Skip to content

Skip to table of contents

ਜੀਵਨੀ

ਯਹੋਵਾਹ ’ਤੇ ਭਰੋਸਾ ਰੱਖਣ ਨਾਲ ਮਿਲੀਆਂ ਬਰਕਤਾਂ

ਯਹੋਵਾਹ ’ਤੇ ਭਰੋਸਾ ਰੱਖਣ ਨਾਲ ਮਿਲੀਆਂ ਬਰਕਤਾਂ

ਅਸੀਂ ਨਹੀਂ ਜਾਣਦੇ ਕਿ ਕੱਲ੍ਹ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਾਂ ਸਾਡੇ ਸਾਮ੍ਹਣੇ ਕਿਹੜੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਪਰ ਆਪਣੀ ਸਮਝ ’ਤੇ ਭਰੋਸਾ ਕਰਨ ਦੀ ਬਜਾਇ ਜੋ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਉਨ੍ਹਾਂ ਨੂੰ ਬਰਕਤਾਂ ਬਖ਼ਸ਼ਦਾ ਹੈ। ਮੈਨੂੰ ਤੇ ਮੇਰੀ ਪਤਨੀ ਨੂੰ ਯਹੋਵਾਹ ਦੀ ਸੇਵਾ ਵਿਚ ਲੰਬੀ ਜ਼ਿੰਦਗੀ ਬਿਤਾ ਕੇ ਦਿਲੋਂ ਖ਼ੁਸ਼ੀ ਮਿਲੀ ਹੈ। ਇਹ ਹੈ ਸਾਡੀ ਕਹਾਣੀ।

ਮੇਰੇ ਮੰਮੀ-ਡੈਡੀ ਜੀ ਦੀ ਮੁਲਾਕਾਤ 1919 ਵਿਚ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਵਿਚ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਦੇ ਸੰਮੇਲਨ ਵਿਚ ਹੋਈ। ਉਸੇ ਸਾਲ ਉਨ੍ਹਾਂ ਦਾ ਵਿਆਹ ਹੋ ਗਿਆ। ਮੇਰਾ ਜਨਮ 1922 ਵਿਚ ਹੋਇਆ ਤੇ ਮੇਰੇ ਭਰਾ ਪੌਲ ਦਾ ਦੋ ਸਾਲਾਂ ਬਾਅਦ। ਮੇਰੀ ਪਤਨੀ ਗ੍ਰੇਸ 1930 ਵਿਚ ਪੈਦਾ ਹੋਈ। ਉਸ ਦੇ ਮਾਪੇ ਰੌਏ ਤੇ ਰੂਥ ਹਾਓਲ ਦੀ ਪਰਵਰਿਸ਼ ਬਾਈਬਲ ਸਟੂਡੈਂਟਸ ਵਜੋਂ ਹੋਈ ਤੇ ਗ੍ਰੇਸ ਦੇ ਨਾਨਾ-ਨਾਨੀ ਵੀ ਬਾਈਬਲ ਸਟੂਡੈਂਟਸ ਸਨ ਜੋ ਭਰਾ ਚਾਰਲਜ਼ ਟੇਜ਼ ਰਸਲ ਦੇ ਦੋਸਤ ਸਨ।

ਮੈਂ ਗ੍ਰੇਸ ਨੂੰ 1947 ਵਿਚ ਮਿਲਿਆ ਤੇ ਸਾਡਾ ਵਿਆਹ 16 ਜੁਲਾਈ 1949 ਵਿਚ ਹੋਇਆ। ਅਸੀਂ ਵਿਆਹ ਤੋਂ ਪਹਿਲਾਂ ਆਪਣੇ ਭਵਿੱਖ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਸੀਂ ਫ਼ੈਸਲਾ ਕੀਤਾ ਕਿ ਅਸੀਂ ਪੂਰੇ ਸਮੇਂ ਦੀ ਸੇਵਾ ਕਰਾਂਗੇ ਤੇ ਬੱਚੇ ਪੈਦਾ ਨਹੀਂ ਕਰਾਂਗੇ। ਅਸੀਂ 1 ਅਕਤੂਬਰ 1950 ਵਿਚ ਇਕੱਠਿਆਂ ਨੇ ਪਾਇਨੀਅਰਿੰਗ ਸ਼ੁਰੂ ਕੀਤੀ। ਫਿਰ 1952 ਵਿਚ ਸਾਨੂੰ ਸਰਕਟ ਕੰਮ ਕਰਨ ਦਾ ਸੱਦਾ ਮਿਲਿਆ।

