ਯਿਸੂ ਵਾਂਗ ਦਲੇਰ ਅਤੇ ਸਮਝਦਾਰ ਬਣੋ
“ਭਾਵੇਂ ਤੁਸੀਂ ਮਸੀਹ ਨੂੰ ਕਦੇ ਦੇਖਿਆ ਨਹੀਂ, ਫਿਰ ਵੀ ਉਸ ਨੂੰ ਪਿਆਰ ਕਰਦੇ ਹੋ। ਭਾਵੇਂ ਤੁਸੀਂ ਹੁਣ ਉਸ ਨੂੰ ਦੇਖ ਨਹੀਂ ਰਹੇ, ਪਰ ਉਸ ’ਤੇ ਨਿਹਚਾ ਰੱਖਦੇ ਹੋ।”
1, 2. (ੳ) ਅਸੀਂ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ? (ਅ) ਕਿਹੜੀ ਗੱਲ ਦੀ ਮਦਦ ਨਾਲ ਅਸੀਂ ਆਪਣਾ ਧਿਆਨ ਆਪਣੇ ਸਫ਼ਰ ’ਤੇ ਲਾਈ ਰੱਖ ਸਕਦੇ ਹਾਂ?
ਜਦੋਂ ਅਸੀਂ ਮਸੀਹੀ ਬਣਦੇ ਹਾਂ, ਤਾਂ ਅਸੀਂ ਇਕ ਤਰ੍ਹਾਂ ਦਾ ਸਫ਼ਰ ਸ਼ੁਰੂ ਕਰਦੇ ਹਾਂ। ਜੇ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਅਸੀਂ ਆਪਣਾ ਸਫ਼ਰ ਪੂਰਾ ਕਰ ਸਕਾਂਗੇ ਅਤੇ ਹਮੇਸ਼ਾ ਲਈ ਜੀ ਸਕਾਂਗੇ। ਯਿਸੂ ਨੇ ਕਿਹਾ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।” (ਮੱਤੀ 24:13) ਜੀ ਹਾਂ, ਆਪਣੀ ਮੰਜ਼ਲ ’ਤੇ ਪਹੁੰਚਣ ਲਈ ਸਾਨੂੰ ਆਪਣੀ ਜ਼ਿੰਦਗੀ ਜਾਂ ਇਸ ਦੁਸ਼ਟ ਦੁਨੀਆਂ ਦੇ “ਅੰਤ ਤਕ” ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦੀ ਲੋੜ ਹੈ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆਂ ਕਾਰਨ ਅਸੀਂ ਕਿਤੇ ਆਪਣੇ ਰਾਹ ਤੋਂ ਭਟਕ ਨਾ ਜਾਈਏ। (1 ਯੂਹੰ. 2:15-17) ਅਸੀਂ ਆਪਣਾ ਧਿਆਨ ਆਪਣੇ ਸਫ਼ਰ ’ਤੇ ਕਿਵੇਂ ਲਾਈ ਰੱਖ ਸਕਦੇ ਹਾਂ?
2 ਯਿਸੂ ਨੇ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਰੱਖੀ ਹੈ। ਬਾਈਬਲ ਵਿਚ ਯਿਸੂ ਦੇ ਜੀਵਨ ਸਫ਼ਰ ਬਾਰੇ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ ਕਿ ਯਿਸੂ ਕਿਹੋ ਜਿਹਾ ਸੀ। ਇੱਦਾਂ ਸਾਡੇ ਮਨ ਵਿਚ ਉਸ ਲਈ ਪਿਆਰ ਅਤੇ ਨਿਹਚਾ ਪੈਦਾ ਹੋਵੇਗੀ। (1 ਪਤਰਸ 1:8, 9 ਪੜ੍ਹੋ।) ਪਤਰਸ ਰਸੂਲ ਨੇ ਕਿਹਾ ਕਿ ਯਿਸੂ ਨੇ ਸਾਡੇ ਲਈ ਇਕ ਮਿਸਾਲ ਕਾਇਮ ਕੀਤੀ ਤਾਂਕਿ ਅਸੀਂ ਉਸ ਦੀ ਰੀਸ ਕਰੀਏ। (1 ਪਤ. 2:21) ਜੇ ਅਸੀਂ ਧਿਆਨ ਨਾਲ ਯਿਸੂ ਦੀ ਮਿਸਾਲ ’ਤੇ ਚੱਲੀਏ, ਤਾਂ ਅਸੀਂ ਅੰਤ ਤਕ ਸਹਿ ਸਕਾਂਗੇ। * ਪਿਛਲੇ ਲੇਖ ਵਿਚ ਅਸੀਂ ਯਿਸੂ ਦੀ ਨਿਮਰਤਾ ਅਤੇ ਦਇਆ ਬਾਰੇ ਸਿੱਖਿਆ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਸ ਦੀ ਦਲੇਰੀ ਅਤੇ ਸਮਝਦਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ।
ਯਿਸੂ ਦਲੇਰ ਹੈ
3. ਦਲੇਰੀ ਕੀ ਹੈ ਅਤੇ ਅਸੀਂ ਇਹ ਜਜ਼ਬਾ ਕਿਵੇਂ ਪੈਦਾ ਕਰ ਸਕਦੇ ਹਾਂ?
