Skip to content

Skip to table of contents

ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਣ ਦੀ ਕਲਾ

ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਣ ਦੀ ਕਲਾ

ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹਣ ਦੀ ਕਲਾ

‘ਮੈਨੂੰ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ।’ ‘ਮੈਨੂੰ ਆਪਣੀ ਗੱਲ ਚੰਗੀ ਤਰ੍ਹਾਂ ਨਾਲ ਸਮਝਾਉਣੀ ਚਾਹੀਦੀ ਸੀ।’ ਕੀ ਤੁਸੀਂ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ? ਹੋ ਸਕਦਾ ਹੈ ਕਿ ਤੁਸੀਂ ਆਪਣੇ ਜੀਵਨ-ਸਾਥੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਤੁਹਾਡੇ ਤੋਂ ਕੋਈ ਉਲਟੀ-ਸਿੱਧੀ ਗੱਲ ਕਹਿ ਹੋ ਗਈ। ਜੀ ਹਾਂ, ਆਪਣੇ ਜਜ਼ਬਾਤਾਂ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਇਕ ਕਲਾ ਹੈ। ਕਈ ਲੋਕ ਆਸਾਨੀ ਨਾਲ ਇਸ ਕਲਾ ਵਿਚ ਮਾਹਰ ਹੋ ਜਾਂਦੇ ਹਨ, ਜਦ ਕਿ ਕਈਆਂ ਲਈ ਇਹ ਕਲਾ ਸਿੱਖਣੀ ਬਹੁਤ ਮੁਸ਼ਕਲ ਹੈ। ਜੇਕਰ ਤੁਹਾਨੂੰ ਆਪਣੇ ਜਜ਼ਬਾਤ ਜ਼ਾਹਰ ਕਰਨ ਵਿਚ ਮੁਸ਼ਕਲ ਆਉਂਦੀ ਹੈ, ਤਾਂ ਹਿੰਮਤ ਨਾ ਹਾਰੋ। ਤੁਸੀਂ ਸ਼ਾਂਤ ਤੇ ਮਿੱਠੇ ਲਹਿਜੇ ਵਿਚ ਦੂਸਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਸਿੱਖ ਸਕਦੇ ਹੋ।

ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਸ ਮਾਹੌਲ ਵਿਚ ਇਨਸਾਨ ਦੀ ਪਰਵਰਿਸ਼ ਹੋਈ ਹੁੰਦੀ ਹੈ, ਉਹ ਉਸ ਮਾਹੌਲ ਦੇ ਅਨੁਸਾਰ ਹੀ ਆਪਣੇ ਜੀਵਨ-ਸਾਥੀ ਨਾਲ ਪੇਸ਼ ਆਉਂਦਾ ਹੈ। ਮਿਸਾਲ ਲਈ, ਸ਼ਾਇਦ ਉਸ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਹੋਵੇ ਕਿ ਮਰਦਾਂ ਨੂੰ ਔਰਤਾਂ ਵਾਂਗ ਬਹੁਤੀਆਂ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ। ਹੋ ਸਕਦਾ ਹੈ ਕਿ ਉਸ ਦੇ ਪਰਿਵਾਰ ਵਿਚ ਜ਼ਿਆਦਾ ਬੋਲਣ ਵਾਲੇ ਮਰਦਾਂ ਦੀ ਗੱਲ ਬਕਵਾਸ ਜਾਂ ਐਵੇਂ ਸਮਝੀ ਜਾਂਦੀ ਹੈ। ਇਸ ਲਈ ਉਹ ਸ਼ਾਇਦ ਬਾਹਲੀ ਗੱਲ ਕਰਨੀ ਨਾ ਚਾਹੇ। ਬਾਈਬਲ ਵਿਚ ਵੀ ਇਹ ਸਲਾਹ ਪਾਈ ਜਾਂਦੀ ਹੈ ਕਿ ‘ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਹੋਵੇ।’ (ਯਾਕੂਬ 1:19) ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਹ ਸਲਾਹ ਮਰਦਾਂ ਅਤੇ ਔਰਤਾਂ ਦੋਹਾਂ ਉੱਤੇ ਲਾਗੂ ਹੁੰਦੀ ਹੈ। ਅਤੇ ਇਸ ਹਵਾਲੇ ਤੋਂ ਜ਼ਾਹਰ ਹੁੰਦਾ ਹੈ ਕਿ ਇਕ-ਦੂਜੇ ਨਾਲ ਗੱਲਬਾਤ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਸਾਨੂੰ ਆਪਣੇ ਜੀਵਨ-ਸਾਥੀ ਨੂੰ ਦਿਲ ਦੀਆਂ ਗੱਲਾਂ ਦੱਸਣ ਦੀ ਲੋੜ ਹੈ, ਸਗੋਂ ਸਾਨੂੰ ਦਿਲ ਦੇ ਕੰਨਾਂ ਨਾਲ ਇਕ ਦੂਸਰੇ ਦੀ ਗੱਲ ਸੁਣਨ ਦੀ ਵੀ ਲੋੜ ਹੈ। ਜੇ ਦੋ ਵਿਅਕਤੀ ਲੰਬੇ ਸਮੇਂ ਤਕ ਇਕ-ਦੂਜੇ ਨਾਲ ਗੱਲਾਂ ਕਰਦੇ ਹੋਏ ਆਪਣੀਆਂ ਹੀ ਮਾਰੀ ਜਾਣ ਅਤੇ ਦੂਜੇ ਦੀ ਗੱਲ ਧਿਆਨ ਨਾਲ ਨਾ ਸੁਣਨ, ਤਾਂ ਗੱਲਬਾਤ ਕਰਨ ਦਾ ਕੀ ਫ਼ਾਇਦਾ ਹੋਇਆ। ਜੀ ਹਾਂ, ਸਾਨੂੰ ਦੂਸਰੇ ਵਿਅਕਤੀ ਦੀ ਗੱਲ ਧਿਆਨ ਨਾਲ ਸੁਣਨ ਦੀ ਕਲਾ ਵੀ ਸਿੱਖਣ ਦੀ ਲੋੜ ਹੈ।

