ਮੈਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣਾ ਸਿੱਖਿਆ
ਜੀਵਨੀ
ਮੈਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣਾ ਸਿੱਖਿਆ
ਔਬਰੀ ਬੈਕਸਟਰ ਦੀ ਜ਼ਬਾਨੀ
1940 ਵਿਚ ਸ਼ਨੀਵਾਰ ਸ਼ਾਮ ਦੀ ਗੱਲ ਹੈ ਜਦ ਦੋ ਆਦਮੀਆਂ ਨੇ ਮੈਨੂੰ ਧੱਕਾ ਮਾਰ ਕੇ ਭੁੰਜੇ ਸੁੱਟ ਦਿੱਤਾ ਤੇ ਉਹ ਮੈਨੂੰ ਕੁੱਟਣ-ਮਾਰਨ ਲੱਗ ਪਏ। ਇਹ ਸਭ ਦੋ ਪੁਲਸ ਵਾਲਿਆਂ ਦੀਆਂ ਅੱਖਾਂ ਸਾਮ੍ਹਣੇ ਹੋਇਆ। ਪਰ ਉਨ੍ਹਾਂ ਮੇਰੀ ਮਦਦ ਕਰਨ ਦੀ ਬਜਾਇ ਇਨ੍ਹਾਂ ਬੰਦਿਆਂ ਦਾ ਸਾਥ ਦਿੱਤਾ। ਉੱਪਰੋਂ ਉਨ੍ਹਾਂ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ। ਮੇਰੇ ਨਾਲ ਇੰਨਾ ਬੇਰਹਿਮ ਸਲੂਕ ਕਿਉਂ ਕੀਤਾ ਗਿਆ? ਇਸ ਦਾ ਜਵਾਬ ਦੇਣ ਲਈ ਮੈਨੂੰ ਇਸ ਘਟਨਾ ਤੋਂ ਪੰਜ ਸਾਲ ਪਹਿਲਾਂ ਜੋ ਹੋਇਆ ਉਸ ਬਾਰੇ ਦੱਸਣਾ ਪਵੇਗਾ ਜਦ ਮੈਂ ਕੋਲੇ ਦੀ ਖਾਣ ਵਿਚ ਕੰਮ ਕਰਦਾ ਸੀ। ਆਓ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂ।
ਮੇਰਾ ਜਨਮ 1913 ਵਿਚ ਨਿਊ ਸਾਉਥ ਵੇਲਜ਼, ਆਸਟ੍ਰੇਲੀਆ ਦੇ ਸ੍ਵਾਨਸੀ ਸ਼ਹਿਰ ਵਿਚ ਹੋਇਆ ਸੀ। ਮੈਂ ਚੌਹਾਂ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸੀ। ਜਦ ਮੈਂ ਪੰਜ ਸਾਲਾਂ ਦਾ ਹੋਇਆ, ਤਾਂ ਸਾਰੇ ਪਰਿਵਾਰ ਨੂੰ ਸਪੈਨਿਸ਼ ਇਨਫਲੂਐਂਜ਼ਾ ਦਾ ਰੋਗ ਲੱਗ ਗਿਆ। ਇਸ ਭਿਆਨਕ ਰੋਗ ਨੇ ਸੰਸਾਰ ਭਰ ਵਿਚ ਕਰੋੜਾਂ ਜਾਨਾਂ ਲਈਆਂ ਸਨ। ਰੱਬ ਦਾ ਸ਼ੁਕਰ ਹੈ ਕਿ ਅਸੀਂ ਸਾਰੇ ਬਚ ਗਏ। ਪਰ 1933 ਵਿਚ ਸਾਡੀ ਦੁਨੀਆਂ ਉਜੜ ਗਈ ਜਦ ਮਾਤਾ ਜੀ ਦੀ ਅਚਾਨਕ ਮੌਤ ਹੋ ਗਈ। ਉਦੋਂ ਉਹ ਸਿਰਫ਼ 47 ਸਾਲਾਂ ਦੇ ਸਨ। ਉਹ ਰੱਬ ਨੂੰ ਬਹੁਤ ਮੰਨਦੇ ਸਨ ਤੇ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਤੋਂ ਦੋ ਕਿਤਾਬਾਂ ਲਈਆਂ ਸਨ।
ਉਸ ਸਮੇਂ ਮੈਂ ਕੋਲਿਆਂ ਦੀ ਖਾਣ ਵਿਚ ਕੰਮ ਕਰਦਾ ਸੀ। ਮੇਰਾ ਕੰਮ ਕੁਝ ਇਸ ਤਰ੍ਹਾਂ ਦਾ ਸੀ ਕਿ ਕਦੇ ਬਹੁਤਾ ਕਰਨ ਨੂੰ ਹੁੰਦਾ ਸੀ ਤੇ ਕਦੀ ਕੁਝ ਵੀ ਨਹੀਂ। ਇਸ ਲਈ ਮੈਂ ਕੰਮ ਤੇ ਆਪਣੇ ਨਾਲ ਇਹ ਕਿਤਾਬਾਂ ਲੈ ਆਉਂਦਾ ਸੀ ਤੇ ਮੌਕਾ ਮਿਲਣ ਤੇ ਉਨ੍ਹਾਂ ਨੂੰ ਪੜ੍ਹ ਲੈਂਦਾ ਸੀ। ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਕਿਤਾਬਾਂ ਵਿਚ ਸੱਚਾਈ ਹੈ। ਮੈਂ ਰੇਡੀਓ ਤੇ ਦਿੱਤੇ ਗਵਾਹਾਂ ਦੇ ਬਾਈਬਲ ਤੋਂ ਭਾਸ਼ਣ ਵੀ ਸੁਣਦਾ ਸੀ। ਮੈਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦ ਪਿਤਾ ਜੀ ਤੇ ਮੇਰੇ ਭਰਾ ਵੀ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ ਲੱਗ ਪਏ।
1935 ਵਿਚ ਫਿਰ ਤੋਂ ਸਾਡੇ ਘਰ ਵਿਚ ਗਮ ਛਾਂ ਗਿਆ ਜਦ ਮੇਰੇ ਛੋਟੇ ਭਰਾ ਬਿਲੀ ਦੀ ਨਮੂਨੀਆ ਤੋਂ ਮੌਤ ਹੋ ਗਈ। ਉਹ ਸਿਰਫ਼ 16 ਸਾਲਾਂ ਦਾ ਸੀ। ਪਰ ਇਸ ਵਾਰ ਬਾਈਬਲ ਦੇ ਵਾਅਦਿਆਂ ਰਸੂਲਾਂ ਦੇ ਕਰਤੱਬ 24:15) ਸਮੇਂ ਦੇ ਬੀਤਣ ਨਾਲ ਪਿਤਾ ਜੀ, ਮੇਰੇ ਦੋ ਵੱਡੇ ਭਰਾ, ਵਰਨਰ ਤੇ ਹੈਰਲਡ ਤੇ ਉਨ੍ਹਾਂ ਦੀਆਂ ਪਤਨੀਆਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਮੇਰੇ ਪਿਤਾ ਜੀ ਤੇ ਦੋਵੇਂ ਭਰਾ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਪਰ ਮੇਰੀਆਂ ਦੋ ਭਾਬੀਆਂ ਮਾਰਜਰੀ ਤੇ ਇਲਿਜ਼ਬਥ ਅਜੇ ਵੀ ਯਹੋਵਾਹ ਦੀ ਸੇਵਾ ਕਰ ਰਹੀਆਂ ਹਨ।
ਤੋਂ ਸਾਨੂੰ ਹੌਸਲਾ ਮਿਲਿਆ ਕਿ ਮੁਰਦੇ ਦੁਬਾਰਾ ਜੀ ਉੱਠਣਗੇ। (ਮੈਂ ਯਹੋਵਾਹ ਉੱਤੇ ਭਰੋਸਾ ਕਰਨਾ ਸਿੱਖਿਆ
ਯਹੋਵਾਹ ਦੇ ਗਵਾਹਾਂ ਨਾਲ ਮੇਰੀ ਮੁਲਾਕਾਤ 1935 ਵਿਚ ਹੋਈ ਸੀ ਜਦ ਇਕ ਯੂਕਰੇਨੀ ਔਰਤ ਸਾਡੇ ਘਰ ਆਈ। ਅਗਲੇ ਐਤਵਾਰ ਮੈਂ ਪਹਿਲੀ ਵਾਰ ਗਵਾਹਾਂ ਦੀ ਇਕ ਮੀਟਿੰਗ ਨੂੰ ਗਿਆ। ਇਕ ਹਫ਼ਤੇ ਬਾਅਦ ਮੈਂ ਉਨ੍ਹਾਂ ਨਾਲ ਪ੍ਰਚਾਰ ਕਰਨ ਵੀ ਗਿਆ। ਇਕ ਭਰਾ ਨੇ ਮੈਨੂੰ ਕੁਝ ਪੁਸਤਿਕਾਵਾਂ ਦਿੱਤੀਆਂ ਤੇ ਮੈਨੂੰ ਇਕੱਲੇ ਨੂੰ ਘਰ-ਘਰ ਜਾਣ ਲਈ ਭੇਜ ਦਿੱਤਾ। ਪਹਿਲੇ ਦਰਵਾਜ਼ੇ ਤੇ ਮੈਂ ਇੰਨਾ ਘਬਰਾ ਰਿਹਾ ਸੀ ਕਿ ਮੈਂ ਭੱਜ ਕੇ ਕਿਤੇ ਲੁਕ ਜਾਣਾ ਚਾਹੁੰਦਾ ਸੀ! ਪਰ ਘਰਵਾਲਾ ਖ਼ੁਸ਼ਮਿਜ਼ਾਜ ਸੀ ਤੇ ਉਸ ਨੇ ਮੈਥੋਂ ਕੁਝ ਪੜ੍ਹਨ ਲਈ ਵੀ ਲੈ ਲਿਆ।
ਉਪਦੇਸ਼ਕ ਦੀ ਪੋਥੀ 12:1 ਅਤੇ ਮੱਤੀ 28:19, 20 ਵਰਗੇ ਬਾਈਬਲ ਦੇ ਹਵਾਲਿਆਂ ਦਾ ਮੇਰੇ ਤੇ ਕਾਫ਼ੀ ਡੂੰਘਾ ਅਸਰ ਪਿਆ ਤੇ ਮੈਂ ਪਾਇਨੀਅਰ ਬਣ ਕੇ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣਾ ਚਾਹੁੰਦਾ ਸੀ। ਪਿਤਾ ਜੀ ਮੇਰੇ ਇਸ ਫ਼ੈਸਲੇ ਤੋਂ ਖ਼ੁਸ਼ ਸਨ। ਮੈਂ ਅਜੇ ਬਪਤਿਸਮਾ ਵੀ ਨਹੀਂ ਲਿਆ ਸੀ ਜਦ ਮੈਂ ਠਾਣ ਲਿਆ ਕਿ 15 ਜੁਲਾਈ 1936 ਵਿਚ ਮੈਂ ਪਾਇਨੀਅਰੀ ਸ਼ੁਰੂ ਕਰ ਲਵਾਂਗਾ। ਉਸ ਦਿਨ ਮੈਂ ਸਿਡਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਗਿਆ ਤੇ ਮੈਨੂੰ 12 ਪਾਇਨੀਅਰਾਂ ਨਾਲ ਸਿਡਨੀ ਲਾਗੇ ਡਲਿਜ ਹਿੱਲ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਉਨੀਂ ਦਿਨੀਂ ਪਾਇਨੀਅਰ ਖਾਣੇ ਦਾ ਖ਼ਰਚਾ ਘਟਾਉਣ ਲਈ ਖ਼ੁਦ ਦਾਣੇ ਪੀਂਹਦੇ ਹੁੰਦੇ ਸਨ। ਉਨ੍ਹਾਂ ਨੇ ਮੈਨੂੰ ਵੀ ਚੱਕੀ ਪੀਹਣੀ ਸਿਖਾ ਦਿੱਤੀ।
ਜੰਗਲੀ ਇਲਾਕੇ ਵਿਚ ਪ੍ਰਚਾਰ
1936 ਵਿਚ ਮੈਂ ਬਪਤਿਸਮਾ ਲੈ ਲਿਆ। ਫਿਰ ਮੈਨੂੰ ਦੋ ਪਾਇਨੀਅਰ ਭਰਾਵਾਂ ਨਾਲ ਮੱਧ ਕੁਈਨਜ਼ਲੈਂਡ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਇਨ੍ਹਾਂ ਦੋ ਭਰਾਵਾਂ ਦੇ ਨਾਂ ਸਨ ਔਬਰੀ ਵਿਲਸ ਅਤੇ ਕਲਾਈਵ ਸ਼ੇਡ। ਸਾਡੇ ਕੋਲ ਬਹੁਤਾ ਸਾਮਾਨ ਨਹੀਂ ਸੀ। ਬਸ ਔਬਰੀ ਦੀ ਕਾਰ ਸੀ, ਕੁਝ ਸਾਈਕਲ, ਇਕ ਫੋਨੋਗ੍ਰਾਫ, ਇਕ ਵੱਡਾ ਤੰਬੂ ਜਿਸ ਵਿਚ ਅਸੀਂ ਅਗਲੇ ਤਿੰਨ ਸਾਲਾਂ ਲਈ ਰਹੇ। ਇਸ ਤੋਂ ਇਲਾਵਾ ਸਾਡੇ ਕੋਲ ਤਿੰਨ ਬਿਸਤਰੇ, ਇਕ ਮੇਜ਼ ਤੇ ਇਕ ਪਤੀਲਾ ਸੀ। ਇਕ ਸ਼ਾਮ ਜਦ ਖਾਣਾ ਬਣਾਉਣ ਦੀ ਮੇਰੀ ਵਾਰੀ ਸੀ, ਮੈਂ ਸਬਜ਼ੀ ਵਿਚ ਮੈਦਾ ਪਾ ਕੇ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਵਿੱਚੋਂ ਕੋਈ ਵੀ ਇਹ ਖਾਣਾ ਨਾ ਖਾ ਸਕਿਆ। ਲਾਗੇ ਇਕ ਘੋੜਾ ਖੜ੍ਹਾ ਸੀ, ਸੋ ਮੈਂ ਉਸ ਨੂੰ ਖਾਣਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਵੀ ਖਾਣੇ ਨੂੰ ਸੁੰਘ ਕੇ ਮੂੰਹ ਮੋੜ ਲਿਆ! ਇਸ ਤੋਂ ਬਾਅਦ ਮੈਂ ਦੁਬਾਰਾ ਕੁਝ ਨਵਾਂ ਪਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਲਈ ਅਸੀਂ ਜਿਸ ਜਗ੍ਹਾ ਪ੍ਰਚਾਰ ਕਰਨ ਜਾਂਦੇ ਸੀ, ਉਸ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਸ਼ਾਮ ਨੂੰ ਕਈ ਵਾਰ ਤੰਬੂ ਨੂੰ ਵਾਪਸ ਆਉਂਦਿਆਂ ਦੇਰ ਹੋ ਜਾਂਦੀ ਸੀ ਜਿਸ ਕਰਕੇ ਮੈਂ ਰਾਤ ਕਿਤੇ ਹੋਰ ਗੁਜ਼ਾਰ ਲੈਂਦਾ ਸੀ। ਇਕ ਵਾਰ ਮੈਂ ਫਾਰਮ ਤੇ ਰਿਹਾ ਜਿੱਥੇ ਮੈਨੂੰ ਸੋਹਣਾ ਕਮਰਾ ਤੇ ਵਧੀਆ ਬਿਸਤਰਾ ਮਿਲਿਆ। ਅਗਲੀ ਰਾਤ ਮੈਂ ਕਾਂਗਰੂ ਦਾ ਸ਼ਿਕਾਰ ਕਰਨ ਵਾਲੇ ਦੀ ਝੁੱਗੀ ਵਿਚ ਜ਼ਮੀਨ ਤੇ ਕੱਟੀ। ਇਸ ਕਮਰੇ ਵਿਚ ਇਨ੍ਹਾਂ ਪਸ਼ੂਆਂ ਦੀ ਬਦਬੂਦਾਰ ਖੱਲ ਪਈ ਹੋਈ ਸੀ। ਕਈ ਵਾਰ ਮੈਂ ਝਾੜੀਆਂ ਵਿਚ ਸੌਂ ਲੈਂਦਾ ਸੀ। ਇਕ ਰਾਤ ਮੇਰੇ ਲਾਗੇ ਜੰਗਲੀ ਕੁੱਤੇ ਸਾਰੀ ਰਾਤ ਭੌਂਕਦੇ ਰਹੇ। ਉਸ ਰਾਤ ਮੇਰੀ ਅੱਖ ਨਹੀਂ ਲੱਗੀ। ਫਿਰ ਦਿਨ ਚੜ੍ਹਨ ਤੇ ਮੈਨੂੰ ਪਤਾ ਲੱਗਾ ਕਿ ਉਹ ਮੈਥੋਂ ਤਾਂ ਕੁਝ ਨਹੀਂ ਚਾਹੁੰਦੇ ਸੀ, ਸਗੋਂ ਮੇਰੇ ਨੇੜੇ ਪਏ ਗਲੇ-ਸੜੇ ਮਾਸ ਨੂੰ ਖਾਣਾ ਚਾਹੁੰਦੇ ਸੀ।
ਲਾਊਡ ਸਪੀਕਰ ਵਾਲੀ ਕਾਰ ਵਿਚ ਪ੍ਰਚਾਰ
ਅਸੀਂ ਆਪਣੀ ਕਾਰ ਤੇ ਲਾਊਡ ਸਪੀਕਰ ਲਾ ਕੇ ਪਰਮੇਸ਼ੁਰ ਦੇ ਰਾਜ ਦਾ ਐਲਾਨ ਕੀਤਾ। ਉੱਤਰੀ ਕੁਈਨਜ਼ਲੈਂਡ ਦੇ
ਟਾਊਨਜ਼ਵਿਲੇ ਸ਼ਹਿਰ ਵਿਚ ਪੁਲਸ ਨੇ ਸਾਨੂੰ ਕੇਂਦਰ ਵਿਚ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ। ਪਰ ਅਸੀਂ ਜਿਹੜਾ ਭਾਸ਼ਣ ਸੁਣਾ ਰਹੇ ਸੀ ਉਸ ਨੂੰ ਸੁਣ ਕੇ ਸਾਲਵੇਸ਼ਨ ਆਰਮੀ ਦੇ ਕੁਝ ਮੈਂਬਰ ਭੜਕ ਉੱਠੇ। ਉਨ੍ਹਾਂ ਨੇ ਸਾਨੂੰ ਉੱਥੋਂ ਜਾਣ ਲਈ ਕਿਹਾ, ਪਰ ਅਸੀਂ ਨਾਂਹ ਵਿਚ ਜਵਾਬ ਦਿੱਤਾ। ਇਹ ਸੁਣ ਕੇ ਪੰਜ ਜਣੇ ਸਾਡੀ ਕਾਰ ਨੂੰ ਹਿਲਾਉਣ ਲੱਗ ਪਏ। ਉਸ ਵੇਲੇ ਮੈਂ ਕਾਰ ਦੇ ਅੰਦਰ ਬੈਠਾ ਸਾਊਂਡ ਸਿਸਟਮ ਚਲਾ ਰਿਹਾ ਸੀ! ਆਪਣੀ ਜ਼ਿੱਦ ਤੇ ਅੜੇ ਰਹਿਣ ਦੀ ਬਜਾਇ ਅਸੀਂ ਉੱਥੋਂ ਚਲੇ ਜਾਣਾ ਠੀਕ ਸਮਝਿਆ।ਬੰਡਾਬਰਗ ਵਿਚ ਇਕ ਆਦਮੀ ਬਾਈਬਲ ਵਿਚ ਦਿਲਚਸਪੀ ਲੈਂਦਾ ਸੀ। ਉਸ ਨੇ ਸਾਨੂੰ ਇਕ ਕਿਸ਼ਤੀ ਦਿੱਤੀ ਤਾਂਕਿ ਅਸੀਂ ਬਰਨੇਟ ਦਰਿਆ ਤੋਂ ਪ੍ਰਚਾਰ ਕਰ ਸਕੀਏ। ਇਹ ਦਰਿਆ ਸ਼ਹਿਰ ਦੇ ਵਿਚਕਾਰ ਦੀ ਲੰਘਦਾ ਸੀ। ਔਬਰੀ ਤੇ ਕਲਾਈਵ ਸਾਊਂਡ ਸਿਸਟਮ ਲੈ ਕੇ ਕਿਸ਼ਤੀ ਵਿਚ ਚਲੇ ਗਏ ਤੇ ਮੈਂ ਉਸ ਹਾਲ ਵਿਚ ਰਿਹਾ ਜੋ ਅਸੀਂ ਕਰਾਏ ਤੇ ਲਿਆ ਸੀ। ਉਸ ਸ਼ਾਮ ਅਸੀਂ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਭਰਾ ਜੋਸਫ਼ ਐੱਫ਼. ਰਦਰਫ਼ਰਡ ਦਾ ਰਿਕਾਰਡ ਕੀਤਾ ਹੋਇਆ ਭਾਸ਼ਣ ਸੁਣਾਇਆ। ਇਸ ਭਾਸ਼ਣ ਦਾ ਸੰਦੇਸ਼ ਇੰਨਾ ਜੋਸ਼ ਭਰਿਆ ਸੀ ਕਿ ਉਸ ਦੀ ਆਵਾਜ਼ ਸਾਰੇ ਬੰਡਾਬਰਗ ਵਿਚ ਗੂੰਜ ਉੱਠੀ। ਉਨੀਂ ਦਿਨੀਂ ਪਰਮੇਸ਼ੁਰ ਦੇ ਲੋਕਾਂ ਲਈ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਉਨ੍ਹਾਂ ਨੂੰ ਦਲੇਰੀ ਤੇ ਨਿਹਚਾ ਦੀ ਲੋੜ ਸੀ।
