ਕੀ ਤੁਸੀਂ ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਦੇ ਹੋ?
ਕੀ ਤੁਸੀਂ ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਦੇ ਹੋ?
ਕੁਝ ਸਾਲ ਪਹਿਲਾਂ, ਜਪਾਨ ਵਿਚ ਇਕ ਬੈਂਕ ਨੇ ਬਿਰਧ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਕ ਇਨਾਮੀ ਮੁਕਾਬਲਾ ਸ਼ੁਰੂ ਕੀਤਾ। ਇਸ ਮੁਕਾਬਲੇ ਦਾ ਵਿਸ਼ਾ ਸੀ: “ਸੱਠਾਂ ਸਾਲਾਂ ਦੇ ਬਜ਼ੁਰਗ ਵੱਲੋਂ ਪ੍ਰੇਮ-ਪੱਤਰ।” ਇਸ ਮੁਕਾਬਲੇ ਵਿਚ 50-60 ਸਾਲਾਂ ਦੇ ਜਪਾਨੀਆਂ ਨੂੰ ਦਿਲ ਖੋਲ੍ਹ ਕੇ ਆਪਣੇ ਜੀਵਨ-ਸਾਥੀ ਨੂੰ ਪ੍ਰੇਮ-ਪੱਤਰ ਲਿਖਣ ਲਈ ਕਿਹਾ ਗਿਆ। ਜਿੱਤਣ ਵਾਲੇ ਨੂੰ ਇਨਾਮ ਵਜੋਂ ਵੱਡੀ ਰਕਮ ਦਿੱਤੀ ਜਾਣੀ ਸੀ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਇਕ ਆਦਮੀ ਨੇ ਆਪਣੀ ਪਤਨੀ ਨੂੰ ਲਿਖਿਆ: “ਤੂੰ ਸ਼ਾਇਦ ਮੇਰੀ ਇਹ ਗੱਲ ਪੜ੍ਹ ਕੇ ਹੱਸੇਂਗੀ, ਪਰ ਜੇ ਮੈਂ ਇਹ ਨਾ ਕਹਾਂ, ਤਾਂ ਜ਼ਿੰਦਗੀ ਭਰ ਪਛਤਾਉਂਦਾ ਰਹਾਂਗਾ: ਮੈਨੂੰ ਆਪਣਾ ਜੀਵਨ-ਸਾਥੀ ਚੁਣਨ ਲਈ ਤੇਰਾ ਬਹੁਤ-ਬਹੁਤ ਸ਼ੁਕਰੀਆ।”
ਪੂਰਬੀ ਦੇਸ਼ਾਂ ਅਤੇ ਹੋਰਨਾਂ ਕੁਝ ਸਭਿਆਚਾਰਾਂ ਵਿਚ ਆਪਣੇ ਜਜ਼ਬਾਤਾਂ ਦਾ ਖੁੱਲ੍ਹ ਕੇ ਇਜ਼ਹਾਰ ਕਰਨਾ ਠੀਕ ਨਹੀਂ ਸਮਝਿਆ ਜਾਂਦਾ। ਲੇਕਿਨ ਫਿਰ ਵੀ, ਜਪਾਨ ਵਿਚ ਕੀਤੇ ਗਏ ਇਸ ਮੁਕਾਬਲੇ ਵਿਚ 15,000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਸੀ। ਪ੍ਰੇਮ-ਪੱਤਰ ਲਿਖਣ ਦਾ ਇਹ ਮੁਕਾਬਲਾ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਤੋਂ ਬਾਅਦ ਇਕ ਹੋਰ ਮੁਕਾਬਲਾ ਕਰਾਇਆ ਗਿਆ ਸੀ ਅਤੇ ਇਨ੍ਹਾਂ ਪ੍ਰੇਮ-ਪੱਤਰਾਂ ਤੇ ਆਧਾਰਿਤ ਕਿਤਾਬਾਂ ਵੀ ਛਾਪੀਆਂ ਗਈਆਂ ਸਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਨੇਕ ਲੋਕ ਆਪਣੇ ਜੀਵਨ-ਸਾਥੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹਨ। ਪਰ, ਕੁਝ ਅਜਿਹੇ ਲੋਕ ਵੀ ਹਨ ਜੋ ਇਸ ਤਰ੍ਹਾਂ ਕਰਨ ਤੋਂ ਕਤਰਾਉਂਦੇ ਹਨ। ਇਸ ਦਾ ਕਾਰਨ ਕੀ ਹੋ ਸਕਦਾ ਹੈ? ਸ਼ਾਇਦ ਉਨ੍ਹਾਂ ਵਿਚ ਆਪਣੇ ਜਜ਼ਬਾਤਾਂ ਦਾ ਆਦਾਨ-ਪ੍ਰਦਾਨ ਕਰਨ ਦੀ ਹਿੰਮਤ ਜਾਂ ਕਲਾ ਨਹੀਂ ਹੈ।
