ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ
ਜਦੋਂ ਮੈਂ ਨੌਂ ਸਾਲਾਂ ਦੀ ਸੀ, ਤਾਂ ਮੇਰਾ ਕੱਦ ਵਧਣੋਂ ਰੁਕ ਗਿਆ। ਅੱਜ ਮੈਂ 34 ਸਾਲਾਂ ਦੀ ਹਾਂ ਤੇ ਮੇਰਾ ਕੱਦ ਸਿਰਫ਼ 3 ਫੁੱਟ (1 ਮੀਟਰ) ਹੈ। ਜਦੋਂ ਮੇਰੇ ਮਾਪਿਆਂ ਨੂੰ ਪਤਾ ਲੱਗਾ ਕਿ ਮੇਰਾ ਕੱਦ ਹੋਰ ਨਹੀਂ ਵਧ ਸਕਦਾ, ਤਾਂ ਉਨ੍ਹਾਂ ਨੇ ਮੈਨੂੰ ਸਖ਼ਤ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਮੈਂ ਲਗਾਤਾਰ ਆਪਣੇ ਕੱਦ ਬਾਰੇ ਨਾ ਸੋਚਦੀ ਰਹਾਂ। ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਮੈਂ ਘਰ ਦੇ ਬਾਹਰ ਫਲਾਂ ਦੀ ਰੇੜ੍ਹੀ ਲਾਉਣ ਲੱਗ ਪਈ ਤੇ ਮੈਂ ਆਪਣੀ ਰੇੜ੍ਹੀ ਬਹੁਤ ਸਾਫ਼-ਸੁਥਰੀ ਰੱਖਦੀ ਸੀ। ਇਸ ਕਰਕੇ ਬਹੁਤ ਸਾਰੇ ਲੋਕ ਮੇਰੇ ਕੋਲ ਫਲ ਖ਼ਰੀਦਣ ਆਉਂਦੇ ਸਨ।
ਇਹ ਸੱਚ ਹੈ ਕਿ ਸਖ਼ਤ ਮਿਹਨਤ ਕਰਨ ਕਰਕੇ ਸਭ ਕੁਝ ਠੀਕ ਨਹੀਂ ਹੋਇਆ। ਮੇਰਾ ਕੱਦ ਅਜੇ ਵੀ ਛੋਟਾ ਸੀ ਤੇ ਮੇਰੇ ਲਈ ਹਰ ਰੋਜ਼ ਦੇ ਛੋਟੇ-ਮੋਟੇ ਕੰਮ ਕਰਨੇ ਵੀ ਔਖੇ ਸਨ, ਜਿਵੇਂ ਕਿ ਦੁਕਾਨਾਂ ਵਿਚ ਉੱਚੀਆਂ ਥਾਵਾਂ ’ਤੇ ਪਈਆਂ ਚੀਜ਼ਾਂ ਤਕ ਮੇਰਾ ਹੱਥ ਨਹੀਂ ਸੀ ਜਾਂਦਾ। ਲੱਗਦਾ ਹੈ ਕਿ ਸਾਰਾ ਕੁਝ ਮੇਰੇ ਤੋਂ ਲਗਭਗ ਦੁਗਣੇ ਕੱਦ ਵਾਲੇ ਲੋਕਾਂ ਲਈ ਬਣਾਇਆ ਗਿਆ ਹੈ। ਮੈਨੂੰ ਆਪਣੇ ਆਪ ’ਤੇ ਤਰਸ ਆਉਂਦਾ ਹੁੰਦਾ ਸੀ, ਪਰ ਜਦੋਂ ਮੈਂ 14 ਸਾਲਾਂ ਦੀ ਹੋਈ, ਤਾਂ ਮੈਂ ਆਪਣੇ ’ਤੇ ਤਰਸ ਖਾਣਾ ਛੱਡ ਦਿੱਤਾ।
