ਪਰਮੇਸ਼ੁਰ ਦੀ ਸੇਵਾ ਉਸ ਲਈ ਦਵਾਈ ਵਾਂਗ ਹੈ!
ਕੀਨੀਆ ਵਿਚ ਜਦੋਂ ਦੋ ਪਾਇਨੀਅਰ ਭਰਾਵਾਂ ਨੂੰ ਇਕ ਘਰ ਅੰਦਰ ਬੁਲਾਇਆ ਗਿਆ, ਤਾਂ ਉਹ ਮੰਜੇ ’ਤੇ ਪਏ ਇਕ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਦਾ ਛੋਟਾ ਜਿਹਾ ਧੜ ਸੀ ਤੇ ਨਿੱਕੀਆਂ-ਨਿੱਕੀਆਂ ਬਾਹਾਂ ਸਨ। ਜਦੋਂ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸਿਆ ਕਿ “ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ,” ਤਾਂ ਉਸ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ।—ਯਸਾ. 35:6.
ਪਾਇਨੀਅਰਾਂ ਨੂੰ ਪਤਾ ਲੱਗਾ ਕਿ ਓਨੇਸਮਸ, ਜੋ ਹੁਣ 37-38 ਸਾਲਾਂ ਦਾ ਹੈ, ਨੂੰ ਜਨਮ ਤੋਂ ਹੀ ਬ੍ਰਿਟਲ ਬੋਨ ਡੀਜ਼ੀਜ਼ (ਹੱਡੀਆਂ ਦਾ ਟੁੱਟਣਾ) ਹੈ। ਉਸ ਦੀਆਂ ਹੱਡੀਆਂ ਇੰਨੀਆਂ ਨਾਜ਼ੁਕ ਸਨ ਕਿ ਥੋੜ੍ਹਾ ਜਿਹਾ ਦਬਾਅ ਪੈਣ ਤੇ ਹੀ ਟੁੱਟ ਜਾਂਦੀਆਂ ਸਨ। ਇਹ ਬੀਮਾਰੀ ਲਾਇਲਾਜ ਹੈ, ਇਸ ਲਈ ਓਨੇਸਮਸ ਨੇ ਸੋਚਿਆ ਕਿ ਉਸ ਦੀ ਸਾਰੀ ਜ਼ਿੰਦਗੀ ਵੀਲ੍ਹਚੇਅਰ ’ਤੇ ਦਰਦ ਸਹਿੰਦਿਆਂ ਹੀ ਗੁਜ਼ਰੇਗੀ।
ਓਨੇਸਮਸ ਬਾਈਬਲ ਸਟੱਡੀ ਕਰਨ ਲੱਗ ਪਿਆ। ਪਰ ਉਸ ਦੀ ਮੰਮੀ ਸੀ ਨਹੀਂ ਚਾਹੁੰਦੀ ਕਿ ਉਹ ਮੀਟਿੰਗਾਂ ਤੇ ਜਾਵੇ। ਉਹ ਸੋਚਦੀ ਸੀ ਕਿ ਓਨੇਸਮਸ ਦੇ ਸੱਟ ਲੱਗ ਜਾਵੇਗੀ ਤੇ ਉਸ ਨੂੰ ਵਾਧੂ ਦੀ ਤਕਲੀਫ਼ ਝੱਲਣੀ ਪਵੇਗੀ। ਇਸ ਲਈ ਭਰਾ ਮੀਟਿੰਗਾਂ ਰਿਕਾਰਡ ਕਰ ਕੇ ਉਸ ਨੂੰ ਦਿੰਦੇ ਸਨ ਜਿਸ ਨੂੰ ਉਹ ਘਰ ਬੈਠ ਕੇ ਸੁਣਦਾ ਸੀ। ਪੰਜ ਮਹੀਨੇ ਸਟੱਡੀ ਕਰਨ ਤੋਂ ਬਾਅਦ ਆਪਣੀ ਮਾੜੀ ਸਿਹਤ ਦੇ ਬਾਵਜੂਦ ਉਸ ਨੇ ਮੀਟਿੰਗਾਂ ਵਿਚ ਜਾਣ ਦਾ ਫ਼ੈਸਲਾ ਕੀਤਾ।
ਕੀ ਮੀਟਿੰਗਾਂ ਵਿਚ ਜਾਣ ਨਾਲ ਓਨੇਸਮਸ ਦਾ ਦਰਦ ਵਧ ਗਿਆ? ਨਹੀਂ, ਸਗੋਂ ਇਸ ਦੇ ਉਲਟ ਹੋਇਆ। ਓਨੇਸਮਸ ਯਾਦ ਕਰਦਾ ਹੈ, “ਮੀਟਿੰਗਾਂ ਦੌਰਾਨ ਮੈਂ ਆਪਣਾ ਦਰਦ ਭੁੱਲ ਜਾਂਦਾ ਸੀ।” ਉਸ ਨੂੰ ਲੱਗਾ ਕਿ ਪਰਮੇਸ਼ੁਰ ਬਾਰੇ ਸਿੱਖ ਕੇ ਉਹ ਅੱਗੇ ਨਾਲੋਂ ਚੰਗਾ ਮਹਿਸੂਸ ਕਰਦਾ ਸੀ। ਓਨੇਸਮਸ ਦੀ ਮੰਮੀ ਨੇ ਜਦ ਆਪਣੇ ਬੇਟੇ ਦੇ ਸੁਭਾਅ ਵਿਚ ਤਬਦੀਲੀ ਦੇਖੀ, ਤਾਂ ਉਹ ਇੰਨੀ ਖ਼ੁਸ਼ ਹੋਈ ਕਿ ਉਹ ਵੀ ਬਾਈਬਲ ਸਟੱਡੀ ਕਰਨ ਲੱਗ ਪਈ। ਉਹ ਕਿਹਾ ਕਰਦੀ ਸੀ ਕਿ “ਪਰਮੇਸ਼ੁਰ ਦੀ ਸੇਵਾ ਮੇਰੇ ਬੇਟੇ ਲਈ ਦਵਾਈ ਵਾਂਗ ਹੈ।”
