ਯਹੋਵਾਹ ਨੇ ਮਿਸ਼ਨਰੀ ਬਣਨ ਦੀ ਮੇਰੀ ਤਮੰਨਾ ਪੂਰੀ ਕੀਤੀ
ਜੀਵਨੀ
ਯਹੋਵਾਹ ਨੇ ਮਿਸ਼ਨਰੀ ਬਣਨ ਦੀ ਮੇਰੀ ਤਮੰਨਾ ਪੂਰੀ ਕੀਤੀ
ਸ਼ੀਲਾ ਵਿਨਫੀਲਡ ਡਾ ਕੋਨਸੇਸਾਓ ਦੀ ਜ਼ਬਾਨੀ
ਅਫ਼ਰੀਕਾ ਤੋਂ ਇਕ ਮਿਸ਼ਨਰੀ ਭੈਣ ਸਾਡੀ ਕਲੀਸਿਯਾ ਵਿਚ ਆਈ ਸੀ ਤੇ ਉਸ ਨੇ ਸਾਨੂੰ ਦੱਸਿਆ ਕਿ ਉੱਥੇ ਪ੍ਰਚਾਰ ਕਰਨਾ ਬੜਾ ਹੀ ਮਜ਼ੇਦਾਰ ਸੀ। ਸਾਰੇ ਲੋਕ ਉਸ ਨੂੰ ਅੰਦਰ ਬੁਲਾ ਕੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣਦੇ ਸੀ। ਮਿਸ਼ਨਰੀ ਭੈਣ ਦੀ ਇਹ ਗੱਲ ਸੁਣ ਕੇ ਮੈਂ ਮਨ ਹੀ ਮਨ ਵਿਚ ਸੋਚਿਆ: “ਕਾਸ਼! ਮੈਂ ਵੀ ਇੱਦਾਂ ਦੀ ਜਗ੍ਹਾ ਤੇ ਜਾ ਕੇ ਪ੍ਰਚਾਰ ਕਰ ਸਕਦੀ!” ਮੈਂ ਉਦੋਂ 13 ਸਾਲਾਂ ਦੀ ਸੀ ਤੇ ਉਸ ਭੈਣ ਦੀਆਂ ਗੱਲਾਂ ਨੇ ਮੇਰੇ ਮਨ ਵਿਚ ਮਿਸ਼ਨਰੀ ਬਣਨ ਦੀ ਇੱਛਾ ਜਗਾਈ।
ਮੈਂ ਇਕ ਸਾਲ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਕੈਥਲੀਨ ਅਤੇ ਹੈਨਰੀ ਵਿਨਫੀਲਡ ਨੂੰ ਯਹੋਵਾਹ ਬਾਰੇ ਪਤਾ ਲੱਗਾ। ਉਸ ਵੇਲੇ ਅਸੀਂ ਲੰਡਨ ਤੋਂ ਬਾਹਰ ਹੈਮੱਲ ਹੈਂਪਸਟੈੱਡ ਵਿਚ ਰਹਿੰਦੇ ਸੀ। 1939 ਵਿਚ ਇਕ ਦਿਨ ਸਵੇਰੇ ਸੂਟ-ਬੂਟ ਪਹਿਨੇ ਦੋ ਆਦਮੀ ਸਾਡੇ ਘਰ ਆਏ ਤੇ ਉਨ੍ਹਾਂ ਨੇ ਆਪਣੀ ਪਛਾਣ ਯਹੋਵਾਹ ਦੇ ਗਵਾਹਾਂ ਵਜੋਂ ਕਰਾਈ। ਨਿੱਕੀ ਹੋਣ ਕਰਕੇ ਮੈਨੂੰ ਇਹ ਗੱਲ ਚੇਤੇ ਨਹੀਂ ਹੈ। ਲੇਕਿਨ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਨ੍ਹਾਂ ਤੋਂ ਪਿੱਛਾ ਛੁਡਾਉਣ ਲਈ ਮਾਤਾ ਜੀ ਨੇ ਕਿਹਾ ਕਿ ਪਿਤਾ ਜੀ ਨੂੰ ਹੀ ਇਨ੍ਹਾਂ ਗੱਲਾਂ ਵਿਚ ਰੁਚੀ ਸੀ, ਪਰ ਉਹ ਰਾਤ ਨੂੰ 9 ਵਜੇ ਤੋਂ ਪਹਿਲਾਂ-ਪਹਿਲਾਂ ਨਹੀਂ ਆਉਣਗੇ। ਮਾਤਾ ਜੀ ਤਾਂ ਬੜਾ ਹੈਰਾਨ ਹੋਏ ਜਦ ਉਸੇ ਸ਼ਾਮ ਉਹ ਗਵਾਹ ਮੁੜ ਦਰਵਾਜ਼ੇ ਤੇ ਆ ਖੜ੍ਹੇ ਹੋਏ! ਜਦ ਪਿਤਾ ਜੀ ਨੂੰ ਉਨ੍ਹਾਂ ਨਾਲ ਗੱਲ ਕਰ ਕੇ ਤਸੱਲੀ ਹੋ ਗਈ ਕਿ ਗਵਾਹ ਕੌਮੀ ਤੇ ਸਿਆਸੀ ਮਾਮਲਿਆਂ ਵਿਚ ਨਿਰਪੱਖ ਸਨ, ਤਾਂ ਦੋਹਾਂ ਨੂੰ ਅੰਦਰ ਬੁਲਾਇਆ ਤੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਕੁਝ ਹੀ ਮਹੀਨਿਆਂ ਬਾਅਦ, ਉਨ੍ਹਾਂ ਨੇ ਬਪਤਿਸਮਾ ਲੈ ਲਿਆ ਤੇ ਮੇਰੇ ਮਾਤਾ ਜੀ ਨੇ ਕੁਝ ਸਾਲਾਂ ਮਗਰੋਂ ਸਟੱਡੀ ਕਰਨੀ ਸ਼ੁਰੂ ਕੀਤੀ ਤੇ 1946 ਵਿਚ ਬਪਤਿਸਮਾ ਲੈ ਲਿਆ ਸੀ।
1948 ਵਿਚ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਲੱਗੀ। ਪਰ ਪ੍ਰਚਾਰ ਵਿਚ ਲਗਾਏ ਸਮੇਂ ਦਾ ਸਹੀ-ਸਹੀ ਹਿਸਾਬ ਰੱਖਣ ਲਈ ਮੈਨੂੰ ਇਕ ਘੜੀ ਦੀ ਲੋੜ ਸੀ। ਹਰ ਸ਼ਨੀਵਾਰ ਸਾਨੂੰ ਬੱਚਿਆਂ ਨੂੰ ਜੇਬ ਖ਼ਰਚ ਲਈ ਛੇ ਪੈਨੀਆਂ ਦਾ ਸਿੱਕਾ ਮਿਲਦਾ ਹੁੰਦਾ ਸੀ। ਪਰ ਜੇ ਅਸੀਂ ਸ਼ਰਾਰਤਾਂ ਕਰਦੇ, ਤਾਂ ਸਾਨੂੰ ਪੈਸੇ ਨਹੀਂ
