ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ
“ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ।”—ਕਹਾ. 19:3.
1, 2. ਸਾਨੂੰ ਇਨਸਾਨਾਂ ਦੀਆਂ ਮੁਸ਼ਕਲਾਂ ਲਈ ਯਹੋਵਾਹ ਨੂੰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਉਣਾ ਚਾਹੀਦਾ? ਮਿਸਾਲ ਦਿਓ।
ਮੰਨ ਲਓ ਕਿ ਇਕ ਆਦਮੀ ਕਈ ਸਾਲਾਂ ਤੋਂ ਖ਼ੁਸ਼ੀ-ਖ਼ੁਸ਼ੀ ਵਿਆਹਿਆ ਹੋਇਆ ਹੈ। ਪਰ ਇਕ ਦਿਨ ਜਦ ਉਹ ਘਰ ਆਉਂਦਾ ਹੈ, ਤਾਂ ਉਹ ਦੇਖਦਾ ਹੈ ਕਿ ਘਰ ਦਾ ਸਾਰਾ ਫਰਨੀਚਰ, ਭਾਂਡੇ ਅਤੇ ਹੋਰ ਬਾਕੀ ਸਾਮਾਨ ਭੰਨ-ਤੋੜ ਦਿੱਤਾ ਗਿਆ ਹੈ। ਉਸ ਦਾ ਸੋਹਣਾ ਘਰ ਤਹਿਸ-ਨਹਿਸ ਹੋ ਚੁੱਕਾ ਹੈ। ਕੀ ਉਹ ਇਹ ਕਹੇਗਾ, “ਮੇਰੀ ਘਰਵਾਲੀ ਨੇ ਇੱਦਾਂ ਕਿਉਂ ਕੀਤਾ?” ਜਾਂ ਕੀ ਉਹ ਪੁੱਛੇਗਾ, “ਇਹ ਕਿਹਨੇ ਕੀਤਾ?” ਜ਼ਰੂਰ ਉਹ ਝੱਟ ਹੀ ਦੂਸਰਾ ਸਵਾਲ ਪੁੱਛੇਗਾ। ਕਿਉਂ? ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੀ ਪਿਆਰੀ ਪਤਨੀ ਆਪਣੇ ਹੀ ਘਰ ਦਾ ਨੁਕਸਾਨ ਨਹੀਂ ਕਰ ਸਕਦੀ।
2 ਅੱਜ ਧਰਤੀ ਦਾ ਵੀ ਬਹੁਤ ਬੁਰਾ ਹਾਲ ਹੈ। ਹਰ ਪਾਸੇ ਪ੍ਰਦੂਸ਼ਣ ਫੈਲਿਆ ਹੋਇਆ ਹੈ ਅਤੇ ਲੋਕ ਬਦਚਲਣ ਤੇ ਜ਼ਾਲਮ ਹਨ। ਪਰ ਸਾਨੂੰ ਬਾਈਬਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਮੁਸ਼ਕਲਾਂ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ। ਉਸ ਨੇ ਇਨਸਾਨਾਂ ਦੇ ਰਹਿਣ ਲਈ ਇਸ ਧਰਤੀ ਨੂੰ ਬਹੁਤ ਖ਼ੂਬਸੂਰਤ ਬਣਾਇਆ ਸੀ। (ਉਤ. 2:8, 15) ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। (1 ਯੂਹੰ. 4:8) ਬਾਈਬਲ ਤੋਂ ਅਸੀਂ ਸਿੱਖਿਆ ਹੈ ਕਿ “ਦੁਨੀਆਂ ਦਾ ਹਾਕਮ” ਸ਼ੈਤਾਨ ਹੈ ਅਤੇ ਕਈ ਮੁਸ਼ਕਲਾਂ ਪਿੱਛੇ ਉਸ ਦਾ ਹੱਥ ਹੈ।—ਯੂਹੰ. 14:30; 2 ਕੁਰਿੰ. 4:4.
3. ਸਾਡੀ ਸੋਚ ਗ਼ਲਤ ਕਿਉਂ ਹੋ ਸਕਦੀ ਹੈ?
3 ਪਰ ਅਸੀਂ ਆਪਣੀਆਂ ਸਾਰੀਆਂ ਮੁਸੀਬਤਾਂ ਲਈ ਸ਼ੈਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਕਿਉਂ? ਕਿਉਂਕਿ ਸਾਡੀਆਂ ਕੁਝ ਮੁਸੀਬਤਾਂ ਸਾਡੀਆਂ ਆਪਣੀਆਂ ਗ਼ਲਤੀਆਂ ਕਰਕੇ ਖੜ੍ਹੀਆਂ ਹੁੰਦੀਆਂ ਹਨ। (ਬਿਵਸਥਾ ਸਾਰ 32:4-6 ਪੜ੍ਹੋ।) ਹਾਲਾਂਕਿ ਸਾਨੂੰ ਇਹ ਗੱਲ ਪਤਾ ਹੈ, ਪਰ ਪਾਪੀ ਹੋਣ ਕਰਕੇ ਅਸੀਂ ਕਦੀ-ਕਦੀ ਗ਼ਲਤ ਸੋਚਣ ਲੱਗ ਪੈਂਦੇ ਹਾਂ। ਇੱਦਾਂ ਸੋਚਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। (ਕਹਾ. 14:12) ਕਿਉਂ? ਕਿਸੇ ਮੁਸੀਬਤ ਲਈ ਖ਼ੁਦ ਜਾਂ ਸ਼ੈਤਾਨ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਇ ਅਸੀਂ ਸ਼ਾਇਦ ਯਹੋਵਾਹ ਨੂੰ ਕਸੂਰਵਾਰ ਠਹਿਰਾਈਏ। ਹੋ ਸਕਦਾ ਹੈ ਕਿ ਅਸੀਂ ‘ਯਹੋਵਾਹ ਤੇ ਗੁੱਸਾ’ ਵੀ ਕਰਨ ਲੱਗੀਏ।—ਕਹਾ. 19:3.