ਯੁੱਧ ਕਾਰਨ ਆਈਆਂ ਮੁਸ਼ਕਲਾਂ
ਦੂਜਾ ਵਿਸ਼ਵ ਯੁੱਧ ਸਤੰਬਰ 1939 ਵਿਚ ਸ਼ੁਰੂ ਹੋਇਆ। ਇਸ ਤੋਂ ਥੋੜ੍ਹੀ ਦੇਰ ਬਾਅਦ 1 ਨਵੰਬਰ ਦੇ ਵਾਚਟਾਵਰ ਵਿਚ ਇਸ ਬਾਰੇ ਗੱਲ ਕੀਤੀ ਗਈ ਕਿ ਯਹੋਵਾਹ ਦੇ ਗਵਾਹਾਂ ਨੂੰ ਨਾ ਤਾਂ ਰਾਜਨੀਤੀ ਵਿਚ ਤੇ ਨਾ ਹੀ ਯੁੱਧ ਵਿਚ ਹਿੱਸਾ ਲੈਣਾ ਚਾਹੀਦਾ ਹੈ। ਬਾਅਦ ਵਿਚ ਇਹ ਜਾਣਕਾਰੀ ਮੇਰੇ ਬਹੁਤ ਕੰਮ ਆਈ। ਔਬਰੀ, ਕਲਾਈਵ ਤੇ ਮੈਨੂੰ ਇਕੱਠੇ ਪ੍ਰਚਾਰ ਕਰਦੇ ਤਿੰਨ ਸਾਲ ਹੋ ਗਏ ਸਨ, ਪਰ ਹੁਣ ਸਾਨੂੰ ਵੱਖ-ਵੱਖ ਥਾਵਾਂ ਤੇ ਭੇਜਿਆ ਗਿਆ। ਮੈਨੂੰ ਉੱਤਰੀ ਕੁਈਨਜ਼ਲੈਂਡ ਵਿਚ ਸਫ਼ਰੀ ਨਿਗਾਹਬਾਨ ਵਜੋਂ ਭੇਜਿਆ ਗਿਆ। ਇਸ ਨਵੇਂ ਕੰਮ ਵਿਚ ਯਹੋਵਾਹ ਉੱਤੇ ਮੇਰੀ ਨਿਹਚਾ ਕਈ ਵਾਰ ਪਰਖੀ ਗਈ।
ਅਗਸਤ 1940 ਵਿਚ ਮੈਂ ਟਾਊਨਜ਼ਵਿਲੇ ਦੀ ਕਲੀਸਿਯਾ ਵਿਚ ਸੇਵਾ ਕਰਨੀ ਸ਼ੁਰੂ ਕੀਤੀ। ਇਸ ਕਲੀਸਿਯਾ ਵਿਚ ਚਾਰ ਪਾਇਨੀਅਰ ਸਨ: ਪਰਸੀ ਤੇ ਇਲਮਾ ਇਜ਼ਲੋਬ ਜੋ ਪਤੀ-ਪਤਨੀ ਸਨ ਅਤੇ ਨੋਰਮਨ ਤੇ ਬੀਟਰਸ ਬੇਲੋਟੀ ਜੋ ਭੈਣ-ਭਰਾ ਸਨ। ਸ਼ਨੀਵਾਰ ਦੀ ਇਕ ਸ਼ਾਮ ਸੜਕ ਤੇ ਪ੍ਰਚਾਰ ਕਰਨ ਤੋਂ ਬਾਅਦ ਮੇਰੇ ਉੱਤੇ ਉਹ ਹਮਲਾ ਹੋਇਆ ਜਿਸ ਬਾਰੇ ਮੈਂ ਸ਼ੁਰੂ ਵਿਚ ਦੱਸਿਆ ਸੀ। ਪਰ ਇਸ ਘਟਨਾ ਕਰਕੇ ਹਿੰਮਤ ਹਾਰਾਨ ਦੀ ਬਜਾਇ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਪ੍ਰੇਰਣਾ ਮਿਲੀ। ਛੇ ਸਾਲ ਬਾਅਦ ਮੈਂ ਬੀਟਰਸ ਨਾਲ ਵਿਆਹ ਕਰ ਲਿਆ।
ਯੂਨਾ ਤੇ ਮਰਲ ਕਿਲਪੈਟਰਿਕ ਦੋ ਭੈਣਾਂ ਸਨ ਜੋ ਉੱਤਰ ਵਿਚ ਵਧੀਆ ਕੰਮ ਕਰ ਰਹੀਆਂ ਸਨ। ਮੈਂ ਉਨ੍ਹਾਂ ਨਾਲ ਇਕ ਦਿਨ ਪ੍ਰਚਾਰ ਕਰਨ ਵਿਚ ਲਾਇਆ। ਉਨ੍ਹਾਂ ਨੇ ਦਰਿਆ ਪਾਰ ਕਰ ਕੇ ਇਕ ਪਰਿਵਾਰ ਨੂੰ ਮਿਲਣ ਜਾਣਾ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਬੇੜੀ ਵਿਚ ਉਨ੍ਹਾਂ ਨੂੰ ਦਰਿਆ ਪਾਰ ਕਰਾਉਣ ਲਈ ਕਿਹਾ। ਪਰ ਬੇੜੀ ਦਰਿਆ ਦੇ ਦੂਜੇ ਕੰਢੇ ਸੀ। ਇਸ ਲਈ ਮੈਂ ਤੈਰ ਕੇ ਬੇੜੀ ਲੈਣ ਗਿਆ। ਪਰ ਜਦ ਮੈਂ ਬੇੜੀ ਕੋਲ ਪਹੁੰਚਾ, ਤਾਂ ਬੇੜੀ ਦੇ ਚੱਪੂ ਕਿਤੇ ਨਹੀਂ ਮਿਲ ਰਹੇ ਸਨ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਸਾਡੇ ਕੰਮ ਦੇ ਕਿਸੇ ਵਿਰੋਧੀ ਨੇ ਉਨ੍ਹਾਂ ਨੂੰ ਲੁਕਾ ਦਿੱਤਾ ਸੀ। ਪਰ ਉਸ ਦੀ ਚਾਲ ਨਹੀਂ ਚੱਲੀ। ਮੈਂ ਚੰਗੀ ਤਰ੍ਹਾਂ ਤੈਰ ਲੈਂਦਾ ਸੀ। ਇਸ ਲਈ ਮੈਂ ਬੇੜੀ ਦੀ ਰੱਸੀ ਲੱਕ ਨਾਲ ਬੰਨ੍ਹ ਲਈ ਤੇ ਉਹ ਨੂੰ ਭੈਣਾਂ ਕੋਲ ਲੈ ਗਿਆ ਤੇ ਫਿਰ ਉਨ੍ਹਾਂ ਨੂੰ ਬੇੜੀ ਵਿਚ ਬਿਠਾ ਕੇ ਦੂਜੇ ਕੰਢੇ ਪਹੁੰਚਾ ਦਿੱਤਾ। ਯਹੋਵਾਹ ਨੇ ਸਾਨੂੰ ਬਰਕਤ ਦਿੱਤੀ ਕਿਉਂਕਿ ਜਿਸ ਪਰਿਵਾਰ ਨੂੰ ਉਹ ਮਿਲਣ ਗਈਆਂ, ਉਹ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ।
