ਮਸੀਹੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਨ
ਮਸੀਹੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਨ
“ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ।”—ਮੱਤੀ 13:16.
1. ਸੀਨਈ ਪਹਾੜ ਕੋਲ ਇਸਰਾਏਲੀਆਂ ਨੇ ਮੂਸਾ ਦਾ ਚਿਹਰਾ ਦੇਖਣ ਤੇ ਕਿਵੇਂ ਮਹਿਸੂਸ ਕੀਤਾ ਸੀ ਤੇ ਇਸ ਬਾਰੇ ਕਿਹੜਾ ਸਵਾਲ ਉੱਠਦਾ ਹੈ?
ਇਸਰਾਏਲੀ ਸੀਨਈ ਪਹਾੜ ਕੋਲ ਇਕੱਠੇ ਹੋਏ ਸਨ। ਉਨ੍ਹਾਂ ਕੋਲ ਯਹੋਵਾਹ ਦੇ ਨੇੜੇ ਆਉਣ ਦੇ ਚੰਗੇ ਕਾਰਨ ਸਨ। ਉਸ ਨੇ ਉਨ੍ਹਾਂ ਨੂੰ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਵਿੱਚੋਂ ਕੱਢਿਆ ਸੀ, ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਉਜਾੜ ਵਿਚ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ। ਫਿਰ ਉਸ ਨੇ ਉਨ੍ਹਾਂ ਨੂੰ ਅਮਾਲੇਕੀਆਂ ਦੀ ਫ਼ੌਜ ਉੱਤੇ ਜਿੱਤ ਦਿੱਤੀ। (ਕੂਚ 14:26-31; 16:2–17:13) ਹੁਣ ਜਦ ਇਸਰਾਏਲੀਆਂ ਨੇ ਬੱਦਲਾਂ ਦੀ ਗਰਜ ਸੁਣੀ ਤੇ ਬਿਜਲੀ ਦੀ ਲਿਸ਼ਕ ਦੇਖੀ, ਤਾਂ ਉਹ ਡਰ ਦੇ ਮਾਰੇ ਥਰ-ਥਰ ਕੰਬਣ ਲੱਗੇ। ਬਾਅਦ ਵਿਚ ਜਦੋਂ ਮੂਸਾ ਪਹਾੜ ਤੋਂ ਉਤਰਿਆ, ਤਾਂ ਇਸਰਾਏਲੀਆਂ ਨੇ ਦੇਖਿਆ ਕਿ ਉਸ ਦਾ ਚਿਹਰਾ ਯਹੋਵਾਹ ਦੇ ਤੇਜ ਨਾਲ ਚਮਕ ਰਿਹਾ ਸੀ। ਯਹੋਵਾਹ ਦੇ ਤੇਜ ਦੀ ਇਹ ਝਲਕ ਦੇਖ ਕੇ ਉਨ੍ਹਾਂ ਵਿਚ ਗਹਿਰੀ ਸ਼ਰਧਾ ਪੈਦਾ ਹੋਣੀ ਚਾਹੀਦੀ ਸੀ। ਪਰ ਇਸ ਦੀ ਬਜਾਇ ਉਹ ਪਿੱਛੇ ਹਟ ਗਏ। ਬਾਈਬਲ ਕਹਿੰਦੀ ਹੈ: “ਓਹ [ਮੂਸਾ] ਦੇ ਨੇੜੇ ਜਾਣ ਤੋਂ ਡਰੇ।” (ਕੂਚ 19:10-19; 34:30) ਉਹ ਯਹੋਵਾਹ ਦਾ ਤੇਜ ਦੇਖਣ ਤੋਂ ਕਿਉਂ ਡਰਦੇ ਸਨ ਜਿਸ ਨੇ ਉਨ੍ਹਾਂ ਲਈ ਇੰਨਾ ਕੁਝ ਕੀਤਾ ਸੀ?
2. ਮੂਸਾ ਨੂੰ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹੋਏ ਦੇਖ ਕੇ ਇਸਰਾਏਲੀ ਸ਼ਾਇਦ ਕਿਉਂ ਡਰ ਗਏ ਸਨ?
2 ਇਸਰਾਏਲੀ ਸ਼ਾਇਦ ਉਸ ਘਟਨਾ ਬਾਰੇ ਸੋਚ ਕੇ ਡਰੇ ਕੂਚ 32:4, 35) ਕੀ ਉਨ੍ਹਾਂ ਨੇ ਇਸ ਤੋਂ ਸਬਕ ਸਿੱਖਿਆ ਤੇ ਯਹੋਵਾਹ ਦਾ ਧੰਨਵਾਦ ਕੀਤਾ? ਨਹੀਂ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕੁਝ ਨਹੀਂ ਸਿੱਖਿਆ। ਆਪਣੀ ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਮੂਸਾ ਨੇ ਇਸਰਾਏਲੀਆਂ ਨੂੰ ਇਹ ਘਟਨਾ ਅਤੇ ਹੋਰ ਘਟਨਾਵਾਂ ਯਾਦ ਕਰਾਈਆਂ ਜਦ ਉਨ੍ਹਾਂ ਨੇ ਯਹੋਵਾਹ ਦੀ ਅਣਆਗਿਆਕਾਰੀ ਕੀਤੀ ਸੀ। ਉਸ ਨੇ ਲੋਕਾਂ ਨੂੰ ਕਿਹਾ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਨਾ ਉਸ ਦੀ ਅਵਾਜ਼ ਨੂੰ ਸੁਣਿਆ। ਜਿਸ ਦਿਨ ਤੋਂ ਮੈਂ ਤੁਹਾਨੂੰ ਜਾਤਾ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ।”—ਬਿਵਸਥਾ ਸਾਰ 9:15-24.
ਸਨ ਜੋ ਉਨ੍ਹਾਂ ਨਾਲ ਪਹਿਲਾਂ ਵਾਪਰੀ ਸੀ। ਉਸ ਮੌਕੇ ਤੇ ਉਨ੍ਹਾਂ ਨੇ ਸੋਨੇ ਦਾ ਵੱਛਾ ਬਣਾ ਕੇ ਯਹੋਵਾਹ ਦੀ ਜਾਣ-ਬੁੱਝ ਕੇ ਅਣਆਗਿਆਕਾਰੀ ਕੀਤੀ ਸੀ ਜਿਸ ਦੀ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ। (3. ਮੂਸਾ ਕਈ ਵਾਰ ਕੀ ