ਨਹਮਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਹੋਵਾਹ ਦਾ ਬਚਨ ਜੀਉਂਦਾ ਹੈ
ਨਹਮਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਨਹਮਯਾਹ ਦੀ ਪੋਥੀ ਵਿਚ ਉਸ ਸਮੇਂ ਦਾ ਇਤਿਹਾਸ ਦਰਜ ਹੈ ਜਦ ਪਰਮੇਸ਼ੁਰ ਦੇ ਲੋਕਾਂ ਨੇ ਯਰੂਸ਼ਲਮ ਦੀ ਕੰਧ ਨੂੰ ਦੁਬਾਰਾ ਬਣਾਇਆ ਸੀ। ਇਸ ਵਿਚ 12 ਸਾਲਾਂ (456 ਈ. ਪੂ. ਤੋਂ 443 ਈ. ਪੂ.) ਦੌਰਾਨ ਵਾਪਰੀਆਂ ਮਹੱਤਵਪੂਰਣ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਇਹ ਘਟਨਾਵਾਂ ਅਜ਼ਰਾ ਦੀ ਪੋਥੀ ਵਿਚ ਦਰਜ ਘਟਨਾਵਾਂ ਤੋਂ 12 ਸਾਲ ਬਾਅਦ ਵਾਪਰੀਆਂ ਸਨ। ਹੁਣ ਉਹ ਸਮਾਂ ਨੇੜੇ ਸੀ ਜਦੋਂ “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲਣੀ ਸੀ।” ਇਸ ਐਲਾਨ ਨਾਲ ਭਵਿੱਖ-ਸੂਚਕ ‘ਸੱਤਰ ਸਾਤਿਆਂ’ ਦਾ ਸਮਾਂ ਸ਼ੁਰੂ ਹੋ ਜਾਣਾ ਸੀ ਜਿਨ੍ਹਾਂ ਦੇ ਖ਼ਤਮ ਹੋਣ ਤੇ ਮਸੀਹਾ ਨੇ ਪ੍ਰਗਟ ਹੋਣਾ ਸੀ।—ਦਾਨੀਏਲ 9:24-27.
ਇਹ ਪੋਥੀ ਯਹੂਦੀਆਂ ਦੇ ਹਾਕਮ ਨਹਮਯਾਹ ਨੇ ਲਿਖੀ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਜਦ ਯਹੋਵਾਹ ਪਰਮੇਸ਼ੁਰ ਦੇ ਸੇਵਕ ਉਸ ਉੱਤੇ ਪੂਰਾ ਭਰੋਸਾ ਰੱਖ ਕੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਦੇ ਹਨ, ਤਾਂ ਯਹੋਵਾਹ ਦੀ ਮਹਿਮਾ ਹੁੰਦੀ ਹੈ। ਇਸ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਹਾਲਾਤਾਂ ਨੂੰ ਕਿਵੇਂ ਬਦਲ ਸਕਦਾ ਹੈ। ਇਹ ਇਕ ਤਾਕਤਵਰ ਤੇ ਦਲੇਰ ਆਗੂ ਦੀ ਕਹਾਣੀ ਹੈ। ਨਹਮਯਾਹ ਦੀ ਪੋਥੀ ਤੋਂ ਅੱਜ ਸਾਰੇ ਸੱਚੇ ਉਪਾਸਕ ਕਈ ਗੱਲਾਂ ਸਿੱਖ ਸਕਦੇ ਹਨ ਕਿਉਂਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।”—ਇਬਰਾਨੀਆਂ 4:12.
‘ਕੰਧ ਪੂਰੀ ਹੋ ਗਈ’
ਜਿਸ ਵੇਲੇ ਨਹਮਯਾਹ ਸ਼ੂਸ਼ਨ ਦੇ ਮਹਿਲ ਵਿਚ ਰਾਜਾ ਅਰਤਹਸ਼ਸ਼ਤਾ (ਆਰਟਾਜ਼ਰਕਸੀਜ਼ ਲੌਂਗੀਮੇਨਸ) ਦੇ ਦਰਬਾਰ ਵਿਚ ਸੇਵਾ ਕਰ ਰਿਹਾ ਸੀ, ਉਸ ਵੇਲੇ ਯਰੂਸ਼ਲਮ ਤੋਂ ਕੁਝ ਲੋਕ ਉਸ ਨੂੰ ਮਿਲਣ ਆਏ। ਉਨ੍ਹਾਂ ਨੇ ਦੱਸਿਆ ਕਿ ਯਰੂਸ਼ਲਮ ਦੇ ਲੋਕ ‘ਵੱਡੀ ਦੁਰਦਸ਼ਾ ਅਤੇ ਨਿਰਾਦਰੀ ਵਿੱਚ ਸਨ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਸਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਸਨ।’ ਇਹ ਸੁਣ ਕੇ ਨਹਮਯਾਹ ਬਹੁਤ ਪਰੇਸ਼ਾਨ ਹੋ ਗਿਆ। ਇਸ ਸੰਬੰਧੀ ਉਸ ਨੇ ਪਰਮੇਸ਼ੁਰ ਨੂੰ ਸੱਚੇ ਦਿਲੋਂ ਪ੍ਰਾਰਥਨਾ ਕੀਤੀ। (ਨਹਮਯਾਹ 1:3, 4) ਰਾਜਾ ਅਰਤਹਸ਼ਸ਼ਤਾ ਨੇ ਨਹਮਯਾਹ ਤੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਅਤੇ ਉਸ ਨੂੰ ਯਰੂਸ਼ਲਮ ਜਾਣ ਦੀ ਇਜਾਜ਼ਤ ਦੇ ਦਿੱਤੀ।
ਯਰੂਸ਼ਲਮ ਆ ਕੇ ਨਹਮਯਾਹ ਨੇ ਰਾਤ ਦੇ ਹਨੇਰੇ ਵਿਚ ਕੰਧ ਦਾ ਮੁਆਇਨਾ ਕੀਤਾ ਤੇ ਬਾਅਦ ਵਿਚ ਉਸ ਦੀ ਮੁਰੰਮਤ ਕਰਨ ਦੀ ਯੋਜਨਾ ਬਾਰੇ ਯਹੂਦੀਆਂ ਨੂੰ ਦੱਸਿਆ। ਕੰਧ ਦੀ ਉਸਾਰੀ ਸ਼ੁਰੂ ਹੋਈ ਤੇ ਇਸ ਦੇ ਨਾਲ ਹੀ ਕੰਮ ਦਾ ਵਿਰੋਧ ਵੀ। ਪਰ ਦਲੇਰ ਨਹਮਯਾਹ ਦੀ ਨਿਗਰਾਨੀ ਅਧੀਨ ‘ਕੰਧ ਪੂਰੀ ਹੋ ਗਈ।’—ਨਹਮਯਾਹ 6:15.
