“ਕਿੰਨੀਆਂ ਸੋਹਣੀਆਂ ਤਸਵੀਰਾਂ!”
ਇਕ ਨਵੇਂ ਪਹਿਰਾਬੁਰਜ ’ਤੇ ਨਜ਼ਰ ਮਾਰਦਿਆਂ ਸ਼ਾਇਦ ਤੁਸੀਂ ਖ਼ੁਦ ਨੂੰ ਜਾਂ ਕਿਸੇ ਹੋਰ ਨੂੰ ਅਜਿਹੀ ਗੱਲ ਕਹੀ ਹੋਵੇ। ਇਨ੍ਹਾਂ ਮੂੰਹੋਂ ਬੋਲਦੀਆਂ ਤਸਵੀਰਾਂ ਨੂੰ ਤਿਆਰ ਕਰਨ ਵਿਚ ਬੜੀ ਮਿਹਨਤ ਲੱਗਦੀ ਹੈ। ਅਸੀਂ ਇਨ੍ਹਾਂ ਤੋਂ ਸਿੱਖਦੇ ਹਾਂ, ਇਹ ਸਾਡੇ ਦਿਲ ’ਤੇ ਅਸਰ ਪਾਉਂਦੀਆਂ ਹਨ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਪਹਿਰਾਬੁਰਜ ਸਟੱਡੀ ਦੀ ਤਿਆਰੀ ਕਰਦਿਆਂ ਅਤੇ ਮੀਟਿੰਗਾਂ ਵਿਚ ਜਵਾਬ ਦੇਣ ਵੇਲੇ ਇਹ ਸਾਡੀ ਮਦਦ ਕਰ ਸਕਦੀਆਂ ਹਨ।
ਮਿਸਾਲ ਲਈ, ਜ਼ਰਾ ਸੋਚੋ ਕਿ ਹਰ ਲੇਖ ਦੀ ਪਹਿਲੀ ਤਸਵੀਰ ਉਸ ਲੇਖ ਲਈ ਕਿਉਂ ਚੁਣੀ ਗਈ ਹੈ। ਇਸ ਵਿਚ ਕੀ ਦਿਖਾਇਆ ਗਿਆ ਹੈ? ਇਸ ਦਾ ਲੇਖ ਦੇ ਵਿਸ਼ੇ ਜਾਂ ਹਵਾਲੇ ਨਾਲ ਕੀ ਤਅੱਲਕ ਹੈ? ਇਹ ਵੀ ਸੋਚੋ ਕਿ ਲੇਖ ਵਿਚ ਦਿੱਤੀਆਂ ਹੋਰ ਤਸਵੀਰਾਂ ਉਸ ਵਿਸ਼ੇ ਜਾਂ ਤੁਹਾਡੀ ਜ਼ਿੰਦਗੀ ’ਤੇ ਕਿਵੇਂ ਢੁਕਦੀਆਂ ਹਨ।
ਪਹਿਰਾਬੁਰਜ ਨੂੰ ਲੈਣ ਵਾਲਾ ਭਰਾ, ਭੈਣਾਂ-ਭਰਾਵਾਂ ਨੂੰ ਹਰ ਤਸਵੀਰ ਬਾਰੇ ਜਵਾਬ ਦੇਣ ਦਾ ਮੌਕਾ ਦੇ ਸਕਦਾ ਹੈ। ਉਹ ਪੁੱਛ ਸਕਦਾ ਹੈ ਕਿ ਉਨ੍ਹਾਂ ਨੇ ਤਸਵੀਰ ਤੋਂ ਕੀ ਸਿੱਖਿਆ ਹੈ ਜਾਂ ਇਨ੍ਹਾਂ ਦਾ ਪੂਰੇ ਲੇਖ ਨਾਲ ਕੀ ਤਅੱਲਕ ਹੈ। ਕਦੀ-ਕਦੀ ਦੱਸਿਆ ਜਾਂਦਾ ਹੈ ਕਿ ਤਸਵੀਰ ਕਿਸ ਪੈਰੇ ਨਾਲ ਜੁੜੀ ਹੋਈ ਹੈ। ਜੇ ਇਹ ਨਹੀਂ ਦੱਸਿਆ ਗਿਆ, ਤਾਂ ਭਰਾ ਫ਼ੈਸਲਾ ਕਰ ਸਕਦਾ ਹੈ ਕਿ ਤਸਵੀਰ ਕਿਸ ਪੈਰੇ ’ਤੇ ਢੁਕਦੀ ਹੈ। ਇੱਦਾਂ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਅਤੇ ਤਸਵੀਰਾਂ ਤੋਂ ਸਾਰਿਆਂ ਨੂੰ ਪੂਰਾ ਫ਼ਾਇਦਾ ਹੋਵੇਗਾ।
ਇਕ ਭਰਾ ਨੇ ਕਿਹਾ, “ਲੇਖ ਤਾਂ ਵਧੀਆ ਹੁੰਦੇ ਹੀ ਹਨ, ਪਰ ਤਸਵੀਰਾਂ ਲੇਖ ਨੂੰ ਚਾਰ ਚੰਨ ਲਾ ਦਿੰਦੀਆਂ ਹਨ।”