ਇਕ ਦਿਨ ਯਹੋਵਾਹ ਦੀਆਂ ਦੋ ਗਵਾਹਾਂ ਨੇ ਮੇਰੇ ਕੋਲ ਕੁਝ ਫਲ ਖ਼ਰੀਦੇ ਤੇ ਮੈਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ। ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਕੱਦ ਤੋਂ ਕਿਤੇ ਜ਼ਿਆਦਾ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਜਾਣਨਾ ਜ਼ਰੂਰੀ ਹੈ। ਇਸ ਨਾਲ ਮੇਰੀ ਬਹੁਤ ਮਦਦ ਹੋਈ। ਜ਼ਬੂਰਾਂ ਦੀ ਪੋਥੀ 73:28 ਮੇਰਾ ਮਨਪਸੰਦ ਹਵਾਲਾ ਹੈ। ਇਸ ਆਇਤ ਦੇ ਪਹਿਲੇ ਹਿੱਸੇ ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।”
ਅਚਾਨਕ ਮੇਰਾ ਪਰਿਵਾਰ ਕੋਟ ਡਿਵੁਆਰ ਤੋਂ ਬੁਰਕੀਨਾ ਫਾਸੋ ਰਹਿਣ ਚਲਾ ਗਿਆ ਤੇ ਮੇਰੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ। ਪੁਰਾਣੇ ਇਲਾਕੇ ਵਿਚ ਲੋਕ ਮੈਨੂੰ ਫਲਾਂ ਦੀ ਰੇੜ੍ਹੀ ਕੋਲ ਦੇਖਣ ਦੇ ਆਦੀ ਹੋ ਗਏ ਸਨ। ਪਰ ਹੁਣ ਨਵੇਂ ਇਲਾਕੇ ਵਿਚ ਮੈਂ ਉਨ੍ਹਾਂ ਲਈ ਅਜਨਬੀ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਣ ਵਿਚ ਅਜੀਬ ਲੱਗਦੀ ਸੀ। ਲੋਕ ਮੈਨੂੰ ਘੂਰਦੇ ਸਨ। ਇਸ ਕਰਕੇ ਮੈਂ ਬਹੁਤ ਹਫ਼ਤੇ ਘਰ ਹੀ ਰਹੀ। ਫਿਰ ਮੈਨੂੰ ਯਾਦ ਆਇਆ ਕਿ ਮੇਰੇ ਲਈ ਯਹੋਵਾਹ ਦੇ ਨੇੜੇ ਜਾਣਾ ਕਿੰਨਾ ਚੰਗਾ ਹੈ। ਮੈਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੀ ਤੇ ਉਨ੍ਹਾਂ ਨੇ ਮੇਰੇ ਕੋਲ ਸਹੀ ਇਨਸਾਨ ਭੇਜਿਆ। ਨਾਨੀ ਨਾਂ ਦੀ ਮਿਸ਼ਨਰੀ ਭੈਣ ਮੈਨੂੰ ਸਕੂਟਰ ’ਤੇ ਮਿਲਣ ਆਈ।
ਸਾਡੇ ਇਲਾਕੇ ਦੀਆਂ ਸੜਕਾਂ ਰੇਤਲੀ ਮਿੱਟੀ ਦੀਆਂ ਹੋਣ ਕਰਕੇ ਤਿਲਕਣੀਆਂ ਸਨ ਤੇ ਮੀਂਹ ਪੈਣ ’ਤੇ ਚਿੱਕੜ ਨਾਲ ਭਰ ਜਾਂਦੀਆਂ ਸਨ। ਜਦੋਂ ਨਾਨੀ ਮੈਨੂੰ ਸਟੱਡੀ ਕਰਾਉਣ ਆਉਂਦੀ ਸੀ, ਤਾਂ ਉਹ ਕਈ ਵਾਰ ਸਕੂਟਰ ਤੋਂ ਡਿੱਗੀ, ਪਰ ਉਸ ਨੇ ਕਦੀ ਵੀ ਹਿੰਮਤ ਨਹੀਂ ਹਾਰੀ। ਇਕ ਦਿਨ ਉਸ ਨੇ ਮੈਨੂੰ ਆਪਣੇ ਨਾਲ ਮੀਟਿੰਗ ’ਤੇ ਜਾਣ ਬਾਰੇ ਪੁੱਛਿਆ। ਮੈਨੂੰ ਅਹਿਸਾਸ ਹੋਇਆ ਕਿ ਘਰ ਤੋਂ ਬਾਹਰ ਨਿਕਲਣ ਦਾ ਮਤਲਬ ਸੀ ਕਿ ਮੈਨੂੰ ਲੋਕਾਂ ਦੀਆਂ ਨਜ਼ਰਾਂ ਦਾ ਸਾਮ੍ਹਣਾ ਕਰਨਾ ਪੈਣਾ। ਨਾਲੇ ਉਸ ਨੂੰ ਤਾਂ ਪਹਿਲਾਂ ਹੀ ਸਕੂਟਰ ਚਲਾਉਣਾ ਔਖਾ ਹੁੰਦਾ ਸੀ ਤੇ ਮੇਰੇ ਸਕੂਟਰ ਪਿੱਛੇ ਬੈਠਣ ਨਾਲ ਸਕੂਟਰ ’ਤੇ ਹੋਰ ਭਾਰ ਪੈ ਜਾਣਾ ਸੀ। ਪਰ ਫਿਰ ਵੀ ਮੈਂ ਮੰਨ ਗਈ ਕਿਉਂਕਿ ਮੈਂ ਆਪਣੇ ਮਨਪਸੰਦ ਹਵਾਲੇ ਦੇ ਦੂਜੇ
ਹਿੱਸੇ ਨੂੰ ਯਾਦ ਕੀਤਾ: “ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।”ਕਈ ਵਾਰ ਮੈਂ ਤੇ ਨਾਨੀ ਚਿੱਕੜ ਵਿਚ ਡਿੱਗੀਆਂ, ਪਰ ਅਸੀਂ ਮੀਟਿੰਗ ’ਤੇ ਜਾਣਾ ਚਾਹੁੰਦੀਆਂ ਸੀ, ਇਸ ਲਈ ਅਸੀਂ ਕੋਈ ਪਰਵਾਹ ਨਹੀਂ ਕੀਤੀ। ਕਿੰਗਡਮ ਹਾਲ ਤੇ ਬਾਹਰ ਦੇ ਲੋਕਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਕਿੰਗਡਮ ਹਾਲ ਵਿਚ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਹੁੰਦੀ ਸੀ, ਪਰ ਬਾਹਰ ਲੋਕੀਂ ਮੈਨੂੰ ਘੂਰਦੇ ਸਨ। ਨੌਂ ਮਹੀਨਿਆਂ ਬਾਅਦ ਮੈਂ ਬਪਤਿਸਮਾ ਲੈ ਲਿਆ।
ਮੇਰੇ ਮਨਪਸੰਦ ਹਵਾਲੇ ਦਾ ਤੀਜਾ ਹਿੱਸਾ ਹੈ: “ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।” ਮੈਂ ਜਾਣਦੀ ਸੀ ਕਿ ਪ੍ਰਚਾਰ ਕਰਨਾ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਘਰ-ਘਰ ਪ੍ਰਚਾਰ ਕਰਨ ਗਈ, ਤਾਂ ਨਿਆਣੇ-ਸਿਆਣੇ ਸਾਰੇ ਮੇਰੇ ਵੱਲ ਘੂਰ ਰਹੇ ਸਨ, ਮੇਰਾ ਪਿੱਛਾ ਕਰ ਰਹੇ ਸਨ ਤੇ ਜਿੱਦਾਂ ਮੈਂ ਤੁਰਦੀ ਸੀ, ਮੇਰੀਆਂ ਸਾਂਗਾਂ ਲਾ ਰਹੇ ਸਨ। ਇਹ ਦੇਖ ਕੇ ਮੇਰੇ ਦਿਲ ’ਤੇ ਗਹਿਰੀ ਸੱਟ ਵੱਜੀ, ਪਰ ਜਦੋਂ ਮੈਂ ਸੋਚਿਆ ਕਿ ਜਿੰਨੀ ਮੈਨੂੰ ਨਵੀਂ ਦੁਨੀਆਂ ਦੀ ਲੋੜ ਹੈ, ਉੱਨੀ ਹੀ ਇਨ੍ਹਾਂ ਨੂੰ ਵੀ, ਤਾਂ ਮੈਂ ਪ੍ਰਚਾਰ ਕਰਦੀ ਰਹਿ ਸਕੀ।
