Skip to content

Skip to table of contents

ਸ਼ੈਤਾਨ ਦੇ ਫੰਦਿਆਂ ਤੋਂ ਬਚ ਕੇ ਰਹੋ!

ਸ਼ੈਤਾਨ ਦੇ ਫੰਦਿਆਂ ਤੋਂ ਬਚ ਕੇ ਰਹੋ!

ਸ਼ੈਤਾਨ ਦੇ ਫੰਦਿਆਂ ਤੋਂ ਬਚ ਕੇ ਰਹੋ!

‘ਸ਼ੈਤਾਨ ਦੇ ਫੰਦੇ ਤੋਂ ਬਚੋ।’—2 ਤਿਮੋ. 2:26.

ਤੁਸੀਂ ਕੀ ਜਵਾਬ ਦਿਓਗੇ?

ਜੇ ਸਾਨੂੰ ਦੂਜਿਆਂ ਦੀ ਨੁਕਤਾਚੀਨੀ ਕਰਨ ਦੀ ਆਦਤ ਹੈ, ਤਾਂ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

ਪਿਲਾਤੁਸ ਤੇ ਪਤਰਸ ਦੀਆਂ ਮਿਸਾਲਾਂ ਤੋਂ ਅਸੀਂ ਡਰ ਤੇ ਦਬਾਅ ਹੇਠ ਨਾ ਆਉਣ ਬਾਰੇ ਕੀ ਸਿੱਖ ਸਕਦੇ ਹਾਂ?

ਬੇਹੱਦ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

1, 2. ਇਸ ਲੇਖ ਵਿਚ ਅਸੀਂ ਸ਼ੈਤਾਨ ਦੇ ਕਿਹੜੇ ਫੰਦਿਆਂ ਬਾਰੇ ਚਰਚਾ ਕਰਾਂਗੇ?

ਸ਼ੈਤਾਨ ਯਹੋਵਾਹ ਦੇ ਸੇਵਕਾਂ ਦਾ ਸ਼ਿਕਾਰ ਕਰਦਾ ਹੈ। ਜਾਨਵਰਾਂ ਦਾ ਸ਼ਿਕਾਰੀ ਅਕਸਰ ਆਪਣੇ ਸ਼ਿਕਾਰ ਨੂੰ ਮਾਰ ਦਿੰਦਾ ਹੈ, ਪਰ ਸ਼ੈਤਾਨ ਦਾ ਮਕਸਦ ਹਮੇਸ਼ਾ ਸਾਨੂੰ ਮਾਰਨਾ ਨਹੀਂ ਹੁੰਦਾ। ਇਸ ਦੀ ਬਜਾਇ, ਉਹ ਸਾਨੂੰ ਆਪਣੇ ਜਾਲ਼ ਵਿਚ ਫਸਾ ਕੇ ਆਪਣੀਆਂ ਉਂਗਲੀਆਂ ’ਤੇ ਨਚਾਉਣਾ ਚਾਹੁੰਦਾ ਹੈ।—2 ਤਿਮੋਥਿਉਸ 2:24-26 ਪੜ੍ਹੋ।

2 ਆਪਣੇ ਸ਼ਿਕਾਰ ਨੂੰ ਜੀਉਂਦਾ ਫੜਨ ਲਈ ਸ਼ਿਕਾਰੀ ਸ਼ਾਇਦ ਵੱਖੋ-ਵੱਖਰੇ ਤਰੀਕੇ ਇਸਤੇਮਾਲ ਕਰੇ। ਉਹ ਸ਼ਾਇਦ ਜਾਨਵਰ ਨੂੰ ਫੰਦੇ ਵਿਚ ਫਸਾਉਣ ਲਈ ਉਸ ਨੂੰ ਕਿਸੇ ਤਰ੍ਹਾਂ ਖੁੱਲ੍ਹੀ ਜਗ੍ਹਾ ਲਿਆਉਣ ਦੀ ਕੋਸ਼ਿਸ਼ ਕਰੇ ਜਾਂ ਫਿਰ ਕੋਈ ਫੰਦਾ ਲੁਕਾ ਕੇ ਰੱਖ ਦੇਵੇ। ਇਸੇ ਤਰ੍ਹਾਂ ਸ਼ੈਤਾਨ ਵੀ ਯਹੋਵਾਹ ਦੇ ਸੇਵਕਾਂ ਨੂੰ ਜੀਉਂਦਾ ਫੜਨ ਲਈ ਕਈ ਫੰਦੇ ਵਰਤਦਾ ਹੈ। ਜੇ ਅਸੀਂ ਸ਼ੈਤਾਨ ਦੇ ਫੰਦੇ ਵਿਚ ਨਹੀਂ ਫਸਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਫੰਦਿਆਂ ਤੋਂ ਖ਼ਬਰਦਾਰ ਕਰਨ ਵਾਲੀਆਂ ਚੇਤਾਵਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਸ਼ੈਤਾਨ ਦੇ ਤਿੰਨ ਫੰਦਿਆਂ ਬਾਰੇ ਦੇਖਾਂਗੇ ਜਿਨ੍ਹਾਂ ਨੂੰ ਵਰਤ ਕੇ ਉਹ ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਫਸਾਉਣ ਵਿਚ ਕਾਮਯਾਬ ਹੋਇਆ ਹੈ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਇਨ੍ਹਾਂ ਫੰਦਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ। ਇਹ ਫੰਦੇ ਹਨ: (1) ਬੇਲਗਾਮ ਜ਼ਬਾਨ, (2) ਡਰ ਤੇ ਦਬਾਅ ਅਤੇ (3) ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ। ਅਗਲੇ ਲੇਖ ਵਿਚ ਅਸੀਂ ਸ਼ੈਤਾਨ ਦੇ ਹੋਰ ਦੋ ਫੰਦਿਆਂ ਬਾਰੇ ਗੱਲ ਕਰਾਂਗੇ।

