Skip to content

Skip to table of contents

ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋ

ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋ

ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋ

“ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।”—ਉਤਪਤ 5:24.

1. ਸਾਡੇ ਸਮੇਂ ਵਿਚ ਕਿਨ੍ਹਾਂ ਗੱਲਾਂ ਕਰਕੇ ਜ਼ਿੰਦਗੀ ਇੰਨੀ ਮੁਸ਼ਕਲ ਹੋ ਗਈ ਹੈ?

ਅੱਜ ਕਿੰਨਾ ਬੁਰਾ ਵਕਤ ਚੱਲ ਰਿਹਾ ਹੈ! ਦੁਨੀਆਂ ਵਿਚ ਇੰਨੀਆਂ ਬੀਮਾਰੀਆਂ, ਲੜਾਈਆਂ, ਕਾਲ ਤੇ ਭੁਚਾਲ ਪਹਿਲਾਂ ਕਦੀ ਨਹੀਂ ਦੇਖੇ ਗਏ। ਥਾਂ-ਥਾਂ ਹਿੰਸਾ ਫੈਲੀ ਹੋਈ ਹੈ। ਹਾਂ, ਪੂਰੇ ਸੰਸਾਰ ਵਿਚ ਹਲਚਲ ਮਚੀ ਹੋਈ ਹੈ। ਬਾਈਬਲ ਦੇ ਅਨੁਸਾਰ ਅਸੀਂ 1914 ਤੋਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਜਿਸ ਸਾਲ ਯਿਸੂ ਸਵਰਗ ਵਿਚ ਰਾਜਾ ਬਣਿਆ ਸੀ। (2 ਤਿਮੋਥਿਉਸ 3:1; ਪਰਕਾਸ਼ ਦੀ ਪੋਥੀ 6:1-8) ਯਹੋਵਾਹ ਦੀ ਭਗਤੀ ਕਰਨ ਵਾਲਿਆਂ ਉੱਤੇ ਵੀ ਇਨ੍ਹਾਂ ਬੁਰੇ ਸਮਿਆਂ ਦਾ ਅਸਰ ਪਿਆ ਹੈ। ਸਾਨੂੰ ਸਾਰਿਆਂ ਨੂੰ ਇਸ ਖ਼ਤਰਨਾਕ ਸਮੇਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਆਰਥਿਕ ਤੰਗੀਆਂ, ਰਾਜਨੀਤਿਕ ਗੜਬੜ, ਜੁਰਮ ਅਤੇ ਬੀਮਾਰੀਆਂ ਕਰਕੇ ਜ਼ਿੰਦਗੀ ਦਿਨ-ਬ-ਦਿਨ ਕਠਿਨ ਹੁੰਦੀ ਜਾ ਰਹੀ ਹੈ।

2. ਯਹੋਵਾਹ ਦੇ ਸੇਵਕਾਂ ਨੂੰ ਸਾਵਧਾਨ ਰਹਿਣ ਦੀ ਕਿਉਂ ਲੋੜ ਹੈ?

2 ਇਸ ਤੋਂ ਇਲਾਵਾ, ਸ਼ਤਾਨ ਉਨ੍ਹਾਂ ਲੋਕਾਂ ਨਾਲ ਲੜ ਰਿਹਾ ਹੈ ਜੋ ‘ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਹਨ ਅਤੇ ਯਿਸੂ ਦੀ ਸਾਖੀ ਭਰਦੇ ਹਨ।’ ਇਸ ਕਰਕੇ ਯਹੋਵਾਹ ਦੇ ਕਈ ਸੇਵਕਾਂ ਉੱਤੇ ਬਹੁਤ ਅਤਿਆਚਾਰ ਕੀਤੇ ਗਏ ਹਨ। (ਪਰਕਾਸ਼ ਦੀ ਪੋਥੀ 12:17) ਹੋ ਸਕਦਾ ਹੈ ਕਿ ਮਸੀਹੀ ਸਿੱਧੇ ਤੌਰ ਤੇ ਜ਼ੁਲਮ ਦਾ ਨਿਸ਼ਾਨਾ ਨਾ ਬਣਨ, ਪਰ ਸਾਰਿਆਂ ਨੂੰ ਸ਼ਤਾਨ ਅਤੇ ਉਸ ਦੀ ਦੁਨੀਆਂ ਦੀ ਗੰਦੀ ਹਵਾ ਤੋਂ ਬਚਣ ਲਈ ਸੰਘਰਸ਼ ਕਰਨਾ ਪੈਂਦਾ ਹੈ। (ਅਫ਼ਸੀਆਂ 2:2; 6:12) ਸਾਡਾ ਕੰਮ ਤੇ, ਸਕੂਲ ਵਿਚ ਜਾਂ ਹੋਰ ਥਾਵਾਂ ਤੇ ਉਨ੍ਹਾਂ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ। ਇਸ ਲਈ ਸਾਨੂੰ ਉਨ੍ਹਾਂ ਦੇ ਦੁਨਿਆਵੀ ਵਿਚਾਰਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਪੈਂਦਾ ਹੈ।

ਕੌਮਾਂ ਨਾਲ ਨਹੀਂ, ਪਰਮੇਸ਼ੁਰ ਨਾਲ ਚੱਲੋ

3, 4. ਮਸੀਹੀ ਬਾਕੀ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਕਿਵੇਂ ਹਨ?

3 ਪਹਿਲੀ ਸਦੀ ਵਿਚ ਵੀ ਮਸੀਹੀਆਂ ਨੂੰ ਦੁਨੀਆਂ ਦੀ ਹਵਾ ਤੋਂ ਬਚਣ ਲਈ ਜੱਦੋ-ਜਹਿਦ ਕਰਨੀ ਪਈ ਸੀ ਜਿਸ ਕਰਕੇ ਉਹ ਬਾਕੀ ਲੋਕਾਂ ਤੋਂ ਬਹੁਤ ਵੱਖਰੇ ਨਜ਼ਰ ਆਉਂਦੇ ਸਨ। ਪੌਲੁਸ ਨੇ ਇਸ ਫ਼ਰਕ ਬਾਰੇ ਦੱਸਦੇ ਹੋਏ ਲਿਖਿਆ: “ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੁ ਵਿੱਚ ਗਵਾਹ ਹੋ ਕੇ ਤਗੀਦ ਕਰਦਾ ਹਾਂ ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਰਥਾਪੁਣੇ ਨਾਲ ਚੱਲਦੀਆਂ ਹਨ। ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।”—ਅਫ਼ਸੀਆਂ 4:17-19.