3 ਦਲੇਰੀ ਦਾ ਜਜ਼ਬਾ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ। ਦਲੇਰੀ ਸਾਨੂੰ ਸੱਚਾਈ ਦਾ ਪੱਖ ਲੈਣ ਵਿਚ ਮਦਦ ਕਰਦੀ ਹੈ। ਇਹ ਸਾਨੂੰ ਅਜ਼ਮਾਇਸ਼ਾਂ ਦੌਰਾਨ ਸ਼ਾਂਤ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਰਦੀ ਹੈ। ਦਲੇਰੀ ਦਾ ਤਅੱਲਕ ਡਰ, ਉਮੀਦ ਅਤੇ ਪਿਆਰ ਨਾਲ ਹੈ। ਕਿਵੇਂ? ਜਦ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ, ਤਾਂ ਅਸੀਂ ਇਨਸਾਨਾਂ ਦੇ ਡਰ ਅੱਗੇ ਨਹੀਂ ਝੁਕਦੇ। (1 ਸਮੂ. 11:7; ਕਹਾ. 29:25) ਯਹੋਵਾਹ ’ਤੇ ਉਮੀਦ ਲਾਈ ਰੱਖਣ ਨਾਲ ਸਾਡਾ ਧਿਆਨ ਆਉਣ ਵਾਲੇ ਕੱਲ੍ਹ ’ਤੇ ਟਿਕਿਆ ਰਹਿੰਦਾ ਹੈ, ਨਾ ਕਿ ਆਪਣੀਆਂ ਅਜ਼ਮਾਇਸ਼ਾਂ ਉੱਤੇ। (ਜ਼ਬੂ. 27:14) ਜਦ ਸਾਨੂੰ ਸਤਾਇਆ ਜਾਂਦਾ ਹੈ, ਤਾਂ ਨਿਰਸੁਆਰਥ ਪਿਆਰ ਦਲੇਰੀ ਦਿਖਾਉਣ ਵਿਚ ਸਾਡੀ ਮਦਦ ਕਰਦਾ ਹੈ। (ਯੂਹੰ. 15:13) ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਅਤੇ ਉਸ ਦੇ ਬੇਟੇ ਦੀ ਰੀਸ ਕਰ ਕੇ ਅਸੀਂ ਆਪਣੇ ਵਿਚ ਦਲੇਰੀ ਦਾ ਗੁਣ ਪੈਦਾ ਕਰ ਸਕਦੇ ਹਾਂ।
4. ਯਿਸੂ ਨੇ ਮੰਦਰ ਵਿਚ ਦਲੇਰੀ ਕਿਵੇਂ ਦਿਖਾਈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਬਾਰਾਂ ਸਾਲਾਂ ਦੀ ਉਮਰ ਵਿਚ ਯਿਸੂ ਨੇ ਦਲੇਰੀ ਦਿਖਾਈ ਜਦੋਂ ਉਹ ‘ਮੰਦਰ ਵਿਚ ਧਰਮ-ਗੁਰੂਆਂ ਨਾਲ ਬੈਠਾ ਸੀ।’ (ਲੂਕਾ 2:41-47 ਪੜ੍ਹੋ।) ਧਰਮ-ਗੁਰੂ ਨਾ ਸਿਰਫ਼ ਮੂਸਾ ਦੇ ਕਾਨੂੰਨ, ਸਗੋਂ ਯਹੂਦੀ ਰੀਤਾਂ-ਰਿਵਾਜਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਸਨ। ਇਨ੍ਹਾਂ ਰੀਤਾਂ-ਰਿਵਾਜਾਂ ਕਰਕੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣਾ ਔਖਾ ਹੋ ਗਿਆ ਸੀ। ਯਿਸੂ ਇਨ੍ਹਾਂ ਗਿਆਨੀਆਂ-ਧਿਆਨੀਆਂ ਤੋਂ ਡਰਿਆ ਨਹੀਂ, ਸਗੋਂ ਉਹ ਖੁੱਲ੍ਹ ਕੇ ਬੋਲਿਆ। ਉਹ ਉਨ੍ਹਾਂ ਨੂੰ ਅਜਿਹੇ ‘ਸਵਾਲ ਪੁੱਛਦਾ’ ਰਿਹਾ ਜੋ ਆਮ ਤੌਰ ਤੇ ਉਸ ਦੀ ਉਮਰ ਦੇ ਬੱਚੇ ਨਹੀਂ ਪੁੱਛਦੇ। ਕਲਪਨਾ ਕਰੋ ਕਿ ਯਿਸੂ ਦੇ ਡੂੰਘੇ ਸਵਾਲਾਂ ਨੇ ਧਰਮ-ਗੁਰੂਆਂ ਨੂੰ ਉਸ ਦੀ ਗੱਲ ਸੁਣਨ ਅਤੇ ਸੋਚਣ ਲਈ ਮਜਬੂਰ ਕਰ ਦਿੱਤਾ। ਜੇ ਉਨ੍ਹਾਂ ਨੇ ਯਿਸੂ ਨੂੰ ਔਖੇ-ਔਖੇ ਸਵਾਲ ਪੁੱਛ ਕੇ ਗੱਲਾਂ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਵੀ ਉਨ੍ਹਾਂ ਨੇ ਸਫ਼ਲ ਨਹੀਂ ਸੀ ਹੋਣਾ। ਉੱਥੇ ਹਾਜ਼ਰ ਸਾਰੇ ਗੁਰੂ ਅਤੇ ਹੋਰ ਲੋਕ ਉਸ ਦੇ “ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ” ਹੈਰਾਨ ਰਹਿ ਗਏ ਸਨ। ਜੀ ਹਾਂ, ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸੱਚਾਈ ਦਾ ਦਲੇਰੀ ਨਾਲ ਪੱਖ ਲਿਆ!
5. ਆਪਣੀ ਸੇਵਕਾਈ ਦੌਰਾਨ ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦਲੇਰੀ ਦਿਖਾਈ?
