Skip to content

Skip to table of contents

ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ’ਤੇ ਚੱਲੋ

ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ’ਤੇ ਚੱਲੋ

ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ’ਤੇ ਚੱਲੋ

‘ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ ਕਰੋ।’—ਯਾਕੂ. 1:25.

ਕੀ ਤੁਸੀਂ ਸਮਝਾ ਸਕਦੇ ਹੋ?

ਕਿਹੜਾ ਕਾਨੂੰਨ ਸੱਚੀ ਆਜ਼ਾਦੀ ਦਿੰਦਾ ਹੈ ਤੇ ਇਸ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ?

ਸੱਚੀ ਆਜ਼ਾਦੀ ਕਿਵੇਂ ਮਿਲ ਸਕਦੀ ਹੈ?

ਯਹੋਵਾਹ ਦੇ ਰਾਹਾਂ ’ਤੇ ਚੱਲਦੇ ਰਹਿਣ ਨਾਲ ਸਾਨੂੰ ਕਿਹੜੀ ਆਜ਼ਾਦੀ ਮਿਲੇਗੀ?

1, 2. (ੳ) ਲੋਕਾਂ ਦੀ ਆਜ਼ਾਦੀ ਨੂੰ ਕੀ ਹੋ ਰਿਹਾ ਹੈ ਤੇ ਕਿਉਂ? (ਅ) ਭਵਿੱਖ ਵਿਚ ਯਹੋਵਾਹ ਦੇ ਸੇਵਕਾਂ ਨੂੰ ਕਿਹੜੀ ਆਜ਼ਾਦੀ ਮਿਲੇਗੀ?

ਅਸੀਂ ਅਜਿਹੀ ਦੁਨੀਆਂ ਵਿਚ ਜੀ ਰਹੇ ਹਾਂ ਜਿੱਥੇ ਲਾਲਚ, ਬੁਰਾਈ ਤੇ ਹਿੰਸਾ ਦਿਨੋ-ਦਿਨ ਵਧ ਰਹੀ ਹੈ। (2 ਤਿਮੋ. 3:1-5) ਇਸ ਕਰਕੇ ਸਰਕਾਰਾਂ ਹੋਰ ਕਾਨੂੰਨ ਬਣਾਉਂਦੀਆਂ ਹਨ, ਪੁਲਸ ਨੂੰ ਹੋਰ ਅਧਿਕਾਰ ਦਿੰਦੀਆਂ ਹਨ ਅਤੇ ਲੋਕਾਂ ’ਤੇ ਨਿਗਰਾਨੀ ਰੱਖਣ ਲਈ ਕੈਮਰੇ ਲਾਉਂਦੀਆਂ ਹਨ। ਕੁਝ ਦੇਸ਼ਾਂ ਵਿਚ ਲੋਕ ਆਪਣੀ ਸੁਰੱਖਿਆ ਵਧਾਉਣ ਲਈ ਆਪਣੇ ਘਰਾਂ ਵਿਚ ਅਲਾਰਮ ਤੇ ਕਈ-ਕਈ ਜਿੰਦੇ ਲਾਉਂਦੇ ਹਨ। ਬਹੁਤ ਸਾਰੇ ਲੋਕ ਰਾਤ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਜਾਂ ਆਪਣੇ ਬੱਚਿਆਂ ਨੂੰ ਦਿਨੇ ਵੀ ਇਕੱਲੇ ਬਾਹਰ ਖੇਡਣ ਨਹੀਂ ਦਿੰਦੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕਾਂ ਦੀ ਆਜ਼ਾਦੀ ਘੱਟਦੀ ਜਾ ਰਹੀ ਹੈ ਤੇ ਇਸ ਵਿਚ ਕਿਸੇ ਤਰ੍ਹਾਂ ਦਾ ਸੁਧਾਰ ਹੁੰਦਾ ਨਜ਼ਰ ਨਹੀਂ ਆਉਂਦਾ।

2 ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਯਹੋਵਾਹ ਤੋਂ ਦੂਰ ਹੋ ਕੇ ਇਨਸਾਨ ਸੱਚੀ ਆਜ਼ਾਦੀ ਪਾ ਸਕਦੇ ਹਨ। ਇਹ ਕੋਰਾ ਝੂਠ ਸਾਬਤ ਹੋਇਆ ਹੈ! ਇਹ ਗੱਲ ਸੱਚ ਹੈ ਕਿ ਲੋਕ ਪਰਮੇਸ਼ੁਰ ਦੇ ਕਾਨੂੰਨਾਂ ਦੀ ਜਿੰਨੀ ਜ਼ਿਆਦਾ ਉਲੰਘਣਾ ਕਰਦੇ ਹਨ, ਉਹ ਉੱਨਾ ਹੀ ਦੁੱਖ ਪਾਉਂਦੇ ਹਨ। ਮਾੜੇ ਹਾਲਾਤਾਂ ਦਾ ਯਹੋਵਾਹ ਦੇ ਸੇਵਕਾਂ ’ਤੇ ਵੀ ਅਸਰ ਪੈਂਦਾ ਹੈ। ਪਰ ਸਾਨੂੰ ਆਸ ਹੈ ਕਿ ਮਨੁੱਖਜਾਤੀ ਪਾਪ ਤੇ ਵਿਨਾਸ਼ ਦੀ ਗ਼ੁਲਾਮੀ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਇਸ ਨੂੰ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਦਿੱਤੀ ਜਾਵੇਗੀ। (ਰੋਮੀ. 8:21) ਯਹੋਵਾਹ ਆਪਣੇ ਸੇਵਕਾਂ ਨੂੰ ਉਸ ਆਜ਼ਾਦੀ ਲਈ ਹੁਣ ਤਿਆਰ ਕਰ ਰਿਹਾ ਹੈ। ਕਿਵੇਂ?

