‘ਅਸੀਂ ਪਰਮੇਸ਼ੁਰ ਨੂੰ ਜਾਣ ਗਏ ਹਾਂ’—ਹੁਣ ਅੱਗੇ ਕੀ?
“ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ।”—ਗਲਾ. 4:9.
1. ਜਹਾਜ਼ ਉਡਾਉਣ ਤੋਂ ਪਹਿਲਾਂ ਪਾਇਲਟ ਜਹਾਜ਼ ਦੀ ਜਾਂਚ ਕਿਉਂ ਕਰਦਾ ਹੈ?
ਪਾਇਲਟ ਹਰ ਵਾਰ ਜਹਾਜ਼ ਉਡਾਉਣ ਤੋਂ ਪਹਿਲਾਂ ਧਿਆਨ ਨਾਲ ਜਹਾਜ਼ ਦੀਆਂ ਕਈ ਚੀਜ਼ਾਂ ਦੀ ਜਾਂਚ ਕਰਦਾ ਹੈ। ਉਹ 30 ਤੋਂ ਜ਼ਿਆਦਾ ਚੀਜ਼ਾਂ ਦੀ ਲਿਸਟ ਚੈੱਕ ਕਰ ਕੇ ਦੇਖਦਾ ਹੈ ਕਿ ਉਸ ਨੇ ਸਾਰੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲਈ ਹੈ ਜਾਂ ਨਹੀਂ। ਜੇ ਉਹ ਇਸ ਤਰ੍ਹਾਂ ਨਹੀਂ ਕਰਦਾ, ਤਾਂ ਹਵਾਈ ਹਾਦਸਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਖ਼ਾਸ ਤੌਰ ਤੇ ਕਿਨ੍ਹਾਂ ਪਾਇਲਟਾਂ ਤੋਂ ਇਹ ਜਾਂਚ ਕਰਨ ਦੀ ਉਮੀਦ ਰੱਖੀ ਜਾਂਦੀ ਹੈ? ਬਹੁਤ ਹੀ ਤਜਰਬੇਕਾਰ ਪਾਇਲਟਾਂ ਤੋਂ ਕਿਉਂਕਿ ਉਹ ਲਾਪਰਵਾਹ ਹੋ ਸਕਦੇ ਹਨ ਤੇ ਜਹਾਜ਼ ਉਡਾਉਣ ਤੋਂ ਪਹਿਲਾਂ ਸ਼ਾਇਦ ਉਹ ਸਾਰੀਆਂ ਚੀਜ਼ਾਂ ਦੀ ਜਾਂਚ ਨਾ ਕਰਨ।
2. ਮਸੀਹੀਆਂ ਨੂੰ ਕਿਹੜੀ ਚੀਜ਼ ਦੀ ਜਾਂਚ ਕਰਨ ਦੀ ਲੋੜ ਹੈ?
2 ਜਿਸ ਤਰ੍ਹਾਂ ਪਾਇਲਟ ਜਾਂਚ ਕਰਨ ਲਈ ਲਿਸਟ ਚੈੱਕ ਕਰਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਕੁਝ ਚੀਜ਼ਾਂ ਦੀ ਮਦਦ ਨਾਲ ਆਪਣੀ ਨਿਹਚਾ ਦੀ ਜਾਂਚ ਕਰ ਸਕਦੇ ਹੋ ਤਾਂਕਿ ਮੁਸ਼ਕਲ ਹਾਲਾਤਾਂ ਵਿਚ ਵੀ ਤੁਹਾਡੀ ਨਿਹਚਾ ਮਜ਼ਬੂਤ ਰਹੇ। ਭਾਵੇਂ ਅਸੀਂ ਹੁਣੇ-ਹੁਣੇ ਬਪਤਿਸਮਾ ਲਿਆ ਹੈ ਜਾਂ ਕਈ ਸਾਲ ਹੋ ਗਏ ਹਨ, ਪਰ ਸਾਨੂੰ ਸਾਰਿਆਂ ਨੂੰ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ’ਤੇ ਸਾਡੀ ਨਿਹਚਾ ਕਿੰਨੀ ਕੁ ਪੱਕੀ ਹੈ। ਜੇ ਅਸੀਂ ਹਰ ਰੋਜ਼ ਇਸ ਤਰ੍ਹਾਂ ਨਾ ਕਰੀਏ, ਤਾਂ ਹੋ ਸਕਦਾ ਹੈ ਕਿ ਕਿਸੇ ਅਜ਼ਮਾਇਸ਼ ਦੌਰਾਨ ਸਾਡੀ ਨਿਹਚਾ ਕਮਜ਼ੋਰ ਹੋ ਜਾਵੇ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਟੁੱਟ ਜਾਵੇ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।”—1 ਕੁਰਿੰ. 10:12.
3. ਗਲਾਤੀਆ ਦੇ ਮਸੀਹੀਆਂ ਨੂੰ ਕੀ ਕਰਨ ਦੀ ਲੋੜ ਸੀ?
