Skip to content

Skip to table of contents

ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਓ

ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਓ

ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਓ

“ਵੇਖਣਾ . . . ਨਾ ਹੋਵੇ ਭਈ ਕੋਈ ਹਰਾਮਕਾਰ ਅਥਵਾ ਏਸਾਓ ਵਾਂਙੁ ਕੁਧਰਮੀ ਹੋਵੇ।”—ਇਬਰਾਨੀਆਂ 12:15, 16.

1. ਯਹੋਵਾਹ ਦੇ ਸੇਵਕ ਦੁਨੀਆਂ ਦੇ ਲੋਕਾਂ ਦਾ ਕਿਹੜਾ ਰਵੱਈਆ ਨਹੀਂ ਅਪਣਾਉਂਦੇ?

ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ, ਤਿਉਂ-ਤਿਉਂ ਦੁਨੀਆਂ ਦੀ ਨਜ਼ਰ ਵਿਚ ਪਵਿੱਤਰ ਚੀਜ਼ਾਂ ਦੀ ਅਹਿਮੀਅਤ ਘੱਟਦੀ ਜਾ ਰਹੀ ਹੈ। ਫਰਾਂਸ ਦੇ ਇਕ ਸਮਾਜ-ਵਿਗਿਆਨੀ ਨੇ ਕਿਹਾ: ‘ਇਕ ਸਮਾਂ ਹੁੰਦਾ ਸੀ ਜਦ ਲੋਕ ਧਾਰਮਿਕ, ਸਮਾਜਕ, ਕੁਦਰਤੀ ਤੇ ਨੈਤਿਕ ਮਿਆਰਾਂ ਨੂੰ ਬਿਨਾਂ ਸਵਾਲ ਪੁੱਛੇ ਕਬੂਲ ਕਰ ਲੈਂਦੇ ਸਨ। ਪਰ ਅੱਜ-ਕੱਲ੍ਹ ਲੋਕ ਆਪ ਆਪਣੇ ਅਸੂਲ ਬਣਾ ਰਹੇ ਹਨ।’ ਇਹ “ਜਗਤ ਦੇ ਆਤਮਾ” ਦਾ ਅਸਰ ਹੈ ਜੋ ਲੋਕਾਂ ਨੂੰ “ਅਣਆਗਿਆਕਾਰੀ” ਬਣਾਉਂਦਾ ਹੈ। (1 ਕੁਰਿੰਥੀਆਂ 2:12; ਅਫ਼ਸੀਆਂ 2:2) ਪਰ ਯਹੋਵਾਹ ਦੇ ਸੇਵਕ ਉਸ ਨੂੰ ਆਪਣਾ ਮਾਲਕ ਮੰਨਦੇ ਹਨ। ਇਸ ਲਈ ਉਹ ਦੁਨੀਆਂ ਦੇ ਲੋਕਾਂ ਦਾ ਰਵੱਈਆ ਨਹੀਂ ਅਪਣਾਉਂਦੇ। (ਰੋਮੀਆਂ 12:1, 2) ਉਹ ਜਾਣਦੇ ਹਨ ਕਿ ਯਹੋਵਾਹ ਦੀ ਭਗਤੀ ਨਾਲ ਜੁੜੀਆਂ ਪਵਿੱਤਰ ਚੀਜ਼ਾਂ ਦੀ ਗਹਿਰੀ ਕਦਰ ਕਰਨੀ ਜ਼ਰੂਰੀ ਹੈ। ਸਾਨੂੰ ਕਿਹੜੀਆਂ ਚੀਜ਼ਾਂ ਨੂੰ ਪਵਿੱਤਰ ਮੰਨਣਾ ਚਾਹੀਦਾ ਹੈ? ਇਸ ਲੇਖ ਵਿਚ ਅਸੀਂ ਪੰਜ ਚੀਜ਼ਾਂ ਵੱਲ ਧਿਆਨ ਦੇਵਾਂਗੇ ਜੋ ਪਰਮੇਸ਼ੁਰ ਦੇ ਸਾਰੇ ਸੇਵਕਾਂ ਲਈ ਪਵਿੱਤਰ ਹਨ। ਅਗਲੇ ਲੇਖ ਵਿਚ ਅਸੀਂ ਆਪਣੀਆਂ ਸਭਾਵਾਂ ਦੀ ਪਵਿੱਤਰਤਾ ਉੱਤੇ ਗੌਰ ਕਰਾਂਗੇ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ “ਪਵਿੱਤਰ” ਸ਼ਬਦ ਦਾ ਮਤਲਬ ਕੀ ਹੈ।

2, 3. (ੳ) ਬਾਈਬਲ ਵਿਚ ਯਹੋਵਾਹ ਦੀ ਪਵਿੱਤਰਤਾ ਬਾਰੇ ਕੀ ਕਿਹਾ ਗਿਆ ਹੈ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਮੰਨਦੇ ਹਾਂ?