ਕੁਝ ਸਵਾਲਾਂ ਦੇ ਜਵਾਬ:
1:1; 2:1—ਕੀ ਦੋਵਾਂ ਆਇਤਾਂ ਵਿਚ ਜ਼ਿਕਰ ਕੀਤਾ ਗਿਆ ‘ਵੀਹਵਾਂ ਵਰ੍ਹਾ’ ਇੱਕੋ ਸਮੇਂ ਨੂੰ ਸੰਕੇਤ ਕਰਦਾ ਹੈ? ਜੀ ਹਾਂ, ਇਹ ਵੀਹਵਾਂ ਵਰ੍ਹਾ ਰਾਜਾ ਅਰਤਹਸ਼ਸ਼ਤਾ ਦੇ ਰਾਜ ਦਾ ਵੀਹਵਾਂ ਵਰ੍ਹਾ ਸੀ। ਪਰ ਇਨ੍ਹਾਂ ਆਇਤਾਂ ਵਿਚ ਸਮੇਂ ਨੂੰ ਗਿਣਨ ਦਾ ਵੱਖਰਾ-ਵੱਖਰਾ ਤਰੀਕਾ ਵਰਤਿਆ ਗਿਆ ਹੈ। ਇਸ ਗੱਲ ਦਾ ਪੱਕਾ ਇਤਿਹਾਸਕ ਸਬੂਤ ਹੈ ਕਿ ਅਰਤਹਸ਼ਸ਼ਤਾ 475 ਈ. ਪੂ. ਵਿਚ ਸਿੰਘਾਸਣ ਤੇ ਬੈਠਿਆ ਸੀ। ਬਾਬਲ ਦੇ ਮੁਨਸ਼ੀ ਆਮ ਤੌਰ ਤੇ ਫ਼ਾਰਸੀ ਰਾਜਿਆਂ ਦੇ ਸ਼ਾਸਨ ਕਾਲ ਦੇ ਵਰ੍ਹਿਆਂ ਨੂੰ ਨੀਸਾਨ ਮਹੀਨੇ (ਮਾਰਚ/ਅਪ੍ਰੈਲ) ਤੋਂ ਨੀਸਾਨ ਮਹੀਨੇ ਤਕ ਗਿਣਦੇ ਸਨ। ਇਸ ਹਿਸਾਬ ਨਾਲ ਅਰਤਹਸ਼ਸ਼ਤਾ ਦੇ ਸ਼ਾਸਨ ਦਾ ਪਹਿਲਾ ਸਾਲ ਨੀਸਾਨ 474 ਈ. ਪੂ. ਵਿਚ ਸ਼ੁਰੂ ਹੋਇਆ ਸੀ। ਇਸ ਦਾ ਮਤਲਬ ਹੋਇਆ ਕਿ ਨਹਮਯਾਹ 2:1 ਵਿਚ ਜ਼ਿਕਰ ਕੀਤਾ ਗਿਆ 20ਵਾਂ ਵਰ੍ਹਾ ਨੀਸਾਨ 455 ਈ. ਪੂ. ਵਿਚ ਸ਼ੁਰੂ ਹੋਇਆ ਸੀ। ਨਹਮਯਾਹ 1:1 ਵਿਚ ਜ਼ਿਕਰ ਕੀਤਾ ਗਿਆ ਕਿਸਲੇਵ ਦਾ ਮਹੀਨਾ (ਨਵੰਬਰ/ਦਸੰਬਰ) ਅਸਲ ਵਿਚ ਇਕ ਸਾਲ ਪਹਿਲਾਂ ਯਾਨੀ 456 ਈ. ਪੂ. ਦਾ ਕਿਸਲੇਵ ਮਹੀਨਾ ਸੀ। ਨਹਮਯਾਹ ਨੇ ਇਸ ਮਹੀਨੇ ਨੂੰ ਵੀ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ਵਿਚ ਗਿਣਿਆ ਸੀ। ਇੱਥੇ ਉਹ ਸ਼ਾਇਦ ਅਰਤਹਸ਼ਸ਼ਤਾ ਦੇ ਸਿੰਘਾਸਣ ਤੇ ਬੈਠਣ ਦੀ ਤਾਰੀਖ਼ ਤੋਂ ਵਰ੍ਹਿਆਂ ਨੂੰ ਗਿਣ ਰਿਹਾ ਸੀ। ਇਹ ਵੀ ਹੋ ਸਕਦਾ ਹੈ ਕਿ ਨਹਮਯਾਹ ਨੇ ਇਨ੍ਹਾਂ ਵਰ੍ਹਿਆਂ ਨੂੰ ਉਸ ਵਰ੍ਹੇ ਦੇ ਮੁਤਾਬਕ ਗਿਣਿਆ ਹੋਵੇ ਜਿਨ੍ਹਾਂ ਨੂੰ ਅੱਜ ਯਹੂਦੀ ਸਰਕਾਰੀ ਵਰ੍ਹਾ ਕਹਿੰਦੇ ਹਨ। ਇਹ ਵਰ੍ਹਾ ਤਿਸ਼ਰੀ ਮਹੀਨੇ (ਸਤੰਬਰ/ਅਕਤੂਬਰ) ਨਾਲ ਸ਼ੁਰੂ ਹੁੰਦਾ ਹੈ। ਜੋ ਵੀ ਸੀ, ਜਿਸ ਸਾਲ ਯਰੂਸ਼ਲਮ ਨੂੰ ਦੁਬਾਰਾ ਬਣਾਉਣ ਦੀ ਆਗਿਆ ਦਿੱਤੀ ਗਈ ਸੀ, ਉਹ ਸਾਲ 455 ਈ. ਪੂ. ਸੀ।
