Skip to content

Skip to table of contents

ਮਰਕੁਸ ‘ਸੇਵਾ ਲਈ ਕੰਮ ਦਾ ਬੰਦਾ’

ਮਰਕੁਸ ‘ਸੇਵਾ ਲਈ ਕੰਮ ਦਾ ਬੰਦਾ’

ਮਰਕੁਸ ‘ਸੇਵਾ ਲਈ ਕੰਮ ਦਾ ਬੰਦਾ’

ਅੰਤਾਕਿਯਾ ਸ਼ਹਿਰ ਦੀ ਕਲੀਸਿਯਾ ਵਿਚ ਕੁਝ ਸਮੱਸਿਆਵਾਂ ਸਨ, ਪਰ ਪੌਲੁਸ ਤੇ ਬਰਨਬਾਸ ਵਿਚ ਹੋ ਰਿਹਾ ਝਗੜਿਆਂ ਦਾ ਕਾਰਨ ਕਲੀਸਿਯਾ ਦੀਆਂ ਸਮੱਸਿਆਵਾਂ ਨਹੀਂ ਸਨ। ਉਹ ਇਕ ਮਿਸ਼ਨਰੀ ਦੌਰੇ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਦੋਵੇਂ ਸਹਿਮਤ ਨਾ ਹੋ ਸਕੇ ਕਿ ਉਹ ਕਿਸ ਨੂੰ ਆਪਣੇ ਨਾਲ ਲੈ ਜਾਣਗੇ। ਇਸੇ ਕਰਕੇ ਉਨ੍ਹਾਂ ਦੋਵਾਂ ਵਿਚ “ਐੱਨਾ ਵਿਗਾੜ ਹੋਇਆ” ਕਿ ਉਨ੍ਹਾਂ ਨੇ ਵੱਖ ਹੋ ਕੇ ਆਪੋ ਆਪਣੇ ਰਾਹ ਫੜ ਲਏ। (ਰਸੂ. 15:39) ਉਹ ਮਰਕੁਸ ਨਾਂ ਦੇ ਤੀਸਰੇ ਮਿਸ਼ਨਰੀ ਕਰਕੇ ਝਗੜ ਰਹੇ ਸਨ।

ਮਰਕੁਸ ਕੌਣ ਸੀ ਅਤੇ ਇਹ ਦੋ ਰਸੂਲ ਉਸ ਕਰਕੇ ਕਿਉਂ ਝਗੜ ਰਹੇ ਸਨ? ਉਨ੍ਹਾਂ ਦੇ ਇੰਨੇ ਵੱਖਰੇ-ਵੱਖਰੇ ਵਿਚਾਰ ਕਿਉਂ ਸਨ? ਕੀ ਉਨ੍ਹਾਂ ਵਿਚ ਇਹ ਬਹਿਸ ਚੱਲਦੀ ਰਹੀ? ਅਤੇ ਤੁਸੀਂ ਮਰਕੁਸ ਦੀ ਕਹਾਣੀ ਤੋਂ ਕੀ ਸਿੱਖ ਸਕਦੇ ਹੋ?

ਯਰੂਸ਼ਲਮ ਵਿਚ ਘਰੇਲੂ ਜ਼ਿੰਦਗੀ

ਜ਼ਾਹਰ ਹੈ ਕਿ ਮਰਕੁਸ ਯਰੂਸ਼ਲਮ ਵਿਚ ਇਕ ਅਮੀਰ ਘਰਾਣੇ ਵਿਚ ਜੰਮਿਆ-ਪਲਿਆ ਸੀ। ਉਸ ਦਾ ਪਹਿਲੀ ਵਾਰੀ ਜ਼ਿਕਰ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਸੰਬੰਧ ਵਿਚ ਆਉਂਦਾ ਹੈ। ਇਹ ਤਕਰੀਬਨ 44 ਈਸਵੀ ਦੀ ਗੱਲ ਹੈ ਜਦੋਂ ਯਹੋਵਾਹ ਦੇ ਦੂਤ ਨੇ ਚਮਤਕਾਰੀ ਢੰਗ ਨਾਲ ਪਤਰਸ ਰਸੂਲ ਨੂੰ ਹੇਰੋਦੇਸ ਅਗ੍ਰਿੱਪਾ ਪਹਿਲੇ ਦੀ ਜੇਲ੍ਹ ਵਿੱਚੋਂ ਛੁਡਾਇਆ ਸੀ। ਪਤਰਸ ਰਿਹਾਅ ਹੋ ਕੇ “ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।”—ਰਸੂ. 12:1-12. *