4, 5. ਇਕ ਮਸੀਹੀ “ਯਹੋਵਾਹ ਤੇ ਗੁੱਸੇ” ਕਿਵੇਂ ਹੋ ਸਕਦਾ ਹੈ?
4 ਕੀ ਅਸੀਂ ਸੱਚ-ਮੁੱਚ “ਯਹੋਵਾਹ ਤੇ ਗੁੱਸੇ” ਹੋ ਸਕਦੇ ਹਾਂ? ਹਾਂ, ਯਸਾ. 41:11) ਜੇ ਅਸੀਂ ਪਰਮੇਸ਼ੁਰ ਨਾਲ ਲੜਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਜ਼ਰੂਰ ਹਾਰ ਜਾਵਾਂਗੇ। ਹੋ ਸਕਦਾ ਹੈ ਕਿ ਅਸੀਂ ਇਹ ਨਾ ਕਹੀਏ ਕਿ ਅਸੀਂ ਯਹੋਵਾਹ ਨਾਲ ਗੁੱਸੇ ਹਾਂ, ਪਰ ਸ਼ਾਇਦ ਅਸੀਂ ਮਨ ਹੀ ਮਨ ਉਸ ਨਾਲ ਗੁੱਸੇ ਹੋਈਏ। ਕਹਾਉਤਾਂ 19:3 ਕਹਿੰਦਾ ਹੈ: “ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ।” ਹਾਂ, ਇਕ ਮਸੀਹੀ ਆਪਣੇ ਮਨ ਵਿਚ ਯਹੋਵਾਹ ਖ਼ਿਲਾਫ਼ ਗਿਲੇ-ਸ਼ਿਕਵੇ ਪਾਲ ਸਕਦਾ ਹੈ। ਇਸ ਕਰਕੇ ਉਹ ਸ਼ਾਇਦ ਯਹੋਵਾਹ ਦੀ ਸੇਵਾ ਵਿਚ ਢਿੱਲਾ ਪੈ ਜਾਵੇ ਜਾਂ ਮੰਡਲੀ ਵਿਚ ਆਉਣਾ ਛੱਡ ਦੇਵੇ।
ਪਰ ਇੱਦਾਂ ਕਰ ਕੇ ਸਾਡਾ ਹੀ ਨੁਕਸਾਨ ਹੋਵੇਗਾ। (5 ਅਸੀਂ ਸ਼ਾਇਦ ਕਿਹੜੀਆਂ ਗੱਲਾਂ ਕਰਕੇ “ਯਹੋਵਾਹ ਤੇ ਗੁੱਸੇ” ਹੋ ਸਕਦੇ ਹਾਂ? ਅਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ ਕਿਉਂਕਿ ਇਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਅਸਰ ਪੈਂਦਾ ਹੈ।
ਅਸੀਂ ਕਿਹੜੀਆਂ ਗੱਲਾਂ ਕਰਕੇ “ਯਹੋਵਾਹ ਤੇ ਗੁੱਸੇ” ਹੋ ਸਕਦੇ ਹਾਂ?
6, 7. ਮੂਸਾ ਦੇ ਜ਼ਮਾਨੇ ਵਿਚ ਇਜ਼ਰਾਈਲੀ ਯਹੋਵਾਹ ਖ਼ਿਲਾਫ਼ ਕਿਉਂ ਬੋਲਣ ਲੱਗ ਪਏ ਸਨ?
6 ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਕਿਹੜੀਆਂ ਗੱਲਾਂ ਕਰਕੇ ਆਪਣੇ ਮਨ ਵਿਚ ਪਰਮੇਸ਼ੁਰ ਨਾਲ ਗੁੱਸੇ ਹੋ ਸਕਦਾ ਹੈ? ਆਓ ਆਪਾਂ ਪੰਜ ਗੱਲਾਂ ’ਤੇ ਗੌਰ ਕਰੀਏ। ਨਾਲੇ ਅਸੀਂ ਬਾਈਬਲ ਤੋਂ ਕੁਝ ਲੋਕਾਂ ਬਾਰੇ ਵੀ ਸਿੱਖਾਂਗੇ ਜੋ ਇਸ ਫੰਦੇ ਵਿਚ ਫਸ ਗਏ ਸਨ।—1 ਕੁਰਿੰ. 10:11, 12.