ਸਰਕਟ ਤੇ ਡਿਸਟ੍ਰਿਕਟ ਕੰਮ ਅਤੇ ਗਿਲਿਅਡ ਟ੍ਰੇਨਿੰਗ

ਸਾਨੂੰ ਅਹਿਸਾਸ ਹੋਇਆ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਾਨੂੰ ਕਾਫ਼ੀ ਮਦਦ ਦੀ ਲੋੜ ਸੀ। ਮੈਂ ਤਜਰਬੇਕਾਰ ਭਰਾਵਾਂ ਤੋਂ ਟ੍ਰੇਨਿੰਗ ਲੈ ਰਿਹਾ ਸੀ, ਪਰ ਮੈਂ ਸੋਚਿਆ ਕਿ ਵਧੀਆ ਹੋਵੇਗਾ ਜੇ ਗ੍ਰੇਸ ਨੂੰ ਵੀ ਟ੍ਰੇਨਿੰਗ ਮਿਲੇ। ਮੈਂ ਮਾਰਵਿਨ ਹੋਲੀਨ ਨਾਲ ਗੱਲ ਕੀਤੀ ਜੋ ਕਾਫ਼ੀ ਚਿਰਾਂ ਤੋਂ ਸਾਡੇ ਪਰਿਵਾਰ ਨੂੰ ਜਾਣਦਾ ਸੀ ਅਤੇ ਜਿਸ ਨੇ ਸਫ਼ਰੀ ਕੰਮ ਕੀਤਾ ਸੀ। ਮੈਂ ਉਸ ਨੂੰ ਪੁੱਛਿਆ: “ਗ੍ਰੇਸ ਘੱਟ ਉਮਰ ਦੀ ਹੈ ਤੇ ਉਸ ਨੂੰ ਇਸ ਕੰਮ ਦਾ ਜ਼ਿਆਦਾ ਤਜਰਬਾ ਨਹੀਂ ਹੈ। ਕੀ ਕੋਈ ਭੈਣ ਉਸ ਨੂੰ ਥੋੜ੍ਹੀ-ਬਹੁਤੀ ਟ੍ਰੇਨਿੰਗ ਦੇ ਸਕਦੀ ਹੈ?” ਉਸ ਨੇ ਜਵਾਬ ਦਿੱਤਾ: “ਹਾਂ, ਐਡਨਾ ਵਿੰਕਲ ਨਾਂ ਦੀ ਇਕ ਤਜਰਬੇਕਾਰ ਪਾਇਨੀਅਰ ਭੈਣ ਗ੍ਰੇਸ ਦੀ ਮਦਦ ਕਰ ਸਕਦੀ ਹੈ।” ਬਾਅਦ ਵਿਚ ਗ੍ਰੇਸ ਨੇ ਐਡਨਾ ਬਾਰੇ ਦੱਸਿਆ: “ਮੈਂ ਉਸ ਤੋਂ ਸਿੱਖਿਆ ਕਿ ਪ੍ਰਚਾਰ ਵਿਚ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕਿਵੇਂ ਕਰਨੀ ਹੈ ਤੇ ਜੇ ਕੋਈ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੁੰਦਾ, ਤਾਂ ਉਸ ਨਾਲ ਕਿਵੇਂ ਗੱਲ ਕਰਨੀ ਹੈ। ਉਸ ਨੇ ਮੈਨੂੰ ਇਹ ਵੀ ਸਿਖਾਇਆ ਕਿ ਸਾਨੂੰ ਲੋਕਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਸਹੀ ਜਵਾਬ ਦੇ ਸਕੀਏ। ਮੈਨੂੰ ਇਸੇ ਟ੍ਰੇਨਿੰਗ ਦੀ ਲੋੜ ਸੀ!”