4:17, 18—ਕੰਧ ਨੂੰ ਬਣਾਉਣ ਦਾ ਕੰਮ ਇਕ ਹੱਥ ਨਾਲ ਕਿਵੇਂ ਕੀਤਾ ਜਾ ਸਕਦਾ ਸੀ? ਭਾਰ ਚੁੱਕਣ ਵਾਲੇ ਆਪਣੇ ਸਿਰਾਂ ਜਾਂ ਮੋਢਿਆਂ ਉੱਤੇ ਭਾਰ ਨੂੰ ਇਕ ਹੱਥ ਨਾਲ ਸੌਖਿਆਂ ਹੀ ਟਿਕਾ ਲੈਂਦੇ ਸਨ ਜਦ ਕਿ “ਦੂਜੇ ਹੱਥ ਨਾਲ ਸ਼ੱਸਤ੍ਰ ਫੜਦੇ ਸਨ।” ਕੰਧ ਬਣਾਉਣ ਵਾਲਿਆਂ ਨੂੰ ਦੋਵਾਂ ਹੱਥਾਂ ਨਾਲ ਕੰਮ ਕਰਨਾ ਪੈਂਦਾ ਸੀ ਜਿਸ ਕਰਕੇ ਉਹ ਆਪਣੇ “ਕਮਰ ਕਸਿਆਂ ਵਿਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ।” ਇਸ ਤਰ੍ਹਾਂ ਉਹ ਅਚਾਨਕ ਦੁਸ਼ਮਣਾਂ ਦੁਆਰਾ ਹਮਲਾ ਕਰਨ ਤੇ ਲੜਨ ਲਈ ਤਿਆਰ ਰਹਿੰਦੇ ਸਨ।
5:7—ਨਹਮਯਾਹ ਨੇ ਕਿਉਂ “ਸ਼ਰੀਫਾਂ ਅਤੇ ਰਈਸਾਂ ਨਾਲ ਝਗੜਾ ਕੀਤਾ” ਸੀ? ਇਹ ਲੋਕ ਆਪਣੇ ਯਹੂਦੀ ਭਰਾਵਾਂ ਤੋਂ ਵਿਆਜ ਲੈਂਦੇ ਸਨ ਜੋ ਮੂਸਾ ਦੀ ਬਿਵਸਥਾ ਵਿਚ ਮਨ੍ਹਾ ਕੀਤਾ ਗਿਆ ਸੀ। (ਲੇਵੀਆਂ 25:36; ਬਿਵਸਥਾ ਸਾਰ 23:19) ਇਸ ਤੋਂ ਇਲਾਵਾ, ਵਿਆਜ ਵੀ ਬਹੁਤ ਜ਼ਿਆਦਾ ਸੀ। ਜੇ ਹਰ ਮਹੀਨੇ ਵਿਆਜ ਲਿਆ ਜਾਂਦਾ, ਤਾਂ “ਸੌਵਾਂ ਹਿੱਸਾ” 12 ਪ੍ਰਤਿਸ਼ਤ ਸਾਲਾਨਾ ਬਣਦਾ ਸੀ। (ਨਹਮਯਾਹ 5:11) ਇਹ ਲੋਕਾਂ ਨਾਲ ਧੱਕਾ ਸੀ ਕਿਉਂਕਿ ਲੋਕਾਂ ਕੋਲ ਪਹਿਲਾਂ ਹੀ ਖਾਣੇ ਦੀ ਕਮੀ ਸੀ ਤੇ ਉਨ੍ਹਾਂ ਦੇ ਸਿਰਾਂ ਤੇ ਟੈਕਸ ਦਾ ਭਾਰਾ ਬੋਝ ਸੀ। ਵਿਆਜ ਲੈਣ ਵਾਲੇ ਅਮੀਰਾਂ ਨੂੰ ਨਹਮਯਾਹ ਨੇ ਪਰਮੇਸ਼ੁਰ ਦੀ ਬਿਵਸਥਾ ਦੇ ਆਧਾਰ ਤੇ ਡਾਂਟਿਆ-ਫਿਟਕਾਰਿਆ ਅਤੇ ਉਨ੍ਹਾਂ ਦੇ ਗੁਨਾਹ ਦਾ ਪਰਦਾ ਫ਼ਾਸ਼ ਕੀਤਾ।
6:5—ਗੁਪਤ ਚਿੱਠੀਆਂ ਨੂੰ ਆਮ ਤੌਰ ਤੇ ਸੀਲਬੰਦ ਥੈਲੇ ਵਿਚ ਭੇਜਿਆ ਜਾਂਦਾ ਸੀ, ਪਰ ਸਨਬੱਲਟ ਨੇ ਨਹਮਯਾਹ ਨੂੰ “ਖੁੱਲ੍ਹੀ ਚਿੱਠੀ” ਕਿਉਂ ਭੇਜੀ? ਸਨਬੱਲਟ ਨੇ ਆਪਣੀ ਚਿੱਠੀ ਵਿਚ ਨਹਮਯਾਹ ਤੇ ਝੂਠੇ ਦੋਸ਼ ਲਾਏ ਸਨ ਅਤੇ ਸ਼ਾਇਦ ਉਹ ਚਾਹੁੰਦਾ ਸੀ ਕਿ ਦੂਜੇ ਲੋਕ ਖੁੱਲ੍ਹੀ ਚਿੱਠੀ ਵਿਚ ਨਹਮਯਾਹ ਤੇ ਲਾਏ ਦੋਸ਼ਾਂ ਨੂੰ ਪੜ੍ਹ ਲੈਣ। ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਇਸ ਗੱਲ ਤੋਂ ਨਹਮਯਾਹ ਇੰਨਾ ਗੁੱਸੇ ਹੋ ਜਾਵੇਗਾ ਕਿ ਉਹ ਉਸਾਰੀ ਦਾ ਕੰਮ ਛੱਡ ਕੇ ਸਨਬੱਲਟ ਨਾਲ ਲੜਨ ਲਈ ਆ ਜਾਵੇਗਾ। ਜਾਂ ਸਨਬੱਲਟ ਨੇ ਸੋਚਿਆ ਹੋਣਾ ਕਿ ਚਿੱਠੀ ਵਿਚ ਲਿਖੀਆਂ ਗੱਲਾਂ ਕਾਰਨ ਸਾਰੇ ਯਹੂਦੀ ਇੰਨੇ ਪਰੇਸ਼ਾਨ ਹੋ ਜਾਣਗੇ ਕਿ ਉਹ ਕੰਮ ਕਰਨਾ ਬੰਦ ਕਰ ਦੇਣਗੇ। ਪਰ ਨਹਮਯਾਹ ਇਸ ਗੱਲ ਤੋਂ ਡਰਿਆ ਨਹੀਂ ਤੇ ਚੁੱਪ-ਚਾਪ ਪਰਮੇਸ਼ੁਰ ਦੇ ਕੰਮ ਵਿਚ ਲੱਗਾ ਰਿਹਾ।
ਸਾਡੇ ਲਈ ਸਬਕ:
1:4; 2:4; 4:4, 5. ਮੁਸ਼ਕਲਾਂ ਵਿਚ ਜਾਂ ਅਹਿਮ ਫ਼ੈਸਲੇ ਕਰਨ ਵੇਲੇ ਸਾਨੂੰ ‘ਪ੍ਰਾਰਥਨਾ ਲਗਾਤਾਰ ਕਰਦੇ ਰਹਿਣਾ’ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਬਚਨ ਅਤੇ ਸੰਗਠਨ ਦੀ ਸਲਾਹ ਤੇ ਅਮਲ ਕਰਨਾ ਚਾਹੀਦਾ ਹੈ।—ਰੋਮੀਆਂ 12:12.
1:11–2:8; 4:4, 5, 15, 16; 6:16. ਯਹੋਵਾਹ ਆਪਣੇ ਸੇਵਕਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 86:6, 7.
1:4; 4:19, 20; 6:3, 15. ਭਾਵੇਂ ਨਹਮਯਾਹ ਨਰਮਦਿਲ ਇਨਸਾਨ ਸੀ, ਪਰ ਉਸ ਨੇ ਦ੍ਰਿੜ੍ਹ ਇਰਾਦੇ ਨਾਲ ਸਹੀ ਕੰਮ ਕਰਨ ਦੇ ਮਾਮਲੇ ਵਿਚ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ।
1:11–2:3. ਨਹਮਯਾਹ ਦੀ ਖ਼ੁਸ਼ੀ ਇਸ ਗੱਲ ਵਿਚ ਨਹੀਂ ਸੀ ਕਿ ਉਹ ਰਾਜੇ ਦਾ ਸਾਕੀ ਸੀ, ਸਗੋਂ ਉਸ ਦੀ ਖ਼ੁਸ਼ੀ ਸੱਚੀ ਉਪਾਸਨਾ ਵਿਚ ਸੀ। ਕੀ ਸਾਨੂੰ ਵੀ ਯਹੋਵਾਹ ਦੀ ਉਪਾਸਨਾ ਕਰ ਕੇ ਅਤੇ ਇਸ ਤਰ੍ਹਾਂ ਕਰਨ ਵਿਚ ਹੋਰਨਾਂ ਦੀ ਮਦਦ ਕਰ ਕੇ ਖ਼ੁਸ਼ੀ ਨਹੀਂ ਹੋਣੀ ਚਾਹੀਦੀ?
2:4-8. ਯਹੋਵਾਹ ਨੇ ਅਰਤਹਸ਼ਸ਼ਤਾ ਨੂੰ ਪ੍ਰੇਰਿਆ ਕਿ ਉਹ ਨਹਮਯਾਹ ਨੂੰ ਯਰੂਸ਼ਲਮ ਜਾਣ ਤੇ ਯਰੂਸ਼ਲਮ ਦੀ ਕੰਧ ਬਣਾਉਣ ਦੀ ਇਜਾਜ਼ਤ ਦੇਵੇ। “ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।”—ਕਹਾਉਤਾਂ 21:1.
