Skip to content

Skip to table of contents

“ਜੇ ਕਿੰਗਜ਼ਲੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ!”

“ਜੇ ਕਿੰਗਜ਼ਲੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ!”

ਜਿਉਂ ਹੀ ਕਿੰਗਜ਼ਲੀ ਦੇ ਮੋਢੇ ਨੂੰ ਥਪਥਪਾਇਆ ਗਿਆ, ਉਸ ਨੇ ਆਪਣੀ ਬਾਈਬਲ ਰੀਡਿੰਗ ਸ਼ੁਰੂ ਕਰ ਦਿੱਤੀ। ਮੰਡਲੀ ਦੇ ਬਾਈਬਲ ਸਿਖਲਾਈ ਸਕੂਲ ਵਿਚ ਇਹ ਉਸ ਦੀ ਪਹਿਲੀ ਬਾਈਬਲ ਰੀਡਿੰਗ ਹੈ। ਉਹ ਹਰ ਇਕ ਸ਼ਬਦ ਐਨ ਸਹੀ ਤਰੀਕੇ ਨਾਲ ਉਚਾਰਦਾ ਹੈ ਤੇ ਇਕ ਵੀ ਗ਼ਲਤੀ ਨਹੀਂ ਕਰਦਾ। ਪਰ ਜ਼ਰਾ ਰੁਕੋ! ਉਹ ਆਪਣੀ ਬਾਈਬਲ ਵਲ ਕਿਉਂ ਨਹੀਂ ਦੇਖ ਰਿਹਾ ਹੈ?

ਸ੍ਰੀ ਲੰਕਾ ਵਿਚ ਰਹਿਣ ਵਾਲਾ ਕਿੰਗਜ਼ਲੀ ਅੰਨ੍ਹਾ ਹੈ। ਉਸ ਨੂੰ ਘੱਟ ਹੀ ਸੁਣਦਾ ਹੈ ਤੇ ਉਸ ਨੂੰ ਕਿਤੇ ਵੀ ਜਾਣ ਲਈ ਵ੍ਹੀਲ-ਚੇਅਰ ਦੀ ਲੋੜ ਪੈਂਦੀ ਹੈ। ਪਰ ਉਸ ਨੇ ਯਹੋਵਾਹ ਬਾਰੇ ਕਿਵੇਂ ਸਿੱਖਿਆ ਤੇ ਬਾਈਬਲ ਸਿਖਲਾਈ ਸਕੂਲ ਵਿਚ ਭਾਸ਼ਣ ਦੇਣ ਦੇ ਕਾਬਲ ਕਿਵੇਂ ਬਣਿਆ? ਆਓ ਮੈਂ ਤੁਹਾਨੂੰ ਦੱਸਦਾ ਹਾਂ।

ਜਦੋਂ ਮੈਂ ਪਹਿਲੀ ਵਾਰ ਕਿੰਗਜ਼ਲੀ ਨੂੰ ਮਿਲਿਆ, ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਬਾਈਬਲ ਦੀ ਸੱਚਾਈ ਲਈ ਕਿੰਨਾ ਤਿਹਾਇਆ ਸੀ! ਉਸ ਨੇ ਬਹੁਤ ਸਾਰੇ ਗਵਾਹਾਂ ਤੋਂ ਬਾਈਬਲ ਸਟੱਡੀ ਕੀਤੀ ਸੀ ਤੇ ਉਸ ਦੀ ਬ੍ਰੇਲ ਭਾਸ਼ਾ ਵਿਚ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਬਹੁਤ ਫਟੀ-ਪੁਰਾਣੀ ਹੋ ਚੁੱਕੀ ਸੀ। * ਜਦੋਂ ਮੈਂ ਉਸ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ, ਤਾਂ ਉਹ ਤਿਆਰ ਹੋ ਗਿਆ। ਪਰ ਦੋ ਮੁਸ਼ਕਲਾਂ ਸਨ।