4 ਪੌਲੁਸ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਸਮੇਂ ਦੀ ਦੁਨੀਆਂ ਰੂਹਾਨੀ ਤੇ ਨੈਤਿਕ ਤੌਰ ਤੇ ਹਨੇਰੇ ਵਿਚ ਸੀ। ਇਹ ਗੱਲ ਅੱਜ ਵੀ ਸੱਚ ਹੈ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਅਸੀਂ ਵੀ ‘ਪਰਾਈਆਂ ਕੌਮਾਂ ਦੀ ਚਾਲ’ ਨਹੀਂ ਚੱਲਦੇ, ਸਗੋਂ ਸਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੇ ਨਾਲ-ਨਾਲ ਚੱਲਣ ਦਾ ਸਨਮਾਨ ਮਿਲਿਆ ਹੈ। ਪਰ ਕੀ ਮਾਮੂਲੀ ਤੇ ਪਾਪੀ ਇਨਸਾਨ ਸੱਚ-ਮੁੱਚ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੇ ਨਾਲ-ਨਾਲ ਚੱਲ ਸਕਦੇ ਹਨ? ਹਾਂ, ਬਾਈਬਲ ਦਿਖਾਉਂਦੀ ਹੈ ਕਿ ਅਸੀਂ ਯਹੋਵਾਹ ਦੇ ਨਾਲ-ਨਾਲ ਚੱਲ ਸਕਦੇ ਹਾਂ ਅਤੇ ਉਹ ਸਾਡੇ ਤੋਂ ਇਸ ਦੀ ਉਮੀਦ ਵੀ ਰੱਖਦਾ ਹੈ। ਲਗਭਗ 2,700 ਸਾਲ ਪਹਿਲਾਂ ਮੀਕਾਹ ਨਬੀ ਨੇ ਲਿਖਿਆ ਸੀ: ‘ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?’—ਮੀਕਾਹ 6:8.

ਪਰਮੇਸ਼ੁਰ ਨਾਲ ਕਿਉਂ ਅਤੇ ਕਿਸ ਤਰ੍ਹਾਂ ਚੱਲੀਏ?

5. ਪਾਪੀ ਇਨਸਾਨ ਪਰਮੇਸ਼ੁਰ ਨਾਲ ਕਿਸ ਤਰ੍ਹਾਂ ਚੱਲ ਸਕਦੇ ਹਨ?

5 ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਕਿਸ ਤਰ੍ਹਾਂ ਚੱਲ ਸਕਦੇ ਹਾਂ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ? ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਨਾਲ ਉਸ ਤਰ੍ਹਾਂ ਨਹੀਂ ਚੱਲ ਸਕਦੇ ਜਿਸ ਤਰ੍ਹਾਂ ਅਸੀਂ ਇਨਸਾਨਾਂ ਨਾਲ ਕਦਮਾਂ ਨਾਲ ਕਦਮ ਮਿਲਾ ਕੇ ਤੁਰਦੇ ਹਾਂ। ਬਾਈਬਲ ਅਨੁਸਾਰ “ਚੱਲਣ” ਦਾ ਮਤਲਬ ਕਿਸੇ ਖ਼ਾਸ ਮਾਰਗ ਤੇ ਚੱਲਣਾ ਹੋ ਸਕਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਨਾਲ ਚੱਲਣ ਦਾ ਮਤਲਬ ਹੈ ਕਿ ਅਸੀਂ ਉਸ ਦੇ ਦੱਸੇ ਰਾਹਾਂ ਤੇ ਚੱਲੀਏ। ਯਹੋਵਾਹ ਦਾ ਰਾਹ ਚੁਣ ਕੇ ਅਸੀਂ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ। ਪਰ ਮਸੀਹੀਆਂ ਲਈ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਅਕਲਮੰਦੀ ਦੀ ਗੱਲ ਹੈ। ਕਿਉਂ? ਇਸ ਦੇ ਕਈ ਕਾਰਨ ਹਨ।

6, 7. ਪਰਮੇਸ਼ੁਰ ਦਾ ਰਾਹ ਸਾਡੇ ਲਈ ਸਭ ਤੋਂ ਵਧੀਆ ਰਾਹ ਕਿਉਂ ਹੈ?

6 ਪਹਿਲਾ ਕਾਰਨ ਇਹ ਹੈ ਕਿ ਯਹੋਵਾਹ ਸਾਡਾ ਜੀਵਨਦਾਤਾ ਹੈ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ ਸਦਕਾ ਹੀ ਅਸੀਂ ਜੀਉਂਦੇ ਹਾਂ। (ਪਰਕਾਸ਼ ਦੀ ਪੋਥੀ 4:11) ਇਸ ਕਰਕੇ ਉਸ ਨੂੰ ਇਹ ਦੱਸਣ ਦਾ ਪੂਰਾ ਹੱਕ ਹੈ ਕਿ ਸਾਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਡਾ ਹੀ ਭਲਾ ਹੈ। ਉਸ ਦੇ ਨਾਲ-ਨਾਲ ਚੱਲ ਕੇ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ ਅਤੇ ਸਦਾ ਦੀ ਜ਼ਿੰਦਗੀ ਦੀ ਪੱਕੀ ਉਮੀਦ ਮਿਲੀ ਹੈ। ਯਹੋਵਾਹ ਸਾਨੂੰ ਵਧੀਆ ਸਲਾਹ ਵੀ ਦਿੰਦਾ ਹੈ ਤਾਂਕਿ ਅਸੀਂ ਸ਼ਤਾਨ ਦੀ ਦੁਨੀਆਂ ਵਿਚ ਰਹਿੰਦੇ ਹੋਏ ਵੀ ਜ਼ਿੰਦਗੀ ਵਿਚ ਕਾਮਯਾਬ ਹੋ ਸਕੀਏ। (ਯੂਹੰਨਾ 3:16; 2 ਤਿਮੋਥਿਉਸ 3:15, 16; 1 ਯੂਹੰਨਾ 1:8; 2:25; 5:19) ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲ ਕੇ ਅਸੀਂ ਕਲੀਸਿਯਾ ਵਿਚ ਸ਼ਾਂਤੀ ਅਤੇ ਏਕਤਾ ਵਧਾਉਂਦੇ ਹਾਂ।—ਕੁਲੁੱਸੀਆਂ 3:15, 16.