7 ਦੂਜਿਆਂ ਦੀਆਂ ਬੁਰੀਆਂ ਗੱਲਾਂ ਦਾ ਸਾਡੇ ’ਤੇ ਅਸਰ ਪੈ ਸਕਦਾ ਹੈ। (ਬਿਵਸਥਾ ਸਾਰ 1:26-28 ਪੜ੍ਹੋ।) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। ਉਸ ਨੇ ਚਮਤਕਾਰ ਕਰ ਕੇ ਮਿਸਰੀਆਂ ਉੱਤੇ 10 ਬਿਪਤਾਵਾਂ ਲਿਆਂਦੀਆਂ ਸਨ ਅਤੇ ਫਿਰ ਮਿਸਰ ਦੇ ਰਾਜੇ ਤੇ ਉਸ ਦੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਡੁਬੋ ਦਿੱਤਾ ਸੀ। (ਕੂਚ 12:29-32, 51; 14:29-31; ਜ਼ਬੂ. 136:15) ਪਰਮੇਸ਼ੁਰ ਦੇ ਲੋਕ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਹੀ ਵਾਲੇ ਸਨ ਕਿ ਉਹ ਯਹੋਵਾਹ ਖ਼ਿਲਾਫ਼ ਬੋਲਣ ਲੱਗੇ। ਉਨ੍ਹਾਂ ਦੀ ਨਿਹਚਾ ਕਮਜ਼ੋਰ ਕਿਉਂ ਹੋ ਗਈ ਸੀ? ਕਿਉਂਕਿ ਜਦ ਕੁਝ ਜਾਸੂਸਾਂ ਨੇ ਬੁਰੀ ਰਿਪੋਰਟ ਦਿੱਤੀ, ਤਾਂ ਉਹ ਡਰ ਗਏ ਅਤੇ ਹੌਸਲਾ ਹਾਰ ਬੈਠੇ। (ਗਿਣ. 14:1-4) ਨਤੀਜੇ ਵਜੋਂ ਉਸ ਪੀੜ੍ਹੀ ਦੇ ਲੋਕ ਉਸ “ਚੰਗੀ ਧਰਤੀ” ਵਿਚ ਨਹੀਂ ਜਾ ਸਕੇ। (ਬਿਵ. 1:34, 35) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਦੂਜਿਆਂ ਦੀਆਂ ਬੁਰੀਆਂ ਗੱਲਾਂ ਕਰਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ ਜਿਸ ਕਰਕੇ ਸ਼ਾਇਦ ਅਸੀਂ ਯਹੋਵਾਹ ਦੇ ਕੰਮਾਂ ਵਿਚ ਨੁਕਸ ਕੱਢਣ ਲੱਗ ਪਈਏ।
8. ਯਸਾਯਾਹ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਆਪਣੀਆਂ ਮੁਸੀਬਤਾਂ ਦਾ ਦੋਸ਼ ਯਹੋਵਾਹ ਦੇ ਮੱਥੇ ਕਿਉਂ ਮੜ੍ਹਿਆ?
8 ਦੁੱਖ-ਤਕਲੀਫ਼ਾਂ ਅਤੇ ਮੁਸ਼ਕਲਾਂ ਸਾਡਾ ਹੌਸਲਾ ਢਾਹ ਸਕਦੀਆਂ ਹਨ। (ਯਸਾਯਾਹ 8:21, 22 ਪੜ੍ਹੋ।) ਯਸਾਯਾਹ ਦੇ ਜ਼ਮਾਨੇ ਵਿਚ ਯਹੂਦਾ ਦੇ ਲੋਕ ਮੁਸ਼ਕਲਾਂ ਵਿਚ ਪੈ ਗਏ ਸਨ। ਦੁਸ਼ਮਣਾਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਸੀ, ਖਾਣੇ ਦੀ ਕਮੀ ਸੀ ਤੇ ਬਹੁਤ ਸਾਰੇ ਲੋਕ ਭੁੱਖੇ ਸਨ। ਪਰ ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਉਹ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ ਸਨ ਤੇ ਉਸ ਨਾਲ ਉਨ੍ਹਾਂ ਦਾ ਰਿਸ਼ਤਾ ਕਮਜ਼ੋਰ ਪੈ ਰਿਹਾ ਸੀ। (ਆਮੋ. 8:11) ਇਨ੍ਹਾਂ ਮੁਸ਼ਕਲਾਂ ਨੂੰ ਸਹਿਣ ਲਈ ਯਹੋਵਾਹ ਤੋਂ ਮਦਦ ਮੰਗਣ ਦੀ ਬਜਾਇ ਉਹ ਆਪਣੇ ਰਾਜੇ ਦੇ ਨਾਲ-ਨਾਲ ਪਰਮੇਸ਼ੁਰ ਨੂੰ ਵੀ ‘ਫਿਟਕਾਰਨ ਲੱਗੇ।’ ਹਾਂ, ਉਨ੍ਹਾਂ ਨੇ ਆਪਣੀਆਂ ਸਾਰੀਆਂ ਮੁਸੀਬਤਾਂ ਦਾ ਦੋਸ਼ ਯਹੋਵਾਹ ਦੇ ਮੱਥੇ ਮੜ੍ਹ ਦਿੱਤਾ। ਜੇ ਅਸੀਂ ਕਿਸੇ ਦੁੱਖ-ਤਕਲੀਫ਼ ਜਾਂ ਮੁਸ਼ਕਲ ਨੂੰ ਸਹਿ ਰਹੇ ਹਾਂ, ਤਾਂ ਕੀ ਅਸੀਂ ਵੀ ਆਪਣੇ ਦਿਲ ਵਿਚ ਇਹ ਕਹਾਂਗੇ, ‘ਜਦੋਂ ਮੈਨੂੰ ਯਹੋਵਾਹ ਦੀ ਲੋੜ ਸੀ, ਤਾਂ ਉਹ ਕਿੱਥੇ ਸੀ?’
9. ਹਿਜ਼ਕੀਏਲ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੇ ਪਰਮੇਸ਼ੁਰ ਬਾਰੇ ਕਿਹੜਾ ਗ਼ਲਤ ਨਜ਼ਰੀਆ ਅਪਣਾਇਆ ਸੀ?