ਲੱਗਦਾ ਹੈ ਕਿ ਯਰੂਸ਼ਲਮ ਦੀ ਕਲੀਸਿਯਾ ਦੇ ਭੈਣ-ਭਰਾ ਮਰਕੁਸ ਦੀ ਮਾਂ ਦੇ ਘਰ ਆਪਣੀਆਂ ਸਭਾਵਾਂ ਕਰਦੇ ਹੁੰਦੇ ਸਨ। ਉਨ੍ਹਾਂ ਦਾ ਘਰ ਕਾਫ਼ੀ ਵੱਡਾ ਹੋਣਾ ਜਿਸ ਕਰਕੇ ਉੱਥੇ “ਬਹੁਤ ਲੋਕ” ਇਕੱਠੇ ਹੋ ਸਕਦੇ ਸਨ। ਜਦੋਂ ਪਤਰਸ ਨੇ “ਡੇਉੜ੍ਹੀ ਦਾ ਬੂਹਾ” ਖੜਕਾਇਆ, ਤਾਂ ਮਰਿਯਮ ਦੀ ਟਹਿਲਣ, ਜਿਸ ਦਾ ਨਾਂ ਰੋਦੇ ਸੀ, ਨੇ ਬੂਹਾ ਖੋਲ੍ਹਿਆ। ਇਨ੍ਹਾਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਮਰਿਯਮ ਕਾਫ਼ੀ ਅਮੀਰ ਔਰਤ ਸੀ। ਬਾਈਬਲ ਵਿਚ ਇਹ ਨਹੀਂ ਕਿਹਾ ਗਿਆ ਕਿ ਇਹ ਮਰਿਯਮ ਦੇ ਪਤੀ ਦਾ ਘਰ ਸੀ, ਸਗੋਂ ਇਹ ਮਰਿਯਮ ਦਾ ਆਪਣਾ ਘਰ ਸੀ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਸ਼ਾਇਦ ਵਿਧਵਾ ਸੀ ਅਤੇ ਮਰਕੁਸ ਅਜੇ ਜਵਾਨ ਹੀ ਸੀ।—ਰਸੂ. 12:13.

ਹੋ ਸਕਦਾ ਹੈ ਕਿ ਮਰਕੁਸ ਵੀ ਪ੍ਰਾਰਥਨਾ ਕਰਨ ਵਾਲੇ ਭੈਣਾਂ-ਭਰਾਵਾਂ ਵਿਚ ਸ਼ਾਮਲ ਸੀ। ਉਹ ਯਿਸੂ ਦੇ ਚੇਲਿਆਂ ਨੂੰ ਅਤੇ ਹੋਰਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਣਾ ਜੋ ਯਿਸੂ ਦੀ ਸੇਵਕਾਈ ਦੇ ਚਸ਼ਮਦੀਦ ਗਵਾਹ ਸਨ। ਨੰਗੇ ਪਿੰਡੇ ਵਾਲਾ ਜਵਾਨ ਸ਼ਾਇਦ ਮਰਕੁਸ ਸੀ ਜਿਸ ਨੇ ਯਿਸੂ ਦੇ ਗਿਰਫ਼ਤਾਰ ਕੀਤੇ ਜਾਣ ਤੇ ਉਸ ਦੇ ਮਗਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਭੱਜ ਗਿਆ ਜਦੋਂ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ।—ਮਰ. 14:51, 52.

