ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਾਰਵੇ
ਕੁਝ ਸਾਲ ਪਹਿਲਾਂ ਰੂਆਲ ਅਤੇ ਏਲਸੇਬੈਟ ਨਾਂ ਦੇ ਪਤੀ-ਪਤਨੀ ਨਾਰਵੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਗਨ ਵਿਚ ਆਰਾਮ ਨਾਲ ਰਹਿੰਦੇ ਸਨ। ਉਸ ਵੇਲੇ ਉਨ੍ਹਾਂ ਦੀ ਉਮਰ ਤਕਰੀਬਨ 50 ਦੇ ਕਰੀਬ ਸੀ। ਉਹ ਆਪਣੀ ਬੇਟੀ ਇਜ਼ਾਬੈਲ ਤੇ ਬੇਟੇ ਫੇਬੀਅਨ ਨਾਲ ਮੰਡਲੀ ਵਿਚ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਰੂਆਲ ਮੰਡਲੀ ਵਿਚ ਬਜ਼ੁਰਗ ਤੇ ਏਲਸੇਬੈਟ ਪਾਇਨੀਅਰ ਸੀ ਤੇ ਦੋਨੋਂ ਬੱਚੇ ਚੰਗੇ ਪਬਲੀਸ਼ਰ ਸਨ।
ਪਰ ਸਤੰਬਰ 2009 ਵਿਚ ਇਸ ਪਰਿਵਾਰ ਨੇ ਇਕ ਹਫ਼ਤੇ ਲਈ ਇਕ ਦੂਰ-ਦੁਰਾਡੇ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਰੂਆਲ, ਏਲਸੇਬੈਟ ਤੇ 18 ਸਾਲਾਂ ਦਾ ਫੇਬੀਅਨ ਫਿਨਮਾਰਕ ਰਾਜ ਦੇ ਨੋਰਕਨ ਇਲਾਕੇ ਨੂੰ ਗਏ। ਇਹ ਇਲਾਕਾ ਆਰਕਟਿਕ ਚੱਕਰ ਤੋਂ ਉੱਪਰ ਹੈ। ਉੱਥੇ ਕਿਓਲਾਫੁਰ ਪਿੰਡ ਵਿਚ ਉਨ੍ਹਾਂ ਨੇ ਹੋਰਨਾਂ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕੀਤਾ ਜੋ ਇਸ ਦੂਰ-ਦੁਰਾਡੇ ਇਲਾਕੇ ਵਿਚ ਆਏ ਹੋਏ ਸਨ। ਰੂਆਲ ਦੱਸਦਾ ਹੈ ਕਿ “ਹਫ਼ਤੇ ਦੇ ਸ਼ੁਰੂ ਵਿਚ ਮੈਂ ਖ਼ੁਸ਼ ਸੀ ਕਿ ਮੈਂ ਇਸ ਖ਼ਾਸ ਕੰਮ ਵਿਚ ਹਿੱਸਾ ਲੈਣ ਲਈ ਪੂਰਾ ਹਫ਼ਤਾ ਛੁੱਟੀ ਲੈ ਕੇ ਆ ਸਕਿਆ।” ਪਰ ਕੁਝ ਦਿਨਾਂ ਬਾਅਦ ਉਹ ਪਰੇਸ਼ਾਨ ਹੋ ਗਿਆ। ਕਿਉਂ? ਕੀ ਹੋਇਆ?
ਨਵੀਂ ਜਗ੍ਹਾ ਰਹਿਣ ਦਾ ਸੱਦਾ
ਰੂਆਲ ਦੱਸਦਾ ਹੈ: “ਫਿਨਮਾਰਕ ਵਿਚ ਸੇਵਾ ਕਰ ਰਹੇ ਮਾਰੀਓ ਨਾਂ ਦੇ ਪਾਇਨੀਅਰ ਭਰਾ ਨੇ ਸਾਨੂੰ ਦੱਸਿਆ ਕਿ ਲਕਸੇਲਵ ਨਾਂ ਦੇ ਛੋਟੇ ਸ਼ਹਿਰ ਦੀ ਮੰਡਲੀ ਵਿਚ 23 ਪਬਲੀਸ਼ਰ ਹਨ। ਫਿਰ ਉਸ ਨੇ ਅਚਾਨਕ ਸਾਨੂੰ ਪੁੱਛਿਆ, ‘ਕੀ ਤੁਸੀਂ ਲਕਸੇਲਵ ਵਿਚ ਰਹਿ ਕੇ ਮੰਡਲੀ ਦੀ ਮਦਦ ਕਰ ਸਕਦੇ ਹੋ?’” ਰੂਆਲ ਇਸ ਸਵਾਲ ਨੂੰ ਸੁਣ ਕੇ ਹੈਰਾਨ ਹੋ ਗਿਆ। ਉਹ ਸਮਝਾਉਂਦਾ ਹੈ: “ਮੈਂ ਤੇ ਏਲਸੇਬੈਟ ਇਸ ਬਾਰੇ ਗੱਲਬਾਤ ਕਰ ਚੁੱਕੇ ਸੀ ਕਿ ਜਦ ਬੱਚੇ ਵੱਡੇ ਹੋ ਕੇ ਵੱਖਰੇ ਰਹਿਣ ਲੱਗ ਪੈਣਗੇ, ਤਾਂ ਸ਼ਾਇਦ ਅਸੀਂ ਅਜਿਹੇ ਇਲਾਕੇ ਵਿਚ ਜਾ ਕੇ ਸੇਵਾ ਕਰ ਸਕੀਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੋਵੇ।” ਪਰ ਇਸ ਦੂਰ-ਦੁਰਾਡੇ ਇਲਾਕੇ ਵਿਚ ਕੁਝ ਹੀ ਦਿਨ ਪ੍ਰਚਾਰ ਕਰ ਕੇ ਰੂਆਲ ਨੇ ਦੇਖਿਆ ਕਿ ਲੋਕ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਸਨ। ਉਨ੍ਹਾਂ ਨੂੰ ਬਾਅਦ ਵਿਚ ਨਹੀਂ, ਬਲਕਿ ਹੁਣ ਮਦਦ ਦੀ ਲੋੜ ਸੀ। ਉਹ ਦੱਸਦਾ ਹੈ: “ਇਸ ਸਵਾਲ ਕਰਕੇ ਮੇਰਾ ਮਨ ਪਰੇਸ਼ਾਨ ਹੋਇਆ ਤੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ।” ਫਿਰ ਮਾਰੀਓ ਰੂਆਲ ਤੇ ਉਸ ਦੇ ਪਰਿਵਾਰ ਨੂੰ ਲਕਸੇਲਵ ਲੈ ਕੇ ਗਿਆ ਜੋ ਕਿਓਲਾਫੁਰ ਤੋਂ ਲਗਭਗ 240 ਕਿਲੋਮੀਟਰ (150 ਮੀਲ) ਦੂਰ ਸੀ। ਉਹ ਚਾਹੁੰਦਾ ਸੀ ਕਿ ਰੂਆਲ ਤੇ ਉਸ ਦਾ ਪਰਿਵਾਰ ਆਪ ਉੱਥੇ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਿਲ ਸਕੇ।
ਲਕਸੇਲਵ ਦੀ ਮੰਡਲੀ ਵਿਚ ਆਂਡ੍ਰੈਅਸ ਤੇ ਇਕ ਹੋਰ ਬਜ਼ੁਰਗ ਸੀ। ਆਂਡ੍ਰੈਅਸ ਨੇ ਉਨ੍ਹਾਂ ਨੂੰ ਕਿੰਗਡਮ ਹਾਲ ਤੇ ਆਲੇ-ਦੁਆਲੇ ਦਾ ਇਲਾਕਾ ਦਿਖਾਇਆ। ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦਾ ਿਨੱਘਾ ਸੁਆਗਤ ਕੀਤਾ ਤੇ ਉਨ੍ਹਾਂ ਨੇ ਰੂਆਲ ਤੇ ਏਲਸੇਬੈਟ ਨੂੰ ਕਿਹਾ ਕਿ ਜੇ ਉਹ ਬੱਚਿਆਂ ਨਾਲ ਇੱਥੇ ਆ ਕੇ ਪ੍ਰਚਾਰ ਦੇ ਕੰਮ ਵਿਚ ਮਦਦ ਕਰ ਸਕਣ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ। ਆਂਡ੍ਰੈਅਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਹੀ ਰੂਆਲ ਤੇ ਫੇਬੀਅਨ ਲਈ ਨੌਕਰੀ ਵਾਸਤੇ ਇੰਟਰਵਿਊ ਦਾ ਪ੍ਰਬੰਧ ਕੀਤਾ ਸੀ! ਇਸ ਪਰਿਵਾਰ ਨੇ ਕੀ ਫ਼ੈਸਲਾ ਕੀਤਾ?
ਜਾਈਏ ਜਾਂ ਨਾ ਜਾਈਏ?
ਫੇਬੀਅਨ ਨੇ ਪਹਿਲਾਂ ਸੋਚਿਆ: “ਮੈਂ ਇੱਥੇ ਆ ਕੇ ਨਹੀਂ ਰਹਿਣਾ ਚਾਹੁੰਦਾ।” ਉਹ ਮੰਡਲੀ ਵਿਚ ਆਪਣੇ ਬਚਪਨ ਦੇ ਦੋਸਤਾਂ ਨੂੰ ਛੱਡ ਕੇ ਕਿਸੇ ਛੋਟੇ ਸ਼ਹਿਰ ਵਿਚ ਨਹੀਂ ਰਹਿਣਾ ਚਾਹੁੰਦਾ ਸੀ। ਨਾਲੇ ਉਸ ਨੇ ਇਲੈਕਟ੍ਰੀਸ਼ੀਅਨ ਦਾ ਕੋਰਸ ਅਜੇ ਖ਼ਤਮ ਨਹੀਂ ਕੀਤਾ ਸੀ। ਪਰ ਜਦ ਇਜ਼ਾਬੈਲ (ਜੋ ਉਸ ਸਮੇਂ 21 ਸਾਲਾਂ ਦੀ ਸੀ) ਨੂੰ ਪੁੱਛਿਆ ਗਿਆ ਕਿ ਉੱਥੇ ਰਹਿਣ ਬਾਰੇ ਉਸ ਦਾ ਕੀ ਖ਼ਿਆਲ ਸੀ, ਤਾਂ ਉਸ ਨੇ ਕਿਹਾ: “ਮੈਂ ਇਹੀ ਕਰਨਾ ਚਾਹੁੰਦੀ ਹਾਂ!” ਪਰ ਉਸ ਨੇ ਅੱਗੇ ਕਿਹਾ: “ਫਿਰ ਮੇਰੇ ਮਨ ਵਿਚ ਆਇਆ ਕਿ ਮੰਡਲੀ ਵਿਚ ਸਾਰਿਆਂ ਨੂੰ ਛੱਡ ਕੇ ਜਾਣਾ ਕਿੰਨਾ ਔਖਾ ਹੋਵੇਗਾ। ਮੈਨੂੰ ਸਾਰੇ ਬਹੁਤ ਯਾਦ ਆਉਣਗੇ। ਕੀ ਮੇਰੇ ਲਈ ਆਪਣੀ ਮੰਡਲੀ ਵਿਚ ਰਹਿਣਾ ਹੀ ਠੀਕ ਨਹੀਂ ਹੋਵੇਗਾ ਜਿੱਥੇ ਸਭ ਕੁਝ ਆਰਾਮ ਨਾਲ ਚੱਲ ਰਿਹਾ ਹੈ?’” ਏਲਸੇਬੈਟ ਦਾ ਉੱਥੇ ਜਾਣ ਬਾਰੇ ਕੀ ਖ਼ਿਆਲ ਸੀ? ਉਹ ਕਹਿੰਦੀ ਹੈ: “ਮੈਨੂੰ ਲੱਗਾ ਕਿ ਯਹੋਵਾਹ ਸਾਨੂੰ ਇੱਥੇ ਆਉਣ ਦਾ ਸੱਦਾ ਦੇ ਰਿਹਾ ਸੀ। ਪਰ ਮੈਂ ਇਹ ਵੀ ਸੋਚਿਆ ਕਿ ਸਾਡੇ ਘਰ ਦਾ ਕੀ ਬਣੂ ਜਿੱਥੇ ਅਸੀਂ 25 ਸਾਲਾਂ ਤੋਂ ਰਹਿ ਰਹੇ ਸੀ ਤੇ ਜਿਸ ਨੂੰ ਅਸੀਂ ਨਵਾਂ-ਨਵਾਂ ਸਜਾਇਆ ਸੀ।”
ਇਕ ਹਫ਼ਤੇ ਬਾਅਦ ਰੂਆਲ ਤੇ ਉਸ ਦਾ ਪਰਿਵਾਰ ਬਰਗਨ ਮੁੜ ਆਏ। ਪਰ ਉਹ 2,100 ਕਿਲੋਮੀਟਰ (1,300 ਮੀਲ) ਦੂਰ ਲਕਸੇਲਵ ਵਿਚ ਆਪਣੇ ਭੈਣਾਂ-ਭਰਾਵਾਂ ਬਾਰੇ ਸੋਚਦੇ ਰਹੇ। ਏਲਸੇਬੈਟ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ ਅਤੇ ਅਸੀਂ ਲਕਸੇਲਵ ਦੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਦੇ ਰਹੇ। ਅਸੀਂ ਇਕ-ਦੂਜੇ ਨੂੰ ਤਸਵੀਰਾਂ ਤੇ ਤਜਰਬੇ ਵੀ ਘੱਲਦੇ ਰਹੇ।” ਰੂਆਲ ਕਹਿੰਦਾ ਹੈ: “ਮੈਨੂੰ ਉੱਥੇ ਜਾ ਕੇ ਰਹਿਣ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਲਈ ਸਮੇਂ ਦੀ ਲੋੜ ਸੀ। ਨਾਲੇ ਮੈਂ ਇਸ ਬਾਰੇ ਵੀ ਸੋਚਿਆ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂਗਾ। ਮੈਂ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ ਅਤੇ ਆਪਣੇ ਪਰਿਵਾਰ ਨਾਲ ਤੇ ਹੋਰਨਾਂ ਤਜਰਬੇਕਾਰ ਭਰਾਵਾਂ ਨਾਲ ਇਸ ਬਾਰੇ ਗੱਲਬਾਤ ਕੀਤੀ।” ਫੇਬੀਅਨ ਯਾਦ ਕਰਦਾ ਹੈ: “ਮੈਂ ਉੱਥੇ ਜਾਣ ਬਾਰੇ ਜਿੰਨਾ ਜ਼ਿਆਦਾ ਸੋਚਿਆ ਉੱਨਾ ਹੀ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ ਉੱਥੇ ਨਾ ਜਾਣ ਦਾ ਕੋਈ ਬਹਾਨਾ ਨਹੀਂ ਸੀ। ਮੈਂ ਕਈ ਵਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਹੌਲੀ-ਹੌਲੀ ਉੱਥੇ ਜਾਣ ਦੀ ਮੇਰੀ ਇੱਛਾ ਵਧਦੀ ਗਈ।” ਇਜ਼ਾਬੈਲ ਬਾਰੇ ਕੀ? ਉੱਥੇ ਜਾਣ ਦੀ ਤਿਆਰੀ ਵਿਚ ਉਸ ਨੇ ਆਪਣੇ ਸ਼ਹਿਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਛੇ ਮਹੀਨੇ ਪਾਇਨੀਅਰਿੰਗ ਅਤੇ ਬਾਈਬਲ ਦੀ ਡੂੰਘਾਈ ਨਾਲ ਸਟੱਡੀ ਕਰਨ ਤੋਂ ਬਾਅਦ ਉਸ ਨੂੰ ਲੱਗਾ ਕਿ ਹੁਣ ਉਹ ਨਵੀਂ ਥਾਂ ਜਾਣ ਲਈ ਤਿਆਰ ਸੀ।