ਖੱਬਿਓਂ: ਨੇਥਨ ਨੌਰ, ਮੈਲਕਮ ਐਲਨ, ਫਰੈੱਡ ਰਸਕ, ਲਾਇਲ ਰੋਈਸ਼, ਐਂਡਰੂ ਵੇਗਨਰ

ਅਸੀਂ ਦੋਵਾਂ ਨੇ ਆਇਓਵਾ ਰਾਜ ਦੇ ਦੋ ਸਰਕਟਾਂ ਵਿਚ ਸੇਵਾ ਕੀਤੀ। ਇਨ੍ਹਾਂ ਸਰਕਟਾਂ ਦੀਆਂ ਕੁਝ ਮੰਡਲੀਆਂ ਮਿਨੀਸੋਟਾ ਤੇ ਦੱਖਣੀ ਡਾਕੋਟਾ ਦੇ ਰਾਜਾਂ ਵਿਚ ਸਨ। ਫਿਰ ਸਾਨੂੰ ਨਿਊਯਾਰਕ ਦੇ ਸਰਕਟ 1 ਵਿਚ ਭੇਜਿਆ ਗਿਆ ਜਿਸ ਵਿਚ ਬਰੁਕਲਿਨ ਤੇ ਕੁਈਨਜ਼ ਦੇ ਇਲਾਕੇ ਸਨ। ਸਾਨੂੰ ਅਜੇ ਵੀ ਯਾਦ ਹੈ ਕਿ ਅਸੀਂ ਖ਼ੁਦ ਨੂੰ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ ਸੀ ਸਮਝਿਆ। ਇਸ ਸਰਕਟ ਵਿਚ ਬਰੁਕਲਿਨ ਹਾਈਟਸ ਨਾਂ ਦੀ ਮੰਡਲੀ ਸੀ ਅਤੇ ਇਸ ਦੀਆਂ ਮੀਟਿੰਗਾਂ ਬੈਥਲ ਦੇ ਕਿੰਗਡਮ ਹਾਲ ਵਿਚ ਹੁੰਦੀਆਂ ਸਨ। ਇਸ ਮੰਡਲੀ ਦੇ ਕਈ ਭੈਣ-ਭਰਾ ਸਾਲਾਂ ਤੋਂ ਬੈਥਲ ਵਿਚ ਸੇਵਾ ਕਰਦੇ ਆਏ ਸਨ। ਜਦ ਮੈਂ ਪਹਿਲੀ ਵਾਰ ਇਸ ਮੰਡਲੀ ਵਿਚ ਭਾਸ਼ਣ ਦਿੱਤਾ, ਤਾਂ ਭਰਾ ਨੇਥਨ ਨੌਰ ਨੇ ਮੇਰੇ ਕੋਲ ਆ ਕੇ ਕਿਹਾ: “ਮੈਲਕਮ ਤੂੰ ਸਾਨੂੰ ਵਧੀਆ ਸਲਾਹ ਦਿੱਤੀ ਹੈ। ਨਾਲੇ ਯਾਦ ਰੱਖੀਂ ਕਿ ਜੇ ਤੂੰ ਸਾਨੂੰ ਸਲਾਹ ਨਹੀਂ ਦਿੰਦਾ, ਤਾਂ ਤੂੰ ਭੈਣਾਂ-ਭਰਾਵਾਂ ਦੀ ਮਦਦ ਨਹੀਂ ਕਰ ਸਕੇਂਗਾ। ਸ਼ਾਬਾਸ਼ ਇੱਦਾਂ ਹੀ ਕੰਮ ਕਰਦਾ ਰਹਿ!” ਮੀਟਿੰਗ ਤੋਂ ਬਾਅਦ ਮੈਂ ਇਹ ਗੱਲ ਗ੍ਰੇਸ ਨੂੰ ਦੱਸੀ। ਬਾਅਦ ਵਿਚ ਅਸੀਂ ਆਪਣੇ ਬੈਥਲ ਦੇ ਕਮਰੇ ਵਿਚ ਗਏ ਤੇ ਬੇਚੈਨੀ ਕਾਰਨ ਸਾਡੇ ਮਨ ਇੰਨੇ ਭਰੇ ਹੋਏ ਸਨ ਕਿ ਅਸੀਂ ਫੁੱਟ-ਫੁੱਟ ਕੇ ਰੋਣ ਲੱਗ ਪਏ।

“ਜੇ ਤੂੰ ਸਾਨੂੰ ਸਲਾਹ ਨਹੀਂ ਦਿੰਦਾ, ਤਾਂ ਤੂੰ ਭੈਣਾਂ-ਭਰਾਵਾਂ ਦੀ ਮਦਦ ਨਹੀਂ ਕਰ ਸਕੇਂਗਾ। ਸ਼ਾਬਾਸ਼ ਇੱਦਾਂ ਹੀ ਕੰਮ ਕਰਦਾ ਰਹਿ!”

ਕੁਝ ਮਹੀਨਿਆਂ ਬਾਅਦ ਸਾਨੂੰ ਗਿਲਿਅਡ ਸਕੂਲ ਦੀ 24ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ ਅਤੇ ਇਸ ਦੀ ਗ੍ਰੈਜੂਏਸ਼ਨ ਫਰਵਰੀ 1955 ਵਿਚ ਹੋਈ। ਸਕੂਲ ਜਾਣ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਇਹ ਜ਼ਰੂਰੀ ਨਹੀਂ ਕਿ ਟ੍ਰੇਨਿੰਗ ਤੋਂ ਬਾਅਦ ਸਾਨੂੰ ਮਿਸ਼ਨਰੀਆਂ ਵਜੋਂ ਭੇਜਿਆ ਜਾਵੇ। ਇਸ ਦੀ ਬਜਾਇ ਇਸ ਟ੍ਰੇਨਿੰਗ ਦੇ ਜ਼ਰੀਏ ਸਾਨੂੰ ਸਫ਼ਰੀ ਕੰਮ ਕਰਨ ਵਿਚ ਹੋਰ ਮਦਦ ਮਿਲੇਗੀ। ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਸਕੂਲ ਤੋਂ ਕਿੰਨੀ ਵਧੀਆ ਟ੍ਰੇਨਿੰਗ ਮਿਲੀ, ਪਰ ਇਸ ਨੇ ਸਾਨੂੰ ਨਿਮਰ ਬਣਨਾ ਸਿਖਾਇਆ।

1954 ਵਿਚ ਗਿਲਿਅਡ ਸਕੂਲ ਵੇਲੇ ਗ੍ਰੇਸ ਤੇ ਮੇਰੇ ਨਾਲ ਫਰਨ ਅਤੇ ਜੌਰਜ ਕਾਊਚ

ਗਿਲਿਅਡ ਸਕੂਲ ਤੋਂ ਬਾਅਦ ਸਾਨੂੰ ਡਿਸਟ੍ਰਿਕਟ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ। ਇਸ ਵਿਚ ਇੰਡੀਆਨਾ, ਮਿਸ਼ੀਗਨ ਅਤੇ ਓਹੀਓ ਦੇ ਰਾਜ ਸ਼ਾਮਲ ਸਨ। ਫਿਰ ਅਸੀਂ ਬਹੁਤ ਹੈਰਾਨ ਹੋਏ ਜਦ ਦਸੰਬਰ 1955 ਵਿਚ ਸਾਨੂੰ ਭਰਾ ਨੌਰ ਵੱਲੋਂ ਇਕ ਚਿੱਠੀ ਮਿਲੀ: ‘ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਬੈਥਲ ਵਿਚ ਸੇਵਾ ਕਰਨੀ ਚਾਹੋਗੇ ਜਾਂ ਤੁਸੀਂ ਥੋੜ੍ਹੀ ਦੇਰ ਬੈਥਲ ਵਿਚ ਕੰਮ ਕਰਨ ਤੋਂ ਬਾਅਦ ਵਿਦੇਸ਼ ਜਾ ਕੇ ਸੇਵਾ ਕਰਨੀ ਚਾਹੋਗੇ। ਪਰ ਜੇ ਤੁਸੀਂ ਡਿਸਟ੍ਰਿਕਟ ਅਤੇ ਸਰਕਟ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਖੁੱਲ੍ਹ ਕੇ ਦੱਸ ਸਕਦੇ ਹੋ।’ ਅਸੀਂ ਜਵਾਬ ਵਿਚ ਕਿਹਾ ਕਿ ਸਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਅਸੀਂ ਉਸ ਨੂੰ ਪੂਰੇ ਦਿਲ ਨਾਲ ਨਿਭਾਵਾਂਗੇ। ਇਸ ਤੋਂ ਫ਼ੌਰਨ ਬਾਅਦ ਸਾਨੂੰ ਬੈਥਲ ਬੁਲਾਇਆ ਗਿਆ!

ਬੈਥਲ ਵਿਚ ਮਜ਼ੇਦਾਰ ਸਾਲ

ਬੈਥਲ ਵਿਚ ਉਨ੍ਹਾਂ ਸਾਲਾਂ ਦੌਰਾਨ ਮੈਂ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ’ਤੇ ਭਾਸ਼ਣ ਦਿੱਤੇ। ਮੈਂ ਬਹੁਤ ਸਾਰੇ ਜਵਾਨ ਭਰਾਵਾਂ ਨੂੰ ਟ੍ਰੇਨਿੰਗ ਦਿੱਤੀ ਜਿਨ੍ਹਾਂ ਨੇ ਬਾਅਦ ਵਿਚ ਯਹੋਵਾਹ ਦੇ ਸੰਗਠਨ ਵਿਚ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਫਿਰ ਮੈਂ ਭਰਾ ਨੌਰ ਦੇ ਆਫ਼ਿਸ ਵਿਚ ਸੈਕਟਰੀ ਵਜੋਂ ਕੰਮ ਕੀਤਾ। ਇਸ ਆਫ਼ਿਸ ਤੋਂ ਪੂਰੀ ਦੁਨੀਆਂ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕੀਤੀ ਜਾਂਦੀ ਸੀ।

1956 ਵਿਚ ਸੇਵਾ ਵਿਭਾਗ ਵਿਚ ਕੰਮ ਕਰਦਿਆਂ

ਖ਼ਾਸ ਕਰਕੇ ਸੇਵਾ ਵਿਭਾਗ ਵਿਚ ਬਿਤਾਏ ਉਹ ਸਾਲ ਬਹੁਤ ਹੀ ਮਜ਼ੇਦਾਰ ਸਨ। ਇੱਥੇ ਮੈਂ ਭਰਾ ਟੀ. ਜੇ. (ਬੱਡ) ਸਲਵਨ ਨਾਲ ਕੰਮ ਕੀਤਾ। ਉਸ ਨੇ ਓਵਰਸੀਅਰ ਵਜੋਂ ਇਸ ਵਿਭਾਗ ਵਿਚ ਕਈ ਸਾਲਾਂ ਤੋਂ ਕੰਮ ਕੀਤਾ ਸੀ। ਨਾਲੇ ਹੋਰ ਵੀ ਭਰਾ ਸਨ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਮਿਸਾਲ ਲਈ, ਭਰਾ ਫਰੈੱਡ ਰਸਕ ਨੇ ਮੈਨੂੰ ਟ੍ਰੇਨਿੰਗ ਦਿੱਤੀ। ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਉਸ ਨੂੰ ਪੁੱਛਿਆ: “ਫਰੈੱਡ ਤੁਸੀਂ ਮੇਰੀਆਂ ਲਿਖੀਆਂ ਚਿੱਠੀਆਂ ਵਿਚ ਇੰਨੀਆਂ ਗ਼ਲਤੀਆਂ ਕਿਉਂ ਕੱਢਦੇ ਹੋ?” ਉਸ ਨੇ ਹੱਸ ਕੇ ਮੈਨੂੰ ਬੜੇ ਠਰ੍ਹੰਮੇ ਨਾਲ ਸਮਝਾਇਆ: “ਮੈਲਕਮ ਜਦ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਤਾਂ ਅਸੀਂ ਉਸ ਗੱਲ ਨੂੰ ਖੋਲ੍ਹ ਕੇ ਸਮਝਾ ਸਕਦੇ ਹਾਂ। ਪਰ ਜਦ ਅਸੀਂ ਚਿੱਠੀਆਂ ਭੇਜਦੇ ਹਾਂ, ਖ਼ਾਸ ਕਰਕੇ ਬੈਥਲ ਤੋਂ, ਤਾਂ ਹਰ ਲਫ਼ਜ਼ ਨਾਪ ਤੋਲ ਕੇ ਲਿਖਿਆ ਹੋਣਾ ਚਾਹੀਦਾ ਹੈ।” ਫਿਰ ਉਸ ਨੇ ਮੈਨੂੰ ਪਿਆਰ ਨਾਲ ਕਿਹਾ: “ਹਿੰਮਤ ਰੱਖ, ਤੂੰ ਵਧੀਆ ਕਰ ਰਿਹਾ ਹੈਂ ਅਤੇ ਸਮੇਂ ਦੇ ਬੀਤਣ ਨਾਲ ਤੂੰ ਗੱਲਾਂ ਸਿੱਖ ਜਾਵੇਂਗਾ।”

ਬੈਥਲ ਵਿਚ ਸਾਲਾਂ ਦੌਰਾਨ ਗ੍ਰੇਸ ਨੇ ਤਰ੍ਹਾਂ-ਤਰ੍ਹਾਂ ਦੇ ਕੰਮ ਕੀਤੇ। ਉਸ ਨੇ ਬੈਥਲ ਦੇ ਕਮਰਿਆਂ ਦੀ ਸਾਫ਼-ਸਫ਼ਾਈ ਕਰਨ ਦਾ ਕੰਮ ਕੀਤਾ। ਉਸ ਨੂੰ ਆਪਣਾ ਕੰਮ ਬਹੁਤ ਪਸੰਦ ਸੀ। ਉਸ ਨੇ ਬੈਥਲ ਦੇ ਜਵਾਨ ਭਰਾਵਾਂ ਨੂੰ ਕਮਰੇ ਦੀ ਦੇਖ-ਭਾਲ ਕਰਨੀ ਸਿਖਾਈ। ਅੱਜ ਵੀ ਜਦ ਸਾਨੂੰ ਉਨ੍ਹਾਂ ਵਿੱਚੋਂ ਕੋਈ ਭਰਾ ਮਿਲਦਾ ਹੈ, ਤਾਂ ਉਹ ਮੁਸਕਰਾ ਕੇ ਕਹਿੰਦਾ ਹੈ: “ਤੁਸੀਂ ਮੈਨੂੰ ਸਿਖਾਇਆ ਕਿ ਬਿਸਤਰਾ ਕਿੱਦਾਂ ਵਿਛਾਈਦਾ ਅਤੇ ਇਸ ਗੱਲ ਤੋਂ ਮੇਰੀ ਮੰਮੀ ਬਹੁਤ ਖ਼ੁਸ਼ ਹੋਈ।” ਗ੍ਰੇਸ ਨੇ ਮੈਗਜ਼ੀਨ ਤੇ ਚਿੱਠੀ-ਪੱਤਰ ਵਿਭਾਗਾਂ ਵਿਚ ਵੀ ਕੰਮ ਕੀਤਾ। ਨਾਲੇ ਉਸ ਵਿਭਾਗ ਵਿਚ ਵੀ ਜਿੱਥੇ ਕੈਸੇਟਾਂ ਦੀਆਂ ਕਾਪੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਵੱਖੋ-ਵੱਖਰੇ ਕੰਮਾਂ ਦੇ ਜ਼ਰੀਏ ਉਸ ਨੇ ਸਿੱਖਿਆ ਕਿ ਯਹੋਵਾਹ ਦੇ ਸੰਗਠਨ ਵਿਚ ਅਸੀਂ ਜੋ ਵੀ ਕਰਦੇ ਹਾਂ ਜਾਂ ਜਿੱਥੇ ਕਿਤੇ ਵੀ ਸੇਵਾ ਕਰਦੇ ਹਾਂ, ਇਹ ਯਹੋਵਾਹ ਵੱਲੋਂ ਇਕ ਸਨਮਾਨ ਤੇ ਬਰਕਤ ਹੈ। ਅੱਜ ਵੀ ਉਹ ਅਜਿਹਾ ਹੀ ਮਹਿਸੂਸ ਕਰਦੀ ਹੈ।