ਕਲੀਸਿਯਾ ਵਿਚ ਜ਼ਿੰਮੇਵਾਰੀਆਂ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਨਿਹਚਾ ਵਿਚ ਤਕੜੇ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਨਾਲ ਮਰਕੁਸ ’ਤੇ ਵਧੀਆ ਅਸਰ ਪਿਆ ਹੋਣਾ। ਉਸ ਨੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਿਆ ਸੀ ਤੇ ਇਹ ਗੱਲ ਜ਼ਰੂਰ ਜ਼ਿੰਮੇਵਾਰ ਭਰਾਵਾਂ ਦੇ ਧਿਆਨ ਵਿਚ ਆਈ ਹੋਣੀ। ਤਕਰੀਬਨ 46 ਈਸਵੀ ਵਿਚ ਜਦੋਂ ਪੌਲੁਸ ਤੇ ਬਰਨਬਾਸ ਕਾਲ ਤੋਂ ਪੀੜਿਤ “ਭਾਈਆਂ ਦੀ ਮੱਦਤ” ਕਰਨ ਲਈ ਯਰੂਸ਼ਲਮ ਤੋਂ ਅੰਤਾਕਿਯਾ ਸਾਮਾਨ ਲੈ ਕੇ ਗਏ ਸਨ, ਤਾਂ ਉਸ ਸਮੇਂ ਮਰਕੁਸ ਉਨ੍ਹਾਂ ਦੀ ਨਜ਼ਰ ਵਿਚ ਆਇਆ। ਜਦੋਂ ਪੌਲੁਸ ਤੇ ਬਰਨਬਾਸ ਅੰਤਾਕਿਯਾ ਵਾਪਸ ਮੁੜੇ, ਤਾਂ ਉਹ ਮਰਕੁਸ ਨੂੰ ਆਪਣੇ ਨਾਲ ਲੈ ਗਏ।—ਰਸੂ. 11:27-30; 12:25.

ਜੇ ਅਸੀਂ ਇਹ ਗੱਲਾਂ ਚੰਗੀ ਤਰ੍ਹਾਂ ਨਾ ਪੜ੍ਹੀਏ, ਤਾਂ ਅਸੀਂ ਸ਼ਾਇਦ ਸੋਚੀਏ ਕਿ ਇਨ੍ਹਾਂ ਤਿੰਨਾਂ ਬੰਦਿਆਂ ਵਿਚ ਇਹੀ ਗੱਲ ਸਾਂਝੀ ਸੀ ਕਿ ਉਹ ਮਸੀਹੀ ਸਨ ਅਤੇ ਪੌਲੁਸ ਤੇ ਬਰਨਬਾਸ ਨੇ ਮਰਕੁਸ ਨੂੰ ਉਸ ਦੀਆਂ ਯੋਗਤਾਵਾਂ ਕਰਕੇ ਹੀ ਆਪਣੇ ਨਾਲ ਰਲਾਇਆ। ਪਰ ਪੌਲੁਸ ਦੀ ਇਕ ਚਿੱਠੀ ਤੋਂ ਪਤਾ ਚੱਲਦਾ ਹੈ ਕਿ ਮਰਕੁਸ ਅਤੇ ਬਰਨਬਾਸ ਰਿਸ਼ਤੇਦਾਰ ਸਨ। (ਕੁਲੁ. 4:10) ਇਹ ਗੱਲ ਜਾਣ ਕੇ ਅਸੀਂ ਮਰਕੁਸ ਸੰਬੰਧੀ ਬਾਅਦ ਵਿਚ ਹੋਈਆਂ ਘਟਨਾਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ।

ਸਾਲ ਕੁ ਲੰਘਣ ਤੋਂ ਬਾਅਦ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਪੌਲੁਸ ਅਤੇ ਬਰਨਬਾਸ ਨੂੰ ਇਕ ਮਿਸ਼ਨਰੀ ਦੌਰੇ ਤੇ ਜਾਣ ਦਾ ਹੁਕਮ ਮਿਲਿਆ। ਉਹ ਅੰਤਾਕਿਯਾ ਤੋਂ ਕੁਪਰੁਸ ਦੇ ਟਾਪੂ ਤੇ ਜਾਣ ਲਈ ਨਿਕਲੇ। ਯੂਹੰਨਾ ਯਾਨੀ ਮਰਕੁਸ ਇਕ “ਸੇਵਕ” ਵਜੋਂ ਉਨ੍ਹਾਂ ਦੇ ਨਾਲ ਗਿਆ। (ਰਸੂ. 13:2-5) ਮਰਕੁਸ ਨੇ ਸ਼ਾਇਦ ਇਸ ਦੌਰੇ ਦੌਰਾਨ ਉਨ੍ਹਾਂ ਦੀ ਟਹਿਲ ਸੇਵਾ ਕਰਨੀ ਸੀ ਤਾਂਕਿ ਰਸੂਲ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾ ਸਕਣ।