2 ਇਬਰਾਨੀ ਭਾਸ਼ਾ ਵਿਚ ਲਿਖੀ ਗਈ ਮੂਲ ਬਾਈਬਲ ਵਿਚ “ਪਵਿੱਤਰ” ਸ਼ਬਦ ਦਾ ਮਤਲਬ ਹੈ ਵੱਖਰਾ ਕਰਨਾ। ਭਗਤੀ ਦੇ ਸੰਬੰਧ ਵਿਚ ਉਸ ਚੀਜ਼ ਨੂੰ “ਪਵਿੱਤਰ” ਕਿਹਾ ਜਾਂਦਾ ਹੈ ਜੋ ਕਿਸੇ ਖ਼ਾਸ ਮਕਸਦ ਲਈ ਵੱਖਰੀ ਕੀਤੀ ਗਈ ਹੁੰਦੀ ਹੈ ਜਾਂ ਜਿਸ ਨੂੰ ਪਾਕ ਠਹਿਰਾਇਆ ਜਾਂਦਾ ਹੈ। ਸਿਰਫ਼ ਯਹੋਵਾਹ ਹੀ ਪੂਰੀ ਤਰ੍ਹਾਂ ਸ਼ੁੱਧ ਜਾਂ ਪਵਿੱਤਰ ਹੈ। ਬਾਈਬਲ ਵਿਚ ਉਸ ਨੂੰ “ਪਵਿੱਤਰ ਪੁਰਖ” ਕਿਹਾ ਗਿਆ ਹੈ। (ਕਹਾਉਤਾਂ 9:10; 30:3) ਪ੍ਰਾਚੀਨ ਇਸਰਾਏਲ ਵਿਚ ਪ੍ਰਧਾਨ ਜਾਜਕ ਦੀ ਪੱਗ ਉੱਤੇ ਸੋਨੇ ਦਾ ਪੱਤਰਾ ਲਾਇਆ ਜਾਂਦਾ ਸੀ ਜਿਸ ਉੱਤੇ ਇਹ ਸ਼ਬਦ ਉੱਕਰੇ ਹੋਏ ਸਨ: “ਯਹੋਵਾਹ ਲਈ ਪਵਿੱਤ੍ਰਤਾਈ।” (ਕੂਚ 28:36, 37) ਬਾਈਬਲ ਦੱਸਦੀ ਹੈ ਕਿ ਸਵਰਗ ਵਿਚ ਯਹੋਵਾਹ ਦੇ ਸਿੰਘਾਸਣ ਦੇ ਆਲੇ-ਦੁਆਲੇ ਖਲੋਤੇ ਕਰੂਬੀ ਅਤੇ ਸਰਾਫ਼ੀਮ ਐਲਾਨ ਕਰਦੇ ਹਨ: ‘ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ ਹੈ ਯਹੋਵਾਹ।’ (ਯਸਾਯਾਹ 6:2, 3; ਪਰਕਾਸ਼ ਦੀ ਪੋਥੀ 4:6-8) ਤਿੰਨ ਵਾਰ “ਪਵਿੱਤ੍ਰ” ਕਹਿ ਕੇ ਦੂਤ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਯਹੋਵਾਹ ਅੱਤ-ਪਵਿੱਤਰ ਹੈ। ਉਸ ਜਿੰਨਾ ਪਵਿੱਤਰ, ਸ਼ੁੱਧ ਅਤੇ ਪਾਕ ਹੋਰ ਕੋਈ ਨਹੀਂ। ਅਸਲ ਵਿਚ ਉਹ ਪਵਿੱਤਰਤਾ ਦਾ ਸੋਮਾ ਹੈ।

3 ਯਹੋਵਾਹ ਦਾ ਨਾਂ ਪਵਿੱਤਰ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਓਹ ਤੇਰੇ ਵੱਡੇ ਅਤੇ ਭਿਆਣਕ ਨਾਮ ਨੂੰ ਸਲਾਹੁਣ, ਉਹ ਪਵਿੱਤਰ ਹੈ।” (ਜ਼ਬੂਰਾਂ ਦੀ ਪੋਥੀ 99:3) ਯਿਸੂ ਨੇ ਸਾਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਯਿਸੂ ਦੀ ਮਾਤਾ ਮਰਿਯਮ ਨੇ ਕਿਹਾ: “ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ . . . ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ, ਅਤੇ ਪਵਿੱਤ੍ਰ ਹੈ ਉਹ ਦਾ ਨਾਮ।” (ਲੂਕਾ 1:46, 49) ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਮੰਨਦੇ ਹਾਂ ਤੇ ਅਸੀਂ ਕਦੀ ਵੀ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਨਾਲ ਉਸ ਦੇ ਨਾਂ ਦੀ ਬਦਨਾਮੀ ਹੋਵੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਚੀਜ਼ਾਂ ਨੂੰ ਪਵਿੱਤਰ ਮੰਨਦੇ ਹਾਂ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹਨ।—ਆਮੋਸ 5:14, 15.

ਅਸੀਂ ਯਿਸੂ ਦਾ ਦਿਲੋਂ ਆਦਰ ਕਰਦੇ ਹਾਂ

4. ਬਾਈਬਲ ਵਿਚ ਯਿਸੂ ਨੂੰ “ਪਰਮੇਸ਼ੁਰ ਦਾ ਪਵਿੱਤ੍ਰ ਪੁਰਖ” ਕਿਉਂ ਕਿਹਾ ਗਿਆ ਹੈ?

