ਼ਾਦੀ ਦੀ ਸਾਲ-ਗਿਰ੍ਹਾ ਜਾਂ ਉਨ੍ਹਾਂ ਦੇ ਜੀਵਨ-ਸਾਥੀ ਦੀ ਮੌਤ ਦੀ ਤਾਰੀਖ਼। ਆਈਲੀਨ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੀ। ਉਹ ਦੱਸਦੀ ਹੈ ਕਿ ਉਸ ਦੀ ਸ਼ਾਦੀ ਦੀ ਸਾਲ-ਗਿਰ੍ਹਾ ਤੇ ਉਸ ਦਾ ਪੁੱਤਰ ਕੈਵਿਨ ਕਿਵੇਂ ਮਦਦ ਕਰਦਾ ਹੈ: “ਹਰ ਸਾਲ ਕੈਵਿਨ ਮੈਨੂੰ ਬਾਹਰ ਘੁੰਮਣ-ਫਿਰਨ ਲੈ ਕੇ ਜਾਂਦਾ ਹੈ। ਅਸੀਂ ਖਾਣਾ ਇਕੱਠੇ ਖਾਂਦੇ ਹਾਂ। ਬਸ ਇਹ ਦਿਨ ਮਾਂ-ਪੁੱਤ ਦਾ ਹੁੰਦਾ ਹੈ।” ਇਨ੍ਹਾਂ ਮੁਸ਼ਕਲ ਸਮਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਕੀ ਤੁਸੀਂ ਆਪਣੇ ਦੋਸਤ ਜਾਂ ਰਿਸ਼ਤੇਦਾਰ ਨਾਲ ਸਮਾਂ ਗੁਜ਼ਾਰ ਸਕਦੇ ਹੋ? ਜੇ ਤੁਸੀਂ ਖ਼ੁਦ ਨਹੀਂ ਜਾ ਸਕਦੇ, ਤਾਂ ਕਿਸੇ ਹੋਰ ਨੂੰ ਜਾਣ ਲਈ ਕਹਿ ਸਕਦੇ ਹੋ।—ਕਹਾਉਤਾਂ 17:17.
ਜਿਨ੍ਹਾਂ ਦੇ ਜੀਵਨ-ਸਾਥੀ ਗੁਜ਼ਰ ਗਏ ਹਨ ਉਹ ਵੀ ਦੂਸਰਿਆਂ ਨੂੰ ਦਿਲਾਸਾ ਦੇ ਸਕਦੇ ਹਨ। ਐਨੀ ਅੱਠ ਸਾਲਾਂ ਤੋਂ ਵਿਧਵਾ ਹੈ ਤੇ ਉਹ ਇਕ ਹੋਰ ਵਿਧਵਾ ਨਾਲ ਸਮਾਂ ਗੁਜ਼ਾਰਦੀ ਹੈ। ਇਸ ਸਮੇਂ ਬਾਰੇ ਐਨੀ ਕਹਿੰਦੀ ਹੈ: “ਉਸ ਦੇ ਦ੍ਰਿੜ੍ਹ ਇਰਾਦੇ ਨੇ ਮੇਰੇ ’ਤੇ ਡੂੰਘਾ ਅਸਰ ਪਾਇਆ ਅਤੇ ਮੈਨੂੰ ਜ਼ਿੰਦਗੀ ਵਿਚ ਅੱਗੇ ਵਧਣ ਦਾ ਹੌਸਲਾ ਦਿੱਤਾ।”