ਮਿਲਦੇ ਸੀ। ਮੈਂ ਸਸਤੀ ਜਿਹੀ ਘੜੀ ਲੈਣ ਲਈ ਦੋ ਸਾਲ ਇਹ ਪੈਸੇ ਜਮ੍ਹਾ ਕਰਦੀ ਰਹੀ। ਮੇਰਾ ਸਭ ਤੋਂ ਛੋਟਾ ਭਰਾ ਰੇ ਪਿਤਾ ਜੀ ਤੋਂ ਛੇ ਪੈਨੀਆਂ ਦਾ ਸਿੱਕਾ ਲੈਣ ਦੀ ਬਜਾਇ ਹਮੇਸ਼ਾ ਤਿੰਨ ਪੈਨੀਆਂ ਦੇ ਦੋ ਸਿੱਕੇ ਮੰਗਦਾ ਹੁੰਦਾ ਸੀ। ਇਕ ਦਿਨ ਰੇ ਨੇ ਦੋ ਸਿੱਕਿਆਂ ਲਈ ਇੰਨੀ ਜ਼ਿੱਦ ਕੀਤੀ ਕਿ ਪਿਤਾ ਜੀ ਨੂੰ ਗੁੱਸਾ ਚੜ੍ਹ ਗਿਆ। ਰੇ ਨੇ ਰੋਂਦੇ ਹੋਏ ਕਿਹਾ ਕਿ ਯਹੋਵਾਹ ਅਤੇ ਉਸ ਵਿਚ ਇਕ ਰਾਜ਼ ਕਰਕੇ ਉਸ ਨੂੰ ਤਿੰਨ ਪੈਨੀਆਂ ਦੇ ਦੋ ਸਿੱਕੇ ਹੀ ਚਾਹੀਦੇ ਸਨ। ਰੇ ਨੇ ਆਪਣਾ ਰਾਜ਼ ਖੋਲ੍ਹਿਆ: “ਮੈਂ ਇਕ ਸਿੱਕਾ ਦਾਨ-ਪੇਟੀ ਵਿਚ ਪਾਉਂਦਾ ਹਾਂ ਤੇ ਦੂਸਰਾ ਆਪਣੇ ਵਾਸਤੇ ਰੱਖਦਾ ਹਾਂ।” ਇਹ ਸੁਣ ਕੇ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਅੰਝੂ ਵਹਿ ਤੁਰੇ ਅਤੇ ਪਿਤਾ ਜੀ ਨੇ ਫਟਾਫਟ ਟੁੱਟੇ ਪੈਸਿਆਂ ਦਾ ਇੰਤਜ਼ਾਮ ਕੀਤਾ। ਇਹ ਦੇਖ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪ੍ਰਚਾਰ ਕੰਮ ਨੂੰ ਅੱਗੇ ਵਧਾਉਣ ਵਾਸਤੇ ਮੈਨੂੰ ਵੀ ਦਾਨ ਕਰਨਾ ਚਾਹੀਦਾ ਹੈ।ਉਨ੍ਹੀਂ ਦਿਨੀ ਪਿਤਾ ਜੀ ਨੇ ਉਸ ਇਲਾਕੇ ਵਿਚ ਜਾਣ ਦਾ ਫ਼ੈਸਲਾ ਕੀਤਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਸ ਲਈ 1949 ਵਿਚ ਉਨ੍ਹਾਂ ਨੇ ਆਪਣੇ ਖੇਤ ਵੇਚ ਕੇ ਅਤੇ ਰੇਤੇ ਅਤੇ ਰੋੜੀ ਦਾ ਕਾਰੋਬਾਰ ਸਮੇਟ ਕੇ ਪਾਇਨੀਅਰੀ ਕਰਨ ਲੱਗ ਪਏ। 24 ਸਤੰਬਰ 1950 ਨੂੰ ਮੈਂ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕੀਤਾ ਤੇ ਬਪਤਿਸਮਾ ਲੈ ਲਿਆ। ਫਿਰ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੈਂ ਲੋਕਾਂ ਨੂੰ ਪ੍ਰਚਾਰ ਕਰਦਿਆਂ ਮਹੀਨੇ ਵਿਚ 100 ਘੰਟੇ ਲਗਾਇਆ ਕਰਦੀ ਸੀ। ਪਰ ਇਹ ਤਾਂ ਸਿਰਫ਼ ਸ਼ੁਰੂਆਤ ਹੀ ਸੀ। ਉਸ ਵੇਲੇ ਮੇਰਾ ਦਿਲ ਕਰਦਾ ਸੀ ਕਿ ਮੈਂ ਸਾਰਿਆਂ ਨੂੰ ਜਾ ਕੇ ਯਹੋਵਾਹ ਬਾਰੇ ਦੱਸਾਂ।
ਮਿਸ਼ਨਰੀ ਬਣਨ ਦੀ ਤਮੰਨਾ
1951 ਵਿਚ ਅਸੀਂ ਸਾਰੇ ਉੱਤਰੀ ਡੇਵਨ ਦੇ ਬਾਇਡਫ਼ਰਡ ਕਸਬੇ ਵਿਚ ਰਹਿਣ ਵਾਸਤੇ ਚਲੇ ਗਏ ਕਿਉਂਕਿ ਪਿਤਾ ਜੀ ਨੂੰ ਉੱਥੇ ਦੀ ਕਲੀਸਿਯਾ ਦੀ ਮਦਦ ਕਰਨ ਦਾ ਸੱਦਾ ਆਇਆ ਸੀ। ਸਾਡੇ ਉੱਥੇ ਪਹੁੰਚਣ ਤੋਂ ਕੁਝ ਹੀ ਦਿਨਾਂ ਮਗਰੋਂ, ਸਾਨੂੰ ਉਸ ਕਲੀਸਿਯਾ ਵਿਚ ਅਫ਼ਰੀਕਾ ਵਿਚ ਪ੍ਰਚਾਰ ਕਰ ਰਹੀ ਮਿਸ਼ਨਰੀ ਭੈਣ ਮਿਲੀ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਇਸ ਭੈਣ ਨੂੰ ਮਿਲਣ ਤੋਂ ਬਾਅਦ ਮਿਸ਼ਨਰੀ ਬਣਨਾ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ। ਸਕੂਲੇ ਟੀਚਰਾਂ ਨੂੰ ਮੇਰੇ ਇਸ ਮਕਸਦ ਬਾਰੇ ਪਤਾ ਸੀ। ਉਨ੍ਹਾਂ ਨੇ ਮੇਰੇ ਤੇ ਬਹੁਤ ਜ਼ੋਰ ਪਾਇਆ ਕਿ ਮੈਂ ਆਪਣਾ ਇਰਾਦਾ ਬਦਲ ਲਵਾਂ। ਸਕੂਲ ਦੇ ਆਖ਼ਰੀ ਦਿਨ ਤੇ ਜਦ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨ ਗਈ, ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਸ਼ਾਬਾਸ਼! ਪੂਰੀ ਕਲਾਸ ਵਿਚ ਬਸ ਤੂੰ ਹੀ ਹੈਂ ਜੋ ਜਾਣਦੀ ਹੈ ਕਿ ਜ਼ਿੰਦਗੀ ਵਿਚ ਕੀ ਕਰਨਾ ਹੈਂ। ਸਾਡੀਆਂ ਦੁਆਵਾਂ ਤੇਰੇ ਨਾਲ ਹਨ!”