ਪਹਿਲੀ, ਕਿੰਗਜ਼ਲੀ ਜਿਸ ਘਰ ਵਿਚ ਰਹਿੰਦਾ ਸੀ, ਉੱਥੇ ਬਹੁਤ ਸਾਰੇ ਬਿਰਧ ਤੇ ਅਪਾਹਜ ਲੋਕ ਰਹਿੰਦੇ ਸਨ। ਰੌਲ਼ੇ-ਰੱਪੇ ਅਤੇ ਕਿੰਗਜ਼ਲੀ ਨੂੰ ਉੱਚਾ ਸੁਣਨ ਕਰਕੇ ਮੈਨੂੰ ਬਹੁਤ ਉੱਚੀ ਆਵਾਜ਼ ਵਿਚ ਬੋਲਣਾ ਪੈਂਦਾ ਸੀ। ਦਰਅਸਲ ਉਸ ਘਰ ਵਿਚ ਰਹਿੰਦੇ ਸਾਰੇ ਜਣੇ ਸਾਨੂੰ ਹਰ ਹਫ਼ਤੇ ਸਟੱਡੀ ਕਰਦਿਆਂ ਸੁਣ ਸਕਦੇ ਸਨ।

ਦੂਜੀ, ਕਿੰਗਜ਼ਲੀ ਹਰ ਹਫ਼ਤੇ ਸਟੱਡੀ ਦੌਰਾਨ ਸਿਰਫ਼ ਥੋੜ੍ਹੀਆਂ ਜਿਹੀਆਂ ਨਵੀਆਂ ਗੱਲਾਂ ਪੜ੍ਹ ਤੇ ਯਾਦ ਰੱਖ ਸਕਦਾ ਸੀ। ਸਟੱਡੀ ਤੋਂ ਪੂਰਾ ਫ਼ਾਇਦਾ ਲੈਣ ਲਈ ਕਿੰਗਜ਼ਲੀ ਚੰਗੀ ਤਰ੍ਹਾਂ ਤਿਆਰੀ ਕਰਦਾ ਸੀ। ਉਹ ਪਹਿਲਾਂ ਤੋਂ ਹੀ ਜਾਣਕਾਰੀ ਨੂੰ ਵਾਰ-ਵਾਰ ਪੜ੍ਹਦਾ ਸੀ, ਆਪਣੀ ਬ੍ਰੇਲ ਬਾਈਬਲ ਵਿੱਚੋਂ ਆਇਤਾਂ ਦੇਖਦਾ ਸੀ ਅਤੇ ਫਿਰ ਸੋਚ ਕੇ ਰੱਖਦਾ ਸੀ ਕਿ ਉਹ ਸਵਾਲਾਂ ਦੇ ਕੀ ਜਵਾਬ ਦੇਵੇਗਾ। ਇਹ ਤਰੀਕਾ ਬਹੁਤ ਅਸਰਕਾਰੀ ਸਾਬਤ ਹੋਇਆ। ਸਟੱਡੀ ਦੌਰਾਨ ਉਹ ਦਰੀ ’ਤੇ ਚੌਂਕੜੀ ਮਾਰ ਕੇ ਬਹਿ ਜਾਂਦਾ ਸੀ ਅਤੇ ਜਦੋਂ ਉਹ ਸਿੱਖੀਆਂ ਗੱਲਾਂ ਉੱਚੀ ਆਵਾਜ਼ ਵਿਚ ਸਮਝਾਉਂਦਾ ਸੀ, ਤਾਂ ਉਹ ਖ਼ੁਸ਼ੀ ਨਾਲ ਜ਼ਮੀਨ ਨੂੰ ਹੱਥਾਂ ਨਾਲ ਥਪਥਪਾਉਂਦਾ ਸੀ। ਥੋੜ੍ਹੇ ਚਿਰ ਬਾਅਦ ਹੀ ਅਸੀਂ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨ ਲੱਗ ਪਏ ਤੇ ਹਰ ਵਾਰ ਦੋ ਘੰਟੇ ਸਟੱਡੀ ਕਰਦੇ ਸੀ।

