2013 ਦਾ ਨਵੀਂ ਦੁਨੀਆਂ ਅਨੁਵਾਦ
ਬਹੁਤ ਸਾਲਾਂ ਤੋਂ ਅੰਗ੍ਰੇਜ਼ੀ ਨਵੀਂ ਦੁਨੀਆਂ ਅਨੁਵਾਦ ਵਿਚ ਕਈ ਵਾਰ ਕੁਝ ਤਬਦੀਲੀਆਂ ਕਰ ਕੇ ਰਿਲੀਜ਼ ਕੀਤਾ ਗਿਆ ਹੈ। ਪਰ ਇਨ੍ਹਾਂ ਐਡੀਸ਼ਨਾਂ ਨਾਲੋਂ 2013 ਵਿਚ ਰਿਲੀਜ਼ ਕੀਤੀ ਗਈ ਬਾਈਬਲ ਵਿਚ ਜ਼ਿਆਦਾ ਤਬਦੀਲੀਆਂ ਕੀਤੀਆਂ ਗਈਆਂ ਹਨ। ਮਿਸਾਲ ਲਈ, ਇਸ ਅਨੁਵਾਦ ਵਿਚ 10 ਪ੍ਰਤਿਸ਼ਤ ਘੱਟ ਸ਼ਬਦ ਹਨ। ਬਾਈਬਲ ਦੇ ਕੁਝ ਖ਼ਾਸ ਸ਼ਬਦਾਂ ਨੂੰ ਬਦਲਿਆ ਗਿਆ ਹੈ। ਕੁਝ ਅਧਿਆਵਾਂ ਨੂੰ ਹੁਣ ਕਵਿਤਾਵਾਂ ਦੇ ਰੂਪ ਵਿਚ ਲਿਖਿਆ ਗਿਆ ਹੈ। ਇਸ ਤੋਂ ਇਲਾਵਾ, ਇਸ ਬਾਈਬਲ ਵਿਚ ਕੁਝ ਗੱਲਾਂ ਨੂੰ ਖੁੱਲ੍ਹ ਕੇ ਸਮਝਾਉਣ ਲਈ ਫੁਟਨੋਟ ਪਾਏ ਗਏ ਹਨ। ਇਸ ਲੇਖ ਵਿਚ ਸਾਰੀਆਂ ਤਬਦੀਲੀਆਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ, ਪਰ ਆਓ ਆਪਾਂ ਕੁਝ ਖ਼ਾਸ ਤਬਦੀਲੀਆਂ ’ਤੇ ਗੌਰ ਕਰੀਏ।
ਬਾਈਬਲ ਦੇ ਕਿਹੜੇ ਖ਼ਾਸ ਸ਼ਬਦ ਬਦਲੇ ਗਏ ਹਨ? ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ “ਸ਼ੀਓਲ”, “ਹੇਡੀਜ਼” ਅਤੇ “ਆਤਮਾ” ਸ਼ਬਦ ਬਦਲ ਦਿੱਤੇ ਗਏ ਹਨ। ਨਾਲੇ ਕਈ ਹੋਰ ਸ਼ਬਦ ਵੀ ਬਦਲੇ ਗਏ ਹਨ।
ਮਿਸਾਲ ਲਈ, “ਸਲੀਬ ਉੱਤੇ ਚੜ੍ਹਾਉਣ” ਦੀ ਬਜਾਇ “ਸੂਲ਼ੀ ਉੱਤੇ ਟੰਗਣਾ” ਲਿਖਿਆ ਗਿਆ ਹੈ ਤਾਂਕਿ ਇਹ ਗੱਲ ਸਾਫ਼-ਸਾਫ਼ ਸਮਝ ਆਵੇ ਕਿ ਯਿਸੂ ਨੂੰ ਕਿਵੇਂ ਮਾਰਿਆ ਗਿਆ ਸੀ। (ਮੱਤੀ 20:19; 27:31) “ਲੁੱਚਪੁਣੇ” ਦੀ ਬਜਾਇ “ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ” ਲਿਖਿਆ ਗਿਆ ਹੈ ਜਿਸ ਤੋਂ ਯੂਨਾਨੀ ਸ਼ਬਦ ਦਾ ਸਹੀ-ਸਹੀ ਮਤਲਬ ਪਤਾ ਲੱਗਦਾ ਹੈ। “ਸਹਿਣਸ਼ੀਲਤਾ” ਦੀ ਜਗ੍ਹਾ ਹੁਣ “ਧੀਰਜ” ਵਰਤਿਆ ਗਿਆ ਹੈ ਕਿਉਂਕਿ ਅੰਗ੍ਰੇਜ਼ੀ ਵਿਚ ਸਹਿਣਸ਼ੀਲਤਾ ਦਾ ਗ਼ਲਤ ਮਤਲਬ ਨਿਕਲ ਸਕਦਾ ਸੀ। ਪੜ੍ਹਨ ਵਾਲੇ ਨੂੰ ਲੱਗ ਸਕਦਾ ਸੀ ਕਿ ਇਸ ਦਾ ਮਤਲਬ ਬਹੁਤ ਲੰਬੇ ਸਮੇਂ ਤਕ ਦੁੱਖ ਸਹਿਣਾ ਹੈ। “ਬਦਮਸਤੀਆਂ” ਦੀ ਜਗ੍ਹਾ ਹੁਣ “ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ” ਪਾਇਆ ਗਿਆ ਹੈ ਕਿਉਂਕਿ ਇਹ ਸੌਖਿਆਂ ਹੀ ਸਮਝ ਆਉਂਦਾ ਹੈ।