7 ਪਰ ਯਹੋਵਾਹ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਉਸ ਨਾਲ ਚੱਲ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਆਪਣਾ ਰਾਜਾ ਮੰਨਦੇ ਹਾਂ। ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਦੀ ਹਕੂਮਤ ਉੱਤੇ ਸਵਾਲ ਉਠਾਇਆ ਗਿਆ ਸੀ। (ਉਤਪਤ 3:1-6) ਅਸੀਂ ਆਪਣੇ ਜੀਉਣ ਦੇ ਤੌਰ-ਤਰੀਕੇ ਤੋਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ। ਸਾਡੀ ਇਹੋ ਪ੍ਰਾਰਥਨਾ ਹੈ ਕਿ ਯਹੋਵਾਹ ਦਾ ਨਾਮ ਪਾਕ ਮੰਨਿਆ ਜਾਵੇ ਅਤੇ ਉਸ ਦੀ ਮਰਜ਼ੀ ਪੂਰੀ ਹੋਵੇ। (ਮੱਤੀ 6:9, 10) ਇਸ ਲਈ ਅਸੀਂ ਨਿਡਰਤਾ ਨਾਲ ਲੋਕਾਂ ਨੂੰ ਦੱਸਦੇ ਹਾਂ ਕਿ ਯਹੋਵਾਹ ਹੀ ਸਾਡੇ ਉੱਤੇ ਰਾਜ ਕਰਨ ਦਾ ਅਸਲੀ ਹੱਕਦਾਰ ਹੈ। (ਜ਼ਬੂਰਾਂ ਦੀ ਪੋਥੀ 83:18) ਤਾਂ ਫਿਰ, ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲੇ ਲੋਕ ਕਿੰਨੇ ਬੁੱਧੀਮਾਨ ਹਨ! ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਸਹੀ ਰਾਹ ਤੇ ਚੱਲ ਰਹੇ ਹਨ ਕਿਉਂਕਿ ਯਹੋਵਾਹ “ਅਦੁਤੀ ਬੁੱਧੀਵਾਨ ਪਰਮੇਸ਼ੁਰ” ਹੈ। ਉਹ ਕਦੀ ਗ਼ਲਤੀ ਨਹੀਂ ਕਰ ਸਕਦਾ।—ਰੋਮੀਆਂ 16:27.

8. ਹਨੋਕ ਅਤੇ ਨੂਹ ਦੇ ਜ਼ਮਾਨੇ ਅੱਜ ਵਰਗੇ ਕਿਵੇਂ ਸਨ?

8 ਪਰ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਮਸੀਹੀ ਪਰਮੇਸ਼ੁਰ ਦੇ ਰਾਹ ਤੇ ਕਿਸ ਤਰ੍ਹਾਂ ਚੱਲ ਸਕਦੇ ਹਨ ਜਦ ਕਿ ਜ਼ਿਆਦਾਤਰ ਲੋਕ ਯਹੋਵਾਹ ਦੀ ਸੇਵਾ ਨਹੀਂ ਕਰਦੇ ਹਨ? ਇਸ ਸਵਾਲ ਦਾ ਜਵਾਬ ਪਾਉਣ ਲਈ ਆਪਾਂ ਪੁਰਾਣੇ ਸਮਿਆਂ ਦੇ ਦੋ ਵਫ਼ਾਦਾਰ ਵਿਅਕਤੀਆਂ ਬਾਰੇ ਚਰਚਾ ਕਰਾਂਗੇ ਜੋ ਬਹੁਤ ਮੁਸ਼ਕਲ ਸਮਿਆਂ ਵਿਚ ਰਹਿੰਦੇ ਸਨ। ਉਹ ਸਨ ਹਨੋਕ ਤੇ ਨੂਹ। ਉਹ ਵੀ ਅੱਜ ਵਰਗੀ ਖ਼ਤਰਨਾਕ ਤੇ ਦੁਸ਼ਟ ਦੁਨੀਆਂ ਵਿਚ ਰਹਿੰਦੇ ਸਨ। ਨੂਹ ਦੇ ਸਮੇਂ ਵਿਚ ਧਰਤੀ ਹਿੰਸਾ ਤੇ ਅਨੈਤਿਕਤਾ ਨਾਲ ਭਰੀ ਹੋਈ ਸੀ। ਫਿਰ ਵੀ ਹਨੋਕ ਤੇ ਨੂਹ ਨੇ ਦੁਨੀਆਂ ਦੀ ਹਵਾ ਤੋਂ ਆਪਣੇ ਆਪ ਨੂੰ ਬਚਾਈ ਰੱਖਿਆ ਅਤੇ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹੇ। ਉਹ ਇਹ ਕਿਸ ਤਰ੍ਹਾਂ ਕਰ ਸਕੇ? ਇਸ ਦਾ ਜਵਾਬ ਪਾਉਣ ਲਈ ਅਸੀਂ ਇਸ ਲੇਖ ਵਿਚ ਹਨੋਕ ਦੀ ਮਿਸਾਲ ਵੱਲ ਧਿਆਨ ਦੇਵਾਂਗੇ। ਅਗਲੇ ਲੇਖ ਵਿਚ ਅਸੀਂ ਨੂਹ ਦੀ ਮਿਸਾਲ ਉੱਤੇ ਗੌਰ ਕਰਾਂਗੇ।

ਹਨੋਕ ਖ਼ਤਰਨਾਕ ਸਮਿਆਂ ਵਿਚ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ

9. ਹਨੋਕ ਬਾਰੇ ਸਾਡੇ ਕੋਲ ਕਿਹੜੀ ਜਾਣਕਾਰੀ ਹੈ?