ਮੰਡਲੀ ਵਿਚ ਅੱਗ ਨਾ ਲਾਓ

3, 4. ਜ਼ਬਾਨ ’ਤੇ ਕਾਬੂ ਨਾ ਰੱਖਣ ਕਰਕੇ ਕੀ ਹੋ ਸਕਦਾ ਹੈ? ਮਿਸਾਲ ਦਿਓ।

3 ਕਈ ਵਾਰ ਸ਼ਿਕਾਰੀ ਘੁਰਨਿਆਂ ਦੇ ਲਾਗੇ ਅੱਗ ਲਾ ਕੇ ਜਾਨਵਰਾਂ ਨੂੰ ਬਾਹਰ ਕੱਢਦੇ ਹਨ ਤੇ ਜਦੋਂ ਜਾਨਵਰ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਫੜ ਲੈਂਦੇ ਹਨ। ਇਸੇ ਤਰ੍ਹਾਂ ਸ਼ੈਤਾਨ ਮਸੀਹੀ ਮੰਡਲੀ ਵਿਚ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਇੱਦਾਂ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ, ਤਾਂ ਸ਼ਾਇਦ ਕਈ ਭੈਣ-ਭਰਾ ਮੰਡਲੀ ਛੱਡ ਕੇ ਚਲੇ ਜਾਣ ਤੇ ਉਹ ਉਨ੍ਹਾਂ ਨੂੰ ਆਪਣੇ ਜਾਲ਼ ਵਿਚ ਫਸਾ ਲਵੇ। ਅਸੀਂ ਅਣਜਾਣਪੁਣੇ ਵਿਚ ਸ਼ੈਤਾਨ ਦੀ ਮਰਜ਼ੀ ਅਨੁਸਾਰ ਚੱਲ ਕੇ ਆਪ ਕਿਸ ਤਰ੍ਹਾਂ ਉਸ ਦੇ ਜਾਲ਼ ਵਿਚ ਫਸ ਸਕਦੇ ਹਾਂ?

4 ਚੇਲੇ ਯਾਕੂਬ ਨੇ ਜੀਭ ਦੀ ਤੁਲਨਾ ਅੱਗ ਨਾਲ ਕੀਤੀ ਹੈ। (ਯਾਕੂਬ 3:6-8 ਪੜ੍ਹੋ।) ਜੇ ਅਸੀਂ ਆਪਣੀ ਜ਼ਬਾਨ ਨੂੰ ਲਗਾਮ ਨਹੀਂ ਦਿੰਦੇ, ਤਾਂ ਅਸੀਂ ਮੰਡਲੀ ਵਿਚ ਅੱਗ ਲਾ ਸਕਦੇ ਹਾਂ। ਇਹ ਕਿੱਦਾਂ ਹੋ ਸਕਦਾ ਹੈ? ਜ਼ਰਾ ਕਲਪਨਾ ਕਰੋ: ਮੀਟਿੰਗ ਵਿਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਇਕ ਭੈਣ ਨੂੰ ਰੈਗੂਲਰ ਪਾਇਨੀਅਰ ਬਣਾਇਆ ਗਿਆ ਹੈ। ਮੀਟਿੰਗ ਤੋਂ ਬਾਅਦ ਦੋ ਭੈਣਾਂ ਇਸ ਬਾਰੇ ਗੱਲ ਕਰਦੀਆਂ ਹਨ। ਇਕ ਭੈਣ ਬਹੁਤ ਖ਼ੁਸ਼ ਹੈ ਤੇ ਆਸ ਕਰਦੀ ਹੈ ਕਿ ਭੈਣ ਆਪਣੀ ਪਾਇਨੀਅਰਿੰਗ ਵਿਚ ਕਾਮਯਾਬ ਹੋ ਸਕੇ। ਦੂਸਰੀ ਭੈਣ ਉਸ ਪਾਇਨੀਅਰ ਭੈਣ ਦੇ ਇਰਾਦਿਆਂ ’ਤੇ ਸ਼ੱਕ ਕਰਦੀ ਹੋਈ ਕਹਿੰਦੀ ਹੈ ਕਿ ਉਹ ਤਾਂ ਸਿਰਫ਼ ਦੂਜਿਆਂ ਦੀ ਵਾਹ-ਵਾਹ ਖੱਟਣੀ ਚਾਹੁੰਦੀ ਹੈ। ਇਨ੍ਹਾਂ ਦੋਹਾਂ ਭੈਣਾਂ ਵਿੱਚੋਂ ਤੁਸੀਂ ਕਿਸ ਨੂੰ ਆਪਣੀ ਸਹੇਲੀ ਬਣਾਉਣੀ ਚਾਹੋਗੇ? ਇਹ ਦੇਖਣਾ ਔਖਾ ਨਹੀਂ ਹੈ ਕਿ ਕਿਹੜੀ ਭੈਣ ਆਪਣੀ ਜ਼ਬਾਨ ਨਾਲ ਮੰਡਲੀ ਵਿਚ ਅੱਗ ਲਾਉਣੀ ਚਾਹੁੰਦੀ ਹੈ।

5. ਜ਼ਬਾਨ ’ਤੇ ਕਾਬੂ ਪਾਉਣ ਲਈ ਅਸੀਂ ਆਪਣੀ ਜਾਂਚ ਕਿਵੇਂ ਕਰ ਸਕਦੇ ਹਾਂ?

5 ਅਸੀਂ ਆਪਣੀ ਜ਼ਬਾਨ ’ਤੇ ਕਿਵੇਂ ਕਾਬੂ ਰੱਖ ਸਕਦੇ ਹਾਂ? ਯਿਸੂ ਨੇ ਕਿਹਾ: “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ’ਤੇ ਆਉਂਦਾ ਹੈ।” (ਮੱਤੀ 12:34) ਇਸ ਲਈ ਪਹਿਲਾਂ ਆਪਣੇ ਮਨ ਦੀ ਜਾਂਚ ਕਰੋ। ਸ਼ਾਇਦ ਸਾਡੇ ਮਨ ਵਿਚ ਦੂਜਿਆਂ ਲਈ ਬੁਰੀਆਂ ਭਾਵਨਾਵਾਂ ਹੋਣ ਜੋ ਸਾਡੀ ਜ਼ਬਾਨ ਨੂੰ ਕੌੜਾ ਬਣਾਉਂਦੀਆਂ ਹਨ। ਕੀ ਅਸੀਂ ਅਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਵਿੱਚੋਂ ਕੱਢਦੇ ਹਾਂ? ਮਿਸਾਲ ਲਈ, ਜਦੋਂ ਇਕ ਭਰਾ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਅਸੀਂ ਮੰਨਦੇ ਹਾਂ ਕਿ ਉਸ ਦੇ ਇਰਾਦੇ ਨੇਕ ਹਨ ਜਾਂ ਅਸੀਂ ਉਸ ਦੇ ਇਰਾਦਿਆਂ ’ਤੇ ਸ਼ੱਕ ਕਰਦੇ ਹਾਂ ਕਿ ਉਹ ਸਾਰਾ ਕੁਝ ਆਪਣੇ ਸੁਆਰਥ ਲਈ ਕਰਦਾ ਹੈ? ਜੇ ਸਾਨੂੰ ਹਮੇਸ਼ਾ ਦੂਜਿਆਂ ਦਾ ਬੁਰਾ ਸੋਚਣ ਦੀ ਆਦਤ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਨੇ ਵੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅੱਯੂਬ ਦੇ ਨੇਕ ਇਰਾਦਿਆਂ ’ਤੇ ਸਵਾਲ ਖੜ੍ਹਾ ਕੀਤਾ ਸੀ। (ਅੱਯੂ. 1:9-11) ਸ਼ੱਕ ਕਰਨ ਦੀ ਬਜਾਇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਭਰਾ ਬਾਰੇ ਬੁਰਾ ਕਿਉਂ ਸੋਚਦੇ ਹਾਂ। ਕੀ ਸਾਡੇ ਕੋਲ ਇੱਦਾਂ ਸੋਚਣ ਦਾ ਸਹੀ ਕਾਰਨ ਹੈ? ਜਾਂ ਕੀ ਦੁਨੀਆਂ ਦੇ ਲੋਕਾਂ ਵਾਂਗ ਸਾਡੇ ਮਨ ਵਿਚ ਵੀ ਦੂਜਿਆਂ ਲਈ ਜ਼ਹਿਰ ਭਰਿਆ ਹੋਇਆ ਹੈ?—2 ਤਿਮੋ. 3:1-4.

