ਬੁੱਧਵਾਨ ਬਣੋ—ਚੰਗੀ ਸਲਾਹ ਭਾਲੋ
ਬੁੱਧਵਾਨ ਬਣੋ—ਚੰਗੀ ਸਲਾਹ ਭਾਲੋ
ਜ਼ਿੰਦਗੀ ਦੀ ਤੁਲਨਾ ਸਮੁੰਦਰੀ ਸਫ਼ਰ ਨਾਲ ਕੀਤੀ ਜਾ ਸਕਦੀ ਹੈ। ਪਰ ਜ਼ਿੰਦਗੀ ਦੇ ਸਫ਼ਰ ਵਿਚ ਇਨਸਾਨੀ ਬੁੱਧ ਬਹੁਤੀ ਮਦਦਗਾਰ ਸਾਬਤ ਨਹੀਂ ਹੋਈ ਹੈ ਤੇ ਜ਼ਿੰਦਗੀ ਵਿਚ ਆਏ ਤੂਫ਼ਾਨਾਂ ਕਰਕੇ ਕਈਆਂ ਦੀ ਬੇੜੀ ਡੁੱਬ ਗਈ ਹੈ। (ਜ਼ਬੂ. 107:23, 27) ਇਹ ਮਿਸਾਲ ਇੰਨੀ ਢੁਕਵੀਂ ਕਿਉਂ ਹੈ?
ਪੁਰਾਣੇ ਜ਼ਮਾਨੇ ਵਿਚ ਸਮੁੰਦਰੀ ਸਫ਼ਰ ਕਰਨਾ ਬਹੁਤ ਔਖਾ ਹੁੰਦਾ ਸੀ ਤੇ ਸਿਰਫ਼ ਤਜਰਬੇਕਾਰ ਜਹਾਜ਼ ਚਲਾਉਣ ਵਾਲੇ ਇਸ ਨੂੰ ਤੈਅ ਕਰ ਸਕਦੇ ਸਨ। ਇਸ ਲਈ ਜਹਾਜ਼ ਚਲਾਉਣ ਦਾ ਕੰਮ ਅਜਿਹੇ ਤਜਰਬੇਕਾਰ ਲੋਕਾਂ ਤੋਂ ਹੀ ਸਿੱਖਿਆ ਜਾ ਸਕਦਾ ਸੀ। (ਰਸੂ. 27:9-11) ਜਹਾਜ਼ ਦੇ ਕਪਤਾਨ ਨੂੰ ਇੰਨਾ ਅਹਿਮ ਸਮਝਿਆ ਜਾਂਦਾ ਸੀ ਕਿ ਕਈ ਪੁਰਾਣੀਆਂ ਤਸਵੀਰਾਂ ਵਿਚ ਉਸ ਦੀ ਤਸਵੀਰ ਦੂਜਿਆਂ ਨਾਲੋਂ ਵੱਡੀ ਬਣਾਈ ਜਾਂਦੀ ਸੀ। ਖ਼ਤਰਨਾਕ ਸਮੁੰਦਰੀ ਸਫ਼ਰ ਕਰਨ ਲਈ ਜਹਾਜ਼ ਦੇ ਕਪਤਾਨ ਤੇ ਦੂਸਰਿਆਂ ਨੂੰ ਤਾਰਿਆਂ ਦੀ ਮਦਦ ਨਾਲ ਰਾਹ ਲੱਭਣਾ ਅਤੇ ਹਵਾ ਤੇ ਹੋਰ ਚੀਜ਼ਾਂ ਬਾਰੇ ਸਿੱਖਣਾ ਪੈਂਦਾ ਸੀ। ਬਾਈਬਲ ਵਿਚ ਕੁਝ ਜਹਾਜ਼ ਚਲਾਉਣ ਵਾਲਿਆਂ ਨੂੰ “ਸਿਆਣੇ” ਕਿਹਾ ਗਿਆ ਹੈ।—ਹਿਜ਼. 27:8.
ਅੱਜ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੁਰਾਣੇ ਸਮੇਂ ਵਿਚ ਸਮੁੰਦਰੀ ਸਫ਼ਰ ਕਰਨ ਵਾਂਗ ਔਖਾ ਹੈ। ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਅਸੀਂ “ਸਹੀ ਨਿਰਦੇਸ਼ਨ” ਕਿਵੇਂ ਹਾਸਲ ਕਰ ਸਕਦੇ ਹਾਂ?
