Skip to content

Skip to table of contents

ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ

ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ

ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ

“ਧੰਨ ਓਹ ਜਿਹੜੇ ਸ਼ੁੱਧਮਨ ਹਨ।”—ਮੱਤੀ 5:8.

1, 2. ਪਹਿਲੀ ਸਦੀ ਦੇ ਮਸੀਹੀਆਂ ਨੇ ਪ੍ਰਚਾਰ ਕਰਨ ਵਿਚ ਪਹਿਲ-ਕਦਮੀ ਕਿਵੇਂ ਕੀਤੀ ਸੀ?

ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ। (ਮੱਤੀ 24:14) ਇਸ ਦੇ ਸੰਬੰਧ ਵਿਚ ਉਸ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਕੀ ਕੀਤਾ ਸੀ? ਬਾਈਬਲ ਵਿਚ ਰਸੂਲਾਂ ਦੇ ਕਰਤੱਬ ਦੀ ਪੋਥੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਜੋਸ਼ ਨਾਲ ਪ੍ਰਚਾਰ ਕਰਨ ਵਿਚ ਪਹਿਲ-ਕਦਮੀ ਕੀਤੀ ਸੀ। ਉਨ੍ਹਾਂ ਦੁਆਰਾ ਯਰੂਸ਼ਲਮ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਕਰਕੇ ਕਈ ਹਜ਼ਾਰ ਲੋਕ ਅਤੇ “ਬਹੁਤ ਸਾਰੇ ਜਾਜਕ” ਮਸੀਹੀ ਕਲੀਸਿਯਾ ਵਿਚ ਆਏ ਸਨ।—ਰਸੂ. 2:41; 4:4; 6:7.

2 ਉਸ ਸਮੇਂ ਖ਼ਾਸ ਕਰਕੇ ਮਿਸ਼ਨਰੀਆਂ ਨੇ ਬਹੁਤਿਆਂ ਦੀ ਸੱਚਾਈ ਅਪਣਾਉਣ ਵਿਚ ਮਦਦ ਕੀਤੀ। ਮਿਸਾਲ ਲਈ, ਫ਼ਿਲਿੱਪੁਸ ਸਾਮਰਿਯਾ ਦੇ ਨਗਰ ਨੂੰ ਗਿਆ ਜਿੱਥੇ ਲੋਕਾਂ ਨੇ ਬੜੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣੀਆਂ। (ਰਸੂ. 8:5-8) ਪੌਲੁਸ ਨੇ ਆਪਣੇ ਸਾਥੀਆਂ ਨਾਲ ਕੁਪਰੁਸ, ਏਸ਼ੀਆ ਮਾਈਨਰ, ਮਕਦੂਨਿਯਾ, ਯੂਨਾਨ ਅਤੇ ਇਟਲੀ ਵਿਚ ਪ੍ਰਚਾਰ ਕੀਤਾ। ਉਸ ਨੇ ਆਪਣੇ ਮਿਸ਼ਨਰੀ ਦੌਰਿਆਂ ਦੌਰਾਨ ਇੰਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀ ਲੋਕ ਮਸੀਹੀ ਬਣ ਗਏ। (ਰਸੂ. 14:1; 16:5; 17:4) ਤੀਤੁਸ ਨੇ ਕਰੇਤ ਵਿਚ ਪ੍ਰਚਾਰ ਕੀਤਾ। (ਤੀਤੁ. 1:5) ਪਤਰਸ ਬਾਬੁਲ ਵਿਚ ਪ੍ਰਚਾਰ ਦੇ ਕੰਮ ਵਿਚ ਰੁੱਝਾ ਰਿਹਾ। ਲਗਭਗ 62-64 ਈਸਵੀ ਵਿਚ ਜਦ ਉਸ ਨੇ ਆਪਣੀ ਪਹਿਲੀ ਚਿੱਠੀ ਲਿਖੀ ਸੀ, ਤਾਂ ਉਸ ਵੇਲੇ ਤਕ ਪ੍ਰਚਾਰ ਦਾ ਕੰਮ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਤੇ ਬਿਥੁਨਿਯਾ ਤਕ ਫੈਲ ਗਿਆ ਸੀ। (1 ਪਤ. 1:1; 5:13) ਇਹ ਸਾਲ ਬਹੁਤ ਖ਼ੁਸ਼ੀਆਂ ਭਰੇ ਸਨ। ਭੈਣਾਂ-ਭਰਾਵਾਂ ਦੇ ਵੱਡੇ ਜੋਸ਼ ਸਦਕਾ ਪਹਿਲੀ ਸਦੀ ਵਿਚ ਉਨ੍ਹਾਂ ਦੇ ਦੁਸ਼ਮਣ ਕਹਿ ਰਹੇ ਸਨ ਕਿ ਉਨ੍ਹਾਂ ਨੇ “ਜਗਤ ਨੂੰ ਉਲਟਾ ਦਿੱਤਾ ਹੈ।”—ਰਸੂ. 17:6; 28:22.

3. ਪ੍ਰਚਾਰ ਦੇ ਕੰਮ ਵਿਚ ਅੱਜ ਕਿਹੜੇ ਵਧੀਆ ਨਤੀਜੇ ਨਿਕਲ ਰਹੇ ਹਨ ਅਤੇ ਇਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