ਬਿਨਾਂ ਕੁਝ ਸੁਣੇ ਦਿਲ ਦੀ ਗੱਲ ਜਾਣਨੀ

ਕੁਝ ਸਮਾਜਾਂ ਵਿਚ ਪਤਨੀਆਂ ਤੋਂ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਆਪਣੇ ਵਿਚਾਰ ਜ਼ਾਹਰ ਨਾ ਕਰਨ। ਉਨ੍ਹਾਂ ਦੇ ਪਤੀ ਬੇਫ਼ਿਕਰ ਹੋ ਕੇ ਆਪਣੇ ਕੰਮਾਂ-ਕਾਰਾਂ ਵਿਚ ਲੱਗੇ ਰਹਿੰਦੇ ਹਨ ਅਤੇ ਘਰੇਲੂ ਮਾਮਲਿਆਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। ਪਤੀ ਦੀਆਂ ਪਸੰਦਾਂ-ਨਾਪਸੰਦਾਂ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਤਨੀ ਦਾ ਫ਼ਰਜ਼ ਸਮਝਿਆ ਜਾਂਦਾ ਹੈ। ਕੁਝ ਪਤਨੀਆਂ ਝੱਟ ਹੀ ਆਪਣੇ ਪਤੀ ਦੀਆਂ ਲੋੜਾਂ ਭਾਂਪ ਲੈਂਦੀਆਂ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੀਆਂ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸ਼ਬਦਾਂ ਬਿਨਾਂ ਅਜਿਹੇ ਸੰਚਾਰ ਦਾ ਸਿਰਫ਼ ਇਕ ਧਿਰ ਨੂੰ ਹੀ ਫ਼ਾਇਦਾ ਹੁੰਦਾ ਹੈ। ਪਤਨੀ ਤਾਂ ਆਪਣੇ ਪਤੀ ਦੇ ਜਜ਼ਬਾਤਾਂ ਅਤੇ ਵਿਚਾਰਾਂ ਨੂੰ ਸਮਝ ਲੈਂਦੀ ਹੈ, ਪਰ ਪਤੀ ਤੋਂ ਇਹ ਉਮੀਦ ਬਹੁਤ ਘੱਟ ਰੱਖੀ ਜਾਂਦੀ ਹੈ ਕਿ ਉਸ ਵਿਚ ਵੀ ਇਹ ਕਲਾ ਹੋਵੇ।

ਇਹ ਸੱਚ ਹੈ ਕਿ ਕਈ ਸਭਿਆਚਾਰਾਂ ਵਿਚ ਅਜਿਹੇ ਪਤੀ ਵੀ ਹਨ ਜੋ ਆਪਣੀਆਂ ਪਤਨੀਆਂ ਦੀਆਂ ਭਾਵਨਾਵਾਂ ਸਮਝਣ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਜਿਹੇ ਸਭਿਆਚਾਰਾਂ ਵਿਚ ਵੀ ਜੇ ਪਤੀ-ਪਤਨੀ ਆਪਣੇ ਗੱਲ-ਬਾਤ ਕਰਨ ਦੇ ਲਹਿਜੇ ਵਿਚ ਸੁਧਾਰ ਲਿਆਉਣ, ਤਾਂ ਉਨ੍ਹਾਂ ਦਾ ਵਿਆਹੁਤਾ ਜੀਵਨ ਹੋਰ ਵੀ ਖ਼ੁਸ਼ਹਾਲ ਹੋ ਸਕਦਾ ਹੈ।

ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ

ਜਦੋਂ ਅਸੀਂ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ, ਤਾਂ ਗ਼ਲਤਫ਼ਹਿਮੀ ਦੇ ਸ਼ਿਕਾਰ ਹੋਣ ਦੀ ਗੁੰਜਾਇਸ਼ ਘੱਟ ਜਾਂਦੀ ਹੈ। ਮਿਸਾਲ ਲਈ, ਇਸਰਾਏਲੀਆਂ ਦੇ ਕੁਝ ਗੋਤਾਂ ਵਿਚਕਾਰ ਜੋ ਹੋਇਆ ਉਸ ਵੱਲ ਧਿਆਨ ਦਿਓ। ਯਰਦਨ ਦਰਿਆ ਦੇ ਪੂਰਬੀ ਪਾਸੇ ਵਸਦੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਦਰਿਆ ਕਿਨਾਰੇ ‘ਇੱਕ ਜਗਵੇਦੀ ਬਣਾਈ ਜਿਹੜੀ ਵੇਖਣ ਵਿੱਚ ਵੱਡੀ ਸਾਰੀ’ ਸੀ। ਪਰ ਜਦ ਇਸ ਦੀ ਖ਼ਬਰ ਯਰਦਨ ਦੇ ਪੱਛਮੀ ਪਾਸੇ ਰਹਿੰਦੇ ਉਨ੍ਹਾਂ ਦੇ ਗੋਤੀਆਂ ਨੂੰ ਮਿਲੀ, ਤਾਂ ਉਨ੍ਹਾਂ ਨੂੰ ਗ਼ਲਤਫ਼ਹਿਮੀ ਹੋ ਗਈ ਕਿ ਪੂਰਬ ਵਿਚ ਉਨ੍ਹਾਂ ਦੇ ਭਰਾ ਯਹੋਵਾਹ ਦਾ ਲੜ ਛੱਡ ਕੇ ਝੂਠੇ ਦੇਵੀ-ਦੇਵਤਿਆਂ ਨੂੰ ਚੜ੍ਹਾਵੇ ਚੜ੍ਹਾਉਣ ਲੱਗ ਪਏ ਸਨ। ਉਨ੍ਹਾਂ ਨੇ ਫ਼ੌਰਨ ਯੁੱਧ ਕਰਨ ਦਾ ਫ਼ੈਸਲਾ ਕੀਤਾ। ਪਰ ਯੁੱਧ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਬ ਵੱਲ ਰਹਿੰਦੇ ਆਪਣੇ ਗੋਤੀਆਂ ਨਾਲ ਗੱਲਬਾਤ ਕਰਨ ਲਈ ਕੁਝ ਬੰਦੇ ਘੱਲੇ। ਇਹ ਕਿੰਨੀ ਸਮਝਦਾਰੀ ਦੀ ਗੱਲ ਸਾਬਤ ਹੋਈ! ਗੱਲਬਾਤ ਕਰਨ ਨਾਲ ਪਤਾ ਲੱਗਾ ਕਿ ਪੂਰਬੀ ਪਾਸੇ ਦੇ ਗੋਤਾਂ ਨੇ ਜਗਵੇਦੀ ਝੂਠੇ ਦੇਵੀ-ਦੇਵਤਿਆਂ ਨੂੰ ਚੜ੍ਹਾਵੇ ਚੜ੍ਹਾਉਣ ਲਈ ਨਹੀਂ ਬਣਾਈ ਸੀ, ਸਗੋਂ ਉਨ੍ਹਾਂ ਨੇ ਇਸ ਡਰੋਂ ਜਗਵੇਦੀ ਬਣਾਈ ਸੀ ਕਿ ਭਵਿੱਖ ਵਿਚ ਕੋਈ ਗੋਤ ਖੜ੍ਹਾ ਹੋ ਕੇ ਉਨ੍ਹਾਂ ਦੇ ਪੁੱਤਰਾਂ ਨੂੰ ਇਸ ਤਰ੍ਹਾਂ ਨਾ ਕਹੇ ਕਿ “ਤੁਹਾਡੇ ਲਈ ਯਹੋਵਾਹ ਵਿੱਚ ਕੋਈ ਹਿੱਸਾ ਨਹੀਂ।” ਇਹ ਜਗਵੇਦੀ ਉਨ੍ਹਾਂ ਵਿਚ ਸਾਖੀ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਉਹ ਉਸ ਦੇ ਸੇਵਕ ਸਨ। ਉਨ੍ਹਾਂ ਨੇ ਜਗਵੇਦੀ ਦਾ ਨਾਂ ਵੀ ‘ਸਾਖੀ’ ਹੀ ਰੱਖਿਆ ਸੀ।—ਯਹੋਸ਼ੁਆ 22:10-29, 34.

ਜੀ ਹਾਂ, ਜਦ ਪੱਛਮੀ ਪਾਸੇ ਦੇ ਗੋਤੀਆਂ ਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝਾਈ ਗਈ, ਤਾਂ ਉਨ੍ਹਾਂ ਦਾ ਗੁੱਸਾ ਟਲ਼ ਗਿਆ ਅਤੇ ਖ਼ੂਨ-ਖ਼ਰਾਬਾ ਹੋਣ ਤੋਂ ਬਚ ਗਿਆ। ਫਿਰ ਕੁਝ ਸਮੇਂ ਬਾਅਦ ਜਦ ਇਸਰਾਏਲੀਆਂ ਨੇ ਬਗਾਵਤ ਕਰ ਕੇ ਆਪਣੇ ਪਰਮੇਸ਼ੁਰ ਯਹੋਵਾਹ (ਜਿਸ ਦਾ ਇਸਰਾਏਲ ਕੌਮ ਨਾਲ ਪਤੀ ਵਰਗਾ ਰਿਸ਼ਤਾ ਸੀ) ਦਾ ਦਿਲ ਦੁਖਾਇਆ, ਤਾਂ ਯਹੋਵਾਹ ਨੇ ਉਨ੍ਹਾਂ ਉੱਤੇ ਦਇਆ ਕਰ ਕੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ “ਦਿਲ ਲੱਗੀ ਦੀਆਂ ਗੱਲਾਂ” ਕਰਨੀਆਂ ਚਾਹੁੰਦਾ ਸੀ। (ਹੋਸ਼ੇਆ 2:14) ਯਹੋਵਾਹ ਨੇ ਵਿਆਹੁਤਾ ਜੋੜਿਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਆਪਣੇ ਜੀਵਨ-ਸਾਥੀ ਅੱਗੇ ਦਿਲ ਖੋਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਉਹ ਤੁਹਾਡੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ। ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਕ-ਦੂਜੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣੀ ਨਹੀਂ ਚਾਹੁੰਦੇ। ਅਮਰੀਕਾ ਦੀ ਇਕ ਪੱਤਰਕਾਰ ਨੇ ਲਿਖਿਆ: “ਕੁਝ ਲੋਕਾਂ ਦੇ ਕਹਿਣੇ ਅਨੁਸਾਰ ਕਿਸੇ ਨਾਲ ਗੱਲ ਕਰਨ ਵਿਚ ਸਾਡਾ ਕੁਝ ਨਹੀਂ ਜਾਂਦਾ, ਪਰ ਇਸ ਦਾ ਫ਼ਾਇਦਾ ਬਹੁਤ ਹੋ ਸਕਦਾ ਹੈ। ਜੇ ਤੁਹਾਨੂੰ ਗੱਲਬਾਤ ਕਰਨ ਵਿਚ ਥੋੜ੍ਹੀ ਦਿੱਕਤ ਹੁੰਦੀ ਹੈ, ਤਾਂ ਯਾਦ ਰੱਖੋ ਕਿ ਕਿਸੇ ਨਾਲ ਦੋ ਮਿੱਠੇ ਬੋਲ ਬੋਲਣ ਦਾ ਕੋਈ ਮੁੱਲ ਨਹੀਂ ਲੱਗਦਾ।”

