Skip to content

Skip to table of contents

ਯਿਸੂ ਦੇ ਜਨਮ ਨਾਲ ਸ਼ਾਂਤੀ ਦਾ ਸੰਬੰਧ

ਯਿਸੂ ਦੇ ਜਨਮ ਨਾਲ ਸ਼ਾਂਤੀ ਦਾ ਸੰਬੰਧ

ਯਿਸੂ ਦੇ ਜਨਮ ਨਾਲ ਸ਼ਾਂਤੀ ਦਾ ਸੰਬੰਧ

“ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।” ਇਸ ਭਵਿੱਖਬਾਣੀ ਤੋਂ ਇਲਾਵਾ ਹੋਰ ਵੀ ਕਈ ਭਵਿੱਖਬਾਣੀਆਂ ਹਨ ਜਿਨ੍ਹਾਂ ਦਾ ਤਅੱਲਕ ਯਿਸੂ ਦੇ ਜਨਮ ਨਾਲ ਹੈ। ਮਿਸਾਲ ਲਈ, ਅਯਾਲੀਆਂ ਤੋਂ ਇਲਾਵਾ ਦੂਤਾਂ ਨੇ ਮਰਿਯਮ ਅਤੇ ਉਸ ਦੇ ਪਤੀ ਯੂਸੁਫ਼ ਨੂੰ ਵੀ ਯਿਸੂ ਬਾਰੇ ਦੱਸਿਆ ਸੀ। ਦੂਤਾਂ ਦੇ ਇਨ੍ਹਾਂ ਸੰਦੇਸ਼ਾਂ ਦੀ ਜਾਂਚ ਕਰਨ  ਨਾਲ ਹੀ ਅਸੀਂ ਸ਼ਾਂਤੀ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਝ ਸਕਾਂਗੇ।

ਮਰਿਯਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਜਬਰਾਏਲ ਨਾਂ ਦਾ ਇਕ ਦੂਤ ਉਸ ਨੂੰ ਮਿਲਣ ਆਇਆ ਸੀ। ਉਸ ਨੇ ਮਰਿਯਮ ਨੂੰ ਕਿਹਾ: “ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ [ਯਹੋਵਾਹ] ਤੇਰੇ ਨਾਲ ਹੈ।” ਇਹ ਸੁਣ ਕੇ ਮਰਿਯਮ ਬਿਲਕੁਲ ਘਬਰਾ ਗਈ। ਉਹ ਮਨ ਹੀ ਮਨ ਵਿਚ ਸੋਚਣ ਲੱਗੀ, ਉਸ ਨੂੰ ਕਿਸ ਵਾਸਤੇ ਵਧਾਈ ਦਿੱਤੀ ਗਈ ਹੈ? ਇਸ ਦਾ ਕੀ ਮਤਲਬ ਹੈ?

ਜਬਰਾਏਲ ਨੇ ਸਮਝਾਇਆ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” ਮਰਿਯਮ ਨੇ ਦੂਤ ਨੂੰ ਪੁੱਛਿਆ ਕਿ ਉਹ ਗਰਭਵਤੀ ਕਿਸ ਤਰ੍ਹਾਂ ਹੋ ਸਕਦੀ ਸੀ ਜਦ ਕਿ ਉਹ ਅਜੇ ਕੁਆਰੀ ਹੀ ਸੀ। ਜਬਰਾਏਲ ਨੇ ਜਵਾਬ ਦਿੱਤਾ ਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਗਰਭਵਤੀ ਹੋਵੇਗੀ। ਉਸ ਨੇ ਇਕ ਆਮ ਬੱਚੇ ਨੂੰ ਨਹੀਂ ਬਲਕਿ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਣਾ ਸੀ।—ਲੂਕਾ 1:28-35.