4 ਯਿਸੂ ਯਹੋਵਾਹ ਪਰਮੇਸ਼ੁਰ ਦਾ ‘ਇਕਲੌਤਾ ਪੁੱਤਰ’ ਹੈ ਯਾਨੀ ਯਹੋਵਾਹ ਨੇ ਉਸ ਨੂੰ ਆਪਣੇ ਹੱਥੀਂ ਬਣਾਇਆ ਹੈ। ਇਸ ਲਈ ਯਿਸੂ ਪਵਿੱਤਰ ਹੈ। (ਯੂਹੰਨਾ 1:14; ਕੁਲੁੱਸੀਆਂ 1:15; ਇਬਰਾਨੀਆਂ 1:1-3) ਬਾਈਬਲ ਵਿਚ ਉਸ ਨੂੰ “ਪਰਮੇਸ਼ੁਰ ਦਾ ਪਵਿੱਤ੍ਰ ਪੁਰਖ” ਕਿਹਾ ਗਿਆ ਹੈ। (ਯੂਹੰਨਾ 6:69) ਉਹ ਉਦੋਂ ਵੀ ਪਵਿੱਤਰ ਰਿਹਾ ਜਦ ਉਸ ਦੀ ਜਾਨ ਸਵਰਗ ਤੋਂ ਧਰਤੀ ਉੱਤੇ ਮਰਿਯਮ ਦੀ ਕੁੱਖ ਵਿਚ ਪਾਈ ਗਈ ਸੀ ਕਿਉਂਕਿ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮਰਿਯਮ ਨੇ ਯਿਸੂ ਨੂੰ ਜਨਮ ਦਿੱਤਾ ਸੀ। ਇਕ ਦੂਤ ਨੇ ਉਸ ਨੂੰ ਦੱਸਿਆ: “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ . . . ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” (ਲੂਕਾ 1:35) ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵਕਤ ਯਰੂਸ਼ਲਮ ਦੇ ਮਸੀਹੀਆਂ ਨੇ ਦੋ ਵਾਰ ਪਰਮੇਸ਼ੁਰ ਦੇ ਪੁੱਤਰ ਨੂੰ ਪਰਮੇਸ਼ੁਰ ਦਾ “ਪਵਿੱਤ੍ਰ ਸੇਵਕ” ਕਿਹਾ ਸੀ।—ਰਸੂਲਾਂ ਦੇ ਕਰਤੱਬ 4:27, 30.

5. ਧਰਤੀ ਉੱਤੇ ਯਿਸੂ ਨੇ ਕਿਹੜਾ ਪਵਿੱਤਰ ਕੰਮ ਕੀਤਾ ਸੀ ਅਤੇ ਉਸ ਦਾ ਲਹੂ ਅਨਮੋਲ ਕਿਉਂ ਹੈ?

5 ਧਰਤੀ ਉੱਤੇ ਯਿਸੂ ਨੂੰ ਪਵਿੱਤਰ ਕੰਮ ਸੌਂਪਿਆ ਗਿਆ ਸੀ। ਸਾਲ 29 ਵਿਚ ਜਦ ਉਸ ਨੇ ਬਪਤਿਸਮਾ ਲਿਆ, ਤਾਂ ਉਸ ਨੂੰ ਯਹੋਵਾਹ ਦੇ ਮਹਾਨ ਰੂਹਾਨੀ ਹੈਕਲ ਦੇ ਪ੍ਰਧਾਨ ਜਾਜਕ ਵਜੋਂ ਮਸਹ ਕੀਤਾ ਗਿਆ ਸੀ। (ਲੂਕਾ 3:21, 22; ਇਬਰਾਨੀਆਂ 7:26; 8:1, 2) ਇਸ ਹੈਸੀਅਤ ਵਿਚ ਸੇਵਾ ਕਰਦਿਆਂ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਸੀ। ਉਸ ਦੇ ਵਹਾਏ ਗਏ ਲਹੂ ਕਰਕੇ ਪਾਪੀ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਮੁਕਤੀ ਮਿਲਣੀ ਸੀ। (ਮੱਤੀ 20:28; ਇਬਰਾਨੀਆਂ 9:14) ਇਸ ਲਈ ਸਾਨੂੰ ਯਿਸੂ ਦੇ ਲਹੂ ਨੂੰ ਪਵਿੱਤਰ ਅਤੇ “ਅਮੋਲਕ” ਸਮਝਣਾ ਚਾਹੀਦਾ ਹੈ।—1 ਪਤਰਸ 1:19.

6. ਮਸੀਹ ਯਿਸੂ ਬਾਰੇ ਸਾਡਾ ਕੀ ਨਜ਼ਰੀਆ ਹੈ ਅਤੇ ਕਿਉਂ?

6 ਇਹ ਦਿਖਾਉਂਦੇ ਹੋਏ ਕਿ ਮਸੀਹੀ ਆਪਣੇ ਰਾਜੇ ਅਤੇ ਪ੍ਰਧਾਨ ਜਾਜਕ ਮਸੀਹ ਯਿਸੂ ਦਾ ਦਿਲੋਂ ਆਦਰ ਕਰਦੇ ਹਨ, ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਵੀ [ਆਪਣੇ ਪੁੱਤਰ] ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!” (ਫ਼ਿਲਿੱਪੀਆਂ 2:9-11) ਜੀ ਹਾਂ, ਯਿਸੂ ਕਲੀਸਿਯਾ ਦਾ ਸਿਰ, “ਮਾਲਕ” ਅਤੇ ਰਾਜਾ ਹੈ। ਸੋ ਖ਼ੁਸ਼ੀ ਨਾਲ ਯਿਸੂ ਦੇ ਅਧੀਨ ਹੋ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਹਾਂ।—ਮੱਤੀ 23:10; ਕੁਲੁੱਸੀਆਂ 1:18.