ਪਹਿਲੇ ਅਨੁਵਾਦਾਂ ਵਿਚ ਇਕ ਇਬਰਾਨੀ ਸ਼ਬਦ ਲਈ ਇੱਕੋ ਹੀ ਅੰਗ੍ਰੇਜ਼ੀ ਸ਼ਬਦ ਜਾਂ ਵਾਕ ਵਰਤਿਆ ਜਾਂਦਾ ਸੀ। ਪਰ ਹੁਣ ਸੰਦਰਭ ਅਨੁਸਾਰ ਅਨੁਵਾਦ ਕੀਤਾ ਜਾਂਦਾ ਹੈ। ਮਿਸਾਲ ਲਈ, ਇਬਰਾਨੀ ਸ਼ਬਦ “ਓਹਲਾਮ” ਲਈ ਪਹਿਲਾਂ “ਪ੍ਰਾਚੀਨ ਸਮੇਂ ਤੋਂ” ਪਾਇਆ ਗਿਆ ਸੀ ਜਿਸ ਦਾ ਮਤਲਬ “ਹਮੇਸ਼ਾ ਲਈ” ਵੀ ਹੋ ਸਕਦਾ ਹੈ। ਪੁਰਾਣੀ ਅਤੇ ਨਵੀਂ ਬਾਈਬਲ ਵਿਚ ਜ਼ਬੂਰ 90:2 ਤੇ ਮੀਕਾਹ 5:2 ਪੜ੍ਹ ਕੇ ਇਨ੍ਹਾਂ ਵਿਚ ਫ਼ਰਕ ਦੇਖੋ।
ਬਾਈਬਲ ਵਿਚ ਜਿਸ ਇਬਰਾਨੀ ਅਤੇ ਯੂਨਾਨੀ ਸ਼ਬਦ ਦਾ ਅਨੁਵਾਦ “ਬੀ” ਕੀਤਾ ਗਿਆ ਹੈ ਉਹ ਸ਼ਬਦ ਕਈ ਵਾਰ ਆਉਂਦਾ ਹੈ। ਇਸ ਦੇ ਦੋ ਮਤਲਬ ਹੋ ਸਕਦੇ ਹਨ, ਖੇਤੀਬਾੜੀ ਜਾਂ “ਸੰਤਾਨ।” ਨਵੀਂ ਦੁਨੀਆਂ ਅਨੁਵਾਦ ਦੇ ਪਹਿਲੇ ਐਡੀਸ਼ਨਾਂ ਵਿਚ ਜਿੱਥੇ ਕਿਤੇ ਵੀ “ਬੀ” ਸ਼ਬਦ ਆਉਂਦਾ ਸੀ ਉੱਥੇ ਬੀ ਹੀ ਪਾਇਆ ਗਿਆ ਸੀ, ਇੱਥੋਂ ਤਕ ਕਿ ਉਤਪਤ 3:15 ਵਿਚ ਵੀ। ਪਰ ਅੱਜ-ਕੱਲ੍ਹ ਦੀ ਅੰਗ੍ਰੇਜ਼ੀ ਭਾਸ਼ਾ ਵਿਚ “ਸੰਤਾਨ” ਨੂੰ ਦਰਸਾਉਣ ਲਈ “ਬੀ” ਸ਼ਬਦ ਨਹੀਂ ਵਰਤਿਆ ਜਾਂਦਾ। ਇਸ ਕਰਕੇ ਨਵੀਂ ਅੰਗ੍ਰੇਜ਼ੀ ਬਾਈਬਲ ਵਿਚ ਉਤਪਤ 3:15 ਅਤੇ ਹੋਰ ਆਇਤਾਂ ਵਿਚ “ਬੀ” ਦੀ ਜਗ੍ਹਾ “ਸੰਤਾਨ” ਪਾਇਆ ਗਿਆ ਹੈ। (ਉਤ. 22:17, 18; ਪ੍ਰਕਾ. 12:17) ਹੋਰ ਆਇਤਾਂ ਵਿਚ ਜਿੱਥੇ “ਬੀ” ਸ਼ਬਦ ਆਉਂਦਾ ਹੈ ਉੱਥੇ ਸੰਦਰਭ ਅਨੁਸਾਰ ਅਨੁਵਾਦ ਕੀਤਾ ਗਿਆ ਹੈ।
ਕੁਝ ਸ਼ਬਦ-ਬ-ਸ਼ਬਦ ਅਨੁਵਾਦ ਕੀਤੀਆਂ ਗੱਲਾਂ ਨੂੰ ਕਿਉਂ ਬਦਲਿਆ ਗਿਆ? 2013 ਦੀ ਅੰਗ੍ਰੇਜ਼ੀ ਬਾਈਬਲ ਦੇ ਅਪੈਂਡਿਕਸ A1 ਨੇ ਵਧੀਆ ਤਰੀਕੇ ਨਾਲ ਅਨੁਵਾਦ ਕੀਤੀ ਗਈ ਬਾਈਬਲ ਬਾਰੇ ਇਹ ਦੱਸਿਆ: “ਜੇ ਕਿਸੇ ਗੱਲ ਦਾ ਸ਼ਬਦ-ਬ-ਸ਼ਬਦ ਅਨੁਵਾਦ ਕਰ ਕੇ ਗ਼ਲਤ ਮਤਲਬ ਨਿਕਲਦਾ ਹੈ ਜਾਂ ਉਹ ਸਾਫ਼-ਸਾਫ਼ ਸਮਝ ਨਹੀਂ ਆਉਂਦੀ, ਤਾਂ ਉਸ ਗੱਲ ਦਾ ਮਤਲਬ ਸਹੀ-ਸਹੀ ਸਮਝਾਇਆ ਜਾਵੇਗਾ।” ਜਦੋਂ ਮੁਢਲੀ ਭਾਸ਼ਾ ਵਿਚ ਵਰਤੇ ਮੁਹਾਵਰੇ ਹੋਰ ਭਾਸ਼ਾ ਵਿਚ ਸਮਝ ਆਉਂਦੇ ਹਨ, ਤਾਂ ਉਨ੍ਹਾਂ ਦਾ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ ਗਿਆ ਹੈ। ਸੋ ਅਨੁਵਾਦ ਕਰਨ ਦੇ ਇਸ ਤਰੀਕੇ ਨੂੰ ਵਰਤ ਕੇ ਪ੍ਰਕਾਸ਼ ਦੀ ਕਿਤਾਬ 2:23 ਵਿਚ “ਦਿਲਾਂ ਦੀ ਜਾਂਚ” ਲਿਖਿਆ ਗਿਆ ਕਿਉਂਕਿ ਬਹੁਤ ਭਾਸ਼ਾਵਾਂ ਵਿਚ ਇਹ ਗੱਲ ਸੌਖਿਆਂ ਹੀ ਸਮਝ ਆ ਜਾਂਦੀ ਹੈ। ਇਸੇ ਆਇਤ ਵਿਚ “ਗੁਰਦਿਆਂ ਦੀ ਜਾਂਚ” ਕਰਨ ਦੀ ਵੀ ਗੱਲ ਆਉਂਦੀ ਹੈ। ਪਰ ਸ਼ਾਇਦ ਇਸ ਦਾ ਮਤਲਬ ਸੌਖਿਆਂ ਸਮਝ ਨਾ ਆਵੇ, ਇਸ ਲਈ “ਗੁਰਦਿਆਂ” ਦੀ ਜਗ੍ਹਾ “ਡੂੰਘੀਆਂ ਭਾਵਨਾਵਾਂ” ਪਾਇਆ ਗਿਆ ਹੈ ਜੋ ਸਹੀ ਮਤਲਬ ਦਿੰਦਾ ਹੈ। ਇਸੇ ਤਰ੍ਹਾਂ ਬਿਵਸਥਾ ਸਾਰ 32:14 ਵਿਚ ਦਿੱਤੇ ਮੁਹਾਵਰੇ ਦਾ ਸ਼ਬਦ-ਬ-ਸ਼ਬਦ ਅਨੁਵਾਦ “ਗੁਰਦਿਆਂ ਦੀ ਚਰਬੀ ਵਾਲੀ ਕਣਕ” ਕੀਤਾ ਗਿਆ ਸੀ। ਪਰ ਹੁਣ ਇਸ ਦਾ ਮਤਲਬ ਸਮਝਾਇਆ ਗਿਆ ਹੈ, “ਸਭ ਤੋਂ ਵਧੀਆ ਕਣਕ।” ਇਸੇ ਤਰ੍ਹਾਂ “ਮੈਂ ਜਿਹੜਾ ਅਣ ਸੁੰਨਤੀ ਬੁੱਲ੍ਹਾਂ ਵਾਲਾ ਹਾਂ” ਬਹੁਤ ਸਾਰੀਆਂ ਭਾਸ਼ਾਵਾਂ ਵਿਚ ਸਮਝ ਨਹੀਂ ਆਉਂਦਾ ਸੀ। ਇਸ ਕਰਕੇ ਹੁਣ ਇਸ ਦੀ ਜਗ੍ਹਾ “ਮੈਨੂੰ ਬੋਲਣ ਵਿਚ ਮੁਸ਼ਕਲ ਹੁੰਦੀ ਹੈ” ਪਾਇਆ ਗਿਆ ਹੈ।
“ਇਜ਼ਰਾਈਲ ਦੇ ਪੁੱਤਰ” ਅਤੇ “ਪਿਤਾ ਬਗੈਰ ਮੁੰਡੇ” ਦੀ ਜਗ੍ਹਾ ਹੁਣ “ਇਜ਼ਰਾਈਲੀ” ਅਤੇ “ਪਿਤਾ ਬਗੈਰ ਬੱਚੇ” ਕਿਉਂ ਅਨੁਵਾਦ ਕੀਤਾ ਗਿਆ ਹੈ? ਇਬਰਾਨੀ ਭਾਸ਼ਾ ਵਿਚ ਪੁਲਿੰਗ ਜਾਂ ਇਸਤਰੀ ਲਿੰਗ ਤੋਂ ਅਕਸਰ ਪਤਾ ਲੱਗ ਜਾਂਦਾ ਹੈ ਕਿ ਆਦਮੀ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਔਰਤ ਦੀ। ਪਰ ਕੁਝ ਪੁਲਿੰਗ ਸ਼ਬਦਾਂ ਵਿਚ ਆਦਮੀ ਤੇ ਔਰਤਾਂ ਦੋਵੇਂ ਸ਼ਾਮਲ ਹੋ ਸਕਦੇ ਹਨ। ਮਿਸਾਲ ਲਈ, ਕੁਝ ਆਇਤਾਂ ਦੇ ਸੰਦਰਭ ਤੋਂ ਪਤਾ ਲੱਗਦਾ ਹੈ ਕਿ ਜਿੱਥੇ “ਇਜ਼ਰਾਈਲ ਦੇ ਪੁੱਤਰ” ਲਿਖਿਆ ਗਿਆ ਹੈ ਉੱਥੇ ਸਿਰਫ਼ ਆਦਮੀਆਂ ਦੀ ਹੀ ਨਹੀਂ, ਸਗੋਂ ਔਰਤਾਂ ਦੀ ਵੀ ਗੱਲ ਕੀਤੀ ਗਈ ਹੈ। ਇਸ ਲਈ ਹੁਣ ਇਸ ਦੀ ਜਗ੍ਹਾ “ਇਜ਼ਰਾਈਲੀ” ਲਿਖਿਆ ਗਿਆ ਹੈ।