ਤਬਦੀਲੀਆਂ ਜੋ ਅਸੀਂ ਕੀਤੀਆਂ

ਤਕਰੀਬਨ 1975 ਵਿਚ ਸਾਨੂੰ ਮਹਿਸੂਸ ਹੋਇਆ ਕਿ ਸਾਡੇ ਬਜ਼ੁਰਗ ਮਾਪਿਆਂ ਨੂੰ ਸਾਡੀ ਮਦਦ ਦੀ ਲੋੜ ਹੈ। ਇਸ ਕਰਕੇ ਸਾਨੂੰ ਇਕ ਔਖਾ ਫ਼ੈਸਲਾ ਲੈਣਾ ਪਿਆ। ਅਸੀਂ ਬੈਥਲ ਛੱਡਣਾ ਨਹੀਂ ਸੀ ਚਾਹੁੰਦੇ ਕਿਉਂਕਿ ਅਸੀਂ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਸੀ। ਪਰ ਮੈਨੂੰ ਲੱਗਿਆ ਕਿ ਸਾਡੇ ਮਾਪਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸਾਡੀ ਬਣਦੀ ਸੀ। ਇਸ ਲਈ ਅਸੀਂ ਬੈਥਲ ਛੱਡ ਦਿੱਤਾ, ਪਰ ਸਾਨੂੰ ਉਮੀਦ ਸੀ ਕਿ ਹਾਲਾਤ ਬਦਲਣ ਤੋਂ ਬਾਅਦ ਸ਼ਾਇਦ ਅਸੀਂ ਵਾਪਸ ਆ ਸਕਾਂਗੇ।

ਆਪਣਾ ਗੁਜ਼ਾਰਾ ਤੋਰਨ ਲਈ ਮੈਂ ਬੀਮੇ ਦਾ ਕੰਮ ਕਰਨ ਲੱਗ ਪਿਆ। ਮੈਨੂੰ ਯਾਦ ਹੈ ਕਿ ਇਕ ਵਾਰ ਮੇਰੇ ਮੈਨੇਜਰ ਨੇ ਮੈਨੂੰ ਟ੍ਰੇਨਿੰਗ ਦੌਰਾਨ ਕਿਹਾ: “ਤੂੰ ਇਸ ਬਿਜ਼ਨਿਸ ਵਿਚ ਤਾਂ ਹੀ ਕਾਮਯਾਬ ਹੋ ਸਕੇਂਗਾ ਜੇ ਤੂੰ ਹਰ ਸ਼ਾਮ ਲੋਕਾਂ ਨੂੰ ਘਰ-ਘਰ ਜਾ ਕੇ ਮਿਲੇ। ਉਸ ਵਕਤ ਹੀ ਲੋਕ ਘਰਾਂ ਵਿਚ ਮਿਲਦੇ ਹਨ।” ਮੈਂ ਜਵਾਬ ਦਿੱਤਾ: “ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਤੁਸੀਂ ਆਪਣੇ ਤਜਰਬੇ ਤੋਂ ਇਹ ਗੱਲ ਕਹੀ ਹੈ। ਪਰ ਮੈਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਰਮੇਸ਼ੁਰ ਦੀ ਭਗਤੀ ਨੂੰ ਪਹਿਲੀ ਥਾਂ ਦਿੱਤੀ ਹੈ ਅਤੇ ਦਿੰਦਾ ਰਹਾਂਗਾ। ਮੈਂ ਸ਼ਾਮ ਨੂੰ ਕੁਝ ਲੋਕਾਂ ਨੂੰ ਮਿਲਾਂਗਾ, ਪਰ ਮੰਗਲਵਾਰ ਤੇ ਵੀਰਵਾਰ ਸ਼ਾਮ ਨੂੰ ਨਹੀਂ ਕਿਉਂਕਿ ਇਨ੍ਹਾਂ ਦਿਨਾਂ ਵਿਚ ਮੇਰੀਆਂ ਬਹੁਤ ਜ਼ਰੂਰੀ ਮੀਟਿੰਗਾਂ ਹੁੰਦੀਆਂ ਹਨ।” ਮੀਟਿੰਗਾਂ ਤੇ ਜਾਣ ਲਈ ਮੈਂ ਨੌਕਰੀ ਨੂੰ ਆੜੇ ਨਹੀਂ ਆਉਣ ਦਿੱਤਾ ਜਿਸ ਕਰਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ।

ਅਸੀਂ ਆਪਣੀ ਮੰਮੀ ਨਾਲ ਸੀ ਜਦ ਉਹ ਜੁਲਾਈ 1987 ਵਿਚ ਇਕ ਨਰਸਿੰਗ ਹੋਮ ਵਿਚ ਗੁਜ਼ਰ ਗਏ। ਨਰਸ ਨੇ ਗ੍ਰੇਸ ਨੂੰ ਕਿਹਾ: “ਤੁਸੀਂ ਘਰ ਜਾਓ ਤੇ ਥੋੜ੍ਹਾ ਆਰਾਮ ਕਰ ਲਓ। ਸਾਰੇ ਜਾਣਦੇ ਹਨ ਕਿ ਤੁਸੀਂ ਆਪਣੀ ਸੱਸ ਦੀ ਕਿੰਨੀ ਸੇਵਾ ਕੀਤੀ ਹੈ। ਇਸ ਗੱਲ ਦੀ ਤਸੱਲੀ ਰੱਖੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ।”