7. ਜੇ ਅਸੀਂ ਮਸੀਹ ਦੇ ਅਧੀਨ ਹਾਂ, ਤਾਂ ਅਸੀਂ ਕੀ ਕਰਾਂਗੇ?

7 ਮਸੀਹ ਦੇ ਅਧੀਨ ਹੋਣ ਦਾ ਮਤਲਬ ਇਹ ਵੀ ਹੈ ਕਿ ਅਸੀਂ ਉਨ੍ਹਾਂ ਦਾ ਵੀ ਆਦਰ ਕਰੀਏ ਜਿਨ੍ਹਾਂ ਨੂੰ ਉਸ ਨੇ ਸਾਡੀ ਅਗਵਾਈ ਕਰਨ ਲਈ ਚੁਣਿਆ ਹੈ। ਪ੍ਰਬੰਧਕ ਸਭਾ ਦੇ ਮਸਹ ਕੀਤੇ ਹੋਏ ਮੈਂਬਰਾਂ ਦਾ ਕੰਮ ਅਤੇ ਉਨ੍ਹਾਂ ਦੁਆਰਾ ਨਿਯੁਕਤ ਕੀਤੇ ਸਾਰੇ ਭਰਾਵਾਂ ਦਾ ਕੰਮ ਪਵਿੱਤਰ ਹੈ। ਇਹ ਭਰਾ ਚਾਹੇ ਬ੍ਰਾਂਚ ਆਫ਼ਿਸਾਂ, ਜ਼ਿਲ੍ਹਿਆਂ, ਸਰਕਟਾਂ ਜਾਂ ਕਲੀਸਿਯਾਵਾਂ ਵਿਚ ਸੇਵਾ ਕਰਦੇ ਹੋਣ, ਸਾਨੂੰ ਉਨ੍ਹਾਂ ਦਾ ਆਦਰ ਕਰਦਿਆਂ ਉਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ।—ਇਬਰਾਨੀਆਂ 13:7, 17.

ਪਵਿੱਤਰ ਲੋਕ

8, 9. (ੳ) ਇਸਰਾਏਲੀ ਕਿਸ ਤਰੀਕੇ ਨਾਲ ਪਵਿੱਤਰ ਲੋਕ ਸਨ? (ਅ) ਯਹੋਵਾਹ ਨੇ ਪਵਿੱਤਰਤਾ ਉੱਤੇ ਕਿਵੇਂ ਜ਼ੋਰ ਦਿੱਤਾ ਸੀ?

8 ਯਹੋਵਾਹ ਨੇ ਇਸਰਾਏਲ ਕੌਮ ਨਾਲ ਨੇਮ ਬੰਨ੍ਹ ਕੇ ਉਸ ਨੂੰ ਇਕ ਖ਼ਾਸ ਅਹੁਦਾ ਦਿੱਤਾ ਸੀ। ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੀ ਪਵਿੱਤਰ ਕੌਮ ਬਣਾ ਕੇ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ। ਯਹੋਵਾਹ ਨੇ ਆਪ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਅੱਗੇ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਪਵਿੱਤ੍ਰ ਹਾਂ ਅਤੇ ਆਪਣੇ ਬਣਾਉਣ ਲਈ ਮੈਂ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ।”—ਲੇਵੀਆਂ 19:2; 20:26.

9 ਜਿਸ ਦਿਨ ਤੋਂ ਇਸਰਾਏਲ ਕੌਮ ਬਣੀ, ਉਸੇ ਦਿਨ ਤੋਂ ਯਹੋਵਾਹ ਨੇ ਉਨ੍ਹਾਂ ਨੂੰ ਪਵਿੱਤਰ ਚੀਜ਼ਾਂ ਦੀ ਇੱਜ਼ਤ ਕਰਨੀ ਸਿਖਾਉਣੀ ਸ਼ੁਰੂ ਕੀਤੀ। ਇਸਰਾਏਲੀਆਂ ਨੇ ਉਸ ਪਹਾੜ ਨੂੰ ਹੱਥ ਵੀ ਨਹੀਂ ਲਾਉਣਾ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਸ ਹੁਕਮ ਦਿੱਤੇ ਸਨ, ਮਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇ। ਸੀਨਈ ਪਹਾੜ ਨੂੰ ਪਵਿੱਤਰ ਮੰਨਿਆ ਜਾਣਾ ਸੀ। (ਕੂਚ 19:12, 23) ਇਸੇ ਤਰ੍ਹਾਂ ਜਾਜਕਾਈ, ਡੇਹਰਾ ਅਤੇ ਉਸ ਦਾ ਸਾਰਾ ਸਾਮਾਨ ਵੀ ਪਵਿੱਤਰ ਸੀ। (ਕੂਚ 30:26-30) ਮਸੀਹੀ ਕਲੀਸਿਯਾ ਬਾਰੇ ਕੀ?