ਗੱਲਬਾਤ ਕਰਨ ਦੀ ਕਲਾ ਸਿੱਖੋ

ਵਿਆਹ ਤੋਂ ਬਾਅਦ ਜਦ ਗੱਲਬਾਤ ਕਰਨ ਵਿਚ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਕੁਝ ਦੰਪਤੀ ਸ਼ਾਇਦ ਕਹਿਣ: ‘ਸਾਡੀ ਜੋੜੀ ਤਾਂ ਸ਼ੁਰੂ ਤੋਂ ਹੀ ਠੀਕ ਨਹੀਂ ਬੈਠੀ।’ ਕੁਝ ਜੋੜੇ ਸ਼ਾਇਦ ਦਾਅਵਾ ਕਰਨ ਕਿ ਉਨ੍ਹਾਂ ਦੋਹਾਂ ਦੀ ਕਦੇ ਨਹੀਂ ਿਨੱਭੇਗੀ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਵਿਆਹ ਤੋਂ ਬਾਅਦ ਇਕ-ਦੂਜੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਸੁਧਾਰਨਾ ਨਾਮੁਮਕਿਨ ਹੈ। ਪਰ ਜ਼ਰਾ ਉਨ੍ਹਾਂ ਮੁੰਡੇ-ਕੁੜੀਆਂ ਬਾਰੇ ਸੋਚੋ ਜਿਨ੍ਹਾਂ ਦਾ ਰਿਸ਼ਤਾ ਉਨ੍ਹਾਂ ਦੇ ਮਾਪਿਆਂ ਦੁਆਰਾ ਤਹਿ ਕੀਤਾ ਜਾਂਦਾ ਹੈ। ਅਜਿਹੇ ਅਨੇਕ ਜੋੜੇ, ਵਿਆਹ ਤੋਂ ਬਾਅਦ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲਬਾਤ ਕਰਨ ਦੀ ਕਲਾ ਹੌਲੀ-ਹੌਲੀ ਸਿੱਖ ਲੈਂਦੇ ਹਨ।

ਇਸਹਾਕ ਅਤੇ ਰਿਬਕਾਹ ਦੀ ਹੀ ਮਿਸਾਲ ਲੈ ਲਓ। ਇਹ ਕੁਝ 4,000 ਸਾਲ ਪਹਿਲਾਂ ਦੀ ਗੱਲ ਹੈ। ਇਸਹਾਕ ਦੇ ਘਰ ਦਾ ਨੌਕਰ ਵਿਚੋਲੇ ਵਜੋਂ ਇਸਹਾਕ ਲਈ ਦੁਲਹਨ ਦੀ ਭਾਲ ਵਿਚ ਲੰਬੇ ਸਫ਼ਰ ਤੇ ਗਿਆ। ਜਦ ਨੌਕਰ ਰਿਬਕਾਹ ਨੂੰ ਲੈ ਕੇ ਵਾਪਸ ਆਇਆ, ਤਾਂ ਇਸਹਾਕ ਉਨ੍ਹਾਂ ਨੂੰ ਇਕ ਖੇਤ ਵਿਚ ਮਿਲਿਆ। ਨੌਕਰ ਨੇ “ਸਾਰੀਆਂ ਗੱਲਾਂ ਜਿਹੜੀਆਂ ਉਸ ਕੀਤੀਆਂ ਸਨ ਇਸਹਾਕ ਨੂੰ ਦੱਸੀਆਂ।” ਅਤੇ ਬਿਰਤਾਂਤ ਵਿਚ ਅੱਗੇ ਦੱਸਿਆ ਗਿਆ ਹੈ ਕਿ “ਇਸਹਾਕ ਉਹ ਨੂੰ [ਰਿਬਕਾਹ] ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ [ਇਸ ਤਰ੍ਹਾਂ ਕਰ ਕੇ ਉਸ ਨੇ ਵਿਆਹ ਦੀ ਰਸਮ ਪੂਰੀ ਕੀਤੀ] ਅਤੇ ਉਸ ਨੇ ਰਿਬਕਾਹ ਨੂੰ ਲਿਆ ਅਰ ਉਹ ਉਸ ਦੀ ਪਤਨੀ ਹੋਈ ਅਰ ਉਸ ਨੇ ਉਹ ਨੂੰ ਪਿਆਰ ਕੀਤਾ।”—ਉਤਪਤ 24:62-67.

ਧਿਆਨ ਦਿਓ ਕਿ ਇਸਹਾਕ ਨੇ ਨੌਕਰ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਹੀ ਰਿਬਕਾਹ ਨੂੰ ਆਪਣੀ ਪਤਨੀ ਵਜੋਂ ਕਬੂਲ ਕੀਤਾ ਸੀ। ਇਹ ਨੌਕਰ ਇਸਹਾਕ ਵਾਂਗ ਯਹੋਵਾਹ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਸੀ। ਇਸ ਲਈ ਇਸਹਾਕ ਉਸ ਉੱਤੇ ਪੂਰਾ ਭਰੋਸਾ ਕਰ ਸਕਦਾ ਸੀ। ਬਾਈਬਲ ਦੱਸਦੀ ਹੈ ਕਿ ਇਸਹਾਕ ਰਿਬਕਾਹ ਨਾਲ ਬਹੁਤ “ਪਿਆਰ” ਕਰਨ ਲੱਗ ਪਿਆ।

ਪਰ ਕੀ ਇਸਹਾਕ ਅਤੇ ਰਿਬਕਾਹ ਨੇ ਇਕ-ਦੂਜੇ ਨਾਲ ਦਿਲ ਖੋਲ੍ਹ ਕੇ ਗੱਲਬਾਤ ਕਰਨ ਦੀ ਕਲਾ ਸਿੱਖੀ ਸੀ? ਹਾਂ, ਜ਼ਰੂਰ। ਜਦ ਉਨ੍ਹਾਂ ਦੇ ਪੁੱਤਰ ਏਸਾਓ ਨੇ ਹੇਥ ਦੀਆਂ ਦੋ ਧੀਆਂ ਨਾਲ ਵਿਆਹ ਕਰਵਾ ਲਿਆ, ਤਾਂ ਉਨ੍ਹਾਂ ਦੇ ਪਰਿਵਾਰ ਦਾ ਸੁਖ-ਚੈਨ ਲੁੱਟਿਆ ਗਿਆ। ਇਸ ਬਾਰੇ ਰਿਬਕਾਹ ਨੇ ਇਸਹਾਕ ਨਾਲ ਗੱਲ ਕਰਦੇ ਹੋਏ ਕਿਹਾ: “ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ [ਏਸਾਓ ਦਾ ਛੋਟਾ ਭਰਾ] ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ . . . ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?” (ਉਤਪਤ 26:34; 27:46) ਰਿਬਕਾਹ ਨੇ ਸਾਫ਼-ਸਾਫ਼ ਇਸਹਾਕ ਨੂੰ ਆਪਣੇ ਦਿਲ ਦਾ ਸ਼ੀਸ਼ਾ ਦਿਖਾਇਆ।

ਪਰ ਕੀ ਇਸਹਾਕ ਨੇ ਰਿਬਕਾਹ ਦੀ ਗੱਲ ਗੌਲ਼ੀ? ਹਾਂ, ਇਸਹਾਕ ਨੇ ਯਾਕੂਬ ਨੂੰ ਹੁਕਮ ਦਿੱਤਾ ਕਿ ਉਹ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੇ। (ਉਤਪਤ 28:1, 2) ਇਸ ਤਰ੍ਹਾਂ ਇਸਹਾਕ ਅਤੇ ਰਿਬਕਾਹ ਨੇ ਨਾਜ਼ੁਕ ਵਿਸ਼ੇ ਤੇ ਵਧੀਆ ਤਰੀਕੇ ਨਾਲ ਗੱਲਬਾਤ ਕਰ ਕੇ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ। ਪਰ ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਪਤੀ-ਪਤਨੀ ਇਕ-ਦੂਜੇ ਨਾਲ ਕਿਸੇ ਗੱਲ ਉੱਤੇ ਸਹਿਮਤ ਨਹੀਂ ਹੁੰਦੇ?

ਮਤਭੇਦ ਦਾ ਝੰਜਟ ਝੇਲਣਾ

ਜੇ ਤੁਹਾਡਾ ਸਾਥੀ ਤੁਹਾਡੀ ਕਿਸੇ ਗੱਲ ਨਾਲ ਸਹਿਮਤ ਨਹੀਂ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਤੁਸੀਂ ਚੁੱਪ ਵੱਟ ਕੇ ਉਸ ਨੂੰ ਕੁਝ ਨਾ ਕਹੋ, ਤਾਂ ਤੁਹਾਡੀ ਨਾਰਾਜ਼ਗੀ ਸਾਫ਼ ਜ਼ਾਹਰ ਹੋਵੇਗੀ ਅਤੇ ਤੁਹਾਡੇ ਸਾਥੀ ਨੂੰ ਲੱਗੇਗਾ ਕਿ ਤੁਸੀਂ ਉਸ ਨੂੰ ਵੀ ਖ਼ੁਸ਼ ਦੇਖ ਕੇ ਰਾਜ਼ੀ ਨਹੀਂ। ਪਰ ਹੋ ਸਕਦਾ ਹੈ ਕਿ ਤੁਹਾਡੇ ਸਾਥੀ ਨੂੰ ਤੁਹਾਡੀਆਂ ਭਾਵਨਾਵਾਂ ਜਾਂ ਇੱਛਾਵਾਂ ਦਾ ਪੂਰਾ ਅਹਿਸਾਸ ਨਾ ਹੋਵੇ।