3. ਯਹੋਵਾਹ ਨੇ ਮਸੀਹ ਦੇ ਚੇਲਿਆਂ ਨੂੰ ਕਿਹੜਾ ਕਾਨੂੰਨ ਦਿੱਤਾ ਹੈ ਤੇ ਅਸੀਂ ਕਿਹੜੇ ਸਵਾਲਾਂ ’ਤੇ ਵਿਚਾਰ ਕਰਾਂਗੇ?

3 ਬਾਈਬਲ ਦੇ ਲਿਖਾਰੀ ਯਾਕੂਬ ਨੇ “ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ” ਦੀ ਗੱਲ ਕੀਤੀ ਸੀ। (ਯਾਕੂਬ 1:25 ਪੜ੍ਹੋ।) ਲੋਕ ਅਕਸਰ ਕਾਨੂੰਨ ਨੂੰ ਆਜ਼ਾਦੀ ਨਹੀਂ, ਸਗੋਂ ਬੰਦਸ਼ ਸਮਝਦੇ ਹਨ। ਫਿਰ ਇਹ ‘ਆਜ਼ਾਦੀ ਦੇਣ ਵਾਲਾ ਮੁਕੰਮਲ ਕਾਨੂੰਨ’ ਕੀ ਹੈ? ਅਤੇ ਇਹ ਕਾਨੂੰਨ ਸਾਨੂੰ ਆਜ਼ਾਦ ਕਿਵੇਂ ਕਰਦਾ ਹੈ?

ਆਜ਼ਾਦ ਕਰਨ ਵਾਲਾ ਕਾਨੂੰਨ

4. ‘ਆਜ਼ਾਦੀ ਦੇਣ ਵਾਲਾ ਮੁਕੰਮਲ ਕਾਨੂੰਨ’ ਕੀ ਹੈ ਤੇ ਕਿਨ੍ਹਾਂ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ?

4 ‘ਆਜ਼ਾਦੀ ਦੇਣ ਵਾਲਾ ਮੁਕੰਮਲ ਕਾਨੂੰਨ’ ਮੂਸਾ ਦਾ ਕਾਨੂੰਨ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਦਾ ਕਾਨੂੰਨ ਇਜ਼ਰਾਈਲੀਆਂ ਨੂੰ ਇਹ ਦਿਖਾਉਣ ਲਈ ਦਿੱਤਾ ਸੀ ਕਿ ਉਹ ਪਾਪੀ ਹਨ। ਨਾਲੇ ਧਰਤੀ ’ਤੇ ਆ ਕੇ ਮਸੀਹ ਨੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਪੂਰੀਆਂ ਕਰ ਦਿੱਤੀਆਂ ਸਨ। (ਮੱਤੀ 5:17; ਗਲਾ. 3:19) ਫਿਰ ਯਾਕੂਬ ਕਿਸ ਕਾਨੂੰਨ ਦੀ ਗੱਲ ਕਰ ਰਿਹਾ ਸੀ? ਉਸ ਦੇ ਮਨ ਵਿਚ “ਮਸੀਹ ਦਾ ਕਾਨੂੰਨ” ਸੀ। (ਗਲਾ. 6:2) ਇਸ “ਮੁਕੰਮਲ ਕਾਨੂੰਨ” ਵਿਚ ਉਹ ਸਾਰਾ ਕੁਝ ਸ਼ਾਮਲ ਹੈ ਜੋ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ। ਚੁਣੇ ਹੋਏ ਮਸੀਹੀਆਂ ਨੂੰ ਤੇ “ਹੋਰ ਭੇਡਾਂ” ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ।—ਯੂਹੰ. 10:16.

5. ਆਜ਼ਾਦੀ ਦਾ ਕਾਨੂੰਨ ਬੋਝ ਕਿਉਂ ਨਹੀਂ ਹੈ?

5 “ਮੁਕੰਮਲ ਕਾਨੂੰਨ” ਇਨਸਾਨੀ ਸਰਕਾਰਾਂ ਦੇ ਕਾਨੂੰਨਾਂ ਤੋਂ ਵੱਖਰਾ ਹੈ। ਇਹ ਕਾਨੂੰਨ ਗੁੰਝਲਦਾਰ ਤੇ ਔਖਾ ਨਹੀਂ ਹੈ, ਪਰ ਇਸ ਕਾਨੂੰਨ ਨੂੰ ਸਮਝਣਾ ਤੇ ਇਸ ਉੱਤੇ ਚੱਲਣਾ ਸੌਖਾ ਹੈ। (1 ਯੂਹੰ. 5:3) ਯਿਸੂ ਨੇ ਕਿਹਾ: ‘ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਉਹ ਭਾਰਾ ਨਹੀਂ ਹੈ।’ (ਮੱਤੀ 11:29, 30) ਇਸ ਦੇ ਨਾਲ-ਨਾਲ “ਮੁਕੰਮਲ ਕਾਨੂੰਨ” ਵਿਚ ਕਾਨੂੰਨਾਂ ਦੀ ਲੰਬੀ ਲਿਸਟ ਨਹੀਂ ਦਿੱਤੀ ਗਈ ਹੈ। ਇਹ ਕਾਨੂੰਨ ਪਿਆਰ ’ਤੇ ਆਧਾਰਿਤ ਹੈ ਜੋ ਲੋਕਾਂ ਦੇ ਮਨਾਂ ਤੇ ਦਿਲਾਂ ’ਤੇ ਲਿਖਿਆ ਹੋਇਆ ਹੈ, ਨਾ ਕਿ ਪੱਥਰਾਂ ਦੀਆਂ ਫੱਟੀਆਂ ’ਤੇ।—ਇਬਰਾਨੀਆਂ 8:6, 10 ਪੜ੍ਹੋ।

“ਮੁਕੰਮਲ ਕਾਨੂੰਨ” ਸਾਨੂੰ ਆਜ਼ਾਦ ਕਿਵੇਂ ਕਰਦਾ ਹੈ

6, 7. ਯਹੋਵਾਹ ਦੇ ਕਾਨੂੰਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਤੇ ਆਜ਼ਾਦੀ ਦਾ ਕਾਨੂੰਨ ਸਾਡੀ ਕਿਵੇਂ ਮਦਦ ਕਰਦਾ ਹੈ?