ਯਹੋਵਾਹ ਦੀ ਓਟ ਵਿਚ
ਸੁਰੱਖਿਆ ਲਈ ਮਿਲਟਰੀ ਨੇ ਇੰਨਿਸਫੈਲ ਦੇ ਸ਼ਹਿਰ ਤੋਂ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਪਰ ਮੈਂ ਉੱਥੇ ਰਹਿੰਦਾ ਸੀ, ਜਿਸ ਕਰਕੇ ਮੇਰੇ ਕੋਲ ਆਉਣ-ਜਾਣ ਦੇ ਪੇਪਰ ਸਨ। ਇਹ ਖ਼ਾਸ
ਕਰਕੇ ਉਦੋਂ ਕੰਮ ਆਏ ਜਦ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਭਰਾ ਆਉਂਦੇ ਸਨ। ਨਾਕਾਬੰਦੀ ਵਿਚ ਦੀ ਲੰਘਾਉਣ ਲਈ ਮੈਂ ਉਨ੍ਹਾਂ ਨੂੰ ਆਪਣੀ ਕਾਰ ਦੀ ਪਿੱਛਲੀ ਸੀਟ ਥੱਲੇ ਲੁਕਾ ਲੈਂਦਾ ਸੀ।ਉਸ ਵੇਲੇ ਪਟਰੋਲ ਦੀ ਕਮੀ ਕਰਕੇ ਸਾਰਿਆਂ ਨੂੰ ਥੋੜ੍ਹਾ-ਥੋੜ੍ਹਾ ਪਟਰੋਲ ਦਿੱਤਾ ਜਾਂਦਾ ਸੀ ਅਤੇ ਕਈ ਕਾਰਾਂ ਤੇ ਗੈਸ ਬਣਾਉਣ ਵਾਲੇ ਯੰਤਰ ਲਾਏ ਜਾਂਦੇ ਸਨ। ਇੰਜਣ ਨੂੰ ਪਟਰੋਲ ਦੇਣ ਲਈ ਇਹ ਯੰਤਰ ਤੱਤੇ ਕੋਲਿਆਂ ਤੋਂ ਗੈਸ ਉਪਲਬਧ ਕਰਦਾ ਸੀ। ਮੈਂ ਰਾਤ ਨੂੰ ਸਫ਼ਰ ਕਰਦਾ ਸੀ ਤੇ ਕੋਲਿਆਂ ਦੀਆਂ ਬੋਰੀਆਂ ਪਿੱਛਲੀ ਸੀਟ ਤੇ ਰੱਖ ਦਿੰਦਾ ਸੀ ਤੇ ਸੀਟ ਥੱਲੇ ਭਰਾ ਨੂੰ ਛੁਪਾ ਦਿੰਦਾ ਸੀ। ਨਾਕਾਬੰਦੀ ਤੇ ਪਹੁੰਚ ਕੇ ਮੈਂ ਇੰਜਣ ਬੰਦ ਨਹੀਂ ਕਰਦਾ ਸੀ ਤੇ ਇਸ ਤਰ੍ਹਾਂ ਕੋਲਿਆਂ ਵਾਲਾ ਪੀਪਾ ਤੱਪਦਾ ਰਹਿੰਦਾ ਸੀ। ਇਕ ਰਾਤ ਮੈਂ ਉੱਚੀ ਆਵਾਜ਼ ਵਿਚ ਫ਼ੌਜੀਆਂ ਨੂੰ ਕਿਹਾ: “ਜੇ ਮੈਂ ਇੰਜਣ ਨੂੰ ਚਾਲੂ ਨਾ ਰੱਖਿਆ, ਤਾਂ ਇਸ ਨੂੰ ਦੁਬਾਰਾ ਚਾਲੂ ਕਰਨਾ ਮੁਸ਼ਕਲ ਹੋ ਜਾਵੇਗਾ।” ਪੀਪੇ ਤੋਂ ਸੇਕ, ਇੰਜਣ ਦੀ ਆਵਾਜ਼ ਤੇ ਹਰ ਪਾਸੇ ਕਾਲਖ ਦੇਖ ਕੇ ਉਨ੍ਹਾਂ ਨੇ ਕਾਰ ਉੱਤੇ ਸਰਸਰੀ ਨਜ਼ਰ ਫੇਰ ਕੇ ਮੈਨੂੰ ਜਲਦੀ ਲੰਘਾ ਦਿੱਤਾ।
ਉਸ ਸਮੇਂ ਮੇਰਾ ਕੰਮ ਸੀ ਕਿ ਮੈਂ ਟਾਊਨਜ਼ਵਿਲੇ ਦੇ ਭੈਣਾਂ-ਭਰਾਵਾਂ ਲਈ ਇਕ ਸੰਮੇਲਨ ਦਾ ਇੰਤਜ਼ਾਮ ਕਰਾਂ। ਉਨੀਂ ਦਿਨੀਂ ਖਾਣਾ ਰਾਸ਼ਨ ਕਾਰਡ ਤੇ ਮਿਲਦਾ ਸੀ ਤੇ ਸ਼ਹਿਰ ਦੇ ਮੈਜਿਸਟ੍ਰੇਟ ਤੋਂ ਇਸ ਦੀ ਇਜਾਜ਼ਤ ਲੈਣ ਦੀ ਲੋੜ ਸੀ। ਉਸ ਵੇਲੇ ਯੁੱਧ ਵਿਚ ਲੜਨ ਤੋਂ ਇਨਕਾਰ ਕਰਨ ਲਈ ਭਰਾਵਾਂ ਨੂੰ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਸੀ। ਇਸ ਲਈ ਜਦ ਮੈਂ ਮੈਜਿਸਟ੍ਰੇਟ ਨੂੰ ਮਿਲਣ ਗਿਆ, ਤਾਂ ਮੈਂ ਸੋਚਿਆ ਕਿ ਕਿਤੇ ਮੈਂ ਭੂੰਡਾਂ ਦੀ ਖੱਖਰ ਨੂੰ ਹੱਥ ਪਾਉਣ ਵਾਲੀ ਗੱਲ ਤਾਂ ਨਹੀਂ ਕਰ ਰਿਹਾ? ਫਿਰ ਵੀ ਜਿਵੇਂ ਮੈਨੂੰ ਕਿਹਾ ਗਿਆ ਸੀ ਮੈਂ ਉਵੇਂ ਹੀ ਕੀਤਾ ਤੇ ਉਸ ਨੂੰ ਮਿਲਣ ਚਲਾ ਗਿਆ।
ਮੈਜਿਸਟ੍ਰੇਟ ਨੇ ਮੈਨੂੰ ਆਪਣੇ ਦਫ਼ਤਰ ਅੰਦਰ ਬੁਲਾਇਆ ਤੇ ਉਸ ਨੇ ਮੈਨੂੰ ਬੈਠਣ ਲਈ ਕਿਹਾ। ਜਦ ਮੈਂ ਉਸ ਨੂੰ ਦੱਸਿਆ ਕਿ ਮੈਂ ਕਿਉਂ ਆਇਆ ਹਾਂ, ਤਾਂ ਉਹ ਆਕੜ ਕੇ ਅੱਖਾਂ ਪਾੜ ਕੇ ਮੇਰੇ ਵੱਲ ਦੇਖਣ ਲੱਗਾ। ਪਰ ਫਿਰ ਉਸ ਦਾ ਮਿਜ਼ਾਜ ਬਦਲ ਗਿਆ ਤੇ ਉਸ ਨੇ ਪੁੱਛਿਆ: “ਖਾਣੇ ਦਾ ਕਿੰਨਾ ਕੁ ਸਾਮਾਨ ਚਾਹੀਦਾ ਹੈ?” ਮੈਂ ਉਸ ਨੂੰ ਪਰਚੀ ਦਿੱਤੀ ਜਿਸ ਤੇ ਮੈਂ ਘੱਟ-ਤੋਂ-ਘੱਟ ਚੀਜ਼ਾਂ ਦੀ ਲਿਸਟ ਲਿਖੀ ਹੋਈ ਸੀ। ਲਿਸਟ ਵੱਲ ਦੇਖਦਿਆਂ ਉਸ ਨੇ ਕਿਹਾ: “ਇਹ ਤਾਂ ਕੁਝ ਵੀ ਨਹੀਂ। ਮੈਂ ਦੁਗਣੀਆਂ ਚੀਜ਼ਾਂ ਦੇਵਾਂਗਾ।” ਮੈਂ ਉਸ ਦੇ ਦਫ਼ਤਰ ਤੋਂ ਨਿਕਲ ਕੇ ਯਹੋਵਾਹ ਦਾ ਦਿਲੋਂ ਸ਼ੁਕਰ ਕੀਤਾ। ਇਕ ਵਾਰ ਫਿਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਫ਼ਾਇਦਾ ਦੇਖਿਆ।