3 ਹੁਣ ਵੀ ਅਸੀਂ ਯਹੋਵਾਹ ਦੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਦੇਖਦੇ ਹਾਂ। ਕੀ ਪ੍ਰਚਾਰ ਦੇ ਕੰਮ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਤੁਹਾਡਾ ਹੌਸਲਾ ਬੁਲੰਦ ਨਹੀਂ ਹੁੰਦਾ ਕਿ ਦੁਨੀਆਂ ਭਰ ਵਿਚ ਕਿੰਨੇ ਵਧੀਆ ਨਤੀਜੇ ਨਿਕਲ ਰਹੇ ਹਨ? ਕੀ ਇਹ ਸੁਣ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ ਕਿ ਸਾਲ 2007 ਦੌਰਾਨ 60 ਲੱਖ ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਈਆਂ ਗਈਆਂ ਸਨ? ਇਸ ਤੋਂ ਇਲਾਵਾ, ਪਿਛਲੇ ਸਾਲ ਤਕਰੀਬਨ ਇਕ ਕਰੋੜ ਲੋਕ ਜੋ ਯਹੋਵਾਹ ਦੇ ਗਵਾਹ ਨਹੀਂ ਸਨ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਸਾਡੇ ਨਾਲ ਇਕੱਠੇ ਹੋਏ ਸਨ। ਇਸ ਤੋਂ  ਸਾਫ਼ ਜ਼ਾਹਰ ਹੁੰਦਾ ਹੈ ਕਿ ਹਾਲੇ ਬਹੁਤ ਕੰਮ ਕਰਨਾ ਬਾਕੀ ਹੈ।

4. ਪਰਮੇਸ਼ੁਰ ਦੇ ਸੰਦੇਸ਼ ਨੂੰ ਕੌਣ ਕਬੂਲ ਕਰ ਰਹੇ ਹਨ?

4 ਜਿਵੇਂ ਪਹਿਲੀ ਸਦੀ ਵਿਚ ਹੋਇਆ ਸੀ, ਅੱਜ ਵੀ “ਸ਼ੁੱਧਮਨ” ਲੋਕ ਪਰਮੇਸ਼ੁਰ ਦਾ ਸੰਦੇਸ਼ ਸੁਣ ਕੇ ਸੱਚਾਈ ਨੂੰ ਕਬੂਲ ਕਰ ਰਹੇ ਹਨ। (ਮੱਤੀ 5:8) ਯਹੋਵਾਹ ਬੜੇ ਪਿਆਰ ਨਾਲ ਇਨ੍ਹਾਂ ਲੋਕਾਂ ਨੂੰ ਆਪਣੇ ਸੰਗਠਨ ਵਿਚ ਲਿਆ ਰਿਹਾ ਹੈ। (ਹੱਜਈ 2:7 ਪੜ੍ਹੋ।) ਲੋਕਾਂ ਨੂੰ ਇਕੱਠੇ ਕਰਨ ਦੇ ਕੰਮ ਵਿਚ ਪੂਰਾ ਹਿੱਸਾ ਲੈਣ ਲਈ ਸਾਨੂੰ ਪ੍ਰਚਾਰ ਦੇ ਕੰਮ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

ਬਿਨਾਂ ਭੇਦ-ਭਾਵ ਕੀਤਿਆਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਓ

5. ਯਹੋਵਾਹ ਪਰਮੇਸ਼ੁਰ ਕਿਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹੈ?

5 ਪਹਿਲੀ ਸਦੀ ਦੇ ਮਸੀਹੀ ਜਾਣਦੇ ਸਨ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂ. 10:34, 35) ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਅਸੀਂ ਤਾਂ ਹੀ ਕਾਇਮ ਕਰ ਸਕਦੇ ਹਾਂ ਜੇ ਅਸੀਂ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰੀਏ। (ਯੂਹੰ. 3:16, 36) ਦਰਅਸਲ ਯਹੋਵਾਹ ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋ. 2:3, 4.

6. ਪ੍ਰਚਾਰ ਕਰਦੇ ਹੋਏ ਸਾਨੂੰ ਕੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

6 ਸਾਨੂੰ ਲੋਕਾਂ ਦੀ ਸ਼ਕਲ-ਸੂਰਤ ਦੇਖ ਕੇ ਜਾਂ ਉਨ੍ਹਾਂ ਦੀ ਜਾਤ, ਹੈਸੀਅਤ ਜਾਂ ਧਰਮ ਕਾਰਨ ਉਨ੍ਹਾਂ ਬਾਰੇ ਰਾਇ ਕਾਇਮ ਨਹੀਂ ਕਰ ਲੈਣੀ ਚਾਹੀਦੀ। ਜ਼ਰਾ ਸੋਚੋ: ਕੀ ਤੁਸੀਂ ਉਸ ਭੈਣ ਜਾਂ ਭਰਾ ਦੇ ਅਹਿਸਾਨਮੰਦ ਨਹੀਂ ਹੋ ਜਿਸ ਨੇ ਬਿਨਾਂ ਪੱਖ-ਪਾਤ ਕੀਤਿਆਂ ਤੁਹਾਡੇ ਨਾਲ ਬਾਈਬਲ ਬਾਰੇ ਗੱਲਬਾਤ ਕੀਤੀ ਸੀ? ਤਾਂ ਫਿਰ, ਕਿਉਂ ਨਾ ਅਸੀਂ ਵੀ ਉਨ੍ਹਾਂ ਸਾਰਿਆਂ ਨੂੰ ਜੋ ਸੁਣਨਾ ਚਾਹੁੰਦੇ ਹਨ ਪਰਮੇਸ਼ੁਰ ਦੇ ਗਿਆਨ ਦਾ ਸੰਦੇਸ਼ ਸੁਣਾਈਏ ਕਿਉਂਕਿ ਇਸ ਦੀ ਮਦਦ ਨਾਲ ਉਹ ਸਦਾ ਦਾ ਜੀਵਨ ਪਾ ਸਕਦੇ ਹਨ।—ਮੱਤੀ 7:12 ਪੜ੍ਹੋ।

7. ਪ੍ਰਚਾਰ ਕਰਦਿਆਂ ਸਾਨੂੰ ਲੋਕਾਂ ਬਾਰੇ ਰਾਇ ਕਾਇਮ ਕਰਨ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ?