ਪੌਲੁਸ, ਬਰਨਬਾਸ ਅਤੇ ਮਰਕੁਸ ਨੇ ਕੁਪਰੁਸ ਵਿਚ ਸਫ਼ਰ ਕਰਦਿਆਂ ਪ੍ਰਚਾਰ ਕੀਤਾ ਤੇ ਫਿਰ ਉਹ ਏਸ਼ੀਆ ਮਾਈਨਰ ਵੱਲ ਨਿਕਲ ਗਏ। ਉੱਥੇ ਯੂਹੰਨਾ ਯਾਨੀ ਮਰਕੁਸ ਨੇ ਅਜਿਹਾ ਫ਼ੈਸਲਾ ਕੀਤਾ ਜਿਸ ਤੋਂ ਪੌਲੁਸ ਨਿਰਾਸ਼ ਹੋਇਆ। ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹ ਸਾਰੇ ਪਰਗਾ ਨਾਂ ਦੇ ਸ਼ਹਿਰ ਪਹੁੰਚੇ, ਤਾਂ “ਯੂਹੰਨਾ ਉਨ੍ਹਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ।” (ਰਸੂ. 13:13) ਬਾਈਬਲ ਇਸ ਦਾ ਕਾਰਨ ਨਹੀਂ ਦੱਸਦੀ।

ਦੋ ਕੁ ਸਾਲਾਂ ਬਾਅਦ ਪੌਲੁਸ, ਬਰਨਬਾਸ ਤੇ ਮਰਕੁਸ ਤਿੰਨੇ ਜਣੇ ਵਾਪਸ ਅੰਤਾਕਿਯਾ ਵਿਚ ਆਏ। ਦੋਵੇਂ ਰਸੂਲ ਆਪਣੇ ਦੂਸਰੇ ਮਿਸ਼ਨਰੀ ਦੌਰੇ ਬਾਰੇ ਚਰਚਾ ਕਰ ਰਹੇ ਸਨ ਤਾਂਕਿ ਉਹ ਪਹਿਲੇ ਦੌਰੇ ਵਾਂਗ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਣ। ਬਰਨਬਾਸ ਆਪਣੇ ਰਿਸ਼ਤੇਦਾਰ ਮਰਕੁਸ ਨੂੰ ਨਾਲ ਲੈ ਜਾਣਾ ਚਾਹੁੰਦਾ ਸੀ, ਪਰ ਪੌਲੁਸ ਬਿਲਕੁਲ ਸਹਿਮਤ ਨਾ ਹੋਇਆ ਕਿਉਂਕਿ ਮਰਕੁਸ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਝਗੜੇ ਦਾ ਇਹੀ ਕਾਰਨ ਸੀ। ਬਰਨਬਾਸ ਮਰਕੁਸ ਨੂੰ ਆਪਣੇ ਨਾਲ ਲੈ ਕੇ ਆਪਣੇ ਜੱਦੀ ਟਾਪੂ ਕੁਪਰੁਸ ਚਲਾ ਗਿਆ ਜਦਕਿ ਪੌਲੁਸ ਸੁਰਿਯਾ ਨਾਂ ਦੇ ਦੇਸ਼ ਚਲਾ ਗਿਆ। (ਰਸੂ. 15:36-41) ਇਸ ਤੋਂ ਪਤਾ ਚੱਲਦਾ ਹੈ ਕਿ ਮਰਕੁਸ ਦੇ ਪਿਛਲੇ ਫ਼ੈਸਲੇ ਬਾਰੇ ਪੌਲੁਸ ਤੇ ਬਰਨਬਾਸ ਦੇ ਵਿਚਾਰ ਵੱਖਰੇ ਸਨ।

ਮੇਲ-ਮਿਲਾਪ

ਕੋਈ ਸ਼ੱਕ ਨਹੀਂ ਕਿ ਇਸ ਝਗੜੇ ਕਰਕੇ ਮਰਕੁਸ ਨੂੰ ਬਹੁਤ ਦੁੱਖ ਲੱਗਿਆ ਹੋਣਾ। ਪਰ ਫਿਰ ਵੀ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਿਹਾ। ਪੌਲੁਸ ਨਾਲ ਇਸ ਝਗੜੇ ਤੋਂ ਤਕਰੀਬਨ 11 ਜਾਂ 12 ਸਾਲ ਬਾਅਦ, ਮਰਕੁਸ ਫਿਰ ਤੋਂ ਮੁਢਲੀ ਮਸੀਹੀਅਤ ਦੇ ਇਤਿਹਾਸ ਵਿਚ ਨਜ਼ਰ ਆਉਂਦਾ ਹੈ। ਪਰ ਕਿੱਥੇ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਫਿਰ ਪੌਲੁਸ ਰਸੂਲ ਦੇ ਨਾਲ ਸੀ!

