ਰੱਬ ਕਿਹੋ ਜਿਹਾ ਹੈ?
ਰੱਬ ਕਿਹੋ ਜਿਹਾ ਹੈ?
ਆਮ ਜਵਾਬ:
◼ “ਰੱਬ ਹਰ ਪਾਸੇ ਹੈ ਔਰ ਹਰ ਚੀਜ਼ ਵਿਚ ਹੈ।”
◼ “ਉਹ ਇਕ ਅਜਿਹੀ ਸ਼ਕਤੀ ਹੈ ਜਿਸ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ।”
ਯਿਸੂ ਨੇ ਕੀ ਕਿਹਾ ਸੀ?
◼ “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ।” (ਯੂਹੰਨਾ 14:2) ਯਿਸੂ ਨੇ ਕਿਹਾ ਸੀ ਕਿ ਰੱਬ ਇਕ ਖ਼ਾਸ ਜਗ੍ਹਾ ਵਿਚ ਵੱਸਦਾ ਹੈ।
◼ “ਮੈਂ ਪਿਤਾ ਕੋਲੋਂ ਇਸ ਸੰਸਾਰ ਵਿਚ ਆਇਆ ਹਾਂ ਅਤੇ ਹੁਣ ਫਿਰ ਮੈਂ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾ ਰਿਹਾ ਹਾਂ।” (ਯੂਹੰਨਾ 16:28, CL) ਇੱਥੇ ਯਿਸੂ ਕਹਿ ਰਿਹਾ ਸੀ ਕਿ ਰੱਬ ਦਾ ਕੋਈ ਟਿਕਾਣਾ ਹੈ।
ਯਿਸੂ ਨੇ ਇਹ ਕਦੀ ਨਹੀਂ ਸੀ ਕਿਹਾ ਕਿ ਰੱਬ ਸਿਰਫ਼ ਇਕ ਸ਼ਕਤੀ ਹੈ। ਇਸ ਦੇ ਉਲਟ ਉਸ ਨੇ ਰੱਬ ਨਾਲ ਗੱਲਾਂ ਵੀ ਕੀਤੀਆਂ ਅਤੇ ਪ੍ਰਾਰਥਨਾ ਵੀ ਕੀਤੀ ਸੀ। ਉਸ ਨੇ ਕਈ ਵਾਰ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਵਰਗੀ ਪਿਤਾ ਵੀ ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਰੱਬ ਨਾਲ ਗੂੜ੍ਹਾ ਰਿਸ਼ਤਾ ਸੀ।—ਯੂਹੰਨਾ 8:19, 38, 54.
ਇਹ ਸੱਚ ਹੈ ਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18) ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਕੋਈ ਰੂਪ ਜਾਂ ਸਰੀਰ ਨਹੀਂ। ਬਾਈਬਲ ਸਾਨੂੰ ਦੱਸਦੀ ਹੈ ਕਿ “ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ।” (1 ਕੁਰਿੰਥੀਆਂ 15:44) ਤਾਂ ਫਿਰ ਕੀ ਯਹੋਵਾਹ ਦਾ ਕੋਈ ਸਰੀਰ ਹੈ?
ਹਾਂ। ਜਦ ਯਿਸੂ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ, ਤਾਂ ਉਹ “ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।” (ਇਬਰਾਨੀਆਂ 9:24) ਇਸ ਤੋਂ ਅਸੀਂ ਦੋ ਖ਼ਾਸ ਗੱਲਾਂ ਸਿੱਖਦੇ ਹਾਂ। ਪਹਿਲੀ, ਰੱਬ ਇਕ ਖ਼ਾਸ ਜਗ੍ਹਾ ਵੱਸਦਾ ਹੈ। ਦੂਜੀ, ਉਹ ਇਕ ਸ਼ਕਤੀ ਨਹੀਂ ਹੈ ਜੋ ਹਰ ਪਾਸੇ ਹੈ।
ਪਰਮੇਸ਼ੁਰ ਆਪਣੀ ਮਰਜ਼ੀ ਕਿਵੇਂ ਪੂਰੀ ਕਰਦਾ ਹੈ? ਉਹ ਆਪਣਾ ਕੋਈ ਵੀ ਕੰਮ ਕਰਨ ਲਈ ਕਿਤੇ ਵੀ ਆਪਣੀ ਸ਼ਕਤੀ ਭੇਜ ਸਕਦਾ ਹੈ। ਜਿਵੇਂ ਇਕ ਪਿਤਾ ਆਪਣਾ ਹੱਥ ਵਧਾ ਕੇ ਆਪਣੇ ਬੱਚਿਆਂ ਨੂੰ ਸਹਾਰਾ ਦਿੰਦਾ ਹੈ ਉਸੇ ਤਰ੍ਹਾਂ ਰੱਬ ਆਪਣੀ ਸ਼ਕਤੀ ਭੇਜ ਕੇ ਆਪਣਾ ਮਕਸਦ ਪੂਰਾ ਕਰਦਾ ਹੈ।—ਜ਼ਬੂਰਾਂ ਦੀ ਪੋਥੀ 104:30; 139:7.
ਰੱਬ ਦੀਆਂ ਭਾਵਨਾਵਾਂ ਵੀ ਹਨ। ਉਸ ਨੂੰ ਕਈ ਚੀਜ਼ਾਂ ਪਸੰਦ ਹਨ ਅਤੇ ਕਈ ਨਹੀਂ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ; ਉਸ ਨੂੰ ਆਪਣੇ ਕੰਮਾਂ ਤੋਂ ਆਨੰਦ ਮਿਲਦੀ ਹੈ; ਉਹ ਮੂਰਤੀ-ਪੂਜਾ ਨਾਲ ਨਫ਼ਰਤ ਕਰਦਾ ਹੈ; ਉਹ ਬੁਰਾਈ ਦੇਖ ਕੇ ਦੁਖੀ ਹੁੰਦਾ ਹੈ। (ਉਤਪਤ 6:6; ਬਿਵਸਥਾ ਸਾਰ 16:22; 1 ਰਾਜਿਆਂ 10:9; ਜ਼ਬੂਰਾਂ ਦੀ ਪੋਥੀ 104:31) ਪਰਮੇਸ਼ੁਰ ਖ਼ੁਸ਼ੀ ਵੀ ਮਹਿਸੂਸ ਕਰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਯਿਸੂ ਨੇ ਕਿਹਾ ਸੀ ਕਿ ਅਸੀਂ ਇਸ ਰੱਬ ਨੂੰ ਪਿਆਰ ਕਰ ਸਕਦੇ ਹੈ।—ਮਰਕੁਸ 12:30. * (w09 2/1)
[ਫੁਟਨੋਟ]
^ ਪੈਰਾ 12 ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਪਹਿਲਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 5 ਉੱਤੇ ਸੁਰਖੀ]
ਜਿਵੇਂ ਇਕ ਪਿਤਾ ਹੱਥ ਵਧਾ ਕੇ ਆਪਣੇ ਬੱਚਿਆਂ ਨੂੰ ਸਹਾਰਾ ਦਿੰਦਾ ਹੈ ਉਸੇ ਤਰ੍ਹਾਂ ਰੱਬ ਆਪਣੀ ਸ਼ਕਤੀ ਭੇਜ ਕੇ ਆਪਣਾ ਮਕਸਦ ਪੂਰਾ ਕਰਦਾ ਹੈ