7 ਇਕੱਲਾ ਯਿਸੂ ਹੀ ਪਰਮੇਸ਼ੁਰ ਵੱਲੋਂ ਨਿਯੁਕਤ ਕੀਤਾ ਗਿਆ ਨਿਆਂਕਾਰ ਹੈ। ਅਸੀਂ ਲੋਕਾਂ ਦੇ ਦਿਲਾਂ ਦਾ ਭੇਦ ਨਹੀਂ ਜਾਣ ਸਕਦੇ। ਅਸੀਂ ਸਿਰਫ਼ “ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ” ਕਰ ਸਕਦੇ ਹਾਂ ਜਾਂ “ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ” ਕਰ ਸਕਦੇ ਹਾਂ, ਪਰ ਯਿਸੂ ਦਿਲਾਂ ਨੂੰ ਪੜ੍ਹ ਸਕਦਾ ਹੈ।—ਯਸਾ. 11:1-5; 2 ਤਿਮੋ. 4:1.

8, 9. (ੳ) ਮਸੀਹੀ ਬਣਨ ਤੋਂ ਪਹਿਲਾਂ ਸੌਲੁਸ ਕਿਹੋ ਜਿਹਾ ਸੀ? (ਅ) ਪੌਲੁਸ ਰਸੂਲ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ?

8 ਤਕਰੀਬਨ ਹਰ ਪਿਛੋਕੜ ਦੇ ਲੋਕ ਯਹੋਵਾਹ ਦੇ ਸੇਵਕ ਬਣੇ ਹਨ। ਇਕ ਵਧੀਆ ਮਿਸਾਲ ਤਰਸੁਸ ਦੇ ਰਹਿਣ ਵਾਲੇ ਸੌਲੁਸ ਦੀ ਹੈ ਜੋ ਬਾਅਦ ਵਿਚ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ। ਸੌਲੁਸ ਇਕ ਕੱਟੜ ਫ਼ਰੀਸੀ ਸੀ ਜਿਸ ਨੇ ਯਿਸੂ ਦੇ ਚੇਲਿਆਂ ਦਾ ਸਖ਼ਤ ਵਿਰੋਧ ਕੀਤਾ। ਉਹ ਮੰਨਦਾ ਸੀ ਕਿ ਮਸੀਹੀ ਪਰਮੇਸ਼ੁਰ ਦੇ ਸੱਚੇ ਭਗਤ ਨਹੀਂ ਸਨ, ਇਸ ਲਈ ਉਸ ਨੇ ਉਨ੍ਹਾਂ ਉੱਤੇ ਬਹੁਤ ਜ਼ੁਲਮ ਢਾਏ। (ਗਲਾ. 1:13) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਲੱਗਦਾ ਸੀ ਕਿ ਸੌਲੁਸ ਕਦੀ ਵੀ ਯਿਸੂ ਦਾ ਚੇਲਾ ਨਹੀਂ ਬਣੇਗਾ। ਲੇਕਿਨ ਯਿਸੂ ਨੇ ਉਸ ਦੇ ਦਿਲ ਵਿਚ ਚੰਗਿਆਈ ਦੇਖੀ ਅਤੇ ਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ। ਨਤੀਜੇ ਵਜੋਂ, ਸੌਲੁਸ ਉਰਫ਼ ਪੌਲੁਸ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦਾ ਇਕ ਬਹੁਤ ਹੀ ਜੋਸ਼ੀਲਾ ਮੈਂਬਰ ਬਣਿਆ।

9 ਪੌਲੁਸ ਰਸੂਲ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ? ਸਾਡੇ ਇਲਾਕੇ ਵਿਚ ਸ਼ਾਇਦ ਅਜਿਹੇ ਲੋਕ ਹੋਣ ਜੋ ਸਾਡਾ ਸਖ਼ਤ ਵਿਰੋਧ ਕਰਦੇ ਹਨ। ਭਾਵੇਂ ਸਾਨੂੰ ਲੱਗੇ ਕਿ ਉਨ੍ਹਾਂ ਵਿੱਚੋਂ ਕੋਈ ਵੀ ਯਿਸੂ ਦਾ ਚੇਲਾ ਨਹੀਂ ਬਣੇਗਾ, ਫਿਰ ਵੀ ਸਾਨੂੰ ਉਨ੍ਹਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਕਦੇ-ਕਦਾਈਂ ਉਹ ਲੋਕ ਵੀ ਦਿਲਚਸਪੀ ਦਿਖਾਉਣ ਲੱਗ ਪੈਂਦੇ ਹਨ ਜਿਨ੍ਹਾਂ ਬਾਰੇ ਸਾਨੂੰ ਲੱਗਦਾ ਸੀ ਕਿ ਉਹ ਕਦੇ ਵੀ ਸਾਡੀ ਗੱਲ ਨਾ ਸੁਣਨਗੇ। ਇਸ ਲਈ ਸਾਨੂੰ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਰਹਿਣ ਦੀ ਲੋੜ ਹੈ।—ਰਸੂਲਾਂ ਦੇ ਕਰਤੱਬ 5:42 ਪੜ੍ਹੋ।

ਪ੍ਰਚਾਰ ਕਰਦੇ ਰਹੋ ਤੇ ਬਰਕਤਾਂ ਪਾਓ

10. ਸਾਨੂੰ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਝਿਜਕਣਾ ਕਿਉਂ ਨਹੀਂ ਚਾਹੀਦਾ ਜਿਨ੍ਹਾਂ ਨਾਲ ਸ਼ਾਇਦ ਗੱਲ ਕਰਨ ਤੋਂ ਸਾਨੂੰ ਪਹਿਲਾਂ-ਪਹਿਲ ਡਰ ਲੱਗੇ? ਕੀ ਤੁਸੀਂ ਕੋਈ ਤਜਰਬਾ ਦੱਸ ਸਕਦੇ ਹੋ?