9 ਸਾਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਹਿਜ਼ਕੀਏਲ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਲੱਗਾ ਕਿ ਯਹੋਵਾਹ “ਦਾ ਮਾਰਗ ਠੀਕ ਨਹੀਂ” ਹੈ। (ਹਿਜ਼. 18:29) ਉਹ ਆਪਣੇ ਅਸੂਲਾਂ ਮੁਤਾਬਕ ਪਰਮੇਸ਼ੁਰ ਦਾ ਨਿਆਂ ਕਰ ਰਹੇ ਸਨ, ਪਰ ਅਸਲ ਵਿਚ ਉਨ੍ਹਾਂ ਨੂੰ ਸਾਰੀਆਂ ਗੱਲਾਂ ਦੀ ਪੂਰੀ ਸਮਝ ਨਹੀਂ ਸੀ। ਜੇ ਸਾਨੂੰ ਬਾਈਬਲ ਵਿੱਚੋਂ ਜਾਂ ਸਾਡੀ ਜ਼ਿੰਦਗੀ ਵਿਚ ਹੋ ਰਹੀ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ, ਤਾਂ ਕੀ ਅਸੀਂ ਇਹ ਕਹਾਂਗੇ ਕਿ ਯਹੋਵਾਹ “ਦਾ ਮਾਰਗ ਠੀਕ ਨਹੀਂ” ਹੈ?—ਅੱਯੂ. 35:2.
10. ਆਦਮ ਵਾਂਗ ਲੋਕ ਕਿਹੜੀ ਗ਼ਲਤੀ ਕਰਦੇ ਹਨ?
10 ਅਸੀਂ ਆਪਣੇ ਪਾਪਾਂ ਤੇ ਗ਼ਲਤੀਆਂ ਦਾ ਇਲਜ਼ਾਮ ਦੂਜਿਆਂ ’ਤੇ ਲਾਉਂਦੇ ਹਾਂ। ਪਹਿਲੇ ਮਨੁੱਖ ਆਦਮ ਨੇ ਆਪਣੇ ਪਾਪ ਦਾ ਸਾਰਾ ਦੋਸ਼ ਪਰਮੇਸ਼ੁਰ ਦੇ ਸਿਰ ’ਤੇ ਲਾਇਆ। (ਉਤ. 3:12) ਆਦਮ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਕਾਨੂੰਨ ਤੋੜਿਆ ਅਤੇ ਉਹ ਜਾਣਦਾ ਸੀ ਕਿ ਉਸ ਨੂੰ ਸਜ਼ਾ ਮਿਲੇਗੀ। ਫਿਰ ਵੀ ਉਸ ਨੇ ਆਪਣੀ ਗ਼ਲਤੀ ਮੰਨਣ ਦੀ ਬਜਾਇ ਯਹੋਵਾਹ ’ਤੇ ਇਲਜ਼ਾਮ ਲਾਇਆ ਕਿ ਯਹੋਵਾਹ ਨੇ ਉਸ ਨੂੰ ਚੰਗੀ ਪਤਨੀ ਨਹੀਂ ਦਿੱਤੀ ਸੀ। ਉਸ ਸਮੇਂ ਤੋਂ ਹੀ ਕਈ ਲੋਕ ਆਦਮ ਵਾਂਗ ਆਪਣੀਆਂ ਗ਼ਲਤੀਆਂ ਲਈ ਪਰਮੇਸ਼ੁਰ ਨੂੰ ਕਸੂਰਵਾਰ ਠਹਿਰਾਉਂਦੇ ਆਏ ਹਨ। ਸੋ ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣੀਆਂ ਗ਼ਲਤੀਆਂ ਤੋਂ ਨਿਰਾਸ਼ ਹੋ ਕੇ ਇਹ ਸੋਚਣ ਲੱਗਦਾ ਹਾਂ ਕਿ ਯਹੋਵਾਹ ਦੇ ਅਸੂਲ ਬੜੇ ਸਖ਼ਤ ਹਨ?’
11. ਅਸੀਂ ਯੂਨਾਹ ਤੋਂ ਕੀ ਸਿੱਖਦੇ ਹਾਂ?
