ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਹੋ?
ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਹੋ?
ਨਾ ਤਾਂ ਇਸਰਾਏਲੀਆਂ ਨੇ ਅਤੇ ਨਾ ਹੀ ਮਿਸਰੀਆਂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖੀ ਸੀ। ਜਿਉਂ ਹੀ ਇਸਰਾਏਲੀ ਮਿਸਰ ਤੋਂ ਨਿਕਲੇ, ਬੱਦਲ ਦਾ ਇਕ ਥੰਮ੍ਹ ਉਨ੍ਹਾਂ ਦੇ ਨੇੜੇ ਮੰਡਰਾਉਣ ਲੱਗਾ ਅਤੇ ਦਿਨ-ਰਾਤ ਉਨ੍ਹਾਂ ਦੇ ਨਾਲ ਰਿਹਾ। ਰਾਤ ਨੂੰ ਇਹ ਅੱਗ ਦਾ ਥੰਮ੍ਹ ਬਣ ਜਾਂਦਾ ਸੀ ਤੇ ਲੋਕ ਇਸ ਨੂੰ ਦੇਖਦੇ ਹੀ ਰਹਿ ਜਾਂਦੇ ਸਨ! ਪਰ ਇਹ ਥੰਮ੍ਹ ਆਇਆ ਕਿੱਥੋਂ ਸੀ? ਇਸ ਦਾ ਮਕਸਦ ਕੀ ਸੀ? ਅਤੇ ਤਕਰੀਬਨ 3,500 ਸਾਲ ਬਾਅਦ ਅਸੀਂ ਇਸਰਾਏਲੀਆਂ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ ਜੋ ਉਨ੍ਹਾਂ ਨੇ “ਅੱਗ ਅਰ ਬੱਦਲ ਦੇ ਥੰਮ੍ਹ” ਬਾਰੇ ਦਿਖਾਇਆ ਸੀ?—ਕੂਚ 14:24.
ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਇਹ ਥੰਮ੍ਹ ਕਿੱਥੋਂ ਆਇਆ ਸੀ ਅਤੇ ਇਸ ਦਾ ਮਕਸਦ ਕੀ ਸੀ: “ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ।” (ਕੂਚ 13:21, 22) ਯਹੋਵਾਹ ਪਰਮੇਸ਼ੁਰ ਨੇ ਅੱਗ ਅਤੇ ਬੱਦਲ ਦੇ ਥੰਮ੍ਹ ਨਾਲ ਮਿਸਰ ਤੋਂ ਬਾਹਰ ਅਤੇ ਉਜਾੜ ਵਿਚ ਆਪਣੇ ਲੋਕਾਂ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਇਸ ਦੇ ਪਿੱਛੇ-ਪਿੱਛੇ ਜਾਣ ਲਈ ਤਿਆਰ ਰਹਿਣ ਦੀ ਲੋੜ ਸੀ। ਪਿੱਛਾ ਕਰ ਰਹੀਆਂ ਮਿਸਰੀ ਫ਼ੌਜਾਂ ਜਦੋਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਹੀ ਵਾਲੀਆਂ ਸਨ, ਤਾਂ ਥੰਮ੍ਹ ਦੋਹਾਂ ਸਮੂਹਾਂ ਦੇ ਵਿਚਕਾਰ ਆ ਗਿਆ ਤਾਂਕਿ ਇਸਰਾਏਲੀਆਂ ਦੀ ਰਾਖੀ ਹੋਵੇ। (ਕੂਚ 14:19, 20) ਭਾਵੇਂ ਕਿ ਥੰਮ੍ਹ ਉਨ੍ਹਾਂ ਨੂੰ ਸਿੱਧੇ-ਸਿੱਧੇ ਰਾਹ ਨਹੀਂ ਲੈ ਕੇ ਗਿਆ, ਫਿਰ ਵੀ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਲਈ ਇਸਰਾਏਲੀਆਂ ਵਾਸਤੇ ਇਸ ਦੇ ਪਿੱਛੇ-ਪਿੱਛੇ ਜਾਣਾ ਇੱਕੋ-ਇਕ ਰਾਹ ਸੀ।