ਜਲਦ ਹੀ ਮੈਂ ਪਾਰਟ-ਟਾਈਮ ਕੰਮ ਲੱਭ ਲਿਆ ਤੇ 1 ਦਸੰਬਰ 1955 ਨੂੰ ਪਾਇਨੀਅਰੀ ਕਰਨ ਲੱਗ ਪਈ। ਮੇਰੇ ਮਗਰੋਂ ਮਾਤਾ ਜੀ ਤੇ ਮੇਰੇ ਭਰਾ ਵੀ ਪਾਇਨੀਅਰ ਬਣ ਗਏ ਤੇ ਕੁਝ ਸਾਲਾਂ ਲਈ ਘਰ ਦੇ ਸਾਰੇ ਜੀਅ ਪਾਇਨੀਅਰ ਸੇਵਾ ਵਿਚ ਲੱਗੇ ਰਹੇ।
ਆਇਰਲੈਂਡ ਜਾਣ ਦਾ ਸੱਦਾ
ਇਕ ਸਾਲ ਬਾਅਦ ਮੈਨੂੰ ਆਇਰਲੈਂਡ ਵਿਚ ਪ੍ਰਚਾਰ ਕਰਨ ਦਾ ਸੱਦਾ ਆਇਆ। ਇਹ ਮੇਰੇ ਵਾਸਤੇ ਖ਼ੁਸ਼ੀ ਦੀ ਗੱਲ ਸੀ ਕਿਉਂਕਿ ਮੈਂ ਆਪਣੀ ਮੰਜ਼ਲ ਦੇ ਹੋਰ ਵੀ ਨੇੜੇ ਆ ਗਈ ਸਾਂ। ਫਰਵਰੀ 1957 ਵਿਚ ਦੋ ਹੋਰ ਨੌਜਵਾਨ ਪਾਇਨੀਅਰ ਭੈਣਾਂ ਜੂਨ ਨੈਪੀਆ ਤੇ ਬੈਰਿਲ ਬਾਰਕਰ ਨਾਲ ਮੈਂ ਦੱਖਣੀ ਆਇਰਲੈਂਡ ਦੇ ਕਾਰਕ ਸ਼ਹਿਰ ਪਹੁੰਚੀ।
ਆਇਰਲੈਂਡ ਵਿਚ ਪ੍ਰਚਾਰ ਕਰਨਾ ਆਸਾਨ ਨਹੀਂ ਸੀ। ਰੋਮਨ ਕੈਥੋਲਿਕ ਚਰਚ ਦੇ ਮੈਂਬਰਾਂ ਨੇ ਸਾਡੇ ਕੰਮ ਦਾ ਬਹੁਤ ਵਿਰੋਧ ਕੀਤਾ। ਅਸੀਂ ਚਾਹੇ ਕਿਤੇ ਵੀ ਪ੍ਰਚਾਰ ਕਰਨ ਜਾਂਦੇ, ਵਿਰੋਧ ਹੋਣ ਤੇ ਅਸੀਂ ਉੱਥੋਂ ਭੱਜ ਨਿਕਲਣ ਦਾ ਕੋਈ-ਨ-ਕੋਈ ਰਸਤਾ ਸੋਚਿਆ ਹੁੰਦਾ ਸੀ। ਅਸੀਂ ਆਪਣੇ ਸਾਈਕਲ ਘਰਾਂ ਤੋਂ ਦੂਰ ਲੁਕੋ ਕੇ ਰੱਖਦੇ ਸੀ, ਪਰ ਅਕਸਰ ਕੋਈ-ਨ-ਕੋਈ ਇਨ੍ਹਾਂ ਨੂੰ ਲੱਭ ਲੈਂਦਾ ਤੇ ਉਹ ਜਾਂ ਤਾਂ ਟਾਇਰਾਂ ਨੂੰ ਪਾੜ ਦਿੰਦਾ ਜਾਂ ਹਵਾ ਕੱਢ ਦਿੰਦਾ ਸੀ।
ਇਕ ਦਫ਼ਾ ਜਦ ਮੈਂ ਤੇ ਬੈਰਿਲ ਇਕ ਇਲਾਕੇ ਵਿਚ ਪ੍ਰਚਾਰ ਕਰ ਰਹੀਆਂ ਸਨ, ਤਾਂ ਕੁਝ ਨਿਆਣੇ ਸਾਨੂੰ ਗਾਲ਼ਾਂ ਕੱਢਣ ਤੇ
ਪੱਥਰ ਮਾਰਨ ਲੱਗ ਪਏ। ਅਸੀਂ ਕਿਸੇ ਦੇ ਘਰ ਨਾਲ ਲੱਗਦੀ ਇਕ ਦੁੱਧ ਦੀ ਦੁਕਾਨ ਵਿਚ ਵੜ ਗਈਆਂ। ਦੁਕਾਨ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਬੈਰਿਲ ਦੁੱਧ ਪੀਣਾ ਬਹੁਤ ਪਸੰਦ ਕਰਦੀ ਸੀ, ਇਸ ਲਈ ਉਸ ਨੇ ਦੁੱਧ ਦਾ ਗਲਾਸ ਮੰਗਵਾਇਆ। ਉਸ ਨੇ ਬਹੁਤ ਹੀ ਹੌਲੀ-ਹੌਲੀ ਦੋ-ਤਿੰਨ ਗਲਾਸ ਪੀਤੇ ਕਿਉਂਕਿ ਉਸ ਨੇ ਸੋਚਿਆ ਕਿ ਇੱਦਾਂ ਕਰਨ ਨਾਲ ਭੀੜ ਉਡੀਕ ਕੇ ਅੱਕ ਜਾਵੇਗੀ ਤੇ ਉੱਥੋਂ ਚਲੀ ਜਾਵੇਗੀ। ਪਰ ਇੱਦਾਂ ਨਹੀਂ ਹੋਇਆ। ਅਚਾਨਕ ਹੀ ਇਕ ਪਾਦਰੀ ਦੁਕਾਨ ਵਿਚ ਆ ਵੜਿਆ ਤੇ ਸਾਨੂੰ ਟੂਰਿਸਟ ਸਮਝ ਕੇ ਸ਼ਹਿਰ ਘੁਮਾਉਣ-ਫਿਰਾਉਣ ਦੀ ਪੇਸ਼ਕਸ਼ ਕੀਤੀ। ਪਰ ਪਹਿਲਾਂ ਉਹ ਸਾਨੂੰ ਨਾਲ ਲੱਗਦੇ ਕਮਰੇ ਵਿਚ ਲੈ ਗਿਆ ਜਿੱਥੇ ਉਸ ਨੇ ਆਖ਼ਰੀ ਸਾਹ ਲੈ ਰਹੇ ਇਕ ਬਜ਼ੁਰਗ ਆਦਮੀ ਲਈ ਪ੍ਰਾਰਥਨਾ ਕੀਤੀ। ਫਿਰ ਅਸੀਂ ਪਾਦਰੀ ਨਾਲ ਦੁਕਾਨੋਂ ਬਾਹਰ ਨਿਕਲੇ। ਜਦ ਭੀੜ ਨੇ ਸਾਨੂੰ ਪਾਦਰੀ ਨਾਲ ਗੱਲਾਂ ਕਰਦਿਆਂ ਵੇਖਿਆ, ਤਾਂ ਸਾਰੀ ਭੀੜ ਖਿੰਡ ਗਈ।ਗਿਲਿਅਡ ਜਾਣ ਦਾ ਸੱਦਾ
1958 ਵਿਚ ਨਿਊ ਯਾਰਕ ਵਿਖੇ “ਪਰਮੇਸ਼ੁਰੀ ਇੱਛਾ ਅੰਤਰਰਾਸ਼ਟਰੀ ਸੰਮੇਲਨ” ਹੋਣ ਵਾਲਾ ਸੀ। ਪਿਤਾ ਜੀ ਨੇ ਤਾਂ ਜਾਣਾ ਹੀ ਸੀ ਤੇ ਮੈਂ ਵੀ ਨਾਲ ਜਾਣਾ ਚਾਹੁੰਦੀ ਸੀ, ਪਰ ਮੇਰੇ ਕੋਲ ਕਿਰਾਏ ਲਈ ਪੈਸੇ ਨਹੀਂ ਸਨ। ਅਚਾਨਕ ਮੇਰੇ ਦਾਦੀ ਜੀ ਗੁਜ਼ਰ ਗਏ ਤੇ ਮੇਰੇ ਵਾਸਤੇ 100 ਪੌਂਡ (ਤਕਰੀਬਨ 8,000 ਰੁਪਏ) ਛੱਡ ਗਏ। ਸੰਮੇਲਨ ਨੂੰ ਆਉਣ-ਜਾਣ ਦਾ ਕਿਰਾਇਆ 96 ਪੌਂਡ ਸੀ, ਇਸ ਕਰਕੇ ਮੈਂ ਤੁਰੰਤ ਟਿਕਟਾਂ ਲੈ ਲਈਆਂ।