10 ਕਿਸੇ ਵਿਅਕਤੀ ਬਾਰੇ ਕੁਝ ਜਾਣੇ ਬਿਨਾਂ ਇਹ ਕਹਿਣਾ ਕਿ ਉਹ ਸੱਚਾਈ ਵਿਚ ਦਿਲਚਸਪੀ ਨਹੀਂ ਲਵੇਗਾ ਬਹੁਤ ਗ਼ਲਤ ਹੈ। ਇਗਨਾਸਿਯੋ ਦੀ ਉਦਾਹਰਣ ਤੇ ਗੌਰ ਕਰੋ। * ਜਦ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗਾ, ਤਾਂ ਉਹ ਜੇਲ੍ਹ ਵਿਚ ਸੀ। ਉੱਥੇ ਕੈਦੀ ਚੀਜ਼ਾਂ ਬਣਾ ਕੇ ਇਕ-ਦੂਜੇ ਨੂੰ ਵੇਚਦੇ ਸਨ। ਜੇ ਕੋਈ ਜਲਦੀ ਪੈਸੇ ਨਹੀਂ ਸੀ ਦਿੰਦਾ, ਤਾਂ ਉਸ ਨੂੰ ਡਰਾ-ਧਮਕਾ ਕੇ ਉਸ ਕੋਲੋਂ ਪੈਸੇ ਵਸੂਲ ਕਰਨ ਲਈ ਇਗਨਾਸਿਯੋ ਨੂੰ ਭੇਜਿਆ ਜਾਂਦਾ ਸੀ ਕਿਉਂਕਿ ਉਹ ਬਹੁਤ ਹੀ ਗੁੱਸੇਖ਼ੋਰ ਸੀ ਅਤੇ ਸਾਰੇ ਉਸ ਤੋਂ ਡਰਦੇ ਸਨ। ਪਰ ਜਿਉਂ-ਜਿਉਂ ਉਹ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਅਮਲ ਕਰਨ ਲੱਗਾ, ਤਿਉਂ-ਤਿਉਂ ਉਸ ਦਾ ਸੁਭਾਅ ਨਰਮ ਹੁੰਦਾ ਗਿਆ। ਹੁਣ ਜੇਲ੍ਹ ਵਿਚ ਹੋਰਨਾਂ ਕੈਦੀਆਂ ਤੋਂ ਪੈਸੇ ਵਸੂਲ ਕਰਨ ਲਈ ਉਸ ਨੂੰ ਕੋਈ ਨਹੀਂ ਕਹਿੰਦਾ। ਇਗਨਾਸਿਯੋ ਬਹੁਤ ਖ਼ੁਸ਼ ਹੈ ਕਿ ਬਾਈਬਲ ਦੀਆਂ ਸੱਚਾਈਆਂ ਅਤੇ ਪਰਮੇਸ਼ੁਰ ਦੀ ਆਤਮਾ ਸਦਕਾ ਉਹ ਆਪਣੀਆਂ ਆਦਤਾਂ ਬਦਲ ਪਾਇਆ। ਉਹ ਉਨ੍ਹਾਂ ਭਰਾਵਾਂ ਦਾ ਵੀ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਬਿਨਾਂ ਪੱਖ-ਪਾਤ ਕੀਤਿਆਂ ਦਲੇਰੀ ਨਾਲ ਉਸ ਨਾਲ ਬਾਈਬਲ ਸਟੱਡੀ ਕੀਤੀ।

11. ਸਾਨੂੰ ਵਾਰ-ਵਾਰ ਲੋਕਾਂ ਨੂੰ ਮਿਲਣ ਕਿਉਂ ਜਾਣਾ ਚਾਹੀਦਾ ਹੈ?

11 ਜੋ ਲੋਕ ਸਾਡਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ ਸਾਨੂੰ ਉਨ੍ਹਾਂ ਨੂੰ ਵਾਰ-ਵਾਰ ਮਿਲਣ ਕਿਉਂ ਜਾਣਾ ਚਾਹੀਦਾ ਹੈ? ਕਿਉਂਕਿ ਉਨ੍ਹਾਂ ਦੇ ਹਾਲਾਤ ਅਤੇ ਉਨ੍ਹਾਂ ਦਾ ਰਵੱਈਆ ਬਦਲ ਸਕਦਾ ਹੈ। ਇਕ ਵਿਅਕਤੀ ਜੋ ਸ਼ਾਇਦ ਪਹਿਲਾਂ ਤੁਹਾਡੀ ਗੱਲ ਨਹੀਂ ਸੁਣਨੀ ਚਾਹੁੰਦਾ ਸੀ ਜਾਂ ਤੁਹਾਡਾ ਵਿਰੋਧ ਕਰਦਾ ਸੀ, ਉਹ ਹੁਣ ਸ਼ਾਇਦ ਗੰਭੀਰ ਬੀਮਾਰੀ ਕਰਕੇ, ਨੌਕਰੀ ਛੁੱਟਣ ਕਰਕੇ ਜਾਂ ਕਿਸੇ ਅਜ਼ੀਜ਼ ਦੀ ਮੌਤ ਹੋਣ ਕਰਕੇ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇ। (ਉਪਦੇਸ਼ਕ ਦੀ ਪੋਥੀ 9:11 ਪੜ੍ਹੋ।) ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਕਾਰਨ ਸ਼ਾਇਦ ਲੋਕ ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਲੱਗਣ। ਅਜਿਹੇ ਕਾਰਨਾਂ ਕਰਕੇ ਹੋ ਸਕਦਾ ਹੈ ਕਿ ਜੋ ਇਨਸਾਨ ਪਹਿਲਾਂ ਸਾਡੀ ਗੱਲ ਸੁਣਨੀ ਨਹੀਂ ਚਾਹੁੰਦੇ ਸਨ ਜਾਂ ਸਾਡਾ ਵਿਰੋਧ ਕਰਦੇ ਸਨ, ਉਹ ਸਾਡੇ ਸੰਦੇਸ਼ ਵਿਚ ਦਿਲਚਸਪੀ ਲੈਣ ਲੱਗਣ। ਇਸ ਲਈ, ਦੂਸਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਤੋਂ ਸਾਨੂੰ ਕਦੀ ਵੀ ਝਿਜਕਣਾ ਨਹੀਂ ਚਾਹੀਦਾ।

12. ਪ੍ਰਚਾਰ ਕਰਦਿਆਂ ਸਾਨੂੰ ਲੋਕਾਂ ਨੂੰ ਕਿਸ ਨਜ਼ਰੋਂ ਦੇਖਣਾ ਚਾਹੀਦਾ ਹੈ ਅਤੇ ਕਿਉਂ?