ਥੰਮ੍ਹ ਦੀ ਮੌਜੂਦਗੀ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ। ਇਸ ਨੇ ਯਹੋਵਾਹ ਦੀ ਪ੍ਰਤੀਨਿਧਤਾ ਕੀਤੀ ਅਤੇ ਕਦੇ-ਕਦੇ ਯਹੋਵਾਹ ਇਸ ਵਿੱਚੋਂ ਦੀ ਗੱਲ ਕਰਦਾ ਸੀ। (ਗਿਣ. 14:14; ਜ਼ਬੂ. 99:7) ਇਸ ਤੋਂ ਇਲਾਵਾ, ਬੱਦਲ ਇਸ ਗੱਲ ਦਾ ਸਬੂਤ ਵੀ ਸੀ ਕਿ ਮੂਸਾ ਨੂੰ ਯਹੋਵਾਹ ਨੇ ਆਪਣੀ ਕੌਮ ਦੀ ਅਗਵਾਈ ਕਰਨ ਲਈ ਚੁਣਿਆ ਸੀ। (ਕੂਚ 33:9) ਇਸੇ ਤਰ੍ਹਾਂ ਆਖ਼ਰੀ ਵਾਰ ਜ਼ਿਕਰ ਕੀਤੀ ਗਈ ਬੱਦਲ ਦੀ ਮੌਜੂਦਗੀ ਨੇ ਸਪੱਸ਼ਟ ਕੀਤਾ ਕਿ ਮੂਸਾ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਨਿਯੁਕਤ ਕੀਤਾ ਸੀ। (ਬਿਵ. 31:14, 15) ਵਾਕਈ, ਉਨ੍ਹਾਂ ਦਾ ਸਫ਼ਰ ਤਾਂ ਹੀ ਸਫ਼ਲ ਹੋਣਾ ਸੀ ਜੇ ਇਸਰਾਏਲੀ ਪਰਮੇਸ਼ੁਰ ਦੀ ਅਗਵਾਈ ਦਾ ਸਬੂਤ ਦੇਖਦੇ ਅਤੇ ਫਿਰ ਇਸ ਅਨੁਸਾਰ ਚੱਲਦੇ।
ਉਨ੍ਹਾਂ ਨੇ ਸਬੂਤ ਨੂੰ ਨਜ਼ਰਅੰਦਾਜ਼ ਕੀਤਾ
ਜਦੋਂ ਇਸਰਾਏਲੀਆਂ ਨੇ ਪਹਿਲੀ ਵਾਰ ਥੰਮ੍ਹ ਦੇਖਿਆ ਸੀ, ਤਾਂ ਉਹ ਜ਼ਰੂਰ ਹੱਕੇ-ਬੱਕੇ ਰਹਿ ਗਏ ਹੋਣੇ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਚਮਤਕਾਰ ਨੂੰ ਹਮੇਸ਼ਾ ਦੇਖਦੇ ਰਹਿਣ ਨਾਲ ਉਨ੍ਹਾਂ ਦੀ ਕਦਰ ਘੱਟ ਗਈ ਜਿਸ ਕਰਕੇ ਉਨ੍ਹਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ। ਉਹ ਕਈ ਵਾਰ ਯਹੋਵਾਹ ਦੀ ਸੇਧ ਦੇ ਖ਼ਿਲਾਫ਼ ਬੋਲੇ। ਜਦੋਂ ਮਿਸਰ ਦੀ ਫ਼ੌਜ ਉਨ੍ਹਾਂ ਦਾ ਪਿੱਛਾ ਕਰਦੀ ਸੀ, ਉਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਨਹੀਂ ਰੱਖਿਆ ਕਿ ਉਹ ਉਨ੍ਹਾਂ ਨੂੰ ਬਚਾਉਣ ਦੀ ਤਾਕਤ ਰੱਖਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਲੈ ਆਇਆ ਸੀ। (ਕੂਚ 14:10-12) ਲਾਲ ਸਮੁੰਦਰ ਵਿੱਚੋਂ ਬਚ ਕੇ ਲੰਘਣ ਤੋਂ ਬਾਅਦ ਉਹ ਮੂਸਾ, ਹਾਰੂਨ ਅਤੇ ਯਹੋਵਾਹ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ ਕਿਉਂਕਿ ਉਨ੍ਹਾਂ ਦੇ ਭਾਣੇ ਭੋਜਨ ਅਤੇ ਪਾਣੀ ਦੀ ਘਾਟ ਹੋ ਗਈ ਸੀ। (ਕੂਚ 15:22-24; 16:1-3; 17:1-3, 7) ਉਸ ਤੋਂ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਨੇ ਹਾਰੂਨ ਉੱਤੇ ਸੋਨੇ ਦਾ ਵੱਛਾ ਬਣਾਉਣ ਦਾ ਦਬਾਅ ਪਾਇਆ। ਜ਼ਰਾ ਸੋਚੋ! ਡੇਹਰੇ ਦੇ ਇਕ ਹਿੱਸੇ ਵਿਚ ਇਸਰਾਏਲੀਆਂ ਨੇ ਅੱਗ ਅਤੇ ਬੱਦਲ ਦਾ ਥੰਮ੍ਹ ਦੇਖਿਆ ਜੋ ਇਸ ਗੱਲ ਦਾ ਵੱਡਾ ਸਬੂਤ ਸੀ ਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ। ਪਰ ਇਸ ਤੋਂ ਥੋੜ੍ਹੀ ਹੀ ਦੂਰ ਉਨ੍ਹਾਂ ਨੇ ਬੇਜਾਨ ਮੂਰਤ ਦੀ ਇਹ ਕਹਿੰਦੇ ਹੋਏ ਭਗਤੀ ਕਰਨੀ ਸ਼ੁਰੂ ਕਰ ਦਿੱਤੀ: “ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ।” ਉਨ੍ਹਾਂ ਨੇ “ਵੱਡੀ ਬੇਅਦਬੀ ਕੀਤੀ”!—ਕੂਚ 32:4; ਨਹ. 9:18, ERV.
ਇਸਰਾਏਲੀਆਂ ਦੇ ਬਗਾਵਤੀ ਕੰਮਾਂ ਤੋਂ ਜ਼ਾਹਰ ਹੋਇਆ ਕਿ ਜ਼ਬੂ. 78:40-42, 52-54; ਨਹ. 9:19.
ਉਹ ਯਹੋਵਾਹ ਦੀ ਸੇਧ ਦਾ ਕਿੰਨਾ ਨਿਰਾਦਰ ਕਰਦੇ ਸਨ। ਉਨ੍ਹਾਂ ਦੀ ਨਿਗਾਹ ਤਾਂ ਬਿਲਕੁਲ ਠੀਕ ਸੀ, ਪਰ ਉਹ ਨਿਹਚਾ ਦੀਆਂ ਅੱਖਾਂ ਨਾਲ ਦੇਖ ਨਹੀਂ ਪਾਏ ਕਿ ਯਹੋਵਾਹ ਉਨ੍ਹਾਂ ਦੀ ਅਗਵਾਈ ਕਿਵੇਂ ਕਰ ਰਿਹਾ ਸੀ। ਉਨ੍ਹਾਂ ਨੇ ਥੰਮ੍ਹ ਤਾਂ ਦੇਖਿਆ ਸੀ, ਪਰ ਉਹ ਇਹ ਭੁੱਲ ਗਏ ਕਿ ਯਹੋਵਾਹ ਇਸ ਦੇ ਜ਼ਰੀਏ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਨੇ ਆਪਣੇ ਕੰਮਾਂ ਨਾਲ “ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” ਫਿਰ ਵੀ ਯਹੋਵਾਹ ਦਇਆ ਕਾਰਨ ਥੰਮ੍ਹ ਰਾਹੀਂ ਇਸਰਾਏਲੀਆਂ ਦੀ ਅਗਵਾਈ ਕਰਦਾ ਰਿਹਾ ਜਦ ਤਕ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚ ਨਾ ਗਏ।—ਅੱਜ ਪਰਮੇਸ਼ੁਰ ਦੀ ਅਗਵਾਈ ਦਾ ਸਬੂਤ ਦੇਖੋ
ਆਧੁਨਿਕ ਸਮਿਆਂ ਵਿਚ ਵੀ ਯਹੋਵਾਹ ਆਪਣੇ ਲੋਕਾਂ ਨੂੰ ਸਪੱਸ਼ਟ ਸੇਧ ਦਿੰਦਾ ਹੈ। ਜਿਸ ਤਰ੍ਹਾਂ ਉਸ ਨੇ ਇਸਰਾਏਲੀਆਂ ਤੋਂ ਇਹ ਉਮੀਦ ਨਹੀਂ ਰੱਖੀ ਕਿ ਉਹ ਆਪਣਾ ਰਾਹ ਆਪ ਲੱਭਣ, ਉਸੇ ਤਰ੍ਹਾਂ ਉਹ ਸਾਡੇ ਤੋਂ ਵੀ ਉਮੀਦ ਨਹੀਂ ਰੱਖਦਾ ਕਿ ਅਸੀਂ ਨਵੀਂ ਦੁਨੀਆਂ ਵਿਚ ਜਾਣ ਦਾ ਰਾਹ ਆਪ ਲੱਭੀਏ। ਉਸ ਨੇ ਯਿਸੂ ਮਸੀਹ ਨੂੰ ਕਲੀਸਿਯਾ ਦਾ ਆਗੂ ਨਿਯੁਕਤ ਕੀਤਾ ਹੈ। (ਮੱਤੀ 23:10; ਅਫ਼. 5:23) ਉਸ ਨੇ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਦੇ ਬਣੇ ਮਾਤਬਰ ਨੌਕਰ ਨੂੰ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ। ਅੱਗੋਂ ਇਹ ਨੌਕਰ ਮਸੀਹੀ ਕਲੀਸਿਯਾ ਵਿਚ ਨਿਗਾਹਬਾਨਾਂ ਨੂੰ ਨਿਯੁਕਤ ਕਰਦਾ ਹੈ।—ਮੱਤੀ 24:45-47; ਤੀਤੁ. 1:5-9.