6 ਯਹੋਵਾਹ ਨੇ ਇਨਸਾਨਾਂ ਲਈ ਜੋ ਹੱਦਾਂ ਠਹਿਰਾਈਆਂ ਹਨ, ਉਹ ਉਨ੍ਹਾਂ ਦੇ ਫ਼ਾਇਦੇ ਤੇ ਸੁਰੱਖਿਆ ਲਈ ਹਨ। ਮਿਸਾਲ ਲਈ, ਗ੍ਰੈਵਿਟੀ ਦੇ ਕੁਦਰਤੀ ਨਿਯਮ ’ਤੇ ਗੌਰ ਕਰੋ। ਧਰਤੀ ਦੀ ਖਿੱਚ ਕਰਕੇ ਚੀਜ਼ਾਂ ਧਰਤੀ ’ਤੇ ਰਹਿੰਦੀਆਂ ਹਨ, ਇਹ ਉੱਡ ਕੇ ਕਿਤੇ ਹੋਰ ਨਹੀਂ ਜਾਂਦੀਆਂ। ਲੋਕ ਅਜਿਹੇ ਕੁਦਰਤੀ ਨਿਯਮਾਂ ਨੂੰ ਬੋਝ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਉਨ੍ਹਾਂ ਦੇ ਫ਼ਾਇਦੇ ਲਈ ਹਨ। ਇਸੇ ਤਰ੍ਹਾਂ ਮਸੀਹ ਦੇ “ਮੁਕੰਮਲ ਕਾਨੂੰਨ” ਵਿਚ ਪਾਈਆਂ ਜਾਂਦੀਆਂ ਯਹੋਵਾਹ ਦੀਆਂ ਮੰਗਾਂ ਇਨਸਾਨਾਂ ਲਈ ਫ਼ਾਇਦੇਮੰਦ ਹਨ।

7 ਨਾਲੇ ਇਸ ਕਾਨੂੰਨ ’ਤੇ ਚੱਲ ਕੇ ਅਸੀਂ ਆਪਣੀਆਂ ਸਹੀ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ। ਇਹ ਇੱਛਾਵਾਂ ਪੂਰੀਆਂ ਕਰਨ ਨਾਲ ਸਾਡਾ ਨੁਕਸਾਨ ਨਹੀਂ ਹੁੰਦਾ ਤੇ ਨਾ ਹੀ ਦੂਜਿਆਂ ਦੇ ਹੱਕ ਮਾਰੇ ਜਾਂਦੇ ਹਨ। ਸੱਚੀ ਆਜ਼ਾਦੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਹੀ ਕਰਨ ਦੀ ਇੱਛਾ ਰੱਖੀਏ ਜੋ ਯਹੋਵਾਹ ਨੂੰ ਪਸੰਦ ਹੈ ਤੇ ਉਸ ਦੇ ਕਾਨੂੰਨਾਂ ਅਨੁਸਾਰ ਹੈ। ਹੋਰ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਨੂੰ ਪਿਆਰ ਕਰੀਏ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ ਤੇ ਉਨ੍ਹਾਂ ਨੂੰ ਨਫ਼ਰਤ ਕਰੀਏ ਜਿਨ੍ਹਾਂ ਨੂੰ ਉਹ ਨਫ਼ਰਤ ਕਰਦਾ ਹੈ। ਇਸ ਤਰ੍ਹਾਂ ਕਰਨ ਵਿਚ ਆਜ਼ਾਦੀ ਦਾ ਕਾਨੂੰਨ ਸਾਡੀ ਮਦਦ ਕਰਦਾ ਹੈ।—ਆਮੋ. 5:15.

8, 9. ਆਜ਼ਾਦੀ ਦੇ ਕਾਨੂੰਨ ਨੂੰ ਮੰਨਣ ਦੇ ਕੀ ਫ਼ਾਇਦੇ ਹੁੰਦੇ ਹਨ? ਮਿਸਾਲ ਦਿਓ।

8 ਪਾਪੀ ਹੋਣ ਕਰਕੇ ਸਾਡੇ ਲਈ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਪਾਉਣਾ ਔਖਾ ਹੈ। ਫਿਰ ਵੀ ਆਜ਼ਾਦੀ ਦੇ ਕਾਨੂੰਨ ’ਤੇ ਚੱਲ ਕੇ ਸਾਨੂੰ ਹੁਣ ਵੀ ਕਈ ਗੱਲਾਂ ਤੋਂ ਛੁਟਕਾਰਾ ਮਿਲਦਾ ਹੈ। ਜੇਅ ਨਾਂ ਦੇ ਇਕ ਆਦਮੀ ਦੀ ਮਿਸਾਲ ਲੈ ਲਓ। ਜਦ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਸ ਨੂੰ ਸਿਗਰਟ ਪੀਣ ਦੀ ਆਦਤ ਸੀ। ਉਸ ਨੇ ਸਿੱਖਿਆ ਕਿ ਪਰਮੇਸ਼ੁਰ ਨੂੰ ਉਸ ਦੀ ਇਹ ਆਦਤ ਪਸੰਦ ਨਹੀਂ ਹੈ। ਇਸ ਲਈ ਉਸ ਨੂੰ ਫ਼ੈਸਲਾ ਕਰਨਾ ਪਿਆ: ਕੀ ਉਹ ਇਸ ਬੁਰੀ ਆਦਤ ਦਾ ਗ਼ੁਲਾਮ ਬਣਿਆ ਰਹੇਗਾ ਜਾਂ ਕੀ ਉਹ ਆਪਣੇ ਆਪ ਨੂੰ ਯਹੋਵਾਹ ਦੇ ਅਧੀਨ ਕਰੇਗਾ? ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਹੀ ਫ਼ੈਸਲਾ ਕੀਤਾ ਚਾਹੇ ਉਸ ਦਾ ਸਰੀਰ ਨਸ਼ੇ ਲਈ ਤਰਸਦਾ ਸੀ। ਇਸ ਆਦਤ ਤੋਂ ਛੁਟਕਾਰਾ ਪਾ ਕੇ ਉਸ ਨੂੰ ਕਿਵੇਂ ਲੱਗਾ? ਉਸ ਨੇ ਕਿਹਾ: “ਮੈਂ ਇਸ ਭੈੜੀ ਆਦਤ ਤੋਂ ਆਜ਼ਾਦ ਹੋ ਕੇ ਬਹੁਤ ਖ਼ੁਸ਼ ਹਾਂ।”