12 ਕੁਦਰਤੀ ਅਸੀਂ ਲੋਕਾਂ ਦੀ ਸ਼ਕਲ-ਸੂਰਤ, ਜਾਤ, ਹੈਸੀਅਤ ਜਾਂ ਧਰਮ ਕਾਰਨ ਉਨ੍ਹਾਂ ਬਾਰੇ ਰਾਇ ਕਾਇਮ ਕਰ ਲੈਂਦੇ ਹਾਂ। ਲੇਕਿਨ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ। ਉਹ ਹਰ ਇਨਸਾਨ ਦੇ ਚੰਗੇ ਗੁਣ ਦੇਖਦਾ ਹੈ। ਉਹ ਹਰ ਵਿਅਕਤੀ ਵਿਚ ਇਸ ਗੱਲ ਦੀ ਸੰਭਾਵਨਾ ਦੇਖਦਾ ਹੈ ਕਿ ਮੌਕਾ ਮਿਲਣ ਤੇ ਉਹ ਬਦਲ ਸਕਦਾ ਹੈ। (1 ਸਮੂਏਲ 16:7 ਪੜ੍ਹੋ।) ਪ੍ਰਚਾਰ ਕਰਦਿਆਂ ਸਾਨੂੰ ਲੋਕਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣਾ ਚਾਹੀਦਾ ਹੈ। ਜੀ ਹਾਂ, ਸਾਨੂੰ ਲੋਕਾਂ ਵਿਚ ਚੰਗੇ ਗੁਣ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਨੇਕ ਤਜਰਬੇ ਦਿਖਾਉਂਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਵਧੀਆ ਨਤੀਜੇ ਨਿਕਲਦੇ ਹਨ।

13, 14. (ੳ) ਸੈਂਡਰਾ ਨੂੰ ਰੂਥ ਬਾਰੇ ਕਿਹੜੀ ਗ਼ਲਤਫ਼ਹਿਮੀ ਹੋਈ ਸੀ? (ਅ) ਇਸ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

13 ਸੈਂਡਰਾ ਨਾਂ ਦੀ ਪਾਇਨੀਅਰ ਭੈਣ ਨੂੰ ਕੈਰੀਬੀਅਨ ਦੇ ਇਕ ਟਾਪੂ ਤੇ ਘਰ-ਘਰ ਪ੍ਰਚਾਰ ਕਰਦਿਆਂ ਰੂਥ ਨਾਂ ਦੀ ਔਰਤ ਮਿਲੀ। ਰੂਥ ਕਾਰਨੀਵਲ ਮੇਲਿਆਂ ਵਿਚ ਰੁੱਝੀ ਹੋਈ ਸੀ। ਉਹ ਦੋ ਵਾਰ ਆਪਣੇ ਦੇਸ਼ ਵਿਚ ਕਾਰਨੀਵਲ ਦੀ ਰਾਣੀ ਵੀ ਬਣ ਚੁੱਕੀ ਸੀ। ਰੂਥ ਨੇ ਸੈਂਡਰਾ ਦੀਆਂ ਗੱਲਾਂ ਵਿਚ ਕਾਫ਼ੀ ਦਿਲਚਸਪੀ ਲਈ ਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਸੈਂਡਰਾ ਨੇ ਦੱਸਿਆ: “ਜਦ ਮੈਂ ਉਸ ਦੀ ਬੈਠਕ ਵਿਚ ਗਈ, ਤਾਂ ਮੇਰੇ ਸਾਮ੍ਹਣੇ ਰੂਥ ਦੀ ਤਸਵੀਰ ਸੀ ਜਿਸ ਵਿਚ ਉਹ ਟਿੱਪ-ਟਾਪ ਸਜ-ਧੱਜ ਕੇ ਬੈਠੀ ਹੋਈ ਸੀ। ਉਸ ਦੇ ਜਿੱਤੇ ਇਨਾਮ ਵੀ ਸਾਮ੍ਹਣੇ ਟਿਕਾਏ ਹੋਏ ਸਨ। ਗ਼ਲਤੀ ਨਾਲ ਮਨ ਹੀ ਮਨ ਵਿਚ ਮੈਂ ਸੋਚ ਬੈਠੀ ਸੀ ਕਿ ਕਾਰਨੀਵਲ ਦੀ ਮੌਜ-ਮਸਤੀ ਵਿਚ ਇੰਨੀ ਰੁੱਝੀ ਤੇ ਮੰਨੀ-ਪ੍ਰਮੰਨੀ ਔਰਤ ਭਲਾ ਮੇਰੀ ਗੱਲ ਕਿਉਂ ਸੁਣੇਗੀ। ਇਸ ਲਈ ਮੈਂ ਉਸ ਨੂੰ ਵਾਪਸ ਮਿਲਣ ਨਹੀਂ ਗਈ।”