ਸਾਨੂੰ ਕਿਵੇਂ ਪੱਕਾ ਪਤਾ ਲੱਗ ਸਕਦਾ ਹੈ ਕਿ ਇਹ ਨੌਕਰ ਜਾਂ ਮੁਖ਼ਤਿਆਰ ਵਫ਼ਾਦਾਰ ਹੈ? ਧਿਆਨ ਦਿਓ ਕਿ ਯਿਸੂ ਇਸ ਦੀ ਪਛਾਣ ਕਿਵੇਂ ਕਰਾਉਂਦਾ ਹੈ: “ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਹ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ।”—ਲੂਕਾ 12:42, 43.
ਇਸ ਲਈ ਇਹ ਮੁਖਤਿਆਰ‘ਮਾਤਬਰ’ ਯਾਨੀ ਵਫ਼ਾਦਾਰ ਹੈ ਜੋ ਯਹੋਵਾਹ, ਯਿਸੂ, ਬਾਈਬਲ ਦੀਆਂ ਸੱਚਾਈਆਂ ਜਾਂ ਪਰਮੇਸ਼ੁਰ ਦੇ ਲੋਕਾਂ ਨੂੰ ਤਿਆਗਦਾ ਜਾਂ ਧੋਖਾ ਨਹੀਂ ਦਿੰਦਾ। ‘ਬੁੱਧਵਾਨ’ ਮੁਖਤਿਆਰ ਹੋਣ ਦਾ ਮਤਲਬ ਹੈ ਕਿ ਉਹ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਅਤੇ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਮਹੱਤਵਪੂਰਣ ਕੰਮ ਕਰਨ ਸੰਬੰਧੀ ਸਮਝਦਾਰੀ ਨਾਲ ਸੇਧ ਦੇ ਰਿਹਾ ਹੈ। (ਮੱਤੀ 24:14; 28:19, 20) ਮਾਤਬਰ ਨੌਕਰ “ਵੇਲੇ ਸਿਰ” ਆਗਿਆਕਾਰੀ ਨਾਲ ਪਰਮੇਸ਼ੁਰ ਦਾ ਗਿਆਨ ਵੰਡਦਾ ਹੈ ਜੋ ਫ਼ਾਇਦੇਮੰਦ ਹੈ ਅਤੇ ਸਾਡਾ ਹੌਸਲਾ ਵਧਾਉਂਦਾ ਹੈ। ਇਸ ਮਾਤਬਰ ਨੌਕਰ ਉੱਤੇ ਅਸੀਂ ਯਹੋਵਾਹ ਦੀ ਮਿਹਰ ਦੇਖਦੇ ਹਾਂ ਕਿਉਂਕਿ ਉਸ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਯਹੋਵਾਹ ਮਹੱਤਵਪੂਰਣ ਫ਼ੈਸਲੇ ਕਰਨ ਵਿਚ ਸੇਧ ਦਿੰਦਾ ਹੈ, ਬਾਈਬਲ ਦੀਆਂ ਸੱਚਾਈਆਂ ਦੀ ਬਿਹਤਰ ਸਮਝ ਦਿੰਦਾ ਹੈ, ਆਪਣੇ ਲੋਕਾਂ ਨੂੰ ਸਮੂਹ ਦੇ ਤੌਰ ਤੇ ਉਨ੍ਹਾਂ ਦੇ ਦੁਸ਼ਮਣਾਂ ਹੱਥੋਂ ਨਾਸ਼ ਹੋਣ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦਿੰਦਾ ਹੈ।—ਯਸਾ. 54:17; ਫ਼ਿਲਿ. 4:7.
ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲੋ
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਸੇਧ ਦੀ ਕਦਰ ਕਰਦੇ ਹਾਂ? ਪੌਲੁਸ ਰਸੂਲ ਨੇ ਕਿਹਾ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬ. 13:17) ਸ਼ਾਇਦ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਾ ਹੋਵੇ। ਮਿਸਾਲ ਲਈ: ਫ਼ਰਜ਼ ਕਰੋ ਕਿ ਤੁਸੀਂ ਮੂਸਾ ਦੇ ਜ਼ਮਾਨੇ ਦੇ ਇਕ ਇਸਰਾਏਲੀ ਹੋ। ਕਲਪਨਾ ਕਰੋ ਕਿ ਤੁਸੀਂ ਕੁਝ ਦੇਰ ਤੋਂ ਤੁਰੇ ਜਾ ਰਹੇ ਹੋ ਤੇ ਫਿਰ ਥੰਮ੍ਹ ਰੁਕ ਜਾਂਦਾ ਹੈ। ਤੁਸੀਂ ਉਸ ਜਗ੍ਹਾ ਤੇ ਕਿੰਨਾ ਚਿਰ ਰੁਕੋਗੇ? ਇਕ ਦਿਨ? ਇਕ ਹਫ਼ਤਾ? ਕਈ ਮਹੀਨੇ? ਤੁਸੀਂ ਸੋਚਦੇ ਹੋ, ‘ਕੀ ਸਾਰਾ ਸਾਮਾਨ ਬਾਹਰ ਕੱਢਣ ਦੀ ਲੋੜ ਹੈ?’ ਪਹਿਲਾਂ-ਪਹਿਲਾਂ ਤੁਸੀਂ ਸ਼ਾਇਦ ਸਿਰਫ਼ ਜ਼ਰੂਰੀ ਚੀਜ਼ਾਂ ਬਾਹਰ ਕੱਢੋ। ਫਿਰ ਕੁਝ ਦਿਨਾਂ ਬਾਅਦ ਤੁਸੀਂ ਅੱਕ ਕੇ ਆਪਣੇ ਸਾਮਾਨ ਦੀ ਫਰੋਲਾ-ਫਰਾਲੀ ਕਰਦਿਆਂ ਸਾਰੀਆਂ ਚੀਜ਼ਾਂ ਹੀ ਬਾਹਰ ਕੱਢਣ ਲੱਗ ਪੈਂਦੇ ਹੋ। ਪਰ ਜਿਉਂ ਹੀ ਤੁਸੀਂ ਸਾਰਾ ਕੁਝ ਬਾਹਰ ਕੱਢ ਲੈਂਦੇ ਹੋ, ਤਾਂ ਤੁਸੀਂ ਥੰਮ੍ਹ ਨੂੰ ਉੱਠਦਿਆਂ ਦੇਖਦੇ ਹੋ ਅਤੇ ਫਿਰ ਤੋਂ ਤੁਹਾਨੂੰ ਸਾਰਾ ਸਾਮਾਨ ਬੰਨ੍ਹਣਾ ਪੈਣਾ ਹੈ! ਇਸ ਤਰ੍ਹਾਂ ਕਰਨਾ ਤੁਹਾਡੇ ਲਈ ਇੰਨਾ ਸੌਖਾ ਨਹੀਂ ਹੋਵੇਗਾ। ਪਰ ਇਸਰਾਏਲੀਆਂ ਨੂੰ ਉਸੇ ਵੇਲੇ ‘ਕੂਚ ਕਰਨਾ’ ਪੈਂਦਾ ਸੀ।—ਗਿਣ. 9:17-22.