ਇਸੇ ਤਰ੍ਹਾਂ ਉਤਪਤ 3:16 ਵਿਚ ਜਿਸ ਇਬਰਾਨੀ ਸ਼ਬਦ ਦਾ ਮਤਲਬ “ਪੁੱਤਰ” ਹੈ ਇਸ ਦਾ ਸਾਡੀਆਂ ਪੁਰਾਣੀਆਂ ਬਾਈਬਲਾਂ ਵਿਚ “ਬੱਚੇ” ਅਨੁਵਾਦ ਕੀਤਾ ਗਿਆ ਸੀ। ਇਸੇ ਇਬਰਾਨੀ ਸ਼ਬਦ ਲਈ ਕੂਚ 22:24 ਵਿਚ “ਪੁੱਤਰ” ਵਰਤਿਆ ਗਿਆ ਸੀ, ਪਰ ਹੁਣ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਵਿਚ ਲਿਖਿਆ ਗਿਆ ਹੈ: “ਤੁਹਾਡੇ ਬੱਚੇ [ਇਬਰਾਨੀ, “ਪੁੱਤਰ”] ਯਤੀਮ ਹੋ ਜਾਣਗੇ।” ਕੁਝ ਆਇਤਾਂ ਵਿਚ ਸੰਦਰਭ ਮੁਤਾਬਕ “ਪਿਤਾ ਬਗੈਰ ਮੁੰਡੇ” ਦੀ ਜਗ੍ਹਾ “ਪਿਤਾ ਬਗੈਰ ਬੱਚੇ” ਜਾਂ “ਯਤੀਮ” ਅਨੁਵਾਦ ਕੀਤਾ ਗਿਆ ਹੈ। (ਬਿਵ. 10:18; ਅੱਯੂ. 6:27) ਯੂਨਾਨੀ ਸੈਪਟੁਜਿੰਟ ਵਿਚ ਵੀ ਅਜਿਹੇ ਸ਼ਬਦਾਂ ਨੂੰ ਇਸੇ ਤਰ੍ਹਾਂ ਅਨੁਵਾਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਪਦੇਸ਼ਕ ਦੀ ਪੋਥੀ 12:1 ਵਿਚ “ਮੁੰਡੇ ਆਪਣੀ ਜਵਾਨੀ” ਅਨੁਵਾਦ ਕਰਨ ਦੀ ਬਜਾਇ ਹੁਣ “ਆਪਣੀ ਜੁਆਨੀ ਦੇ ਦਿਨੀਂ” ਲਿਖਿਆ ਗਿਆ ਹੈ।
ਬਹੁਤ ਸਾਰੀਆਂ ਇਬਰਾਨੀ ਕ੍ਰਿਆਵਾਂ ਦਾ ਅਨੁਵਾਦ ਕਿਉਂ ਬਦਲਿਆ ਗਿਆ ਹੈ? ਇਬਰਾਨੀ ਭਾਸ਼ਾ ਵਿਚ ਕ੍ਰਿਆਵਾਂ ਦੀਆਂ ਦੋ ਮੁੱਖ ਕਿਸਮਾਂ ਹਨ, ਅਪੂਰਣ ਅਤੇ ਸੰਪੂਰਣ। ਅਪੂਰਣ ਕ੍ਰਿਆ ਦਾ ਮਤਲਬ ਹੈ ਕਿ ਕੰਮ ਚੱਲ ਰਿਹਾ ਹੈ ਜਾਂ ਇਕ ਕੰਮ ਵਾਰ-ਵਾਰ ਕੀਤਾ ਜਾ ਰਿਹਾ ਹੈ। ਸੰਪੂਰਣ ਕ੍ਰਿਆ ਦਾ ਮਤਲਬ ਹੈ ਕਿ ਕੰਮ ਖ਼ਤਮ ਹੋ ਗਿਆ ਹੈ। ਜਿੱਥੇ ਵੀ ਅਪੂਰਣ ਕ੍ਰਿਆਵਾਂ ਆਉਂਦੀਆਂ ਸਨ ਉੱਥੇ ਨਵੀਂ ਦੁਨੀਆਂ ਅਨੁਵਾਦ ਦੇ ਪੁਰਾਣੇ ਐਡੀਸ਼ਨਾਂ ਵਿਚ ਅੰਗ੍ਰੇਜ਼ੀ ਕ੍ਰਿਆ ਨਾਲ-ਨਾਲ ਹੋਰ ਸ਼ਬਦ ਜੋੜੇ ਜਾਂਦੇ ਸਨ, ਜਿਵੇਂ ਕਿ “ਕਹਿਣਾ ਸ਼ੁਰੂ ਕੀਤਾ” ਅਤੇ “ਕਹਿਣ ਲੱਗਾ।” ਇਸ ਤੋਂ ਪਤਾ ਲੱਗਦਾ ਸੀ ਕਿ ਕੰਮ ਅਜੇ ਚੱਲ ਰਿਹਾ ਹੈ ਜਾਂ ਵਾਰ-ਵਾਰ ਕੀਤਾ ਜਾ ਰਿਹਾ ਹੈ। * “ਜ਼ਰੂਰ” ਤੇ “ਸੱਚ-ਮੁੱਚ” ਵਰਗੇ ਸ਼ਬਦ ਵਰਤ ਕੇ ਦਿਖਾਇਆ ਜਾਂਦਾ ਸੀ ਕਿ ਸੰਪੂਰਣ ਕ੍ਰਿਆ ਵਿਚ ਹੋ ਰਿਹਾ ਕੰਮ ਖ਼ਤਮ ਹੋ ਚੁੱਕਾ ਸੀ।
ਉਤ. 1:3) ਪਰ ਉਤਪਤ 3:9 ਵਿਚ ਅਪੂਰਣ ਕ੍ਰਿਆ ਵਰਤੀ ਗਈ ਹੈ ਕਿਉਂਕਿ ਇੱਥੇ ਯਹੋਵਾਹ ਨੇ ਆਦਮ ਨੂੰ ਵਾਰ-ਵਾਰ ਆਵਾਜ਼ ਦਿੱਤੀ ਸੀ। ਇਸ ਲਈ ਇਸ ਦਾ ਅਨੁਵਾਦ “ਆਵਾਜ਼ ਦਿੰਦਾ ਰਿਹਾ” ਕੀਤਾ ਗਿਆ ਹੈ। ਇਸ ਬਾਈਬਲ ਵਿਚ ਕ੍ਰਿਆਵਾਂ ਨੂੰ ਸੌਖੇ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ ਅਤੇ ਅਕਸਰ ਕ੍ਰਿਆ ਦੀ ਬਜਾਇ ਕਰਮ ਵੱਲ ਧਿਆਨ ਦਿੱਤਾ ਗਿਆ ਹੈ। ਇਸ ਦਾ ਇਕ ਫ਼ਾਇਦਾ ਇਹ ਹੈ ਕਿ ਇਸ ਤੋਂ ਇਬਰਾਨੀ ਲਿਖਤ ਸ਼ੈਲੀ ਦੀ ਝਲਕ ਮਿਲਦੀ ਹੈ ਜਿਸ ਵਿਚ ਬਹੁਤੇ ਸ਼ਬਦ ਨਹੀਂ ਵਰਤੇ ਜਾਂਦੇ ਸਨ।
2013 ਦੀ ਬਾਈਬਲ ਵਿਚ ਸਿਰਫ਼ ਉਦੋਂ ਕ੍ਰਿਆ ਨਾਲ ਹੋਰ ਸ਼ਬਦ ਜੋੜੇ ਗਏ ਹਨ ਜਦੋਂ ਮਤਲਬ ਸਮਝਾਉਣ ਲਈ ਇਹ ਵਰਤਣੇ ਜ਼ਰੂਰੀ ਸਨ। ਮਿਸਾਲ ਲਈ ਪਰਮੇਸ਼ੁਰ ਨੇ ਵਾਰ-ਵਾਰ ਨਹੀਂ “ਆਖਿਆ ਕਿ ਚਾਨਣ ਹੋਵੇ।” ਤਾਂ ਫਿਰ ਇਸ ਬਾਈਬਲ ਵਿਚ “ਆਖਿਆ” ਸ਼ਬਦ ਨੂੰ ਅਪੂਰਣ ਕ੍ਰਿਆ ਵਿਚ ਅਨੁਵਾਦ ਨਹੀਂ ਕੀਤਾ ਗਿਆ। (ਹੁਣ ਹੋਰ ਅਧਿਆਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਕਿਉਂ ਲਿਖਿਆ ਗਿਆ? ਬਾਈਬਲ ਦੀਆਂ ਮੁਢਲੀਆਂ ਲਿਖਤਾਂ ਦੇ ਬਹੁਤ ਸਾਰੇ ਹਿੱਸੇ ਕਵਿਤਾਵਾਂ ਦੇ ਰੂਪ ਵਿਚ ਲਿਖੇ ਗਏ ਸਨ। ਅੱਜ ਦੀਆਂ ਭਾਸ਼ਾਵਾਂ ਵਿਚ ਕਵਿਤਾਵਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਤੁਕਾਂ ਦੇ ਆਖ਼ਰੀ ਸ਼ਬਦ ਇਕ-ਦੂਜੇ ਨਾਲ ਮਿਲਣ। ਪਰ ਇਬਰਾਨੀ ਭਾਸ਼ਾ ਵਿਚ ਕਵਿਤਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੀਆਂ ਤੁਕਾਂ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ ਜਾਂ ਤੁਕਾਂ ਵਿਰੋਧ ਵਿਚ ਹੁੰਦੀਆਂ ਹਨ। ਇਬਰਾਨੀ ਕਵਿਤਾ ਵਿਚ ਵਿਚਾਰਾਂ ਨੂੰ ਸਿਲਸਿਲੇਵਾਰ ਲਿਖ ਕੇ ਇਕਸਾਰਤਾ ਲਿਆਂਦੀ ਜਾਂਦੀ ਹੈ।
ਮੁਢਲੀਆਂ ਲਿਖਤਾਂ ਵਿਚ ਅੱਯੂਬ ਅਤੇ ਜ਼ਬੂਰਾਂ ਦੀ ਪੋਥੀ ਨੂੰ ਕਵਿਤਾ ਦੇ ਰੂਪ ਵਿਚ ਲਿਖਿਆ ਗਿਆ ਸੀ ਤਾਂਕਿ ਇਨ੍ਹਾਂ ਨੂੰ ਸੌਖਿਆਂ ਹੀ ਮੂੰਹ-ਜ਼ਬਾਨੀ ਯਾਦ ਕੀਤਾ ਜਾਂ ਗਾਇਆ ਜਾ ਸਕੇ। ਇਸ ਕਰਕੇ ਨਵੀਂ ਦੁਨੀਆਂ ਅਨੁਵਾਦ ਦੇ ਪੁਰਾਣੇ ਐਡੀਸ਼ਨਾਂ ਵਿਚ ਇਨ੍ਹਾਂ ਨੂੰ ਇਸੇ ਅੰਦਾਜ਼ ਵਿਚ ਲਿਖਿਆ ਗਿਆ। 2013 ਦੀ ਬਾਈਬਲ ਵਿਚ ਕਹਾਉਤਾਂ, ਸਰੇਸ਼ਟ ਗੀਤ ਅਤੇ ਭਵਿੱਖਬਾਣੀ ਦੀਆਂ ਕਿਤਾਬਾਂ ਦੇ ਕੁਝ ਅਧਿਆਇ ਵੀ ਹੁਣ ਕਵਿਤਾ ਦੇ ਰੂਪ ਵਿਚ ਲਿਖੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੁਢਲੀਆਂ ਲਿਖਤਾਂ ਵਿਚ ਵੀ ਇਨ੍ਹਾਂ ਨੂੰ ਇਸੇ ਤਰ੍ਹਾਂ ਲਿਖਿਆ ਗਿਆ ਸੀ। ਨਾਲੇ ਇਨ੍ਹਾਂ ਦੀਆਂ ਗੱਲਾਂ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹਨ ਜਾਂ ਇਕ ਗੱਲ ਦੂਜੇ ਦੇ ਵਿਰੋਧ ਵਿਚ ਹੈ। ਯਸਾਯਾਹ 24:2 ਦੀ ਮਿਸਾਲ ਲੈ ਲਓ ਜਿਸ ਵਿਚ ਹਰ ਗੱਲ ਇਕ-ਦੂਜੇ ਦੇ ਵਿਰੋਧ ਵਿਚ ਹੈ ਅਤੇ ਇਕ ਤੋਂ ਬਾਅਦ ਇਕ ਵਾਕ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਕੋਈ ਵੀ ਪਰਮੇਸ਼ੁਰ ਦੇ ਨਿਆਂ ਤੋਂ ਨਹੀਂ ਬਚ ਸਕਦਾ। ਕਵਿਤਾ ਦੇ ਰੂਪ ਵਿਚ ਲਿਖੇ ਹੋਣ ਕਰਕੇ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਕਿਤਾਬਾਂ ਦੇ ਲਿਖਾਰੀ ਇਕ ਗੱਲ ਨੂੰ ਵਾਰ-ਵਾਰ ਐਵੇਂ ਨਹੀਂ ਕਹਿ ਰਹੇ ਸਨ, ਸਗੋਂ ਉਹ ਕਵਿਤਾਵਾਂ ਨਾਲ ਪਰਮੇਸ਼ੁਰ ਦੇ ਸੰਦੇਸ਼ ’ਤੇ ਜ਼ੋਰ ਦੇ ਰਹੇ ਸਨ।