14 ਕੁਝ ਸਮੇਂ ਬਾਅਦ, ਰੂਥ ਕਿੰਗਡਮ ਹਾਲ ਨੂੰ ਆਈ ਅਤੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਸ ਨੇ ਸੈਂਡਰਾ ਨੂੰ ਪੁੱਛਿਆ: “ਤੁਸੀਂ ਮੈਨੂੰ ਸਟੱਡੀ ਕਰਵਾਉਣ ਹੁਣ ਕਿਉਂ ਨਹੀਂ ਆਉਂਦੇ?” ਸੈਂਡਰਾ ਨੇ ਮਾਫ਼ੀ ਮੰਗੀ ਤੇ ਉਸ ਨਾਲ ਸਟੱਡੀ ਦੁਬਾਰਾ ਸ਼ੁਰੂ ਕੀਤੀ। ਰੂਥ ਨੇ ਥੋੜ੍ਹੇ ਹੀ ਸਮੇਂ ਵਿਚ ਕਾਫ਼ੀ ਤਰੱਕੀ ਕਰ ਲਈ। ਉਸ ਨੇ ਕਾਰਨੀਵਲ ਦੀਆਂ ਆਪਣੀਆਂ ਤਸਵੀਰਾਂ ਲਾ ਦਿੱਤੀਆਂ ਅਤੇ ਉਹ ਮੀਟਿੰਗਾਂ ਵਿਚ ਜਾਣ ਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲੱਗ ਪਈ। ਫਿਰ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤੀ। ਬਿਨਾਂ ਸ਼ੱਕ, ਸੈਂਡਰਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਹਿਲਾਂ-ਪਹਿਲ ਰੂਥ ਬਾਰੇ ਉਸ ਦੀ ਰਾਇ ਬਹੁਤ ਗ਼ਲਤ ਸੀ।

15, 16. (ੳ) ਇਕ ਭੈਣ ਦੇ ਆਪਣੇ ਰਿਸ਼ਤੇਦਾਰ ਨੂੰ ਗਵਾਹੀ ਦੇਣ ਦਾ ਕੀ ਨਤੀਜਾ ਨਿਕਲਿਆ? (ਅ) ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਸੱਚਾਈ ਬਾਰੇ ਗੱਲ ਕਰਨ ਤੋਂ ਕਿਉਂ ਨਹੀਂ ਝਿਜਕਣਾ ਚਾਹੀਦਾ?

15 ਕਈ ਭੈਣਾਂ-ਭਰਾਵਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਸੱਚਾਈ ਬਾਰੇ ਗੱਲ ਕਰ ਕੇ ਵੀ ਚੰਗੇ ਨਤੀਜੇ ਪਾਏ ਹਨ। ਉਨ੍ਹਾਂ ਵਿੱਚੋਂ ਕਈਆਂ ਨੂੰ ਪਹਿਲਾਂ-ਪਹਿਲ ਲੱਗਦਾ ਸੀ ਕਿ ਉਹ ਸੱਚਾਈ ਵਿਚ ਕਦੇ ਦਿਲਚਸਪੀ ਨਹੀਂ ਲੈਣਗੇ। ਮਿਸਾਲ ਲਈ, ਅਮਰੀਕਾ ਵਿਚ ਜੋਇਸ ਨਾਂ ਦੀ ਭੈਣ ਦੇ ਤਜਰਬੇ ਵੱਲ ਧਿਆਨ ਦਿਓ। ਉਸ ਦਾ ਜੀਜਾ ਛੋਟੀ ਉਮਰ ਤੋਂ ਹੀ ਕਈ ਵਾਰ ਜੇਲ੍ਹ ਜਾ ਚੁੱਕਾ ਸੀ। ਜੋਇਸ ਦੱਸਦੀ ਹੈ: “ਲੋਕ ਉਸ ਨੂੰ ਨਿਕੰਮਾ ਸਮਝਦੇ ਸਨ ਕਿਉਂਕਿ ਉਹ ਡ੍ਰੱਗਜ਼ ਦੇ ਧੰਦੇ, ਚੋਰੀ ਤੇ ਹੋਰ ਕਈ ਬੁਰੇ ਕੰਮਾਂ ਵਿਚ ਲੱਗਾ ਹੋਇਆ ਸੀ। ਇਸ ਦੇ ਬਾਵਜੂਦ ਮੈਂ ਕੁਝ 37 ਸਾਲਾਂ ਤੋਂ ਉਸ ਨਾਲ ਬਾਈਬਲ ਦੀ ਸੱਚਾਈ ਸਾਂਝੀ ਕਰਦੀ ਰਹੀ।” ਜੋਇਸ ਨੂੰ ਆਪਣੇ ਧੀਰਜ ਦਾ ਮਿੱਠਾ ਫਲ ਮਿਲਿਆ। ਉਸ ਦਾ ਜੀਜਾ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਹਾਲ ਹੀ ਦੇ ਸਮੇਂ ਵਿਚ 50 ਸਾਲ ਦੀ ਉਮਰ ਤੇ ਉਸ ਨੇ ਕੈਲੇਫ਼ੋਰਨੀਆ ਦੇ ਇਕ ਸੰਮੇਲਨ ਵਿਚ ਬਪਤਿਸਮਾ ਲਿਆ। ਜੋਇਸ ਦੱਸਦੀ ਹੈ: “ਮੈਂ ਖ਼ੁਸ਼ੀ ਦੇ ਹੰਝੂ ਰੋਕ ਨਾ ਸਕੀ। ਮੈਂ ਸ਼ੁਕਰ ਕਰਦੀ ਹਾਂ ਕਿ ਮੈਂ ਉਸ ਦੀ ਮਦਦ ਕਰਨੋਂ ਨਾ ਹਟੀ।”

16 ਸ਼ਾਇਦ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਪਿਛੋਕੜ ਕਾਰਨ ਉਨ੍ਹਾਂ ਦੇ ਨਾਲ ਗੱਲ ਕਰਨ ਤੋਂ ਝਿਜਕਦੇ ਹੋ। ਜੋਇਸ ਭੈਣ ਦੀ ਉਦਾਹਰਣ ਯਾਦ ਰੱਖੋ। ਉਹ ਕਦੇ ਵੀ ਆਪਣੇ ਜੀਜੇ ਨਾਲ ਗੱਲ ਕਰਨ ਤੋਂ ਝਿਜਕੀ ਨਹੀਂ ਸੀ। ਆਖ਼ਰਕਾਰ, ਸਾਡੇ ਵਿੱਚੋਂ ਕੌਣ ਜਾਣ ਸਕਦਾ ਹੈ ਕਿ ਕਿਸੇ ਦੇ ਦਿਲ ਵਿਚ ਕੀ ਹੈ? ਹੋ ਸਕਦਾ ਹੈ ਕਿ ਜਿਸ ਵਿਅਕਤੀ ਨਾਲ ਅਸੀਂ ਗੱਲ ਕਰੀਏ, ਉਹ ਸੱਚਾਈ ਦੀ ਭਾਲ ਕਰ ਰਿਹਾ ਹੋਵੇ। ਇਸ ਲਈ, ਸਾਨੂੰ ਇਹ ਮੌਕਾ ਉਨ੍ਹਾਂ ਦੇ ਹੱਥੋਂ ਖੋਹਣਾ ਨਹੀਂ ਚਾਹੀਦਾ।—ਕਹਾਉਤਾਂ 3:27 ਪੜ੍ਹੋ।