5 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਦਲੇਰੀ ਦਿਖਾਈ। ਮਿਸਾਲ ਲਈ, ਉਸ ਨੇ ਲੋਕਾਂ ਨੂੰ ਸ਼ਰੇਆਮ ਦੱਸਿਆ ਕਿ ਧਾਰਮਿਕ ਗੁਰੂ ਉਨ੍ਹਾਂ ਨੂੰ ਆਪਣੀਆਂ ਝੂਠੀਆਂ ਸਿੱਖਿਆਵਾਂ ਨਾਲ ਕੁਰਾਹੇ ਪਾ ਰਹੇ ਸਨ। (ਮੱਤੀ 23:13-36) ਨਾਲੇ ਉਸ ਨੇ ਦੁਨੀਆਂ ਦੀ ਬੁਰੀ ਹਵਾ ਦਾ ਆਪਣੇ ’ਤੇ ਅਸਰ ਨਹੀਂ ਪੈਣ ਦਿੱਤਾ। (ਯੂਹੰ. 16:33) ਉਹ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦਾ ਰਿਹਾ। (ਯੂਹੰ. 5:15-18; 7:14) ਉਸ ਨੇ ਦੋ ਵਾਰ ਦਲੇਰੀ ਨਾਲ ਮੰਦਰ ਵਿੱਚੋਂ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਜੋ ਸ਼ੁੱਧ ਭਗਤੀ ਵਿਚ ਮਿਲਾਵਟ ਕਰ ਰਹੇ ਸਨ।
6. ਧਰਤੀ ’ਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਯਿਸੂ ਨੇ ਦਲੇਰੀ ਕਿਵੇਂ ਦਿਖਾਈ?
6 ਆਓ ਆਪਾਂ ਦੇਖੀਏ ਕਿ ਯਿਸੂ ਨੇ ਧਰਤੀ ’ਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਦੌਰਾਨ ਦਲੇਰੀ ਕਿਵੇਂ ਦਿਖਾਈ। ਯਿਸੂ ਨੂੰ ਪਤਾ ਸੀ ਕਿ ਯਹੂਦਾ ਦੁਆਰਾ ਉਸ ਨੂੰ ਧੋਖੇ ਨਾਲ ਫੜਾਏ ਜਾਣ ਤੋਂ ਬਾਅਦ ਉਸ ਨਾਲ ਕੀ-ਕੀ ਹੋਵੇਗਾ। ਫਿਰ ਵੀ ਪਸਾਹ ਦੇ ਭੋਜਨ ਵੇਲੇ ਉਸ ਨੇ ਯਹੂਦਾ ਨੂੰ ਕਿਹਾ: “ਤੂੰ ਜੋ ਕਰਨਾ, ਫਟਾਫਟ ਕਰ।” (ਯੂਹੰ. 13:21-27) ਗਥਸਮਨੀ ਦੇ ਬਾਗ਼ ਵਿਚ ਜਦ ਸਿਪਾਹੀ ਯਿਸੂ ਨੂੰ ਗਿਰਫ਼ਤਾਰ ਕਰਨ ਆਏ, ਤਾਂ ਉਸ ਨੇ ਦਲੇਰੀ ਨਾਲ ਆਪਣੀ ਪਛਾਣ ਕਰਾਈ। ਭਾਵੇਂ ਉਸ ਦੀ ਜਾਨ ਖ਼ਤਰੇ ਵਿਚ ਸੀ, ਫਿਰ ਵੀ ਉਸ ਨੇ ਆਪਣੇ ਚੇਲਿਆਂ ਦਾ ਕੋਈ ਵੀ ਵਾਲ਼ ਵਿੰਗਾ ਨਹੀਂ ਹੋਣ ਦਿੱਤਾ। ਉਸ ਨੇ ਸਿਪਾਹੀਆਂ ਨੂੰ ਕਿਹਾ: “ਇਨ੍ਹਾਂ ਨੂੰ ਜਾਣ ਦਿਓ।” (ਯੂਹੰ. 18:1-8) ਯਿਸੂ ਜਾਣਦਾ ਸੀ ਕਿ ਮਹਾਂ ਪੁਜਾਰੀ ਉਸ ਨੂੰ ਮਾਰਨ ਦਾ ਬਹਾਨਾ ਲੱਭ ਰਿਹਾ ਸੀ। ਫਿਰ ਵੀ ਯਿਸੂ ਨੇ ਮਹਾਂ ਸਭਾ ਦੇ ਪੁੱਛ-ਗਿੱਛ ਕਰਨ ਤੇ ਦਲੇਰੀ ਨਾਲ ਮੰਨਿਆ ਕਿ ਉਹ ਮਸੀਹ ਸੀ ਅਤੇ ਪਰਮੇਸ਼ੁਰ ਦਾ ਪੁੱਤਰ ਸੀ। ਜੀ ਹਾਂ, ਉਹ ਬਿਲਕੁਲ ਨਹੀਂ ਡਰਿਆ! (ਮਰ. 14:60-65) ਯਿਸੂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ ਅਤੇ ਸੂਲ਼ੀ ’ਤੇ ਆਪਣੀ ਜਾਨ ਦੇ ਦਿੱਤੀ। ਆਖ਼ਰੀ ਸਾਹ ਲੈਂਦਿਆਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਸਾਰਾ ਕੰਮ ਪੂਰਾ ਹੋਇਆ!”
ਯਿਸੂ ਵਾਂਗ ਦਲੇਰ ਬਣੋ
7. ਨੌਜਵਾਨੋ ਤੁਹਾਨੂੰ ਯਹੋਵਾਹ ਦੇ ਗਵਾਹ ਹੋਣਾ ਕਿੱਦਾਂ ਲੱਗਦਾ ਹੈ ਅਤੇ ਤੁਸੀਂ ਦਲੇਰੀ ਦਾ ਸਬੂਤ ਕਿਵੇਂ ਦੇ ਸਕਦੇ ਹੋ?