ਜਨਵਰੀ 1941 ਵਿਚ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾਈ ਗਈ। ਕਈ ਲੋਕ ਸਾਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਪਏ ਸਨ। ਅਸੀਂ ਕੁਝ ਜ਼ਮੀਨ ਲਈ ਹੋਈ ਸੀ ਜਿੱਥੇ ਅਸੀਂ ਫਲ-ਸਬਜ਼ੀਆਂ ਬੀਜੀਆਂ ਹੋਈਆਂ ਸੀ। ਇਕ ਵਾਰ ਉੱਥੇ ਪੁਲਸ ਤੇ ਫ਼ੌਜੀਆਂ ਦੀਆਂ ਦੋ ਕਾਰਾਂ ਆ ਧਮਕੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਜਪਾਨੀ ਜਾਸੂਸ ਸਾਂ ਤੇ ਉਨ੍ਹਾਂ ਨੂੰ ਛੱਲੀਆਂ ਦੇ ਖੇਤ ਰਾਹੀਂ ਸੰਦੇਸ਼ ਦੇ ਰਹੇ ਸੀ! ਉਹ ਅਜਿਹੀ ਖੋਜ-ਬੱਤੀ ਵੀ ਲੱਭ ਰਹੇ ਸੀ ਜੋ ਉਨ੍ਹਾਂ ਦੇ ਕਹੇ ਮੁਤਾਬਕ ਅਸੀਂ ਦੁਸ਼ਮਣਾਂ ਨੂੰ ਸਿਗਨਲ ਦੇਣ ਲਈ ਵਰਤ ਰਹੇ ਸੀ। ਪਰ ਇਹ ਸਾਰੇ ਇਲਜ਼ਾਮ ਸਰਾਸਰ ਝੂਠੇ ਸਨ ਤੇ ਬਾਅਦ ਵਿਚ ਇਨ੍ਹਾਂ ਨੂੰ ਝੂਠਾ ਸਾਬਤ ਕੀਤਾ ਗਿਆ।
ਪਾਬੰਦੀ ਕਰਕੇ ਸਾਨੂੰ ਹਰ ਕੰਮ ਧਿਆਨ ਨਾਲ ਕਰਨਾ ਪੈਂਦਾ ਸੀ, ਖ਼ਾਸ ਕਰਕੇ ਉਦੋਂ ਜਦ ਅਸੀਂ ਭੈਣਾਂ-ਭਰਾਵਾਂ ਨੂੰ ਪ੍ਰਕਾਸ਼ਨ ਪਹੁੰਚਾਉਂਦੇ ਸੀ। ਮਿਸਾਲ ਲਈ, ਇਕ ਨਵੀਂ ਕਿਤਾਬ ਰਿਲੀਜ਼ ਕੀਤੀ ਗਈ ਜਿਸ ਦਾ ਨਾਂ ਸੀ ਬੱਚੇ। ਮੈਂ ਇਨ੍ਹਾਂ ਕਿਤਾਬਾਂ ਦਾ ਇਕ ਡੱਬਾ ਬਰਿਜ਼ਬੇਨ ਤੋਂ ਲਿਆ। ਫਿਰ ਮੈਂ ਉੱਥੋਂ ਟ੍ਰੇਨ ਫੜ ਕੇ ਉੱਤਰ ਵੱਲ ਗਿਆ ਤੇ ਉਨ੍ਹਾਂ ਸਟੇਸ਼ਨਾਂ ਤੇ ਕਿਤਾਬਾਂ ਛੱਡੀਆਂ ਜਿੱਥੇ ਕਲੀਸਿਯਾਵਾਂ ਸਨ। ਪੁਲਸ ਅਤੇ ਫ਼ੌਜੀਆਂ ਨੂੰ ਡੱਬਾ ਖੋਲ੍ਹਣ ਤੋਂ ਰੋਕਣ ਲਈ ਮੈਂ ਦੰਦਾਂ ਵਾਲਾ ਗੋਲ ਬਲੇਡ ਨਾਲ ਲਿਆਂਦਾ ਸੀ। ਜਦ ਵੀ ਮੈਂ ਸਟੇਸ਼ਨ ਤੇ ਉਤਰਦਾ ਸੀ, ਤਾਂ ਮੈਂ ਇਹ ਬਲੇਡ ਡੱਬੇ ਨਾਲ ਬੰਨ੍ਹ ਲੈਂਦਾ ਸੀ। ਇੱਦਾਂ ਕਿਸੇ ਦੀ ਵੀ ਡੱਬੇ ਨੂੰ ਖੋਲ੍ਹਣ ਦੀ ਜੁਰਅਤ ਨਹੀਂ ਪੈਂਦੀ ਸੀ। ਇਹ ਚਾਲ ਹਰ ਵਾਰੀ ਕੰਮ ਕਰ ਗਈ। ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਜੂਨ 1943 ਵਿਚ ਹਟਾਈ ਗਈ। ਇਕ ਜੱਜ ਦੇ ਸ਼ਬਦਾਂ ਅਨੁਸਾਰ ਇਹ ਪਾਬੰਦੀ ‘ਗਵਾਹਾਂ ਤੇ ਕਿਸੇ ਕਾਨੂੰਨ ਦੀ ਉਲੰਘਣਾ ਕਰਕੇ ਨਹੀਂ ਲਾਈ ਗਈ ਸੀ, ਸਗੋਂ ਇਕ ਜੱਜ ਨੇ ਆਪਣੀ ਮਨ-ਮਰਜ਼ੀ ਕਰ ਕੇ ਉਨ੍ਹਾਂ ਤੇ ਇਹ ਫ਼ੈਸਲਾ ਠੋਕ ਦਿੱਤਾ ਸੀ। ਨਤੀਜੇ ਵਜੋਂ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਜ਼ੁਲਮ ਸਹਿਣੇ ਪਏ।’
ਫ਼ੌਜ ਵਿਚ ਭਰਤੀ ਹੋਣ ਦਾ ਸੱਦਾ