ਜ਼ਿੰਦਗੀ ਦੇ ਸਫ਼ਰ ਬਾਰੇ ਇਹ ਮਿਸਾਲ ਮਨ ਵਿਚ ਰੱਖਦੇ ਹੋਏ ਧਿਆਨ ਦਿਓ ਕਿ ਬਾਈਬਲ ਕੀ ਕਹਿੰਦੀ ਹੈ: ‘ਸਿਆਣੇ ਆਦਮੀ ਸੁਣਕੇ ਆਪਣਾ ਗਿਆਨ ਵਧਾਉਂਦੇ ਹਨ ਅਤੇ ਸਿੱਖੇ ਹੋਏ ਆਦਮੀ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਦੇ ਹਨ।’ (ਕਹਾ. 1:5, 6, ERV) ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਸਹੀ ਨਿਰਦੇਸ਼ਨ” ਕੀਤਾ ਗਿਆ ਹੈ, ਉਹ ਪੁਰਾਣੇ ਜ਼ਮਾਨੇ ਵਿਚ ਜਹਾਜ਼ ਦੇ ਕਪਤਾਨ ਦੇ ਕੰਮਾਂ ਨੂੰ ਦਰਸਾਉਂਦਾ ਹੈ। ਕਪਤਾਨ ਆਪਣੀ ਕਾਬਲੀਅਤ ਤੇ ਸਮਝ ਨਾਲ ਜਹਾਜ਼ ਨੂੰ ਸਹੀ ਰਸਤੇ ਪਾਉਂਦਾ ਸੀ।
ਭਾਵੇਂ ਸਾਨੂੰ ਸਖ਼ਤ ਮਿਹਨਤ ਕਰਨੀ ਪਵੇ, ਫਿਰ ਵੀ ਅਸੀਂ “ਸਹੀ ਨਿਰਦੇਸ਼ਨ” ਲੈ ਕੇ ਜ਼ਿੰਦਗੀ ਦਾ ਸਫ਼ਰ ਕਾਮਯਾਬੀ ਨਾਲ ਤੈਅ ਕਰ ਸਕਦੇ ਹਾਂ। ਕਹਾਉਤਾਂ ਦੀ ਕਿਤਾਬ ਦਿਖਾਉਂਦੀ ਹੈ ਕਿ ਸਾਨੂੰ “ਬੁੱਧ” “ਸਮਝ” ਅਤੇ “ਸਿੱਖਿਆ” ਤੋਂ ਕੰਮ ਲੈਣਾ ਚਾਹੀਦਾ ਹੈ। (ਕਹਾ. 1:2-6; 2:1-9) ਸਾਨੂੰ ਪਰਮੇਸ਼ੁਰ ਦੀ ਸਲਾਹ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿਉਂਕਿ “ਦੁਸ਼ਟਾਂ ਦੇ ਮਤੇ ਛਲ ਹੁੰਦੇ ਹਨ” ਜੋ ਸਾਨੂੰ ਗ਼ਲਤ ਰਾਹ ਪਾ ਸਕਦੇ ਹਨ।—ਕਹਾ. 12:5.
ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ਮਨ ਲਾ ਕੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੀਏ। ਬਾਈਬਲ ਦੀ ਚੰਗੀ ਤਰ੍ਹਾਂ ਸਟੱਡੀ ਕਰ ਕੇ ਅਸੀਂ ਯਹੋਵਾਹ ਬਾਰੇ ਸਹੀ ਗਿਆਨ ਲੈਂਦੇ ਹਾਂ। ਨਾਲੇ ਅਸੀਂ ਯਿਸੂ ਮਸੀਹ ਬਾਰੇ ਸਿੱਖਦੇ ਹਾਂ ਜਿਸ ਨੇ ਪਰਮੇਸ਼ੁਰ ਦੇ ਗੁਣਾਂ ਨੂੰ ਵਧੀਆ ਤਰੀਕੇ ਨਾਲ ਜ਼ਾਹਰ ਕੀਤਾ। (ਯੂਹੰ. 14:9) ਸਾਨੂੰ ਮੀਟਿੰਗਾਂ ਵਿਚ ਵੀ ਚੰਗੀ ਸਲਾਹ ਮਿਲਦੀ ਹੈ। ਇਸ ਤੋਂ ਇਲਾਵਾ, ਅਸੀਂ ਦੂਸਰਿਆਂ ਦੇ ਤਜਰਬੇ ਤੋਂ ਵੀ ਸਿੱਖ ਸਕਦੇ ਹਾਂ ਜਿਵੇਂ ਕਿ ਆਪਣੇ ਮਾਪਿਆਂ ਤੋਂ।—ਕਹਾ. 23:22.
ਪਹਿਲਾਂ ਹੀ ਸੋਚ ਕੇ ਯੋਜਨਾ ਬਣਾਓ
“ਸਹੀ ਨਿਰਦੇਸ਼ਨ” ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਦੇ ਹਾਂ। ਔਖੀ ਹਾਲਤ ਵਿਚ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕਿੱਧਰ ਨੂੰ ਜਾਈਏ ਤੇ ਇਸ ਦੇ ਮਾੜੇ ਨਤੀਜੇ ਨਿਕਲ ਸਕਦੇ ਹਨ।—ਯਾਕੂ. 1:5, 6.
ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਯੁੱਧ ਦੇ ਸੰਬੰਧ ਵਿਚ ਵੀ “ਸਹੀ ਨਿਰਦੇਸ਼ਨ” ਦੀ ਗੱਲ ਕੀਤੀ ਗਈ ਹੈ। ਮਿਸਾਲ ਲਈ, ਅਸੀਂ ਪੜ੍ਹਦੇ ਹਾਂ: ‘ਤੂੰ ਚੰਗੀ ਮੱਤ ਲੈ ਕੇ ਆਪਣਾ ਜੁੱਧ ਕਰ, ਬਹੁਤੇ ਸਲਾਹੂਆਂ ਨਾਲ ਹੀ ਬਚਾਉ ਹੈ।’—ਜਿਸ ਤਰ੍ਹਾਂ ਇਕ ਕਮਾਂਡਰ ਪਹਿਲਾਂ ਹੀ ਯੁੱਧ ਦੀ ਤਿਆਰੀ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਉਨ੍ਹਾਂ ਖ਼ਤਰਿਆਂ ਬਾਰੇ ਸੋਚ ਕੇ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (ਕਹਾ. 22:3) ਮਿਸਾਲ ਲਈ, ਤੁਸੀਂ ਸ਼ਾਇਦ ਫ਼ੈਸਲਾ ਕਰਨਾ ਹੈ ਕਿ ਤੁਸੀਂ ਕੋਈ ਨਵੀਂ ਨੌਕਰੀ ਕਰੋਗੇ ਜਾਂ ਕੰਮ ’ਤੇ ਮਿਲੀ ਤਰੱਕੀ ਨੂੰ ਸਵੀਕਾਰ ਕਰੋਗੇ ਜਾਂ ਨਹੀਂ। ਇਸ ਲਈ ਤੁਸੀਂ ਸ਼ਾਇਦ ਤਨਖ਼ਾਹ, ਕੰਮ ’ਤੇ ਆਉਣ-ਜਾਣ ਦੇ ਸਮੇਂ ਅਤੇ ਹੋਰ ਗੱਲਾਂ ਬਾਰੇ ਸੋਚ-ਵਿਚਾਰ ਕਰੋ। ਪਰ ਤੁਹਾਨੂੰ ਇਨ੍ਹਾਂ ਸਵਾਲਾਂ ’ਤੇ ਵੀ ਗੌਰ ਕਰਨਾ ਚਾਹੀਦਾ ਹੈ: ਕੀ ਇਹ ਕੰਮ ਬਾਈਬਲ ਦੇ ਅਸੂਲਾਂ ਮੁਤਾਬਕ ਹੈ? ਕੀ ਤੁਹਾਨੂੰ ਕੰਮ ’ਤੇ ਜ਼ਿਆਦਾ ਘੰਟੇ ਲਾਉਣੇ ਪੈਣਗੇ ਜਿਸ ਕਰਕੇ ਯਹੋਵਾਹ ਦੀ ਸੇਵਾ ਲਈ ਤੁਹਾਡੇ ਕੋਲ ਘੱਟ ਸਮਾਂ ਬਚੇਗਾ?—ਲੂਕਾ 14:28-30.