11 ਅਸੀਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਾਂ। ਜਦ ਯਹੋਵਾਹ ਨੇ ਨੀਨਵਾਹ ਦੇ ਲੋਕਾਂ ’ਤੇ ਦਇਆ ਕੀਤੀ, ਤਾਂ ਯੂਨਾਹ ਨਬੀ ਯਹੋਵਾਹ ਨਾਲ ਗੁੱਸੇ ਹੋ ਗਿਆ। (ਯੂਨਾ. 4:1-3) ਕਿਉਂ? ਕਿਉਂਕਿ ਉਸ ਨੇ ਸੋਚਿਆ ਕਿ ਲੋਕਾਂ ਸਾਮ੍ਹਣੇ ਉਸ ਦੀ ਬੇਇੱਜ਼ਤੀ ਹੋਵੇਗੀ। ਉਸ ਨੇ ਪ੍ਰਚਾਰ ਕੀਤਾ ਸੀ ਕਿ ਸ਼ਹਿਰ ਦਾ ਨਾਸ਼ ਹੋਵੇਗਾ, ਪਰ ਇੱਦਾਂ ਨਹੀਂ ਹੋਇਆ। ਉਸ ਨੂੰ ਲੋਕਾਂ ਦੀਆਂ ਜਾਨਾਂ ਦੀ ਬਜਾਇ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਸੀ। ਕੀ ਸਾਡੇ ਨਾਲ ਵੀ ਇੱਦਾਂ ਹੋ ਸਕਦਾ? ਜੇ ਅਸੀਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਾਂ, ਤਾਂ ਸ਼ਾਇਦ ਅਸੀਂ ਵੀ ਲੋਕਾਂ ਦੀ ਪਰਵਾਹ ਕਰਨੀ ਛੱਡ ਦੇਈਏ। ਮਿਸਾਲ ਲਈ, ਹੋ ਸਕਦਾ ਹੈ ਕਿ ਅਸੀਂ ਕਈ ਸਾਲਾਂ ਤੋਂ ਪ੍ਰਚਾਰ ਕਰਦੇ ਆਏ ਹਾਂ ਕਿ ਯਹੋਵਾਹ ਦਾ ਦਿਨ ਨੇੜੇ ਹੈ। ਪਰ ਜਦ ਲੋਕ ਸਾਡਾ ਮਖੌਲ ਉਡਾਉਂਦੇ ਹਨ ਕਿ ਇਹ ਦਿਨ ਅਜੇ ਤਕ ਕਿਉਂ ਨਹੀਂ ਆਇਆ, ਤਾਂ ਕੀ ਅਸੀਂ ਯਹੋਵਾਹ ਨਾਲ ਗੁੱਸੇ ਹੋ ਜਾਂਦੇ ਹਾਂ?—2 ਪਤ. 3:3, 4, 9.
“ਯਹੋਵਾਹ ਤੇ ਗੁੱਸੇ” ਹੋਣ ਤੋਂ ਕਿਵੇਂ ਬਚੀਏ?
12, 13. ਜੇ ਅਸੀਂ ਯਹੋਵਾਹ ਦੇ ਕੰਮਾਂ ਵਿਚ ਨੁਕਸ ਕੱਢਣ ਲੱਗ ਪਈਏ, ਤਾਂ ਅਸੀਂ ਕੀ ਕਰ ਸਕਦੇ ਹਾਂ?
12 ਯਹੋਵਾਹ ਦੇ ਕੰਮਾਂ ਵਿਚ ਨੁਕਸ ਕੱਢਣਾ ਅਕਲਮੰਦੀ ਦੀ ਗੱਲ ਨਹੀਂ ਹੈ। ਪਰ ਜੇ ਅਸੀਂ ਇੱਦਾਂ ਕਰਨ ਲੱਗ ਪਈਏ, ਤਾਂ ਅਸੀਂ ਕੀ ਕਰ ਸਕਦੇ ਹਾਂ? ਆਓ ਆਪਾਂ ਪੰਜ ਗੱਲਾਂ ’ਤੇ ਗੌਰ ਕਰੀਏ ਜੋ ਸਾਡੀ ਮਦਦ
ਕਰਨਗੀਆਂ ਤਾਂਕਿ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਕਦੀ ਵੀ ਯਹੋਵਾਹ ਨਾਲ ਗੁੱਸੇ ਨਾ ਹੋਈਏ।13 ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ। ਜੇ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੈ, ਤਾਂ ਅਸੀਂ ਕਦੀ ਵੀ ਉਸ ਨਾਲ ਗੁੱਸੇ ਹੋਣ ਦੀ ਗ਼ਲਤੀ ਨਹੀਂ ਕਰਾਂਗੇ। (ਕਹਾਉਤਾਂ 3:5, 6 ਪੜ੍ਹੋ।) ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਨਾ ਤਾਂ ਸਾਨੂੰ ਖ਼ੁਦਗਰਜ਼ ਬਣਨਾ ਚਾਹੀਦਾ ਹੈ ਤੇ ਨਾ ਹੀ ਇਹ ਸੋਚਣਾ ਚਾਹੀਦਾ ਕਿ ਅਸੀਂ ਯਹੋਵਾਹ ਨਾਲੋਂ ਜ਼ਿਆਦਾ ਬੁੱਧੀਮਾਨ ਹਾਂ। (ਕਹਾ. 3:7; ਉਪ. 7:16) ਫਿਰ ਅਸੀਂ ਆਪਣੀਆਂ ਮੁਸ਼ਕਲਾਂ ਲਈ ਯਹੋਵਾਹ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗੇ।
14, 15. ਅਸੀਂ ਦੂਜਿਆਂ ਦੀਆਂ ਗ਼ਲਤ ਗੱਲਾਂ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?