ਪੌਲੁਸ 60-61 ਈਸਵੀ ਵਿਚ ਰੋਮ ਵਿਚ ਕੈਦੀ ਸੀ ਤੇ ਇਸ ਸਮੇਂ ਦੌਰਾਨ ਉਸ ਨੇ ਕਈ ਚਿੱਠੀਆਂ ਲਿਖ ਕੇ ਘੱਲੀਆਂ ਜੋ ਹੁਣ ਬਾਈਬਲ ਦਾ ਹਿੱਸਾ ਹਨ। ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਲਿਖਦੇ ਹੋਏ ਉਸ ਨੇ ਕਿਹਾ: ‘ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਸਾਕ ਹੈ ਜਿਹ ਦੇ ਵਿਖੇ ਤੁਹਾਨੂੰ ਹੁਕਮ ਮਿਲਿਆ ਸੀ—ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹ ਦਾ ਆਦਰ ਭਾਉ ਕਰਨਾ। ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।’—ਕੁਲੁ. 4:10, 11.

ਮਾਮਲਾ ਕਿੰਨਾ ਬਦਲ ਚੁੱਕਾ ਸੀ! ਪਹਿਲਾਂ ਪੌਲੁਸ ਮਰਕੁਸ ਨਾਲ ਬੜਾ ਨਾਰਾਜ਼ ਹੋਇਆ ਸੀ, ਪਰ ਹੁਣ ਉਹ ਫਿਰ ਤੋਂ ਇਕੱਠੇ ਕੰਮ ਕਰ ਰਹੇ ਸਨ। ਇਵੇਂ ਲੱਗਦਾ ਹੈ ਕਿ ਪੌਲੁਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਦੱਸਿਆ ਸੀ ਕਿ ਮਰਕੁਸ ਸ਼ਾਇਦ ਉਨ੍ਹਾਂ ਨੂੰ ਮਿਲਣ ਆਵੇਗਾ। ਜੇ ਉਹ ਉਨ੍ਹਾਂ ਕੋਲ ਜਾਂਦਾ, ਤਾਂ ਉਸ ਨੇ ਪੌਲੁਸ ਦੀ ਥਾਂ ਉੱਥੇ ਜਾਣਾ ਸੀ।

ਪਰ ਕੀ ਪੌਲੁਸ ਨੇ ਕੁਝ ਸਾਲ ਪਹਿਲਾਂ ਮਰਕੁਸ ਵਿਚ ਹੱਦੋਂ ਵਧ ਨੁਕਸ ਕੱਢੇ ਸਨ? ਕੀ ਮਰਕੁਸ ਨੂੰ ਇਸ ਲੋੜੀਂਦੀ ਤਾੜਨਾ ਤੋਂ ਕੋਈ ਲਾਭ ਹੋਇਆ ਸੀ? ਸ਼ਾਇਦ ਅਸੀਂ ਇਨ੍ਹਾਂ ਦੋਵਾਂ ਸਵਾਲਾਂ ਦਾ ਜਵਾਬ ‘ਹਾਂ’ ਵਿਚ ਦੇ ਸਕਦੇ ਹਾਂ। ਪਰ ਜੋ ਵੀ ਸੀ ਉਨ੍ਹਾਂ ਦੇ ਮੇਲ-ਮਿਲਾਪ ਤੋਂ ਪਤਾ ਚੱਲਦਾ ਹੈ ਕਿ ਪੌਲੁਸ ਤੇ ਮਰਕੁਸ ਦੋਵੇਂ ਸਿਆਣੇ ਤੇ ਸਮਝਦਾਰ ਭਰਾ ਸਨ। ਉਹ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਇਕੱਠੇ ਕੰਮ ਕਰਨ ਲੱਗ ਪਏ। ਇਹ ਉਨ੍ਹਾਂ ਲਈ ਕਿੰਨੀ ਵਧੀਆ ਮਿਸਾਲ ਹੈ ਜਿਨ੍ਹਾਂ ਦੀ ਕਿਸੇ ਦੂਸਰੇ ਭੈਣ-ਭਰਾ ਨਾਲ ਅਣਬਣ ਹੋਈ ਹੈ!

ਮਰਕੁਸ ਨੇ ਕਿੱਥੇ-ਕਿੱਥੇ ਸਫ਼ਰ ਕੀਤਾ?