ਜੀ ਹਾਂ, ਮੌਤ ਦਾ ਗਮ ਸਹਿ ਰਹੇ ਲੋਕ ਬਾਅਦ ਵਿਚ ਦੂਸਰਿਆਂ ਦਾ ਹੌਸਲਾ ਵਧਾ ਸਕਦੇ ਹਨ ਤੇ ਉਨ੍ਹਾਂ ਨੂੰ ਉਮੀਦ ਦੀ ਕਿਰਨ ਦੇ ਸਕਦੇ ਹਨ। ਬਾਈਬਲ ਵਿਚ ਦੋ ਵਿਧਵਾਵਾਂ ਰੂਥ ਤੇ ਉਸ ਦੀ ਸੱਸ ਨਾਓਮੀ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇਕ-ਦੂਜੇ ਦਾ ਸਾਥ ਨਿਭਾਇਆ। ਇਨ੍ਹਾਂ ਦੀ ਹਮਦਰਦੀ ਦੀ ਕਹਾਣੀ ਪੜ੍ਹ ਕੇ ਸਾਡੇ ਦਿਲ ’ਤੇ ਗਹਿਰਾ ਅਸਰ ਪੈਂਦਾ ਹੈ। ਇਨ੍ਹਾਂ ਨੇ ਇਕ-ਦੂਜੇ ਦੀ ਦੇਖ-ਭਾਲ ਕੀਤੀ ਜਿਸ ਕਰਕੇ ਉਹ ਨਾ ਸਿਰਫ਼ ਮੌਤ ਦਾ ਗਮ ਸਹਿ ਸਕੀਆਂ, ਪਰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰ ਸਕੀਆਂ।—ਰੂਥ 1:15-17; 3:1; 4:14, 15.
ਜ਼ਖ਼ਮ ਭਰਨ ਦਾ ਸਮਾਂ
ਦੁਬਾਰਾ ਜੀਣਾ ਸਿੱਖਣ ਲਈ ਇਹ ਜ਼ਰੂਰੀ ਹੈ ਕਿ ਸੋਗ ਕਰ ਰਹੇ ਪਤੀ-ਪਤਨੀਆਂ ਦੋ ਚੀਜ਼ਾਂ ਦਾ ਧਿਆਨ ਰੱਖਣ। ਉਨ੍ਹਾਂ ਨੂੰ ਆਪਣੇ ਜੀਵਨ-ਸਾਥੀ ਦੀਆਂ ਯਾਦਾਂ ਦਿਲ ਵਿਚ ਰੱਖਣ ਦੇ ਨਾਲ-ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਰਾਜਾ ਸੁਲੇਮਾਨ ਨੇ ਕਿਹਾ ਕਿ “ਇੱਕ ਰੋਣ ਦਾ ਵੇਲਾ ਹੈ,” ਪਰ ਉਸ ਨੇ ਇਹ ਵੀ ਕਬੂਲ ਕੀਤਾ ਕਿ “ਇੱਕ ਚੰਗੇ ਕਰਨ ਦਾ ਵੇਲਾ” ਵੀ ਹੋਣਾ ਚਾਹੀਦਾ ਹੈ।—ਉਪਦੇਸ਼ਕ ਦੀ ਪੋਥੀ 3:3, 4.