ਇਬਰਾਨੀ ਹੱਥ-ਲਿਖਤਾਂ ਵਿਚ ਇਹ ਗੱਲ ਹਮੇਸ਼ਾ ਸਾਫ਼ ਨਹੀਂ ਹੁੰਦੀ ਕਿ ਕਿਹੜੀ ਆਇਤ ਜਾਂ ਕਿਹੜੇ ਅਧਿਆਇ ਨੂੰ ਕਵਿਤਾ ਵਿਚ ਲਿਖਿਆ ਸੀ ਤੇ ਕਿਹੜੇ ਨੂੰ ਨਹੀਂ। ਅਨੁਵਾਦਕ ਖ਼ੁਦ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕਿਹੜੀਆਂ ਆਇਤਾਂ ਨੂੰ ਕਵਿਤਾ ਦੇ ਰੂਪ ਵਿਚ ਲਿਖਣਾ ਹੈ। ਪਰ ਹੋਰਨਾਂ ਕੁਝ ਆਇਤਾਂ ਵਿਚ ਕਾਵਿ ਭਾਸ਼ਾ ਅਤੇ ਤਸਵੀਰੀ ਭਾਸ਼ਾ ਵਰਤੀ ਗਈ ਹੈ ਅਤੇ ਮਿਲਦੀਆਂ-ਜੁਲਦੀਆਂ ਗੱਲਾਂ ਲਿਖੀਆਂ ਗਈਆਂ ਹਨ ਤਾਂਕਿ ਗੱਲਾਂ ’ਤੇ ਜ਼ੋਰ ਦਿੱਤਾ ਜਾ ਸਕੇ। ਇਸ ਕਰਕੇ ਬਾਈਬਲ ਅਨੁਵਾਦਾਂ ਵਿਚ ਫ਼ਰਕ ਹੈ।
ਇਸ ਬਾਈਬਲ ਦੀ ਇਕ ਖ਼ਾਸੀਅਤ ਇਹ ਹੈ ਕਿ ਹਰ ਕਿਤਾਬ ਦੇ ਸ਼ੁਰੂ ਵਿਚ ਅਧਿਆਵਾਂ ਦਾ ਸਾਰ ਦੱਸਿਆ ਗਿਆ ਹੈ। ਇਸ ਦੀ ਮਦਦ ਨਾਲ ਖ਼ਾਸ ਕਰਕੇ ਸਰੇਸ਼ਟ ਗੀਤ ਪੜ੍ਹਦੇ ਵੇਲੇ ਇਹ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਵੇਲੇ ਕੌਣ ਗੱਲ ਕਰ ਰਿਹਾ ਹੈ।
ਮੁਢਲੀਆਂ ਹੱਥ-ਲਿਖਤਾਂ ਦੀ ਦੁਬਾਰਾ ਖੋਜਬੀਨ ਕਰਨ ਕਰਕੇ ਇਸ ਬਾਈਬਲ ਦਾ ਅਨੁਵਾਦ ਕਰਨ ਵਿਚ ਕਿਵੇਂ ਮਦਦ ਹੋਈ? ਸਭ ਤੋਂ ਪਹਿਲੀ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਇਬਰਾਨੀ ਮਸੋਰਾ ਅਤੇ ਮੰਨੇ-ਪ੍ਰਮੰਨੇ ਵੈੱਸਕੌਟ ਅਤੇ ਹੌਰਟ ਦੇ ਯੂਨਾਨੀ ਅਨੁਵਾਦ ਤੋਂ ਤਿਆਰ ਕੀਤਾ ਗਿਆ ਸੀ। ਅੱਜ ਪੁਰਾਣੀਆਂ ਹੱਥ-ਲਿਖਤਾਂ ਦੀ ਖੋਜਬੀਨ ਕਰਨ ਕਰਕੇ ਜ਼ਿਆਦਾ ਪਤਾ ਲੱਗਾ ਹੈ ਕਿ ਕੁਝ ਆਇਤਾਂ ਦਾ ਅਸਲ ਵਿਚ ਕੀ ਮਤਲਬ ਹੈ। ਅੱਜ ਮ੍ਰਿਤ ਸਾਗਰ ਪੋਥੀਆਂ ਦੀਆਂ ਕਾਪੀਆਂ ਵੀ ਆਸਾਨੀ ਨਾਲ ਮਿਲ ਸਕਦੀਆਂ ਹਨ। ਹੋਰ ਯੂਨਾਨੀ ਲਿਖਤਾਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਗਈ ਹੈ। ਹੁਣ ਪੁਰਾਣੀਆਂ ਹੱਥ-ਲਿਖਤਾਂ ਵਿੱਚੋਂ ਮਿਲੀ ਨਵੀਂ-ਨਵੀਂ ਜਾਣਕਾਰੀ ਕੰਪਿਊਟਰ ’ਤੇ ਵੀ ਉਪਲਬਧ ਹੈ। ਇਸ ਕਰਕੇ ਹੁਣ ਅਲੱਗ-ਅਲੱਗ ਹੱਥ-ਲਿਖਤਾਂ ਦੀ ਜਾਂਚ-ਪੜਤਾਲ ਕਰ ਕੇ ਇਨ੍ਹਾਂ ਵਿਚ ਫ਼ਰਕ ਦੇਖਣਾ ਸੌਖਾ ਹੋ ਗਿਆ ਕਿ ਇਬਰਾਨੀ ਜਾਂ ਯੂਨਾਨੀ ਅਨੁਵਾਦ ਵਿਚ ਸਭ ਤੋਂ ਵਧੀਆ ਅਨੁਵਾਦ ਕਿਹੜਾ ਹੈ। “ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ” ਨੇ ਇਨ੍ਹਾਂ ਖੋਜਾਂ ਦਾ ਫ਼ਾਇਦਾ ਲੈ ਕੇ ਕੁਝ ਆਇਤਾਂ ਦੀ ਜਾਂਚ-ਪੜਤਾਲ ਕਰ ਕੇ ਇਨ੍ਹਾਂ ਆਇਤਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ।
ਮਿਸਾਲ ਲਈ, ਯੂਨਾਨੀ ਸੈਪਟੁਜਿੰਟ ਵਿਚ 2 ਸਮੂਏਲ 13:21 ਵਿਚ ਕੁਝ ਇੱਦਾਂ ਲਿਖਿਆ ਹੈ: “ਪਰ ਉਹ ਆਪਣੇ ਪੁੱਤਰ ਅਮਨੋਨ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਜੇਠਾ ਪੁੱਤਰ ਹੋਣ ਕਰਕੇ ਉਹ ਉਸ ਨੂੰ ਪਿਆਰ ਕਰਦਾ ਸੀ।” ਨਵੀਂ ਦੁਨੀਆਂ ਅਨੁਵਾਦ ਦੇ ਪਹਿਲੇ ਐਡੀਸ਼ਨਾਂ ਵਿਚ ਇਹ ਸ਼ਬਦ ਨਹੀਂ ਸਨ ਕਿਉਂਕਿ ਇਹ ਮਸੋਰਾ ਅਨੁਵਾਦ ਵਿਚ ਨਹੀਂ ਸਨ। ਪਰ ਮ੍ਰਿਤ ਸਾਗਰ ਪੋਥੀਆਂ ਵਿਚ ਇਹ ਸ਼ਬਦ ਹਨ, ਇਸ ਲਈ ਇਹ 2013 ਦੀ ਬਾਈਬਲ ਵਿਚ ਪਾਏ ਗਏ ਹਨ। ਇਸ ਤੋਂ ਇਲਾਵਾ, ਪਹਿਲੇ ਸਮੂਏਲ ਦੀ ਕਿਤਾਬ ਵਿਚ ਹੋਰ ਪੰਜ ਵਾਰ ਪਰਮੇਸ਼ੁਰ ਦਾ ਨਾਂ ਪਾਇਆ ਗਿਆ ਹੈ। ਯੂਨਾਨੀ ਲਿਖਤਾਂ ਦੀ ਖੋਜ ਕਰ ਕੇ ਮੱਤੀ 21:29-31 ਵਿਚ ਘਟਨਾਵਾਂ ਦੀ ਤਰਤੀਬ ਨੂੰ ਵੀ ਬਦਲਿਆ ਗਿਆ ਹੈ। ਸੋ ਇਕ ਮੰਨੇ-ਪ੍ਰਮੰਨੇ ਯੂਨਾਨੀ ਅਨੁਵਾਦ ’ਤੇ ਟਿਕੇ ਰਹਿਣ ਦੀ ਬਜਾਇ ਅਲੱਗ-ਅਲੱਗ ਹੱਥ-ਲਿਖਤਾਂ ਦੇ ਸਬੂਤਾਂ ਦੀ ਜਾਂਚ-ਪੜਤਾਲ ਕਰ ਕੇ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਇਹ 2013 ਦੀ ਬਾਈਬਲ ਵਿਚ ਕੀਤੀਆਂ ਸਿਰਫ਼ ਕੁਝ ਹੀ ਤਬਦੀਲੀਆਂ ਹਨ। ਇਸ ਕਰਕੇ ਬਹੁਤ ਸਾਰੇ ਲੋਕਾਂ ਲਈ ਇਹ ਬਾਈਬਲ ਪੜ੍ਹਨੀ ਤੇ ਸਮਝਣੀ ਸੌਖੀ ਹੋ ਗਈ ਹੈ ਅਤੇ ਉਹ ਨਵੀਂ ਦੁਨੀਆਂ ਅਨੁਵਾਦ ਨੂੰ ਪਰਮੇਸ਼ੁਰ ਤੋਂ ਇਕ ਦਾਤ ਸਮਝਦੇ ਹਨ।
^ ਪੈਰਾ 10 ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਅਪੈਂਡਿਕਸ 3C “ਇਬਰਾਨੀ ਭਾਸ਼ਾ ਵਿਚ ਅਪੂਰਣ ਕ੍ਰਿਆ” ਦੇਖੋ।