3 ਗਲਾਤੀਆ ਦੇ ਮਸੀਹੀਆਂ ਨੂੰ ਆਪਣੀ ਨਿਹਚਾ ਦੀ ਜਾਂਚ ਕਰਨ ਤੇ ਇਸ ਗੱਲ ਦੀ ਕਦਰ ਕਰਨ ਦੀ ਲੋੜ ਸੀ ਕਿ ਮਸੀਹੀ ਬਣਨ ਤੋਂ ਬਾਅਦ ਉਹ ਕਿਨ੍ਹਾਂ ਗੱਲਾਂ ਤੋਂ ਆਜ਼ਾਦ ਹੋਏ ਸਨ। ਯਿਸੂ ਦੀ ਕੁਰਬਾਨੀ ਰਾਹੀਂ ਨਿਹਚਾ ਰੱਖਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਪੁੱਤਰ ਬਣਨ ਦਾ ਸਨਮਾਨ ਮਿਲਿਆ ਅਤੇ ਇਸ ਕਰਕੇ ਉਹ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਸਨ। (ਗਲਾ. 4:9) ਇਸ ਰਿਸ਼ਤੇ ਵਿਚ ਬੱਝੇ ਰਹਿਣ ਲਈ ਉਨ੍ਹਾਂ ਮਸੀਹੀਆਂ ਨੂੰ ਮੰਡਲੀ ਦੇ ਕੁਝ ਮੈਂਬਰਾਂ ਦੀਆਂ ਸਿੱਖਿਆਵਾਂ ਨੂੰ ਰੱਦ ਕਰਨ ਦੀ ਲੋੜ ਸੀ ਜੋ ਸਾਰਿਆਂ ’ਤੇ ਮੂਸਾ ਦੇ ਕਾਨੂੰਨ ਅਨੁਸਾਰ ਚੱਲਣ ਲਈ ਜ਼ੋਰ ਪਾ ਰਹੇ ਸਨ। ਗ਼ੈਰ-ਯਹੂਦੀ ਤਾਂ ਕਦੇ ਵੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਸਨ। ਭਾਵੇਂ ਕੋਈ ਮਸੀਹੀ ਪਹਿਲਾਂ ਯਹੂਦੀ ਧਰਮ ਨੂੰ ਮੰਨਦਾ ਸੀ ਜਾਂ ਨਹੀਂ, ਪਰ ਸਾਰਿਆਂ ਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਲੋੜ ਸੀ। ਉਨ੍ਹਾਂ ਨੂੰ ਸਮਝਣ ਦੀ ਲੋੜ ਸੀ ਕਿ ਪਰਮੇਸ਼ੁਰ ਲੋਕਾਂ ਤੋਂ ਮੂਸਾ ਦੇ ਕਾਨੂੰਨ ਦੇ ਅਨੁਸਾਰ ਚੱਲਣ ਦੀ ਮੰਗ ਨਹੀਂ ਕਰਦਾ।
ਯਹੋਵਾਹ ਨੂੰ ਜਾਣਨ ਦੇ ਸ਼ੁਰੂਆਤੀ ਕਦਮ
4, 5. ਪੌਲੁਸ ਨੇ ਗਲਾਤੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਤੇ ਇਹ ਸਲਾਹ ਸਾਡੇ ਲਈ ਵੀ ਕਿਉਂ ਢੁਕਵੀਂ ਹੈ?
4 ਗਲਾਤੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਸਾਰੇ ਮਸੀਹੀਆਂ ਨੂੰ ਯਾਦ ਕਰਾਇਆ ਸੀ ਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਛੱਡ ਕੇ ਉਨ੍ਹਾਂ ਚੀਜ਼ਾਂ ਵੱਲ ਕਦੇ ਵਾਪਸ ਨਾ ਜਾਣ ਜਿਨ੍ਹਾਂ ਨੂੰ ਉਹ ਪਿੱਛੇ ਛੱਡ ਕੇ ਆਏ ਸਨ। ਯਹੋਵਾਹ ਨੇ ਪੌਲੁਸ ਰਸੂਲ ਰਾਹੀਂ ਸਿਰਫ਼ ਗਲਾਤੀਆ ਦੇ ਮਸੀਹੀਆਂ ਨੂੰ ਹੀ ਨਹੀਂ, ਸਗੋਂ ਆਪਣੇ ਸਾਰੇ ਭਗਤਾਂ ਨੂੰ ਨਿਹਚਾ ਵਿਚ ਮਜ਼ਬੂਤ ਰਹਿਣ ਦੀ ਹੱਲਾਸ਼ੇਰੀ ਦਿੱਤੀ ਸੀ।
5 ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਝੂਠੀਆਂ ਸਿੱਖਿਆਵਾਂ ਤੋਂ ਕਿਵੇਂ ਆਜ਼ਾਦ ਹੋਏ ਸੀ ਤੇ ਯਹੋਵਾਹ ਦੇ ਗਵਾਹ ਬਣੇ ਸੀ। ਇਸ ਲਈ ਇਨ੍ਹਾਂ ਦੋ ਸਵਾਲਾਂ ’ਤੇ ਗੌਰ ਕਰੋ: ਕੀ ਤੁਹਾਨੂੰ ਯਾਦ ਹੈ ਕਿ ਬਪਤਿਸਮਾ ਲੈਣ ਦੇ ਯੋਗ ਬਣਨ ਲਈ ਤੁਸੀਂ ਕਿਹੜੇ ਕਦਮ ਚੁੱਕੇ ਸਨ? ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਕਿਵੇਂ ਜਾਣਿਆ ਸੀ ਤੇ ਤੁਸੀਂ ਕਿੱਦਾਂ ਮਹਿਸੂਸ ਕੀਤਾ ਸੀ ਜਦੋਂ ਉਸ ਨੇ ਤੁਹਾਨੂੰ ਜਾਣਿਆ ਸੀ?