ਪੌਲ ਇਕ ਉਦਾਹਰਣ ਦੇ ਕੇ ਸਮਝਾਉਂਦਾ ਹੈ ਕਿ ਅੱਗੇ ਵਧਣਾ ਕਿੰਨਾ ਮੁਸ਼ਕਲ ਹੈ। ਉਹ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਦੋ ਦਰਖ਼ਤਾਂ ਦੀ ਤਰ੍ਹਾਂ ਸਾਥ-ਸਾਥ ਵੱਡੇ ਹੋ ਕੇ ਇਕ-ਦੂਜੇ ਨਾਲ ਲਿਪਟੇ ਹੋਏ ਸਨ। ਇਕ ਦਰਖ਼ਤ ਮਰ ਗਿਆ ਤੇ ਦੂਜਾ ਇਕੱਲਾ ਰਹਿ ਕੇ ਕੁਮਲਾਇਆ ਜਿਹਾ ਲੱਗਦਾ ਸੀ। ਇਕੱਲੇ ਹੋਣਾ ਮੇਰੇ ਲਈ ਬੜਾ ਅਜੀਬ ਸੀ।” ਆਪਣੇ ਗੁਜ਼ਰੇ ਹੋਏ ਸਾਥੀ ਦੇ ਵਫ਼ਾਦਾਰ ਰਹਿਣ ਲਈ ਕੁਝ ਪਤੀ-ਪਤਨੀਆਂ ਆਪਣੀ ਪਿਛਲੀ ਜ਼ਿੰਦਗੀ ਵੱਲ ਦੇਖਦੇ ਰਹਿੰਦੇ ਹਨ। ਦੂਸਰਿਆਂ ਨੂੰ ਲੱਗਦਾ ਹੈ ਕਿ ਜੇ ਉਹ ਖ਼ੁਸ਼ ਹੋਣ, ਤਾਂ ਉਹ ਬੇਵਫ਼ਾਈ ਕਰ ਰਹੇ ਹਨ। ਇਸ ਲਈ ਉਹ ਲੋਕਾਂ ਨਾਲ ਮਿਲਣ-ਜੁਲਣ ਤੋਂ ਇਨਕਾਰ ਕਰਦੇ ਹਨ। ਤੁਸੀਂ ਚੰਗੇ ਹੋਣ ਵਿਚ ਅਜਿਹੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਅਤੀਤ ਵਿਚ ਰਹਿਣ ਦੀ ਬਜਾਇ ਅਗਾਹਾਂ ਵਧ ਸਕਣ?
ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦੀ ਗੱਲ ਕਹਿਣ ਦਾ ਮੌਕਾ ਦਿਓ। ਹਰਬਰਟ ਦੀ ਪਤਨੀ ਦੀ ਮੌਤ ਨੂੰ ਛੇ ਸਾਲ ਹੋ ਗਏ ਹਨ ਤੇ ਉਹ ਕਹਿੰਦਾ ਹੈ: “ਮੈਨੂੰ ਇਸ ਗੱਲ ਦੀ ਕਦਰ ਸੀ ਜਦ ਕੋਈ ਆ ਕੇ ਤੇ ਚੁੱਪ-ਚਾਪ ਬੈਠ ਕੇ ਮੇਰੀਆਂ ਗੱਲਾਂ ਸੁਣਦਾ ਸੀ। ਇਸ ਤਰ੍ਹਾਂ ਮੈਂ ਆਪਣੇ ਦਿਲ ਦੀ ਗੱਲ ਕਰ ਕੇ ਆਪਣਾ ਦਿਲ ਹੌਲਾ ਕਰ ਸਕਿਆ। ਸ਼ਾਇਦ ਉਨ੍ਹਾਂ ਲਈ ਇਹ ਕਰਨਾ ਔਖਾ ਸੀ, ਪਰ ਮੈਂ ਇਹ ਕਦੇ ਨਹੀਂ ਭੁੱਲ ਸਕਦਾ ਕਿ ਉਨ੍ਹਾਂ ਨੇ ਮੈਨੂੰ ਕਿੰਨਾ ਸਹਾਰਾ ਦਿੱਤਾ।” ਪੌਲ ਦਾ ਇਕ ਸਿਆਣਾ ਦੋਸਤ ਸਮੇਂ-ਸਮੇਂ ਤੇ ਉਸ ਦਾ ਹਾਲ ਪੁੱਛਦਾ ਰਹਿੰਦਾ ਸੀ। ਪੌਲ ਦਾ ਕਹਿਣਾ ਹੈ: “ਉਹ ਬੜੇ ਪਿਆਰ ਨਾਲ ਮੇਰਾ ਹਾਲ-ਚਾਲ ਪੁੱਛਦਾ ਸੀ ਤੇ ਮੈਂ ਉਸ ਨੂੰ ਆਪਣੀ ਦਿਲ ਦੀ ਗੱਲ ਦੱਸ ਸਕਿਆ।”—ਕਹਾਉਤਾਂ 18:24.