9 ਜੇਅ ਨੇ ਆਪਣੇ ਤਜਰਬੇ ਤੋਂ ਸਿੱਖਿਆ ਕਿ ਦੁਨੀਆਂ ਦੇ ਲੋਕ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਆਜ਼ਾਦ ਤਾਂ ਹਨ, ਪਰ ਉਹ ਆਪਣੀਆਂ ਪਾਪੀ ਇੱਛਾਵਾਂ ਦੇ ਗ਼ੁਲਾਮ ਬਣ ਜਾਂਦੇ ਹਨ। ਇਸ ਦੇ ਉਲਟ, ਜਿਹੜੇ ਲੋਕ ਪਰਮੇਸ਼ੁਰ ਦੀ ਆਜ਼ਾਦੀ ਦੇ ਕਾਨੂੰਨ ਨੂੰ ਮੰਨਦੇ ਹਨ ਉਨ੍ਹਾਂ ਨੂੰ “ਜ਼ਿੰਦਗੀ ਅਤੇ ਸ਼ਾਂਤੀ” ਮਿਲਦੀ ਹੈ। (ਰੋਮੀ. 8:5, 6) ਜੇਅ ਨੂੰ ਆਪਣੀ ਆਦਤ ਤੋਂ ਛੁਟਕਾਰਾ ਪਾਉਣ ਦੀ ਤਾਕਤ ਕਿੱਥੋਂ ਮਿਲੀ? ਉਸ ਨੇ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਛੁਟਕਾਰਾ ਪਾਇਆ। ਉਸ ਨੇ ਕਿਹਾ: “ਮੈਂ ਬਾਕਾਇਦਾ ਬਾਈਬਲ ਸਟੱਡੀ ਕੀਤੀ, ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕੀਤੀ ਤੇ ਮੰਡਲੀ ਵਿਚ ਭੈਣਾਂ-ਭਰਾਵਾਂ ਦੀ ਮਦਦ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ।” ਇਹੀ ਗੱਲਾਂ ਸੱਚੀ ਆਜ਼ਾਦੀ ਪਾਉਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਆਓ ਦੇਖੀਏ ਕਿਵੇਂ।

ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰੋ

10. ਪਰਮੇਸ਼ੁਰ ਦੇ ਕਾਨੂੰਨ ਦੀ “ਜਾਂਚ” ਕਰਨ ਦਾ ਕੀ ਮਤਲਬ ਹੈ?

10 ਯਾਕੂਬ 1:25 ਵਿਚ ਲਿਖਿਆ ਹੈ: “ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ ਕਰਦਾ ਹੈ ਅਤੇ ਇਸ ਦੀ ਪਾਲਣਾ ਕਰਦਾ ਰਹਿੰਦਾ ਹੈ, ਉਸ ਨੂੰ ਇਸ ਉੱਤੇ ਅਮਲ ਕਰ ਕੇ ਖ਼ੁਸ਼ੀ ਹੋਵੇਗੀ।” ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਜਾਂਚ” ਕੀਤਾ ਗਿਆ ਹੈ ਉਸ ਦਾ ਮਤਲਬ ਹੈ ਝੁਕ ਕੇ ਧਿਆਨ ਨਾਲ ਕਿਸੇ ਚੀਜ਼ ਨੂੰ ਦੇਖਣਾ। ਇਸ ਤਰ੍ਹਾਂ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਆਜ਼ਾਦੀ ਦਾ ਕਾਨੂੰਨ ਸਾਡੇ ਦਿਲ ਤੇ ਮਨ ’ਤੇ ਅਸਰ ਕਰੇ, ਤਾਂ ਸਾਨੂੰ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ ਤੇ ਪ੍ਰਾਰਥਨਾ ਕਰਦਿਆਂ ਇਸ ’ਤੇ ਮਨਨ ਕਰਨਾ ਚਾਹੀਦਾ ਹੈ।—1 ਤਿਮੋ. 4:15.

11, 12. (ੳ) ਯਿਸੂ ਨੇ ਜ਼ਿੰਦਗੀ ਭਰ ਸੱਚਾਈ ’ਤੇ ਚੱਲਦੇ ਰਹਿਣ ’ਤੇ ਕਿਵੇਂ ਜ਼ੋਰ ਦਿੱਤਾ? (ਅ) ਜਿਵੇਂ ਇਕ ਭੈਣ ਦੀ ਉਦਾਹਰਣ ਤੋਂ ਦੇਖਿਆ ਜਾ ਸਕਦਾ ਹੈ, ਨੌਜਵਾਨਾਂ ਨੂੰ ਕਿਸ ਖ਼ਤਰੇ ਤੋਂ ਦੂਰ ਰਹਿਣਾ ਚਾਹੀਦਾ ਹੈ?