ਸੰਮੇਲਨ ਵਿਚ ਜਾਣ ਤੋਂ ਕੁਝ ਦਿਨ ਪਹਿਲਾਂ, ਬ੍ਰਿਟੇਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਇਕ ਭਰਾ ਸਾਨੂੰ ਮਿਲਣ ਵਾਸਤੇ ਆਇਆ। ਉਸ ਨੇ ਸਾਰੇ ਸਪੈਸ਼ਲ ਪਾਇਨੀਅਰਾਂ ਨੂੰ ਦਰਖ਼ਾਸਤ ਕੀਤੀ ਕਿ ਉਹ ਸੰਮੇਲਨ ਵਿਚ ਜਾ ਕੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਹੁੰਦੀ ਮਿਸ਼ਨਰੀ ਟ੍ਰੇਨਿੰਗ ਲਈ ਅਰਜ਼ੀ ਭਰਨ। ਇਹ ਸੁਣ ਕੇ ਮੇਰਾ ਦਿਲ ਖ਼ੁਸ਼ੀ ਨਾਲ ਉਛਲ ਪਿਆ! ਪਰ ਉਸ ਨੇ ਮੈਨੂੰ ਛੱਡ ਸਾਰਿਆਂ ਨੂੰ ਅਰਜ਼ੀਆਂ ਦਿੱਤੀਆਂ ਕਿਉਂਕਿ ਮੈਂ ਉਮਰ ਵਿਚ ਛੋਟੀ ਸੀ। ਮੈਂ ਉਸ ਨੂੰ ਦੱਸਿਆ ਕਿ ਹੋਰਨਾਂ ਵਾਂਗ ਮੈਂ ਵੀ ਆਪਣਾ ਘਰ ਛੱਡ ਕੇ ਇੱਥੇ ਇਕ ਤਰ੍ਹਾਂ ਨਾਲ ਮਿਸ਼ਨਰੀ ਸੇਵਾ ਵਿਚ ਲੱਗੀ ਹੋਈ ਸਾਂ। ਭਰਾ ਨੇ ਮੇਰਾ ਜੋਸ਼ ਦੇਖ ਕੇ ਮੈਨੂੰ ਅਰਜ਼ੀ ਦੇ ਹੀ ਦਿੱਤੀ। ਦਿਨ-ਰਾਤ ਮੈਂ ਯਹੋਵਾਹ ਅੱਗੇ ਦੁਆ ਕਰਦੀ ਰਹੀ ਕਿ ਮੈਨੂੰ ਮਿਸ਼ਨਰੀ ਬਣਨ ਦਾ ਮੌਕਾ ਮਿਲ ਜਾਵੇ। ਅਰਜ਼ੀ ਦਾ ਜਵਾਬ ਜਲਦੀ ਆ ਗਿਆ ਤੇ ਮੈਨੂੰ ਗਿਲਿਅਡ ਵਾਸਤੇ ਸੱਦਾ ਮਿਲ ਗਿਆ।।
ਮੈਨੂੰ ਗਿਲਿਅਡ ਦੀ 33ਵੀਂ ਕਲਾਸ ਵਿਚ ਦਾਖ਼ਲਾ ਮਿਲਿਆ। ਉਸ ਕਲਾਸ ਵਿਚ 14 ਦੇਸ਼ਾਂ ਦੇ 81 ਹੋਰ ਪਾਇਨੀਅਰ ਭੈਣ-ਭਰਾ ਵੀ ਸਨ। ਕੋਰਸ ਇੰਨਾ ਵਧੀਆ ਸੀ ਕਿ ਪਤਾ ਹੀ ਨਹੀਂ ਲੱਗਾ ਕਿ ਪੰਜ ਮਹੀਨੇ ਕਦੋਂ ਨਿਕਲ ਗਏ। ਕੋਰਸ ਦੇ ਅਖ਼ੀਰ ਤੇ ਭਰਾ ਨੇਥਨ ਐੱਚ. ਨੌਰ ਨੇ ਚਾਰ ਘੰਟਿਆਂ ਦਾ ਇੰਨਾ ਵਧੀਆ ਭਾਸ਼ਣ ਦਿੱਤਾ ਕਿ ਸਾਡੇ ਦਿਲ ਜੋਸ਼ ਤੇ ਉਤਸ਼ਾਹ ਨਾਲ ਭਰ ਗਏ। ਕੁਆਰੇ ਭੈਣਾਂ-ਭਰਾਵਾਂ ਨੂੰ ਉਸ ਨੇ ਸਲਾਹ ਦਿੱਤੀ ਕਿ ਜੇ ਹੋ ਸਕੇ ਤਾਂ ਕੁਆਰੇ ਹੀ ਰਹਿਣ। (1 ਕੁਰਿੰਥੀਆਂ 7:37, 38) ਅਤੇ ਉਨ੍ਹਾਂ ਨੂੰ ਜੋ ਵਿਆਹ ਕਰਾਉਣਾ ਚਾਹੁੰਦੇ ਸਨ, ਉਸ ਨੇ ਸੂਚੀ ਬਣਾਉਣ ਦੀ ਸਲਾਹ ਦਿੱਤੀ। ਉਸ ਨੇ ਉਨ੍ਹਾਂ ਨੂੰ ਸੂਚੀ ਵਿਚ ਉਹ ਸ਼ਰਤਾਂ ਲਿਖਣ ਲਈ ਕਿਹਾ ਜੋ ਉਹ ਚਾਹੁੰਦੇ ਸੀ ਕਿ ਉਨ੍ਹਾਂ ਦਾ ਜੀਵਨ ਸਾਥੀ ਪੂਰਿਆਂ ਕਰੇ। ਫਿਰ ਜੇ ਕਿਤੇ ਕੋਈ ਲਾਇਕ ਵਿਅਕਤੀ ਦਿੱਸ ਪਿਆ, ਤਾਂ ਉਹ ਦੇਖ ਸਕਦੇ ਸੀ ਕਿ ਉਹ ਸੂਚੀ ਵਿਚ ਲਿਖੀਆਂ ਸ਼ਰਤਾਂ ਨੂੰ ਪੂਰਿਆਂ ਕਰਦਾ ਹੈ ਜਾਂ ਨਹੀਂ।
ਮੈਂ ਆਪਣੀ ਸੂਚੀ ਵਿਚ ਇਹ ਕੁਝ ਸ਼ਰਤਾਂ ਲਿਖੀਆਂ ਹੋਈਆਂ ਸਨ: ਮੇਰਾ ਜੀਵਨ ਸਾਥੀ ਮਿਸ਼ਨਰੀ ਤੇ ਯਹੋਵਾਹ ਦਾ ਪ੍ਰੇਮੀ ਹੋਵੇ।
ਉਸ ਨੂੰ ਮੇਰੇ ਨਾਲੋਂ ਜ਼ਿਆਦਾ ਸੱਚਾਈ ਦਾ ਗਿਆਨ ਹੋਵੇ। ਉਹ ਆਰਮਾਗੇਡਨ ਤੋਂ ਪਹਿਲਾਂ ਬਾਪ ਬਣਨ ਦੀ ਇੱਛਾ ਨਾ ਰੱਖੇ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਸਕੀਏ। ਉਸ ਨੂੰ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲਣੀ ਆਉਂਦੀ ਹੋਵੇ ਤੇ ਉਮਰ ਵਿਚ ਮੇਰੇ ਨਾਲੋਂ ਵੱਡਾ ਹੋਵੇ। ਉਦੋਂ ਮੈਂ 20 ਸਾਲਾਂ ਦੀ ਸੀ ਤੇ ਮੈਨੂੰ ਕਿਤੇ ਦੂਰ-ਦੁਰਾਡੇ ਦੇਸ਼ ਵਿਚ ਪ੍ਰਚਾਰ ਕਰਨ ਲਈ ਘੱਲਿਆ ਜਾਣਾ ਸੀ। ਇਸ ਲਈ ਇਸ ਸੂਚੀ ਨੇ ਮੇਰੀ ਬਹੁਤ ਹੀ ਮਦਦ ਕੀਤੀ।ਬ੍ਰਾਜ਼ੀਲ ਜਾਣ ਦਾ ਸੱਦਾ