6. ਅਸੀਂ ਕਿਨ੍ਹਾਂ ਕਦਮਾਂ ਦੀ ਜਾਂਚ ਕਰਾਂਗੇ?
6 ਅਸੀਂ ਬਪਤਿਸਮਾ ਲੈਣ ਤੇ ਸੱਚਾਈ ਵਿਚ ਤਰੱਕੀ ਕਰਨ ਲਈ ਮੁੱਖ ਤੌਰ ਤੇ ਨੌਂ ਕਦਮ ਚੁੱਕਦੇ ਹਾਂ। ਸਫ਼ਾ 17 ’ਤੇ ਦਿੱਤੀ ਡੱਬੀ ਵਿਚ ਇਨ੍ਹਾਂ ਕਦਮਾਂ ਦੀ ਲਿਸਟ ਦਿੱਤੀ ਗਈ ਹੈ। ਇਨ੍ਹਾਂ ਨੌਂ ਕਦਮਾਂ ਦੀ ਹਮੇਸ਼ਾ ਜਾਂਚ ਕਰਨ ਨਾਲ ਸਾਡਾ ਇਰਾਦਾ ਪੱਕਾ ਹੋਵੇਗਾ ਕਿ ਅਸੀਂ ਦੁਬਾਰਾ ਬੁਰੀ ਦੁਨੀਆਂ ਵੱਲ ਨਾ ਮੁੜੀਏ। ਜਿਸ ਤਰ੍ਹਾਂ ਇਕ ਸਾਵਧਾਨ ਪਾਇਲਟ ਸੁਰੱਖਿਅਤ ਢੰਗ ਨਾਲ ਜਹਾਜ਼ ਉਡਾਉਣ ਲਈ ਹਮੇਸ਼ਾ ਲਿਸਟ ਚੈੱਕ ਕਰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਨੂੰ ਇਨ੍ਹਾਂ ਕਦਮਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਜਿਨ੍ਹਾਂ ਨੂੰ ਪਰਮੇਸ਼ੁਰ ਜਾਣਦਾ ਹੈ ਉਹ ਸੱਚਾਈ ਵਿਚ ਤਰੱਕੀ ਕਰਦੇ ਰਹਿੰਦੇ ਹਨ
7. ਸਾਨੂੰ ਕਿਸ ਨਮੂਨੇ ’ਤੇ ਚੱਲਣਾ ਚਾਹੀਦਾ ਹੈ ਤੇ ਕਿਉਂ?
7 ਪਾਇਲਟ ਲਈ ਹਰ ਵਾਰ ਜਹਾਜ਼ ਉਡਾਉਣ ਤੋਂ ਪਹਿਲਾਂ ਲਿਸਟ ਦੇਖਣੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਸਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਬਪਤਿਸਮੇ ਤੋਂ ਬਾਅਦ ਸੱਚਾਈ ਵਿਚ ਕਿੰਨੀ ਤਰੱਕੀ ਕੀਤੀ ਹੈ। ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਮੇਰੇ ਤੋਂ ਸੁਣੀਆਂ ਸਹੀ ਸਿੱਖਿਆਵਾਂ ਦੇ ਨਮੂਨੇ ਉੱਤੇ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਦਾ ਚੇਲਾ ਹੋਣ ਕਰਕੇ ਤੇਰੇ ਵਿਚ ਹੈ।” (2 ਤਿਮੋ. 1:13) ਇਹ “ਸਹੀ ਸਿੱਖਿਆਵਾਂ” ਬਾਈਬਲ ਵਿਚ ਪਾਈਆਂ ਜਾਂਦੀਆਂ ਹਨ। (1 ਤਿਮੋ. 6:3) ਜਿਵੇਂ ਇਕ ਦਰਜ਼ੀ ਡੀਜ਼ਾਈਨ ਬਣਾ ਕੇ ਤੁਹਾਨੂੰ ਦਿਖਾ ਸਕਦਾ ਹੈ ਕਿ ਸੂਟ ਕਿੱਦਾਂ ਦਾ ਹੋਵੇਗਾ, ਉਸੇ ਤਰ੍ਹਾਂ ‘ਸੱਚਾਈ ਦੇ ਨਮੂਨੇ’ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ। ਫਿਰ ਇਸ ਮੁਤਾਬਕ ਚੱਲ ਕੇ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਇਸ ਲਈ ਆਓ ਆਪਾਂ ਉਨ੍ਹਾਂ ਕਦਮਾਂ ਬਾਰੇ ਗੱਲ ਕਰੀਏ ਜੋ ਸਾਨੂੰ ਬਪਤਿਸਮੇ ਤਕ ਲੈ ਕੇ ਗਏ ਸਨ। ਨਾਲੇ ਦੇਖੀਏ ਕਿ ਅਸੀਂ ਸੱਚਾਈ ਦੇ ਨਮੂਨੇ ’ਤੇ ਕਿੰਨਾ ਕੁ ਚੱਲਦੇ ਹਾਂ।
8, 9. (ੳ) ਸਾਨੂੰ ਗਿਆਨ ਤੇ ਨਿਹਚਾ ਵਿਚ ਕਿਉਂ ਵਧਦੇ ਰਹਿਣਾ ਚਾਹੀਦਾ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਸੱਚਾਈ ਵਿਚ ਤਰੱਕੀ ਕਰਦੇ ਰਹਿਣਾ ਕਿਉਂ ਜ਼ਰੂਰੀ ਹੈ।