3:5, 27. ਸਾਨੂੰ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਨਹੀਂ ਸਮਝਣਾ ਚਾਹੀਦਾ, ਜਿਵੇਂ ਤਕੋਈਆਂ ਦੇ “ਪਤ ਵੰਤਿਆਂ” ਨੇ ਸਮਝਿਆ ਸੀ। ਇਸ ਦੀ ਬਜਾਇ ਸਾਨੂੰ ਸਾਧਾਰਣ ਤਕੋਈ ਲੋਕਾਂ ਦੀ ਨਕਲ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਕੰਮ ਕੀਤਾ।
3:10, 23, 28-30. ਭਾਵੇਂ ਸਾਡੇ ਵਿੱਚੋਂ ਕੁਝ ਭੈਣ-ਭਾਈ ਉਸ ਜਗ੍ਹਾ ਨਹੀਂ ਜਾ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਪਰ ਅਸੀਂ ਆਪਣੇ ਘਰ ਦੇ ਨੇੜੇ-ਤੇੜੇ ਸੱਚੀ ਭਗਤੀ ਦੇ ਪ੍ਰਬੰਧ ਦਾ ਸਮਰਥਨ ਕਰ ਸਕਦੇ ਹਾਂ। ਅਸੀਂ ਕਿੰਗਡਮ ਹਾਲ ਦੇ ਉਸਾਰੀ ਕੰਮ ਵਿਚ ਅਤੇ ਕਿਸੇ ਆਫ਼ਤ ਦੌਰਾਨ ਸਹਾਇਤਾ ਕਰਨ ਵਿਚ ਹਿੱਸਾ ਪਾ ਸਕਦੇ ਹਾਂ। ਅਸੀਂ ਖ਼ਾਸ ਤੌਰ ਤੇ ਰਾਜ ਦੇ ਪ੍ਰਚਾਰ ਵਿਚ ਹਿੱਸਾ ਪਾ ਸਕਦੇ ਹਾਂ।
4:14. ਵਿਰੋਧ ਦਾ ਸਾਮ੍ਹਣਾ ਕਰਦੇ ਸਮੇਂ ਅਸੀਂ ਇਹ ਯਾਦ ਰੱਖ ਕੇ ਆਪਣੇ ਡਰ ਤੇ ਕਾਬੂ ਪਾ ਸਕਦੇ ਹਾਂ ਕਿ “ਵੱਡਾ ਤੇ ਭੈ ਦਾਇਕ” ਪਰਮੇਸ਼ੁਰ ਯਹੋਵਾਹ ਸਾਡੇ ਨਾਲ ਹੈ।
5:14-19. ਮਸੀਹੀ ਨਿਗਾਹਬਾਨ ਨਹਮਯਾਹ ਹਾਕਮ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਨਹਮਯਾਹ ਨੇ ਨਿਮਰਤਾ ਦਿਖਾਉਣ, ਨਿਰਸੁਆਰਥ ਸੇਵਾ ਕਰਨ ਅਤੇ ਸਮਝਦਾਰੀ ਵਰਤਣ ਵਿਚ ਵਧੀਆ ਮਿਸਾਲ ਕਾਇਮ ਕੀਤੀ। ਭਾਵੇਂ ਉਹ ਬੜੇ ਜੋਸ਼ ਨਾਲ ਪਰਮੇਸ਼ੁਰ ਦੀ ਬਿਵਸਥਾ ਤੇ ਚੱਲਿਆ, ਪਰ ਉਸ ਨੇ ਆਪਣੇ ਸੁਆਰਥ ਲਈ ਦੂਸਰਿਆਂ ਤੇ ਰੋਅਬ ਨਹੀਂ ਪਾਇਆ। ਇਸ ਦੀ ਬਜਾਇ ਉਸ ਨੇ ਜ਼ੁਲਮ ਦੇ ਸ਼ਿਕਾਰ ਤੇ ਗ਼ਰੀਬ ਲੋਕਾਂ ਪ੍ਰਤੀ ਚਿੰਤਾ ਜ਼ਾਹਰ ਕੀਤੀ। ਖੁੱਲ੍ਹ-ਦਿਲੀ ਦਿਖਾਉਣ ਵਿਚ ਵੀ ਉਸ ਨੇ ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਵਧੀਆ ਉਦਾਹਰਣ ਕਾਇਮ ਕੀਤੀ।
“ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ”
ਯਰੂਸ਼ਲਮ ਦੀ ਕੰਧ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਨਹਮਯਾਹ ਨੇ ਫਾਟਕ ਲਗਵਾਏ ਤੇ ਪਹਿਰੇਦਾਰਾਂ ਦਾ ਪ੍ਰਬੰਧ ਕੀਤਾ। ਉਸ ਨੇ ਲੋਕਾਂ ਦੀ ਬੰਸਾਵਲੀ ਦਾ ਰਿਕਾਰਡ ਤਿਆਰ ਕੀਤਾ। ਜਦੋਂ ਲੋਕ “ਜਲ ਫਾਟਕ ਦੇ ਸਾਹਮਣੇ ਚੌਂਕ ਵਿੱਚ” ਇਕੱਠੇ ਹੋਏ, ਤਾਂ ਅਜ਼ਰਾ ਜਾਜਕ ਨੇ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਪੜ੍ਹ ਕੇ ਸੁਣਾਈ ਅਤੇ ਨਹਮਯਾਹ ਤੇ ਲੇਵੀਆਂ ਨੇ ਲੋਕਾਂ ਨੂੰ ਇਸ ਦਾ ਮਤਲਬ ਸਮਝਾਇਆ। (ਨਹਮਯਾਹ 8:1) ਬਿਵਸਥਾ ਤੋਂ ਡੇਰਿਆਂ ਦੇ ਪਰਬ ਬਾਰੇ ਪਤਾ ਲੱਗਣ ਤੇ ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਇਹ ਤਿਉਹਾਰ ਮਨਾਇਆ।