10, 11. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਸਹ ਕੀਤੇ ਮਸੀਹੀਆਂ ਦੀ ਕਲੀਸਿਯਾ ਪਵਿੱਤਰ ਹੈ ਅਤੇ ਇਸ ਗੱਲ ਦਾ ‘ਹੋਰ ਭੇਡਾਂ’ ਉੱਤੇ ਕੀ ਅਸਰ ਪੈਂਦਾ ਹੈ?

10 ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ ਕਲੀਸਿਯਾ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। (1 ਕੁਰਿੰਥੀਆਂ 1:2) ਕਿਸੇ ਵੀ ਸਮੇਂ ਤੇ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਦੀ ਤੁਲਨਾ ਪਵਿੱਤਰ ਭਵਨ ਜਾਂ ਹੈਕਲ ਨਾਲ ਕੀਤੀ ਜਾਂਦੀ ਹੈ। ਯਹੋਵਾਹ ਦੀ ਪਵਿੱਤਰ ਆਤਮਾ ਇਸ ਹੈਕਲ ਉੱਤੇ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਇਸ ਹੈਕਲ ਵਿਚ ਵੱਸਦਾ ਹੈ। ਪੌਲੁਸ ਰਸੂਲ ਨੇ ਲਿਖਿਆ: “[ਮਸੀਹ ਯਿਸੂ] ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੁ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ੁਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ।”—ਅਫ਼ਸੀਆਂ 2:21, 22; 1 ਪਤਰਸ 2:5, 9.

11 ਪੌਲੁਸ ਰਸੂਲ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਹ ਵੀ ਲਿਖਿਆ: “ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ? . . . ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ।” (1 ਕੁਰਿੰਥੀਆਂ 3:16, 17) ਯਹੋਵਾਹ ਆਪਣੀ ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਹੋਏ ਮਸੀਹੀਆਂ ਵਿਚ ‘ਵੱਸਦਾ’ ਅਤੇ ‘ਫਿਰਦਾ’ ਹੈ। (2 ਕੁਰਿੰਥੀਆਂ 6:16) ਕਹਿਣ ਦਾ ਭਾਵ ਹੈ ਕਿ ਉਹ ਆਪਣੇ ਵਫ਼ਾਦਾਰ “ਨੌਕਰ” ਦੀ ਅਗਵਾਈ ਕਰਦਾ ਹੈ। (ਮੱਤੀ 24:45-47) ‘ਹੋਰ ਭੇਡਾਂ’ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਮਸਹ ਕੀਤੇ ਹੋਏ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹਨ।—ਯੂਹੰਨਾ 10:16; ਮੱਤੀ 25:37-40.

ਮਸੀਹੀਆਂ ਦੀ ਨਜ਼ਰ ਵਿਚ ਪਵਿੱਤਰ ਚੀਜ਼ਾਂ

12. ਸਾਡੇ ਲਈ ਕਿਹੜੀਆਂ ਚੀਜ਼ਾਂ ਪਵਿੱਤਰ ਹਨ ਅਤੇ ਕਿਉਂ?

12 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਕਈ ਗੱਲਾਂ ਨੂੰ ਪਵਿੱਤਰ ਮੰਨਦੇ ਹਨ। ਯਹੋਵਾਹ ਨਾਲ ਸਾਡਾ ਰਿਸ਼ਤਾ ਪਵਿੱਤਰ ਹੈ। (1 ਇਤਹਾਸ 28:9; ਜ਼ਬੂਰਾਂ ਦੀ ਪੋਥੀ 36:7) ਇਹ ਇੰਨਾ ਅਨਮੋਲ ਹੈ ਕਿ ਅਸੀਂ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ ਆਪਣੇ ਅਤੇ ਯਹੋਵਾਹ ਦੇ ਵਿਚਕਾਰ ਨਹੀਂ ਆਉਣ ਦੇਵਾਂਗੇ। (2 ਇਤਹਾਸ 15:2; ਯਾਕੂਬ 4:7, 8) ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਦਾਨੀਏਲ ਨਬੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੇ ਆਪਣੇ ਸਨਮਾਨ ਦੀ ਇੰਨੀ ਕਦਰ ਕਰਦਾ ਸੀ ਕਿ ਉਹ ਆਪਣੀ ਜਾਨ ਦਾਅ ਤੇ ਲਾ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। (ਦਾਨੀਏਲ 6:7-11) ਮਸਹ ਕੀਤੇ ਹੋਏ ਮਸੀਹੀਆਂ ਜਾਂ “ਸੰਤਾਂ ਦੀਆਂ ਪ੍ਰਾਰਥਨਾਂ” ਹੈਕਲ ਵਿਚ ਧੂਪ ਵਾਂਗ ਹਨ। (ਪਰਕਾਸ਼ ਦੀ ਪੋਥੀ 5:8; 8:3, 4; ਲੇਵੀਆਂ 16:12, 13) ਇਸ ਤੁਲਨਾ ਰਾਹੀਂ ਪ੍ਰਾਰਥਨਾ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਸਾਰੇ ਜਹਾਨ ਦੇ ਮਾਲਕ ਨਾਲ ਗੱਲ ਕਰ ਸਕਦੇ ਹਾਂ! ਜੀ ਹਾਂ, ਅਸੀਂ ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਪਵਿੱਤਰ ਸਮਝਦੇ ਹਾਂ।

13. ਕਿਹੜੀ ਸ਼ਕਤੀ ਪਵਿੱਤਰ ਹੈ ਅਤੇ ਸਾਨੂੰ ਇਸ ਸ਼ਕਤੀ ਨੂੰ ਆਪਣੀ ਜ਼ਿੰਦਗੀ ਉੱਤੇ ਕਿਵੇਂ ਅਸਰ ਕਰਨ ਦੇਣਾ ਚਾਹੀਦਾ ਹੈ?