ਸ਼ਾਂਤੀ ਦਾ ਰਾਜ ਕੁਮਾਰ

ਜਬਰਾਏਲ ਦੀਆਂ ਗੱਲਾਂ ਤੋਂ ਮਰਿਯਮ ਜ਼ਰੂਰ ਸਮਝ ਗਈ ਹੋਣੀ ਕਿ ਜਿਸ ਬੱਚੇ ਨੂੰ ਉਸ ਨੇ ਜਨਮ ਦੇਣਾ ਸੀ, ਉਹ ਉਹੀ ਸੀ ਜਿਸ ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਮਰਿਯਮ ਇਕ ਯਹੂਦਣ ਹੋਣ ਕਾਰਨ ਸ਼ਾਸਤਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਜਦ ਮਰਿਯਮ ਨੂੰ ਦੱਸਿਆ ਗਿਆ ਕਿ ਯਹੋਵਾਹ ਉਸ ਦੇ ਪੁੱਤਰ ਨੂੰ “ਦਾਊਦ ਦਾ ਤਖ਼ਤ” ਦੇਵੇਗਾ, ਤਾਂ ਇਹ ਜਾਣ ਕੇ ਮਰਿਯਮ ਨੇ ਜ਼ਰੂਰ ਉਨ੍ਹਾਂ ਸਾਰੇ ਵਾਅਦਿਆਂ ਬਾਰੇ ਸੋਚਿਆ ਹੋਣਾ ਜੋ ਪਰਮੇਸ਼ੁਰ ਨੇ ਇਸਰਾਏਲ ਦੇ ਰਾਜਾ ਦਾਊਦ ਨਾਲ ਕੀਤੇ ਸਨ।

ਨਾਥਾਨ ਨਬੀ ਰਾਹੀਂ ਯਹੋਵਾਹ ਨੇ ਦਾਊਦ ਨੂੰ ਦੱਸਿਆ ਸੀ: “ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ।” (2 ਸਮੂਏਲ 7:4, 16) ਯਹੋਵਾਹ ਨੇ ਦਾਊਦ ਬਾਰੇ ਕਿਹਾ ਸੀ: “ਮੈਂ ਉਹ ਦੇ ਵੰਸ ਨੂੰ ਸਦਾ ਤੀਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਙੁ ਸਾਂਭਾਂਗਾ। ਉਹ ਦਾ ਵੰਸ ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਮੇਰੇ ਅੱਗੇ ਬਣੀ ਰਹੇਗੀ।” (ਜ਼ਬੂਰਾਂ ਦੀ ਪੋਥੀ 89:20, 29, 35, 36) ਇਸ ਲਈ ਇਹ ਕੋਈ ਇਤਫ਼ਾਕ ਨਹੀਂ ਸੀ ਕਿ ਮਰਿਯਮ ਅਤੇ ਯੂਸੁਫ਼ ਦਾਊਦ ਦੇ ਘਰਾਣੇ ਵਿੱਚੋਂ ਸਨ।

ਇਬਰਾਨੀ ਸ਼ਾਸਤਰਾਂ ਵਿਚ ਦਾਊਦ ਦੇ ਇਸ ਪੁੱਤਰ ਬਾਰੇ ਹੋਰ ਵੀ ਭਵਿੱਖਬਾਣੀਆਂ ਹਨ। ਮਿਸਾਲ ਲਈ, ਮਰਿਯਮ ਯਸਾਯਾਹ ਦੀ ਭਵਿੱਖਬਾਣੀ ਤੋਂ ਵੀ ਵਾਕਫ਼ ਸੀ ਜਿਸ ਵਿਚ ਲਿਖਿਆ ਹੈ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, ‘ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ।’ ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ। ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।”—ਯਸਾਯਾਹ 9:6, 7.

ਤਾਂ ਫਿਰ, ਯਿਸੂ ਨੇ ਚਮਤਕਾਰੀ ਢੰਗ ਨਾਲ ਜਨਮ ਲੈਣ ਦੇ ਨਾਲ-ਨਾਲ ਰਾਜਾ ਦਾਊਦ ਦੇ ਸ਼ਾਹੀ ਖ਼ਾਨਦਾਨ ਦਾ ਵਾਰਸ ਵੀ ਬਣਨਾ ਸੀ। ਉਸ ਨੇ ਸਦਾ ਲਈ ਰਾਜ ਕਰਨਾ ਸੀ ਤੇ ਉਸ ਦੇ ਰਾਜ ਨੂੰ ਕੋਈ ਵੀ ਪਲਟਾ ਨਹੀਂ ਸਕਦਾ ਸੀ। ਪਰ ਕੀ ਯਿਸੂ ਬਾਰੇ ਜਬਰਾਏਲ ਦੂਤ ਦੀਆਂ ਭਵਿੱਖਬਾਣੀਆਂ ਸਾਡੇ ਲਈ ਕੋਈ ਮਾਅਨੇ ਰੱਖਦੀਆਂ ਹਨ?