6, 7. (ੳ) ਕਿਹੜੇ ਕਾਰਨਾਂ ਕਰਕੇ ਅਸੀਂ ਸ਼ਾਇਦ ਦੂਜਿਆਂ ਦੀ ਨੁਕਤਾਚੀਨੀ ਕਰਦੇ ਹਾਂ? (ਅ) ਜੇ ਸਾਨੂੰ ਬੁਰਾ-ਭਲਾ ਕਿਹਾ ਜਾਂਦਾ ਹੈ, ਤਾਂ ਸਾਨੂੰ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ?

6 ਕੁਝ ਕਾਰਨਾਂ ’ਤੇ ਗੌਰ ਕਰੋ ਜਿਨ੍ਹਾਂ ਕਰਕੇ ਸ਼ਾਇਦ ਅਸੀਂ ਦੂਜਿਆਂ ਦੀ ਨੁਕਤਾਚੀਨੀ ਕਰਦੇ ਹਾਂ। ਸ਼ਾਇਦ ਸਾਨੂੰ ਆਪਣੇ ’ਤੇ ਘਮੰਡ ਹੋਵੇ ਤੇ ਅਸੀਂ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੀਏ। ਜਾਂ ਈਰਖਾ ਹੋਣ ਕਰਕੇ ਅਸੀਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਜਾਂ ਫਿਰ ਆਪਣੀਆਂ ਗ਼ਲਤੀਆਂ ਨੂੰ ਲੁਕਾਉਣ ਲਈ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜ਼ਾਹਰ ਕਰਨ ਦੀ ਕੋਸ਼ਿਸ਼ ਕਰੀਏ। ਕਾਰਨ ਚਾਹੇ ਜੋ ਵੀ ਹੋਵੇ, ਇਸ ਦਾ ਨਤੀਜਾ ਹਮੇਸ਼ਾ ਬੁਰਾ ਨਿਕਲਦਾ ਹੈ।

7 ਸਾਨੂੰ ਸ਼ਾਇਦ ਲੱਗੇ ਕਿ ਸਾਡੇ ਕੋਲ ਕਿਸੇ ਦੀ ਨੁਕਤਾਚੀਨੀ ਕਰਨ ਦਾ ਜਾਇਜ਼ ਕਾਰਨ ਹੈ। ਸ਼ਾਇਦ ਉਸ ਨੇ ਸਾਨੂੰ ਬੁਰਾ-ਭਲਾ ਕਹਿ ਕੇ ਸਾਡਾ ਦਿਲ ਦੁਖਾਇਆ ਹੋਵੇ। ਜੇ ਇੱਦਾਂ ਹੈ ਵੀ, ਫਿਰ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਹੀ ਨਹੀਂ ਹੈ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਬਲ਼ਦੀ ’ਤੇ ਤੇਲ ਪਾਉਂਦੇ ਹਾਂ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਬਜਾਇ ਅਸੀਂ ਸ਼ੈਤਾਨ ਦੀ ਮਰਜ਼ੀ ਪੂਰੀ ਕਰਦੇ ਹਾਂ। (2 ਤਿਮੋ. 2:26) ਇਸ ਮਾਮਲੇ ਵਿਚ ਸਾਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ। ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ “ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ।” ਇਸ ਦੀ ਬਜਾਇ ਉਸ ਨੇ “ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ।” (1 ਪਤ. 2:21-23) ਯਿਸੂ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਯਹੋਵਾਹ ਆਪਣੇ ਸਮੇਂ ’ਤੇ ਆਪਣੇ ਤਰੀਕੇ ਨਾਲ ਸਭ ਕੁਝ ਠੀਕ ਕਰੇਗਾ। ਸਾਨੂੰ ਵੀ ਪਰਮੇਸ਼ੁਰ ’ਤੇ ਇਹੀ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਹੌਸਲਾ ਦਿੰਦੇ ਹਾਂ, ਤਾਂ ਅਸੀਂ ਮੰਡਲੀ ਦੇ “ਏਕਤਾ ਦੇ ਬੰਧਨ ਨੂੰ” ਮਜ਼ਬੂਤ ਰੱਖਣ ਵਿਚ ਮਦਦ ਕਰਦੇ ਹਾਂ।—ਅਫ਼ਸੀਆਂ 4:1-3 ਪੜ੍ਹੋ।

ਡਰ ਤੇ ਦਬਾਅ ਦੇ ਫੰਦੇ ਤੋਂ ਬਚੋ

8, 9. ਪਿਲਾਤੁਸ ਨੇ ਯਿਸੂ ਨੂੰ ਸਜ਼ਾ ਕਿਉਂ ਦਿੱਤੀ?