7 ਅਸੀਂ ਯਿਸੂ ਵਾਂਗ ਦਲੇਰ ਕਿਵੇਂ ਬਣ ਸਕਦੇ ਹਾਂ? ਸਕੂਲ ਵਿਚ। ਨੌਜਵਾਨੋ, ਜਦ ਤੁਸੀਂ ਆਪਣੇ ਨਾਲ ਪੜ੍ਹਨ ਵਾਲਿਆਂ ਜਾਂ ਦੂਜਿਆਂ ਨੂੰ ਆਪਣੀ ਪਛਾਣ ਯਹੋਵਾਹ ਦੇ ਗਵਾਹ ਵਜੋਂ ਕਰਾਉਂਦੇ ਹੋ, ਤਾਂ ਤੁਸੀਂ ਦਲੇਰੀ ਦਾ ਸਬੂਤ ਦਿੰਦੇ ਹੋ। ਇੱਦਾਂ ਤੁਸੀਂ ਦਿਖਾਉਂਦੇ ਹੋ ਕਿ ਯਹੋਵਾਹ ਦੇ ਨਾਂ ਤੋਂ ਜਾਣੇ ਜਾਣਾ ਤੁਹਾਡੇ ਲਈ ਸਨਮਾਨ ਦੀ ਗੱਲ ਹੈ, ਭਾਵੇਂ ਉਹ ਇਸ ਕਾਰਨ ਤੁਹਾਡਾ ਮਜ਼ਾਕ ਹੀ ਕਿਉਂ ਨਾ ਉਡਾਉਣ। (ਜ਼ਬੂਰਾਂ ਦੀ ਪੋਥੀ 86:12 ਪੜ੍ਹੋ।) ਕਈ ਸ਼ਾਇਦ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਕਿ ਵਿਕਾਸਵਾਦ ਦੀ ਸਿੱਖਿਆ ਹੀ ਸਹੀ ਹੈ। ਪਰ ਭਰੋਸਾ ਰੱਖੋ ਕਿ ਬਾਈਬਲ ਵਿਚ ਸ੍ਰਿਸ਼ਟੀ ਬਾਰੇ ਬਿਲਕੁਲ ਸੱਚ ਦੱਸਿਆ ਗਿਆ ਹੈ। ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦਾ ਬਰੋਸ਼ਰ ਵਰਤ ਕੇ ਤੁਸੀਂ ਉਨ੍ਹਾਂ ਨੂੰ ਜਵਾਬ ਦੇ ਸਕਦੇ ਹੋ ਕਿ “ਤੁਸੀਂ ਆਸ਼ਾ ਕਿਉਂ ਰੱਖਦੇ ਹੋ।” (1 ਪਤ. 3:15) ਫਿਰ ਤੁਹਾਨੂੰ ਦਲੇਰੀ ਨਾਲ ਬਾਈਬਲ ਦੀਆਂ ਸੱਚਾਈਆਂ ਦਾ ਪੱਖ ਲੈਣ ਨਾਲ ਖ਼ੁਸ਼ੀ ਮਿਲੇਗੀ!
8. ਸਾਡੇ ਕੋਲ ਦਲੇਰੀ ਨਾਲ ਪ੍ਰਚਾਰ ਕਰਨ ਦੇ ਕਿਹੜੇ ਕਾਰਨ ਹਨ?
8 ਪ੍ਰਚਾਰ ਵਿਚ। ਸੱਚੇ ਮਸੀਹੀਆਂ ਵਜੋਂ ਸਾਨੂੰ “ਯਹੋਵਾਹ ਦੀ ਤਾਕਤ ਨਾਲ ਨਿਡਰ ਹੋ ਕੇ ਗੱਲ ਕਰਦੇ” ਰਹਿਣ ਦੀ ਲੋੜ ਹੈ। (ਰਸੂ. 14:3) ਅਸੀਂ ਦਲੇਰੀ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ? ਪਹਿਲਾ, ਅਸੀਂ ਜਾਣਦੇ ਹਾਂ ਕਿ ਸਾਡਾ ਸੰਦੇਸ਼ ਬਾਈਬਲ ’ਤੇ ਆਧਾਰਿਤ ਹੈ ਅਤੇ ਇਹੀ ਸੱਚਾਈ ਹੈ। (ਯੂਹੰ. 17:17) ਦੂਜਾ, ਅਸੀਂ “ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ” ਅਤੇ ਉਹ ਪਵਿੱਤਰ ਸ਼ਕਤੀ ਰਾਹੀਂ ਸਾਡੀ ਮਦਦ ਕਰਦਾ ਹੈ। (1 ਕੁਰਿੰ. 3:9; ਰਸੂ. 4:31) ਤੀਜਾ, ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰਨ ਕਰਕੇ ਅਸੀਂ ਪੂਰੇ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। (ਮੱਤੀ 22:37-39) ਦਲੇਰ ਹੋਣ ਕਰਕੇ ਅਸੀਂ ਪ੍ਰਚਾਰ ਕਰਨਾ ਬੰਦ ਨਹੀਂ ਕਰਾਂਗੇ। ਅਸੀਂ ਉਨ੍ਹਾਂ ਲੋਕਾਂ ਨੂੰ ਸੱਚਾਈ ਸਿਖਾਉਣ ਦਾ ਠਾਣਿਆ ਹੈ ਜਿਨ੍ਹਾਂ ਨੂੰ ਧਾਰਮਿਕ ਆਗੂਆਂ ਨੇ ‘ਅੰਨ੍ਹੇ’ ਕੀਤਾ ਹੋਇਆ ਹੈ ਯਾਨੀ ਕੁਰਾਹੇ ਪਾਇਆ ਹੈ। (2 ਕੁਰਿੰ. 4:4) ਜੇ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ ਜਾਂ ਸਾਨੂੰ ਸਤਾਉਂਦੇ ਹਨ, ਤਾਂ ਵੀ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ।
9. ਅਜ਼ਮਾਇਸ਼ਾਂ ਸਹਿੰਦੇ ਵੇਲੇ ਅਸੀਂ ਦਲੇਰੀ ਕਿਵੇਂ ਦਿਖਾ ਸਕਦੇ ਹਾਂ?