ਇਸ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਸ਼ਾਂਤੀ ਨਾਲ ਬੈਠ ਕੇ ਮਤਭੇਦਾਂ ਨੂੰ ਦੂਰ ਕਰੋ। ਨਾਜ਼ੁਕ ਹਾਲਾਤਾਂ ਵਿਚ ਸ਼ਾਂਤ ਰਹਿਣਾ ਸੌਖਾ ਨਹੀਂ। ਇਕ ਵਾਰ ਇਸਹਾਕ ਦੇ ਮਾਪਿਆਂ, ਅਬਰਾਹਾਮ ਅਤੇ ਸਾਰਾਹ, ਨੂੰ ਇਕ ਮੁਸ਼ਕਲ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਸੀ। ਸਾਰਾਹ ਬਾਂਝ ਸੀ। ਇਸ ਲਈ ਉਸ ਨੇ ਉਸ ਜ਼ਮਾਨੇ ਦੀ ਰੀਤ ਅਨੁਸਾਰ ਆਪਣੇ ਪਤੀ ਅਬਰਾਹਾਮ ਨੂੰ ਆਪਣੀ ਨੌਕਰਾਣੀ ਹਾਜਰਾ ਨਾਲ ਵਿਆਹ ਕਰ ਕੇ ਔਲਾਦ ਪੈਦਾ ਕਰਨ ਲਈ ਕਿਹਾ। ਅਬਰਾਹਾਮ ਰਾਜ਼ੀ ਹੋ ਗਿਆ। ਕੁਝ ਸਮੇਂ ਬਾਅਦ ਹਾਜਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਲੜਕੇ ਦਾ ਨਾਂ ਇਸਮਾਏਲ ਰੱਖਿਆ ਗਿਆ। ਬਾਅਦ ਵਿਚ ਸਾਰਾਹ ਦੀ ਵੀ ਗੋਦ ਹਰੀ ਹੋਈ ਅਤੇ ਉਸ ਨੇ ਇਸਹਾਕ ਨੂੰ ਜਨਮ ਦਿੱਤਾ। ਜਦ ਇਸਹਾਕ ਦਾ ਦੁੱਧ ਛੁਡਾਉਣ ਦਾ ਸਮਾਂ ਆਇਆ, ਤਾਂ ਸਾਰਾਹ ਨੇ ਦੇਖਿਆ ਕਿ ਇਸਮਾਏਲ ਉਸ ਦੇ ਪੁੱਤਰ ਇਸਹਾਕ ਦਾ ਮਜ਼ਾਕ ਉਡਾ ਰਿਹਾ ਸੀ। ਇਹ ਗੱਲ ਸਾਰਾਹ ਨੂੰ ਚੰਗੀ ਨਹੀਂ ਲੱਗੀ ਅਤੇ ਉਸ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਨੌਕਰਾਣੀ ਹਾਜਰਾ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢ ਦੇਵੇ। ਸਾਰਾਹ ਨੇ ਤਾਂ ਅਬਰਾਹਾਮ ਨੂੰ ਆਪਣੇ ਦਿਲ ਦੀ ਗੱਲ ਸਾਫ਼-ਸਾਫ਼ ਦੱਸ ਦਿੱਤੀ ਸੀ, ਪਰ ਅਬਰਾਹਾਮ ਦੀਆਂ ਨਜ਼ਰਾਂ ਵਿਚ ਇਹ ਗੱਲ ਬਹੁਤ ਬੁਰੀ ਸੀ।

ਫਿਰ ਇਹ ਮਸਲਾ ਕਿੱਦਾਂ ਨਜਿੱਠਿਆ ਗਿਆ ਸੀ? ਇਸ ਬਾਰੇ ਬਾਈਬਲ ਦੱਸਦੀ ਹੈ: “ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਏਹ ਗੱਲ ਏਸ ਮੁੰਡੇ ਅਤੇ ਤੇਰੀ ਗੋੱਲੀ ਦੇ ਵਿਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ ਕਿਉਂਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ।” ਅਬਰਾਹਾਮ ਨੇ ਯਹੋਵਾਹ ਪਰਮੇਸ਼ੁਰ ਦੀ ਗੱਲ ਸੁਣ ਕੇ ਉਵੇਂ ਹੀ ਕੀਤਾ ਜਿਵੇਂ ਉਸ ਨੇ ਕਿਹਾ ਸੀ।—ਉਤਪਤ 16:1-4; 21:1-14.

ਤੁਸੀਂ ਸ਼ਾਇਦ ਕਹੋ ਕਿ ‘ਜੇ ਆਕਾਸ਼ੋਂ ਪਰਮੇਸ਼ੁਰ ਦੀ ਬਾਣੀ ਅੱਜ ਸਾਨੂੰ ਵੀ ਸੁਣਾਈ ਦੇਵੇ, ਤਾਂ ਅਸੀਂ ਵੀ ਆਸਾਨੀ ਨਾਲ ਆਪਣੇ ਝਗੜੇ ਨਿਪਟਾ ਸਕਦੇ ਹਾਂ।’ ਪਰ ਜੇ ਤੁਸੀਂ ਚਾਹੋ ਤਾਂ ਅੱਜ ਵੀ ਤੁਸੀਂ ਪਰਮੇਸ਼ੁਰ ਦੀ ਗੱਲ ਸੁਣ ਸਕਦੇ ਹੋ। ਉਹ ਕਿਵੇਂ? ਪਰਮੇਸ਼ੁਰ ਨੇ ਆਪਣੇ ਬਚਨ ਵਿਚ ਸਾਨੂੰ ਬਹੁਤ ਵਧੀਆ ਸਲਾਹ ਦਿੱਤੀ ਹੈ। ਜੀ ਹਾਂ, ਵਿਆਹੁਤਾ ਜੋੜੇ ਬਾਈਬਲ ਨੂੰ ਪੜ੍ਹ ਕੇ ਅਤੇ ਉਸ ਦੀ ਸਲਾਹ ਉੱਤੇ ਚੱਲ ਕੇ ਆਪਣੀਆਂ ਮੁਸ਼ਕਲਾਂ ਹੱਲ ਕਰ ਸਕਦੇ ਹਨ।—1 ਥੱਸਲੁਨੀਕੀਆਂ 2:13.