9 ਹਨੋਕ ਪਹਿਲਾ ਇਨਸਾਨ ਸੀ ਜਿਸ ਬਾਰੇ ਕਿਹਾ ਗਿਆ ਕਿ ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ। ਬਾਈਬਲ ਕਹਿੰਦੀ ਹੈ: “ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ . . . ਪਰਮੇਸ਼ੁਰ ਦੇ ਸੰਗ ਚਲਦਾ ਰਿਹਾ।” (ਉਤਪਤ 5:22) ਫਿਰ ਹਨੋਕ ਦੀ ਉਮਰ ਦੱਸਣ ਤੋਂ ਬਾਅਦ ਬਾਈਬਲ ਕਹਿੰਦੀ ਹੈ: “ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।” (ਉਤਪਤ 5:24) ਕਹਿਣ ਦਾ ਮਤਲਬ ਹੈ ਕਿ ਯਹੋਵਾਹ ਨੇ ਹਨੋਕ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਤਾਂਕਿ ਉਸ ਦੇ ਦੁਸ਼ਮਣ ਉਸ ਨੂੰ ਨੁਕਸਾਨ ਨਾ ਪਹੁੰਚਾ ਸਕਣ। (ਇਬਰਾਨੀਆਂ 11:5, 13) ਇਨ੍ਹਾਂ ਕੁਝ ਆਇਤਾਂ ਤੋਂ ਇਲਾਵਾ ਬਾਈਬਲ ਵਿਚ ਹਨੋਕ ਬਾਰੇ ਹੋਰ ਬਹੁਤਾ ਕੁਝ ਨਹੀਂ ਦੱਸਿਆ ਗਿਆ। ਫਿਰ ਵੀ ਇਸ ਥੋੜ੍ਹੀ ਜਾਣਕਾਰੀ ਤੋਂ ਅਸੀਂ ਕਹਿ ਸਕਦੇ ਹਾਂ ਕਿ ਹਨੋਕ ਬਹੁਤ ਹੀ ਖ਼ਤਰਨਾਕ ਸਮਿਆਂ ਵਿਚ ਰਹਿੰਦਾ ਸੀ।

10, 11. (ੳ) ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਬੁਰਾਈ ਫੈਲਣ ਵਿਚ ਕਿੰਨਾ ਕੁ ਸਮਾਂ ਲੱਗਾ? (ਅ) ਹਨੋਕ ਨੇ ਲੋਕਾਂ ਨੂੰ ਕੀ ਸੰਦੇਸ਼ ਦਿੱਤਾ ਅਤੇ ਉਸ ਦਾ ਸੰਦੇਸ਼ ਸੁਣ ਕੇ ਲੋਕਾਂ ਨੇ ਕਿਵੇਂ ਮਹਿਸੂਸ ਕੀਤਾ?

10 ਮਿਸਾਲ ਲਈ, ਇਸ ਗੱਲ ਤੇ ਗੌਰ ਕਰੋ ਕਿ ਆਦਮ ਦੇ ਪਾਪ ਕਰਨ ਤੋਂ ਬਾਅਦ ਬੁਰਾਈ ਕਿੰਨੀ ਜਲਦੀ ਪੂਰੀ ਧਰਤੀ ਉੱਤੇ ਫੈਲ ਗਈ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਆਦਮ ਦਾ ਜੇਠਾ ਪੁੱਤਰ ਕਇਨ ਆਪਣੇ ਭਰਾ ਹਾਬਲ ਦਾ ਕਤਲ ਕਰ ਕੇ ਪਹਿਲਾ ਖ਼ੂਨੀ ਬਣਿਆ। (ਉਤਪਤ 4:8-10) ਹਾਬਲ ਦੀ ਮੌਤ ਤੋਂ ਬਾਅਦ ਆਦਮ ਤੇ ਹੱਵਾਹ ਦੇ ਇਕ ਹੋਰ ਪੁੱਤਰ ਜੰਮਿਆ ਜਿਸ ਦਾ ਨਾਂ ਉਨ੍ਹਾਂ ਨੇ ਸੇਥ ਰੱਖਿਆ। ਉਸ ਬਾਰੇ ਅਸੀਂ ਪੜ੍ਹਦੇ ਹਾਂ: “ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।” (ਉਤਪਤ 4:25, 26) ਅਫ਼ਸੋਸ ਦੀ ਗੱਲ ਹੈ ਕਿ “ਯਹੋਵਾਹ ਦਾ ਨਾਮ ਲੈਣ” ਦਾ ਮਤਲਬ ਯਹੋਵਾਹ ਦੀ ਭਗਤੀ ਕਰਨੀ ਨਹੀਂ ਸੀ। * ਅਨੋਸ਼ ਦੇ ਜਨਮ ਤੋਂ ਕਈ ਸਾਲ ਬਾਅਦ ਕਇਨ ਦੀ ਪੀੜ੍ਹੀ ਵਿਚ ਲਾਮਕ ਦਾ ਜਨਮ ਹੋਇਆ। ਇਕ ਵਾਰ ਕਿਸੇ ਨੌਜਵਾਨ ਨੇ ਲਾਮਕ ਨੂੰ ਫੱਟੜ ਕਰ ਦਿੱਤਾ ਜਿਸ ਦੇ ਬਦਲੇ ਵਿਚ ਲਾਮਕ ਨੇ ਉਸ ਦਾ ਖ਼ੂਨ ਕਰ ਦਿੱਤਾ। ਆਪਣੀਆਂ ਦੋ ਪਤਨੀਆਂ ਲਈ ਲਿਖੇ ਇਕ ਗੀਤ ਵਿਚ ਇਸ ਕਤਲ ਦਾ ਜ਼ਿਕਰ ਕਰਦੇ ਹੋਏ ਲਾਮਕ ਨੇ ਚੇਤਾਵਨੀ ਦਿੱਤੀ: “ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।”—ਉਤਪਤ 4:10, 19, 23, 24.