ਥੋੜ੍ਹੇ ਸਮੇਂ ਬਾਅਦ ਓਨੇਸਮਸ ਪਬਲੀਸ਼ਰ ਬਣ ਗਿਆ। ਸਮੇਂ ਦੇ ਬੀਤਣ ਨਾਲ ਉਸ ਨੇ ਬਪਤਿਸਮਾ ਲੈ ਲਿਆ ਤੇ ਹੁਣ ਮੰਡਲੀ ਵਿਚ ਸਹਾਇਕ ਸੇਵਕ ਵਜੋਂ ਸੇਵਾ ਕਰ ਰਿਹਾ ਹੈ। ਭਾਵੇਂ ਕਿ ਉਸ ਦੀਆਂ ਦੋਵੇਂ ਲੱਤਾਂ ਤੇ ਇਕ ਬਾਂਹ ਕੰਮ ਨਹੀਂ ਕਰਦੀ, ਫਿਰ ਵੀ ਉਹ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਉਹ ਔਗਜ਼ੀਲਰੀ ਪਾਇਨੀਅਰਿੰਗ ਕਰੇ, ਪਰ ਉਹ ਫਾਰਮ ਭਰਨ ਤੋਂ ਹਿਚਕਿਚਾਉਂਦਾ ਸੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਇਸ ਵਾਸਤੇ ਉਸ ਨੂੰ ਹਮੇਸ਼ਾ ਆਪਣੇ ਨਾਲ ਕੋਈ ਚਾਹੀਦਾ ਸੀ ਜੋ ਉਸ ਨੂੰ ਵੀਲ੍ਹਚੇਅਰ ’ਤੇ ਲਿਜਾ ਸਕੇ। ਇਸ ਬਾਰੇ ਜਦੋਂ ਉਸ ਨੇ ਭੈਣਾਂ-ਭਰਾਵਾਂ ਨੂੰ ਦੱਸਿਆ, ਤਾਂ ਉਨ੍ਹਾਂ ਨੇ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਦੀ ਮਦਦ ਨਾਲ ਓਨੇਸਮਸ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਿਆ।
ਫਿਰ ਉਹ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਸੋਚਣ ਲੱਗਾ, ਪਰ ਇਸ ਲਈ ਵੀ ਉਸ ਨੂੰ ਕਿਸੇ ਦੇ ਸਾਥ ਦੀ ਲੋੜ ਸੀ। ਇਕ ਦਿਨ ਉਸ ਨੇ ਡੇਲੀ ਟੈਕਸਟ ਵਿੱਚੋਂ ਜ਼ਬੂਰਾਂ ਦੀ ਪੋਥੀ 34:8 ਪੜ੍ਹਿਆ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” ਇਨ੍ਹਾਂ ਸ਼ਬਦਾਂ ਤੋਂ ਉਸ ਨੂੰ ਹੱਲਾਸ਼ੇਰੀ ਮਿਲੀ ਅਤੇ ਇਸ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਓਨੇਸਮਸ ਨੇ ਰੈਗੂਲਰ ਪਾਇਨੀਅਰ ਬਣਨ ਦਾ ਫ਼ੈਸਲਾ ਕੀਤਾ। ਹੁਣ ਉਹ ਹਫ਼ਤੇ ਵਿਚ ਚਾਰ ਦਿਨ ਪ੍ਰਚਾਰ ਕਰਦਾ ਹੈ ਤੇ ਕਈ ਲੋਕਾਂ ਨੂੰ ਬਾਈਬਲ ਸਟੱਡੀ ਕਰਾਉਂਦਾ ਹੈ ਜੋ ਸੱਚਾਈ ਵਿਚ ਚੰਗੀ ਤਰੱਕੀ ਕਰ ਰਹੇ ਹਨ। ਸਾਲ 2010 ਵਿਚ ਉਹ ਪਾਇਨੀਅਰ ਸੇਵਾ ਸਕੂਲ ਗਿਆ। ਓਨੇਸਮਸ ਇਹ ਦੇਖ ਕੇ ਕਿੰਨਾ ਖ਼ੁਸ਼ ਹੋਇਆ ਕਿ ਸਕੂਲ ਦਾ ਇੰਸਟ੍ਰਕਟਰ ਉਹ ਭਰਾ ਸੀ ਜੋ ਪਹਿਲੀ ਵਾਰ ਉਸ ਦੇ ਘਰ ਪ੍ਰਚਾਰ ਕਰਨ ਆਇਆ ਸੀ!
ਓਨੇਸਮਸ ਦੇ ਮਾਤਾ-ਪਿਤਾ ਹੁਣ ਗੁਜ਼ਰ ਚੁੱਕੇ ਹਨ, ਪਰ ਮੰਡਲੀ ਦੇ ਭੈਣ-ਭਰਾ ਉਸ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਦਾ ਖ਼ਿਆਲ ਰੱਖਦੇ ਹਨ। ਉਹ ਪਰਮੇਸ਼ੁਰ ਦਾ ਬੜਾ ਸ਼ੁਕਰਗੁਜ਼ਾਰ ਹੈ ਜਿਸ ਨੇ ਉਸ ਨੂੰ ਇੰਨੀਆਂ ਬਰਕਤਾਂ ਦਿੱਤੀਆਂ ਹਨ ਅਤੇ ਉਹ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾ. 33:24.