ਕਲੀਸਿਯਾ ਦੀ ਇਕ ਸੂਝਵਾਨ ਭੈਣ ਨੇ ਕਿਹਾ: “ਜਦ ਕੋਈ ਨੌਜਵਾਨ ਔਰਤ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਮੇਰੇ ਕੋਲੋਂ ਸਲਾਹ ਲੈਣ ਆਉਂਦੀ ਹੈ, ਤਾਂ ਮੈਂ ਪਹਿਲਾਂ ਉਸ ਨੂੰ ਇਹ ਪੁੱਛਦੀ ਹਾਂ ਕਿ ਉਹ ਆਪਣੇ ਪਤੀ ਨਾਲ ਬਾਈਬਲ ਪੜ੍ਹਦੀ ਹੈ ਕਿ ਨਹੀਂ। ਮੈਂ ਦੇਖਿਆ ਹੈ ਕਿ ਜ਼ਿਆਦਾਤਰ ਜੋੜੇ ਜੋ ਆਪਣੇ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਉਨ੍ਹਾਂ ਦੀ ਇਕੱਠੇ ਬੈਠ ਕੇ ਬਾਈਬਲ ਪੜ੍ਹਨ ਦੀ ਆਦਤ ਨਹੀਂ ਹੁੰਦੀ।” (ਤੀਤੁਸ 2:3-5) ਇਸ ਭੈਣ ਦੀ ਗੱਲ ਤੋਂ ਅਸੀਂ ਸਾਰੇ ਸਬਕ ਸਿੱਖ ਸਕਦੇ ਹਾਂ। ਇਸ ਤੋਂ ਹਰ ਪਤੀ-ਪਤਨੀ ਨੂੰ ਪਰਮੇਸ਼ੁਰ ਦਾ ਬਚਨ ਪੜ੍ਹਨ ਦੀ ਪ੍ਰੇਰਣਾ ਮਿਲਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਹੀ ਕੁਝ ‘ਸੁਣੋਗੇ’ ਜੋ ਕੁਝ ਪਰਮੇਸ਼ੁਰ ਤੁਹਾਨੂੰ ਹਰ ਰੋਜ਼ ਕਰਨ ਲਈ ਕਹਿਣਾ ਚਾਹੁੰਦਾ ਹੈ। (ਯਸਾਯਾਹ 30:21) ਪਰ ਇਕ ਗੱਲ ਯਾਦ ਰੱਖੋ: ਬਾਈਬਲ ਪੜ੍ਹਨ ਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਜੀਵਨ-ਸਾਥੀ ਨੂੰ ਹਵਾਲੇ ਦਿਖਾ ਕੇ ਉਸ ਦੀਆਂ ਕਮੀਆਂ-ਕਮਜ਼ੋਰੀਆਂ ਜ਼ਾਹਰ ਕਰੋ। ਇਸ ਦੀ ਬਜਾਇ ਤੁਹਾਨੂੰ ਦੋਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਬਾਈਬਲ ਵਿੱਚੋਂ ਕਿਹੜੀ ਸਲਾਹ ਲਾਗੂ ਕਰ ਕੇ ਆਪਣੇ ਵਿਆਹੁਤਾ ਬੰਧਨ ਨੂੰ ਹੋਰ ਮਜ਼ਬੂਤ ਬਣਾ ਸਕਦੇ ਹੋ।

ਜੇਕਰ ਤੁਸੀਂ ਕਿਸੇ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕਿਉਂ ਨਾ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ * ਵਿਚ ਉਸ ਮੁਸ਼ਕਲ ਬਾਰੇ ਰੀਸਰਚ ਕਰੋ। ਮਿਸਾਲ ਲਈ, ਹੋ ਸਕਦਾ ਹੈ ਕਿ ਤੁਸੀਂ ਆਪਣੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰ ਰਹੇ ਹੋ ਜਿਸ ਕਰਕੇ ਤੁਹਾਡੇ ਵਿਚ ਤਣਾਅ ਪੈਦਾ ਹੋ ਰਿਹਾ ਹੈ। ਝਗੜਾ ਕਰਨ ਦੀ ਬਜਾਇ ਕਿ ਤੁਹਾਡੇ ਜੀਵਨ-ਸਾਥੀ ਨੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ, ਕਿਉਂ ਨਾ ਇਕੱਠੇ ਬੈਠ ਕੇ ਇੰਡੈਕਸ ਵਿੱਚੋਂ ਇਸ ਬਾਰੇ ਯਹੋਵਾਹ ਦੀ ਸਲਾਹ ਦੇਖੋ। ਪਹਿਲਾਂ ਇੰਡੈਕਸ ਵਿਚ ਸਿਰਲੇਖ “ਮਾਪੇ” (parents) ਦੇਖੋ। ਫਿਰ ਤੁਸੀਂ ਸ਼ਾਇਦ “ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨੀ” ਉਪ-ਸਿਰਲੇਖ ਹੇਠਾਂ ਦਿੱਤੀ ਜਾਣਕਾਰੀ ਦੇਖ ਸਕਦੇ ਹੋ। ਇਸ ਵਿਸ਼ੇ ਨਾਲ ਸੰਬੰਧਿਤ ਹੋਰ ਜਾਣਕਾਰੀ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿੱਚੋਂ ਇਕੱਠੇ ਪੜ੍ਹੋ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਹੋਰਨਾਂ ਭੈਣਾਂ-ਭਰਾਵਾਂ ਨੇ ਬਾਈਬਲ ਦੀ ਜੋ ਸਲਾਹ ਲਾਗੂ ਕੀਤੀ ਹੈ, ਉਹ ਤੁਹਾਡੀ ਵੀ ਬਹੁਤ ਮਦਦ ਕਰ ਸਕਦੀ ਹੈ।