ਲੋਰੈਟਾ ਯਹੋਵਾਹ ਦੀ ਇਕ ਗਵਾਹ ਹੈ ਜੋ ਇਕ ਵਧੀਆ ਕੰਪਨੀ ਵਿਚ ਕੰਮ ਕਰਦੀ ਸੀ। ਜਦ ਇਹ ਕੰਪਨੀ ਕਿਸੇ ਹੋਰ ਜਗ੍ਹਾ ਖੋਲ੍ਹੀ ਜਾਣੀ ਸੀ, ਤਾਂ ਕੰਪਨੀ ਦੇ ਡਾਇਰੈਕਟਰਾਂ ਨੇ ਇਸ ਨਵੀਂ ਜਗ੍ਹਾ ਵਿਚ ਲੋਰੈਟਾ ਨੂੰ ਤਰੱਕੀ ਦਿੱਤੀ। ਉਨ੍ਹਾਂ ਨੇ ਕਿਹਾ: “ਜ਼ਿੰਦਗੀ ਵਿਚ ਇੱਦਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ। ਅਸੀਂ ਇਹ ਵੀ ਪਤਾ ਕਰ ਲਿਆ ਹੈ ਕਿ ਉੱਥੇ ਕਿੰਗਡਮ ਹਾਲ ਹੈ।” ਪਰ ਲੋਰੈਟਾ ਆਪਣੀ ਜ਼ਿੰਦਗੀ ਸਾਦੀ ਕਰ ਕੇ ਯਹੋਵਾਹ ਦੀ ਸੇਵਾ ਹੋਰ ਕਰਨਾ ਚਾਹੁੰਦੀ ਸੀ। ਉਸ ਨੂੰ ਪਤਾ ਸੀ ਕਿ ਤਰੱਕੀ ਲੈਣ ਨਾਲ ਪਰਮੇਸ਼ੁਰ ਦੀ ਸੇਵਾ ਲਈ ਉਸ ਕੋਲ ਘੱਟ ਸਮਾਂ ਬਚੇਗਾ। ਇਸ ਲਈ ਉਸ ਨੇ ਨੌਕਰੀ ਛੱਡ ਦਿੱਤੀ ਭਾਵੇਂ ਕਿ ਇਕ ਡਾਇਰੈਕਟਰ ਨੇ ਦੱਸਿਆ ਕਿ ਉਹ ਸਾਰੇ ਕਾਮਿਆਂ ਵਿੱਚੋਂ ਸਿਰਫ਼ ਉਸ ਨੂੰ ਹੀ ਨੌਕਰੀ ’ਤੇ ਰੱਖਣਾ ਚਾਹੁੰਦਾ ਸੀ। ਲੋਰੈਟਾ ਪਿੱਛਲੇ 20 ਸਾਲਾਂ ਤੋਂ ਰੈਗੂਲਰ ਪਾਇਨੀਅਰਿੰਗ ਕਰ ਰਹੀ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਉਹ ਸਿਰਫ਼ ਇਸ ਲਈ ਪਾਇਨੀਅਰਿੰਗ ਕਰ ਸਕੀ ਕਿਉਂਕਿ ਉਸ ਨੇ ਬਾਈਬਲ ਦੀ ਸਲਾਹ ਤੋਂ “ਸਹੀ ਨਿਰਦੇਸ਼ਨ” ਲਿਆ ਤੇ ਸੋਚ-ਸਮਝ ਕੇ ਯੋਜਨਾ ਬਣਾਈ। ਇਸ ਕਰਕੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਹੋਰ ਵੀ ਪੱਕਾ ਹੋਇਆ ਹੈ ਤੇ ਉਹ ਸੱਚਾਈ ਸਿੱਖਣ ਵਿਚ ਕਈ ਲੋਕਾਂ ਦੀ ਮਦਦ ਕਰ ਸਕੀ ਹੈ।
ਪਰਿਵਾਰ ਵਿਚ ਵੀ “ਸਹੀ ਨਿਰਦੇਸ਼ਨ” ਦੀ ਲੋੜ ਪੈਂਦੀ ਹੈ। ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕਈ ਸਾਲ ਲੱਗਦੇ ਹਨ। ਨਾਲੇ ਮਾਪੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਜੋ ਫ਼ੈਸਲੇ ਕਰਦੇ ਹਨ, ਉਨ੍ਹਾਂ ਦਾ ਪੂਰੇ ਪਰਿਵਾਰ ’ਤੇ ਅਸਰ ਪੈਂਦਾ ਹੈ। (ਕਹਾ. 