ਆਪਣੀ ਮੰਜ਼ਲ ’ਤੇ ਪਹੁੰਚਣ ਲਈ ਕਦਮ ਚੁੱਕੇ
ਇਸ ਪਰਿਵਾਰ ਦੇ ਦਿਲ ਵਿਚ ਜਿੱਦਾਂ-ਜਿੱਦਾਂ ਲਕਸੇਲਵ ਜਾਣ ਦੀ ਇੱਛਾ ਵਧੀ, ਉੱਦਾਂ-ਉੱਦਾਂ ਪੂਰੇ ਪਰਿਵਾਰ ਨੇ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਕਦਮ ਚੁੱਕੇ। ਰੂਆਲ ਦੀ ਚੰਗੀ-ਖ਼ਾਸੀ ਨੌਕਰੀ ਸੀ ਜਿਹੜੀ ਉਸ ਨੂੰ ਬਹੁਤ ਪਸੰਦ ਸੀ। ਫਿਰ ਵੀ ਉਸ ਨੇ ਇਕ ਸਾਲ ਵਾਸਤੇ ਬਿਨਾਂ ਤਨਖ਼ਾਹ ਤੋਂ ਛੁੱਟੀ ਮੰਗੀ। ਪਰ ਉਸ ਦੇ ਬਾਸ ਨੇ ਉਸ ਨੂੰ ਪਾਰਟ-ਟਾਈਮ ਕੰਮ ਕਰਨ ਲਈ ਕਿਹਾ ਜਿਸ ਨਾਲ ਉਸ ਨੂੰ ਦੋ ਹਫ਼ਤੇ ਕੰਮ ਕਰ ਕੇ ਛੇ ਹਫ਼ਤਿਆਂ ਦੀ ਛੁੱਟੀ ਮਿਲ ਸਕਦੀ ਸੀ। ਰੂਆਲ ਕਹਿੰਦਾ ਹੈ: “ਮੇਰੀ ਤਨਖ਼ਾਹ ਕਾਫ਼ੀ ਘੱਟ ਗਈ, ਪਰ ਸਾਡਾ ਗੁਜ਼ਾਰਾ ਚੱਲਦਾ ਰਿਹਾ।”
ਏਲਸੇਬੈਟ ਦੱਸਦੀ ਹੈ: “ਰੂਆਲ ਨੇ ਮੈਨੂੰ ਲਕਸੇਲਵ ਵਿਚ ਘਰ ਲੱਭਣ ਤੇ ਬਰਗਨ ਵਿਚ ਆਪਣੇ ਘਰ ਨੂੰ ਕਿਰਾਏ ’ਤੇ ਦੇਣ ਲਈ ਕਿਹਾ। ਇਸ ਕੰਮ ’ਤੇ ਕਾਫ਼ੀ ਸਮਾਂ ਲੱਗਾ ਤੇ ਮੈਨੂੰ ਬਹੁਤ ਮਿਹਨਤ ਕਰਨੀ ਪਈ, ਪਰ ਕੰਮ ਹੋ ਗਿਆ। ਕੁਝ ਦੇਰ ਬਾਅਦ ਬੱਚਿਆਂ ਨੂੰ ਵੀ ਪਾਰਟ-ਟਾਈਮ ਕੰਮ ਮਿਲ ਗਿਆ ਜਿਸ ਦੀ ਮਦਦ ਨਾਲ ਰੋਟੀ-ਪਾਣੀ ਤੇ ਕਾਰ ਦਾ ਖ਼ਰਚਾ ਚੱਲਦਾ ਹੈ।”
ਇਜ਼ਾਬੈਲ ਕਹਿੰਦੀ ਹੈ: “ਲਕਸੇਲਵ ਸ਼ਹਿਰ ਕਾਫ਼ੀ ਛੋਟਾ ਹੈ, ਇਸ ਕਰਕੇ ਮੇਰੇ ਲਈ ਅਜਿਹਾ ਕੰਮ ਲੱਭਣਾ ਬਹੁਤ ਔਖਾ ਸੀ ਜਿਸ ਨਾਲ ਮੈਂ
ਪਾਇਨੀਅਰਿੰਗ ਕਰ ਸਕਾਂ। ਕਈ ਵਾਰ ਲੱਗਦਾ ਸੀ ਕਿ ਮੈਨੂੰ ਕੋਈ ਕੰਮ ਲੱਭਣਾ ਹੀ ਨਹੀਂ।” ਇਸ ਲਈ ਆਪਣਾ ਗੁਜ਼ਾਰਾ ਤੋਰਨ ਲਈ ਇਜ਼ਾਬੈਲ ਕੋਈ ਵੀ ਛੋਟਾ-ਮੋਟਾ ਪਾਰਟ-ਟਾਈਮ ਕੰਮ ਕਰਨ ਲਈ ਤਿਆਰ ਸੀ। ਪਹਿਲੇ ਸਾਲ ਉਸ ਨੇ ਨੌਂ ਪਾਰਟ-ਟਾਈਮ ਕੰਮ ਕੀਤੇ! ਫੇਬੀਅਨ ਬਾਰੇ ਕੀ? “ਇਲੈਕਟ੍ਰੀਸ਼ੀਅਨ ਦਾ ਕੋਰਸ ਪੂਰਾ ਕਰਨ ਲਈ ਮੈਨੂੰ ਕਿਤੇ ਟ੍ਰੇਨਿੰਗ ਲੈਣ ਦੀ ਲੋੜ ਸੀ ਜੋ ਮੈਨੂੰ ਲਕਸੇਲਵ ਵਿਚ ਹੀ ਮਿਲ ਗਈ। ਇਸ ਤੋਂ ਬਾਅਦ ਮੈਂ ਕੋਰਸ ਪੂਰਾ ਕਰ ਲਿਆ ਤੇ ਮੈਨੂੰ ਇਲੈਕਟ੍ਰੀਸ਼ੀਅਨ ਵਜੋਂ ਪਾਰਟ-ਟਾਈਮ ਕੰਮ ਮਿਲ ਗਿਆ।”ਹੋਰਨਾਂ ਨੇ ਵੀ ਇਸ ਤਰ੍ਹਾਂ ਕੀਤਾ