ਤਾਂ ਫਿਰ ਪਰਮੇਸ਼ੁਰ ਦੀ ਸੇਧ ਮਿਲਣ ਤੇ ਅਸੀਂ ਕੀ ਕਰਦੇ ਹਾਂ? ਕੀ ਅਸੀਂ ਉਸੇ ਸਮੇਂ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਜਾਂ ਕੀ ਅਸੀਂ ਉਸੇ ਤਰ੍ਹਾਂ ਕਰਦੇ ਰਹਿੰਦੇ ਹਾਂ ਜਿਸ ਤਰ੍ਹਾਂ ਸਾਨੂੰ ਕਰਨ ਦੀ ਆਦਤ ਹੈ? ਕੀ ਅਸੀਂ ਅੱਗੇ ਦੱਸੀਆਂ ਗੱਲਾਂ ਸੰਬੰਧੀ ਨਵੀਆਂ ਹਿਦਾਇਤਾਂ ਤੋਂ ਵਾਕਫ਼ ਹਾਂ, ਜਿਵੇਂ ਬਾਈਬਲ ਸਟੱਡੀਆਂ ਕਰਾਉਣੀਆਂ, ਹੋਰ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨਾ, ਬਾਕਾਇਦਾ ਪਰਿਵਾਰਕ ਸਟੱਡੀ ਕਰਨੀ, ਹਸਪਤਾਲ ਸੰਪਰਕ ਕਮੇਟੀ ਦਾ ਸਮਰਥਨ ਕਰਨਾ ਅਤੇ ਸੰਮੇਲਨਾਂ ਵਿਚ ਢੰਗ ਨਾਲ ਪੇਸ਼ ਆਉਣਾ ਆਦਿ? ਅਸੀਂ ਤਾੜਨਾ ਸਵੀਕਾਰ ਕਰਨ ਨਾਲ ਵੀ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਦੇ ਹਾਂ। ਜਦੋਂ ਅਸੀਂ
ਮਹੱਤਵਪੂਰਣ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਆਪਣੀ ਸਮਝ ਉੱਤੇ ਭਰੋਸਾ ਨਹੀਂ ਰੱਖਦੇ, ਸਗੋਂ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਸੇਧ ਭਾਲਦੇ ਹਾਂ। ਜਿਵੇਂ ਬੱਚਾ ਤੂਫ਼ਾਨ ਆਉਣ ਤੇ ਆਪਣੇ ਮਾਪਿਆਂ ਤੋਂ ਸੁਰੱਖਿਆ ਭਾਲਦਾ ਹੈ, ਉਸੇ ਤਰ੍ਹਾਂ ਅਸੀਂ ਇਸ ਦੁਨੀਆਂ ਵਿਚ ਤੂਫ਼ਾਨ ਵਰਗੀਆਂ ਮੁਸ਼ਕਲਾਂ ਆਉਣ ਤੇ ਯਹੋਵਾਹ ਦੇ ਸੰਗਠਨ ਵਿਚ ਸੁਰੱਖਿਆ ਭਾਲਦੇ ਹਾਂ।ਇਹ ਸੱਚ ਹੈ ਕਿ ਧਰਤੀ ਉਤਲੇ ਪਰਮੇਸ਼ੁਰ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਮੁਕੰਮਲ ਨਹੀਂ ਹਨ, ਪਰ ਮੂਸਾ ਵੀ ਮੁਕੰਮਲ ਨਹੀਂ ਸੀ। ਫਿਰ ਵੀ ਥੰਮ੍ਹ ਨੇ ਹਮੇਸ਼ਾ ਇਸ ਗੱਲ ਦਾ ਸਬੂਤ ਦਿੱਤਾ ਕਿ ਮੂਸਾ ਨੂੰ ਪਰਮੇਸ਼ੁਰ ਨੇ ਨਿਯੁਕਤ ਕੀਤਾ ਸੀ ਅਤੇ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਸੀ। ਇਹ ਵੀ ਧਿਆਨ ਦਿਓ ਕਿ ਹਰ ਇਸਰਾਏਲੀ ਨੇ ਤੈਅ ਨਹੀਂ ਕਰਨਾ ਸੀ ਕਿ ਕਦੋਂ ਉਨ੍ਹਾਂ ਨੇ ਤੁਰਨਾ ਸੀ। ਇਸ ਦੀ ਬਜਾਇ ਲੋਕ ਉਸੇ ਤਰ੍ਹਾਂ ਕਰਦੇ ਸਨ “ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ।” (ਗਿਣ. 9:23) ਇਸ ਤਰ੍ਹਾਂ ਪਰਮੇਸ਼ੁਰ ਦੀ ਸੇਧ ਦੇਣ ਦੇ ਵਸੀਲੇ ਵਜੋਂ ਮੂਸਾ ਸੰਕੇਤ ਕਰਦਾ ਸੀ ਕਿ ਕਦੋਂ ਤੁਰਨਾ ਸੀ।