ਐਤਵਾਰ, 2 ਅਗਸਤ 1959 ਵਿਚ ਅਸੀਂ ਗ੍ਰੈਜੂਏਟ ਹੋਏ ਅਤੇ ਸਾਨੂੰ ਦੱਸ ਦਿੱਤਾ ਗਿਆ ਕਿ ਅਸੀਂ ਕਿੱਥੇ ਜਾ ਕੇ ਪ੍ਰਚਾਰ ਕਰਨਾ ਸੀ। ਵੀਅਨੂਸ਼ ਯਾਜ਼ੈੱਡਜੀਅਨ, ਸੇਰਾਹ ਗ੍ਰੈਕੋ, ਰੇ ਤੇ ਇੰਗਰ ਹੈੱਟਫੀਲਡ, ਸੋਨੀਆ ਸਪ੍ਰਿੰਗਗੇਟ, ਡੋਰੀਨ ਹਾਇਨਜ਼ ਤੇ ਮੈਨੂੰ ਬ੍ਰਾਜ਼ੀਲ ਘੱਲਿਆ ਗਿਆ। ਖ਼ੁਸ਼ੀ ਦੇ ਮਾਰੇ ਸਾਡੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ! ਮੇਰੇ ਮਨ ਵਿਚ ਉੱਥੇ ਦੇ ਜੰਗਲਾਂ, ਸੱਪਾਂ, ਰਬੜ ਦੇ ਦਰਖ਼ਤਾਂ ਤੇ ਮੂਲ ਨਿਵਾਸੀਆਂ ਦੀ ਤਸਵੀਰ ਆਉਣ ਲੱਗੀ। ਲੇਕਿਨ ਬ੍ਰਾਜ਼ੀਲ ਆ ਕੇ ਮੈਂ ਕੁਝ ਹੋਰ ਹੀ ਦੇਖਿਆ। ਬ੍ਰਾਜ਼ੀਲ ਦੀ ਰਾਜਧਾਨੀ ਰਿਓ ਡ ਜਨੇਰੋ ਕੋਈ ਪੱਛੜਿਆ ਹੋਇਆ ਇਲਾਕਾ ਨਹੀਂ ਸੀ ਤੇ ਨਾ ਹੀ ਐਮੇਜ਼ਨ ਜੰਗਲ ਵਰਗਾ ਬਰਸਾਤੀ ਇਲਾਕਾ ਸੀ।
ਕੁਝ ਹੀ ਦਿਨਾਂ ਅੰਦਰ ਅਸੀਂ ਪੁਰਤਗਾਲੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਪਹਿਲਾ ਮਹੀਨਾ ਤਾਂ ਅਸੀਂ ਰੋਜ਼ 11-11 ਘੰਟੇ ਪੁਰਤਗਾਲੀ ਸਿੱਖਣ ਵਿਚ ਲਾਉਂਦੇ ਸੀ। ਕੁਝ ਦੇਰ ਲਈ ਮੈਂ ਰਿਓ ਸ਼ਹਿਰ ਵਿਚ ਪ੍ਰਚਾਰ ਕੀਤਾ ਅਤੇ ਉੱਥੇ ਦੇ ਬ੍ਰਾਂਚ ਆਫ਼ਿਸ ਵਿਚ ਰਹੀ। ਰਿਓ ਤੋਂ ਬਾਅਦ ਮੈਨੂੰ ਸਾਓ ਪੌਲੋ ਰਾਜ ਦੇ ਪੀਰਾਸੀਕਾਬਾ ਸ਼ਹਿਰ ਵਿਚ ਤੇ ਫਿਰ ਰੀਓ ਗ੍ਰਾਂਡ ਡੋ ਸੁਲ ਰਾਜ ਦੇ ਪੋਰਟੋ ਅਲਗਰੇ ਸ਼ਹਿਰ ਵਿਚ ਮਿਸ਼ਨਰੀਆਂ ਨਾਲ ਪ੍ਰਚਾਰ ਕਰਨ ਵਾਸਤੇ ਭੇਜਿਆ ਗਿਆ।
ਫਿਰ 1963 ਦੇ ਸ਼ੁਰੂ ਵਿਚ ਮੈਨੂੰ ਬ੍ਰਾਂਚ ਆਫ਼ਿਸ ਵਿਚ ਟ੍ਰਾਂਸਲੇਸ਼ਨ ਵਿਭਾਗ ਵਿਚ ਕੰਮ ਕਰਨ ਦਾ ਸੱਦਾ ਆਇਆ। ਫਲੋਰਿਅਨੋ ਇਗਨੈੱਜ਼ ਡਾ ਕੋਨਸੀਕਾਓ ਨਾਂ ਦਾ ਭਰਾ ਜਿਸ ਨੇ ਸਾਨੂੰ ਪੁਰਤਗਾਲੀ ਭਾਸ਼ਾ ਸਿਖਾਈ ਸੀ ਇਸ ਵਿਭਾਗ ਦਾ ਓਵਰਸੀਅਰ ਸੀ। ਉਸ ਨੇ 1944 ਵਿਚ ਸੱਚਾਈ ਸਿੱਖੀ ਸੀ ਜਦੋਂ ਬ੍ਰਾਜ਼ੀਲ ਵਿਚ ਸਿਰਫ਼ 300 ਦੇ ਕਰੀਬ ਗਵਾਹ ਸਨ। ਅਤੇ ਉਸ ਨੇ ਗਿਲਿਅਡ ਦੀ 22ਵੀਂ ਕਲਾਸ ਵਿਚ ਸਿਖਲਾਈ ਲਈ ਸੀ। ਕੁਝ ਮਹੀਨੇ ਬਾਅਦ ਇਕ ਦਿਨ ਭਰਾ ਕੋਨਸੀਕਾਓ ਨੇ ਕਿਹਾ ਕਿ ਉਹ ਦੁਪਹਿਰ ਦੇ ਖਾਣੇ ਦੀ ਘੰਟੀ ਵੱਜਣ ਤੋਂ ਬਾਅਦ ਮੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਚਾਹੁੰਦਾ ਸੀ। ਮੈਂ ਘਬਰਾ ਗਈ। ਮੈਨੂੰ ਲੱਗਾ ਕਿ ਮੈਂ ਕੋਈ ਗ਼ਲਤੀ ਕਰ ਬੈਠੀ ਸਾਂ। ਜਦੋਂ ਘੰਟੀ ਵੱਜੀ, ਤਾਂ ਮੈਂ ਉਸ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਕੀ ਗੱਲ ਕਰਨੀ ਚਾਹੁੰਦੇ ਸੀ। ਉਸ ਨੇ ਮੈਨੂੰ ਪੁੱਛਿਆ: “ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ?” ਮੈਨੂੰ ਉਸ ਵੇਲੇ ਕੁਝ ਨਾ ਸੁੱਝਿਆ। ਇਸ ਮਾਮਲੇ ਤੇ ਸੋਚ-ਵਿਚਾਰ ਕਰਨ ਲਈ ਮੈਂ ਉਸ ਤੋਂ ਕੁਝ ਸਮਾਂ ਮੰਗਿਆ ਅਤੇ ਫਿਰ ਖਾਣਾ ਖਾਣ ਵਾਸਤੇ ਚਲੀ ਗਈ।
ਫਲੋਰਿਅਨੋ ਤੋਂ ਸਿਵਾਇ ਹੋਰ ਭਰਾਵਾਂ ਨੇ ਵੀ ਮੈਨੂੰ ਵਿਆਹ ਬਾਰੇ ਪੁੱਛਿਆ ਸੀ। ਲੇਕਿਨ ਕੋਈ ਵੀ ਅਜੇ ਤਕ ਮੇਰੀਆਂ ਸ਼ਰਤਾਂ ਤੇ ਪੂਰਾ ਨਹੀਂ ਸੀ ਉਤਰਿਆ। ਇਨ੍ਹਾਂ ਸ਼ਰਤਾਂ ਨੇ ਮੈਨੂੰ ਗ਼ਲਤ ਫ਼ੈਸਲਾ ਕਰਨ ਤੋਂ ਬਚਾਈ ਰੱਖਿਆ। ਪਰ ਜਦੋਂ ਮੈਂ ਫਲੋਰਿਅਨੋ ਬਾਰੇ ਸੋਚਿਆ, ਤਾਂ ਮੈਂ ਦੇਖਿਆ ਕਿ ਉਹ ਮੇਰੀ ਹਰ ਸ਼ਰਤ ਤੇ ਪੂਰਾ ਉਤਰਦਾ ਸੀ! 15 ਮਈ 1965 ਨੂੰ ਸਾਡਾ ਵਿਆਹ ਹੋਇਆ।
ਬੀਮਾਰੀ ਨਾਲ ਜੂਝਣਾ
ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਕਾਫ਼ੀ ਸੁੱਖ ਮਾਣਿਆ। ਵਿਆਹ ਤੋਂ ਥੋੜ੍ਹੇ ਚਿਰ ਬਾਅਦ ਫਲੋਰਿਅਨੋ ਦੀ ਤਬੀਅਤ ਵਿਗੜਨ ਲੱਗ ਪਈ। ਕੁਝ ਸਾਲ ਪਹਿਲਾਂ, ਫਲੋਰਿਅਨੋ ਦਾ ਖੱਬਾ ਫੇਫੜਾ ਕੰਮ ਕਰਨੋਂ ਹਟ ਗਿਆ ਸੀ ਤੇ ਇਸ ਕਰਕੇ ਉਸ ਨੂੰ ਬਹੁਤ ਹੀ ਜ਼ਿਆਦਾ ਤਕਲੀਫ਼ ਰਹਿਣ ਲੱਗ ਪਈ ਸੀ। ਇਸ ਦੇ ਕਾਰਨ ਸਾਨੂੰ ਬੈਥਲ ਛੱਡਣਾ ਪਿਆ। ਅਸੀਂ ਰਿਓ ਡ ਜਨੇਰੋ ਰਾਜ ਦੇ ਪਹਾੜੀ ਇਲਾਕੇ ਵਿਚ ਵਸੇ ਟੇਰੇਜ਼ੋਪੁਲਿਸ ਸ਼ਹਿਰ ਵਿਚ ਸਪੈਸ਼ਲ ਪਾਇਨੀਅਰੀ ਕਰਨ ਲੱਗ ਪਏ। ਅਸੀਂ ਉੱਥੇ ਇਸ ਉਮੀਦ ਨਾਲ ਗਏ ਕਿ ਸ਼ਾਇਦ ਉੱਥੇ ਦਾ ਹਵਾ-ਪਾਣੀ ਫਲੋਰਿਅਨੋ ਲਈ ਠੀਕ ਬੈਠੇ।
ਇਸ ਤੋਂ ਇਲਾਵਾ, ਦਸੰਬਰ 1965 ਵਿਚ ਸਾਨੂੰ ਪਤਾ ਲੱਗਾ ਕਿ ਮੇਰੇ ਮਾਤਾ ਜੀ ਦੀ ਸਿਹਤ ਕੈਂਸਰ ਕਰਕੇ ਬਹੁਤ ਹੀ ਵਿਗੜ ਗਈ ਸੀ। ਅਸੀਂ ਇਕ-ਦੂਸਰੇ ਨੂੰ ਚਿੱਠੀ-ਪੱਤਰ ਤਾਂ ਲਿਖਦੇ ਹੁੰਦੇ ਸਾਂ, ਪਰ ਸੱਤਾਂ ਸਾਲਾਂ ਤੋਂ ਇਕ-ਦੂਜੇ ਨੂੰ ਦੇਖਿਆ ਨਹੀਂ ਸੀ। ਸੋ ਮਾਤਾ ਜੀ ਨੇ ਸਾਡਾ ਇੰਗਲੈਂਡ ਆਉਣ ਦਾ ਕਿਰਾਇਆ ਕੱਢਿਆ। ਉਨ੍ਹਾਂ ਦਾ ਓਪਰੇਸ਼ਨ ਤਾਂ ਕੀਤਾ ਗਿਆ, ਪਰ ਡਾਕਟਰ ਉਨ੍ਹਾਂ ਦੇ ਸਰੀਰ ਵਿੱਚੋਂ ਕੈਂਸਰ ਕੱਢਣ ਵਿਚ ਨਾਕਾਮਯਾਬ ਰਹੇ। ਭਾਵੇਂ ਉਹ ਸਾਰਾ-ਸਾਰਾ ਦਿਨ ਬਿਸਤਰੇ ਤੇ ਲੇਟੇ ਰਹਿੰਦੇ ਸਨ, ਪਰ ਉਨ੍ਹਾਂ ਨੇ ਆਪਣੇ ਪ੍ਰਚਾਰ ਕਰਨ ਦੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੱਤਾ। ਉਹ ਗਵਾਹੀ ਦੇਣ ਲਈ ਦੂਜਿਆਂ ਤੋਂ ਕਮਰੇ ਵਿਚ ਪਏ ਟਾਈਪ-ਰਾਈਟਰ ਤੇ ਚਿੱਠੀਆਂ ਲਿਖਵਾਉਂਦੇ ਰਹਿੰਦੇ ਸਨ। ਉਹ ਹਸਪਤਾਲ ਵਿਚ ਮਿਲਣ ਆਏ ਲੋਕਾਂ ਨੂੰ ਵੀ ਗਵਾਹੀ ਦਿੰਦੇ ਸਨ। ਅਫ਼ਸੋਸ, 27 ਨਵੰਬਰ 1966 ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਮਹੀਨੇ ਉਨ੍ਹਾਂ ਨੇ ਕੁੱਲ 10 ਘੰਟੇ ਪ੍ਰਚਾਰ ਕੀਤਾ ਸੀ! ਪਿਤਾ ਜੀ ਵੀ ਮਰਦੇ ਦਮ ਤਕ ਪਾਇਨੀਅਰ ਸੇਵਾ ਵਿਚ ਲੱਗੇ ਰਹੇ। ਉਨ੍ਹਾਂ ਦੀ ਮੌਤ 1979 ਵਿਚ ਹੋਈ।
ਮਾਤਾ ਜੀ ਦੇ ਗੁਜ਼ਰਨ ਤੋਂ ਬਾਅਦ, ਅਸੀਂ ਬ੍ਰਾਜ਼ੀਲ ਦੇ ਰਿਓ ਡ ਜਨੇਰੋ ਰਾਜ ਵਿਚ ਆ ਕੇ ਮੁੜ ਆਪਣੀ ਸੇਵਾ ਵਿਚ ਲੱਗ ਗਏ। ਪਹਿਲਾਂ ਸਾਨੂੰ ਰਿਓ ਡ ਜਨੇਰੋ ਦੀ ਰਾਜਧਾਨੀ ਵਿਚ ਸਰਕਟ
ਕੰਮ ਕਰਨ ਦਾ ਸਨਮਾਨ ਮਿਲਿਆ। ਪਰ ਸਾਡੀ ਇਹ ਖ਼ੁਸ਼ੀ ਜਲਦੀ ਹੀ ਉਦਾਸੀ ਵਿਚ ਬਦਲ ਗਈ ਕਿਉਂਕਿ ਇਕ ਵਾਰ ਫਿਰ ਫਲੋਰਿਅਨੋ ਬੀਮਾਰ ਪੈ ਗਿਆ। ਅਸੀਂ ਟੇਰੇਜ਼ੋਪੁਲਿਸ ਸ਼ਹਿਰ ਵਾਪਸ ਆ ਕੇ ਸਪੈਸ਼ਲ ਪਾਇਨੀਅਰੀ ਕਰਨ ਲੱਗ ਪਏ।