9 ਅਜ਼ਮਾਇਸ਼ਾਂ ਸਹਿੰਦੇ ਵੇਲੇ। ਪਰਮੇਸ਼ੁਰ ’ਤੇ ਭਰੋਸਾ ਰੱਖਣ ਨਾਲ ਉਹ ਸਾਨੂੰ ਮੁਸ਼ਕਲਾਂ ਸਹਿਣ ਲਈ ਨਿਹਚਾ ਅਤੇ ਦਲੇਰੀ ਦੇਵੇਗਾ। ਸਾਡੇ ਕਿਸੇ ਪਿਆਰੇ ਦੀ ਮੌਤ ਹੋਣ ਤੇ ਅਸੀਂ ਸੋਗ ਤਾਂ ਮਨਾਉਂਦੇ ਹਾਂ, ਪਰ ਉਮੀਦ ਦਾ ਦਾਮਨ ਕਦੇ ਨਹੀਂ ਛੱਡਦੇ। ਸਾਨੂੰ ਪੂਰਾ ਯਕੀਨ ਹੈ ਕਿ “ਦਿਲਾਸਾ ਦੇਣ ਵਾਲਾ ਪਰਮੇਸ਼ੁਰ” ਸਾਨੂੰ ਹੌਸਲਾ ਦੇਵੇਗਾ। (2 ਕੁਰਿੰ. 1:3, 4; 1 ਥੱਸ. 4:13) ਬੀਮਾਰ ਜਾਂ ਜ਼ਖ਼ਮੀ ਹੋਣ ਕਾਰਨ ਅਸੀਂ ਸ਼ਾਇਦ ਤਕਲੀਫ਼ ਵਿਚ ਹੋਈਏ, ਪਰ ਅਸੀਂ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਜਾ ਕੇ ਕੋਈ ਇਲਾਜ ਨਹੀਂ ਕਰਾਵਾਂਗੇ। (ਰਸੂ. 15:28, 29) ਮਾਯੂਸ ਹੋਣ ਕਾਰਨ ‘ਸਾਡਾ ਦਿਲ ਸਾਨੂੰ ਦੋਸ਼ੀ ਠਹਿਰਾ’ ਸਕਦਾ ਹੈ, ਪਰ ਅਸੀਂ ਹਿੰਮਤ ਨਹੀਂ ਹਾਰਦੇ। ਅਸੀਂ ਯਹੋਵਾਹ ’ਤੇ ਪੂਰਾ ਭਰੋਸਾ ਰੱਖਦੇ ਹਾਂ ਜੋ “ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” *
ਯਿਸੂ ਸਮਝਦਾਰ ਹੈ
10. ਸਮਝਦਾਰ ਇਨਸਾਨ ਕੌਣ ਹੁੰਦਾ ਹੈ ਅਤੇ ਇਕ ਸਮਝਦਾਰ ਮਸੀਹੀ ਕਿਵੇਂ ਗੱਲਬਾਤ ਕਰਦਾ ਤੇ ਕੰਮ ਕਰਦਾ ਹੈ?
10 ਸਮਝਦਾਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਸਹੀ ਅਤੇ ਗ਼ਲਤ ਵਿਚ ਕੀ ਫ਼ਰਕ ਹੈ ਤੇ ਉਹ ਸਹੀ ਕੰਮ ਕਰਨ ਦਾ ਫ਼ੈਸਲਾ ਕਰਦਾ ਹੈ। (ਇਬ. 5:14) ਇਕ ਸਮਝਦਾਰ ਮਸੀਹੀ ਅਜਿਹੇ ਫ਼ੈਸਲੇ ਕਰਦਾ ਹੈ ਜਿਸ ਨਾਲ ਉਸ ਦਾ ਰਿਸ਼ਤਾ ਪਰਮੇਸ਼ੁਰ ਨਾਲ ਮਜ਼ਬੂਤ ਹੁੰਦਾ ਹੈ। ਉਹ ਧਿਆਨ ਰੱਖਦਾ ਹੈ ਕਿ ਉਸ ਦੀਆਂ ਗੱਲਾਂ ਰਾਹੀਂ ਦੂਜਿਆਂ ਨੂੰ ਠੇਸ ਨਾ ਪਹੁੰਚੇ। ਨਾਲੇ ਉਹ ਦੂਜਿਆਂ ਦਾ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਦਾ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। (ਕਹਾ. 11:12, 13) ਉਹ “ਛੇਤੀ ਕ੍ਰੋਧ ਨਹੀਂ ਕਰਦਾ।” (ਕਹਾ. 14:29) ਉਹ “ਸਿੱਧੀ ਚਾਲ ਚੱਲਦਾ ਹੈ” ਯਾਨੀ ਜ਼ਿੰਦਗੀ ਵਿਚ ਹਮੇਸ਼ਾ ਸਹੀ ਫ਼ੈਸਲੇ ਕਰਦਾ ਹੈ। (ਕਹਾ. 15:21) ਅਸੀਂ ਸਮਝਦਾਰ ਬਣਨਾ ਕਿਵੇਂ ਸਿੱਖ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ। (ਕਹਾ. 2:1-5, 10, 11) ਨਾਲੇ ਅਸੀਂ ਯਿਸੂ ਬਾਰੇ ਪੜ੍ਹ ਕੇ ਉਸ ਦੀ ਰੀਸ ਕਰ ਸਕਦੇ ਹਾਂ ਜਿਸ ਨੇ ਸਮਝਦਾਰੀ ਦਿਖਾਉਣ ਵਿਚ ਸਭ ਤੋਂ ਵਧੀਆ ਮਿਸਾਲ ਰੱਖੀ।
11. ਯਿਸੂ ਨੇ ਆਪਣੀਆਂ ਗੱਲਾਂ ਰਾਹੀਂ ਸਮਝਦਾਰੀ ਕਿਵੇਂ ਦਿਖਾਈ?