ਦਸੰਬਰ 1987 ਵਿਚ ਅਸੀਂ ਦੁਬਾਰਾ ਬੈਥਲ ਦੇ ਫ਼ਾਰਮ ਭਰ ਦਿੱਤੇ। ਪਰ ਕੁਝ ਦਿਨਾਂ ਬਾਅਦ ਸਾਨੂੰ ਪਤਾ ਲੱਗਾ ਕਿ ਗ੍ਰੇਸ ਨੂੰ ਵੱਡੀ ਆਂਤ ਦਾ ਕੈਂਸਰ ਹੋ ਗਿਆ ਹੈ। ਸਰਜਰੀ ਤੋਂ ਕੁਝ ਸਮੇਂ ਬਾਅਦ ਉਹ ਠੀਕ ਹੋ ਗਈ ਤੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕੈਂਸਰ ਨਹੀਂ ਹੈ। ਇਸ ਸਮੇਂ ਦੌਰਾਨ ਸਾਨੂੰ ਬੈਥਲ ਵੱਲੋਂ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਚੰਗਾ ਹੋਵੇਗਾ ਜੇ ਅਸੀਂ ਆਪਣੀ ਮੰਡਲੀ ਨਾਲ ਮਿਲ ਕੇ ਸੇਵਾ ਕਰਦੇ ਰਹੀਏ। ਸੋ ਅਸੀਂ ਪੂਰੀ ਮਿਹਨਤ ਨਾਲ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦਾ ਪੱਕਾ ਇਰਾਦਾ ਕੀਤਾ।

ਬਾਅਦ ਵਿਚ ਮੈਨੂੰ ਟੈਕਸਸ ਰਾਜ ਵਿਚ ਨੌਕਰੀ ਮਿਲੀ। ਅਸੀਂ ਸੋਚਿਆ ਕਿ ਉੱਥੇ ਦਾ ਗਰਮੀ ਵਾਲਾ ਮੌਸਮ ਸਾਡੀ ਸਿਹਤ ਲਈ ਵਧੀਆ ਹੋਵੇਗਾ ਅਤੇ ਇੱਦਾਂ ਹੀ ਹੋਇਆ। ਸਾਨੂੰ ਟੈਕਸਸ ਵਿਚ ਰਹਿੰਦਿਆਂ ਹੁਣ 25 ਸਾਲ ਹੋ ਗਏ ਹਨ ਅਤੇ ਇੱਥੇ ਦੇ ਭੈਣ-ਭਰਾ ਸਾਨੂੰ ਇੰਨਾ ਪਿਆਰ ਕਰਦੇ ਹਨ ਕਿ ਅਸੀਂ ਉਨ੍ਹਾਂ ਨਾਲ ਆਪਣਾਪਣ ਮਹਿਸੂਸ ਕਰਦੇ ਹਾਂ।

ਸਬਕ ਜੋ ਅਸੀਂ ਸਿੱਖੇ

ਗ੍ਰੇਸ ਨੂੰ ਕਈ ਵਾਰ ਵੱਡੀ ਆਂਤ, ਥਾਇਰਾਇਡ ਅਤੇ ਛਾਤੀ ਦਾ ਕੈਂਸਰ ਹੋਇਆ ਹੈ। ਪਰ ਉਸ ਨੇ ਕਦੀ ਵੀ ਸ਼ਿਕਾਇਤ ਨਹੀਂ ਕੀਤੀ ਕਿ ਉਸ ਨਾਲ ਇੱਦਾਂ ਕਿਉਂ ਹੋਇਆ। ਉਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਪਰਿਵਾਰ ਦੇ ਮੁਖੀ ਵਜੋਂ ਮੇਰਾ ਆਦਰ ਕੀਤਾ ਹੈ। ਉਸ ਨੂੰ ਅਕਸਰ ਪੁੱਛਿਆ ਜਾਂਦਾ ਹੈ: “ਤੁਹਾਡੇ ਸੁਖੀ ਵਿਆਹ ਅਤੇ ਖ਼ੁਸ਼ ਰਹਿਣ ਦਾ ਰਾਜ਼ ਕੀ ਹੈ?” ਉਹ ਇਸ ਦੇ ਚਾਰ ਕਾਰਨ ਦੱਸਦੀ ਹੈ: “ਅਸੀਂ ਗੂੜ੍ਹੇ ਦੋਸਤ ਹਾਂ। ਅਸੀਂ ਰੋਜ਼ ਇਕ-ਦੂਜੇ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਾਂ। ਸਾਨੂੰ ਇਕ-ਦੂਜੇ ਨਾਲ ਸਮਾਂ ਗੁਜ਼ਾਰ ਕੇ ਬਹੁਤ ਚੰਗਾ ਲੱਗਦਾ ਹੈ। ਨਾਲੇ ਸੌਣ ਤੋਂ ਪਹਿਲਾਂ ਅਸੀਂ ਹਮੇਸ਼ਾ ਆਪਣੇ ਗਿਲੇ-ਸ਼ਿਕਵੇ ਮਿਟਾ ਲੈਂਦੇ ਹਾਂ।” ਹਾਲਾਂਕਿ ਕਦੀ-ਕਦੀ ਸਾਡੀ ਇਕ-ਦੂਜੇ ਨਾਲ ਅਣਬਣ ਹੋ ਜਾਂਦੀ ਹੈ, ਪਰ ਅਸੀਂ ਮਾਫ਼ ਕਰ ਕੇ ਗ਼ਲਤੀਆਂ ਭੁਲਾ ਦਿੰਦੇ ਹਾਂ। ਇੱਦਾਂ ਕਰਨਾ ਹੀ ਸਭ ਤੋਂ ਵਧੀਆ ਹੈ।

“ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ ਤੇ ਜੋ ਉਹ ਹੋਣ ਦਿੰਦਾ ਹੈ, ਉਸ ਨੂੰ ਮੰਨ ਲਓ”

ਸਾਡੀ ਜ਼ਿੰਦਗੀ ਵਿਚ ਜੋ ਵੀ ਅਜ਼ਮਾਇਸ਼ਾਂ ਆਈਆਂ, ਉਨ੍ਹਾਂ ਤੋਂ ਅਸੀਂ ਕਈ ਚੰਗੇ ਸਬਕ ਸਿੱਖੇ:

  1.  ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ ਤੇ ਜੋ ਉਹ ਹੋਣ ਦਿੰਦਾ ਹੈ, ਉਸ ਨੂੰ ਮੰਨ ਲਓ। ਆਪਣੀ ਸਮਝ ’ਤੇ ਕਦੇ ਵੀ ਇਤਬਾਰ ਨਾ ਕਰੋ।​—ਕਹਾ. 3:5, 6; ਯਿਰ. 17:7.

  2.  ਭਾਵੇਂ ਕੋਈ ਵੀ ਮਸਲਾ ਹੋਵੇ, ਯਹੋਵਾਹ ਦੇ ਬਚਨ ਤੋਂ ਅਗਵਾਈ ਲਓ। ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ਦੇ ਕਾਨੂੰਨਾਂ ਮੁਤਾਬਕ ਚੱਲੋ। ਅਸੀਂ ਦੋ ਪਾਸੇ ਨਹੀਂ ਹੋ ਸਕਦੇ, ਜਾਂ ਤਾਂ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ ਜਾਂ ਨਹੀਂ।​—ਰੋਮੀ. 6:16; ਇਬ. 4:12.

  3.  ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਯਹੋਵਾਹ ਦੀ ਨਜ਼ਰ ਵਿਚ ਚੰਗਾ ਨਾਂ ਕਮਾਓ। ਪੈਸੇ ਜਾਂ ਚੀਜ਼ਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿਓ।​—ਕਹਾ. 28:20; ਉਪ. 7:1; ਮੱਤੀ 6:33, 34.

  4.  ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਜੀ-ਜਾਨ ਨਾਲ ਉਸ ਦੀ ਸੇਵਾ ਵਿਚ ਲੱਗੇ ਰਹੋਗੇ। ਉਨ੍ਹਾਂ ਕੰਮਾਂ ’ਤੇ ਧਿਆਨ ਲਾਓ ਜੋ ਤੁਸੀਂ ਕਰ ਸਕਦੇ ਹੋ।​—ਮੱਤੀ 22:37; 2 ਤਿਮੋ. 4:2.

  5.  ਯਾਦ ਰੱਖੋ ਕਿ ਸਿਰਫ਼ ਯਹੋਵਾਹ ਦੇ ਸੰਗਠਨ ’ਤੇ ਹੀ ਉਸ ਦੀ ਮਿਹਰ ਤੇ ਬਰਕਤ ਹੈ।​—ਯੂਹੰ. 6:68.

ਸਾਡੇ ਵਿਆਹ ਨੂੰ ਤਕਰੀਬਨ 65 ਸਾਲ ਹੋ ਗਏ ਹਨ ਅਤੇ ਅਸੀਂ ਦੋਹਾਂ ਨੇ ਯਹੋਵਾਹ ਦੀ ਸੇਵਾ ਵਿਚ 75 ਤੋਂ ਜ਼ਿਆਦਾ ਸਾਲ ਬਿਤਾਏ ਹਨ। ਇਨ੍ਹਾਂ ਸਾਲਾਂ ਦੌਰਾਨ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਖ਼ੁਸ਼ੀ ਪਾਈ ਹੈ। ਸਾਡੀ ਦੁਆ ਹੈ ਕਿ ਸਾਡੇ ਵਾਂਗ ਸਾਰੇ ਭੈਣ-ਭਰਾ ਯਹੋਵਾਹ ’ਤੇ ਭਰੋਸਾ ਰੱਖਣ ਤੇ ਉਸ ਦੀ ਸੇਵਾ ਵਿਚ ਖ਼ੁਸ਼ੀ ਪਾਉਣ।