11 ਇਸ ਦੇ ਨਾਲ-ਨਾਲ ਸਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਬਚਨ ਦੀ ‘ਪਾਲਣਾ ਕਰਦੇ’ ਰਹਿਣਾ ਚਾਹੀਦਾ ਹੈ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਇਹੀ ਕਿਹਾ ਸੀ ਜਿਹੜੇ ਉਸ ’ਤੇ ਵਿਸ਼ਵਾਸ ਰੱਖਦੇ ਸਨ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:31, 32) ਇੱਥੇ ‘ਜਾਣਨ’ ਦਾ ਮਤਲਬ ਇਹ ਵੀ ਹੋ ਸਕਦਾ ਹੈ, “ਉਸ ਚੀਜ਼ ਦੀ ਕਦਰ ਕਰਨੀ ਜਿਸ ਦੀ ਅਸੀਂ ਅਹਿਮੀਅਤ ਜਾਣਦੇ ਹਾਂ।” ਅਸੀਂ ਸੱਚਾਈ ਨੂੰ ਚੰਗੀ ਤਰ੍ਹਾਂ ਉਦੋਂ ਹੀ ‘ਜਾਣ’ ਸਕਦੇ ਹਾਂ ਜਦੋਂ ਅਸੀਂ ਸੱਚਾਈ ਦੇ ਰਾਹ ’ਤੇ ਚੱਲਦੇ ਹਾਂ। ਫਿਰ ਅਸੀਂ ਕਹਿ ਸਕਾਂਗੇ ਕਿ “ਪਰਮੇਸ਼ੁਰ ਦਾ ਬਚਨ” ਸਾਡੀ ਜ਼ਿੰਦਗੀ ਉੱਤੇ “ਪ੍ਰਭਾਵ ਪਾ ਰਿਹਾ ਹੈ।” ਇਹ ਸਾਡੇ ਸੁਭਾਅ ਵਿਚ ਤਬਦੀਲੀਆਂ ਕਰੇਗਾ ਤਾਂਕਿ ਅਸੀਂ ਯਹੋਵਾਹ ਦੀ ਹੋਰ ਚੰਗੀ ਤਰ੍ਹਾਂ ਰੀਸ ਕਰ ਸਕੀਏ।—1 ਥੱਸ. 2:13.

12 ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸੱਚਾਈ ਨੂੰ ਸੱਚ-ਮੁੱਚ ਜਾਣਦਾ ਹਾਂ? ਕੀ ਮੈਂ ਇਸ ਅਨੁਸਾਰ ਜ਼ਿੰਦਗੀ ਜੀਉਂਦਾ ਹਾਂ? ਜਾਂ ਕੀ ਮੈਂ ਅਜੇ ਵੀ ਇਸ ਦੁਨੀਆਂ ਦੀ ਆਜ਼ਾਦੀ ਚਾਹੁੰਦਾ ਹਾਂ? ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ ਜਿਸ ਦਾ ਪਾਲਣ-ਪੋਸ਼ਣ ਸੱਚਾਈ ਵਿਚ ਹੋਇਆ ਸੀ। ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੀ ਹੋਈ ਉਹ ਕਹਿੰਦੀ ਹੈ: “ਮੈਂ ਬਚਪਨ ਤੋਂ ਯਹੋਵਾਹ ਬਾਰੇ ਜਾਣਦੀ ਸੀ। ਪਰ ਮੈਂ ਕਦੀ ਵੀ ਉਸ ਨਾਲ ਰਿਸ਼ਤਾ ਨਹੀਂ ਜੋੜਿਆ। ਮੈਂ ਕਦੀ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਨਹੀਂ ਸਿੱਖੀ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ। ਮੈਨੂੰ ਕਦੀ ਨਹੀਂ ਲੱਗਾ ਕਿ ਜੋ ਮੈਂ ਕਰਦੀ ਹਾਂ ਉਸ ਦਾ ਅਸਰ ਪਰਮੇਸ਼ੁਰ ’ਤੇ ਪੈਂਦਾ ਹੈ। ਮੈਂ ਕਦੇ ਵੀ ਮੁਸ਼ਕਲਾਂ ਆਉਣ ਤੇ ਉਸ ਨੂੰ ਪ੍ਰਾਰਥਨਾ ਨਹੀਂ ਕੀਤੀ। ਮੈਂ ਆਪਣੀ ਸਮਝ ’ਤੇ ਭਰੋਸਾ ਕੀਤਾ। ਪਰ ਹੁਣ ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨਾ ਬੇਵਕੂਫ਼ੀ ਸੀ ਕਿਉਂਕਿ ਮੈਨੂੰ ਬਿਲਕੁਲ ਸਮਝ ਨਹੀਂ ਸੀ।” ਖ਼ੁਸ਼ੀ ਦੀ ਗੱਲ ਹੈ ਕਿ ਬਾਅਦ ਵਿਚ ਭੈਣ ਨੂੰ ਅਹਿਸਾਸ ਹੋਇਆ ਕਿ ਉਸ ਦੀ ਸੋਚਣੀ ਕਿੰਨੀ ਗ਼ਲਤ ਸੀ ਤੇ ਉਸ ਨੇ ਆਪਣੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਉਸ ਨੇ ਤਾਂ ਰੈਗੂਲਰ ਪਾਇਨੀਅਰਿੰਗ ਕਰਨੀ ਵੀ ਸ਼ੁਰੂ ਕੀਤੀ।

ਪਵਿੱਤਰ ਸ਼ਕਤੀ ਆਜ਼ਾਦ ਹੋਣ ਵਿਚ ਸਾਡੀ ਮਦਦ ਕਰਦੀ ਹੈ

13. ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਆਜ਼ਾਦ ਹੋਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?