ਮਰਕੁਸ ਦੇ ਵੱਖੋ-ਵੱਖਰੇ ਸਫ਼ਰਾਂ ਬਾਰੇ ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਉਹ ਕਈ ਥਾਂ ਗਿਆ। ਉਹ ਪਹਿਲਾਂ ਯਰੂਸ਼ਲਮ ਤੋਂ ਅੰਤਾਕਿਯਾ ਗਿਆ ਤੇ ਫਿਰ ਉੱਥੋਂ ਉਹ ਜਹਾਜ਼ ਵਿਚ ਕੁਪਰੁਸ ਤੇ ਪਰਗਾ ਸ਼ਹਿਰ ਗਿਆ ਸੀ। ਫਿਰ ਉਹ ਰੋਮ ਚਲਾ ਗਿਆ। ਉੱਥੋਂ ਪੌਲੁਸ ਉਸ ਨੂੰ ਕੁਲੁੱਸੈ ਭੇਜਣਾ ਚਾਹੁੰਦਾ ਸੀ। ਪਰ ਕਹਾਣੀ ਇੱਥੇ ਹੀ ਨਹੀਂ ਖ਼ਤਮ ਹੁੰਦੀ!

ਪਤਰਸ ਨੇ 62-64 ਈਸਵੀ ਵਿਚ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਕਿਹਾ: ‘ਬਾਬੁਲ ਵਿੱਚ ਜਿਹੜੀ ਹੈ, ਉਹ ਅਤੇ ਮੇਰਾ ਪੁੱਤ੍ਰ ਮਰਕੁਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ।’ (1 ਪਤ. 5:13) ਕਈ ਸਾਲ ਪਹਿਲਾਂ ਪਤਰਸ ਮਰਕੁਸ ਦੀ ਮਾਂ ਦੇ ਘਰ ਮਸੀਹੀ ਸਭਾਵਾਂ ਵਿਚ ਆਉਂਦਾ ਹੁੰਦਾ ਸੀ। ਪਰ ਹੁਣ ਮਰਕੁਸ ਬਾਬਲ ਸ਼ਹਿਰ ਜਾ ਕੇ ਪਤਰਸ ਰਸੂਲ ਨਾਲ ਸੇਵਾ ਕਰ ਰਿਹਾ ਸੀ।

ਲਗਭਗ 65 ਈਸਵੀ ਵਿਚ ਪੌਲੁਸ ਫਿਰ ਤੋਂ ਰੋਮ ਵਿਚ ਕੈਦੀ ਸੀ। ਉਸ ਨੇ ਆਪਣੀ ਚਿੱਠੀ ਵਿਚ ਤਿਮੋਥਿਉਸ ਨੂੰ ਅਫ਼ਸੁਸ ਸ਼ਹਿਰ ਤੋਂ ਬੁਲਾਉਂਦੇ ਹੋਏ ਕਿਹਾ: “ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ।” (2 ਤਿਮੋ. 4:11) ਧਿਆਨ ਦਿਓ ਕਿ ਮਰਕੁਸ ਇਸ ਸਮੇਂ ਅਫ਼ਸੁਸ ਵਿਚ ਸੀ। ਸਾਨੂੰ ਕੋਈ ਸ਼ੱਕ ਨਹੀਂ ਕਿ ਮਰਕੁਸ ਤਿਮੋਥਿਉਸ ਨਾਲ ਰੋਮ ਨੂੰ ਸਫ਼ਰ ਕਰਨ ਲਈ ਤਿਆਰ ਸੀ। ਉਸ ਸਮੇਂ ਸਫ਼ਰ ਕਰਨਾ ਸੌਖਾ ਨਹੀਂ ਸੀ, ਪਰ ਮਰਕੁਸ ਖ਼ੁਸ਼ੀ-ਖ਼ੁਸ਼ੀ ਇਹ ਕਰਨ ਲਈ ਤਿਆਰ ਸੀ।

ਇਕ ਹੋਰ ਵੱਡਾ ਸਨਮਾਨ

ਮਰਕੁਸ ਨੂੰ ਇਕ ਹੋਰ ਵੱਡਾ ਸਨਮਾਨ ਮਿਲਿਆ ਸੀ। ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਇੰਜੀਲ ਲਿਖਣ ਲਈ ਪ੍ਰੇਰਿਆ ਸੀ। ਭਾਵੇਂ ਕਿ ਇਸ ਇੰਜੀਲ ਵਿਚ ਲਿਖਾਰੀ ਦਾ ਨਾਂ ਨਹੀਂ ਦਿੱਤਾ ਗਿਆ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਇੰਜੀਲ ਮਰਕੁਸ ਨੇ ਹੀ ਲਿਖੀ ਸੀ ਤੇ ਉਸ ਨੇ ਸਾਰੀ ਜਾਣਕਾਰੀ ਪਤਰਸ ਤੋਂ ਲਈ ਸੀ। ਅਸਲ ਵਿਚ ਪਤਰਸ ਤਕਰੀਬਨ ਉਨ੍ਹਾਂ ਸਾਰੀਆਂ ਗੱਲਾਂ ਦਾ ਚਸ਼ਮਦੀਦ ਗਵਾਹ ਸੀ ਜੋ ਮਰਕੁਸ ਨੇ ਲਿਖੀਆਂ ਸਨ।