ਕਈ ਵਾਰ ਸੋਗ ਕਰ ਰਹੇ ਵਿਅਕਤੀ ਨੂੰ ਪਛਤਾਵਾ ਹੁੰਦਾ ਹੈ, ਗੁੱਸਾ ਆਉਂਦਾ ਹੈ ਜਾਂ ਉਹ ਦੋਸ਼ੀ ਮਹਿਸੂਸ ਕਰਦਾ ਹੈ। ਜਦ ਉਹ ਇਨ੍ਹਾਂ ਜਜ਼ਬਾਤਾਂ ਬਾਰੇ ਗੱਲ ਕਰਦਾ ਹੈ, ਤਾਂ ਇਹ ਨਿਸ਼ਾਨੀ ਹੈ ਕਿ ਉਹ ਆਪਣੇ ਨਵੇਂ ਹਾਲਾਤਾਂ ਨੂੰ ਸਵੀਕਾਰ ਕਰ ਰਿਹਾ ਹੈ। ਰਾਜਾ ਦਾਊਦ ਦੀ ਮਿਸਾਲ ਲੈ ਲਓ। ਜਦ ਉਸ ਨੇ ਯਹੋਵਾਹ ਪਰਮੇਸ਼ੁਰ ਅੱਗੇ ਆਪਣਾ ਦਿਲ ਖੋਲ੍ਹਿਆ ਤਦ ਉਸ ਨੂੰ ‘ਉੱਠਣ’ ਦੀ ਤਾਕਤ ਮਿਲੀ ਅਤੇ ਉਹ ਆਪਣੇ ਨੰਨ੍ਹੇ ਬੱਚੇ ਦੀ ਮੌਤ ਸਹਾਰ ਸਕਿਆ।—ਭਾਵੇਂ ਇਹ ਪਹਿਲਾਂ-ਪਹਿਲਾਂ ਮੁਸ਼ਕਲ ਲੱਗੇ, ਫਿਰ ਵੀ ਮੌਤ ਦਾ ਗਮ ਸਹਿ ਰਹੇ ਵਿਅਕਤੀ ਨੂੰ ਰੋਜ਼ ਦੇ ਕੰਮਾਂ-ਕਾਰਾਂ ਦੀ ਰੁਟੀਨ ਵਿਚ ਦੁਬਾਰਾ ਪੈਣ ਦੀ ਲੋੜ ਹੈ। ਕੀ ਤੁਸੀਂ ਉਸ ਨੂੰ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਸ਼ਾਮਲ ਕਰ ਸਕਦੇ ਹੋ? ਮਿਸਾਲ ਲਈ, ਤੁਸੀਂ ਉਸ ਨੂੰ ਸ਼ਾਪਿੰਗ ਜਾਂ ਸੈਰ ਕਰਨ ਲਈ ਨਾਲ ਲਿਜਾ ਸਕਦੇ ਹੋ। ਕੀ ਤੁਸੀਂ ਕਿਸੇ ਕੰਮ ਲਈ ਉਸ ਦੀ ਮਦਦ ਮੰਗ ਸਕਦੇ ਹੋ? ਇਹ ਚੰਗਾ ਤਰੀਕਾ ਹੈ ਤਾਂਕਿ ਉਹ ਇਕੱਲੇ ਘਰ ਨਾ ਬੈਠੇ ਰਹਿਣ। ਮਿਸਾਲ ਲਈ, ਕੀ ਕੋਈ ਵਿਧਵਾ ਤੁਹਾਡੇ ਬੱਚਿਆਂ ਦੀ ਦੇਖ-ਭਾਲ ਕਰ ਸਕਦੀ ਹੈ ਜਾਂ ਤੁਹਾਨੂੰ ਕੋਈ ਖਾਣਾ ਪਕਾਉਣਾ ਸਿਖਾ ਸਕਦੀ ਹੈ? ਕੀ ਆਦਮੀ ਘਰ ਦੀ ਛੋਟੀ-ਮੋਟੀ ਮੁਰੰਮਤ ਕਰ ਸਕਦਾ ਹੈ? ਇੱਦਾਂ ਉਨ੍ਹਾਂ ਨੂੰ ਕੰਮ ਕਰਨ ਨੂੰ ਵੀ ਮਿਲਦਾ ਹੈ ਅਤੇ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਵੀ ਹੈ।
ਦੂਸਰਿਆਂ ਨਾਲ ਦਿਲੋਂ ਗੱਲਬਾਤ ਕਰਨ ਨਾਲ ਸੋਗ ਕਰਨ ਵਾਲਾ ਵਿਅਕਤੀ ਸ਼ਾਇਦ ਫਿਰ ਤੋਂ ਜੀਣਾ ਸਿੱਖੇ ਅਤੇ ਨਵੇਂ ਟੀਚੇ ਰੱਖੇ। ਯੋਨੈੱਟ 44 ਸਾਲਾਂ ਦੀ ਵਿਧਵਾ ਮਾਂ ਹੈ। ਉਹ ਦੱਸਦੀ ਹੈ: “ਰੁਟੀਨ ਵਿਚ ਦੁਬਾਰਾ ਪੈਣਾ ਬਹੁਤ ਮੁਸ਼ਕਲ ਸੀ। ਰੋਜ਼ ਦੇ ਕੰਮ ਕਰਨੇ, ਘਰ ਦੇ ਖ਼ਰਚੇ ਚੁੱਕਣੇ ਅਤੇ ਤਿੰਨ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਔਖੀ ਸੀ।” ਪਰ ਸਮੇਂ ਦੇ ਬੀਤਣ ਨਾਲ ਯੋਨੈੱਟ ਨੇ ਇਹ ਸਾਰਾ ਕੰਮ-ਕਾਜ ਸੰਭਾਲਣਾ ਅਤੇ ਬੱਚਿਆਂ ਨਾਲ ਖੋਲ੍ਹ ਕੇ ਗੱਲਬਾਤ ਕਰਨੀ ਸਿੱਖੀ। ਉਸ ਨੇ ਆਪਣੇ ਦੋਸਤਾਂ ਤੋਂ ਮਦਦ ਲੈਣੀ ਵੀ ਸਿੱਖੀ।
“ਜ਼ਿੰਦਗੀ ਇਕ ਅਨਮੋਲ ਤੋਹਫ਼ਾ ਹੈ”
ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਾਫ਼ੀ ਸਮੇਂ ਤਕ ਮਦਦ ਦੇਣ ਦੀ ਲੋੜ ਪਵੇਗੀ। ਮਹੀਨਿਆਂ ਜਾਂ ਸਾਲਾਂ ਤਕ ਸੋਗ ਕਰ ਰਹੇ ਵਿਅਕਤੀ ਕਦੇ ਖ਼ੁਸ਼ਹਾਲ ਹੋਣਗੇ ਅਤੇ ਕਦੇ ਉਦਾਸ। ਵਾਕਈ ਹਰੇਕ ਜਣੇ ਦੇ “ਮਨ ਦਾ ਕਸ਼ਟ” ਭਾਰਾ ਹੋ ਸਕਦਾ ਹੈ।—1 ਰਾਜਿਆਂ 8:38, 39.