ਮੀਟਿੰਗਾਂ ਵਿਚ ਜਾਣਾ ਤੇ ਹਿੱਸਾ ਲੈਣਾ

ਕਿੰਗਜ਼ਲੀ ਅਤੇ ਪੌਲ

ਕਿੰਗਜ਼ਲੀ ਮੀਟਿੰਗਾਂ ’ਤੇ ਜਾਣ ਲਈ ਉਤਾਵਲਾ ਸੀ, ਪਰ ਉਸ ਲਈ ਕਿੰਗਡਮ ਹਾਲ ਜਾਣਾ ਸੌਖਾ ਨਹੀਂ ਸੀ। ਉਸ ਨੂੰ ਵ੍ਹੀਲ-ਚੇਅਰ ਰਾਹੀਂ ਕਾਰ ਵਿਚ ਚੜ੍ਹਨ-ਉਤਰਨ ਅਤੇ ਕਿੰਗਡਮ ਹਾਲ ਵਿਚ ਆਉਣ-ਜਾਣ ਲਈ ਮਦਦ ਦੀ ਲੋੜ ਪੈਂਦੀ ਸੀ। ਪਰ ਮੰਡਲੀ ਦੇ ਭੈਣ-ਭਰਾ ਵਾਰੀ-ਵਾਰੀ ਉਸ ਦੀ ਮਦਦ ਕਰਨ ਨੂੰ ਸਨਮਾਨ ਸਮਝਦੇ ਸਨ। ਮੀਟਿੰਗਾਂ ਦੌਰਾਨ ਉਹ ਇਕ ਸਪੀਕਰ ਨੂੰ ਆਪਣੇ ਕੰਨ ਕੋਲ ਰੱਖ ਲੈਂਦਾ ਸੀ, ਪ੍ਰੋਗਰਾਮ ਨੂੰ ਬੜੇ ਧਿਆਨ ਨਾਲ ਸੁਣਦਾ ਅਤੇ ਜਵਾਬ ਵੀ ਦਿੰਦਾ ਸੀ।

ਕੁਝ ਸਮਾਂ ਸਟੱਡੀ ਕਰਨ ਤੋਂ ਬਾਅਦ ਕਿੰਗਜ਼ਲੀ ਨੇ ਬਾਈਬਲ ਸਿਖਲਾਈ ਸਕੂਲ ਵਿਚ ਆਪਣਾ ਨਾਂ ਲਿਖਵਾਉਣ ਦਾ ਫ਼ੈਸਲਾ ਕੀਤਾ। ਜਦੋਂ ਉਸ ਨੇ ਪਹਿਲੀ ਵਾਰ ਬਾਈਬਲ ਰੀਡਿੰਗ ਕਰਨੀ ਸੀ ਤਾਂ ਉਸ ਦੇ ਦੋ ਹਫ਼ਤੇ ਪਹਿਲਾਂ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਆਪਣੀ ਟਾਕ ਤਿਆਰ ਕਰ ਲਈ ਹੈ। ਉਸ ਨੇ ਬੜੇ ਭਰੋਸੇ ਨਾਲ ਕਿਹਾ: “ਹਾਂਜੀ, ਭਾਜੀ ਮੈਂ 30 ਵਾਰ ਪੜ੍ਹ ਚੁੱਕਾ ਹਾਂ।” ਮੈਂ ਉਸ ਦੀ ਤਾਰੀਫ਼ ਕੀਤੀ ਕਿ ਉਹ ਇੰਨੀ ਮਿਹਨਤ ਕਰ ਰਿਹਾ ਸੀ ਤੇ ਮੈਂ ਉਸ ਨੂੰ ਪੜ੍ਹ ਕੇ ਸੁਣਾਉਣ ਲਈ ਕਿਹਾ। ਉਸ ਨੇ ਆਪਣੀ ਬਾਈਬਲ ਖੋਲ੍ਹੀ ਤੇ ਆਪਣੀਆਂ ਉਂਗਲਾਂ ਬ੍ਰੇਲ ਅੱਖਰਾਂ ’ਤੇ ਰੱਖ ਕੇ ਪੜ੍ਹਨ ਲੱਗ ਪਿਆ। ਪਰ ਮੈਂ ਦੇਖਿਆ ਕਿ ਜਿੱਦਾਂ ਉਹ ਪਹਿਲਾਂ ਅੱਖਰਾਂ ਨੂੰ ਪੜ੍ਹਦੇ ਸਮੇਂ ਨਾਲ-ਨਾਲ ਉਂਗਲਾਂ ਅੱਗੇ ਲੈ ਕੇ ਜਾਂਦਾ ਸੀ, ਉੱਦਾਂ ਉਹ ਅੱਜ ਨਹੀਂ ਕਰ ਰਿਹਾ ਸੀ। ਕਿਉਂ? ਕਿਉਂਕਿ ਉਸ ਨੇ ਪੂਰੀ ਟਾਕ ਮੂੰਹ-ਜ਼ਬਾਨੀ ਯਾਦ ਕਰ ਲਈ ਸੀ!