ਮਰਕੁਸ ਦੀ ਇੰਜੀਲ ਦੀ ਜਾਂਚ ਕਰਨ ਵਾਲੇ ਮੰਨਦੇ ਹਨ ਕਿ ਉਸ ਨੇ ਇਹ ਪੋਥੀ ਗ਼ੈਰ-ਯਹੂਦੀ ਲੋਕਾਂ ਲਈ ਲਿਖੀ ਸੀ ਕਿਉਂਕਿ ਉਸ ਨੇ ਯਹੂਦੀਆਂ ਦੇ ਕਈ ਰਸਮ-ਰਿਵਾਜ ਸਮਝਾਏ ਹਨ। (ਮਰ. 7:3; 14:12; 15:42) ਮਰਕੁਸ ਨੇ ਅਰਾਮੀ ਭਾਸ਼ਾ ਦੇ ਲਫ਼ਜ਼ਾਂ ਦਾ ਤਰਜਮਾ ਵੀ ਕੀਤਾ ਤਾਂਕਿ ਗ਼ੈਰ-ਯਹੂਦੀ ਲੋਕ ਵੀ ਉਨ੍ਹਾਂ ਨੂੰ ਸਮਝ ਸਕਣ। (ਮਰ. 3:17; 5:41; 7:11, 34; 15:22, 34) ਉਹ ਲਾਤੀਨੀ ਭਾਸ਼ਾ ਦੇ ਕਈ ਸ਼ਬਦ ਇਸਤੇਮਾਲ ਕਰਦਾ ਹੈ ਅਤੇ ਕਦੇ-ਕਦੇ ਸੌਖੇ ਯੂਨਾਨੀ ਸ਼ਬਦਾਂ ਨੂੰ ਵੀ ਲਾਤੀਨੀ ਸ਼ਬਦ ਵਰਤ ਕੇ ਸਮਝਾਉਂਦਾ ਹੈ। ਉਸ ਨੇ ਯਹੂਦੀ ਸਿੱਕਿਆਂ ਦੀ ਕੀਮਤ ਰੋਮੀ ਕਰੰਸੀ ਵਿਚ ਦਿੱਤੀ। (ਮਰ. 12:42, ਫੁਟਨੋਟ, NW) ਇਹ ਸਭ ਕੁਝ ਇਸ ਗੱਲ ਨਾਲ ਸਹਿਮਤ ਹੈ ਕਿ ਮਰਕੁਸ ਨੇ ਆਪਣੀ ਇੰਜੀਲ ਰੋਮ ਵਿਚ ਹੀ ਲਿਖੀ ਸੀ।

“ਉਹ ਸੇਵਾ ਲਈ ਮੇਰੇ ਕੰਮ ਦਾ ਹੈ”

ਮਰਕੁਸ ਨੇ ਰੋਮ ਵਿਚ ਸਿਰਫ਼ ਆਪਣੀ ਇੰਜੀਲ ਹੀ ਨਹੀਂ ਲਿਖੀ ਸੀ। ਯਾਦ ਕਰੋ ਕਿ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ: “ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ।” ਪਰ ਕਿਉਂ? ਪੌਲੁਸ ਅੱਗੇ ਸਮਝਾਉਂਦਾ ਹੈ: “ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।”—2 ਤਿਮੋ. 4:11.