ਜਦ ਯੂਸੁਫ਼ ਨੂੰ ਪਤਾ ਲੱਗਾ ਕਿ ਉਸ ਦੀ ਮੰਗੇਤਰ ਮਰਿਯਮ ਗਰਭਵਤੀ ਸੀ, ਤਾਂ ਉਸ ਨੇ ਮੰਗਣੀ ਤੋੜਨ ਦਾ ਫ਼ੈਸਲਾ ਕੀਤਾ। ਉਹ ਜਾਣਦਾ ਸੀ ਕਿ ਇਹ ਬੱਚਾ ਉਸ ਦਾ ਨਹੀਂ ਸੀ। ਜ਼ਰਾ ਕਲਪਨਾ ਕਰੋ ਕਿ ਜਦ ਮਰਿਯਮ ਨੇ ਉਸ ਨੂੰ ਸਾਰੀ ਗੱਲ ਸਮਝਾਈ, ਤਾਂ ਇਸ ਗੱਲ ਤੇ ਵਿਸ਼ਵਾਸ ਕਰਨਾ ਯੂਸੁਫ਼ ਲਈ ਕਿੰਨਾ ਔਖਾ ਹੋਇਆ ਹੋਣਾ! ਬਾਈਬਲ ਦਾ ਬਿਰਤਾਂਤ ਕਹਿੰਦਾ ਹੈ: “ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”—ਮੱਤੀ 1:20, 21.

ਕੀ ਯੂਸੁਫ਼ ਨੂੰ ਪੂਰੀ ਤਰ੍ਹਾਂ ਸਮਝ ਆਈ ਸੀ ਕਿ ਯਿਸੂ ਨੇ “ਲੋਕਾਂ ਨੂੰ ਉਨ੍ਹਾਂ ਦੇ ਪਾਪਾਂ” ਤੋਂ ਕਿਸ ਤਰ੍ਹਾਂ ਬਚਾਉਣਾ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਪਰ ਦੂਤ ਦੇ ਸੰਦੇਸ਼ ਨੇ ਯੂਸੁਫ਼ ਦੇ ਸਾਰੇ ਸ਼ੱਕ ਦੂਰ ਕਰ ਦਿੱਤੇ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਮਰਿਯਮ ਨੇ ਕੋਈ ਪਾਪ ਨਹੀਂ ਕੀਤਾ ਸੀ। ਯੂਸੁਫ਼ ਦੂਤ ਦਾ ਕਿਹਾ ਮੰਨ ਕੇ ਮਰਿਯਮ ਨੂੰ ਵਿਆਹ ਕੇ ਆਪਣੇ ਘਰ ਲੈ ਗਿਆ।