ਇਸ ਤੋਂ ਬਾਅਦ ਇਕ ਹੋਰ ਸਭਾ ਹੋਈ ਜਿਸ ਵਿਚ “ਇਸਰਾਏਲ ਦੀ ਨਸਲ” ਨੇ ਆਪਣੀ ਕੌਮ ਦੇ ਪਾਪਾਂ ਦਾ ਇਕਬਾਲ ਕੀਤਾ, ਲੇਵੀਆਂ ਨੇ ਯਹੋਵਾਹ ਦੁਆਰਾ ਇਸਰਾਏਲੀਆਂ ਉੱਤੇ ਕੀਤੇ ਉਪਕਾਰਾਂ ਬਾਰੇ ਦੱਸਿਆ ਤੇ ਲੋਕਾਂ ਨੇ ‘ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਣ’ ਦੀ ਸਹੁੰ ਖਾਧੀ। (ਨਹਮਯਾਹ 9:1, 2; 10:29) ਯਰੂਸ਼ਲਮ ਦੀ ਵਸੋਂ ਅਜੇ ਵੀ ਬਹੁਤ ਘੱਟ ਸੀ, ਇਸ ਲਈ ਗੁਣੇ ਪਾ ਕੇ ਸ਼ਹਿਰੋਂ ਬਾਹਰ ਰਹਿੰਦੇ ਲੋਕਾਂ ਵਿੱਚੋਂ ਦਸਾਂ ਵਿੱਚੋਂ ਇਕ ਬੰਦੇ ਨੂੰ ਸ਼ਹਿਰ ਵਿਚ ਵੱਸਣ ਲਈ ਕਿਹਾ ਗਿਆ। ਇਸ ਤੋਂ ਬਾਅਦ, ਕੰਧ ਦੀ ਚੱਠ ਵੇਲੇ ਲੋਕਾਂ ਨੇ ਇੰਨੀ ਖ਼ੁਸ਼ੀ ਮਨਾਈ ਕਿ “ਯਰੂਸ਼ਲਮ ਦਾ ਏਹ ਅਨੰਦ ਦੂਰ ਤੀਕਰ ਸੁਣਿਆ ਗਿਆ।” (ਨਹਮਯਾਹ 12:43) ਯਰੂਸ਼ਲਮ ਵਿਚ ਬਾਰਾਂ ਸਾਲ ਰਹਿਣ ਤੋਂ ਬਾਅਦ ਨਹਮਯਾਹ ਰਾਜਾ ਅਰਤਹਸ਼ਸ਼ਤਾ ਦੇ ਦਰਬਾਰ ਵਿਚ ਸੇਵਾ ਕਰਨ ਲਈ ਵਾਪਸ ਚਲਾ ਗਿਆ। ਉਸ ਦੀ ਗ਼ੈਰ-ਹਾਜ਼ਰੀ ਵਿਚ ਲੋਕਾਂ ਨੇ ਆਪਣੇ ਆਪ ਨੂੰ ਅਸ਼ੁੱਧ ਕਰ ਲਿਆ। ਯਰੂਸ਼ਲਮ ਵਾਪਸ ਆ ਕੇ ਨਹਮਯਾਹ ਨੇ ਇਸ ਮਸਲੇ ਨੂੰ ਹੱਲ ਕੀਤਾ। ਉਸ ਨੇ ਯਹੋਵਾਹ ਦੀ ਭਗਤੀ ਨੂੰ ਸ਼ੁੱਧ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਕਰਕੇ ਉਹ ਆਪਣੇ ਲਈ ਬੇਨਤੀ ਕਰ ਸਕਿਆ ਕਿ “ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ।”—ਨਹਮਯਾਹ 13:31.
ਕੁਝ ਸਵਾਲਾਂ ਦੇ ਜਵਾਬ:
7:6-67—ਨਹਮਯਾਹ ਦੀ ਜ਼ਰੂੱਬਾਬਲ ਨਾਲ ਵਾਪਸ ਆਏ ਯਹੂਦੀਆਂ ਦੀ ਸੂਚੀ ਅਤੇ ਅਜ਼ਰਾ ਦੁਆਰਾ ਬਣਾਈ ਸੂਚੀ ਵਿਚ ਕਈ ਟੱਬਰਾਂ ਦੇ ਮੈਂਬਰਾਂ ਦੀ ਗਿਣਤੀ ਵੱਖਰੀ ਕਿਉਂ ਹੈ? (ਅਜ਼ਰਾ 2:1-65) ਇਸ ਦਾ ਕਾਰਨ ਸ਼ਾਇਦ ਹੋ ਸਕਦਾ ਹੈ ਕਿ ਅਜ਼ਰਾ ਤੇ ਨਹਮਯਾਹ ਨੇ ਆਪਣੀਆਂ ਸੂਚੀਆਂ ਬਣਾਉਣ ਲਈ ਵੱਖਰੇ ਸੋਮੇ ਇਸਤੇਮਾਲ ਕੀਤੇ ਹੋਣ। ਉਦਾਹਰਣ ਲਈ, ਸ਼ਾਇਦ ਉੱਨੇ ਲੋਕ ਵਾਪਸ ਨਾ ਆਏ ਹੋਣ ਜਿੰਨੇ ਲੋਕਾਂ ਨੇ ਪਹਿਲਾਂ ਆਪਣੇ ਨਾਂ ਦਿੱਤੇ ਸਨ। ਉਨ੍ਹਾਂ ਦੋਵਾਂ ਦੀਆਂ ਸੂਚੀਆਂ ਵਿਚ ਸ਼ਾਇਦ ਇਸ ਕਰਕੇ ਵੀ ਫ਼ਰਕ ਸੀ ਕਿ ਸ਼ੁਰੂ ਵਿਚ ਕੁਝ ਲੋਕ ਆਪਣੀ ਬੰਸਾਵਲੀ ਸਾਬਤ ਨਹੀਂ ਕਰ ਪਾਏ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਕਰ ਲਈ ਸੀ। ਪਰ ਦੋਵੇਂ ਸੂਚੀਆਂ ਵਿਚ ਇਕ ਗੱਲ ਮਿਲਦੀ-ਜੁਲਦੀ ਹੈ: ਗ਼ੁਲਾਮ ਤੇ ਰਾਗੀਆਂ ਤੋਂ ਇਲਾਵਾ ਪਹਿਲੇ ਗੇੜ ਵਿਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 42,360 ਸੀ।
10:34—ਲੋਕਾਂ ਨੂੰ ਲੱਕੜੀ ਦੇਣ ਲਈ ਕਿਉਂ ਕਿਹਾ ਗਿਆ ਸੀ? ਮੂਸਾ ਦੀ ਬਿਵਸਥਾ ਵਿਚ ਲੋਕਾਂ ਨੂੰ ਲੱਕੜੀ ਦੇ ਚੜ੍ਹਾਵੇ ਚੜ੍ਹਾਉਣ ਲਈ ਨਹੀਂ ਕਿਹਾ ਗਿਆ ਸੀ। ਜਗਵੇਦੀ ਉੱਤੇ ਬਲੀਆਂ ਸਾੜਨ ਲਈ ਬਹੁਤ ਸਾਰੀ ਲੱਕੜ ਦੀ ਲੋੜ ਸੀ। ਲੱਗਦਾ ਹੈ ਕਿ ਉਸ ਵੇਲੇ ਹੈਕਲ ਵਿਚ ਸੇਵਾ ਕਰਨ ਵਾਲੇ ਗ਼ੈਰ-ਇਸਰਾਏਲੀ ਨਥੀਨੀਮ ਗ਼ੁਲਾਮਾਂ ਦੀ ਗਿਣਤੀ ਕਾਫ਼ੀ ਘੱਟ ਸੀ। ਇਸ ਲਈ ਲੋੜ ਨੂੰ ਦੇਖਦਿਆਂ ਗੁਣੇ ਪਾਏ ਗਏ ਸਨ ਤਾਂਕਿ ਲੱਕੜੀ ਦੀ ਘਾਟ ਪੂਰੀ ਕਰਨ ਲਈ ਸਾਰੇ ਲੋਕ ਵਾਰੋ-ਵਾਰੀ ਲੱਕੜੀ ਲਿਆ ਸਕਣ।