8 ਗਿਆਨ ਲੈਣਾ ਪਹਿਲਾ ਕਦਮ ਹੈ। ਫਿਰ ਗਿਆਨ ਲੈਣ ਨਾਲ ਸਾਡੇ ਵਿਚ ਨਿਹਚਾ ਪੈਦਾ ਹੁੰਦੀ ਹੈ। ਪਰ ਸਾਨੂੰ ਗਿਆਨ ਲੈਂਦੇ ਰਹਿਣ ਤੇ ਆਪਣੀ ਨਿਹਚਾ ਮਜ਼ਬੂਤ ਕਰਦੇ ਰਹਿਣ ਦੀ ਲੋੜ ਹੈ। (2 ਥੱਸ. 1:3) ਸੱਚਾਈ ਵਿਚ ਤਰੱਕੀ ਕਰਨ ਲਈ ਸਾਨੂੰ ਆਪਣੇ ਵਿਚ ਤਬਦੀਲੀਆਂ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਬਪਤਿਸਮੇ ਤੋਂ ਬਾਅਦ ਵੀ ਸਾਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ।
9 ਅਸੀਂ ਸੱਚਾਈ ਵਿਚ ਆਪਣੀ ਤਰੱਕੀ ਦੀ ਤੁਲਨਾ ਇਕ ਦਰਖ਼ਤ ਦੇ ਵਾਧੇ ਨਾਲ ਕਰ ਸਕਦੇ ਹਾਂ। ਕਈ ਦਰਖ਼ਤ ਬਹੁਤ ਉਚਾਈ ਤਕ ਵਧਦੇ ਹਨ, ਖ਼ਾਸ ਕਰਕੇ ਜਦੋਂ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੋਣ। ਮਿਸਾਲ ਲਈ, ਸਰੇ. 5:15) ਇਕ ਦਰਖ਼ਤ ਪਹਿਲਾਂ ਬਹੁਤ ਛੇਤੀ ਵਧਦਾ ਹੈ। ਜਿੱਦਾਂ-ਜਿੱਦਾਂ ਇਸ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ, ਉੱਦਾਂ-ਉੱਦਾਂ ਇਸ ਦਾ ਤਣਾ ਮੋਟਾ ਤੇ ਲੰਬਾ ਹੁੰਦਾ ਜਾਂਦਾ ਹੈ। ਇਸ ਤੋਂ ਬਾਅਦ ਦਰਖ਼ਤ ਦਾ ਵਾਧਾ ਇੰਨਾ ਨਜ਼ਰ ਨਹੀਂ ਆਉਂਦਾ। ਸੱਚਾਈ ਵਿਚ ਮਸੀਹੀਆਂ ਦੀ ਤਰੱਕੀ ਬਾਰੇ ਵੀ ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ। ਅਸੀਂ ਸ਼ਾਇਦ ਸ਼ੁਰੂ ਵਿਚ ਬਾਈਬਲ ਸਟੱਡੀ ਕਰਦਿਆਂ ਜਲਦੀ ਤਰੱਕੀ ਕਰੀਏ ਤੇ ਬਪਤਿਸਮਾ ਲੈ ਲਈਏ। ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਸਾਡੀ ਤਰੱਕੀ ਨਜ਼ਰ ਆਉਂਦੀ ਹੈ। ਅਸੀਂ ਸ਼ਾਇਦ ਪਾਇਨੀਅਰਿੰਗ ਕਰਨ ਲੱਗ ਪਈਏ ਜਾਂ ਸਾਨੂੰ ਹੋਰ ਸਨਮਾਨ ਮਿਲਣ। ਬਾਅਦ ਦੇ ਸਾਲਾਂ ਵਿਚ ਸ਼ਾਇਦ ਸੱਚਾਈ ਵਿਚ ਸਾਡੀ ਤਰੱਕੀ ਕਿਸੇ ਨੂੰ ਨਜ਼ਰ ਨਾ ਆਵੇ। ਪਰ ਸਾਨੂੰ ਨਿਹਚਾ ਤੇ ਗਿਆਨ ਵਿਚ ਉਦੋਂ ਤਕ ਵਧਦੇ ਜਾਣਾ ਚਾਹੀਦਾ ਹੈ ਜਦੋਂ ਤਕ “ਸਾਡਾ ਕੱਦ-ਕਾਠ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਨਹੀਂ ਹੋ ਜਾਂਦਾ।” (ਅਫ਼. 4:13) ਇਸ ਦਾ ਮਤਲਬ ਹੈ ਕਿ ਸਾਨੂੰ ਮਸੀਹ ਵਾਂਗ ਸਮਝਦਾਰ ਬਣਨ ਲਈ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਜਦੋਂ ਅਸੀਂ ਸੱਚਾਈ ਵਿਚ ਤਰੱਕੀ ਕਰਦੇ ਹਾਂ, ਤਾਂ ਅਸੀਂ ਉਸ ਛੋਟੇ ਪੌਦੇ ਦੀ ਤਰ੍ਹਾਂ ਹੁੰਦੇ ਹਾਂ ਜੋ ਵਧ ਕੇ ਇਕ ਮਜ਼ਬੂਤ ਦਰਖ਼ਤ ਬਣ ਜਾਂਦਾ ਹੈ।