ਬਾਈਬਲ ਦੇ ਹੋਰ ਹਵਾਲੇ ਦੂਤ ਦੀ ਕਹੀ ਗੱਲ ਨੂੰ ਸਮਝਣ ਵਿਚ ਸਾਡੀ ਮਦਦ ਕਰਦੇ ਹਨ। ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਇਕ ਬਾਗ਼ੀ ਦੂਤ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਸੀ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਸ ਦੁਸ਼ਟ ਦੂਤ ਨੇ ਘੁਮਾ-ਫਿਰਾ ਕੇ ਕਿਹਾ ਕਿ ਪਰਮੇਸ਼ੁਰ ਚੰਗਾ ਰਾਜਾ ਨਹੀਂ ਸੀ। (ਉਤਪਤ 3:2-5) ਇਸ ਦੇ ਨਾਲ-ਨਾਲ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਅਜ਼ਮਾਇਸ਼ਾਂ ਅਧੀਨ ਕੋਈ ਵੀ ਇਨਸਾਨ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। (ਅੱਯੂਬ 1:6-12) ਇਸ ਬਾਗ਼ੀ ਦੂਤ ਦੀਆਂ ਗੱਲਾਂ ਵਿਚ ਆ ਕੇ ਪਹਿਲੇ ਇਨਸਾਨ ਆਦਮ ਨੇ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਿਆ। ਜਦ ਆਦਮ ਨੇ ਪਾਪ ਕੀਤਾ, ਤਾਂ ਉਹ ਆਪਣੀ ਮੁਕੰਮਲ ਜ਼ਿੰਦਗੀ ਗੁਆ ਬੈਠਾ। ਨਤੀਜੇ ਵਜੋਂ ਉਹ ਆਪਣੇ ਬੱਚਿਆਂ ਨੂੰ ਵਿਰਸੇ ਵਿਚ ਪਾਪ ਤੇ ਮੌਤ ਦੇ ਸਿਵਾਇ ਹੋਰ ਕੁਝ ਨਾ ਦੇ ਸਕਿਆ। (ਰੋਮੀਆਂ 5:12; 6:23) ਪਰ ਯਿਸੂ ਪਾਪ ਤੋਂ ਰਹਿਤ ਯਾਨੀ ਮੁਕੰਮਲ ਪੈਦਾ ਹੋਇਆ ਸੀ। ਉਸ ਦਾ ਜੀਵਨ ਬਿਲਕੁਲ ਉਸ ਜੀਵਨ ਦੇ ਬਰਾਬਰ ਸੀ ਜੋ ਆਦਮ ਨੇ ਗੁਆਇਆ ਸੀ। ਉਹ ਆਦਮ ਦੇ ਪਾਪ ਦੀ ਕੀਮਤ ਚੁਕਾ ਸਕਦਾ ਸੀ। ਦੂਸਰਿਆਂ ਸ਼ਬਦਾਂ ਵਿਚ ਕਹੀਏ ਤਾਂ ਯਿਸੂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਦਮ ਦੀ ਔਲਾਦ ਨੂੰ ਪਾਪ ਤੇ ਮੌਤ ਦੇ ਚੁੰਗਲ ਵਿੱਚੋਂ ਛੁਡਾ ਸਕਦਾ ਸੀ। ਹਾਂ, ਉਸ ਨੇ ਆਦਮ ਦੇ ਬੱਚਿਆਂ ਨੂੰ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਦਿੱਤੀ ਹੈ।—1 ਤਿਮੋਥਿਉਸ 2:3-6; ਤੀਤੁਸ 3:6, 7; 1 ਯੂਹੰਨਾ 2:25.

ਜਦ ਯਿਸੂ ਧਰਤੀ ਤੇ ਸੀ ਤਦ ਉਸ ਨੇ ਬੀਮਾਰਾਂ ਨੂੰ ਰਾਜ਼ੀ ਕੀਤਾ ਅਤੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਸੀ। (ਮੱਤੀ 4:23; ਯੂਹੰਨਾ 11:1-44) ਇਨ੍ਹਾਂ ਚਮਤਕਾਰਾਂ ਰਾਹੀਂ ਉਸ ਨੇ ਦਿਖਾਇਆ ਸੀ ਕਿ ਉਹ ਭਵਿੱਖ ਵਿਚ ਕੀ ਕਰੇਗਾ। ਯਿਸੂ ਨੇ ਖ਼ੁਦ ਕਿਹਾ ਸੀ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਮੇਰੀ] ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29.