13 ਦੂਜਾ ਕੁਰਿੰਥੀਆਂ 3:17 ਵਿਚ ਅਸੀਂ ਪੜ੍ਹਦੇ ਹਾਂ: “ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।” ਪਵਿੱਤਰ ਸ਼ਕਤੀ ਆਜ਼ਾਦ ਹੋਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ? ਇਕ ਤਰੀਕਾ ਇਹ ਹੈ ਕਿ ਪਵਿੱਤਰ ਸ਼ਕਤੀ ਸਾਡੇ ਵਿਚ ਵਧੀਆ ਗੁਣ ਪੈਦਾ ਕਰਦੀ ਹੈ ਜੋ ਆਜ਼ਾਦੀ ਲਈ ਜ਼ਰੂਰੀ ਹਨ। ਇਹ ਗੁਣ ਹਨ: “ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।” (ਗਲਾ. 5:22, 23) ਇਨ੍ਹਾਂ ਗੁਣਾਂ, ਖ਼ਾਸ ਕਰ ਕੇ ਪਿਆਰ, ਤੋਂ ਬਿਨਾਂ ਕੋਈ ਵੀ ਆਜ਼ਾਦੀ ਨਹੀਂ ਪਾ ਸਕਦਾ ਹੈ। ਇਸ ਦਾ ਸਬੂਤ ਅਸੀਂ ਅੱਜ ਦੁਨੀਆਂ ਵਿਚ ਦੇਖ ਸਕਦੇ ਹਾਂ। ਪੌਲੁਸ ਰਸੂਲ ਨੇ ਪਵਿੱਤਰ ਸ਼ਕਤੀ ਦੇ ਗੁਣਾਂ ਬਾਰੇ ਲਿਖਣ ਤੋਂ ਬਾਅਦ ਅੱਗੇ ਕਿਹਾ: “ਅਜਿਹੇ ਗੁਣਾਂ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ।” ਇਸ ਦਾ ਕੀ ਮਤਲਬ ਹੈ? ਅਜਿਹਾ ਕੋਈ ਕਾਨੂੰਨ ਨਹੀਂ ਜੋ ਕਿਸੇ ਨੂੰ ਇਹ ਗੁਣ ਪੈਦਾ ਕਰਨ ਤੋਂ ਰੋਕ ਸਕੇ। (ਗਲਾ. 5:18) ਯਹੋਵਾਹ ਦੀ ਇੱਛਾ ਹੈ ਕਿ ਅਸੀਂ ਇਹ ਗੁਣ ਹਮੇਸ਼ਾ ਪੈਦਾ ਕਰਦੇ ਰਹੀਏ।

14. ਦੁਨੀਆਂ ਦੀ ਸੋਚ ਅਨੁਸਾਰ ਚੱਲਣ ਵਾਲੇ ਲੋਕ ਕਿੱਦਾਂ ਇਸ ਦੇ ਗ਼ੁਲਾਮ ਬਣ ਜਾਂਦੇ ਹਨ?

14 ਜਿਹੜੇ ਲੋਕ ਦੁਨੀਆਂ ਦੀ ਸੋਚ ਅਨੁਸਾਰ ਚੱਲਦੇ ਹਨ ਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹਨ, ਉਹ ਸ਼ਾਇਦ ਸੋਚਣ ਕਿ ਉਹ ਆਜ਼ਾਦ ਹਨ। (2 ਪਤਰਸ 2:18, 19 ਪੜ੍ਹੋ।) ਪਰ ਅਸਲੀਅਤ ਕੁਝ ਹੋਰ ਹੀ ਹੈ। ਲੋਕਾਂ ਦੀਆਂ ਬੁਰੀਆਂ ਇੱਛਾਵਾਂ ਤੇ ਚਾਲ-ਚਲਣ ਨੂੰ ਕਾਬੂ ਵਿਚ ਰੱਖਣ ਲਈ ਸਰਕਾਰਾਂ ਨੂੰ ਬਹੁਤ ਸਾਰੇ ਕਾਨੂੰਨ ਬਣਾਉਣੇ ਪੈਂਦੇ ਹਨ। ਪੌਲੁਸ ਨੇ ਕਿਹਾ: ‘ਕਾਨੂੰਨ ਧਰਮੀ ਲੋਕਾਂ ਲਈ ਨਹੀਂ ਬਣਾਇਆ ਜਾਂਦਾ, ਸਗੋਂ ਉਨ੍ਹਾਂ ਲਈ ਬਣਾਇਆ ਜਾਂਦਾ ਹੈ ਜਿਹੜੇ ਅਪਰਾਧੀ ਤੇ ਬਾਗ਼ੀ’ ਹਨ। (1 ਤਿਮੋ. 1:9, 10) ਉਹ ਪਾਪ ਦੇ ਵੀ ਗ਼ੁਲਾਮ ਹਨ ਕਿਉਂਕਿ ਉਹ “ਸਰੀਰ ਦੀਆਂ ਇੱਛਾਵਾਂ” ਅਨੁਸਾਰ ਚੱਲਦੇ ਹਨ। ਪਾਪ ਇਕ ਜ਼ਾਲਮ ਰਾਜਾ ਹੈ। (ਅਫ਼. 2:1-3) ਜਿਵੇਂ ਕੀੜੀਆਂ ਸ਼ਹਿਦ ਖਾਂਦੀਆਂ-ਖਾਂਦੀਆਂ ਸ਼ਹਿਦ ਵਿਚ ਹੀ ਫਸ ਜਾਂਦੀਆਂ ਹਨ, ਉਸੇ ਤਰ੍ਹਾਂ ਇਹ ਲੋਕ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ-ਕਰਦੇ ਇਨ੍ਹਾਂ ਦੇ ਗ਼ੁਲਾਮ ਬਣ ਜਾਂਦੇ ਹਨ।—ਯਾਕੂ. 1:14, 15.

ਮਸੀਹੀ ਮੰਡਲੀ ਵਿਚ ਆਜ਼ਾਦੀ

15, 16. ਮਸੀਹੀ ਮੰਡਲੀ ਵਿਚ ਜਾਣ ਦੇ ਕੀ ਫ਼ਾਇਦੇ ਹਨ ਤੇ ਸਾਨੂੰ ਕਿਹੜੀ ਆਜ਼ਾਦੀ ਮਿਲੀ ਹੈ?