14 ਦੂਜਿਆਂ ਦੀਆਂ ਗ਼ਲਤ ਗੱਲਾਂ ਵਿਚ ਨਾ ਆਓ। ਮੂਸਾ ਦੇ ਜ਼ਮਾਨੇ ਵਿਚ ਇਜ਼ਰਾਈਲੀ ਪੂਰਾ ਭਰੋਸਾ ਰੱਖ ਸਕਦੇ ਸਨ ਕਿ ਯਹੋਵਾਹ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਵੇਗਾ। (ਜ਼ਬੂ. 78:43-53) ਪਰ ਜਦ 10 ਜਾਸੂਸਾਂ ਨੇ ਬੁਰੀ ਖ਼ਬਰ ਦਿੱਤੀ, ਤਾਂ ਲੋਕਾਂ ਨੇ ਯਹੋਵਾਹ ਦੇ “ਹੱਥ ਨੂੰ ਚੇਤੇ ਨਾ ਰੱਖਿਆ” ਯਾਨੀ ਉਹ ਭੁੱਲ ਗਏ ਕਿ ਉਸ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ। (ਜ਼ਬੂ. 78:42) ਜੇ ਅਸੀਂ ਇਸ ਬਾਰੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਸਾਨੂੰ ਕਿੰਨੀਆਂ ਬਰਕਤਾਂ ਦਿੱਤੀਆਂ ਹਨ ਤੇ ਸਾਡੀ ਕਿੰਨੀ ਮਦਦ ਕੀਤੀ ਹੈ, ਤਾਂ ਉਸ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਬਣੇਗਾ। ਫਿਰ ਅਸੀਂ ਦੂਜਿਆਂ ਦੀਆਂ ਗੱਲਾਂ ਵਿਚ ਆ ਕੇ ਯਹੋਵਾਹ ਤੋਂ ਦੂਰ ਨਹੀਂ ਹੋਵਾਂਗੇ।—ਜ਼ਬੂ. 77:11, 12.
15 ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਚੰਗਾ ਨਹੀਂ ਸੋਚਦੇ, ਤਾਂ ਵੀ ਅਸੀਂ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ। (1 ਯੂਹੰ. 4:20) ਮਿਸਾਲ ਲਈ, ਜਦ ਹਾਰੂਨ ਨੂੰ ਮਹਾਂ ਪੁਜਾਰੀ ਵਜੋਂ ਚੁਣਿਆ ਗਿਆ ਸੀ, ਤਾਂ ਇਜ਼ਰਾਈਲੀ ਬੁੜ-ਬੁੜ ਕਰਨ ਲੱਗੇ। ਪਰ ਯਹੋਵਾਹ ਨੂੰ ਲੱਗਾ ਕਿ ਉਹ ਉਸ ਦੇ ਖ਼ਿਲਾਫ਼ ਬੁੜ-ਬੁੜ ਕਰ ਰਹੇ ਸਨ। (ਗਿਣ. 17:10) ਇਸੇ ਤਰ੍ਹਾਂ, ਜੇ ਅਸੀਂ ਉਨ੍ਹਾਂ ਬਾਰੇ ਬੁਰਾ-ਭਲਾ ਕਹੀਏ ਜਿਨ੍ਹਾਂ ਨੂੰ ਯਹੋਵਾਹ ਧਰਤੀ ’ਤੇ ਆਪਣੇ ਸੰਗਠਨ ਦੀ ਅਗਵਾਈ ਕਰਨ ਲਈ ਵਰਤ ਰਿਹਾ ਹੈ, ਤਾਂ ਅਸੀਂ ਯਹੋਵਾਹ ਦੇ ਖ਼ਿਲਾਫ਼ ਬੋਲ ਰਹੇ ਹੋਵਾਂਗੇ।—ਇਬ. 13:7, 17.
16, 17. ਮੁਸੀਬਤਾਂ ਵੇਲੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
16 ਯਹੋਵਾਹ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ। ਹਾਲਾਂਕਿ ਯਸਾਯਾਹ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ, ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। (ਯਸਾ. 1:16-19) ਅੱਜ ਭਾਵੇਂ ਅਸੀਂ ਕਿਸੇ ਵੀ ਸਮੱਸਿਆ ਦਾ ਸਾਮ੍ਹਣਾ ਕਰਦੇ ਹਾਂ, ਪਰ ਸਾਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨੂੰ ਸਾਡਾ ਫ਼ਿਕਰ ਹੈ ਤੇ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ। (1 ਪਤ. 5:7) ਨਾਲੇ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਤਾਕਤ ਦੇਵੇਗਾ ਤਾਂਕਿ ਅਸੀਂ ਹਰ ਮੁਸੀਬਤ ਸਹਿ ਸਕੀਏ।—1 ਕੁਰਿੰ. 10:13.
17 ਯਹੋਵਾਹ ਦੇ ਵਫ਼ਾਦਾਰ ਭਗਤ ਅੱਯੂਬ ਨਾਲ ਬੇਇਨਸਾਫ਼ੀ ਹੋਈ ਸੀ। ਜੇ ਸਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਸਾਡੇ ’ਤੇ ਮੁਸੀਬਤਾਂ ਨਹੀਂ ਲਿਆਉਂਦਾ। ਉਸ ਨੂੰ ਧਾਰਮਿਕਤਾ ਨਾਲ ਪਿਆਰ ਤੇ ਬੇਇਨਸਾਫ਼ੀ ਨਾਲ ਸਖ਼ਤ ਨਫ਼ਰਤ ਹੈ। (ਜ਼ਬੂ. 33:5) ਆਓ ਆਪਾਂ ਅੱਯੂਬ ਦੇ ਦੋਸਤ ਅਲੀਹੂ ਵਾਂਗ ਕਹੀਏ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!” (ਅੱਯੂ. 34:10) ਸਾਨੂੰ ਦੁੱਖ ਦੇਣ ਦੀ ਬਜਾਇ ਯਹੋਵਾਹ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ।—ਯਾਕੂ. 1:13, 17.