ਇਸ ਤਰ੍ਹਾਂ ਇਕੱਠੇ ਬੈਠ ਕੇ ਰੀਸਰਚ ਕਰਨ ਨਾਲ ਤੁਸੀਂ ਆਪਣੀ ਮੁਸ਼ਕਲ ਨੂੰ ਸਹੀ ਨਜ਼ਰੀਏ ਤੋਂ ਦੇਖ ਸਕੋਗੇ। ਬਾਈਬਲ ਦੇ ਹਵਾਲੇ ਪੜ੍ਹ ਕੇ ਤੁਸੀਂ ਇਸ ਬਾਰੇ ਯਹੋਵਾਹ ਪਰਮੇਸ਼ੁਰ ਦੇ ਵਿਚਾਰ ਵੀ ਦੇਖ ਸਕੋਗੇ। ਜੀ ਹਾਂ, ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਦੇ ਵਿਚਾਰ ਸੁਣ ਸਕੋਗੇ!

ਦਿਲ ਦੇ ਦਰਵਾਜ਼ੇ ਬੰਦ ਨਾ ਕਰੋ

ਕੀ ਤੁਸੀਂ ਕਦੇ ਅਜਿਹਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਲਾਂ ਤੋਂ ਬੰਦ ਰਿਹਾ ਹੈ? ਜਦੋਂ ਤੁਸੀਂ ਦਰਵਾਜ਼ੇ ਨੂੰ ਖੋਲ੍ਹਦੇ ਹੋ, ਤਾਂ ਉਸ ਦੇ ਜ਼ੰਗ ਨਾਲ ਖਾਧੇ ਕਬਜ਼ੇ ਚੀਂ-ਚੀਂ ਕਰਦੇ ਹਨ। ਪਰ ਜੇ ਦਰਵਾਜ਼ੇ ਦੇ ਕਬਜ਼ਿਆਂ ਨੂੰ ਤੇਲ ਜਾਂ ਗ੍ਰੀਸ ਦਿੱਤੀ ਜਾਵੇ ਅਤੇ ਉਸ ਨੂੰ ਰੋਜ਼ ਵਰਤਿਆ ਜਾਵੇ, ਤਾਂ ਦਰਵਾਜ਼ਾ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ। ਇਹ ਗੱਲ ਸਾਡੇ ਦਿਲ ਦੇ ਦਰਵਾਜ਼ੇ ਉੱਤੇ ਵੀ ਲਾਗੂ ਹੁੰਦੀ ਹੈ। ਜੇ ਅਸੀਂ ਖੁੱਲ੍ਹ ਕੇ ਇਕ-ਦੂਜੇ ਨਾਲ ਗੱਲ-ਬਾਤ ਕਰਦੇ ਰਹੀਏ, ਤਾਂ ਸਾਡੇ ਦਿਲ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ। ਅਸੀਂ ਆਸਾਨੀ ਨਾਲ ਇਕ-ਦੂਜੇ ਨੂੰ ਦਿਲ ਦੀ ਹਰ ਗੱਲ ਦੱਸ ਸਕਾਂਗੇ। ਮੁਸ਼ਕਲਾਂ ਆਉਣ ਤੇ ਜਾਂ ਮਤਭੇਦ ਦੇ ਝੰਜਟ ਝੇਲਦੇ ਹੋਏ ਵੀ ਅਸੀਂ ਦਿਲ ਦੇ ਦਰਵਾਜ਼ੇ ਬੰਦ ਨਹੀਂ ਕਰਾਂਗੇ।

ਕੋਈ ਵੀ ਕਲਾ ਸਿੱਖਣ ਵਿਚ ਪਹਿਲਾਂ-ਪਹਿਲਾਂ ਮੁਸ਼ਕਲ ਤਾਂ ਜ਼ਰੂਰ ਆਉਂਦੀ ਹੈ, ਪਰ ਮਿਹਨਤ ਕਰਨ ਨਾਲ ਤੁਸੀਂ ਉਸ ਕਲਾ ਨੂੰ ਸਿੱਖ ਸਕਦੇ ਹੋ। ਜੀ ਹਾਂ, ਗੱਲਬਾਤ ਕਰਨ ਦੀ ਕਲਾ ਵੀ ਹੌਲੀ-ਹੌਲੀ ਸਿੱਖੀ ਜਾ ਸਕਦੀ ਹੈ। ਇਹ ਕਲਾ ਸਿੱਖਣ ਦੇ ਨਤੀਜੇ ਵਜੋਂ ਤੁਹਾਡਾ ਵਿਆਹੁਤਾ ਜੀਵਨ ਸੁਖੀ ਤੇ ਖ਼ੁਸ਼ੀਆਂ ਭਰਿਆ ਹੋਵੇਗਾ।

[ਫੁਟਨੋਟ]

^ ਪੈਰਾ 22 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 7 ਉੱਤੇ ਤਸਵੀਰ]

ਮਤਭੇਦ ਦਾ ਝੰਜਟ ਝੇਲਦੇ ਹੋਏ ਕੀ ਤੁਸੀਂ ਪਰਮੇਸ਼ੁਰ ਦੀ ਸਲਾਹ ਭਾਲਦੇ ਹੋ?