22:6) ਮਿਸਾਲ ਲਈ, ਮਾਪੇ ਆਪਣੇ ਆਪ ਤੋਂ ਪੁੱਛ ਸਕਦੇ ਹਨ: ‘ਕੀ ਅਸੀਂ ਆਪਣੀ ਗੱਲਬਾਤ ਅਤੇ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿ ਉਹ ਯਹੋਵਾਹ ਦੇ ਨਜ਼ਦੀਕ ਰਹਿਣ ਤਾਂਕਿ ਵੱਡੇ ਹੋ ਕੇ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਣ? ਕੀ ਸਾਡੀ ਜ਼ਿੰਦਗੀ ਤੋਂ ਉਹ ਦੇਖ ਸਕਦੇ ਹਨ ਕਿ ਜ਼ਿੰਦਗੀ ਸਾਦੀ ਰੱਖਣੀ ਅਤੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਕਿੰਨੀ ਜ਼ਰੂਰੀ ਹੈ?’—1 ਤਿਮੋ. 6:6-10, 18, 19.
ਦੁਨੀਆਂ ਦੇ ਲੋਕ ਕਾਮਯਾਬੀ ਲਈ ਨਾਂ ਤੇ ਧਨ-ਦੌਲਤ ਕਮਾਉਣ ਦੇ ਪਿੱਛੇ ਭੱਜਦੇ ਹਨ, ਪਰ ਇਨ੍ਹਾਂ ਨਾਲ ਸੱਚੀ ਖ਼ੁਸ਼ੀ ਨਹੀਂ ਮਿਲਦੀ। ਰਾਜਾ ਸੁਲੇਮਾਨ ਵੀ ਇਹ ਗੱਲ ਜਾਣਦਾ ਸੀ। ਪਰਮੇਸ਼ੁਰ ਨੇ ਉਸ ਤੋਂ ਲਿਖਵਾਇਆ: “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਰ ਉਹ ਦਾ ਭੈ ਮੰਨਦੇ ਹਨ।” (ਉਪ. 8:12) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਈਬਲ ਤੋਂ “ਸਹੀ ਨਿਰਦੇਸ਼ਨ” ਲੈਣਾ ਕਿੰਨਾ ਜ਼ਰੂਰੀ ਹੈ।—2 ਤਿਮੋ. 3:16, 17.
[ਸਫ਼ਾ 30 ਉੱਤੇ ਤਸਵੀਰ]
ਜਹਾਜ਼ ਦੇ ਕਪਤਾਨ ਨੂੰ ਇੰਨਾ ਅਹਿਮ ਸਮਝਿਆ ਜਾਂਦਾ ਸੀ ਕਿ ਕਈ ਪੁਰਾਣੀਆਂ ਤਸਵੀਰਾਂ ਵਿਚ ਉਸ ਦੀ ਤਸਵੀਰ ਦੂਜਿਆਂ ਨਾਲੋਂ ਵੱਡੀ ਬਣਾਈ ਜਾਂਦੀ ਸੀ
[ਕ੍ਰੈਡਿਟ ਲਾਈਨ]
Su concessione del Ministero per i Beni e le Attività Culturali. ਇਸ ਤਸਵੀਰ ਦੀ ਕਿਸੇ ਵੀ ਤਰ੍ਹਾਂ ਜਾਂ ਕਿਸੇ ਵੀ ਤਰੀਕੇ ਨਾਲ ਨਕਲ ਬਣਾਉਣ ਜਾਂ ਦੁਬਾਰਾ ਬਣਾਉਣ ਦੀ ਇਜਾਜ਼ਤ ਨਹੀਂ ਹੈ।