ਮਾਰੇਲੀਅਸ ਤੇ ਉਸ ਦੀ ਪਤਨੀ ਕੇਸੀਆ ਵੀ ਅਜਿਹੀ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁੰਦੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮਾਰੇਲੀਅਸ ਹੁਣ 29 ਸਾਲਾਂ ਦਾ ਹੈ ਤੇ ਉਹ ਕਹਿੰਦਾ ਹੈ: “ਸੰਮੇਲਨਾਂ ਵਿਚ ਪਾਇਨੀਅਰਿੰਗ ਕਰਨ ਬਾਰੇ ਕਈ ਭਾਸ਼ਣ ਤੇ ਇੰਟਰਵਿਊ ਸੁਣ ਕੇ ਮੇਰੇ ਮਨ ਵਿਚ ਵੀ ਆਇਆ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਕਰ ਸਕਾਂ।” ਪਰ ਕੇਸੀਆ, ਜੋ ਹੁਣ 26 ਸਾਲਾਂ ਦੀ ਹੈ, ਨੂੰ ਆਪਣੇ ਪਰਿਵਾਰ ਤੋਂ ਦੂਰ ਜਾਣਾ ਔਖਾ ਲੱਗਦਾ ਸੀ। ਉਹ ਕਹਿੰਦੀ ਹੈ: “ਆਪਣੇ ਪਰਿਵਾਰ ਤੋਂ ਦੂਰ ਜਾਣ ਬਾਰੇ ਸੋਚ ਕੇ ਹੀ ਮੇਰਾ ਦਿਲ ਘਬਰਾਉਣ ਲੱਗ ਪੈਂਦਾ ਸੀ।” ਇਸ ਤੋਂ ਇਲਾਵਾ, ਘਰ ਦੀਆਂ ਕਿਸ਼ਤਾਂ ਦੇਣ ਲਈ ਮਾਰੇਲੀਅਸ ਨੂੰ ਪੂਰਾ ਸਮਾਂ ਕੰਮ ਕਰਨਾ ਪੈਂਦਾ ਸੀ। ਉਹ ਦੱਸਦਾ ਹੈ: “ਯਹੋਵਾਹ ਦੀ ਮਦਦ ਨਾਲ ਅਤੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਅਸੀਂ ਦੂਰ-ਦੁਰਾਡੇ ਇਲਾਕੇ ਵਿਚ ਜਾਣ ਲਈ ਕਈ ਤਬਦੀਲੀਆਂ ਕਰ ਸਕੇ।” ਪਹਿਲਾਂ ਉਨ੍ਹਾਂ ਨੇ ਆਪਣੀ ਨਿਹਚਾ ਹੋਰ ਪੱਕੀ ਕਰਨ ਲਈ ਬਾਈਬਲ ਸਟੱਡੀ ਕਰਨ ਵਿਚ ਜ਼ਿਆਦਾ ਸਮਾਂ ਬਿਤਾਇਆ। ਫਿਰ ਉਨ੍ਹਾਂ ਨੇ ਆਪਣਾ ਘਰ ਵੇਚਿਆ, ਆਪਣੇ ਕੰਮ ਛੱਡ ਦਿੱਤੇ ਅਤੇ ਅਗਸਤ 2011 ਵਿਚ ਉਹ ਉੱਤਰੀ ਨਾਰਵੇ ਵਿਚ ਆਲਟਾ ਸ਼ਹਿਰ ਰਹਿਣ ਚਲੇ ਗਏ। ਉੱਥੇ ਪਾਇਨੀਅਰਿੰਗ ਕਰਨ ਵਾਸਤੇ ਮਾਰੇਲੀਅਸ ਅਕਾਊਂਟੈਂਟ ਦਾ ਕੰਮ ਕਰਦਾ ਹੈ ਤੇ ਕੇਸੀਆ ਇਕ ਦੁਕਾਨ ਵਿਚ ਕੰਮ ਕਰਦੀ ਹੈ।
ਕਨੂਟ ਤੇ ਲੀਸਬੈਟ ਹੁਣ 35 ਕੁ ਸਾਲਾਂ ਦੇ ਹਨ। ਉਨ੍ਹਾਂ ਨੂੰ ਯੀਅਰ ਬੁੱਕ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਪੜ੍ਹ ਕੇ ਬਹੁਤ ਹੀ ਵਧੀਆ ਲੱਗਾ ਜਿਹੜੇ ਹੋਰ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ। ਲੀਸਬੈਟ ਕਹਿੰਦੀ ਹੈ: “ਇਨ੍ਹਾਂ ਤਜਰਬਿਆਂ ਨੇ ਸਾਨੂੰ ਵਿਦੇਸ਼ ਜਾ ਕੇ ਸੇਵਾ ਕਰਨ ਬਾਰੇ ਸੋਚਣ ਲਈ ਮਜਬੂਰ ਕੀਤਾ, ਪਰ ਮੈਂ ਹਿਚਕਿਚਾਉਂਦੀ ਸੀ ਕਿਉਂਕਿ ਮੈਨੂੰ ਲੱਗਾ ਕਿ ਮੇਰੇ ਵਰਗਾ ਆਮ ਇਨਸਾਨ ਇਹ ਕੰਮ ਨਹੀਂ ਕਰ ਸਕੇਗਾ।” ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਟੀਚਾ ਹਾਸਲ ਕਰਨ ਲਈ ਕਦਮ ਚੁੱਕੇ। ਕਨੂਟ ਕਹਿੰਦਾ ਹੈ: “ਅਸੀਂ ਆਪਣਾ ਫਲੈਟ ਵੇਚ ਦਿੱਤਾ ਤੇ ਪੈਸੇ ਬਚਾਉਣ ਲਈ ਮੰਮੀ ਜੀ ਨਾਲ ਰਹਿਣ ਚਲੇ ਗਏ। ਬਾਅਦ ਵਿਚ ਅਸੀਂ ਇਕ ਸਾਲ ਲਈ ਬਰਗਨ ਵਿਚ ਅੰਗ੍ਰੇਜ਼ੀ ਮੰਡਲੀ ਵਿਚ ਚਲੇ ਗਏ ਤਾਂਕਿ ਅਸੀਂ ਹੋਰ ਭਾਸ਼ਾ ਵਿਚ ਪ੍ਰਚਾਰ ਕਰਨ ਦਾ ਤਜਰਬਾ ਲੈ ਸਕੀਏ। ਉਸ ਸਮੇਂ ਅਸੀਂ ਲੀਸਬੈਟ ਦੀ ਮੰਮੀ ਨਾਲ ਰਹੇ।” ਇਸ ਤੋਂ ਬਾਅਦ ਕਨੂਟ ਤੇ ਲੀਸਬੈਟ ਨੂੰ ਲੱਗਾ ਕਿ ਉਹ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਲਈ ਤਿਆਰ ਹਨ। ਸੋ ਉਹ ਯੂਗਾਂਡਾ ਚਲੇ ਗਏ। ਉਹ ਹਰ ਸਾਲ ਦੋ ਮਹੀਨੇ ਨਾਰਵੇ ਆ ਕੇ ਕੰਮ ਕਰਦੇ ਹਨ। ਇਸ ਤਰ੍ਹਾਂ ਉਹ ਗੁਜ਼ਾਰੇ ਜੋਗੇ ਪੈਸੇ ਇਕੱਠੇ ਕਰ ਕੇ ਬਾਕੀ ਮਹੀਨੇ ਯੂਗਾਂਡਾ ਵਿਚ ਪ੍ਰਚਾਰ ਕਰਦੇ ਹਨ।
“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ”
ਕੀ ਇਹ ਸਾਰੇ ਭੈਣ-ਭਰਾ ਆਪਣੀਆਂ ਯੋਜਨਾਵਾਂ ਵਿਚ ਕਾਮਯਾਬ ਹੋਏ? ਰੂਆਲ ਕਹਿੰਦਾ ਹੈ: “ਬਰਗਨ ਵਿਚ ਰਹਿੰਦੇ ਹੋਏ ਅਸੀਂ ਜਿੰਨਾ ਸਮਾਂ ਇਕੱਠੇ ਗੁਜ਼ਾਰਦੇ ਸੀ ਉਸ ਨਾਲੋਂ ਕਿਤੇ ਜ਼ਿਆਦਾ ਸਮਾਂ ਅਸੀਂ ਇੱਥੇ ਇਕੱਠੇ ਗੁਜ਼ਾਰਦੇ ਹਾਂ। ਇਸ ਕਰਕੇ ਅਸੀਂ ਸਾਰੇ ਇਕ-ਦੂਜੇ ਦੇ ਨੇੜੇ ਆਏ ਹਾਂ। ਇਹ ਵੀ ਇਕ ਵੱਡੀ ਬਰਕਤ ਹੈ ਕਿ ਸਾਡੇ ਬੱਚਿਆਂ ਨੇ ਸੱਚਾਈ ਵਿਚ ਤਰੱਕੀ ਕੀਤੀ ਹੈ।” ਉਹ ਅੱਗੇ ਕਹਿੰਦਾ ਹੈ: “ਪਹਿਲਾਂ
ਸਾਨੂੰ ਲੱਗਦਾ ਸੀ ਕਿ ਘਰ ਵਿਚ ਸਾਰਾ ਕੁਝ ਹੋਣਾ ਜ਼ਰੂਰੀ ਹੈ, ਪਰ ਹੁਣ ਅਸੀਂ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕਰਦੇ।”ਏਲਸੇਬੈਟ ਨੇ ਨਵੀਂ ਭਾਸ਼ਾ ਵੀ ਸਿੱਖੀ। ਕਿਉਂ? ਕਿਉਂਕਿ ਲਕਸੇਲਵ ਮੰਡਲੀ ਕਰਸਯੋਕ ਪਿੰਡ ਵਿਚ ਵੀ ਪ੍ਰਚਾਰ ਕਰਦੀ ਹੈ। ਇਹ ਪਿੰਡ ਸਾਮੀ ਲੋਕਾਂ ਦੇ ਇਲਾਕੇ ਵਿਚ ਪੈਂਦਾ ਹੈ। ਇਹ ਲੋਕ ਨਾਰਵੇ, ਸਵੀਡਨ, ਫਿਨਲੈਂਡ ਅਤੇ ਰੂਸ ਦੇ ਉੱਤਰੀ ਇਲਾਕਿਆਂ ਦੇ ਹਨ। ਇਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਏਲਸੇਬੈਟ ਨੇ ਸਾਮੀ ਭਾਸ਼ਾ ਦਾ ਕੋਰਸ ਕੀਤਾ। ਹੁਣ ਉਹ ਇਸ ਭਾਸ਼ਾ ਵਿਚ ਲੋਕਾਂ ਨਾਲ ਥੋੜ੍ਹੀ-ਬਹੁਤੀ ਗੱਲਬਾਤ ਕਰ ਸਕਦੀ ਹੈ। ਨਵੀਂ ਜਗ੍ਹਾ ਪ੍ਰਚਾਰ ਕਰਨਾ ਉਸ ਨੂੰ ਕਿੱਦਾਂ ਲੱਗਦਾ ਹੈ? ਉਹ ਖ਼ੁਸ਼ੀ ਨਾਲ ਕਹਿੰਦੀ ਹੈ: “ਮੇਰੀਆਂ ਛੇ ਬਾਈਬਲ ਸਟੱਡੀਆਂ ਹਨ। ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ?”