ਨਿਰਾਸ਼ਾ ਦੇ ਸਮੇਂ ਉਦਾਸੀ ਵਿਚ ਡੁੱਬਣ ਦਾ ਡਰ ਹੋ ਸਕਦਾ ਹੈ। ਸ਼ਾਇਦ ਇਸ ਵਕਤ ਉਨ੍ਹਾਂ ਨੂੰ ਤੁਹਾਡੀ ਸਖ਼ਤ ਜ਼ਰੂਰਤ ਹੋਵੇ। ਇਸ ਸਹਾਰੇ ਕਰਕੇ ਆਪਣੇ ਸਾਥੀ ਦੀ ਮੌਤ ਦਾ ਗਮ ਸਹਿ ਰਹੇ ਬਹੁਤ ਸਾਰੇ ਲੋਕਾਂ ਨੇ ਜ਼ਿੰਦਗੀ ਦਾ ਸਾਮ੍ਹਣਾ ਕਰਨਾ ਸਿੱਖਿਆ ਹੈ। ਸੱਠ ਸਾਲਾਂ ਦਾ ਕਲੋਡ ਜਿਸ ਦੀ ਪਤਨੀ ਗੁਜ਼ਰ ਗਈ ਸੀ ਹੁਣ ਅਫ਼ਰੀਕਾ ਵਿਚ ਫੁੱਲ-ਟਾਈਮ ਪ੍ਰਚਾਰਕ ਹੈ। ਉਹ ਕਹਿੰਦਾ ਹੈ: “ਆਪਣੇ ਸਾਥੀ ਤੋਂ ਵਿਛੜ ਜਾਣ ਤੋਂ ਬਾਅਦ ਵੀ ਜ਼ਿੰਦਗੀ ਇਕ ਅਨਮੋਲ ਤੋਹਫ਼ਾ ਹੈ।”
ਜੀਵਨ-ਸਾਥੀ ਦੇ ਗੁਜ਼ਰ ਜਾਣ ਤੋਂ ਬਾਅਦ ਜ਼ਿੰਦਗੀ ਬਦਲ ਜਾਂਦੀ ਹੈ। ਫਿਰ ਵੀ ਅਜਿਹਾ ਸਦਮਾ ਸਹਿਣ ਤੋਂ ਬਾਅਦ ਵੀ ਤੁਸੀਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਪਿਆਰੇ ਹੋ ਅਤੇ ਉਨ੍ਹਾਂ ਦੀ ਮਦਦ ਵੀ ਕਰ ਸਕਦੇ ਹੋ।—ਉਪਦੇਸ਼ਕ ਦੀ ਪੋਥੀ 11:7, 8. (w10-E 05/01)
[ਫੁਟਨੋਟ]
^ ਪੈਰਾ 11 ਸਫ਼ਾ 12 ਉੱਤੇ “ਨਿਸ਼ਾਨੀਆਂ ਦਾ ਕੀ ਕਰੀਏ?” ਨਾਂ ਦੀ ਡੱਬੀ ਦੇਖੋ।
^ ਪੈਰਾ 16 ਮੌਤ ਦਾ ਗਮ ਸਹਿ ਰਹੇ ਲੋਕਾਂ ਦੀ ਮਦਦ ਕਰਨ ਬਾਰੇ ਹੋਰ ਸੁਝਾਵਾਂ ਲਈ ਮੌਤ ਦਾ ਗਮ ਕਿੱਦਾਂ ਸਹੀਏ? ਨਾਂ ਦੇ ਬਰੋਸ਼ਰ ਦੇ 20-25 ਸਫ਼ੇ ਦੇਖੋ। ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਸਫ਼ਾ 11 ਉੱਤੇ ਸੁਰਖੀ]
ਸੱਚੇ ਦੋਸਤ ਤੁਹਾਨੂੰ ਮਿਲਦੇ ਤੇ ਸਹਾਰਾ ਦਿੰਦੇ ਰਹਿਣਗੇ
[ਸਫ਼ਾ 12 ਉੱਤੇ ਡੱਬੀ/ਤਸਵੀਰ]
ਨਿਸ਼ਾਨੀਆਂ ਦਾ ਕੀ ਕਰੀਏ?