13:6—ਨਹਮਯਾਹ ਕਿੰਨਾ ਸਮਾਂ ਯਰੂਸ਼ਲਮ ਤੋਂ ਗ਼ੈਰ-ਹਾਜ਼ਰ ਰਿਹਾ? ਬਾਈਬਲ ਸਿਰਫ਼ ਇਹੀ ਕਹਿੰਦੀ ਹੈ ਕਿ “ਥੋੜਿਆਂ ਦਿਨਾਂ ਪਿੱਛੋਂ” ਨਹਮਯਾਹ ਨੇ ਰਾਜਾ ਅਰਤਹਸ਼ਸ਼ਤਾ ਤੋਂ ਯਰੂਸ਼ਲਮ ਜਾਣ ਲਈ ਛੁੱਟੀ ਮੰਗੀ ਸੀ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਯਰੂਸ਼ਲਮ ਤੋਂ ਕਿੰਨਾ ਸਮਾਂ ਗ਼ੈਰ-ਹਾਜ਼ਰ ਰਿਹਾ। ਪਰ ਯਰੂਸ਼ਲਮ ਆ ਕੇ ਉਸ ਨੇ ਦੇਖਿਆ ਕਿ ਜਾਜਕ ਆਪਣਾ ਕੰਮ ਨਹੀਂ ਕਰ ਰਹੇ ਸਨ ਤੇ ਨਾ ਹੀ ਲੋਕ ਸਬਤ ਮਨਾ ਰਹੇ ਸਨ। ਬਹੁਤ ਸਾਰੇ ਲੋਕਾਂ ਨੇ ਗ਼ੈਰ-ਇਸਰਾਏਲੀ ਔਰਤਾਂ ਨਾਲ ਵਿਆਹ ਕਰਾ ਲਏ ਸਨ ਤੇ ਉਨ੍ਹਾਂ ਦੇ ਨਿਆਣਿਆਂ ਨੂੰ ਯਹੂਦੀਆਂ ਦੀ ਭਾਸ਼ਾ ਬੋਲਣੀ ਨਹੀਂ ਆਉਂਦੀ ਸੀ। ਹਾਲਾਤਾਂ ਦੇ ਇਸ ਹੱਦ ਤਕ ਖ਼ਰਾਬ ਹੋਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਹਮਯਾਹ ਲੰਬਾ ਸਮਾਂ ਯਰੂਸ਼ਲਮ ਤੋਂ ਗ਼ੈਰ-ਹਾਜ਼ਰ ਰਿਹਾ।
13:25, 28—ਨਹਮਯਾਹ ਨੇ ਅਣਆਗਿਆਕਾਰ ਯਹੂਦੀਆਂ ਨਾਲ ‘ਝਗੜਨ’ ਤੋਂ ਇਲਾਵਾ ਲੋਕਾਂ ਨੂੰ ਸੁਧਾਰਨ ਲਈ ਹੋਰ ਕੀ ਕੀਤਾ ਸੀ? ਨਹਮਯਾਹ ਨੇ “ਉਨ੍ਹਾਂ ਨੂੰ ਫਿਟਕਾਰਿਆ” ਯਾਨੀ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਵਿਚ ਦਿੱਤੇ ਨਿਆਂ ਸੁਣਾਏ। ਉਸ ਨੇ “ਕਈਆਂ ਨੂੰ ਮਾਰਿਆ,” ਸ਼ਾਇਦ ਸਜ਼ਾ ਵਜੋਂ ਉਨ੍ਹਾਂ ਦੇ ਕੋਰੜੇ ਮਾਰਨ ਦਾ ਹੁਕਮ ਦਿੱਤਾ ਹੋਣਾ। ਆਪਣਾ ਜਾਇਜ਼ ਗੁੱਸਾ ਪ੍ਰਗਟਾਉਂਦੇ ਹੋਏ ਉਸ ਨੇ “ਉਨ੍ਹਾਂ ਦੇ ਵਾਲ ਪੁੱਟੇ।” ਉਸ ਨੇ ਪ੍ਰਧਾਨ ਜਾਜਕ ਅਲਯਾਸ਼ੀਬ ਦੇ ਪੋਤੇ ਨੂੰ ਵੀ ਨਠਾ ਦਿੱਤਾ ਜਿਸ ਨੇ ਹੋਰੋਨੀ ਸਨਬੱਲਟ ਦੀ ਧੀ ਨਾਲ ਵਿਆਹ ਕੀਤਾ ਸੀ।
ਸਾਡੇ ਲਈ ਸਬਕ:
8:8. ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਹੋਣ ਦੇ ਨਾਤੇ ਸਾਨੂੰ ਬਾਈਬਲ ਦੇ ਹਵਾਲਿਆਂ ਨੂੰ ਸਹੀ ਤੇ ਸਾਫ਼-ਸਾਫ਼ ਪੜ੍ਹਨਾ ਚਾਹੀਦਾ ਹੈ ਅਤੇ ਸਹੀ ਸ਼ਬਦਾਂ ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਇਨ੍ਹਾਂ ਦਾ ਸਹੀ “ਅਰਥ” ਸਮਝਾ ਕੇ ਲਾਗੂ ਕਰਨ ਬਾਰੇ ਵੀ ਦੱਸਣਾ ਚਾਹੀਦਾ ਹੈ।
8:10. “ਯਹੋਵਾਹ ਦਾ ਅਨੰਦ” ਸਾਨੂੰ ਤਦ ਮਿਲੇਗਾ ਜੇ ਅਸੀਂ ਉਸ ਦੀ ਭਗਤੀ ਕਰਨ ਦੀ ਲੋੜ ਨੂੰ ਪਛਾਣੀਏ ਤੇ ਉਸ ਦੀ ਭਗਤੀ ਕਰੀਏ ਵੀ ਤੇ ਉਸ ਦੇ ਸੰਗਠਨ ਦੇ ਨਿਰਦੇਸ਼ਨ ਵਿਚ ਚੱਲੀਏ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਦਾ ਧਿਆਨ ਨਾਲ ਅਧਿਐਨ ਕਰੀਏ, ਬਾਕਾਇਦਾ ਸਭਾਵਾਂ ਵਿਚ ਜਾਈਏ ਤੇ ਰਾਜ ਦੀ ਖ਼ੁਸ਼ ਖ਼ਬਰੀ ਤੇ ਚੇਲੇ ਬਣਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਈਏ।