ਸਟੱਡੀ ਕਰਾਉਣ ਲਈ ਵਧੀਆ ਕਿਤਾਬ

17, 18. (ੳ) ਦੁਨੀਆਂ ਭਰ ਦੀਆਂ ਰਿਪੋਰਟਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਬਾਰੇ ਕੀ ਦੱਸਦੀਆਂ ਹਨ? (ਅ) ਇਸ ਕਿਤਾਬ ਨੂੰ ਇਸਤੇਮਾਲ ਕਰਨ ਦਾ ਤੁਹਾਡਾ ਕੀ ਤਜਰਬਾ ਹੈ?

17 ਕਈਆਂ ਦੇਸ਼ਾਂ ਤੋਂ ਰਿਪੋਰਟਾਂ ਆ ਰਹੀਆਂ ਹਨ ਕਿ ਬਹੁਤ ਸਾਰੇ ਸ਼ੁੱਧਮਨ ਲੋਕ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਟੱਡੀ ਕਰ ਰਹੇ ਹਨ। ਅਮਰੀਕਾ ਵਿਚ ਪੈਨੀ ਨਾਂ ਦੀ ਇਕ ਪਾਇਨੀਅਰ ਭੈਣ ਨੇ ਇਸ ਕਿਤਾਬ ਵਿੱਚੋਂ ਕਈਆਂ ਨਾਲ ਸਟੱਡੀ ਸ਼ੁਰੂ ਕੀਤੀ ਹੈ। ਉਨ੍ਹਾਂ ਵਿੱਚੋਂ ਦੋ ਵੱਡੀ ਉਮਰ ਦੇ ਵਿਅਕਤੀ ਚਰਚ ਦੇ ਵਫ਼ਾਦਾਰ ਮੈਂਬਰ ਸਨ। ਪੈਨੀ ਨੂੰ ਪਤਾ ਨਹੀਂ ਸੀ ਕਿ ਇਸ ਕਿਤਾਬ ਦਾ ਉਨ੍ਹਾਂ ਤੇ ਕੀ ਅਸਰ ਹੋਵੇਗਾ। ਫਿਰ ਵੀ, ਉਹ ਦੱਸਦੀ ਹੈ: “ਇਸ ਕਿਤਾਬ ਵਿਚ ਸੱਚਾਈਆਂ ਇੰਨੇ ਸਾਫ਼ ਤੇ ਸੌਖੇ ਤਰੀਕੇ ਨਾਲ ਸਮਝਾਈਆਂ ਗਈਆਂ ਹਨ ਕਿ ਉਹ ਦੋਵੇਂ ਨਾ ਗੁੱਸੇ ਹੋਏ ਤੇ ਨਾ ਹੀ ਉਨ੍ਹਾਂ ਨੇ ਬਹਿਸ ਕੀਤੀ, ਸਗੋਂ ਇਨ੍ਹਾਂ ਗੱਲਾਂ ਨੂੰ ਝੱਟ ਕਬੂਲ ਕਰ ਲਿਆ।”

18 ਪੈਟ ਨਾਂ ਦੀ ਭੈਣ ਨੂੰ ਏਸ਼ੀਆ ਦੇ ਇਕ ਦੇਸ਼ ਤੋਂ ਆਈ ਤੀਵੀਂ ਮਿਲੀ। ਉਸ ਤੀਵੀਂ ਦੇ ਦੇਸ਼ ਦੇ ਹਾਲਤ ਇੰਨੇ ਖ਼ਰਾਬ ਹੋ ਗਏ ਸਨ ਕਿ ਉਸ ਨੂੰ ਮਜਬੂਰਨ ਉੱਥੋਂ ਭੱਜਣਾ ਪਿਆ। ਪਹਿਲਾਂ ਤਾਂ ਬਾਗ਼ੀ ਫ਼ੌਜੀਆਂ ਨੇ ਉਸ ਦੇ ਪਤੀ ਤੇ ਮੁੰਡਿਆਂ ਨੂੰ ਅਗਵਾ ਕਰ ਲਿਆ। ਉਹ ਉਨ੍ਹਾਂ ਨੂੰ ਦੁਬਾਰਾ ਕਦੇ ਨਹੀਂ ਮਿਲੀ। ਫਿਰ ਫ਼ੌਜੀ ਉਸ ਨੂੰ ਡਰਾਉਣ-ਧਮਕਾਉਣ ਲੱਗ ਪਏ ਤੇ ਪਿੱਛੋਂ ਉਨ੍ਹਾਂ ਨੇ ਉਸ ਦਾ ਘਰ ਜਲਾ ਕੇ ਰਾਖ ਕਰ ਦਿੱਤਾ। ਇੰਨਾ ਹੀ ਨਹੀਂ, ਕੁਝ ਗੁੰਡਿਆਂ ਨੇ ਰਲ ਕੇ ਇਸ ਔਰਤ ਦੀ ਇੱਜ਼ਤ ਵੀ ਲੁੱਟੀ। ਜ਼ਿੰਦਗੀ ਤੋਂ ਅੱਕ ਕੇ ਉਸ ਨੇ ਕਈ ਵਾਰ ਆਤਮ-ਹੱਤਿਆ ਕਰਨ ਬਾਰੇ ਸੋਚਿਆ। ਪਰ ਬਾਈਬਲ ਦੀ ਸਿੱਖਿਆ ਤੋਂ ਉਸ ਨੂੰ ਉਮੀਦ ਦੀ ਕਿਰਨ ਮਿਲੀ। ਪੈਟ ਦੱਸਦੀ ਹੈ: “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿਚ ਇੰਨੇ ਸਰਲ ਤਰੀਕੇ ਨਾਲ ਗੱਲਾਂ ਸਮਝਾਈਆਂ ਗਈਆਂ ਹਨ ਤੇ ਇੰਨੇ ਵਧੀਆ ਦ੍ਰਿਸ਼ਟਾਂਤ ਦਿੱਤੇ ਗਏ ਹਨ ਕਿ ਇਨ੍ਹਾਂ ਦਾ ਉਸ ਦੇ ਦਿਲ ਤੇ ਗਹਿਰਾ ਅਸਰ ਪਿਆ।” ਉਸ ਨੇ ਸੱਚਾਈ ਵਿਚ ਜਲਦੀ ਤਰੱਕੀ ਕੀਤੀ ਅਤੇ ਉਹ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲੱਗ ਪਈ। ਫਿਰ ਉਸ ਨੇ ਅਗਲੇ ਸੰਮੇਲਨ ਤੇ ਬਪਤਿਸਮਾ ਲੈਣ ਦੀ ਇੱਛਾ ਪ੍ਰਗਟ ਕੀਤੀ। ਵਾਕਈ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਸਾਨੂੰ ਸ਼ੁੱਧਮਨ ਲੋਕਾਂ ਨੂੰ ਸੱਚਾਈ ਸਿਖਾਉਣ ਦਾ ਮੌਕਾ ਮਿਲਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਸ਼ਾ ਦੀ ਕਿਰਨ ਮਿਲਦੀ ਹੈ।