ਮੈਂ ਹੱਥ ਨਾਲ ਚਲਾਉਣ ਵਾਲਾ ਤਿੰਨ-ਪਹੀਏ ਵਾਲਾ ਸਾਈਕਲ ਲੈ ਲਿਆ ਜਿਸ ਕਰਕੇ ਮੇਰੇ ਲਈ ਆਉਣਾ-ਜਾਣਾ ਸੌਖਾ ਹੋ ਗਿਆ। ਪ੍ਰਚਾਰ ਵਿਚ ਜਿਹੜਾ ਵੀ ਭੈਣ-ਭਰਾ ਮੇਰੇ ਨਾਲ ਕੰਮ ਕਰਦਾ ਸੀ, ਉਹ ਚੜ੍ਹਾਈ ’ਤੇ ਸਾਈਕਲ ਨੂੰ ਧੱਕਾ ਲਾਉਂਦਾ ਸੀ ਤੇ ਫਿਰ ਉਹ ਛਲਾਂਗ ਮਾਰ ਕੇ ਸਾਈਕਲ ’ਤੇ ਬਹਿ ਜਾਂਦਾ ਸੀ ਜਦੋਂ ਉਤਰਾਈ ਤੋਂ ਸਾਈਕਲ ਤੇਜ਼ੀ ਨਾਲ ਥੱਲੇ ਆਉਂਦਾ ਸੀ। ਭਾਵੇਂ ਕਿ ਪਹਿਲਾਂ-ਪਹਿਲ ਪ੍ਰਚਾਰ ਕਰਨਾ ਔਖਾ ਸੀ, ਪਰ ਜਲਦੀ ਹੀ ਮੈਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਮਿਲਣ ਲੱਗੀ। ਇਸ ਲਈ ਮੈਂ 1998 ਵਿਚ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਕਰਵਾਈਆਂ ਅਤੇ ਉਨ੍ਹਾਂ ਵਿੱਚੋਂ ਚਾਰਾਂ ਨੇ ਬਪਤਿਸਮਾ ਲੈ ਲਿਆ। ਨਾਲੇ ਮੇਰੀ ਆਪਣੀ ਭੈਣ ਨੇ ਵੀ ਬਪਤਿਸਮਾ ਲੈ ਲਿਆ! ਜਦੋਂ ਮੈਂ ਸੁਣਦੀ ਸੀ ਕਿ ਦੂਜੇ ਸੱਚਾਈ ਵਿਚ ਤਰੱਕੀ ਕਰ ਰਹੇ ਹਨ, ਤਾਂ ਇਸ ਕਰਕੇ ਮੈਨੂੰ ਵੇਲੇ ਸਿਰ ਹੌਸਲਾ ਮਿਲਦਾ ਸੀ। ਇਕ ਦਿਨ ਜਦੋਂ ਮੈਨੂੰ ਮਲੇਰੀਆ ਹੋਇਆ ਸੀ, ਉਦੋਂ ਮੈਨੂੰ ਕੋਟ ਡਿਵੁਆਰ ਤੋਂ ਇਕ ਚਿੱਠੀ ਮਿਲੀ। ਮੈਂ ਬੁਰਕੀਨਾ ਫਾਸੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਦਰਵਾਜ਼ੇ ’ਤੇ ਸਟੱਡੀ ਸ਼ੁਰੂ ਕੀਤੀ ਸੀ ਤੇ ਫਿਰ ਇਹ ਸਟੱਡੀ ਇਕ ਭਰਾ ਨੂੰ ਦੇ ਦਿੱਤੀ। ਬਾਅਦ ਵਿਚ ਉਹ ਵਿਦਿਆਰਥੀ ਕੋਟ ਡਿਵੁਆਰ ਚਲਾ ਗਿਆ। ਉਦੋਂ ਮੈਂ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਈ, ਜਦੋਂ ਮੈਂ ਸੁਣਿਆ ਕਿ ਉਹ ਪਬਲੀਸ਼ਰ ਬਣ ਗਿਆ!