ਲਬਾਨੋਨ ਦੇ ਦਿਆਰ ਦੇ ਦਰਖ਼ਤਾਂ ਦੀ ਉਚਾਈ 12 ਮੰਜ਼ਲੀ ਬਿਲਡਿੰਗ ਤਕ ਪਹੁੰਚ ਸਕਦੀ ਹੈ, ਇਸ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਤੇ ਇਸ ਦਾ ਤਣਾ 40 ਫੁੱਟ (12 ਮੀਟਰ) ਮੋਟਾ ਹੁੰਦਾ ਹੈ। (10. ਸੱਚਾਈ ਵਿਚ ਪੱਕੇ ਭੈਣਾਂ-ਭਰਾਵਾਂ ਨੂੰ ਵੀ ਤਰੱਕੀ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
10 ਪਰ ਸੱਚਾਈ ਵਿਚ ਸਾਡੀ ਤਰੱਕੀ ਨਹੀਂ ਰੁਕਣੀ ਚਾਹੀਦੀ। ਜੇ ਅਸੀਂ ਗਿਆਨ ਲੈਂਦੇ ਰਹੀਏ ਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖੀਏ, ਤਾਂ ਸੱਚਾਈ ਵਿਚ ਸਾਡੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਜਾਣਗੀਆਂ। (ਕਹਾ. 12:3) ਮੰਡਲੀ ਵਿਚ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਸ ਤਰ੍ਹਾਂ ਕੀਤਾ ਹੈ। ਮਿਸਾਲ ਲਈ, ਇਕ ਭਰਾ 30 ਤੋਂ ਜ਼ਿਆਦਾ ਸਾਲਾਂ ਤੋਂ ਬਜ਼ੁਰਗ ਹੈ। ਉਸ ਨੇ ਦੇਖਿਆ ਹੈ ਕਿ ਉਹ ਅਜੇ ਵੀ ਸੱਚਾਈ ਵਿਚ ਤਰੱਕੀ ਕਰ ਰਿਹਾ ਹੈ। ਉਹ ਦੱਸਦਾ ਹੈ: “ਬਾਈਬਲ ਲਈ ਮੇਰੀ ਕਦਰ ਬਹੁਤ ਹੀ ਵਧੀ ਹੈ। ਮੈਂ ਅਜੇ ਵੀ ਸਿੱਖਦਾ ਹਾਂ ਕਿ ਮੈਂ ਬਾਈਬਲ ਦੇ ਅਸੂਲਾਂ ਨੂੰ ਵੱਖ-ਵੱਖ ਹਾਲਾਤਾਂ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ। ਪ੍ਰਚਾਰ ਕਰ ਕੇ ਮੈਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”
ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ
11. ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਾਂ?
11 ਸੱਚਾਈ ਵਿਚ ਤਰੱਕੀ ਕਰਨ ਲਈ ਸਾਨੂੰ ਆਪਣੇ ਪਿਤਾ ਯਹੋਵਾਹ ਦੇ ਨੇੜੇ ਰਹਿਣਾ ਚਾਹੀਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪਿਆਰ ਦੀ ਛਾਂ ਵਿਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰੀਏ ਠੀਕ ਜਿੱਦਾਂ ਇਕ ਬੱਚਾ ਆਪਣੀ ਮਾਂ ਦੀ ਗੋਦੀ ਵਿਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਸਾਨੂੰ ਪਤਾ ਹੈ ਕਿ ਯਹੋਵਾਹ ਨਾਲ ਪੱਕਾ ਰਿਸ਼ਤਾ ਇਕ ਰਾਤ ਵਿਚ ਨਹੀਂ ਬਣ ਜਾਂਦਾ। ਉਸ ਨੂੰ ਜਾਣਨ ਤੇ ਪਿਆਰ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਵਾਸਤੇ ਅਲੱਗ ਸਮਾਂ ਰੱਖਣਾ ਚਾਹੀਦਾ ਹੈ। ਸਾਨੂੰ ਪਹਿਰਾਬੁਰਜ ਤੇ ਜਾਗਰੂਕ ਬਣੋ! ਦਾ ਹਰ ਅੰਕ ਪੜ੍ਹਨ ਦੇ
ਨਾਲ-ਨਾਲ ਹੋਰ ਵੀ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨੇ ਚਾਹੀਦੇ ਹਨ।12. ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਕੀ ਕਰਨਾ ਜ਼ਰੂਰੀ ਹੈ?