11 ਬਾਈਬਲ ਵਿਚ ਦੱਸੀਆਂ ਇਨ੍ਹਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਜੋ ਚਾਲ ਚੱਲੀ ਸੀ ਉਹ ਕਾਮਯਾਬ ਰਹੀ ਅਤੇ ਛੇਤੀ ਹੀ ਆਦਮ ਦੀ ਸੰਤਾਨ ਬੁਰੀ ਬਣ ਗਈ। ਹਨੋਕ ਨੇ ਉਸ ਬੁਰੀ ਦੁਨੀਆਂ ਵਿਚ ਯਹੋਵਾਹ ਦੇ ਨਬੀ ਦੇ ਤੌਰ ਤੇ ਸੇਵਾ ਕੀਤੀ ਸੀ ਅਤੇ ਉਸ ਦੀ ਭਵਿੱਖਬਾਣੀ ਅੱਜ ਸਾਡੇ ਸਮੇਂ ਲਈ ਵੀ ਅਰਥ ਰੱਖਦੀ ਹੈ। ਯਹੂਦਾਹ ਨੇ ਲਿਖਿਆ ਕਿ ਹਨੋਕ ਦਾ ਕੀ ਸੰਦੇਸ਼ ਸੀ: “ਚੌਕਸ ਰਹੋ! ਪ੍ਰਭੂ ਆਪਣੇ ਪਵਿੱਤਰ ਜਨਾਂ ਦੇ ਇਕ ਵੱਡੇ ਦਲ ਨਾਲ ਆ ਰਿਹਾ ਹੈ; ਤਾਂ ਜੋ ਉਸ ਸਭ ਦਾ ਨਿਆਂ ਕਰੇ, ਸਭ ਅਧਰਮੀ ਪਾਪੀਆਂ ਨੂੰ ਉਨ੍ਹਾਂ ਦੇ ਅਧਰਮ ਦੇ ਕੰਮਾਂ ਦੀ ਅਤੇ ਉਸ ਸਭ ਦੀ ਜੋ ਇਹਨਾਂ ਅਧਰਮੀ ਪਾਪੀਆਂ ਨੇ ਪਰਮੇਸ਼ਰ ਦੇ ਵਿਰੁੱਧ ਕਿਹਾ, ਸਜ਼ਾ ਦੇਵੇ।” (ਯਹੂਦਾਹ 14, 15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਸ਼ਬਦਾਂ ਦੀ ਆਖ਼ਰੀ ਪੂਰਤੀ ਆਰਮਾਗੇਡਨ ਦੀ ਲੜਾਈ ਦੇ ਵਕਤ ਹੋਵੇਗੀ। (ਪਰਕਾਸ਼ ਦੀ ਪੋਥੀ 16:14, 16) ਅਸੀਂ ਯਕੀਨ ਕਰ ਸਕਦੇ ਹਾਂ ਕਿ ਹਨੋਕ ਦੇ ਦਿਨਾਂ ਵਿਚ ਬਹੁਤ ਸਾਰੇ ‘ਅਧਰਮੀ ਪਾਪੀ’ ਹਨੋਕ ਦੀ ਭਵਿੱਖਬਾਣੀ ਸੁਣ ਕੇ ਬਹੁਤ ਗੁੱਸੇ ਹੋਏ ਹੋਣਗੇ। ਤਾਂ ਫਿਰ ਯਹੋਵਾਹ ਨੇ ਹਨੋਕ ਨੂੰ ਉਨ੍ਹਾਂ ਦੇ ਪੰਜਿਆਂ ਤੋਂ ਛੁਡਾ ਕੇ ਉਸ ਉੱਤੇ ਕਿੰਨੀ ਮਿਹਰ ਕੀਤੀ!

ਹਨੋਕ ਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਤਾਕਤ ਕਿੱਥੋਂ ਮਿਲੀ?

12. ਹਨੋਕ ਬਾਕੀ ਲੋਕਾਂ ਨਾਲੋਂ ਕਿਸ ਤਰ੍ਹਾਂ ਵੱਖਰਾ ਸੀ?

12 ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਨੇ ਸ਼ਤਾਨ ਦੇ ਧੋਖੇ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ। (ਉਤਪਤ 3:1-6) ਪਰ ਉਨ੍ਹਾਂ ਦਾ ਪੁੱਤਰ ਹਾਬਲ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ ਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ। (ਉਤਪਤ 4:3, 4) ਲੇਕਿਨ ਇਹ ਦੁੱਖ ਦੀ ਗੱਲ ਹੈ ਕਿ ਆਦਮ ਦੀ ਜ਼ਿਆਦਾਤਰ ਸੰਤਾਨ ਹਾਬਲ ਵਰਗੀ ਨਹੀਂ ਨਿਕਲੀ। ਪਰ ਸੈਂਕੜੇ ਸਾਲ ਬਾਅਦ ਹਨੋਕ ਨਾਂ ਦੇ ਵਿਅਕਤੀ ਨੇ ਯਹੋਵਾਹ ਦੇ ਨਾਲ-ਨਾਲ ਚੱਲਣ ਦਾ ਫ਼ੈਸਲਾ ਕੀਤਾ। ਹਨੋਕ ਆਦਮ ਦੀ ਬਾਕੀ ਸੰਤਾਨ ਨਾਲੋਂ ਕਿਵੇਂ ਵੱਖਰਾ ਸੀ? ਪੌਲੁਸ ਰਸੂਲ ਨੇ ਇਸ ਸਵਾਲ ਦਾ ਜਵਾਬ ਦਿੱਤਾ ਜਦ ਉਸ ਨੇ ਲਿਖਿਆ: “ਨਿਹਚਾ ਨਾਲ ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ੁਰ ਨੇ ਉਹ ਨੂੰ ਉਤਾਹਾਂ ਚੁੱਕ ਲਿਆ ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।” (ਇਬਰਾਨੀਆਂ 11:5) ਹਨੋਕ ਨੂੰ ਉਨ੍ਹਾਂ ‘ਗਵਾਹਾਂ ਦੇ ਵੱਡੇ ਬੱਦਲ’ ਵਿਚ ਗਿਣਿਆ ਗਿਆ ਜੋ ਨਿਹਚਾ ਦੀਆਂ ਵਧੀਆ ਮਿਸਾਲਾਂ ਹਨ। (ਇਬਰਾਨੀਆਂ 12:1) ਹਨੋਕ ਨੂੰ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਸੀ ਤੇ ਇਸ ਕਾਰਨ ਉਹ ਜੀਵਨ ਭਰ ਵਫ਼ਾਦਾਰ ਰਹਿ ਸਕਿਆ। ਉਹ 300 ਸਾਲਾਂ ਤਕ ਯਾਨੀ ਅੱਜ ਸਾਡੀ ਉਮਰ ਤੋਂ ਤਿੰਨ ਗੁਣਾ ਜ਼ਿਆਦਾ ਸਮੇਂ ਤਕ ਯਹੋਵਾਹ ਦੀ ਸੇਵਾ ਕਰਦਾ ਰਿਹਾ।

13. ਹਨੋਕ ਦੀ ਨਿਹਚਾ ਕਿਹੋ ਜਿਹੀ ਸੀ?