8 ਜਦੋਂ ਜਾਨਵਰ ਫੰਦੇ ਵਿਚ ਫਸ ਜਾਂਦਾ ਹੈ, ਤਾਂ ਉਹ ਕਿਤੇ ਜਾ ਨਹੀਂ ਸਕਦਾ। ਇਸੇ ਤਰ੍ਹਾਂ ਕੋਈ ਇਨਸਾਨ ਦੂਜਿਆਂ ਤੋਂ ਡਰ ਕੇ ਜਾਂ ਦਬਾਅ ਹੇਠ ਆ ਕੇ ਉਨ੍ਹਾਂ ਮੁਤਾਬਕ ਚੱਲਣ ਲਈ ਮਜਬੂਰ ਹੋ ਸਕਦਾ ਹੈ। (ਕਹਾਉਤਾਂ 29:25 ਪੜ੍ਹੋ।) ਆਓ ਆਪਾਂ ਦੋ ਆਦਮੀਆਂ ਦੀਆਂ ਮਿਸਾਲਾਂ ’ਤੇ ਗੌਰ ਕਰੀਏ ਜੋ ਡਰ ਤੇ ਦਬਾਅ ਹੇਠ ਆ ਗਏ। ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ।

9 ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਜਾਣਦਾ ਸੀ ਕਿ ਯਿਸੂ ਬੇਕਸੂਰ ਸੀ ਤੇ ਉਹ ਉਸ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ ਸੀ। ਉਸ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਯਿਸੂ ਨੇ “ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਹੈ।” ਪਰ ਫਿਰ ਵੀ ਉਸ ਨੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ। ਕਿਉਂ? ਕਿਉਂਕਿ ਪਿਲਾਤੁਸ ਭੀੜ ਦੇ ਦਬਾਅ ਹੇਠ ਆ ਗਿਆ ਸੀ। (ਲੂਕਾ 23:15, 21-25) ਆਪਣੀ ਗੱਲ ਮਨਾਉਣ ਲਈ ਵਿਰੋਧੀਆਂ ਨੇ ਉਸ ਨੂੰ ਡਰਾਵਾ ਦਿੰਦੇ ਹੋਏ ਕਿਹਾ: “ਜੇ ਤੂੰ ਇਸ ਆਦਮੀ ਨੂੰ ਛੱਡਿਆ, ਤਾਂ ਤੂੰ ਸਮਰਾਟ ਦਾ ਦੋਸਤ ਨਹੀਂ ਹੈਂ।” (ਯੂਹੰ. 19:12) ਪਿਲਾਤੁਸ ਨੂੰ ਡਰ ਸੀ ਕਿ ਜੇ ਉਸ ਨੇ ਯਿਸੂ ਨੂੰ ਛੱਡਿਆ, ਤਾਂ ਉਹ ਆਪਣੀ ਪਦਵੀ ਤੋਂ, ਇੱਥੋਂ ਤਕ ਕਿ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇਗਾ। ਸੋ ਉਸ ਨੇ ਉਹ ਕੀਤਾ ਜੋ ਸ਼ੈਤਾਨ ਚਾਹੁੰਦਾ ਸੀ।

10. ਪਤਰਸ ਨੇ ਕਿਉਂ ਕਿਹਾ ਕਿ ਉਹ ਯਿਸੂ ਨੂੰ ਨਹੀਂ ਜਾਣਦਾ ਸੀ?

10 ਪਤਰਸ ਰਸੂਲ ਯਿਸੂ ਦਾ ਜਿਗਰੀ ਦੋਸਤ ਸੀ। ਉਸ ਨੇ ਖੁੱਲ੍ਹੇ-ਆਮ ਕਿਹਾ ਸੀ ਕਿ ਯਿਸੂ ਹੀ ਮਸੀਹ ਹੈ। (ਮੱਤੀ 16:16) ਪਤਰਸ ਉਦੋਂ ਵੀ ਵਫ਼ਾਦਾਰ ਰਿਹਾ ਜਦੋਂ ਦੂਜੇ ਚੇਲੇ ਯਿਸੂ ਨੂੰ ਇਸ ਕਰਕੇ ਛੱਡ ਗਏ ਕਿਉਂਕਿ ਉਨ੍ਹਾਂ ਨੂੰ ਉਸ ਦੀ ਇਕ ਗੱਲ ਸਮਝ ਨਹੀਂ ਆਈ ਸੀ। (ਯੂਹੰ. 6:66-69) ਨਾਲੇ ਉਹ ਉਦੋਂ ਯਿਸੂ ਦੀ ਖ਼ਾਤਰ ਲੜਨ ਲਈ ਤਿਆਰ ਹੋ ਗਿਆ ਸੀ ਜਦੋਂ ਦੁਸ਼ਮਣ ਯਿਸੂ ਨੂੰ ਫੜਨ ਆਏ ਸਨ। (ਯੂਹੰ. 18:10, 11) ਪਰ ਬਾਅਦ ਵਿਚ ਉਸ ਨੇ ਡਰ ਦੇ ਮਾਰੇ ਯਿਸੂ ਨੂੰ ਪਛਾਣਨ ਤੋਂ ਵੀ ਇਨਕਾਰ ਕੀਤਾ। ਥੋੜ੍ਹੇ ਸਮੇਂ ਲਈ ਪਤਰਸ ਰਸੂਲ ਇਨਸਾਨ ਦੇ ਡਰ ਦੇ ਫੰਦੇ ਵਿਚ ਫਸ ਗਿਆ ਤੇ ਉਸ ਨੇ ਯਿਸੂ ਦਾ ਸਾਥ ਦੇਣ ਵਿਚ ਦਲੇਰੀ ਨਹੀਂ ਦਿਖਾਈ।—ਮੱਤੀ 26:74, 75.

11. ਸਾਡੇ ’ਤੇ ਕਿਹੜੇ ਗ਼ਲਤ ਕੰਮ ਕਰਨ ਦਾ ਦਬਾਅ ਪਾਇਆ ਜਾ ਸਕਦਾ ਹੈ?