11 ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਮਝਦਾਰੀ ਦਿਖਾਈ। ਉਸ ਦੀਆਂ ਗੱਲਾਂ। ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਦਇਆ ਭਰੇ ਲਫ਼ਜ਼ ਵਰਤੇ ਜਿਸ ਨਾਲ ਉਸ ਦੇ ਸੁਣਨ ਵਾਲੇ ਹੈਰਾਨ ਰਹਿ ਗਏ। (ਮੱਤੀ 7:28; ਲੂਕਾ 4:22) ਯਿਸੂ ਨੇ ਅਕਸਰ ਪਰਮੇਸ਼ੁਰ ਦੇ ਬਚਨ ਵਿੱਚੋਂ ਪੜ੍ਹਿਆ ਜਾਂ ਇਸ ਦਾ ਹਵਾਲਾ ਦਿੱਤਾ। ਉਹ ਜਾਣਦਾ ਸੀ ਕਿ ਕਿਨ੍ਹਾਂ ਹਾਲਾਤਾਂ ਵਿਚ ਕਿਹੜੀਆਂ ਆਇਤਾਂ ਲਾਗੂ ਹੁੰਦੀਆਂ ਸਨ। (ਮੱਤੀ 4:4, 7, 10; 12:1-5; ਲੂਕਾ 4:16-21) ਨਾਲੇ ਜਿਨ੍ਹਾਂ ਲੋਕਾਂ ਨੇ ਯਿਸੂ ਨੂੰ ਆਇਤਾਂ ਦਾ ਮਤਲਬ ਸਮਝਾਉਂਦੇ ਸੁਣਿਆ ਸੀ, ਉਨ੍ਹਾਂ ’ਤੇ ਇਸ ਦਾ ਗਹਿਰਾ ਅਸਰ ਪਿਆ। ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਯਿਸੂ ਨੇ ਇੰਮਊਸ ਵੱਲ ਜਾਂਦੇ ਰਾਹ ’ਤੇ ਆਪਣੇ ਦੋ ਚੇਲਿਆਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਆਪਣੇ ਬਾਰੇ ਪੂਰੇ ਹੋਏ ਹਵਾਲਿਆਂ ਦਾ ਮਤਲਬ ਸਮਝਾਇਆ। ਬਾਅਦ ਵਿਚ ਚੇਲਿਆਂ ਨੇ ਕਿਹਾ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?”
12, 13. ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਛੇਤੀ ਗੁੱਸਾ ਨਹੀਂ ਸੀ ਆਉਂਦਾ ਅਤੇ ਉਹ ਲਕੀਰ ਦਾ ਫਕੀਰ ਨਹੀਂ ਸੀ?
12 ਉਸ ਦੇ ਜਜ਼ਬਾਤ ਤੇ ਰਵੱਈਆ। ਸਮਝਦਾਰ ਹੋਣ ਕਰਕੇ ਯਿਸੂ “ਕ੍ਰੋਧ ਵਿੱਚ ਧੀਮਾ” ਸੀ। (ਕਹਾ. 16:32) ਉਹ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਦਾ ਸੀ ਅਤੇ “ਸੁਭਾਅ ਦਾ ਨਰਮ” ਸੀ। (ਮੱਤੀ 11:29) ਉਹ ਆਪਣੇ ਚੇਲਿਆਂ ਦੀਆਂ ਗ਼ਲਤੀਆਂ ਦੇ ਬਾਵਜੂਦ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਂਦਾ ਸੀ। (ਮਰ. 14:34-38; ਲੂਕਾ 22:24-27) ਨਾਲੇ ਜਦ ਯਿਸੂ ਨਾਲ ਬੁਰਾ ਸਲੂਕ ਕੀਤਾ ਗਿਆ, ਤਾਂ ਵੀ ਉਹ ਸ਼ਾਂਤ ਰਿਹਾ।
13 ਸਮਝਦਾਰ ਹੋਣ ਕਾਰਨ ਉਹ ਲਕੀਰ ਦਾ ਫਕੀਰ ਨਹੀਂ ਸੀ। ਉਸ ਨੂੰ ਪਤਾ ਸੀ ਕਿ ਮੂਸਾ ਦਾ ਕਾਨੂੰਨ ਕਿਉਂ ਦਿੱਤਾ ਗਿਆ ਸੀ ਜਿਸ ਕਰਕੇ ਉਹ ਲੋਕਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਇਆ। ਮਿਸਾਲ ਲਈ, ਜ਼ਰਾ ਉਸ ਤੀਵੀਂ ਬਾਰੇ ਸੋਚੋ ਜਿਸ ਦੇ “ਲਹੂ ਵਹਿ ਰਿਹਾ ਸੀ।” (ਮਰਕੁਸ 5:25-34 ਪੜ੍ਹੋ।) ਤੀਵੀਂ ਨੇ ਭੀੜ ਵਿੱਚੋਂ ਦੀ ਆ ਕੇ ਯਿਸੂ ਦੇ ਕੱਪੜੇ ਨੂੰ ਛੋਹਿਆ ਅਤੇ ਠੀਕ ਹੋ ਗਈ। ਮੂਸਾ ਦੇ ਕਾਨੂੰਨ ਮੁਤਾਬਕ ਉਹ ਅਸ਼ੁੱਧ ਸੀ ਜਿਸ ਕਾਰਨ ਉਸ ਨੂੰ ਕਿਸੇ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ। (ਲੇਵੀ. 15:25-27) ਪਰ ਯਿਸੂ ਨੇ ਉਸ ਨਾਲ ਰੁੱਖਾ ਬੋਲਣ ਦੀ ਬਜਾਇ “ਦਇਆ ਅਤੇ ਵਫ਼ਾਦਾਰੀ” ਦਿਖਾਈ। ਉਹ ਸਮਝਦਾ ਸੀ ਕਿ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਨਾਲੋਂ ਇਹ ਖੂਬੀਆਂ ਜ਼ਿਆਦਾ ਮਾਅਨੇ ਰੱਖਦੀਆਂ ਸਨ। (ਮੱਤੀ 23:23) ਯਿਸੂ ਨੇ ਬੜੇ ਪਿਆਰ ਨਾਲ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।” ਸਮਝਦਾਰ ਹੋਣ ਕਰਕੇ ਯਿਸੂ ਨੇ ਦਇਆ ਦਾ ਗੁਣ ਦਿਖਾਇਆ। ਕਿੰਨੀ ਹੀ ਸੋਹਣੀ ਮਿਸਾਲ!
14. ਯਿਸੂ ਨੇ ਕਿਹੜਾ ਕੰਮ ਕਰਨ ਦਾ ਫ਼ੈਸਲਾ ਕੀਤਾ ਅਤੇ ਉਹ ਪ੍ਰਚਾਰ ’ਤੇ ਆਪਣਾ ਧਿਆਨ ਕਿਵੇਂ ਲਾਈ ਰੱਖ ਸਕਿਆ?