ਇਹ ਦੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ ਤੇ ਮੇਰੀਆਂ ਅੱਖਾਂ ਵਿੱਚੋਂ ਮੱਲੋ-ਮੱਲੀ ਹੰਝੂ ਵਹਿ ਤੁਰੇ। ਮੈਂ ਉਸ ਨੂੰ ਪੁੱਛਿਆ ਕਿ ਸਿਰਫ਼ 30 ਵਾਰ ਪੜ੍ਹਨ ਨਾਲ ਉਸ ਨੂੰ ਟਾਕ ਇੰਨੀ ਚੰਗੀ ਤਰ੍ਹਾਂ ਯਾਦ ਕਿਵੇਂ ਹੋ ਗਈ? ਉਸ ਨੇ ਕਿਹਾ: “ਨਹੀਂ ਭਾਜੀ, ਮੈਂ ਤਾਂ ਹਰ ਰੋਜ਼ 30-30 ਵਾਰੀ ਪ੍ਰੈਕਟਿਸ ਕਰਦਾ ਸੀ।” ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿੰਗਜ਼ਲੀ ਆਪਣੀ ਦਰੀ ’ਤੇ ਬਹਿ ਕੇ ਤਦ ਤਕ ਵਾਰ-ਵਾਰ ਪੜ੍ਹਦਾ ਰਿਹਾ ਜਦ ਤਕ ਉਸ ਨੂੰ ਪੂਰੀ ਟਾਕ ਯਾਦ ਨਹੀਂ ਹੋ ਗਈ।

ਹੁਣ ਕਿੰਗਡਮ ਹਾਲ ਵਿਚ ਉਸ ਦੇ ਭਾਸ਼ਣ ਦੇਣ ਦਾ ਦਿਨ ਆ ਪਹੁੰਚਿਆ ਸੀ। ਜਦੋਂ ਕਿੰਗਜ਼ਲੀ ਨੇ ਆਪਣੀ ਬਾਈਬਲ ਰੀਡਿੰਗ ਖ਼ਤਮ ਕੀਤੀ, ਤਾਂ ਪੂਰਾ ਹਾਲ ਜ਼ੋਰਦਾਰ ਤਾਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ ਤੇ ਇਸ ਨਵੇਂ ਵਿਦਿਆਰਥੀ ਦੇ ਮਜ਼ਬੂਤ ਇਰਾਦੇ ਨੂੰ ਦੇਖ ਕੇ ਬਹੁਤਿਆਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਇਕ ਪਬਲੀਸ਼ਰ ਨੇ ਘਬਰਾਹਟ ਕਰਕੇ ਸਕੂਲ ਵਿਚ ਭਾਸ਼ਣ ਦੇਣੇ ਬੰਦ ਕਰ ਦਿੱਤੇ ਸਨ। ਉਸ ਨੇ ਕਿੰਗਜ਼ਲੀ ਨੂੰ ਦੇਖ ਕੇ ਦੁਬਾਰਾ ਆਪਣਾ ਨਾਂ ਸਕੂਲ ਵਿਚ ਲਿਖਵਾਇਆ। ਕਿਉਂ? ਉਹ ਕਹਿੰਦੀ ਹੈ: “ਜੇ ਕਿੰਗਜ਼ਲੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ!”

ਕਿੰਗਜ਼ਲੀ ਨੇ ਤਿੰਨ ਸਾਲ ਸਟੱਡੀ ਕਰਨ ਤੋਂ ਬਾਅਦ 6 ਸਤੰਬਰ 2008 ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। 13 ਮਈ 2014 ਨੂੰ ਆਪਣੀ ਮੌਤ ਤਕ ਵਫ਼ਾਦਾਰ ਕਿੰਗਜ਼ਲੀ ਇਹੀ ਮੰਨਦਾ ਰਿਹਾ ਕਿ ਨਵੀਂ ਦੁਨੀਆਂ ਵਿਚ ਉਹ ਸਿਹਤਮੰਦ ਹੋ ਕੇ ਪੂਰੀ ਤਾਕਤ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਜਾਰੀ ਰੱਖੇਗਾ। (ਯਸਾ. 35:5, 6)—ਪੌਲ ਮਕਮਾਨਸ ਦੀ ਜ਼ਬਾਨੀ।

^ ਪੈਰਾ 4 ਇਹ ਕਿਤਾਬ 1995 ਵਿਚ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।