ਲੋਕਾਂ ਨੂੰ ਦੁਬਾਰਾ ਜੀ ਉਠਾਉਣ ਦਾ ਇਹ ਵਾਅਦਾ ਕਿੰਨਾ ਸ਼ਾਨਦਾਰ ਹੈ! ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਅਤੇ ਖ਼ਾਸ ਕਰਕੇ ਉਸ ਦੀ ਮੌਤ ਸਾਡੇ ਲਈ ਖ਼ਾਸ ਮਾਅਨੇ ਰੱਖਦੀ ਹੈ। ਯੂਹੰਨਾ 3:17 ਦੱਸਦਾ ਹੈ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਇਸ ਲਈ ਘੱਲਿਆ ਸੀ ਤਾਂਕਿ “ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।” ਇਹ ਸ਼ਬਦ ਸਾਨੂੰ ਉਸ ਖ਼ੁਸ਼ ਖ਼ਬਰੀ ਦੀ ਯਾਦ ਦਿਲਾਉਂਦੇ ਹਨ ਜੋ ਦੂਤਾਂ ਨੇ ਯਿਸੂ ਦੇ ਜਨਮ ਵੇਲੇ ਅਯਾਲੀਆਂ ਨੂੰ ਸੁਣਾਈ ਸੀ।

“ਵੱਡੀ ਖੁਸ਼ੀ ਦੀ ਖਬਰ”

ਮਨੁੱਖਜਾਤੀ ਲਈ ਇਹ ਸੱਚ-ਮੁੱਚ “ਵੱਡੀ ਖੁਸ਼ੀ ਦੀ ਖਬਰ” ਸੀ ਜਦ ਦੂਤਾਂ ਨੇ ਐਲਾਨ ਕੀਤਾ ਕਿ “ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।” (ਲੂਕਾ 2:10, 11) ਇਸ ਬੱਚੇ ਨੇ ਉਹ ਮਸੀਹਾ, ਨਬੀ ਤੇ ਰਾਜਾ ਬਣਨਾ ਸੀ ਜਿਸ ਦਾ ਰਾਹ ਯਹੋਵਾਹ ਦੇ ਲੋਕ ਚਿਰਾਂ ਤੋਂ ਤੱਕਦੇ ਰਹੇ ਸਨ। (ਬਿਵਸਥਾ ਸਾਰ 18:18; ਮੀਕਾਹ 5:2) ਉਸ ਦੀ ਜ਼ਿੰਦਗੀ ਅਤੇ ਮੌਤ ਦੁਆਰਾ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕੀਤਾ ਜਾਣਾ ਸੀ, ਇਸ ਲਈ ਦੂਤ ਨੇ ਕਿਹਾ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ” ਹੋਵੇ।—ਲੂਕਾ 2:14.

ਯਿਸੂ ਨੇ (ਜਿਸ ਨੂੰ ਬਾਈਬਲ ਵਿਚ “ਛੇਕੜਲਾ ਆਦਮ” ਕਿਹਾ ਗਿਆ ਹੈ) ਧਰਤੀ ਉੱਤੇ ਆਪਣੇ ਜੀਵਨ ਦੌਰਾਨ ਵਫ਼ਾਦਾਰ ਰਹਿ ਕੇ ਸਾਬਤ ਕੀਤਾ ਕਿ ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਇਨਸਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦਾ ਹੈ। (1 ਕੁਰਿੰਥੀਆਂ 15:45) ਇਸ ਤਰ੍ਹਾਂ ਉਸ ਨੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ ਅਤੇ ਸਵਰਗ ਵਿਚ ਵਫ਼ਾਦਾਰ ਦੂਤਾਂ ਨੇ ਖ਼ੁਸ਼ੀ ਮਨਾਈ।