18, 19. ਸਾਨੂੰ ਕਦੇ ਵੀ ਯਹੋਵਾਹ ’ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ? ਮਿਸਾਲ ਦਿਓ।
18 ਕਦੇ ਵੀ ਯਹੋਵਾਹ ’ਤੇ ਸ਼ੱਕ ਨਾ ਕਰੋ। ਪਰਮੇਸ਼ੁਰ ਗ਼ਲਤੀਆਂ ਨਹੀਂ ਕਰਦਾ ਅਤੇ ਉਸ ਦੇ ਖ਼ਿਆਲ ਸਾਡੇ ਖ਼ਿਆਲਾਂ ਤੋਂ ਕਿਤੇ ਉੱਚੇ ਹਨ। (ਯਸਾ. 55:8, 9) ਜੇ ਅਸੀਂ ਦਿਲੋਂ ਨਿਮਰ ਹਾਂ ਅਤੇ ਆਪਣੀਆਂ ਹੱਦਾਂ ਜਾਣਦੇ ਹਾਂ, ਤਾਂ ਅਸੀਂ ਮੰਨਾਂਗੇ ਕਿ ਸਾਨੂੰ ਸਾਰਾ ਕੁਝ ਨਹੀਂ ਪਤਾ। (ਰੋਮੀ. 9:20) ਅਕਸਰ ਸਾਡੇ ਕੋਲ ਕਿਸੇ ਗੱਲ ਬਾਰੇ ਸਾਰੀ ਜਾਣਕਾਰੀ ਨਹੀਂ ਹੁੰਦੀ। ਇਹ ਕਹਾਵਤ ਬਿਲਕੁਲ ਸੱਚ ਹੈ: “ਅਦਾਲਤ ਵਿਚ ਪਹਿਲਾਂ ਬੋਲਨਵਾਲਾ ਹਮੇਸ਼ਾਂ ਸੱਚਾ ਲੱਗਦਾ ਹੈ, ਪਰ ਕੇਵਲ ਉਸ ਸਮੇਂ ਤਕ ਜਦੋਂ ਤਕ ਉਸ ਦਾ ਵਿਰੋਧੀ ਆ ਕੇ ਉਸ ਤੋਂ ਪ੍ਰਸ਼ਨ ਨਹੀਂ ਪੁੱਛਦਾ।”—ਕਹਾ. 18:17, CL.
19 ਫ਼ਰਜ਼ ਕਰੋ ਕਿ ਸਾਡਾ ਜਿਗਰੀ ਦੋਸਤ ਕੁਝ ਅਜਿਹਾ ਕਰਦਾ ਹੈ ਜੋ ਸਾਨੂੰ ਸਮਝ ਨਹੀਂ ਆਉਂਦਾ ਜਾਂ
ਅਜੀਬ ਲੱਗਦਾ ਹੈ। ਕੀ ਅਸੀਂ ਇਕਦਮ ਇਹ ਕਹਾਂਗੇ ਕਿ ਉਹ ਗ਼ਲਤ ਹੈ, ਖ਼ਾਸ ਕਰਕੇ ਜੇ ਅਸੀਂ ਉਸ ਦੋਸਤ ਨੂੰ ਕਈ ਸਾਲਾਂ ਤੋਂ ਜਾਣਦੇ ਹਾਂ? ਨਹੀਂ। ਇਸ ਦੀ ਬਜਾਇ ਅਸੀਂ ਸੋਚਾਂਗੇ ਕਿ ਸਾਨੂੰ ਸਾਰੀ ਗੱਲ ਦਾ ਨਹੀਂ ਪਤਾ। ਜੇ ਸਾਨੂੰ ਆਪਣੇ ਦੋਸਤ ’ਤੇ ਇੰਨਾ ਭਰੋਸਾ ਹੈ ਜੋ ਗ਼ਲਤੀਆਂ ਕਰਦਾ ਹੈ, ਤਾਂ ਕੀ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ’ਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਜਿਸ ਦੇ ਰਾਹ ਤੇ ਖ਼ਿਆਲ ਸਾਡੇ ਤੋਂ ਕਿਤੇ ਉੱਚੇ ਹਨ?20, 21. ਸਾਨੂੰ ਆਪਣੀਆਂ ਮੁਸ਼ਕਲਾਂ ਲਈ ਯਹੋਵਾਹ ਨੂੰ ਕਸੂਰਵਾਰ ਕਿਉਂ ਨਹੀਂ ਠਹਿਰਾਉਣਾ ਚਾਹੀਦਾ?
20 ਮੁਸ਼ਕਲਾਂ ਦੀ ਜੜ੍ਹ ਨੂੰ ਚੇਤੇ ਰੱਖੋ। ਕਦੇ-ਕਦੇ ਅਸੀਂ ਆਪਣੇ ਲਈ ਆਪ ਹੀ ਮੁਸ਼ਕਲਾਂ ਖੜ੍ਹੀਆਂ ਕਰ ਲੈਂਦੇ ਹਾਂ। (ਗਲਾ. 6:7) ਇਸ ਲਈ ਇਨ੍ਹਾਂ ਦਾ ਦੋਸ਼ ਯਹੋਵਾਹ ’ਤੇ ਨਾ ਲਾਓ। ਕਿਉਂ? ਫ਼ਰਜ਼ ਕਰੋ ਕਿ ਕਾਰ ਚਲਾਉਣ ਵਾਲਾ ਬੜੀ ਤੇਜ਼ੀ ਨਾਲ ਕਾਰ ਚਲਾਉਂਦਾ ਹੈ ਤੇ ਅਚਾਨਕ ਹਾਦਸਾ ਹੋ ਜਾਂਦਾ ਹੈ। ਕੀ ਇਸ ਵਿਚ ਕਾਰ ਬਣਾਉਣ ਵਾਲੇ ਦਾ ਕਸੂਰ ਹੈ? ਬਿਲਕੁਲ ਨਹੀਂ! ਇਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰ ਉਸ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ। ਇਸ ਲਈ ਸਾਨੂੰ ਆਪਣੀਆਂ ਗ਼ਲਤੀਆਂ ਲਈ ਉਸ ਨੂੰ ਕਸੂਰਵਾਰ ਨਹੀਂ ਠਹਿਰਾਉਣਾ ਚਾਹੀਦਾ।
21 ਪਰ ਸਾਡੀਆਂ ਸਾਰੀਆਂ ਮੁਸ਼ਕਲਾਂ ਸਾਡੀਆਂ ਗ਼ਲਤੀਆਂ ਕਰਕੇ ਨਹੀਂ ਹੁੰਦੀਆਂ। ਬਾਈਬਲ ਕਹਿੰਦੀ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਨਾਲੇ ਇਹ ਕਦੇ ਨਾ ਭੁੱਲੋ ਕਿ ਬੁਰਾਈ ਦੀ ਅਸਲੀ ਜੜ੍ਹ ਸ਼ੈਤਾਨ ਹੈ। (1 ਯੂਹੰ. 5:19; ਪ੍ਰਕਾ. 12:9) ਉਹ ਸਾਡਾ ਦੁਸ਼ਮਣ ਹੈ ਨਾ ਕਿ ਯਹੋਵਾਹ!—1 ਪਤ. 5:8.
ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਰੱਖੋ
22, 23. ਜੇ ਅਸੀਂ ਆਪਣੀਆਂ ਮੁਸ਼ਕਲਾਂ ਕਰਕੇ ਹੌਸਲਾ ਹਾਰ ਬੈਠੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
22 ਜਦ ਤੁਸੀਂ ਦੁੱਖ-ਤਕਲੀਫ਼ਾਂ ਸਹਿੰਦੇ ਹੋ, ਤਾਂ ਯਹੋਸ਼ੁਆ ਤੇ ਕਾਲੇਬ ਦੀ ਮਿਸਾਲ ਨੂੰ ਯਾਦ ਰੱਖੋ। ਵਾਅਦਾ ਕੀਤੇ ਹੋਏ ਦੇਸ਼ ਬਾਰੇ 10 ਜਾਸੂਸ ਬੁਰੀ ਖ਼ਬਰ ਲਿਆਏ, ਪਰ ਯਹੋਸ਼ੁਆ ਤੇ ਕਾਲੇਬ ਚੰਗੀ ਖ਼ਬਰ ਲਿਆਏ ਸਨ। (ਗਿਣ. 14:6-9) ਯਹੋਵਾਹ ’ਤੇ ਉਨ੍ਹਾਂ ਦੀ ਨਿਹਚਾ ਪੱਕੀ ਸੀ। ਫਿਰ ਵੀ ਉਨ੍ਹਾਂ ਨੂੰ ਬਾਕੀ ਇਜ਼ਰਾਈਲੀਆਂ ਦੇ ਨਾਲ ਉਜਾੜ ਵਿਚ 40 ਸਾਲ ਬਿਤਾਉਣੇ ਪਏ। ਕੀ ਯਹੋਸ਼ੁਆ ਤੇ ਕਾਲੇਬ ਯਹੋਵਾਹ ਨਾਲ ਗੁੱਸੇ ਹੋਏ ਤੇ ਕਿਹਾ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਸੀ? ਨਹੀਂ, ਉਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਕੀ ਉਨ੍ਹਾਂ ਨੂੰ ਬਰਕਤਾਂ ਮਿਲੀਆਂ? ਬਿਲਕੁਲ! ਭਾਵੇਂ ਕਿ ਉਸ ਪੀੜ੍ਹੀ ਦੇ ਲੋਕ ਉਜਾੜ ਵਿਚ ਹੀ ਮਰ ਗਏ, ਪਰ ਇਹ ਦੋਵੇਂ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ। (ਗਿਣ. 14:30) ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੀ ਸੇਵਾ ਵਿਚ “ਹਿੰਮਤ ਨਹੀਂ ਹਾਰਾਂਗੇ,” ਤਾਂ ਉਹ ਸਾਨੂੰ ਵੀ ਬਰਕਤਾਂ ਦੇਵੇਗਾ।—ਗਲਾ. 6:9; ਇਬ. 6:10.
23 ਜੇ ਤੁਸੀਂ ਆਪਣੀਆਂ ਮੁਸ਼ਕਲਾਂ, ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਹੌਸਲਾ ਹਾਰ ਬੈਠੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਸੋਚੋ। ਇਹ ਵੀ ਸੋਚੋ ਕਿ ਨਵੀਂ ਦੁਨੀਆਂ ਵਿਚ ਤੁਹਾਨੂੰ ਯਹੋਵਾਹ ਤੋਂ ਕਿੰਨੀਆਂ ਬਰਕਤਾਂ ਮਿਲਣਗੀਆਂ। ਖ਼ੁਦ ਨੂੰ ਪੁੱਛੋ, ‘ਯਹੋਵਾਹ ਤੋਂ ਬਿਨਾਂ ਮੇਰੀ ਜ਼ਿੰਦਗੀ ਕਿਹੋ ਜਿਹੀ ਹੁੰਦੀ?’ ਹਮੇਸ਼ਾ ਉਸ ਦੇ ਨੇੜੇ ਰਹੋ ਅਤੇ ਕਦੀ ਵੀ ਉਸ ਨਾਲ ਗੁੱਸੇ ਨਾ ਹੋਵੋ!