13 ਪੌਲੁਸ ਨੇ ਹਨੋਕ ਅਤੇ ਹੋਰਨਾਂ ਗਵਾਹਾਂ ਦੀ ਨਿਹਚਾ ਬਾਰੇ ਗੱਲ ਕਰਦੇ ਹੋਏ ਕਿਹਾ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਹਾਂ, ਨਿਹਚਾ ਕਰਨ ਦਾ ਮਤਲਬ ਹੈ ਕਿ ਸਾਨੂੰ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਗੱਲਾਂ ਦੀ ਅਸੀਂ ਉਮੀਦ ਰੱਖਦੇ ਹਾਂ ਉਹ ਜ਼ਰੂਰ ਪੂਰੀਆਂ ਹੋਣਗੀਆਂ। ਸਾਡਾ ਭਰੋਸਾ ਇੰਨਾ ਪੱਕਾ ਹੁੰਦਾ ਹੈ ਕਿ ਅਸੀਂ ਸਭ ਕੁਝ ਇਸੇ ਭਰੋਸੇ ਦੇ ਸਹਾਰੇ ਕਰਦੇ ਹਾਂ। ਅਜਿਹੀ ਨਿਹਚਾ ਹੋਣ ਕਰਕੇ ਹਨੋਕ ਪਰਮੇਸ਼ੁਰ ਦੇ ਨਾਲ-ਨਾਲ ਚੱਲ ਸਕਿਆ, ਭਾਵੇਂ ਬਾਕੀ ਦੁਨੀਆਂ ਉਲਟੇ ਪਾਸੇ ਲੱਗੀ ਹੋਈ ਸੀ।

14. ਹਨੋਕ ਕੋਲ ਕਿਹੜਾ ਗਿਆਨ ਸੀ ਜਿਸ ਦੇ ਆਧਾਰ ਤੇ ਉਹ ਨਿਹਚਾ ਕਰ ਸਕਿਆ?

14 ਸੱਚੀ ਨਿਹਚਾ ਸਹੀ ਗਿਆਨ ਉੱਤੇ ਆਧਾਰਿਤ ਹੁੰਦੀ ਹੈ। ਹਨੋਕ ਕੋਲ ਕਿਹੜਾ ਗਿਆਨ ਸੀ? (ਰੋਮੀਆਂ 10:14, 17; 1 ਤਿਮੋਥਿਉਸ 2:4) ਉਸ ਨੂੰ ਯਕੀਨਨ ਇਸ ਗੱਲ ਦਾ ਪਤਾ ਸੀ ਕਿ ਅਦਨ ਦੇ ਬਾਗ਼ ਵਿਚ ਕੀ-ਕੀ ਹੋਇਆ ਸੀ। ਸ਼ਾਇਦ ਉਸ ਨੇ ਸੁਣਿਆ ਹੋਣਾ ਕਿ ਅਦਨ ਦੇ ਬਾਗ਼ ਵਿਚ ਜ਼ਿੰਦਗੀ ਕਿਹੋ ਜਿਹੀ ਸੀ। ਇਹ ਬਾਗ਼ ਸ਼ਾਇਦ ਉਸ ਸਮੇਂ ਵੀ ਮੌਜੂਦ ਸੀ, ਭਾਵੇਂ ਇਨਸਾਨ ਉਸ ਵਿਚ ਵੜ ਨਹੀਂ ਸਕਦੇ ਸਨ। (ਉਤਪਤ 3:23, 24) ਹਨੋਕ ਨੂੰ ਇਹ ਵੀ ਪਤਾ ਹੋਣਾ ਕਿ ਪਰਮੇਸ਼ੁਰ ਦਾ ਇਹ ਮਕਸਦ ਸੀ ਕਿ ਆਦਮ ਦੇ ਬੱਚੇ ਧਰਤੀ ਨੂੰ ਭਰਨ ਅਤੇ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਾਂਗ ਸੁੰਦਰ ਬਣਾਉਣ। (ਉਤਪਤ 1:28) ਇਸ ਤੋਂ ਇਲਾਵਾ, ਉਸ ਨੂੰ ਯਹੋਵਾਹ ਦੇ ਵਾਅਦੇ ਉੱਤੇ ਪੂਰਾ ਯਕੀਨ ਸੀ ਕਿ ਉਹ ਇਕ ਸੰਤਾਨ ਪੈਦਾ ਕਰੇਗਾ ਜੋ ਸ਼ਤਾਨ ਤੇ ਉਸ ਦੇ ਸਾਰੇ ਭੈੜੇ ਕੰਮਾਂ ਨੂੰ ਖ਼ਤਮ ਕਰੇਗੀ। (ਉਤਪਤ 3:15) ਦਰਅਸਲ ਯਹੂਦਾਹ ਵਿਚ ਲਿਖੀ ਹਨੋਕ ਦੀ ਭਵਿੱਖਬਾਣੀ ਸ਼ਤਾਨ ਦੀ ਸੰਤਾਨ ਨੂੰ ਖ਼ਤਮ ਕਰਨ ਬਾਰੇ ਹੀ ਹੈ। ਹਨੋਕ ਦੀ ਨਿਹਚਾ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਸੋ ਭਾਵੇਂ ਹਨੋਕ ਕੋਲ ਉਹ ਸਾਰਾ ਗਿਆਨ ਨਹੀਂ ਸੀ ਜੋ ਸਾਡੇ ਕੋਲ ਹੈ, ਫਿਰ ਵੀ ਉਸ ਕੋਲ ਜਿੰਨਾ ਵੀ ਗਿਆਨ ਸੀ ਉਸ ਦੇ ਆਧਾਰ ਤੇ ਉਹ ਯਹੋਵਾਹ ਉੱਤੇ ਪੱਕੀ ਨਿਹਚਾ ਰੱਖ ਸਕਿਆ। ਇਸ ਨਿਹਚਾ ਨੇ ਉਸ ਨੂੰ ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲਣ ਦੀ ਤਾਕਤ ਦਿੱਤੀ।

ਹਨੋਕ ਦੀ ਰੀਸ ਕਰੋ

15, 16. ਅਸੀਂ ਹਨੋਕ ਦੀ ਰੀਸ ਕਿਵੇਂ ਕਰ ਸਕਦੇ ਹਾਂ?