15 ਮਸੀਹੀ ਮੰਡਲੀ ਕਿਸੇ ਕਲੱਬ ਵਰਗੀ ਨਹੀਂ ਜਿੱਥੇ ਤੁਸੀਂ ਮੈਂਬਰ ਬਣ ਕੇ ਲੋਕਾਂ ਨਾਲ ਮਿਲ-ਗਿਲ ਸਕਦੇ ਹੋ। ਤੁਸੀਂ ਮੰਡਲੀ ਵਿਚ ਇਸ ਲਈ ਆਉਣਾ ਸ਼ੁਰੂ ਕੀਤਾ ਕਿਉਂਕਿ ਯਹੋਵਾਹ ਨੇ ਤੁਹਾਨੂੰ ਖਿੱਚਿਆ ਸੀ। (ਯੂਹੰ. 6:44) ਉਸ ਨੇ ਇਸ ਤਰ੍ਹਾਂ ਕਿਉਂ ਕੀਤਾ? ਕੀ ਇਸ ਕਰਕੇ ਖਿੱਚਿਆ ਕਿਉਂਕਿ ਤੁਸੀਂ ਧਰਮੀ ਤੇ ਉਸ ਦਾ ਡਰ ਰੱਖਣ ਵਾਲੇ ਸੀ? ਸ਼ਾਇਦ ਤੁਸੀਂ ਕਹੋ: “ਬਿਲਕੁਲ ਨਹੀਂ!” ਤਾਂ ਫਿਰ ਉਸ ਨੇ ਤੁਹਾਡੇ ਵਿਚ ਕੀ ਦੇਖਿਆ? ਉਸ ਨੇ ਦੇਖਿਆ ਕਿ ਤੁਸੀਂ ਉਸ ਦੇ ਕਾਨੂੰਨਾਂ ’ਤੇ ਚੱਲਣ ਲਈ ਦਿਲੋਂ ਤਿਆਰ ਹੋਵੋਗੇ। ਮੰਡਲੀ ਵਿਚ ਯਹੋਵਾਹ ਨੇ ਤੁਹਾਨੂੰ ਆਪਣੇ ਗਿਆਨ ਦੀ ਸਮਝ ਦਿੱਤੀ ਜਿਸ ਕਰਕੇ ਤੁਸੀਂ ਝੂਠੀਆਂ ਸਿੱਖਿਆਵਾਂ ਤੇ ਵਹਿਮਾਂ-ਭਰਮਾਂ ਤੋਂ ਆਜ਼ਾਦ ਹੋਏ। ਇਸ ਦੇ ਨਾਲ-ਨਾਲ ਇਸ ਗਿਆਨ ਨੇ ਤੁਹਾਨੂੰ ਮਸੀਹ ਵਰਗੇ ਬਣਨਾ ਸਿਖਾਇਆ ਹੈ। (ਅਫ਼ਸੀਆਂ 4:22-24 ਪੜ੍ਹੋ।) ਨਤੀਜੇ ਵਜੋਂ, ਤੁਹਾਡੇ ਲਈ ਉਨ੍ਹਾਂ ਲੋਕਾਂ ਵਿਚ ਹੋਣਾ ਸਨਮਾਨ ਦੀ ਗੱਲ ਹੈ ਜੋ ਸੱਚ-ਮੁੱਚ ਆਜ਼ਾਦ ਹਨ।—ਯਾਕੂਬ 2:12.

16 ਇਸ ’ਤੇ ਗੌਰ ਕਰੋ: ਜਦੋਂ ਤੁਸੀਂ ਉਨ੍ਹਾਂ ਲੋਕਾਂ ਨਾਲ ਹੁੰਦੇ ਹੋ ਜੋ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਨ, ਤਾਂ ਕੀ ਤੁਹਾਨੂੰ ਕੋਈ ਡਰ ਹੁੰਦਾ ਹੈ? ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਨਾਲ ਗੱਲ ਕਰਦਿਆਂ ਕੀ ਤੁਹਾਨੂੰ ਚਿੰਤਾ ਹੁੰਦੀ ਹੈ ਕਿ ਕੋਈ ਤੁਹਾਡਾ ਸਾਮਾਨ ਨਾ ਚੁੱਕ ਕੇ ਲੈ ਜਾਵੇ? ਬਿਲਕੁਲ ਨਹੀਂ। ਸਾਨੂੰ ਕੋਈ ਡਰ ਜਾਂ ਫ਼ਿਕਰ ਨਹੀਂ ਹੁੰਦਾ। ਕੀ ਤੁਸੀਂ ਕਿਸੇ ਹੋਰ ਜਗ੍ਹਾ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਨਹੀਂ। ਅੱਜ ਤੁਸੀਂ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਜਿਸ ਆਜ਼ਾਦੀ ਦਾ ਆਨੰਦ ਮਾਣਦੇ ਹੋ, ਉਹ ਨਵੀਂ ਦੁਨੀਆਂ ਵਿਚ ਮਿਲਣ ਵਾਲੀ ਆਜ਼ਾਦੀ ਦੀ ਇਕ ਝਲਕ ਹੈ।

“ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ”

17. “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ” ਹੋਣ ਨਾਲ ਇਨਸਾਨਾਂ ਨੂੰ ਆਜ਼ਾਦੀ ਕਿਵੇਂ ਮਿਲੇਗੀ?

17 ਯਹੋਵਾਹ ਨੇ ਧਰਤੀ ’ਤੇ ਆਪਣੇ ਸੇਵਕਾਂ ਨੂੰ ਜੋ ਆਜ਼ਾਦੀ ਦੇਣੀ ਹੈ ਉਸ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਸ੍ਰਿਸ਼ਟੀ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ।” ਉਸ ਨੇ ਅੱਗੇ ਲਿਖਿਆ: “ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।” (ਰੋਮੀ. 8:19-21) ਇੱਥੇ “ਸ੍ਰਿਸ਼ਟੀ” ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੀ ਆਸ ਧਰਤੀ ’ਤੇ ਰਹਿਣ ਦੀ ਹੈ ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਚੁਣੇ ਹੋਏ ਪੁੱਤਰਾਂ ਦੀ “ਮਹਿਮਾ ਪ੍ਰਗਟ” ਕੀਤੇ ਜਾਣ ਵੇਲੇ ਫ਼ਾਇਦਾ ਹੋਵੇਗਾ। ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਉਦੋਂ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਨਾਲ ਮਿਲ ਕੇ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰਨਗੇ ਅਤੇ “ਵੱਡੀ ਭੀੜ” ਨੂੰ ਨਵੀਂ ਦੁਨੀਆਂ ਵਿਚ ਲੈ ਜਾਣਗੇ।—ਪ੍ਰਕਾ. 7:9, 14.