ਫੇਬੀਅਨ ਹੁਣ ਪਾਇਨੀਅਰ ਅਤੇ ਸਹਾਇਕ ਸੇਵਕ ਹੈ। ਉਹ ਦੱਸਦਾ ਹੈ ਕਿ ਉਸ ਨੇ ਤੇ ਇਜ਼ਾਬੈਲ ਨੇ ਨਵੀਂ ਮੰਡਲੀ ਵਿਚ ਤਿੰਨ ਨੌਜਵਾਨਾਂ ਦੀ ਮਦਦ ਕੀਤੀ ਹੈ। ਉਨ੍ਹਾਂ ਨੂੰ ਹੌਸਲੇ ਦੀ ਜ਼ਰੂਰਤ ਸੀ ਤਾਂਕਿ ਉਹ ਮੰਡਲੀ ਵਿਚ ਯਹੋਵਾਹ ਦੀ ਸੇਵਾ ਕਰ ਸਕਣ। ਤਿੰਨੇ ਨੌਜਵਾਨ ਹੁਣ ਪ੍ਰਚਾਰ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਦੋ ਜਣਿਆਂ ਨੇ ਬਪਤਿਸਮਾ ਲੈ ਲਿਆ ਹੈ ਤੇ ਉਨ੍ਹਾਂ ਨੇ ਮਾਰਚ 2012 ਵਿਚ ਔਗਜ਼ੀਲਰੀ ਪਾਇਨੀਅਰਿੰਗ ਕੀਤੀ। ਇਨ੍ਹਾਂ ਤਿੰਨਾਂ ਵਿੱਚੋਂ ਇਕ ਭੈਣ ਹੌਲੀ-ਹੌਲੀ ਸੱਚਾਈ ਵਿਚ ਢਿੱਲੀ ਪੈ ਰਹੀ ਸੀ। ਉਸ ਨੇ ਫੇਬੀਅਨ ਤੇ ਇਜ਼ਾਬੈਲ ਦਾ ਸ਼ੁਕਰ ਕੀਤਾ ਕਿ ਉਨ੍ਹਾਂ ਦੀ ਮਦਦ ਨਾਲ ਉਹ ਸੱਚਾਈ ਵਿਚ ਮਜ਼ਬੂਤ ਹੋ ਸਕੀ। ਫੇਬੀਅਨ ਕਹਿੰਦਾ ਹੈ: “ਉਸ ਦੀ ਗੱਲ ਸੁਣ ਕੇ ਮੈਂ ਬਹੁਤ ਖ਼ੁਸ਼ ਹੋਇਆ ਕਿ ਅਸੀਂ ਉਸ ਦੀ ਮਦਦ ਕਰ ਸਕੇ!” ਇਜ਼ਾਬੈਲ ਕਹਿੰਦੀ ਹੈ: “ਇੱਥੇ ਆ ਕੇ ਮੈਂ ਸੱਚ-ਮੁੱਚ ‘ਚੱਖਿਆ ਤੇ ਵੇਖਿਆ ਹੈ ਭਈ ਯਹੋਵਾਹ ਭਲਾ ਹੈ।’” (ਜ਼ਬੂ. 34:8) ਉਹ ਅੱਗੇ ਕਹਿੰਦੀ ਹੈ: “ਇਸ ਤੋਂ ਇਲਾਵਾ, ਇੱਥੇ ਸੇਵਾ ਕਰ ਕੇ ਬਹੁਤ ਮਜ਼ਾ ਆਉਂਦਾ ਹੈ!”