15 ਇਨ੍ਹਾਂ ਖ਼ਤਰਨਾਕ ਸਮਿਆਂ ਵਿਚ ਰਹਿੰਦਿਆਂ ਹਨੋਕ ਵਾਂਗ ਅਸੀਂ ਵੀ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਇਸ ਲਈ ਸਾਨੂੰ ਹਨੋਕ ਦੀ ਰੀਸ ਕਰਨੀ ਚਾਹੀਦੀ ਹੈ। ਸਾਨੂੰ ਯਹੋਵਾਹ ਅਤੇ ਉਸ ਦੇ ਮਕਸਦ ਦਾ ਸਹੀ ਗਿਆਨ ਲੈਣ ਦੀ ਲੋੜ ਹੈ। ਇੰਨਾ ਹੀ ਨਹੀਂ, ਸਗੋਂ ਸਾਨੂੰ ਇਸ ਗਿਆਨ ਦੇ ਮੁਤਾਬਕ ਚੱਲਣਾ ਵੀ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 119:101; 2 ਪਤਰਸ 1:19) ਸਾਨੂੰ ਹਰ ਗੱਲ ਵਿਚ ਪਰਮੇਸ਼ੁਰ ਦਾ ਨਜ਼ਰੀਆ ਰੱਖਣ ਦੀ ਲੋੜ ਹੈ ਤਾਂਕਿ ਸਾਡੀ ਸੋਚਣੀ ਅਤੇ ਕੰਮ ਉਸ ਦੀ ਮਰਜ਼ੀ ਅਨੁਸਾਰ ਹੋਣ।

16 ਸਾਨੂੰ ਇਹ ਨਹੀਂ ਪਤਾ ਕਿ ਹਨੋਕ ਦੇ ਜ਼ਮਾਨੇ ਵਿਚ ਹੋਰ ਕੋਈ ਯਹੋਵਾਹ ਦੀ ਸੇਵਾ ਕਰਦਾ ਸੀ ਕਿ ਨਹੀਂ। ਸ਼ਾਇਦ ਉਹ ਇਕੱਲਾ ਹੀ ਯਹੋਵਾਹ ਦਾ ਸੇਵਕ ਸੀ ਜਾਂ ਇਕ-ਅੱਧ ਹੋਰ ਬੰਦਾ ਵੀ ਸੀ। ਇਸੇ ਤਰ੍ਹਾਂ ਅੱਜ ਵੀ ਦੁਨੀਆਂ ਵਿਚ ਥੋੜ੍ਹੇ ਹੀ ਲੋਕ ਯਹੋਵਾਹ ਦੀ ਸੇਵਾ ਕਰਦੇ ਹਨ, ਪਰ ਅਸੀਂ ਇਸ ਕਰਕੇ ਹਿੰਮਤ ਨਹੀਂ ਹਾਰਦੇ। ਭਾਵੇਂ ਸਾਰੀ ਦੁਨੀਆਂ ਸਾਡੇ ਖ਼ਿਲਾਫ਼ ਹੋ ਜਾਵੇ, ਪਰ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। (ਰੋਮੀਆਂ 8:31) ਹਨੋਕ ਨੇ ਹਿੰਮਤ ਨਾਲ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਅਧਰਮੀ ਬੰਦਿਆਂ ਦਾ ਨਾਸ਼ ਹੋਵੇਗਾ। ਅਸੀਂ ਵੀ ਲੋਕਾਂ ਦੇ ਮਖੌਲ, ਵਿਰੋਧ ਅਤੇ ਅਤਿਆਚਾਰ ਦੇ ਬਾਵਜੂਦ ਹਿੰਮਤ ਨਾਲ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਦੇ ਹਾਂ। (ਮੱਤੀ 24:14) ਹਨੋਕ ਆਪਣੇ ਜ਼ਮਾਨੇ ਦੇ ਲੋਕਾਂ ਨਾਲੋਂ ਘੱਟ ਸਾਲ ਜ਼ਿੰਦਾ ਰਿਹਾ। ਪਰ ਉਸ ਨੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਆਪਣੀ ਆਸ ਲਾਈ ਹੋਈ ਸੀ। (ਇਬਰਾਨੀਆਂ 11:10, 35) ਅਸੀਂ ਵੀ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਉੱਤੇ ਆਪਣਾ ਧਿਆਨ ਲਾਉਂਦੇ ਹਾਂ। ਇਸ ਲਈ ਅਸੀਂ ਇਸ ਦੁਨੀਆਂ ਨੂੰ ਪੂਰੀ ਤਰ੍ਹਾਂ ਨਹੀਂ ਵਰਤਦੇ। (1 ਕੁਰਿੰਥੀਆਂ 7:31) ਇਸ ਦੀ ਬਜਾਇ ਅਸੀਂ ਆਪਣਾ ਤਨ-ਮਨ-ਧਨ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹਾਂ।

17. ਸਾਡੇ ਕੋਲ ਕਿਹੜਾ ਗਿਆਨ ਹੈ ਜੋ ਹਨੋਕ ਕੋਲ ਨਹੀਂ ਸੀ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