ਮੈਂ ਆਪਣਾ ਗੁਜ਼ਾਰਾ ਕਿਵੇਂ ਤੋਰਦੀ ਹਾਂ? ਇਕ ਸੰਸਥਾ ਜੋ ਅਪਾਹਜ ਲੋਕਾਂ ਦੀ ਮਦਦ ਕਰਦੀ ਹੈ, ਉਸ ਸੰਸਥਾ ਨੇ ਮੈਨੂੰ ਸਿਲਾਈ ਸਿਖਾਉਣ ਦੀ ਪੇਸ਼ਕਸ਼ ਕੀਤੀ। ਇਕ ਕੰਮ ਸਿਖਾਉਣ ਵਾਲੀ ਟੀਚਰ ਨੇ ਮੇਰੀਆਂ ਕੰਮ ਦੀਆਂ ਚੰਗੀਆਂ ਆਦਤਾਂ ਦੇਖੀਆਂ ਤੇ ਕਿਹਾ: “ਅਸੀਂ ਤੁਹਾਨੂੰ ਸਾਬਣ ਬਣਾਉਣਾ ਸਿਖਾਉਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਇੱਦਾਂ ਹੀ ਕੀਤਾ। ਮੈਂ ਕੱਪੜੇ ਧੋਣ ਤੇ ਨਹਾਉਣ ਵਾਲਾ ਸਾਬਣ ਬਣਾਉਂਦੀ ਹਾਂ। ਲੋਕਾਂ ਨੂੰ ਮੇਰਾ ਸਾਬਣ ਪਸੰਦ ਆਉਂਦਾ ਹੈ ਤੇ ਉਹ ਦੂਜਿਆਂ ਨੂੰ ਵੀ ਖ਼ਰੀਦਣ ਲਈ ਕਹਿੰਦੇ ਹਨ। ਮੈਂ ਲੋਕਾਂ ਦੇ ਘਰਾਂ ਵਿਚ ਖ਼ੁਦ ਤਿੰਨ-ਪਹੀਏ ਵਾਲੇ ਸਕੂਟਰ ’ਤੇ ਸਾਬਣ ਦੇਣ ਜਾਂਦੀ ਹਾਂ।
ਅਫ਼ਸੋਸ ਦੀ ਗੱਲ ਹੈ ਕਿ 2004 ਵਿਚ ਪਿੱਠ ਦਾ ਦਰਦ ਵਧ ਜਾਣ ਕਰਕੇ ਮੈਨੂੰ ਪਾਇਨੀਅਰਿੰਗ ਛੱਡਣੀ ਪਈ। ਪਰ ਮੈਂ ਅਜੇ ਵੀ ਬਾਕਾਇਦਾ ਪ੍ਰਚਾਰ ਕਰਨ ਜਾਂਦੀ ਹਾਂ।
ਲੋਕ ਕਹਿੰਦੇ ਹਨ ਕਿ ਮੈਂ ਆਪਣੀ ਮੁਸਕਰਾਹਟ ਕਰਕੇ ਜਾਣੀ ਜਾਂਦੀ ਹਾਂ। ਮੇਰੇ ਕੋਲ ਖ਼ੁਸ਼ ਰਹਿਣ ਦਾ ਹਰ ਇਕ ਕਾਰਨ ਹੈ ਕਿਉਂਕਿ ਮੇਰੇ ਲਈ ਪਰਮੇਸ਼ੁਰ ਦੇ ਨੇੜੇ ਰਹਿਣਾ ਚੰਗਾ ਹੈ।