ਪਰ ਆਓ ਆਪਾਂ ਇਸ ਸਵਾਲ ਉੱਤੇ ਫਿਰ ਗੌਰ ਕਰੀਏ: “ਯਿਸੂ ਦੇ ਜਨਮ ਵੇਲੇ ਦੂਤਾਂ ਦੇ ਕਹਿਣੇ ਮੁਤਾਬਕ ਕੀ ਧਰਤੀ ਉੱਤੇ ਕਦੇ ਸ਼ਾਂਤੀ ਆਵੇਗੀ?” ਬਿਲਕੁਲ! ਯਹੋਵਾਹ ਦਾ ਇਹੀ ਮਕਸਦ ਹੈ ਕਿ ਉਹ ਸ਼ਾਂਤੀ ਲਿਆਵੇ ਅਤੇ ਧਰਤੀ ਨੂੰ ਦੁਬਾਰਾ ਅਦਨ ਦੇ ਬਾਗ਼ ਵਾਂਗ ਬਣਾਵੇ। ਜਦ ਯਹੋਵਾਹ ਦਾ ਇਹ ਮਕਸਦ ਪੂਰਾ ਹੋਵੇਗਾ ਤਦ ਧਰਤੀ ਤੇ ਹਰ ਇਨਸਾਨ ਵਫ਼ਾਦਾਰੀ ਤੇ ਪਿਆਰ ਨਾਲ ਯਹੋਵਾਹ ਦੀ ਸੇਵਾ ਕਰੇਗਾ। ਪਰ ਇਹ ਉਨ੍ਹਾਂ ਲੋਕਾਂ ਲਈ ਖ਼ੁਸ਼ ਖ਼ਬਰੀ ਨਹੀਂ ਹੈ ਜੋ ਸ਼ਤਾਨ ਦੇ ਮਗਰ ਲੱਗ ਕੇ ਯਹੋਵਾਹ ਦੇ ਮਿਆਰਾਂ ਦੀ ਉਲੰਘਣਾ ਕਰ ਰਹੇ ਹਨ। ਕਿਉਂ? ਕਿਉਂਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਇਹੋ ਜਿਹੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।—ਜ਼ਬੂਰਾਂ ਦੀ ਪੋਥੀ 37:11; ਕਹਾਉਤਾਂ 2:21, 22.

ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਦੂਤਾਂ ਨੇ ਅਯਾਲੀਆਂ ਨੂੰ ਇਹ ਕਿਹਾ ਸੀ ਕਿ ‘ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਹੋਵੇ ਜਿਨ੍ਹਾਂ ਨਾਲ ਪਰਮੇਸ਼ੁਰ ਪਰਸਿੰਨ ਹੈ।’ ਇਸ ਦਾ ਮਤਲਬ ਹੈ ਕਿ ਸ਼ਾਂਤੀ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲਣੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕੀਤੀ ਹੈ। ਹਾਂ, ਉਨ੍ਹਾਂ ਲੋਕਾਂ ਨੂੰ ਜੋ ਯਹੋਵਾਹ ਉੱਤੇ ਸੱਚੀ ਨਿਹਚਾ ਰੱਖ ਕੇ ਯਿਸੂ ਦੀ ਰੀਸ ਕਰਦੇ ਹੋਏ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਬਣਦੇ ਹਨ। ਅਜਿਹੇ ਲੋਕ ਸਾਲ ਵਿਚ ਸਿਰਫ਼ ਕੁਝ ਦਿਨਾਂ ਲਈ ਹੀ ਨਹੀਂ ਬਲਕਿ ਹਰ ਰੋਜ਼ ਦੂਸਰਿਆਂ ਦਾ ਭਲਾ ਕਰਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਨ। ਇਹੀ ਉਨ੍ਹਾਂ ਦੇ ਜੀਵਨ ਦੀ ਰੀਤ ਹੈ।