12 ਪਰਮੇਸ਼ੁਰ ਦੇ ਸੇਵਕ ਸੱਚਾਈ ਵਿਚ ਤਰੱਕੀ ਕਰਨ ਲਈ ਉਸ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਨ ਤੇ ਭੈਣਾਂ-ਭਰਾਵਾਂ ਨਾਲ ਸੰਗਤ ਵੀ ਕਰਦੇ ਹਨ। (ਮਲਾਕੀ 3:16 ਪੜ੍ਹੋ।) ਯਹੋਵਾਹ ਦੇ “ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ।” (1 ਪਤ. 3:12) ਜਿਵੇਂ ਮਾਪੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਦੇ ਹਨ, ਉਵੇਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਧਿਆਨ ਨਾਲ ਸੁਣਦਾ ਹੈ। ਇਸ ਲਈ ਸਾਨੂੰ ‘ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ।’ (ਰੋਮੀ. 12:12) ਅਸੀਂ ਯਹੋਵਾਹ ਦੀ ਮਦਦ ਤੋਂ ਬਗੈਰ ਸੱਚਾਈ ਵਿਚ ਤਰੱਕੀ ਨਹੀਂ ਕਰ ਸਕਦੇ। ਨਾਲੇ ਅਸੀਂ ਇਸ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਆਪਣੇ ਆਪ ਨਹੀਂ ਕਰ ਸਕਦੇ। ਇਸ ਲਈ ਉਹ ਸਾਨੂੰ ਤਾਕਤ ਦੇਣੀ ਚਾਹੁੰਦਾ ਹੈ। ਪਰ ਜੇ ਅਸੀਂ ਉਸ ਨੂੰ ਪ੍ਰਾਰਥਨਾ ਕਰਨੀ ਛੱਡ ਦਿੰਦੇ ਹਾਂ, ਤਾਂ ਸਾਨੂੰ ਤਾਕਤ ਨਹੀਂ ਮਿਲੇਗੀ। ਕੀ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੋ ਜਾਂ ਕੀ ਤੁਹਾਨੂੰ ਇਸ ਵਿਚ ਸੁਧਾਰ ਕਰਨ ਦੀ ਲੋੜ ਹੈ?—ਯਿਰ. 16:19.
13. ਸੱਚਾਈ ਵਿਚ ਤਰੱਕੀ ਕਰਦੇ ਰਹਿਣ ਲਈ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਕਿਉਂ ਜ਼ਰੂਰੀ ਹੈ?
13 ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨਾਲ ਖ਼ੁਸ਼ ਹੈ ਜੋ ਉਸ ਦੀ ਸ਼ਰਨ ਵਿਚ ਆਉਂਦੇ ਹਨ। ਇਸ ਲਈ ਯਹੋਵਾਹ ਨੂੰ ਜਾਣਨ ਤੋਂ ਬਾਅਦ ਵੀ ਸਾਨੂੰ ਮੰਡਲੀ ਵਿਚ ਉਨ੍ਹਾਂ ਲੋਕਾਂ ਨਾਲ ਹਮੇਸ਼ਾ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਉਸ ਨੂੰ ਜਾਣਦੇ ਹਨ। (ਨਹੂ. 1:7) ਦੁਨੀਆਂ ਵਿਚ ਰਹਿੰਦਿਆਂ ਸਾਨੂੰ ਕਈ ਗੱਲਾਂ ਕਰਕੇ ਨਿਰਾਸ਼ਾ ਹੁੰਦੀ ਹੈ, ਪਰ ਸਾਨੂੰ ਆਪਣੇ ਭੈਣਾਂ-ਭਰਾਵਾਂ ਤੋਂ ਹੌਸਲਾ ਮਿਲਦਾ ਹੈ। ਉਹ ਸਾਨੂੰ “ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਦਿੰਦੇ ਹਨ। (ਇਬ. 10:24, 25) ਪੌਲੁਸ ਦੀ ਸਲਾਹ ਮੰਨਣ ਲਈ ਜ਼ਰੂਰੀ ਹੈ ਕਿ ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਈਏ। ਇਸ ਲਈ ਸਾਰੀਆਂ ਮੀਟਿੰਗਾਂ ਵਿਚ ਜਾਓ ਤੇ ਇਨ੍ਹਾਂ ਵਿਚ ਹਿੱਸਾ ਲਓ।
14. ਸਾਨੂੰ ਤੋਬਾ ਕਰਨ ਤੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ ਲਈ ਹਮੇਸ਼ਾ ਤਿਆਰ ਕਿਉਂ ਰਹਿਣਾ ਚਾਹੀਦਾ ਹੈ?