ਇਸ ਆਇਤ ਤੋਂ ਉਸ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ। ਪਰਮੇਸ਼ੁਰ ਦੀ ਸੇਵਾ ਕਰਦਿਆਂ ਮਰਕੁਸ ਨੂੰ ਕਦੇ ਵੀ ਰਸੂਲ, ਆਗੂ ਜਾਂ ਨਬੀ ਨਹੀਂ ਕਿਹਾ ਗਿਆ। ਉਹ ਇਕ ਸੇਵਕ ਸੀ, ਮਤਲਬ ਕਿ ਉਹ ਦੂਸਰਿਆਂ ਦੀ ਟਹਿਲ ਕਰਦਾ ਸੀ। ਜੀ ਹਾਂ, ਇਸ ਘੜੀ ਯਾਨੀ ਪੌਲੁਸ ਦੀ ਮੌਤ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਮਰਕੁਸ ਉਸ ਦੇ ਕਿੰਨਾ ਕੰਮ ਆਇਆ ਹੋਣਾ।

ਮਰਕੁਸ ਬਾਰੇ ਸਿੱਖੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਜਿੱਥੇ ਵੀ ਗਿਆ, ਉੱਥੇ ਉਸ ਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਫੈਲਾਈ ਅਤੇ ਉਹ ਦੂਸਰਿਆਂ ਦੀ ਸੇਵਾ ਕਰ ਕੇ ਖ਼ੁਸ਼ ਸੀ। ਵਾਕਈ, ਹਾਰ ਨਾ ਮੰਨਣ ਕਰਕੇ ਮਰਕੁਸ ਨੂੰ ਕਿੰਨੇ ਸਨਮਾਨ ਮਿਲੇ!

ਪਰਮੇਸ਼ੁਰ ਦੇ ਸੇਵਕਾਂ ਵਜੋਂ, ਆਓ ਆਪਾਂ ਵੀ ਠਾਣ ਲਈਏ ਕਿ ਅਸੀਂ ਮਰਕੁਸ ਦੀ ਤਰ੍ਹਾਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂਗੇ। ਮਰਕੁਸ ਦੀ ਤਰ੍ਹਾਂ ਕਈ ਭੈਣ-ਭਰਾ ਹੋਰਨਾਂ ਥਾਵਾਂ ਜਾਂ ਵਿਦੇਸ਼ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਨ। ਭਾਵੇਂ ਕਿ ਅਸੀਂ ਸਾਰੇ ਇਸ ਤਰ੍ਹਾਂ ਨਹੀਂ ਕਰ ਸਕਦੇ, ਪਰ ਅਸੀਂ ਇਕ ਹੋਰ ਅਹਿਮ ਤਰੀਕੇ ਨਾਲ ਮਰਕੁਸ ਦੀ ਨਕਲ ਕਰ ਸਕਦੇ ਹਾਂ। ਜਿਵੇਂ ਉਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਦਿਲੋਂ ਸੇਵਾ ਕੀਤੀ, ਉਸੇ ਤਰ੍ਹਾਂ ਅਸੀਂ ਵੀ ਇਕ-ਦੂਜੇ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹਾਂ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਸਾਡੀ ਝੋਲੀ ਬਰਕਤਾਂ ਨਾਲ ਭਰੇਗਾ।—ਕਹਾ. 3:27; 10:22; ਗਲਾ. 6:2.

[ਫੁਟਨੋਟ]

^ ਪੈਰਾ 5 ਉਨ੍ਹੀਂ ਦਿਨੀਂ ਲੋਕੀ ਇਬਰਾਨੀ ਜਾਂ ਕੋਈ ਹੋਰ ਵਿਦੇਸ਼ੀ ਨਾਂ ਵੀ ਅਪਣਾ ਲੈਂਦੇ ਸਨ। ਮਰਕੁਸ ਦਾ ਯਹੂਦੀ ਨਾਂ ਯੋਹਾਨਨ ਸੀ, ਜਿਸ ਨੂੰ ਪੰਜਾਬੀ ਵਿਚ ਯੂਹੰਨਾ ਕਹਿੰਦੇ ਹਨ। ਉਸ ਦਾ ਲਾਤੀਨੀ ਨਾਂ ਮਰਕੁਸ ਜਾਂ ਮਾਰਕ ਸੀ।—ਰਸੂ. 12:25.

[ਸਫ਼ਾ 8,9 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਮਰਕੁਸ ਇਨ੍ਹਾਂ ਸ਼ਹਿਰਾਂ ਵਿਚ ਗਿਆ ਸੀ

ਰੋਮ

ਅਫ਼ਸੁਸ

ਕੁਲੁੱਸੈ

ਪਰਗਾ

ਅੰਤਾਕਿਯਾ (ਸੁਰਿਯਾ ਦਾ)

ਕੁਪਰੁਸ

ਭੂਮੱਧ ਸਾਗਰ

ਯਰੂਸ਼ਲਮ

ਬਾਬਲ