1942 ਵਿਚ ਔਬਰੀ ਵਿਲਸ, ਨੋਰਮਨ ਬੇਲੋਟੀ ਤੇ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਿਆ। ਔਬਰੀ ਤੇ ਨੋਰਮਨ ਨੂੰ ਮੈਥੋਂ ਇਕ ਹਫ਼ਤਾ ਪਹਿਲਾਂ ਭਰਤੀ ਹੋਣ ਲਈ ਸੱਦਿਆ ਗਿਆ ਸੀ ਤੇ ਇਨਕਾਰ ਕਰਨ ਤੇ ਉਨ੍ਹਾਂ ਨੂੰ ਛੇ ਮਹੀਨਿਆਂ ਲਈ ਜੇਲ੍ਹ ਦੀ ਹਵਾ ਖਾਣੀ ਪਈ। ਉਸ ਸਮੇਂ ਗਵਾਹਾਂ ਦੇ ਪਤੇ ਤੇ ਭੇਜੇ ਗਏ ਵਾਚਟਾਵਰ ਰਸਾਲਿਆਂ ਨੂੰ ਡਾਕਖਾਨੇ ਵਿਚ ਹੀ ਰੱਖਿਆ ਜਾ ਰਿਹਾ ਸੀ, ਪਰ ਹੋਰਨਾਂ ਲੋਕਾਂ ਦੇ ਪਤੇ ਤੇ ਭੇਜੇ ਰਸਾਲਿਆਂ ਨੂੰ ਨਹੀਂ। ਸੋ ਮੈਨੂੰ ਇਕ ਨਵਾਂ ਕੰਮ ਸੌਂਪਿਆ ਗਿਆ ਕਿ ਮੈਂ ਅਜਿਹੇ ਕਿਸੇ ਵਿਅਕਤੀ ਨੂੰ ਲੱਭਾ ਜਿਸ ਨੂੰ ਸਾਡੇ ਰਸਾਲੇ ਮਿਲ ਰਹੇ ਸਨ ਤੇ ਇਨ੍ਹਾਂ ਦੀਆਂ ਕਾਪੀਆਂ ਬਣਵਾ ਕੇ ਭੈਣਾਂ-ਭਰਾਵਾਂ ਨੂੰ ਵੰਡ ਦਿਆਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਆਤਮਿਕ ਖ਼ੁਰਾਕ ਮਿਲਦੀ ਰਹੀ।
ਜਦ ਮੈਨੂੰ ਵੀ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਗਈ, ਤਾਂ ਮੈਂ ਸਿਡਨੀ ਵਿਚ ਬ੍ਰਾਂਚ ਆਫ਼ਿਸ ਦੀਆਂ ਹਿਦਾਇਤਾਂ ਅਨੁਸਾਰ ਇਕਦਮ ਅਪੀਲ ਕੀਤੀ। ਇਸ ਤਰ੍ਹਾਂ ਮੇਰੀ ਥਾਂ ਕਿਸੇ ਹੋਰ ਨੂੰ ਕੰਮ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕਰਨ ਦਾ ਸਮਾਂ ਮਿਲ ਗਿਆ। ਜਿੰਨਾ ਚਿਰ ਮੈਂ ਆਜ਼ਾਦ ਸੀ, ਮੈਂ ਉੱਤਰੀ ਕੁਈਨਜ਼ਲੈਂਡ ਵਿਚ ਕੈਦ ਕੀਤੇ ਗਏ 21 ਭਰਾਵਾਂ ਨੂੰ ਮਿਲਣ ਗਿਆ। ਜ਼ਿਆਦਾਤਰ ਭਰਾ ਇੱਕੋ ਜੇਲ੍ਹ ਵਿਚ ਸਨ ਤੇ ਉੱਥੇ ਦਾ ਦਰੋਗਾ ਸਾਡੇ ਨਾਲ ਸਖ਼ਤ ਨਫ਼ਰਤ ਕਰਦਾ ਸੀ। ਜਦ ਮੈਂ ਉਸ ਨੂੰ ਕਿਹਾ ਕਿ “ਬਾਕੀ ਦੇ ਧਰਮਾਂ ਦੇ ਪਾਦਰੀ ਵੀ ਆਪਣੇ ਲੋਕਾਂ ਨੂੰ ਮਿਲਣ ਆਉਂਦੇ ਹਨ,” ਤਾਂ ਉਹ ਲਾਲ-ਪੀਲਾ ਹੋ ਗਿਆ। ਉਸ ਨੇ ਚਿਲਾ ਕੇ ਕਿਹਾ, “ਜੇ ਮੇਰਾ ਬਸ ਚੱਲੇ, ਤਾਂ ਮੈਂ ਤੁਹਾਨੂੰ ਇਕੱਲੇ-ਇਕੱਲੇ ਨੂੰ ਲਾਈਨ ’ਚ ਖੜ੍ਹਾ ਕਰ ਕੇ ਗੋਲੀ ਮਾਰ ਦੇਵਾਂ!” ਪਹਿਰੇਦਾਰ ਮੈਨੂੰ ਜਲਦੀ-ਜਲਦੀ ਬਾਹਰ ਲੈ ਗਏ।
ਜਦ ਅਦਾਲਤ ਵਿਚ ਮੇਰੇ ਮੁਕੱਦਮੇ ਦੀ ਸੁਣਵਾਈ ਹੋਈ, ਤਾਂ ਮੇਰੇ ਲਈ ਸਰਕਾਰੀ ਵਕੀਲ ਠਹਿਰਾਇਆ ਗਿਆ। ਪਰ ਅਸਲ ਵਿਚ ਮੈਂ ਆਪ ਆਪਣਾ ਮੁਕੱਦਮਾ ਲੜਿਆ। ਇੰਜ ਕਰਨ ਲਈ ਮੈਨੂੰ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਣ ਦੀ ਲੋੜ ਸੀ। ਯਹੋਵਾਹ ਨੇ ਮੇਰੀ ਖੂਬ ਮਦਦ ਕੀਤੀ। (ਲੂਕਾ 12:11, 12; ਫ਼ਿਲਿੱਪੀਆਂ 4:6, 7) ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਕਾਗਜ਼-ਪੱਤਰਾਂ ਵਿਚ ਗ਼ਲਤੀਆਂ ਹੋਣ ਕਰਕੇ ਮੈਂ ਮੁਕੱਦਮਾ ਜਿੱਤ ਗਿਆ।
1944 ਵਿਚ ਮੈਨੂੰ ਦੱਖਣੀ ਆਸਟ੍ਰੇਲੀਆ, ਉੱਤਰੀ ਵਿਕਟੋਰੀਆ ਤੇ ਨਿਊ ਸਾਉਥ ਵੇਲਜ਼ ਵਿਚ ਸਿਡਨੀ ਸ਼ਹਿਰ ਦੀਆਂ ਸਾਰੀਆਂ ਕਲੀਸਿਯਾਵਾਂ ਨੂੰ ਮਿਲਣ ਦਾ ਕੰਮ ਸੌਂਪਿਆ ਗਿਆ। ਅਗਲੇ ਸਾਲ ਪਬਲਿਕ ਭਾਸ਼ਣ ਦੇਣ ਦਾ ਪ੍ਰਬੰਧ ਸ਼ੁਰੂ ਕੀਤਾ ਗਿਆ ਤੇ ਹਰ ਭਰਾ ਸੰਸਥਾ ਤੋਂ ਮਿਲੀ ਰੂਪ-ਰੇਖਾ ਵਰਤਦਾ ਹੋਇਆ ਆਪਣਾ ਭਾਸ਼ਣ ਤਿਆਰ ਕਰਦਾ ਸੀ। ਘੰਟਾ ਲੰਬਾ ਭਾਸ਼ਣ ਦੇਣਾ ਭਰਾਵਾਂ ਲਈ ਹਮੇਸ਼ਾ ਸੌਖਾ ਨਹੀਂ ਸੀ, ਪਰ ਯਹੋਵਾਹ ਤੇ ਪੱਕਾ ਭਰੋਸਾ ਰੱਖ ਕੇ ਅਸੀਂ ਆਪਣੀ ਪੂਰੀ ਵਾਹ ਲਾਈ ਤੇ ਯਹੋਵਾਹ ਨੇ ਸਾਡੀਆਂ ਕੋਸ਼ਿਸ਼ਾਂ ਨੂੰ ਸਫ਼ਲ ਕੀਤਾ।