ਹੈਲਨ ਦੇ ਪਤੀ ਕੁਝ ਹੀ ਸਾਲ ਪਹਿਲਾਂ ਗੁਜ਼ਰ ਗਏ ਸਨ। ਉਹ ਕਹਿੰਦੀ ਹੈ: “ਮੈਂ ਆਪਣੇ ਪਤੀ ਦੀਆਂ ਕਾਫ਼ੀ ਚੀਜ਼ਾਂ ਰੱਖੀਆਂ। ਹੁਣ ਇਨ੍ਹਾਂ ਚੀਜ਼ਾਂ ਨਾਲ ਮਿੱਠੀਆਂ ਯਾਦਾਂ ਜੁੜੀਆਂ ਹਨ। ਮੈਂ ਕੋਈ ਵੀ ਚੀਜ਼ ਸੁੱਟਣ ਵਿਚ ਕਾਹਲੀ ਨਹੀਂ ਕੀਤੀ ਕਿਉਂਕਿ ਬਾਅਦ ਵਿਚ ਮੈਂ ਪਛਤਾਉਣਾ ਨਹੀਂ ਚਾਹੁੰਦੀ ਸੀ।”
ਕਲੋਡ ਦੀ ਪਤਨੀ ਦੀ ਮੌਤ ਨੂੰ ਪੰਜ ਤੋਂ ਜ਼ਿਆਦਾ ਸਾਲ ਹੋ ਗਏ ਹਨ। ਉਹ ਕਹਿੰਦਾ ਹੈ: “ਮੇਰੇ ਖ਼ਿਆਲ ਵਿਚ ਉਸ ਨੂੰ ਯਾਦ ਰੱਖਣ ਲਈ ਮੈਨੂੰ ਉਸ ਦਾ ਸਾਮਾਨ ਨਹੀਂ ਚਾਹੀਦਾ। ਮੈਂ ਉਸ ਦੀ ਕੋਈ ਵੀ ਚੀਜ਼ ਨਹੀਂ ਰੱਖੀ ਜਿਸ ਕਰਕੇ ਉਸ ਦੀ ਮੌਤ ਦਾ ਗਮ ਸਹਿਣ ਵਿਚ ਮੇਰੀ ਬਹੁਤ ਮਦਦ ਹੋਈ।”
ਉੱਪਰਲੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਗੁਜ਼ਰੇ ਹੋਏ ਵਿਅਕਤੀ ਦੀਆਂ ਚੀਜ਼ਾਂ ਨਾਲ ਕੀ ਕਰਨ ਦੇ ਫ਼ੈਸਲੇ ਵਿਚ ਬਹੁਤ ਫ਼ਰਕ ਹੋ ਸਕਦਾ ਹੈ। ਇਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਇਸ ਮਾਮਲੇ ਵਿਚ ਦੋਸਤ ਤੇ ਰਿਸ਼ਤੇਦਾਰ ਆਪਣੀ ਰਾਇ ਨਾ ਥੋਪਣ।—ਗਲਾਤੀਆਂ 6:2, 5.
[ਸਫ਼ਾ 9 ਉੱਤੇ ਤਸਵੀਰਾਂ]
ਕੀ ਕੁਝ ਖ਼ਾਸ ਤਾਰੀਖ਼ਾਂ ਹਨ ਜਦ ਤੁਹਾਡੀ ਮਦਦ ਦੀ ਜ਼ਰੂਰਤ ਪਵੇ?
[ਸਫ਼ਾ 9 ਉੱਤੇ ਤਸਵੀਰ]
ਉਨ੍ਹਾਂ ਨਾਲ ਸਮਾਂ ਗੁਜ਼ਾਰੋ
[ਸਫ਼ਾ 10 ਉੱਤੇ ਤਸਵੀਰਾਂ]
ਉਨ੍ਹਾਂ ਨੂੰ ਰੋਜ਼ ਦੇ ਕੰਮਾਂ-ਕਾਰਾਂ ਜਾਂ ਸੈਰ ਕਰਨ ਵਿਚ ਸ਼ਾਮਲ ਕਰੋ