14 ਉਸ ਦੇ ਤੌਰ-ਤਰੀਕੇ। ਯਿਸੂ ਨੇ ਆਪਣੀ ਜ਼ਿੰਦਗੀ ਜੀਉਣ ਦੇ ਤੌਰ-ਤਰੀਕਿਆਂ ਤੋਂ ਵੀ ਦਿਖਾਇਆ ਕਿ ਉਹ ਸਮਝਦਾਰ ਸੀ। ਉਸ ਨੇ ਪ੍ਰਚਾਰ ਦੇ ਕੰਮ ਨੂੰ ਆਪਣਾ ਕੈਰੀਅਰ ਬਣਾਇਆ। (ਲੂਕਾ 4:43) ਨਾਲੇ ਉਸ ਨੇ ਉਹ ਫ਼ੈਸਲੇ ਕੀਤੇ ਜਿਨ੍ਹਾਂ ਦੀ ਮਦਦ ਨਾਲ ਉਹ ਆਪਣਾ ਧਿਆਨ ਆਪਣੇ ਕੰਮ ’ਤੇ ਲਾਈ ਰੱਖ ਸਕਿਆ ਅਤੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਪਾਇਆ। ਮਿਸਾਲ ਲਈ, ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤਾਂਕਿ ਉਹ ਆਪਣਾ ਪੂਰਾ ਸਮਾਂ ਅਤੇ ਤਾਕਤ ਪ੍ਰਚਾਰ ਦੇ ਕੰਮ ਵਿਚ ਲਾ ਸਕੇ। (ਲੂਕਾ 9:58) ਉਹ ਜਾਣਦਾ ਸੀ ਕਿ ਹੋਰਨਾਂ ਨੂੰ ਸਿਖਲਾਈ ਦੇਣੀ ਕਿੰਨੀ ਜ਼ਰੂਰੀ ਸੀ ਤਾਂਕਿ ਉਸ ਦੀ ਮੌਤ ਤੋਂ ਬਾਅਦ ਵੀ ਪ੍ਰਚਾਰ ਦਾ ਕੰਮ ਜਾਰੀ ਰਹੇ। (ਲੂਕਾ 10:1-12; ਯੂਹੰ. 14:12) ਉਸ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਕਿ ਉਹ “ਯੁਗ ਦੇ ਆਖ਼ਰੀ ਸਮੇਂ ਤਕ” ਪ੍ਰਚਾਰ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਦਾ ਰਹੇਗਾ।
ਯਿਸੂ ਵਾਂਗ ਸਮਝਦਾਰ ਬਣੋ
15. ਅਸੀਂ ਆਪਣੀਆਂ ਗੱਲਾਂ ਰਾਹੀਂ ਸਮਝਦਾਰੀ ਦਾ ਸਬੂਤ ਕਿਵੇਂ ਦੇ ਸਕਦੇ ਹਾਂ?
15 ਅਸੀਂ ਯਿਸੂ ਵਾਂਗ ਸਮਝਦਾਰ ਕਿਵੇਂ ਬਣ ਸਕਦੇ ਹਾਂ? ਸਾਡੀਆਂ ਗੱਲਾਂ। ਭੈਣਾਂ-ਭਰਾਵਾਂ ਨਾਲ ਗੱਲ ਕਰਦੇ ਵੇਲੇ ਸਾਨੂੰ ਹੌਸਲਾ ਢਾਹੁਣ ਵਾਲੀਆਂ ਨਹੀਂ, ਸਗੋਂ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। (ਅਫ਼. 4:29) ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦੇ ਵੇਲੇ ਸਾਨੂੰ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ। (ਕੁਲੁ. 4:6) ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਹਾਲਾਤ ਕੀ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ। ਜੇ ਅਸੀਂ ਪਿਆਰ ਨਾਲ ਬੋਲਾਂਗੇ, ਤਾਂ ਲੋਕ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣਗੇ ਅਤੇ ਸਾਡਾ ਸੰਦੇਸ਼ ਉਨ੍ਹਾਂ ਦੇ ਦਿਲਾਂ ਨੂੰ ਛੋਹੇਗਾ। ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਿਆਂ ਵਧੀਆ ਹੋਵੇਗਾ ਕਿ ਅਸੀਂ ਬਾਈਬਲ ਤੋਂ ਪੜ੍ਹੀਏ ਕਿਉਂਕਿ ਇਸ ਦੀਆਂ ਗੱਲਾਂ ਬਿਲਕੁਲ ਸੱਚ ਹਨ। ਅਸੀਂ ਜਾਣਦੇ ਹਾਂ ਕਿ ਬਾਈਬਲ ਦਾ ਸੰਦੇਸ਼ ਸਾਡੀਆਂ ਕਹੀਆਂ ਗੱਲਾਂ ਨਾਲੋਂ ਕਿਤੇ ਜ਼ਿਆਦਾ ਅਸਰਦਾਰ ਹੈ।
16, 17. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਜਲਦੀ ਗੁੱਸੇ ਨਹੀਂ ਹੁੰਦੇ ਅਤੇ ਲਕੀਰ ਦੇ ਫਕੀਰ ਨਹੀਂ ਹਾਂ? (ਅ) ਅਸੀਂ ਆਪਣਾ ਧਿਆਨ ਪ੍ਰਚਾਰ ਕਰਨ ’ਤੇ ਕਿਵੇਂ ਲਾਈ ਰੱਖ ਸਕਦੇ ਹਾਂ?