ਮਸੀਹੀ ਸਾਲ ਭਰ ਦੂਜਿਆਂ ਨਾਲ ਭਲਾਈ ਤੇ ਪਿਆਰ ਕਰਦੇ ਹਨ

ਯਿਸੂ ਦੁਆਰਾ ਸੁਣਾਈ ਖ਼ੁਸ਼ ਖ਼ਬਰੀ ਨੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੋਹਿਆ ਹੈ। ਕਈ ਲੋਕ ਉਸ ਦੇ ਸਿਖਾਏ ਗਏ ਸਿਧਾਂਤਾਂ ਅਨੁਸਾਰ ਜੀਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਕਈ ਜੋ ਪਹਿਲਾਂ ਮਤਲਬੀ ਤੇ ਖ਼ੁਦਗਰਜ਼ ਸਨ, ਹੁਣ ਯਿਸੂ ਦੇ ਨਕਸ਼ੇ-ਕਦਮ ਤੇ ਚੱਲਣ ਲੱਗ ਪਏ ਹਨ। ਜਿਨ੍ਹਾਂ ਲਈ ਪਹਿਲਾਂ ਧਨ-ਦੌਲਤ ਤੇ ਮੌਜ-ਮਸਤੀ ਹੀ ਸਭ ਕੁਝ ਸੀ, ਉਹ ਹੁਣ ਪਰਮੇਸ਼ੁਰ ਦੀ ਭਗਤੀ ਕਰਨ ਦੀ ਅਹਿਮੀਅਤ ਸਮਝ ਗਏ ਹਨ ਅਤੇ ਲੋਕਾਂ ਨੂੰ ਵੀ ਸੱਚੀ ਭਗਤੀ ਕਰਨੀ ਸਿਖਾ ਰਹੇ ਹਨ। ਇਸ ਤਰ੍ਹਾਂ ਕਰਨ ਵਾਲੇ ਲੋਕ ਪੂਰੇ ਸਾਲ ਦੌਰਾਨ ਦੂਸਰਿਆਂ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਹੈ ਸੱਚੇ ਮਸੀਹੀਆਂ ਦੀ ਪਛਾਣ।

ਜੇ ਸਾਰੇ ਨੇਕ-ਦਿਲ ਲੋਕ ਉਸ ਸੰਦੇਸ਼ ਉੱਤੇ ਗੌਰ ਕਰਨ ਜੋ ਦੂਤਾਂ ਨੇ ਅਯਾਲੀਆਂ ਨੂੰ ਸੁਣਾਇਆ ਸੀ ਅਤੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਨ, ਤਾਂ ਦੁਨੀਆਂ ਵਿਚ ਇੰਨੀ ਬੁਰਾਈ ਨਹੀਂ ਹੋਵੇਗੀ।

ਯਿਸੂ ਦੇ ਜਨਮ ਨਾਲ ਜੁੜੀਆਂ ਭਵਿੱਖਬਾਣੀਆਂ ਸਾਨੂੰ ਯਕੀਨ ਦਿਲਾਉਂਦੀਆਂ ਹਨ ਕਿ ਜਿਨ੍ਹਾਂ ਲੋਕਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੈ, ਉਹ ਹਮੇਸ਼ਾ ਸ਼ਾਂਤੀ ਨਾਲ ਰਹਿਣਗੇ। ਉਮੀਦ ਹੈ ਕਿ ਤੁਸੀਂ ਵੀ ਸ਼ਾਂਤੀ ਪਾਉਣੀ ਚਾਹੁੰਦੇ ਹੋ। ਸਾਨੂੰ ਪੱਕਾ ਯਕੀਨ ਹੈ ਕਿ ਯਿਸੂ ਦੇ ਜਨਮ ਵੇਲੇ ਦੂਤਾਂ ਦੁਆਰਾ ਕੀਤੇ ਐਲਾਨ ਅਨੁਸਾਰ ਧਰਤੀ ਉੱਤੇ ਸ਼ਾਂਤੀ ਜ਼ਰੂਰ ਆਵੇਗੀ। ਇਹ ਕ੍ਰਿਸਮਸ ਦੇ ਵੇਲੇ ਕੀਤੀਆਂ ਜਾਂਦੀਆਂ ਫੋਕੀਆਂ ਗੱਲਾਂ ਨਹੀਂ ਹਨ ਬਲਕਿ ਯਹੋਵਾਹ ਦਾ ਵਾਅਦਾ ਹੈ। ਇਹ ਇਕ ਹਕੀਕਤ ਹੈ ਕਿ ਸ਼ਾਂਤੀ ਹਮੇਸ਼ਾ-ਹਮੇਸ਼ਾ ਲਈ ਰਹੇਗੀ।

[ਸਫ਼ਾ 7 ਉੱਤੇ ਤਸਵੀਰ]

ਸਾਨੂੰ ਹਰ ਵੇਲੇ ਦੂਸਰਿਆਂ ਦਾ ਭਲਾ ਅਤੇ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