ਮਾਰੇਲੀਅਸ ਤੇ ਕੇਸੀਆ ਦੀ ਜ਼ਿੰਦਗੀ ਪਹਿਲਾਂ ਨਾਲੋਂ ਸਾਦੀ ਹੈ, ਪਰ ਉਨ੍ਹਾਂ ਨੂੰ ਜ਼ਿਆਦਾ ਬਰਕਤਾਂ ਮਿਲੀਆਂ ਹਨ। ਆਲਟਾ ਵਿਚ ਜਿਸ ਮੰਡਲੀ ਨਾਲ ਉਹ ਸੇਵਾ ਕਰ ਰਹੇ ਹਨ, ਉੱਥੇ ਹੁਣ 41 ਪਬਲੀਸ਼ਰ ਹਨ। ਮਾਰੇਲੀਅਸ ਕਹਿੰਦਾ ਹੈ: “ਸਾਨੂੰ ਖ਼ੁਸ਼ੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਕਰ ਕੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰ ਸਕੇ ਹਾਂ। ਅਸੀਂ ਯਹੋਵਾਹ ਦੇ ਧੰਨਵਾਦੀ ਹਾਂ ਕਿ ਅਸੀਂ ਇੱਥੇ ਪਾਇਨੀਅਰਾਂ ਵਜੋਂ ਉਸ ਦੀ ਸੇਵਾ ਕਰ ਰਹੇ ਹਾਂ। ਸਾਨੂੰ ਕਿਸੇ ਹੋਰ ਕੰਮ ਤੋਂ ਇੰਨੀ ਖ਼ੁਸ਼ੀ ਨਹੀਂ ਮਿਲਦੀ।” ਕੇਸੀਆ ਵੀ ਕਹਿੰਦੀ ਹੈ: “ਮੈਂ ਯਹੋਵਾਹ ’ਤੇ ਜ਼ਿਆਦਾ ਭਰੋਸਾ ਰੱਖਣਾ ਸਿੱਖਿਆ ਹੈ ਤੇ ਉਸ ਨੇ ਸਾਡੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਹੈ। ਭਾਵੇਂ ਮੈਂ ਆਪਣੇ ਪਰਿਵਾਰ ਤੋਂ ਦੂਰ ਰਹਿੰਦੀ ਹਾਂ, ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲਦੀ ਹਾਂ, ਤਾਂ ਮੈਨੂੰ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਸਾਨੂੰ ਆਪਣੇ ਫ਼ੈਸਲੇ ’ਤੇ ਕੋਈ ਪਛਤਾਵਾ ਨਹੀਂ।”
ਕਨੂਟ ਤੇ ਲੀਸਬੈਟ ਦਾ ਯੂਗਾਂਡਾ ਵਿਚ ਕੀ ਹਾਲ ਹੈ? ਕਨੂਟ ਦੱਸਦਾ ਹੈ: “ਯੂਗਾਂਡਾ ਦਾ ਰਹਿਣ-ਸਹਿਣ ਵੱਖਰਾ ਹੋਣ ਕਰਕੇ ਸਾਨੂੰ ਇਸ ਮੁਤਾਬਕ ਢਲ਼ਣ ਵਿਚ ਕਾਫ਼ੀ ਸਮਾਂ ਲੱਗਾ। ਪਾਣੀ ਤੇ ਬਿਜਲੀ ਆਉਂਦੀ-ਜਾਂਦੀ ਰਹਿੰਦੀ ਹੈ ਤੇ ਢਿੱਡ ਵਿਚ ਗੜਬੜ ਰਹਿੰਦੀ ਹੈ, ਪਰ ਅਸੀਂ ਜਿੰਨੀਆਂ ਚਾਹੀਏ ਬਾਈਬਲ ਸਟੱਡੀਆਂ ਕਰਾ ਸਕਦੇ ਹਾਂ!” ਲੀਸਬੈਟ ਕਹਿੰਦੀ ਹੈ: “ਸਾਡੇ ਘਰ ਤੋਂ ਸਿਰਫ਼ ਅੱਧਾ ਘੰਟਾ ਦੂਰ ਅਜਿਹੇ ਇਲਾਕੇ ਹਨ ਜਿੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਦੀ ਨਹੀਂ ਕੀਤਾ ਗਿਆ। ਅਸੀਂ ਉੱਥੇ ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਨੂੰ ਬਾਈਬਲ ਪੜ੍ਹਦਿਆਂ ਦੇਖਦੇ ਹਾਂ ਤੇ ਉਹ ਸਾਡੇ ਤੋਂ ਬਾਈਬਲ ਬਾਰੇ ਹੋਰ ਸਿੱਖਣਾ ਚਾਹੁੰਦੇ ਹਨ। ਅਜਿਹੇ ਨਿਮਰ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣਾ ਬਹੁਤ ਖ਼ੁਸ਼ੀ ਦੀ ਗੱਲ ਹੈ!”
ਸਾਡਾ ਆਗੂ ਯਿਸੂ ਮਸੀਹ ਸਵਰਗੋਂ ਇਹ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ ਕਿ ਉਸ ਨੇ ਪ੍ਰਚਾਰ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਹ ਹੁਣ ਧਰਤੀ ਦੇ ਜ਼ਿਆਦਾ ਤੋਂ ਜ਼ਿਆਦਾ ਇਲਾਕਿਆਂ ਵਿਚ ਕੀਤਾ ਜਾ ਰਿਹਾ ਹੈ! ਜੀ ਹਾਂ, ਪਰਮੇਸ਼ੁਰ ਦੇ ਸਾਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰ ਕੇ ਯਿਸੂ ਦਾ ਇਹ ਹੁਕਮ ਪੂਰਾ ਕਰਦੇ ਹਨ: “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”—ਮੱਤੀ 28:19, 20.