16 ਸਾਡੇ ਜਜ਼ਬਾਤ ਅਤੇ ਰਵੱਈਆ। ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਮਝਦਾਰ ਹੋਣ ਕਾਰਨ ਅਸੀਂ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖ ਪਾਉਂਦੇ ਹਾਂ ਅਤੇ ‘ਜਲਦੀ ਗੁੱਸਾ ਨਹੀਂ ਕਰਦੇ।’ (ਯਾਕੂ. 1:19) ਜਦ ਦੂਜੇ ਸਾਨੂੰ ਠੇਸ ਪਹੁੰਚਾਉਂਦੇ ਹਨ, ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕਿਹਾ ਜਾਂ ਕੀਤਾ। ਇੱਦਾਂ ਅਸੀਂ ਉਨ੍ਹਾਂ ਨੂੰ ਮਾਫ਼ ਕਰ ਸਕਾਂਗੇ ਅਤੇ ਉਨ੍ਹਾਂ ਨਾਲ ਨਾਰਾਜ਼ ਨਹੀਂ ਰਹਾਂਗੇ। (ਕਹਾ. 19:11) ਸਮਝਦਾਰ ਇਨਸਾਨ ਲਕੀਰ ਦਾ ਫਕੀਰ ਨਹੀਂ ਹੁੰਦਾ। ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਸਾਡੇ ਭੈਣਾਂ-ਭਰਾਵਾਂ ਕੋਲੋਂ ਕਦੇ ਗ਼ਲਤੀਆਂ ਨਹੀਂ ਹੋਣਗੀਆਂ, ਸਗੋਂ ਅਸੀਂ ਯਾਦ ਰੱਖਾਂਗੇ ਕਿ ਸ਼ਾਇਦ ਉਹ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੋਣਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੈ। ਅਸੀਂ ਉਨ੍ਹਾਂ ਦੀ ਰਾਇ ਸੁਣਨ ਲਈ ਵੀ ਤਿਆਰ ਹੋਵਾਂਗੇ ਅਤੇ ਜੇ ਹੋ ਸਕੇ, ਤਾਂ ਅਸੀਂ ਆਪਣੀ ਗੱਲ ’ਤੇ ਅੜੇ ਰਹਿਣ ਦੀ ਬਜਾਇ ਉਨ੍ਹਾਂ ਦੀ ਗੱਲ ਮੰਨ ਲਵਾਂਗੇ।
17 ਸਾਡੇ ਤੌਰ-ਤਰੀਕੇ। ਅਸੀਂ ਜਾਣਦੇ ਹਾਂ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਾਡੇ ਲਈ ਸਭ ਤੋਂ ਵੱਡੇ ਸਨਮਾਨ ਦੀ ਗੱਲ ਹੈ। ਇਸ ਲਈ ਅਸੀਂ ਅਜਿਹੇ ਫ਼ੈਸਲੇ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣਾ ਧਿਆਨ ਪ੍ਰਚਾਰ ਕਰਨ ਵਿਚ ਲਾਈ ਰੱਖ ਸਕਾਂਗੇ। ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਾਂ। ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ ਤਾਂਕਿ ਅੰਤ ਆਉਣ ਤੋਂ ਪਹਿਲਾਂ-ਪਹਿਲਾਂ ਅਸੀਂ ਆਪਣਾ ਪੂਰਾ ਸਮਾਂ ਅਤੇ ਤਾਕਤ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲਗਾ ਸਕੀਏ।
18. ਅਸੀਂ ਹਮੇਸ਼ਾ ਦੀ ਜ਼ਿੰਦਗੀ ਦਾ ਸਫ਼ਰ ਕਿੱਦਾਂ ਕਰਦੇ ਰਹਿ ਸਕਦੇ ਹਾਂ ਅਤੇ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
18 ਸਾਨੂੰ ਯਿਸੂ ਦੀਆਂ ਕੁਝ ਖੂਬੀਆਂ ਬਾਰੇ ਸਿੱਖ ਕੇ ਕਿੰਨੀ ਖ਼ੁਸ਼ੀ ਹੋਈ ਹੈ! ਜ਼ਰਾ ਸੋਚੋ ਕਿ ਉਸ ਦੀਆਂ ਹੋਰ ਖੂਬੀਆਂ ਬਾਰੇ ਸਿੱਖ ਕੇ ਅਤੇ ਉਸ ਦੀ ਰੀਸ ਕਰ ਕੇ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ। ਤਾਂ ਫਿਰ ਆਓ ਆਪਾਂ ਯਿਸੂ ਦੀ ਰੀਸ ਕਰਨ ਦਾ ਪੱਕਾ ਇਰਾਦਾ ਕਰੀਏ। ਇਸ ਤਰ੍ਹਾਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਦਾ ਸਫ਼ਰ ਕਰਦੇ ਰਹਾਂਗੇ ਅਤੇ ਯਹੋਵਾਹ ਦੇ ਹੋਰ ਕਰੀਬ ਹੋਵਾਂਗੇ।
^ ਪੈਰਾ 2 1 ਪਤਰਸ 1:8, 9 ਦੇ ਸ਼ਬਦ ਸਵਰਗੀ ਇਨਾਮ ਪਾਉਣ ਵਾਲੇ ਮਸੀਹੀਆਂ ਲਈ ਲਿਖੇ ਗਏ ਸਨ। ਪਰ ਪਤਰਸ ਦੀ ਇਹ ਗੱਲ ਉਨ੍ਹਾਂ ਮਸੀਹੀਆਂ ’ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਉਮੀਦ ਇਸ ਧਰਤੀ ’ਤੇ ਹਮੇਸ਼ਾ ਲਈ ਜੀਉਣ ਦੀ ਹੈ।
^ ਪੈਰਾ 9 ਅਜ਼ਮਾਇਸ਼ਾਂ ਦੌਰਾਨ ਦਲੇਰੀ ਦੀਆਂ ਮਿਸਾਲਾਂ ਪੜ੍ਹਨ ਲਈ ਪਹਿਰਾਬੁਰਜ, 1 ਦਸੰਬਰ 2000, ਸਫ਼ੇ 24-28 ਅਤੇ ਜਾਗਰੂਕ ਬਣੋ!, ਜੁਲਾਈ-ਸਤੰਬਰ 2003, ਸਫ਼ੇ 20-23 ਦੇਖੋ।