14 ਮਸੀਹੀ ਬਣਨ ਲਈ ਤੋਬਾ ਕਰਨੀ ਤੇ ਪਾਪ ਦੇ ਰਾਹ ਤੋਂ ਮੁੜਨਾ ਵੀ ਜ਼ਰੂਰੀ ਹੈ। ਪਰ ਸਾਨੂੰ ਹਮੇਸ਼ਾ ਤੋਬਾ ਕਰਨ ਤੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਨਾਮੁਕੰਮਲ ਹੋਣ ਕਰਕੇ ਪਾਪ ਸਾਡੇ ਅੰਦਰ ਸੱਪ ਵਾਂਗ ਡੰਗ ਮਾਰਨ ਲਈ ਹਮੇਸ਼ਾ ਤਿਆਰ ਬੈਠਾ ਹੈ। (ਰੋਮੀ. 3:9, 10; 6:12-14) ਇਸ ਲਈ ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣਾ ਚਾਹੀਦਾ ਹੈ ਤੇ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਅੰਦਰ ਕੋਈ ਕਮਜ਼ੋਰੀ ਨਹੀਂ ਹੈ। ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਅਸੀਂ ਪੂਰਾ ਜ਼ੋਰ ਲਾ ਕੇ ਆਪਣੀਆਂ ਕਮਜ਼ੋਰੀਆਂ ਨਾਲ ਲੜਦੇ ਹਾਂ ਤੇ ਆਪਣੇ ਵਿਚ ਤਬਦੀਲੀਆਂ ਕਰਦੇ ਹਾਂ, ਤਾਂ ਯਹੋਵਾਹ ਸਾਡੇ ਨਾਲ ਧੀਰਜ ਰੱਖਦਾ ਹੈ। (ਫ਼ਿਲਿ. 2:12; 2 ਪਤ. 3:9) ਆਪਣੀਆਂ ਕਮਜ਼ੋਰੀਆਂ ਨਾਲ ਲੜਨ ਲਈ ਸਾਨੂੰ ਆਪਣਾ ਸਮਾਂ ਤੇ ਤਾਕਤ ਸੁਆਰਥੀ ਕੰਮਾਂ ਦੀ ਬਜਾਇ ਯਹੋਵਾਹ ਦੀ ਸੇਵਾ ਵਿਚ ਲਾਉਣੀ ਚਾਹੀਦੀ ਹੈ। ਇਕ ਭੈਣ ਦੱਸਦੀ ਹੈ: “ਹਾਲਾਂਕਿ ਮੇਰੀ ਪਰਵਰਿਸ਼ ਸੱਚਾਈ ਵਿਚ ਹੋਈ ਸੀ, ਪਰ ਯਹੋਵਾਹ ਬਾਰੇ ਮੇਰਾ ਨਜ਼ਰੀਆ ਗ਼ਲਤ ਸੀ। ਮੈਨੂੰ ਲੱਗਦਾ ਸੀ ਕਿ ਮੈਨੂੰ ਉਸ ਤੋਂ ਡਰ-ਡਰ ਕੇ ਰਹਿਣਾ ਚਾਹੀਦਾ ਹੈ ਤੇ ਮੈਂ ਕਦੇ ਵੀ ਉਸ ਨੂੰ ਖ਼ੁਸ਼ ਨਹੀਂ ਕਰ ਸਕਦੀ।” ਉਸ ਨੇ ਕਦੇ ਵੀ ਆਪਣੇ ਆਪ ਨੂੰ ਯਹੋਵਾਹ ਦੇ ਨੇੜੇ ਮਹਿਸੂਸ ਨਹੀਂ ਕੀਤਾ ਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਗ਼ਲਤੀਆਂ ਕੀਤੀਆਂ। ਉਹ ਅੱਗੇ ਦੱਸਦੀ ਹੈ: “ਇਹ ਇਸ ਕਰਕੇ ਨਹੀਂ ਸੀ ਕਿ ਮੈਂ ਯਹੋਵਾਹ ਨੂੰ ਪਿਆਰ ਨਹੀਂ ਸੀ ਕਰਦੀ, ਪਰ ਕਿਉਂਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਿਆ ਹੀ ਨਹੀਂ ਸੀ। ਫਿਰ ਮੈਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਨ ਲੱਗੀ, ਇਸ ਤਰ੍ਹਾਂ ਮੈਂ ਗ਼ਲਤ ਰਾਹ ਤੋਂ ਮੁੜੀ। ਮੈਨੂੰ ਲੱਗਾ ਕਿ ਯਹੋਵਾਹ ਮੇਰਾ ਹੱਥ ਫੜ ਕੇ ਮੇਰੇ ਨਾਲ-ਨਾਲ ਤੁਰਿਆ ਤੇ ਉਸ ਨੇ ਪਿਆਰ ਨਾਲ ਹੌਲੀ-ਹੌਲੀ ਮੁਸ਼ਕਲਾਂ ਵਿੱਚੋਂ ਨਿਕਲਣ ਵਿਚ ਮੇਰੀ ਮਦਦ ਕੀਤੀ।”
15. ਯਿਸੂ ਤੇ ਯਹੋਵਾਹ ਕੀ ਦੇਖਦੇ ਹਨ?
15 ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਹਰ ਹਫ਼ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਵੀ ਜ਼ਰੂਰੀ ਹੈ। ਪਰਮੇਸ਼ੁਰ ਦੇ ਦੂਤ ਨੇ ਪਤਰਸ ਤੇ ਹੋਰ ਰਸੂਲਾਂ ਨੂੰ ਕਿਹਾ ਸੀ ਕਿ ਉਹ ‘ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਾਰੇ ਸਿਖਾਉਂਦੇ ਰਹਿਣ।’ (ਰਸੂ. 5:19-21) ਯਿਸੂ ਤੇ ਯਹੋਵਾਹ ਸਾਡੀ ਨਿਹਚਾ ਤੇ ਸਾਡੇ ਪ੍ਰਚਾਰ ਦੇ ਕੰਮ ਨੂੰ ਦੇਖਦੇ ਹਨ। (ਪ੍ਰਕਾ. 2:19) ਇਕ ਬਜ਼ੁਰਗ ਨੇ ਕਿਹਾ: ‘ਪ੍ਰਚਾਰ ਦਾ ਕੰਮ ਸਾਡੀ ਜ਼ਿੰਦਗੀ ਵਿਚ ਅਹਿਮ ਹੋਣਾ ਚਾਹੀਦਾ ਹੈ।’
16. ਸਾਨੂੰ ਆਪਣੇ ਸਮਰਪਣ ਬਾਰੇ ਕਿਉਂ ਸੋਚਣਾ ਚਾਹੀਦਾ ਹੈ?