ਅੱਜ ਯਹੋਵਾਹ ਦਾ ਮਾਤਬਰ ਨੌਕਰ ਸਪੱਸ਼ਟ ਸੰਕੇਤ ਦਿੰਦਾ ਹੈ ਜਦੋਂ ਵੀ ਅੱਗੇ ਵਧਣ ਦਾ ਸਮਾਂ ਹੁੰਦਾ ਹੈ। ਇਹ ਨੌਕਰ ਇਸ ਤਰ੍ਹਾਂ ਕਿਵੇਂ ਕਰਦਾ ਹੈ? ਪਹਿਰਾਬੁਰਜ ਅਤੇ ਸਾਡੀ ਰਾਜ ਸੇਵਕਾਈ ਦੇ ਲੇਖਾਂ, ਨਵੇਂ ਪ੍ਰਕਾਸ਼ਨਾਂ, ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਭਾਸ਼ਣਾਂ ਦੇ ਜ਼ਰੀਏ। ਕਲੀਸਿਯਾਵਾਂ ਨੂੰ ਸਫ਼ਰੀ ਨਿਗਾਹਬਾਨਾਂ ਜਾਂ ਚਿੱਠੀਆਂ ਜਾਂ ਕਲੀਸਿਯਾ ਦੇ ਜ਼ਿੰਮੇਵਾਰ ਭਰਾਵਾਂ ਨੂੰ ਸਿਖਲਾਈ ਦੇਣ ਲਈ ਰੱਖੇ ਸੈਸ਼ਨਾਂ ਰਾਹੀਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦੇ ਸਬੂਤ ਨੂੰ ਸਪੱਸ਼ਟ ਦੇਖਦੇ ਹੋ? ਯਹੋਵਾਹ ਉਜਾੜ ਵਰਗੀ ਸ਼ਤਾਨ ਦੀ ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਸਾਨੂੰ ਆਪਣੇ ਸੰਗਠਨ ਜ਼ਰੀਏ ਸੇਧ ਦਿੰਦਾ ਹੈ। ਨਤੀਜੇ ਵਜੋਂ ਅਸੀਂ ਏਕਤਾ, ਪਿਆਰ ਅਤੇ ਸੁਰੱਖਿਆ ਪਾਉਂਦੇ ਹਾਂ।
ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚ ਗਏ, ਤਾਂ ਯਹੋਸ਼ੁਆ ਨੇ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।” (ਯਹੋ. 23:14) ਇਸੇ ਤਰ੍ਹਾਂ ਅੱਜ ਦੇ ਪਰਮੇਸ਼ੁਰ ਦੇ ਲੋਕ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਯਕੀਨਨ ਪਹੁੰਚਣਗੇ। ਪਰ ਅਸੀਂ ਤਾਂ ਹੀ ਉੱਥੇ ਪਹੁੰਚਾਂਗੇ ਜੇ ਅਸੀਂ ਨਿਮਰ ਹੋ ਕੇ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਣ ਲਈ ਤਿਆਰ ਰਹਾਂਗੇ। ਇਸ ਲਈ ਆਓ ਆਪਾਂ ਸਾਰੇ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਰਹੀਏ!
[ਸਫ਼ਾ 5 ਉੱਤੇ ਤਸਵੀਰਾਂ]
ਅੱਜ ਸਾਨੂੰ ਪਰਮੇਸ਼ੁਰ ਦੇ ਸੰਗਠਨ ਰਾਹੀਂ ਸੇਧ ਮਿਲ ਰਹੀ ਹੈ
ਸੰਮੇਲਨਾਂ ਵਿਚ ਰੀਲੀਜ਼ ਹੋਏ ਪ੍ਰਕਾਸ਼ਨ
ਚਲਾਏ ਜਾਂਦੇ ਸਕੂਲ
ਪ੍ਰਚਾਰ ਲਈ ਮੀਟਿੰਗਾਂ ਵਿਚ ਮਿਲਦੀ ਸਿਖਲਾਈ