18. ਆਗਿਆਕਾਰ ਮਨੁੱਖਜਾਤੀ ਨੂੰ ਹੋਰ ਆਜ਼ਾਦੀ ਕਿਵੇਂ ਮਿਲੇਗੀ ਤੇ ਅਖ਼ੀਰ ਵਿਚ ਉਨ੍ਹਾਂ ਨੂੰ ਕਿਹੜੀ ਆਜ਼ਾਦੀ ਮਿਲੇਗੀ?

18 ਉਸ ਸਮੇਂ ਇਨਸਾਨਾਂ ਨੂੰ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਵੀ ਆਜ਼ਾਦੀ ਮਿਲੇਗੀ। (ਪ੍ਰਕਾ. 20:1-3) ਉਸ ਵੇਲੇ ਸਾਨੂੰ ਕਿੰਨੀ ਰਾਹਤ ਮਿਲੇਗੀ! ਇਸ ਤੋਂ ਬਾਅਦ 1,44,000 ਰਾਜੇ ਤੇ ਪੁਜਾਰੀ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਇਨਸਾਨਾਂ ਨੂੰ ਬਰਕਤਾਂ ਦੇਣੀਆਂ ਸ਼ੁਰੂ ਕਰਨਗੇ। ਨਾਲੇ ਉਹ ਮਨੁੱਖਜਾਤੀ ਨੂੰ ਪਾਪ ਤੋਂ ਪੂਰੀ ਤਰ੍ਹਾਂ ਆਜ਼ਾਦ ਕਰ ਦੇਣਗੇ। (ਪ੍ਰਕਾ. 5:9, 10) ਆਖ਼ਰੀ ਪਰੀਖਿਆ ਅਧੀਨ ਵਫ਼ਾਦਾਰ ਰਹਿਣ ਕਰਕੇ ਇਨਸਾਨਾਂ ਨੂੰ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਮਿਲੇਗੀ ਜੋ ਯਹੋਵਾਹ ਸ਼ੁਰੂ ਤੋਂ ਉਨ੍ਹਾਂ ਨੂੰ ਦੇਣੀ ਚਾਹੁੰਦਾ ਸੀ। ਜ਼ਰਾ ਸੋਚੋ! ਉਦੋਂ ਤੁਹਾਡੇ ਲਈ ਪਰਮੇਸ਼ੁਰ ਦਾ ਕਹਿਣਾ ਮੰਨਣਾ ਮੁਸ਼ਕਲ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਤਨ-ਮਨ ਪਾਪ ਤੋਂ ਮੁਕਤ ਹੋ ਜਾਵੇਗਾ ਤੇ ਤੁਸੀਂ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਗੁਣਾਂ ਦੀ ਰੀਸ ਕਰ ਸਕੋਗੇ।

19. ਅੱਜ ਸਾਨੂੰ ਸੱਚੀ ਆਜ਼ਾਦੀ ਦੇ ਰਾਹ ’ਤੇ ਚੱਲਦੇ ਰਹਿਣ ਲਈ ਕੀ ਕਰਨਾ ਚਾਹੀਦਾ ਹੈ?

19 ਕੀ ਤੁਸੀਂ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਲਈ ਤਰਸਦੇ ਹੋ? ਜੇ ਹਾਂ, ਤਾਂ “ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ” ਨੂੰ ਆਪਣੇ ਮਨ ਅਤੇ ਦਿਲ ’ਤੇ ਅਸਰ ਪਾਉਣ ਦਿਓ। ਬਾਈਬਲ ਦੀ ਦਿਲੋਂ ਸਟੱਡੀ ਕਰੋ। ਸੱਚਾਈ ਦੇ ਰਾਹ ’ਤੇ ਚੱਲੋ। ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਮਸੀਹੀ ਮੰਡਲੀ ਵਿਚ ਯਹੋਵਾਹ ਵੱਲੋਂ ਦਿੱਤੇ ਜਾਂਦੇ ਗਿਆਨ ਤੋਂ ਪੂਰਾ ਫ਼ਾਇਦਾ ਲਓ। ਹੱਵਾਹ ਵਾਂਗ ਸ਼ੈਤਾਨ ਦੇ ਪੰਜੇ ਵਿਚ ਫਸ ਕੇ ਇਹ ਨਾ ਸੋਚੋ ਕਿ ਪਰਮੇਸ਼ੁਰ ਦੇ ਕਾਨੂੰਨ ਸਾਡੇ ਲਈ ਬੋਝ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ੈਤਾਨ ਬੜਾ ਚਲਾਕ ਹੈ। ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਅਸੀਂ ਸ਼ੈਤਾਨ ਦੇ ਫੰਦਿਆਂ ਤੋਂ ਬਚ ਸਕਦੇ ਹਾਂ ਕਿਉਂਕਿ “ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।”—2 ਕੁਰਿੰ. 2:11.

[ਸਵਾਲ]

[ਸਫ਼ਾ 9 ਉੱਤੇ ਤਸਵੀਰਾਂ]

ਕੀ ਮੈਂ ਅਜੇ ਵੀ ਇਸ ਦੁਨੀਆਂ ਦੀ ਆਜ਼ਾਦੀ ਚਾਹੁੰਦਾ ਹਾਂ?

[ਸਫ਼ਾ 9 ਉੱਤੇ ਤਸਵੀਰਾਂ]

ਕੀ ਮੈਂ ਸੱਚਾਈ ਦੇ ਰਾਹ ’ਤੇ ਚੱਲਦਾ ਹਾਂ?