16 ਆਪਣੇ ਸਮਰਪਣ ਬਾਰੇ ਸੋਚੋ। ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਕੀਮਤੀ ਹੈ। ਉਹ ਉਨ੍ਹਾਂ ਸਾਰਿਆਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ। (ਯਸਾਯਾਹ 44:5 ਪੜ੍ਹੋ।) ਉਸ ਨਾਲ ਆਪਣੇ ਰਿਸ਼ਤੇ ਦੀ ਜਾਂਚ ਕਰੋ ਤੇ ਉਸ ਨੂੰ ਪ੍ਰਾਰਥਨਾ ਕਰੋ ਕਿ ਉਹ ਇਸ ਰਿਸ਼ਤੇ ਨੂੰ ਮਜ਼ਬੂਤ ਰੱਖਣ ਵਿਚ ਤੁਹਾਡੀ ਮਦਦ ਕਰੇ। ਇਸ ਦੇ ਨਾਲ-ਨਾਲ ਆਪਣੇ ਬਪਤਿਸਮੇ ਦੀ ਤਾਰੀਖ਼ ਨੂੰ ਯਾਦ ਰੱਖੋ ਕਿਉਂਕਿ ਉਸ ਦਿਨ ਬਪਤਿਸਮਾ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਕੀਤਾ ਸੀ।
ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੇ ਨੇੜੇ ਰਹੋ
17. ਯਹੋਵਾਹ ਦੇ ਨੇੜੇ ਰਹਿਣ ਲਈ ਸਾਨੂੰ ਹਿੰਮਤ ਰੱਖਣ ਦੀ ਕਿਉਂ ਲੋੜ ਹੈ?
17 ਗਲਾਤੀਆਂ ਨੂੰ ਲਿਖਦਿਆਂ ਪੌਲੁਸ ਨੇ ਹਿੰਮਤ ਨਾ ਹਾਰਨ ’ਤੇ ਜ਼ੋਰ ਦਿੱਤਾ ਸੀ। (ਗਲਾ. 6:9) ਅੱਜ ਵੀ ਮਸੀਹੀਆਂ ਲਈ ਹਿੰਮਤ ਤੋਂ ਕੰਮ ਲੈਣਾ ਜ਼ਰੂਰੀ ਹੈ। ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ, ਪਰ ਯਹੋਵਾਹ ਤੁਹਾਡੀ ਮਦਦ ਕਰੇਗਾ। ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਰਹੋ ਜਿਸ ਰਾਹੀਂ ਯਹੋਵਾਹ ਤੁਹਾਨੂੰ ਦੁੱਖਾਂ ਵਿਚ ਵੀ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਦੇਵੇਗਾ। (ਮੱਤੀ 7:7-11) ਇਸ ਬਾਰੇ ਸੋਚੋ: ਜੇ ਯਹੋਵਾਹ ਪੰਛੀਆਂ ਦੀ ਦੇਖ-ਭਾਲ ਕਰਦਾ ਹੈ, ਤਾਂ ਕੀ ਉਹ ਤੁਹਾਡੀ ਦੇਖ-ਭਾਲ ਨਹੀਂ ਕਰੇਗਾ? ਤੁਸੀਂ ਤਾਂ ਉਸ ਨੂੰ ਪਿਆਰ ਕਰਦੇ ਹੋ ਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ! (ਮੱਤੀ 10:29-31) ਇਸ ਲਈ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ, ਕਦੇ ਹਿੰਮਤ ਨਾ ਹਾਰੋ ਤੇ ਨਾ ਹੀ ਉਨ੍ਹਾਂ ਚੀਜ਼ਾਂ ਵੱਲ ਕਦੇ ਵਾਪਸ ਜਾਓ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਕੇ ਆਏ ਸੀ। ਯਾਦ ਰੱਖੋ, ਯਹੋਵਾਹ ਸਾਨੂੰ ਜਾਣਦਾ ਹੈ ਜਿਸ ਕਰਕੇ ਸਾਨੂੰ ਬਹੁਤ ਬਰਕਤਾਂ ਮਿਲਦੀਆਂ ਹਨ।
18. ‘ਅਸੀਂ ਪਰਮੇਸ਼ੁਰ ਨੂੰ ਜਾਣ ਗਏ ਹਾਂ,’ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?
18 ਇਸ ਲਈ ਜੇ ਤੁਸੀਂ ਹੁਣੇ-ਹੁਣੇ ਬਪਤਿਸਮਾ ਲਿਆ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਗਿਆਨ ਲੈਂਦੇ ਰਹੋ ਤੇ ਸੱਚਾਈ ਵਿਚ ਤਰੱਕੀ ਕਰਦੇ ਰਹੋ। ਜੇ ਤੁਸੀਂ ਕਈ ਸਾਲਾਂ ਤੋਂ ਬਪਤਿਸਮਾ ਲਿਆ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਵੀ ਯਹੋਵਾਹ ਬਾਰੇ ਲਗਾਤਾਰ ਗਿਆਨ ਲੈ ਕੇ ਸੱਚਾਈ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਗਏ ਹੋ ਤੇ ਤੁਹਾਨੂੰ ਉਸ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਸਾਨੂੰ ਆਪਣੇ ਪਿਆਰੇ ਪਿਤਾ ਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਮੇਂ-ਸਮੇਂ ਤੇ ਇਨ੍ਹਾਂ ਕਦਮਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।—2 ਕੁਰਿੰਥੀਆਂ 13:5, 6 ਪੜ੍ਹੋ।