11 ਮਸੀਹੀ ਹੋਣ ਦੇ ਨਾਤੇ ਸਾਡੇ ’ਤੇ ਵੀ ਉਹ ਕੰਮ ਕਰਨ ਦਾ ਦਬਾਅ ਪਾਇਆ ਜਾਂਦਾ ਹੈ ਜੋ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ। ਸਾਨੂੰ ਦਬਾਅ ਹੇਠ ਨਾ ਆਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੰਮ ’ਤੇ ਸਾਡਾ ਬਾਸ ਜਾਂ ਹੋਰ ਲੋਕ ਸ਼ਾਇਦ ਸਾਡੇ ’ਤੇ ਬੇਈਮਾਨੀ ਕਰਨ ਜਾਂ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਉਣ। ਸਕੂਲ ਵਿਚ ਪੜ੍ਹਨ ਵਾਲੇ ਮਸੀਹੀਆਂ ਉੱਤੇ ਸ਼ਾਇਦ ਉਨ੍ਹਾਂ ਦੇ ਦੋਸਤਾਂ ਵੱਲੋਂ ਪੇਪਰਾਂ ਵਿਚ ਨਕਲ ਮਾਰਨ, ਪੋਰਨੋਗ੍ਰਾਫੀ ਦੇਖਣ, ਸਿਗਰਟਾਂ ਪੀਣ, ਨਸ਼ੇ ਕਰਨ, ਸ਼ਰਾਬ ਪੀਣ ਜਾਂ ਬਦਚਲਣੀ ਕਰਨ ਦਾ ਦਬਾਅ ਪਾਇਆ ਜਾਵੇ। ਸੋ ਕਿਹੜੀ ਗੱਲ ਸਾਡੀ ਡਰ ਜਾਂ ਗ਼ਲਤ ਕੰਮ ਕਰਨ ਦੇ ਦਬਾਅ ਦੇ ਫੰਦੇ ਤੋਂ ਬਚਣ ਵਿਚ ਮਦਦ ਕਰ ਸਕਦੀ ਹੈ?

12. ਪਿਲਾਤੁਸ ਤੇ ਪਤਰਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਆਓ ਆਪਾਂ ਦੇਖੀਏ ਕਿ ਅਸੀਂ ਪਿਲਾਤੁਸ ਤੇ ਪਤਰਸ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ। ਪਿਲਾਤੁਸ ਯਿਸੂ ਮਸੀਹ ਬਾਰੇ ਬਹੁਤ ਥੋੜ੍ਹਾ ਜਾਣਦਾ ਸੀ। ਫਿਰ ਵੀ ਉਸ ਨੂੰ ਪਤਾ ਸੀ ਕਿ ਉਹ ਬੇਕਸੂਰ ਸੀ ਤੇ ਕੋਈ ਆਮ ਇਨਸਾਨ ਨਹੀਂ ਸੀ। ਪਰ ਪਿਲਾਤੁਸ ਵਿਚ ਨਿਮਰਤਾ ਦੀ ਘਾਟ ਸੀ ਤੇ ਉਹ ਸੱਚੇ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦਾ ਸੀ। ਸ਼ੈਤਾਨ ਨੇ ਉਸ ਨੂੰ ਆਸਾਨੀ ਨਾਲ ਜੀਉਂਦਾ ਹੀ ਫੜ ਲਿਆ। ਪਤਰਸ ਨੂੰ ਸਹੀ ਗਿਆਨ ਸੀ ਤੇ ਉਹ ਪਰਮੇਸ਼ੁਰ ਨਾਲ ਵੀ ਪਿਆਰ ਕਰਦਾ ਸੀ। ਪਰ ਕਈ ਵਾਰ ਉਸ ਨੇ ਆਪਣੇ ’ਤੇ ਹੱਦੋਂ ਵੱਧ ਭਰੋਸਾ ਕੀਤਾ ਜਿਸ ਕਰਕੇ ਉਹ ਡਰ ਤੇ ਦਬਾਅ ਹੇਠ ਆ ਗਿਆ। ਯਿਸੂ ਦੀ ਗਿਰਫ਼ਤਾਰੀ ਤੋਂ ਪਹਿਲਾਂ ਪਤਰਸ ਨੇ ਸ਼ੇਖ਼ੀ ਮਾਰੀ ਸੀ: “ਬਾਕੀ ਸਾਰੇ ਭਾਵੇਂ ਤੈਨੂੰ ਛੱਡ ਦੇਣ, ਪਰ ਮੈਂ ਤੈਨੂੰ ਨਹੀਂ ਛੱਡਾਂਗਾ।” (ਮਰ. 14:29) ਜੇ ਪਤਰਸ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ’ਤੇ ਭਰੋਸਾ ਰੱਖਦਾ, ਤਾਂ ਉਹ ਆਉਣ ਵਾਲੇ ਪਰਤਾਵਿਆਂ ਦਾ ਸਾਮ੍ਹਣਾ ਕਰ ਸਕਦਾ ਸੀ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?” (ਜ਼ਬੂ. 118:6) ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਪਤਰਸ ਤੇ ਹੋਰ ਦੋ ਰਸੂਲਾਂ ਨੂੰ ਗਥਸਮਨੀ ਬਾਗ਼ ਵਿਚ ਲੈ ਕੇ ਗਿਆ ਸੀ। ਪਰ ਜਾਗਦੇ ਰਹਿਣ ਦੀ ਬਜਾਇ ਪਤਰਸ ਤੇ ਉਸ ਦੇ ਸਾਥੀ ਸੌਂ ਗਏ। ਯਿਸੂ ਨੇ ਉਨ੍ਹਾਂ ਨੂੰ ਜਗਾਇਆ ਤੇ ਕਿਹਾ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਕਿਸੇ ਪਰੀਖਿਆ ਵਿਚ ਡਿਗ ਨਾ ਪਓ।” (ਮਰ. 14:38) ਪਰ ਪਤਰਸ ਦੁਬਾਰਾ ਸੌਂ ਗਿਆ ਅਤੇ ਬਾਅਦ ਵਿਚ ਡਰ ਤੇ ਦਬਾਅ ਹੇਠ ਆ ਗਿਆ।

13. ਅਸੀਂ ਗ਼ਲਤ ਕੰਮ ਕਰਨ ਦੇ ਦਬਾਅ ਦਾ ਕਿੱਦਾਂ ਸਾਮ੍ਹਣਾ ਕਰ ਸਕਦੇ ਹਾਂ?