17 ਹਨੋਕ ਨੂੰ ਨਿਹਚਾ ਸੀ ਕਿ ਪਰਮੇਸ਼ੁਰ ਦੀ ਵਾਅਦਾ ਕੀਤੀ ਗਈ ਸੰਤਾਨ ਨਿਯਤ ਸਮੇਂ ਤੇ ਪ੍ਰਗਟ ਹੋਵੇਗੀ। ਹੁਣ ਉਸ ਸੰਤਾਨ ਯਾਨੀ ਯਿਸੂ ਮਸੀਹ ਨੂੰ ਧਰਤੀ ਉੱਤੇ ਪ੍ਰਗਟ ਹੋਏ ਨੂੰ 2,000 ਸਾਲ ਹੋ ਗਏ ਹਨ। ਅਸੀਂ ਜਾਣਦੇ ਹਾਂ ਕਿ ਮਸੀਹ ਨੇ ਆਪਣੀ ਜਾਨ ਕੁਰਬਾਨ ਕੀਤੀ ਤਾਂਕਿ ਸਾਨੂੰ ਅਤੇ ਹਨੋਕ ਵਰਗੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਲਈ ਜੀਉਣ ਦੀ ਉਮੀਦ ਮਿਲੇ। ਯਿਸੂ ਮਸੀਹ ਹੁਣ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ, ਉਸ ਨੇ ਸ਼ਤਾਨ ਨੂੰ ਸਵਰਗੋਂ ਧਰਤੀ ਉੱਤੇ ਸੁੱਟ ਦਿੱਤਾ ਹੈ ਅਤੇ ਅਸੀਂ ਆਪਣੇ ਆਲੇ-ਦੁਆਲੇ ਸ਼ਤਾਨ ਦਾ ਪ੍ਰਭਾਵ ਦੇਖ ਸਕਦੇ ਹਾਂ। (ਪਰਕਾਸ਼ ਦੀ ਪੋਥੀ 12:12) ਜੀ ਹਾਂ, ਅੱਜ ਸਾਡੇ ਕੋਲ ਹਨੋਕ ਨਾਲੋਂ ਕਿਤੇ ਜ਼ਿਆਦਾ ਗਿਆਨ ਹੈ। ਤਾਂ ਫਿਰ ਆਓ ਆਪਾਂ ਉਸ ਵਾਂਗ ਪੱਕੀ ਨਿਹਚਾ ਰੱਖੀਏ। ਆਓ ਆਪਾਂ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਉੱਤੇ ਪੱਕਾ ਭਰੋਸਾ ਰੱਖੀਏ ਅਤੇ ਆਪਣੇ ਹਰ ਕੰਮ ਵਿਚ ਇਸ ਭਰੋਸੇ ਦਾ ਸਬੂਤ ਦੇਈਏ। ਆਓ ਆਪਾਂ ਹਨੋਕ ਵਾਂਗ ਖ਼ਤਰਨਾਕ ਸਮਿਆਂ ਵਿਚ ਰਹਿਣ ਦੇ ਬਾਵਜੂਦ ਪਰਮੇਸ਼ੁਰ ਦੇ ਨਾਲ-ਨਾਲ ਚੱਲੀਏ।

[ਫੁਟਨੋਟ]

^ ਪੈਰਾ 10 ਅਨੋਸ਼ ਦੇ ਦਿਨਾਂ ਤੋਂ ਪਹਿਲਾਂ ਵੀ ਲੋਕ ਯਹੋਵਾਹ ਦਾ ਨਾਂ ਜਾਣਦੇ ਤੇ ਲੈਂਦੇ ਸਨ। ਮਿਸਾਲ ਲਈ, ਯਹੋਵਾਹ ਆਦਮ ਨਾਲ ਗੱਲਾਂ ਕਰਦਾ ਹੁੰਦਾ ਸੀ। ਹਾਬਲ ਨੇ ਯਹੋਵਾਹ ਨੂੰ ਭੇਟ ਚੜ੍ਹਾ ਕੇ ਉਸ ਨੂੰ ਖ਼ੁਸ਼ ਕੀਤਾ ਸੀ। ਹਾਬਲ ਦੇ ਕਤਲ ਤੋਂ ਪਹਿਲਾਂ ਯਹੋਵਾਹ ਨੇ ਕਇਨ ਨਾਲ ਵੀ ਗੱਲ ਕੀਤੀ ਸੀ। ਤਾਂ ਫਿਰ ਉਤਪਤ 4:26 ਦਾ ਇਹੋ ਮਤਲਬ ਹੋ ਸਕਦਾ ਹੈ ਕਿ ਲੋਕਾਂ ਨੇ ਸ਼ਰਧਾ ਨਾਲ ਨਹੀਂ, ਸਗੋਂ ਕਿਸੇ ਨਵੇਂ ਤਰੀਕੇ ਨਾਲ ‘ਯਹੋਵਾਹ ਦਾ ਨਾਮ ਲੈਣਾ’ ਸ਼ੁਰੂ ਕੀਤਾ ਸੀ।

ਤੁਸੀਂ ਕੀ ਜਵਾਬ ਦਿਓਗੇ?

• ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਕੀ ਮਤਲਬ ਹੈ?

• ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਅਕਲਮੰਦੀ ਦੀ ਗੱਲ ਕਿਉਂ ਹੈ?

• ਖ਼ਤਰਨਾਕ ਸਮਿਆਂ ਵਿਚ ਵੀ ਹਨੋਕ ਪਰਮੇਸ਼ੁਰ ਦੇ ਨਾਲ-ਨਾਲ ਕਿਉਂ ਚੱਲ ਸਕਿਆ?

• ਅਸੀਂ ਹਨੋਕ ਦੀ ਰੀਸ ਕਿਵੇਂ ਕਰ ਸਕਦੇ ਹਾਂ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਨਿਹਚਾ ਨਾਲ “ਹਨੋਕ ਪਰਮੇਸ਼ੁਰ ਦੇ ਸੰਗ ਚਲਦਾ” ਰਿਹਾ

[ਸਫ਼ੇ 17 ਉੱਤੇ ਤਸਵੀਰ]

ਸਾਨੂੰ ਪੱਕਾ ਭਰੋਸਾ ਹੈ ਕਿ ਯਹੋਵਾਹ ਦੇ ਵਾਅਦੇ ਪੂਰੇ ਹੋਣਗੇ

[ਸਫ਼ੇ 13 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Woman, far right: FAO photo/B. Imevbore; collapsing building: San Hong R-C Picture Company