13 ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਯਹੋਵਾਹ ਦੀ ਸ਼ਕਤੀ ਨੂੰ ਪਵਿੱਤਰ ਮੰਨਦੇ ਹਨ। ਯਹੋਵਾਹ ਦੀ ਇਹ ਸ਼ਕਤੀ ਹਮੇਸ਼ਾ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੀ ਹੈ, ਇਸ ਲਈ ਬਾਈਬਲ ਵਿਚ ਇਸ ਨੂੰ “ਪਵਿੱਤ੍ਰ ਆਤਮਾ” ਜਾਂ ‘ਪਵਿੱਤਰਤਾਈ ਦਾ ਆਤਮਾ’ ਕਿਹਾ ਜਾਂਦਾ ਹੈ। (ਯੂਹੰਨਾ 14:26; ਰੋਮੀਆਂ 1:4) ਪਵਿੱਤਰ ਆਤਮਾ ਦੁਆਰਾ ਯਹੋਵਾਹ ਆਪਣੇ ਸੇਵਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਤਾਕਤ ਦਿੰਦਾ ਹੈ। (ਰਸੂਲਾਂ ਦੇ ਕਰਤੱਬ 1:8; 4:31) ਯਹੋਵਾਹ ਆਪਣੀ ਪਵਿੱਤਰ ਆਤਮਾ “ਆਪਣੇ ਮੰਨਣ ਵਾਲਿਆਂ ਨੂੰ” ਦਿੰਦਾ ਹੈ ਜੋ ਸਰੀਰਕ ਇੱਛਾਵਾਂ ਦੀ ਬਜਾਇ ‘ਆਤਮਾ ਦੁਆਰਾ ਚੱਲਦੇ’ ਹਨ। (ਰਸੂਲਾਂ ਦੇ ਕਰਤੱਬ 5:32; ਗਲਾਤੀਆਂ 5:16, 25; ਰੋਮੀਆਂ 8:5-8) ਇਹ ਸ਼ਕਤੀ “ਆਤਮਾ ਦਾ ਫਲ” ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ “ਹਰ ਪਰਕਾਰ ਦੇ ਪਵਿੱਤਰ ਚਲਣ” ਅਤੇ ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣ ਵਿਚ ਮਦਦ ਦਿੰਦੀ ਹੈ। (ਗਲਾਤੀਆਂ 5:22, 23; 2 ਪਤਰਸ 3:11) ਜੇ ਪਵਿੱਤਰ ਆਤਮਾ ਸੱਚ-ਮੁੱਚ ਸਾਡੇ ਲਈ ਪਵਿੱਤਰ ਹੈ, ਤਾਂ ਅਸੀਂ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਕਰਕੇ ਉਹ ਉਦਾਸ ਹੋ ਜਾਵੇ ਯਾਨੀ ਸਾਡੀ ਜ਼ਿੰਦਗੀ ਵਿਚ ਉਸ ਦਾ ਅਸਰ ਨਾ ਰਹੇ।—ਅਫ਼ਸੀਆਂ 4:30.

14. ਮਸਹ ਕੀਤੇ ਹੋਏ ਮਸੀਹੀ ਕਿਸ ਕੰਮ ਨੂੰ ਪਵਿੱਤਰ ਸਮਝਦੇ ਹਨ ਅਤੇ ਉਨ੍ਹਾਂ ਦੇ ਸਾਥੀ ਇਸ ਵਿਚ ਕਿਵੇਂ ਹਿੱਸਾ ਲੈਂਦੇ ਹਨ?

14ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਯਹੋਵਾਹ ਦੇ ਨਾਮ ਤੋਂ ਜਾਣੇ ਜਾਂਦੇ ਹਾਂ ਅਤੇ ਉਸ ਦੇ ਗਵਾਹ ਹੋਣ ਦੇ ਇਸ ਸਨਮਾਨ ਨੂੰ ਅਸੀਂ ਪਵਿੱਤਰ ਸਮਝਦੇ ਹਾਂ। (ਯਸਾਯਾਹ 43:10-12, 15) ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ “ਨਵੇਂ ਨੇਮ ਦੇ ਸੇਵਕ” ਬਣਨ ਦੇ ਯੋਗ ਬਣਾਇਆ ਹੈ। (2 ਕੁਰਿੰਥੀਆਂ 3:5, 6) ਇਸ ਕਰਕੇ ਉਨ੍ਹਾਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਕਰਨ ਅਤੇ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। (ਮੱਤੀ 24:14; 28:19, 20) ਉਨ੍ਹਾਂ ਦੀ ਵਫ਼ਾਦਾਰ ਸੇਵਾ ਅਤੇ ਮਿਹਨਤ ਕਰਕੇ ਲੱਖਾਂ ਹੀ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕਰਯਾਹ 8:23) ਇਹ ਲੋਕ ਖ਼ੁਸ਼ੀ-ਖ਼ੁਸ਼ੀ ‘ਸਾਡੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਾਦਾਰਾਂ’ ਲਈ “ਹਾਲੀ ਤੇ ਮਾਲੀ” ਵਜੋਂ ਸੇਵਾ ਕਰਦੇ ਹਨ ਯਾਨੀ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।—ਯਸਾਯਾਹ 61:5, 6.

15. ਪੌਲੁਸ ਰਸੂਲ ਨੇ ਕਿਹੜੇ ਕੰਮ ਨੂੰ ਪਵਿੱਤਰ ਮੰਨਿਆ ਸੀ ਅਤੇ ਅਸੀਂ ਉਸ ਨਾਲ ਸਹਿਮਤ ਕਿਉਂ ਹਾਂ?

15 ਪੌਲੁਸ ਰਸੂਲ ਨੇ ਆਪਣੀ ਸੇਵਕਾਈ ਨੂੰ ਪਵਿੱਤਰ ਮੰਨਿਆ ਸੀ। ਕੁਰਿੰਥੁਸ ਵਿਚ ਕਲੀਸਿਯਾ ਨੂੰ ਲਿਖਦੇ ਹੋਏ ਪੌਲੁਸ ਨੇ ਆਪਣੀ ਸੇਵਕਾਈ ਨੂੰ “ਖ਼ਜ਼ਾਨਾ” ਕਿਹਾ ਸੀ। (2 ਕੁਰਿੰਥੀਆਂ 4:1, 7) ਉਸ ਨੇ ਰੋਮ ਦੀ ਕਲੀਸਿਯਾ ਦੇ ਮੈਂਬਰਾਂ ਨੂੰ ਕਿਹਾ ਕਿ ਉਹ ‘ਪਰਮੇਸ਼ੁਰ ਦੀ ਖੁਸ਼ ਖਬਰੀ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ’ ਸੀ। (ਰੋਮੀਆਂ 15:16) ਆਪਣੀ ਸੇਵਕਾਈ ਦੁਆਰਾ ਅਸੀਂ “ਪਰਮੇਸ਼ੁਰ ਦੀਆਂ ਬਾਣੀਆਂ” ਲੋਕਾਂ ਨੂੰ ਸੁਣਾਉਂਦੇ ਹਾਂ। (1 ਪਤਰਸ 4:11) ਇਸ ਲਈ ਚਾਹੇ ਅਸੀਂ ਮਸਹ ਕੀਤੇ ਹੋਏ ਹਾਂ ਜਾਂ ਨਹੀਂ, ਅਸੀਂ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਦੱਸਣ ਦੇ ਸਨਮਾਨ ਨੂੰ ਪਵਿੱਤਰ ਸਮਝਦੇ ਹਾਂ।

“ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ”

16. ਅਸੀਂ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਨ ਵਾਲੇ “ਕੁਧਰਮੀ” ਲੋਕ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

16 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਨ ਵਾਲੇ “ਕੁਧਰਮੀ” ਲੋਕ ਨਾ ਬਣਨ। ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ‘ਪਵਿੱਤਰਤਾਈ ਦਾ ਪਿੱਛਾ ਕਰੋ, ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁਖ ਦੇਵੇ ਅਤੇ ਬਾਹਲੇ ਉਹ ਦੇ ਕਾਰਨ ਭ੍ਰਿਸ਼ਟ ਹੋ ਜਾਣ।’ (ਇਬਰਾਨੀਆਂ 12:14-16) “ਕੁੜੱਤਣ ਦੀ ਜੜ੍ਹ” ਉਨ੍ਹਾਂ ਇਕ-ਅੱਧੇ ਮਸੀਹੀਆਂ ਨੂੰ ਦਰਸਾਉਂਦੀ ਹੈ ਜਿਹੜੇ ਕਲੀਸਿਯਾ ਦੇ ਕੰਮਾਂ ਦੀ ਨੁਕਤਾਚੀਨੀ ਕਰਦੇ ਹਨ। ਉਹ ਸ਼ਾਇਦ ਵਿਆਹ ਦੀ ਪਵਿੱਤਰਤਾ ਜਾਂ ਸ਼ੁੱਧ ਚਾਲ-ਚਲਣ ਰੱਖਣ ਸੰਬੰਧੀ ਯਹੋਵਾਹ ਦੇ ਮਿਆਰਾਂ ਨਾਲ ਸਹਿਮਤ ਨਾ ਹੋਣ। (1 ਥੱਸਲੁਨੀਕੀਆਂ 4:3-7; ਇਬਰਾਨੀਆਂ 13:4) ਜਾਂ ਉਹ ਸ਼ਾਇਦ “ਸਚਿਆਈ ਦੇ ਰਾਹੋਂ ਖੁੰਝ” ਚੁੱਕੇ ਧਰਮ-ਤਿਆਗੀਆਂ ਦੇ ਕੁਧਰਮੀ ਵਿਚਾਰ ਫੈਲਾਉਣੇ ਸ਼ੁਰੂ ਕਰ ਦੇਣ।—2 ਤਿਮੋਥਿਉਸ 2:16-18.

17. ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਣ ਲਈ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਗਾਤਾਰ ਮਿਹਨਤ ਕਰਨ ਦੀ ਕਿਉਂ ਲੋੜ ਹੈ?

17 ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਪੌਲੁਸ ਨੇ ਲਿਖਿਆ: “ਹੇ ਪਿਆਰਿਓ, . . . ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” (2 ਕੁਰਿੰਥੀਆਂ 7:1) ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ‘ਸੁਰਗੀ ਸੱਦੇ ਦੇ ਭਾਈਵਾਲ’ ਹੋਣ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਗਾਤਾਰ ਇਹ ਸਾਬਤ ਕਰਨ ਦੀ ਲੋੜ ਹੈ ਕਿ ਉਹ ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਂਦੇ ਹਨ। (ਇਬਰਾਨੀਆਂ 3:1) ਇਸੇ ਤਰ੍ਹਾਂ ਪਤਰਸ ਰਸੂਲ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਤਾਕੀਦ ਕੀਤੀ: “ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ। ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ।”—1 ਪਤਰਸ 1:14, 15.

18, 19. (ੳ) “ਵੱਡੀ ਭੀੜ” ਦੇ ਮੈਂਬਰ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਨੇ ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਇਆ ਹੈ? (ਅ) ਅਗਲੇ ਲੇਖ ਵਿਚ ਅਸੀਂ ਹੋਰ ਕਿਹੜੀ ਪਵਿੱਤਰ ਚੀਜ਼ ਬਾਰੇ ਚਰਚਾ ਕਰਾਂਗੇ?

18 “ਵੱਡੀ ਭੀੜ” ਦੇ ਮੈਂਬਰਾਂ ਬਾਰੇ ਕੀ ਜੋ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ? ਉਨ੍ਹਾਂ ਨੂੰ ਵੀ ਇਹ ਸਾਬਤ ਕਰਨ ਦੀ ਲੋੜ ਹੈ ਕਿ ਉਹ ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਂਦੇ ਹਨ। ਪਰਕਾਸ਼ ਦੀ ਪੋਥੀ ਵਿਚ ਉਨ੍ਹਾਂ ਨੂੰ ਰੂਹਾਨੀ ਹੈਕਲ ਦੇ ਜ਼ਮੀਨੀ ਵਿਹੜੇ ਵਿਚ ਯਹੋਵਾਹ ਦੀ “ਉਪਾਸਨਾ ਕਰਦੇ” ਦਿਖਾਇਆ ਗਿਆ ਹੈ। ਉਨ੍ਹਾਂ ਨੇ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ। (ਪਰਕਾਸ਼ ਦੀ ਪੋਥੀ 7:9, 14, 15) ਇਸ ਕਰਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਸ਼ੁੱਧ ਹਨ ਅਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ “ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ” ਕਰਨ।

19 ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਦੇ ਬਚਨ ਦਾ ਅਧਿਐਨ ਕਰਨ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਯਹੋਵਾਹ ਅਜਿਹੀਆਂ ਸਭਾਵਾਂ ਨੂੰ ਪਵਿੱਤਰ ਮੰਨਦਾ ਹੈ। ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਸਾਨੂੰ ਇਨ੍ਹਾਂ ਸਭਾਵਾਂ ਨੂੰ ਕਿਉਂ ਅਤੇ ਕਿਵੇਂ ਪਵਿੱਤਰ ਮੰਨਣਾ ਚਾਹੀਦਾ ਹੈ।

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਯਹੋਵਾਹ ਦੇ ਸੇਵਕ ਦੁਨੀਆਂ ਦੇ ਲੋਕਾਂ ਦੇ ਕਿਸ ਨਜ਼ਰੀਏ ਨੂੰ ਨਹੀਂ ਅਪਣਾਉਂਦੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਪਵਿੱਤਰਤਾ ਦਾ ਸੋਮਾ ਹੈ?

• ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਦਾ ਆਦਰ ਕਰਦੇ ਹਾਂ?

• ਸਾਡੀ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਪਵਿੱਤਰ ਹੋਣੀਆਂ ਚਾਹੀਦੀਆਂ ਹਨ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਪ੍ਰਾਚੀਨ ਇਸਰਾਏਲ ਵਿਚ ਜਾਜਕਾਈ, ਡੇਹਰਾ ਅਤੇ ਉਸ ਦਾ ਸਾਰਾ ਸਾਮਾਨ ਪਵਿੱਤਰ ਸੀ

[ਸਫ਼ਾ 24 ਉੱਤੇ ਤਸਵੀਰ]

ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਤੁਲਨਾ ਪਵਿੱਤਰ ਹੈਕਲ ਨਾਲ ਕੀਤੀ ਜਾਂਦੀ ਹੈ

[ਸਫ਼ਾ 25 ਉੱਤੇ ਤਸਵੀਰਾਂ]

ਪ੍ਰਾਰਥਨਾ ਅਤੇ ਸਾਡੀ ਸੇਵਕਾਈ ਪਵਿੱਤਰ ਚੀਜ਼ਾਂ ਹਨ