13 ਪਿਲਾਤੁਸ ਤੇ ਪਤਰਸ ਦੀਆਂ ਮਿਸਾਲਾਂ ਸਾਨੂੰ ਹੋਰ ਵਧੀਆ ਸਬਕ ਸਿਖਾਉਂਦੀਆਂ ਹਨ। ਦਬਾਅ ਦਾ ਸਾਮ੍ਹਣਾ ਕਰਨ ਲਈ ਸਾਨੂੰ ਸਹੀ ਗਿਆਨ ਹੋਣਾ ਚਾਹੀਦਾ ਹੈ, ਸਾਡੇ ਵਿਚ ਨਿਮਰਤਾ ਹੋਣੀ ਚਾਹੀਦੀ ਹੈ, ਸਾਨੂੰ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ, ਪਰਮੇਸ਼ੁਰ ਲਈ ਪਿਆਰ ਹੋਣਾ ਚਾਹੀਦਾ ਹੈ ਤੇ ਇਨਸਾਨਾਂ ਦੇ ਡਰ ਦੀ ਬਜਾਇ ਸਾਨੂੰ ਪਰਮੇਸ਼ੁਰ ਦਾ ਡਰ ਹੋਣਾ ਚਾਹੀਦਾ ਹੈ। ਜੇ ਸਾਡੀ ਨਿਹਚਾ ਸਹੀ ਗਿਆਨ ’ਤੇ ਆਧਾਰਿਤ ਹੈ, ਤਾਂ ਅਸੀਂ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸ ਸਕਾਂਗੇ। ਇਸ ਤਰ੍ਹਾਂ ਅਸੀਂ ਇਨਸਾਨਾਂ ਦੇ ਡਰ ਸਾਮ੍ਹਣੇ ਗੋਡੇ ਟੇਕਣ ਦੀ ਬਜਾਇ ਦਬਾਅ ਦਾ ਸਾਮ੍ਹਣਾ ਕਰ ਸਕਾਂਗੇ। ਸਾਨੂੰ ਆਪਣੀ ਤਾਕਤ ’ਤੇ ਹੱਦੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਨਿਮਰਤਾ ਨਾਲ ਇਹ ਗੱਲ ਕਬੂਲ ਕਰਨੀ ਚਾਹੀਦੀ ਹੈ ਕਿ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦੀ ਲੋੜ ਹੈ। ਸਾਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨਾਲੇ ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਸਾਨੂੰ ਉਸ ਦੇ ਮਿਆਰਾਂ ਉੱਤੇ ਚੱਲਣਾ ਚਾਹੀਦਾ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਉਸ ਦਾ ਨਾਂ ਬਦਨਾਮ ਹੋਵੇ। ਇਸ ਤੋਂ ਇਲਾਵਾ, ਸਾਨੂੰ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਮਿਸਾਲ ਲਈ, ਮਾਪੇ ਆਪਣੇ ਬੱਚਿਆਂ ਨਾਲ ਪਹਿਲਾਂ ਹੀ ਤਿਆਰੀ ਤੇ ਪ੍ਰਾਰਥਨਾ ਕਰ ਸਕਦੇ ਹਨ ਤਾਂਕਿ ਉਹ ਆਪਣੇ ਹਾਣੀਆਂ ਵੱਲੋਂ ਗ਼ਲਤ ਕੰਮ ਕਰਨ ਦੇ ਦਬਾਅ ਦਾ ਸਾਮ੍ਹਣਾ ਕਰ ਸਕਣ।—2 ਕੁਰਿੰ. 13:7. *

ਕੁਚਲ਼ ਦੇਣ ਵਾਲਾ ਫੰਦਾ—ਬੇਹੱਦ ਦੋਸ਼ੀ ਮਹਿਸੂਸ ਕਰਨਾ

14. ਸਾਡੀਆਂ ਪੁਰਾਣੀਆਂ ਗ਼ਲਤੀਆਂ ਦੇ ਸੰਬੰਧ ਵਿਚ ਸ਼ੈਤਾਨ ਕਿਹੜੀ ਗੱਲ ਸਾਡੇ ਮਨ ਵਿਚ ਪਾਉਣੀ ਚਾਹੁੰਦਾ ਹੈ?

14 ਜਾਨਵਰ ਨੂੰ ਫੜਨ ਲਈ ਕਈ ਵਾਰ ਪੱਥਰ ਜਾਂ ਦਰਖ਼ਤ ਦੀ ਭਾਰੀ ਟਾਹਣੀ ਨੂੰ ਤਾਰ ਨਾਲ ਬੰਨ੍ਹ ਕੇ ਉੱਥੇ ਲਟਕਾਇਆ ਜਾਂਦਾ ਹੈ ਜਿੱਥੋਂ ਦੀ ਜਾਨਵਰ ਲੰਘਦਾ ਹੈ। ਫੰਦੇ ਦੀ ਤਾਰ ਥੱਲੇ ਜ਼ਮੀਨ ’ਤੇ ਬੰਨ੍ਹੀ ਹੁੰਦੀ ਹੈ। ਜਦੋਂ ਜਾਨਵਰ ਦਾ ਪੈਰ ਤਾਰ ਨਾਲ ਲੱਗਦਾ ਹੈ, ਤਾਂ ਪੱਥਰ ਜਾਂ ਟਾਹਣੀ ਉਸ ਉੱਤੇ ਡਿਗ ਕੇ ਉਸ ਨੂੰ ਕੁਚਲ਼ ਦਿੰਦੀ ਹੈ। ਦੋਸ਼ ਦੀਆਂ ਭਾਵਨਾਵਾਂ ਵੀ ਕੁਚਲ਼ ਦੇਣ ਵਾਲੇ ਫੰਦੇ ਵਾਂਗ ਹੁੰਦੀਆਂ ਹਨ। ਅਸੀਂ ਸ਼ਾਇਦ ਪਹਿਲਾਂ ਕੋਈ ਗ਼ਲਤੀ ਕੀਤੀ ਹੋਵੇ ਤੇ ਉਹ ਦੇ ਕਰਕੇ ਅਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹੋਈਏ। ਅਜਿਹੀਆਂ ਭਾਵਨਾਵਾਂ ਸ਼ਾਇਦ ਸਾਡੇ ਲਈ ਭਾਰੀ ਪੰਡ ਵਾਂਗ ਹੋਣ ਤੇ ਇਨ੍ਹਾਂ ਦੇ ਭਾਰ ਹੇਠ ਅਸੀਂ ‘ਬਹੁਤ ਪੀਸੇ’ ਹੋਏ ਮਹਿਸੂਸ ਕਰੀਏ। (ਜ਼ਬੂਰਾਂ ਦੀ ਪੋਥੀ 38:3-5, 8 ਪੜ੍ਹੋ।) ਇਸ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਯਹੋਵਾਹ ਦੀ ਦਇਆ ਦੇ ਲਾਇਕ ਨਹੀਂ ਹਾਂ ਤੇ ਨਾ ਹੀ ਅਸੀਂ ਉਸ ਦੇ ਅਸੂਲਾਂ ’ਤੇ ਚੱਲ ਸਕਦੇ ਹਾਂ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਸੇ ਤਰ੍ਹਾਂ ਸੋਚੀਏ।

15, 16. ਬੇਹੱਦ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਤੁਸੀਂ ਕਿੱਦਾਂ ਬਚ ਸਕਦੇ ਹੋ?