ਫਲੋਰਿਅਨੋ ਕਈ ਸਾਲ ਇਲਾਜ ਕਰਵਾ-ਕਰਵਾ ਕੇ ਤੰਗ ਆ ਚੁੱਕਾ ਸੀ। ਅਖ਼ੀਰ 1974 ਵਿਚ ਡਾਕਟਰਾਂ ਨੇ ਉਸ ਦਾ ਖੱਬਾ ਫੇਫੜਾ ਕੱਢ ਦਿੱਤਾ। ਹਸਪਤਾਲ ਵਿਚ ਹੋਣ ਕਰਕੇ ਉਹ ਪ੍ਰਧਾਨ ਨਿਗਾਹਬਾਨ ਵਜੋਂ ਜਾਂ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਨਾ ਕਰ ਪਾਇਆ, ਪਰ ਉਸ ਨੇ ਹਸਪਤਾਲ ਵਿਚ ਹੀ ਕਈ ਵਿਅਕਤੀਆਂ ਨੂੰ ਬਾਈਬਲ ਸਟੱਡੀਆਂ ਕਰਵਾਈਆਂ। ਉਨ੍ਹਾਂ ਵਿੱਚੋਂ ਇਕ ਰੀਟਾਇਰ ਹੋਇਆ ਅਮਰੀਕਨ ਆਦਮੀ ਸੀ ਜਿਸ ਦਾ ਨਾਂ ਬੌਬ ਸੀ। ਫਲੋਰਿਅਨੋ ਨੇ ਉਸ ਨਾਲ ਅੰਗ੍ਰੇਜ਼ੀ ਵਿਚ ਸਟੱਡੀ ਕੀਤੀ ਸੀ। ਯਹੋਵਾਹ ਬਾਰੇ ਸਿੱਖਣ ਤੋਂ ਬਾਅਦ ਬੌਬ ਨੇ ਬਪਤਿਸਮਾ ਲੈ ਲਿਆ। ਹੌਲੀ-ਹੌਲੀ ਠੀਕ ਹੋਣ ਤੋਂ ਬਾਅਦ ਫਲੋਰਿਅਨੋ ਪਾਇਨੀਅਰ ਸੇਵਾ ਵਿਚ ਲੱਗ ਗਿਆ ਤੇ ਉਦੋਂ ਤੋਂ ਪਾਇਨੀਅਰੀ ਕਰ ਰਿਹਾ ਹੈ।
ਪ੍ਰਚਾਰ ਵਿਚ ਯਹੋਵਾਹ ਨੇ ਮੈਨੂੰ ਕਾਮਯਾਬੀ ਬਖ਼ਸ਼ੀ
ਕਈ ਸਾਲਾਂ ਤੋਂ ਮੈਂ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਹੀ ਹਾਂ ਜਿਸ ਕਰਕੇ ਯਹੋਵਾਹ ਨੇ ਮੇਰੀ ਝੋਲੀ ਬਰਕਤਾਂ ਨਾਲ ਭਰੀ ਹੈ। ਟੇਰੇਜ਼ੋਪੁਲਿਸ ਵਿਚ ਮੈਨੂੰ 60 ਤੋਂ ਜ਼ਿਆਦਾ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਵਿੱਚੋਂ ਜ਼ੁਪੀਰਾ ਨਾਂ ਦੀ ਔਰਤ ਸੀ ਜਿਸ ਨੂੰ ਮੈਂ ਪੜ੍ਹਨਾ ਵੀ ਸਿਖਾਇਆ। ਹੌਲੀ-ਹੌਲੀ ਮੈਂ ਉਸ ਦੇ ਅੱਠ ਬੱਚਿਆਂ ਨੂੰ ਵੀ ਸੱਚਾਈ ਵਿਚ ਲਿਆਂਦਾ। ਅੱਜ ਜ਼ੁਪੀਰਾ ਅਤੇ ਉਸ ਦੇ ਪਰਿਵਾਰ ਦੇ 20 ਤੋਂ ਵੀ ਜ਼ਿਆਦਾ ਜੀਅ ਜੋਸ਼ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇਕ ਬਜ਼ੁਰਗ ਹੈ, ਤਿੰਨ ਸਹਾਇਕ ਸੇਵਕ ਤੇ ਦੋ ਪਾਇਨੀਅਰ ਹਨ।
ਪ੍ਰਚਾਰ ਦੇ ਕੰਮ ਵਿਚ ਮੈਂ ਹਮੇਸ਼ਾ ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖਿਆ। ਮਿਸਾਲ ਲਈ, ਐਨਟੋਨਿਓ ਦੀ ਗੱਲ ਲੈ ਲਓ। ਇਕ ਦਿਨ ਮੈਂ ਉਸ ਦੀ ਪਤਨੀ ਅਲਜ਼ਮੀਰਾ ਨੂੰ ਬਾਈਬਲ ਸਟੱਡੀ ਕਰਵਾ ਰਹੀ ਸੀ ਜਦ ਉਹ ਮੇਰੇ ਪਿੱਛੇ ਦੋ ਵੱਡੇ-ਵੱਡੇ ਕੁੱਤੇ ਲਾਉਣ ਦਾ ਡਰਾਵਾ ਦੇਣ ਲੱਗਾ ਜੇ ਮੈਂ ਉਸ ਦੇ ਘਰੋਂ ਨਾ ਨਿਕਲੀ। ਉਸ ਦਿਨ ਤੋਂ ਬਾਅਦ ਮੈਂ ਅਲਜ਼ਮੀਰਾ ਨੂੰ ਕਦੇ-ਕਦਾਈਂ ਮਿਲੀ। ਲੁਕ-ਲੁਕ ਕੇ ਮਿਲਣ ਦਾ ਇਹ ਸਿਲਸਿਲਾ ਸੱਤਾਂ ਸਾਲਾਂ ਤਕ ਚੱਲਦਾ ਰਿਹਾ। ਫਿਰ ਇਕ ਦਿਨ ਮੈਂ ਕਿਸੇ ਤਰ੍ਹਾਂ ਐਨਟੋਨਿਓ ਤੋਂ ਉਸ ਦੀ ਪਤਨੀ ਨਾਲ ਦੁਬਾਰਾ ਸਟੱਡੀ ਕਰਨ ਦੀ ਇਜਾਜ਼ਤ ਲੈ ਲਈ। ਉਹ ਆਪ ਬਾਈਬਲ ਬਾਰੇ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਸੀ। ਪਰ ਇਕ ਦਿਨ ਜਦ ਮੀਂਹ ਪੈ ਰਿਹਾ ਸੀ, ਮੈਂ ਐਨਟੋਨਿਓ ਨੂੰ ਸਟੱਡੀ ਵਿਚ ਬੈਠਣ ਲਈ ਕਿਹਾ। ਉਦੋਂ ਮੈਨੂੰ ਪਤਾ ਲੱਗਾ ਕਿ ਐਨਟੋਨਿਓ ਨੂੰ ਪੜ੍ਹਨਾ ਨਹੀਂ ਸੀ ਆਉਂਦਾ। ਉਸ ਵਕਤ ਤੋਂ ਫਲੋਰਿਅਨੋ ਤੇ ਹੋਰਾਂ ਨੇ ਉਸ ਨਾਲ ਸਟੱਡੀ ਕੀਤੀ ਤੇ ਉਸ ਨੂੰ ਪੜ੍ਹਨਾ ਸਿਖਾਇਆ। ਅੱਜ ਐਨਟੋਨਿਓ ਤੇ ਅਲਜ਼ਮੀਰਾ ਦੋਨੋਂ ਯਹੋਵਾਹ ਦੇ ਸੇਵਕ ਹਨ। ਕਲੀਸਿਯਾ ਤੇ ਪ੍ਰਚਾਰ ਵਿਚ ਅਨਟੋਨਿਓ ਕਾਫ਼ੀ ਨੌਜਵਾਨਾਂ ਦੀ ਬਹੁਤ ਮਦਦ ਕਰਦਾ ਹੈ।