ਇਕ ਜਪਾਨੀ ਲੇਖਕ ਨੇ ਰੀਟਾਇਰਮੈਂਟ ਬਾਰੇ ਲਿਖੀ ਆਪਣੀ ਕਿਤਾਬ ਵਿਚ ਦੱਸਿਆ ਕਿ ਜਪਾਨ ਵਿਚ ਵੱਡੀ ਉਮਰ ਦੇ ਸ਼ਾਦੀ-ਸ਼ੁਦਾ ਲੋਕਾਂ ਵਿਚ ਤਲਾਕ ਲੈਣ ਦੀਆਂ ਕਾਰਵਾਈਆਂ ਦੀ ਪੈਰਵੀ ਅਕਸਰ ਔਰਤਾਂ ਕਰਦੀਆਂ ਹਨ। ਇਨ੍ਹਾਂ ਔਰਤਾਂ ਦੇ ਮਨਾਂ ਵਿਚ ਸਾਲਾਂ ਤੋਂ ਭਰਿਆ ਗੁਬਾਰ ਜਵਾਲਾਮੁਖੀ ਵਾਂਗ ਫੁੱਟ ਉੱਠਦਾ ਹੈ ਅਤੇ ਉਹ ਤਲਾਕ ਦੇਣ ਦਾ ਫ਼ੈਸਲਾ ਕਰ ਲੈਂਦੀਆਂ ਹਨ। ਇਸ ਲੇਖਕ ਦਾ ਕਹਿਣਾ ਹੈ ਕਿ ‘ਵਿਆਹ ਦਾ ਬੰਧਨ ਟੁੱਟਣ ਦੀ ਨੌਬਤ ਤਕ ਇਸ ਲਈ ਪਹੁੰਚ ਜਾਂਦਾ ਹੈ ਕਿਉਂਕਿ ਪਤੀ-ਪਤਨੀ ਸੁਲ੍ਹਾ-ਸਫ਼ਾਈ ਕਰਨ ਅਤੇ ਮੁਸ਼ਕਲਾਂ ਸੁਲਝਾਉਣ ਦੀ ਬਜਾਇ ਇਕ-ਦੂਜੇ ਨਾਲ ਗੱਲ ਹੀ ਨਹੀਂ ਕਰਦੇ ਅਤੇ ਸਾਲਾਂ ਦੌਰਾਨ ਇਹ ਮੁਸ਼ਕਲਾਂ ਵਧਦੀਆਂ ਜਾਂਦੀਆਂ ਹਨ।’
ਜਦ ਰੀਟਾਇਰ ਹੋਏ ਪਤੀ ਨੂੰ ਆਪਣੀ ਪਤਨੀ ਵੱਲੋਂ ਤਲਾਕ ਦੇ ਕਾਗ਼ਜ਼ਾਤ ਮਿਲਦੇ ਹਨ, ਤਾਂ ਉਹ ਹੱਕਾ-ਬੱਕਾ ਰਹਿ ਜਾਂਦਾ ਹੈ। ਹੋ
ਸਕਦਾ ਹੈ ਕਿ ਪਤੀ-ਪਤਨੀ ਨੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਸ਼ਾਇਦ ਉਹ ਹਰ ਵਾਰ ਬਹਿਸ ਵਿਚ ਉਲਝ ਜਾਂਦੇ ਸਨ। ਨਤੀਜੇ ਵਜੋਂ ਵਿਆਹ ਦੇ ਬੰਧਨ ਦੀ ਡੋਰ ਮਜ਼ਬੂਤ ਹੋਣ ਦੀ ਬਜਾਇ, ਸਮੇਂ ਦੇ ਬੀਤਣ ਨਾਲ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਅਖ਼ੀਰ ਵਿਚ ਟੁੱਟ ਜਾਂਦੀ ਹੈ।ਤਾਂ ਫਿਰ, ਸਵਾਲ ਇਹ ਪੈਦਾ ਹੁੰਦਾ ਹੈ ਕਿ ਪਤੀ-ਪਤਨੀ ਪਿਆਰ ਅਤੇ ਸ਼ਾਂਤੀ ਨਾਲ ਆਪਣੇ ਮਤਭੇਦਾਂ ਨੂੰ ਕਿੱਦਾਂ ਦੂਰ ਕਰ ਸਕਦੇ ਹਨ? ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸਭ ਤੋਂ ਵਧੀਆ ਸੁਝਾਅ ਇਕ ਬਹੁਤ ਪੁਰਾਣੀ ਕਿਤਾਬ ਵਿਚ ਪਾਏ ਜਾਂਦੇ ਹਨ, ਨਾ ਕਿ ਵਿਆਹੁਤਾ ਜੀਵਨ ਬਾਰੇ ਸਲਾਹ ਦੇਣ ਵਾਲੀ ਕਿਸੇ ਨਵੀਂ ਕਿਤਾਬ ਵਿਚ। ਹਾਂ, ਇਹ ਕਿਤਾਬ ਬਾਈਬਲ ਹੈ ਜਿਸ ਦੀ ਲੋਕ ਸਦੀਆਂ ਤੋਂ ਕਦਰ ਕਰਦੇ ਆਏ ਹਨ।