15 ਤੁਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹੋ? ਜੇ ਤੁਸੀਂ ਕੋਈ ਗੰਭੀਰ ਗ਼ਲਤੀ ਕੀਤੀ ਹੈ, ਤਾਂ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਤੁਰੰਤ ਕਦਮ ਚੁੱਕੋ। ਬਜ਼ੁਰਗਾਂ ਨਾਲ ਗੱਲ ਕਰੋ ਤੇ ਉਨ੍ਹਾਂ ਤੋਂ ਮਦਦ ਮੰਗੋ। (ਯਾਕੂ. 5:14-16) ਆਪਣੀ ਗ਼ਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। (2 ਕੁਰਿੰ. 7:11) ਜੇ ਤੁਹਾਨੂੰ ਤਾੜਨਾ ਮਿਲਦੀ ਹੈ, ਤਾਂ ਨਿਰਾਸ਼ ਨਾ ਹੋਵੋ। ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਹੈ। (ਇਬ. 12:6) ਤੁਸੀਂ ਉਸ ਰਾਹ ’ਤੇ ਦੁਬਾਰਾ ਨਾ ਚੱਲਣ ਦਾ ਪੱਕਾ ਇਰਾਦਾ ਕਰੋ ਜੋ ਤੁਹਾਨੂੰ ਪਾਪ ਵੱਲ ਲੈ ਗਿਆ ਸੀ। ਪਛਤਾਵਾ ਕਰਨ ਅਤੇ ਗ਼ਲਤ ਰਾਹ ਤੋਂ ਮੁੜਨ ਤੋਂ ਬਾਅਦ ਇਸ ਗੱਲ ’ਤੇ ਭਰੋਸਾ ਰੱਖੋ ਕਿ ਯਿਸੂ ਦੀ ਕੁਰਬਾਨੀ ਕਰਕੇ ਤੁਹਾਨੂੰ ਮਾਫ਼ੀ ਦਿੱਤੀ ਜਾ ਸਕਦੀ ਹੈ।—1 ਯੂਹੰ. 4:9, 14.

16 ਪਾਪਾਂ ਦੀ ਮਾਫ਼ੀ ਮਿਲ ਜਾਣ ਤੋਂ ਬਾਅਦ ਵੀ ਕੁਝ ਲੋਕ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਨੇ ਪਤਰਸ ਤੇ ਹੋਰ ਰਸੂਲਾਂ ਨੂੰ ਮਾਫ਼ ਕਰ ਦਿੱਤਾ ਸੀ ਜੋ ਉਸ ਦੇ ਪੁੱਤਰ ਨੂੰ ਔਖੀ ਘੜੀ ਵਿਚ ਛੱਡ ਕੇ ਚਲੇ ਗਏ ਸਨ। ਉਸ ਆਦਮੀ ਨੂੰ ਵੀ ਯਾਦ ਕਰੋ ਜਿਸ ਨੂੰ ਸ਼ਰੇਆਮ ਹਰਾਮਕਾਰੀ ਕਰਨ ਕਰਕੇ ਕੁਰਿੰਥੁਸ ਦੀ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ। ਪਰ ਬਾਅਦ ਵਿਚ ਪਛਤਾਵਾ ਕਰਨ ਕਰਕੇ ਯਹੋਵਾਹ ਨੇ ਉਸ ਨੂੰ ਵੀ ਮਾਫ਼ ਕਰ ਦਿੱਤਾ ਸੀ। (1 ਕੁਰਿੰ. 5:1-5; 2 ਕੁਰਿੰ. 2:6-8) ਪਰਮੇਸ਼ੁਰ ਦੇ ਬਚਨ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਬੁਰੇ-ਬੁਰੇ ਕੰਮ ਕੀਤੇ ਸਨ, ਪਰ ਪਛਤਾਵਾ ਕਰਨ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਸੀ।—2 ਇਤ. 33:2, 10-13; 1 ਕੁਰਿੰ. 6:9-11.

17. ਯਿਸੂ ਦੀ ਕੁਰਬਾਨੀ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

17 ਜੇ ਤੁਸੀਂ ਦਿਲੋਂ ਪਛਤਾਵਾ ਕਰਦੇ ਹੋ ਤੇ ਯਹੋਵਾਹ ਦੀ ਦਇਆ ਨੂੰ ਕਬੂਲ ਕਰਦੇ ਹੋ, ਤਾਂ ਉਹ ਤੁਹਾਡੇ ਪਾਪਾਂ ਨੂੰ ਮਾਫ਼ ਕਰ ਕੇ ਭੁੱਲ ਜਾਵੇਗਾ। ਕਦੀ ਵੀ ਇਹ ਨਾ ਸੋਚੋ ਕਿ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਇੱਦਾਂ ਸੋਚਣ ਨਾਲ ਤੁਸੀਂ ਸ਼ੈਤਾਨ ਦੇ ਫੰਦੇ ਵਿਚ ਫਸ ਜਾਓਗੇ। ਇਸ ਦੀ ਬਜਾਇ, ਇਹ ਗੱਲ ਯਾਦ ਰੱਖੋ ਕਿ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਉਨ੍ਹਾਂ ਸਾਰਿਆਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ ਜਿਹੜੇ ਤੋਬਾ ਕਰਦੇ ਹਨ। (ਕਹਾ. 24:16) ਯਿਸੂ ਦੀ ਕੁਰਬਾਨੀ ’ਤੇ ਵਿਸ਼ਵਾਸ ਹੋਣ ਕਰਕੇ ਤੁਸੀਂ ਆਪਣੇ ਮੋਢਿਆਂ ਤੋਂ ਦੋਸ਼ੀ ਭਾਵਨਾਵਾਂ ਦੀ ਭਾਰੀ ਪੰਡ ਲਾਹ ਕੇ ਸੁੱਟ ਸਕਦੇ ਹੋ ਤੇ ਪਰਮੇਸ਼ੁਰ ਦੀ ਸੇਵਾ ਪੂਰੇ ਦਿਲ, ਜਾਨ ਤੇ ਸਮਝ ਨਾਲ ਕਰ ਸਕਦੇ ਹੋ।—ਮੱਤੀ 22:37.

ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ

18. ਅਸੀਂ ਸ਼ੈਤਾਨ ਦੀਆਂ ਚਾਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

18 ਸ਼ੈਤਾਨ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਉਹ ਸਾਨੂੰ ਫਸਾਉਣ ਲਈ ਕਿਹੜਾ ਤਰੀਕਾ ਵਰਤਦਾ ਹੈ, ਉਹ ਬਸ ਇਹੀ ਚਾਹੁੰਦਾ ਹੈ ਕਿ ਅਸੀਂ ਫਸ ਜਾਈਏ। ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ, ਇਸ ਲਈ ਅਸੀਂ ਉਸ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਵਾਂਗੇ। (2 ਕੁਰਿੰ. 2:10, 11) ਜੇ ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਬੁੱਧ ਮੰਗਾਂਗੇ, ਤਾਂ ਅਸੀਂ ਸ਼ੈਤਾਨ ਦੀਆਂ ਚਾਲਾਂ ਵਿਚ ਨਹੀਂ ਫਸਾਂਗੇ। ਯਾਕੂਬ ਨੇ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।” (ਯਾਕੂ. 1:5) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਬੁੱਧ ਦੇਵੇ, ਤਾਂ ਸਾਨੂੰ ਬਾਈਬਲ ਦੀ ਸਟੱਡੀ ਕਰ ਕੇ ਇਸ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। ਵਫ਼ਾਦਾਰ ਤੇ ਸਮਝਦਾਰ ਨੌਕਰ ਵੱਲੋਂ ਦਿੱਤੇ ਜਾਂਦੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਸਾਨੂੰ ਸ਼ੈਤਾਨ ਦੀਆਂ ਚਾਲਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਇਹ ਸਾਡੀ ਉਨ੍ਹਾਂ ਚਾਲਾਂ ਤੋਂ ਬਚਣ ਵਿਚ ਮਦਦ ਕਰਦੇ ਹਨ।

19, 20. ਸਾਨੂੰ ਬੁਰੇ ਕੰਮਾਂ ਨਾਲ ਨਫ਼ਰਤ ਕਿਉਂ ਕਰਨੀ ਚਾਹੀਦੀ ਹੈ?

19 ਪ੍ਰਾਰਥਨਾ ਤੇ ਬਾਈਬਲ ਦੀ ਸਟੱਡੀ ਕਰਨ ਨਾਲ ਸਾਡੇ ਵਿਚ ਸਹੀ ਕੰਮਾਂ ਲਈ ਪਿਆਰ ਪੈਦਾ ਹੋਵੇਗਾ। ਪਰ ਇਸ ਦੇ ਨਾਲ-ਨਾਲ ਬੁਰੇ ਕੰਮਾਂ ਲਈ ਨਫ਼ਰਤ ਪੈਦਾ ਕਰਨੀ ਵੀ ਜ਼ਰੂਰੀ ਹੈ। (ਜ਼ਬੂ. 97:10) ਆਪਣੀਆਂ ਸੁਆਰਥੀ ਇੱਛਾਵਾਂ ਦੇ ਨਤੀਜਿਆਂ ਬਾਰੇ ਸੋਚਣ ਨਾਲ ਅਸੀਂ ਆਪਣੇ ਅੰਦਰ ਅਜਿਹੀਆਂ ਇੱਛਾਵਾਂ ਪੈਦਾ ਨਹੀਂ ਕਰਾਂਗੇ। (ਯਾਕੂ. 1:14, 15) ਜਦੋਂ ਅਸੀਂ ਸਹੀ ਕੰਮਾਂ ਨਾਲ ਪਿਆਰ ਤੇ ਬੁਰੇ ਕੰਮਾਂ ਨਾਲ ਨਫ਼ਰਤ ਕਰਨੀ ਸਿੱਖਦੇ ਹਾਂ, ਤਾਂ ਅਸੀਂ ਸ਼ੈਤਾਨ ਦੇ ਝਾਂਸੇ ਵਿਚ ਨਹੀਂ ਆਵਾਂਗੇ।

20 ਅਸੀਂ ਪਰਮੇਸ਼ੁਰ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਸ਼ੈਤਾਨ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈ! ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ, ਆਪਣੇ ਬਚਨ ਤੇ ਆਪਣੇ ਸੰਗਠਨ ਦੇ ਜ਼ਰੀਏ “ਉਸ ਦੁਸ਼ਟ ਤੋਂ” ਬਚਾਉਂਦਾ ਹੈ। (ਮੱਤੀ 6:13) ਅਗਲੇ ਲੇਖ ਵਿਚ ਅਸੀਂ ਸ਼ੈਤਾਨ ਦੇ ਹੋਰ ਦੋ ਫੰਦਿਆਂ ਬਾਰੇ ਦੇਖਾਂਗੇ ਜੋ ਉਹ ਯਹੋਵਾਹ ਦੇ ਸੇਵਕਾਂ ਨੂੰ ਫਸਾਉਣ ਲਈ ਵਰਤਦਾ ਹੈ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।

[ਫੁਟਨੋਟ]

^ ਪੈਰਾ 13 ਕਿਤਾਬ ਨੌਜਵਾਨਾਂ ਦੇ ਸਵਾਲਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਦੇ ਸਫ਼ੇ 132 ਅਤੇ 133 ’ਤੇ “ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਸੁਝਾਅ” ਨਾਂ ਦਾ ਚਾਰਟ ਦਿੱਤਾ ਗਿਆ ਹੈ। ਮਾਤਾ-ਪਿਤਾ ਪਰਿਵਾਰਕ ਸਟੱਡੀ ਦੌਰਾਨ ਆਪਣੇ ਬੱਚਿਆਂ ਨਾਲ ਇਸ ਚਾਰਟ ਉੱਤੇ ਚਰਚਾ ਕਰ ਸਕਦੇ ਹਨ।

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਬੇਲਗਾਮ ਜ਼ਬਾਨ ਨਾਲ ਮੰਡਲੀ ਵਿਚ ਅੱਗ ਲੱਗ ਸਕਦੀ ਹੈ

[ਸਫ਼ਾ 24 ਉੱਤੇ ਤਸਵੀਰ]

ਤੁਸੀਂ ਦੋਸ਼ੀ ਭਾਵਨਾਵਾਂ ਦੀ ਭਾਰੀ ਪੰਡ ਨੂੰ ਲਾਹ ਕੇ ਸੁੱਟ ਸਕਦੇ ਹੋ