ਇਹ ਤਾਂ ਕੁਝ ਹੀ ਬਰਕਤਾਂ ਹਨ ਜੋ ਯਹੋਵਾਹ ਨੇ ਸਾਨੂੰ ਟੇਰੇਜ਼ੋਪੁਲਿਸ ਵਿਚ 20 ਤੋਂ ਜ਼ਿਆਦਾ ਸਾਲ ਸੇਵਾ ਕਰਦਿਆਂ ਦਿੱਤੀਆਂ ਹਨ। 1988 ਦੇ ਸ਼ੁਰੂ ਵਿਚ ਅਸੀਂ ਨੀਟੇਰੋਈ ਸ਼ਹਿਰ ਚਲੇ ਗਏ ਸੀ ਜਿੱਥੇ ਅਸੀਂ ਅਗਲੇ ਪੰਜ ਸਾਲ ਪ੍ਰਚਾਰ ਕੀਤਾ। ਫਿਰ ਕੁਝ ਸਮੇਂ ਲਈ ਸਾਂਟੋ ਅਲੇਸ਼ੂ ਵਿਚ ਰਹੇ ਤੇ ਉਸ ਤੋਂ ਬਾਅਦ ਰਿਓ ਡ ਜਨੇਰੋ ਰਾਜ ਦੇ ਕੇਂਦਰ ਵਿਚ ਬਣੇ ਜ਼ਾਪੂਬਾ ਕਸਬੇ ਦੀ ਮਸੀਹੀ ਕਲੀਸਿਯਾ ਵਿਚ ਆ ਗਏ। ਉੱਥੇ ਸਾਨੂੰ ਰਾਇਬੀਰਾ ਕਲੀਸਿਯਾ ਬਣਾਉਣ ਦਾ ਸਨਮਾਨ ਮਿਲਿਆ।
ਇਕ ਸਾਦੀ ਪਰ ਸੁਖੀ ਜ਼ਿੰਦਗੀ
ਮਿਸ਼ਨਰੀ ਸੇਵਾ ਕਰਦਿਆਂ ਮੈਂ ਤੇ ਫਲੋਰਿਅਨੋ ਨੇ 300 ਤੋਂ ਜ਼ਿਆਦਾ ਲੋਕਾਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕੀਤੀ। ਅੱਜ ਇਨ੍ਹਾਂ ਵਿੱਚੋਂ ਕੁਝ ਬ੍ਰਾਂਚ ਵਿਚ ਕੰਮ ਕਰਦੇ ਹਨ ਤੇ ਕੁਝ ਪਾਇਨੀਅਰ, ਬਜ਼ੁਰਗ ਜਾਂ ਸਹਾਇਕ ਸੇਵਕ ਹਨ। ਮੈਂ ਯਹੋਵਾਹ ਦੀ ਕਿੰਨੀ ਧੰਨਵਾਦੀ ਹਾਂ ਕਿ ਉਸ ਨੇ ਬਹੁਤ ਸਾਰਿਆਂ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਸਾਨੂੰ ਆਪਣੀ ਪਵਿੱਤਰ ਆਤਮਾ ਦਿੱਤੀ!—ਮਰਕੁਸ 10:29, 30.
ਇਹ ਸੱਚ ਹੈ ਕਿ ਗੰਭੀਰ ਬੀਮਾਰੀ ਕਾਰਨ ਫਲੋਰਿਅਨੋ ਦੀ ਸਿਹਤ ਕਾਫ਼ੀ ਖ਼ਰਾਬ ਰਹੀ ਹੈ। ਲੇਕਿਨ ਇਸ ਦੇ ਬਾਵਜੂਦ ਵੀ ਉਹ ਖ਼ੁਸ਼ੀ ਤੇ ਜੋਸ਼ ਨਾਲ ਭਰਿਆ ਰਹਿੰਦਾ ਹੈ ਅਤੇ ਯਹੋਵਾਹ ਤੇ ਭਰੋਸਾ ਰੱਖਦਾ ਹੈ। ਉਹ ਕਈ ਵਾਰੀ ਕਹਿੰਦਾ ਹੈ: “ਸੁਖੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਜ਼ਿੰਦਗੀ ਵਿਚ ਕੋਈ ਦੁੱਖ ਹੀ ਨਹੀਂ ਆਉਣਾ, ਬਲਕਿ ਸੁਖੀ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਦੁੱਖ-ਭਰੇ ਸਮੇਂ ਦੌਰਾਨ ਯਹੋਵਾਹ ਤੁਹਾਡੀ ਮਦਦ ਕਰੇਗਾ।”—ਜ਼ਬੂਰਾਂ ਦੀ ਪੋਥੀ 34:19.
2003 ਵਿਚ ਮੇਰੀ ਖੱਬੀ ਅੱਖ ਵਿਚ ਕੈਂਸਰ ਹੋ ਗਿਆ ਸੀ। ਓਪਰੇਸ਼ਨ ਰਾਹੀਂ ਮੇਰੀ ਅੱਖ ਕੱਢ ਕੇ ਇਸ ਦੀ ਥਾਂ ਨਕਲੀ ਅੱਖ ਪਾਈ ਗਈ ਜਿਸ ਨੂੰ ਦਿਨ ਵਿਚ ਕਈ ਵਾਰ ਧੋਣਾ ਪੈਂਦਾ ਹੈ। ਇਸ ਦੇ ਬਾਵਜੂਦ ਯਹੋਵਾਹ ਦੀ ਤਾਕਤ ਸਦਕਾ ਮੈਂ ਅਜੇ ਵੀ ਸਪੈਸ਼ਲ ਪਾਇਨੀਅਰ ਵਜੋਂ ਉਸ ਦੀ ਸੇਵਾ ਕਰਦੀ ਹਾਂ।
ਦੁਨੀਆਂ ਵਿਚ ਧਨ-ਦੌਲਤ ਕਮਾਉਣ ਦੀ ਬਜਾਇ, ਮੈਂ ਸਾਦੀ ਜ਼ਿੰਦਗੀ ਜੀਣੀ ਸਿੱਖੀ ਹੈ। ਯਹੋਵਾਹ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ। ਅਫ਼ਰੀਕਾ ਤੋਂ ਆਈ ਮਿਸ਼ਨਰੀ ਭੈਣ ਨੇ ਜਿਨ੍ਹਾਂ ਬਰਕਤਾਂ ਬਾਰੇ ਗੱਲ ਕੀਤੀ ਸੀ, ਉਹ ਬਰਕਤਾਂ ਮੈਂ ਵੀ ਬ੍ਰਾਜ਼ੀਲ ਵਿਚ ਮਿਸ਼ਨਰੀ ਕੰਮ ਕਰਦਿਆਂ ਪਾਈਆਂ ਹਨ। ਹਾਂ, ਯਹੋਵਾਹ ਨੇ ਮਿਸ਼ਨਰੀ ਬਣਨ ਦੀ ਮੇਰੀ ਤਮੰਨਾ ਪੂਰੀ ਕੀਤੀ ਹੈ!
[ਸਫ਼ਾ 9 ਉੱਤੇ ਤਸਵੀਰ]
1953 ਵਿਚ ਆਪਣੇ ਪਰਿਵਾਰ ਨਾਲ
[ਸਫ਼ਾ 9 ਉੱਤੇ ਤਸਵੀਰ]
1957 ਵਿਚ ਆਇਰਲੈਂਡ ਵਿਚ ਪ੍ਰਚਾਰ ਕਰਦੀ ਹੋਈ
[ਸਫ਼ਾ 10 ਉੱਤੇ ਤਸਵੀਰ]
1959 ਵਿਚ ਬ੍ਰਾਜ਼ੀਲ ਵਿਚ ਮਿਸ਼ਨਰੀਆਂ ਨਾਲ। ਖੱਬੇ ਤੋਂ ਸੱਜੇ: ਮੈਂ, ਇੰਗਰ ਹੈੱਟਫੀਲਡ, ਡੋਰੀਨ ਹਾਇਨਜ਼ ਤੇ ਸੋਨੀਆ ਸਪ੍ਰਿੰਗਗੇਟ
[ਸਫ਼ਾ 10 ਉੱਤੇ ਤਸਵੀਰ]
ਆਪਣੇ ਪਤੀ ਨਾਲ