ਭਲਿਆਈ ਕਰਦਿਆਂ ਅੱਕੋ ਨਾ’

19. ਅੱਜ ਪ੍ਰਚਾਰ ਦਾ ਕੰਮ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

19 ਹਰ ਬੀਤਦੇ ਦਿਨ ਨਾਲ ਇਹ ਹੋਰ ਵੀ ਜ਼ਰੂਰੀ ਬਣਦਾ ਜਾ ਰਿਹਾ ਹੈ ਕਿ ਅਸੀਂ ਸਾਰਿਆਂ ਨੂੰ ਪ੍ਰਚਾਰ ਕਰੀਏ ਤੇ ਚੇਲੇ ਬਣਾਈਏ। ਹਰ ਸਾਲ ਹਜ਼ਾਰਾਂ ਹੀ ਲੋਕ ਬਾਈਬਲ ਦਾ ਸੰਦੇਸ਼ ਸੁਣ ਕੇ ਸੱਚਾਈ ਨੂੰ ਕਬੂਲ ਕਰ ਰਹੇ ਹਨ। ਲੇਕਿਨ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ” ਅਤੇ ਜਿਨ੍ਹਾਂ ਲੋਕਾਂ ਨੇ ਹਾਲੇ ਸੱਚਾਈ ਬਾਰੇ ਨਹੀਂ ਸਿੱਖਿਆ ਉਹ ਹਨੇਰੇ ਵਿਚ ਹਨ ਤੇ “ਘਾਤ ਹੋਣ ਲਈ ਝੂਲਦੇ ਫਿਰਦੇ ਹਨ।”—ਸਫ਼. 1:14; ਕਹਾ. 24:11.

20. ਸਾਨੂੰ ਸਾਰਿਆਂ ਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਜੇ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਜੋ ਹਾਲੇ ਹਨੇਰੇ ਵਿਚ ਹਨ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਹਿਲੀ ਸਦੀ ਦੇ ਭੈਣ-ਭਰਾਵਾਂ ਦੀ ਰੀਸ ਕਰੀਏ। ਉਹ ਇਹ ‘ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!’ (ਰਸੂ. 5:42) ਆਓ ਆਪਾਂ ਮੁਸ਼ਕਲਾਂ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੀਏ। ਆਓ ਆਪਾਂ ਆਪਣੀ ਸਿਖਾਉਣ ਦੀ ਕਲਾ ਨੂੰ ਨਿਖਾਰਦੇ ਰਹੀਏ ਅਤੇ ਬਿਨਾਂ ਭੇਦ-ਭਾਵ ਕੀਤਿਆਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਈਏ। ਆਓ ਆਪਾਂ ਭਲਾਈ ਕਰਦਿਆਂ ਅੱਕੀਏ ਨਾ ਕਿਉਂਕਿ ਇਸ ਤਰ੍ਹਾਂ ਕਰਨ ਦੁਆਰਾ ਅਸੀਂ ਯਹੋਵਾਹ ਦੀ ਮਿਹਰ ਪਾਵਾਂਗੇ।—2 ਤਿਮੋ. 4:2; ਗਲਾਤੀਆਂ 6:9 ਪੜ੍ਹੋ।

[ਫੁਟਨੋਟ]

^ ਪੈਰਾ 10 ਕੁਝ ਨਾਂ ਬਦਲੇ ਗਏ ਹਨ।

ਕੀ ਤੁਸੀਂ ਦੱਸ ਸਕਦੇ ਹੋ?

• ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਕੌਣ ਕਬੂਲ ਕਰ ਰਹੇ ਹਨ?

• ਪ੍ਰਚਾਰ ਕਰਦਿਆਂ ਸਾਨੂੰ ਭੇਦ-ਭਾਵ ਕਰਨ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ?

• ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਇਸਤੇਮਾਲ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲੇ ਹਨ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਹਜ਼ਾਰਾਂ ਹੀ ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ

[ਸਫ਼ਾ 15 ਉੱਤੇ ਤਸਵੀਰ]

ਪੌਲੁਸ ਰਸੂਲ ਦੀ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

[ਸਫ਼ਾ 16 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਬਿਨਾਂ ਭੇਦ-ਭਾਵ ਕੀਤਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