11:2. ਆਪਣੀ ਜੱਦੀ ਜਾਇਦਾਦ ਛੱਡ ਕੇ ਯਰੂਸ਼ਲਮ ਵਿਚ ਵੱਸਣ ਵਾਲੇ ਲੋਕਾਂ ਨੂੰ ਪੱਲਿਓਂ ਖ਼ਰਚਾ ਕਰਨਾ ਪਿਆ ਹੋਣਾ ਤੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪਿਆ ਹੋਣਾ। ਜਿਹੜੇ ਲੋਕ ਯਰੂਸ਼ਲਮ ਜਾ ਕੇ ਵੱਸੇ, ਉਨ੍ਹਾਂ ਨੇ ਆਪਣੇ ਆਪ ਨੂੰ ਨਿਰਸੁਆਰਥ ਸਾਬਤ ਕੀਤਾ। ਅਸੀਂ ਵੀ ਅਜਿਹੀ ਭਾਵਨਾ ਦਿਖਾ ਸਕਦੇ ਹਾਂ ਜਦੋਂ ਸਾਨੂੰ ਸੰਮੇਲਨਾਂ ਵਿਚ ਅਤੇ ਹੋਰ ਮੌਕਿਆਂ ਤੇ ਦੂਸਰਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ।
12:31, 38, 40-42. ਗਾ ਕੇ ਅਸੀਂ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ ਤੇ ਉਸ ਦਾ ਧੰਨਵਾਦ ਕਰ ਸਕਦੇ ਹਾਂ। ਸਾਨੂੰ ਸਭਾਵਾਂ ਵਿਚ ਜੋਸ਼ ਨਾਲ ਦਿਲੋਂ ਗਾਉਣਾ ਚਾਹੀਦਾ ਹੈ।
13:4-31. ਸਾਨੂੰ ਧਨ-ਦੌਲਤ ਦੇ ਮੋਹ, ਭ੍ਰਿਸ਼ਟਾਚਾਰ ਤੇ ਧਰਮ-ਤਿਆਗ ਤੋਂ ਦੂਰ ਰਹਿਣਾ ਚਾਹੀਦਾ ਹੈ।
13:22. ਨਹਮਯਾਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਆਪਣੇ ਕੰਮਾਂ ਦਾ ਹਿਸਾਬ ਦੇਣਾ ਸੀ। ਸਾਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।
ਯਹੋਵਾਹ ਦੀ ਬਰਕਤ ਜ਼ਰੂਰੀ ਹੈ!
ਜ਼ਬੂਰਾਂ ਦੇ ਲਿਖਾਰੀ ਨੇ ਇਕ ਜ਼ਬੂਰ ਵਿਚ ਕਿਹਾ ਸੀ: “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।” (ਜ਼ਬੂਰਾਂ ਦੀ ਪੋਥੀ 127:1) ਕਿੰਨੇ ਵਧੀਆ ਤਰੀਕੇ ਨਾਲ ਨਹਮਯਾਹ ਦੀ ਪੋਥੀ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਬਿਆਨ ਕਰਦੀ ਹੈ!
ਇਸ ਪੋਥੀ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਆਪਣੇ ਕੰਮਾਂ ਵਿਚ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਯਹੋਵਾਹ ਦੀ ਬਰਕਤ ਹੋਣੀ ਜ਼ਰੂਰੀ ਹੈ। ਜੇ ਅਸੀਂ ਆਪਣੀ ਜ਼ਿੰਦਗੀ ਵਿਚ ਸੱਚੀ ਭਗਤੀ ਨੂੰ ਪਹਿਲੀ ਥਾਂ ਨਹੀਂ ਦਿੰਦੇ, ਤਾਂ ਕੀ ਅਸੀਂ ਯਹੋਵਾਹ ਤੋਂ ਬਰਕਤ ਦੀ ਆਸ ਰੱਖ ਸਕਦੇ ਹਾਂ? ਇਸ ਲਈ ਆਓ ਆਪਾਂ ਨਹਮਯਾਹ ਵਾਂਗ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਬਣਾਈਏ।
[ਸਫ਼ਾ 8 ਉੱਤੇ ਤਸਵੀਰ]
“ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ”
[ਸਫ਼ਾ 9 ਉੱਤੇ ਤਸਵੀਰ]
ਨਰਮ ਸੁਭਾਅ ਪਰ ਦ੍ਰਿੜ੍ਹ ਇਰਾਦੇ ਦਾ ਮਾਲਕ ਨਹਮਯਾਹ ਯਰੂਸ਼ਲਮ ਆਇਆ
[ਸਫ਼ੇ 10, 11 ਉੱਤੇ ਤਸਵੀਰਾਂ]
ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦਾ ‘ਅਰਥ ਕਰਨਾ’ ਜਾਣਦੇ ਹੋ?