ਵਿਆਹ ਅਤੇ ਨਵੀਆਂ ਜ਼ਿੰਮੇਵਾਰੀਆਂ
ਜੁਲਾਈ 1946 ਵਿਚ ਬੀਟਰਸ ਬੇਲੋਟੀ ਨਾਲ ਮੇਰੀ ਸ਼ਾਦੀ ਹੋ ਗਈ ਤੇ ਅਸੀਂ ਇਕੱਠਿਆਂ ਨੇ ਪਾਇਨੀਅਰੀ ਕੀਤੀ। ਅਸੀਂ ਇਕ ਟ੍ਰੇਲਰ ਵਿਚ ਰਹਿੰਦੇ ਸੀ। ਸਾਡੀ ਬੇਟੀ ਜੈਨਿਸ ਦਾ ਜਨਮ ਦਸੰਬਰ 1950 ਵਿਚ ਹੋਇਆ। ਅਸੀਂ ਕਈ ਥਾਵਾਂ ਵਿਚ ਪਾਇਨੀਅਰੀ ਕੀਤੀ। ਨਿਊ ਸਾਉਥ ਵੇਲਜ਼ ਦੇ ਕੇਂਪਸੀ ਸ਼ਹਿਰ ਵਿਚ ਤਾਂ ਸਾਡੇ ਤੋਂ ਇਲਾਵਾ ਹੋਰ ਕੋਈ ਗਵਾਹ ਨਹੀਂ ਸੀ। ਹਰ ਐਤਵਾਰ ਅਸੀਂ ਇਕ ਹਾਲ ਵਿਚ ਇਕੱਠੇ ਹੁੰਦੇ ਸੀ ਤੇ ਮੈਂ ਪਬਲਿਕ ਭਾਸ਼ਣ ਦਿੰਦਾ ਸੀ। ਇਹ ਭਾਸ਼ਣ ਸੁਣਨ ਲਈ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹੁੰਦੇ ਸੀ। ਕਈ ਮਹੀਨਿਆਂ ਤਕ ਤਾਂ ਸਿਰਫ਼ ਬੀਟਰਸ ਤੇ ਜੈਨਿਸ ਭਾਸ਼ਣ ਸੁਣਨ ਲਈ ਹਾਜ਼ਰ ਹੋਈਆਂ, ਪਰ ਫਿਰ ਹੌਲੀ-ਹੌਲੀ ਹੋਰ ਲੋਕ ਆਉਣ ਲੱਗ ਪਏ। ਅੱਜ ਕੇਂਪਸੀ ਵਿਚ ਤਰੱਕੀ ਕਰ ਰਹੀਆਂ ਦੋ ਕਲੀਸਿਯਾਵਾਂ ਹਨ।
ਜਦ ਜੈਨਿਸ ਦੋ ਸਾਲਾਂ ਦੀ ਸੀ, ਤਾਂ ਅਸੀਂ ਬਰਿਜ਼ਬੇਨ ਵਿਚ ਰਹਿਣ ਚਲੇ ਗਏ। ਫਿਰ ਉਸ ਦੇ ਸਕੂਲ ਖ਼ਤਮ ਕਰਨ ਤੋਂ ਬਾਅਦ ਅਸੀਂ ਤਿੰਨਾਂ ਜਣਿਆਂ ਨੇ ਚਾਰ ਸਾਲਾਂ ਤਕ ਨਿਊ ਸਾਉਥ ਵੇਲਜ਼ ਦੇ ਸੇਸਨੋਕ ਸ਼ਹਿਰ ਵਿਚ ਪਾਇਨੀਅਰੀ ਕੀਤੀ। ਫਿਰ ਸਾਨੂੰ ਬੀਟਰਸ ਦੀ ਬੀਮਾਰ ਮਾਂ ਦੀ ਦੇਖ-ਭਾਲ ਕਰਨ ਲਈ ਬਰਿਜ਼ਬੇਨ ਮੁੜਨਾ ਪਿਆ। ਅੱਜ-ਕੱਲ੍ਹ ਮੈਂ ਚਰਮਸਾਈਡ ਕਲੀਸਿਯਾ ਵਿਚ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰ ਰਿਹਾ ਹਾਂ।
ਬੀਟਰਸ ਤੇ ਮੈਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਸਾਡੀ ਝੋਲੀ ਬਰਕਤਾਂ ਨਾਲ ਭਰੀ ਹੈ। ਉਸ ਦੀ ਮਦਦ ਨਾਲ ਅਸੀਂ ਉਸ ਦੀ ਸੇਵਾ ਕਰਨ ਵਿਚ 32 ਲੋਕਾਂ ਦੀ ਮਦਦ ਕਰ ਸਕੇ ਹਾਂ। ਮੈਂ ਯਹੋਵਾਹ ਦਾ ਧੰਨਵਾਦੀ ਹਾਂ ਕਿ ਉਸ ਨੇ ਮੈਨੂੰ ਬੀਟਰਸ ਵਰਗੀ ਪਤਨੀ ਦਿੱਤੀ ਜੋ ਕੋਮਲ ਤੇ ਨਿਮਰ ਹੋਣ ਦੇ ਨਾਲ-ਨਾਲ ਉਹ ਯਹੋਵਾਹ ਲਈ ਦਲੇਰ ਵੀ ਹੈ। ਯਹੋਵਾਹ ਲਈ ਉਸ ਦਾ ਪਿਆਰ, ਯਹੋਵਾਹ ਉੱਤੇ ਉਸ ਦਾ ਭਰੋਸਾ ਤੇ ਉਸ ਦੀ ‘ਨਿਰਮਲ ਅੱਖ’ ਨੇ ਉਸ ਨੂੰ ਇਕ ਕਾਬਲ ਪਤਨੀ ਤੇ ਮਾਂ ਬਣਾਇਆ ਹੈ। (ਮੱਤੀ 6:22, 23; ਕਹਾਉਤਾਂ 12:4) ਅਸੀਂ ਦੋਵੇਂ ਆਪਣੇ ਪੂਰੇ ਦਿਲ ਨਾਲ ਕਹਿ ਸਕਦਾ ਹਾਂ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ।”—ਯਿਰਮਿਯਾਹ 17:7.
[ਸਫ਼ਾ 9 ਉੱਤੇ ਤਸਵੀਰ]
ਉੱਤਰੀ ਕੁਈਨਜ਼ਲੈਂਡ ਵਿਚ ਅਸੀਂ ਇਸ ਕਾਰ ਉੱਤੇ ਲਾਊਡ ਸਪੀਕਰ ਲਾ ਕੇ ਪ੍ਰਚਾਰ ਕੀਤਾ
[ਸਫ਼ਾ 10 ਉੱਤੇ ਤਸਵੀਰ]
ਬਰਸਾਤ ਦੇ ਮੌਸਮ ਦੌਰਾਨ ਉੱਤਰੀ ਕੁਈਨਜ਼ਲੈਂਡ ਵਿਚ ਕਿਲਪੈਟਰਿਕ ਭੈਣਾਂ ਦੀ ਕਾਰ ਨੂੰ ਪਾਣੀ ਵਿੱਚੋਂ ਕੱਢਦੇ ਹੋਏ
[ਸਫ਼ਾ 12 ਉੱਤੇ ਤਸਵੀਰ]
ਸਾਡੇ ਵਿਆਹ ਵਾਲੇ ਦਿਨ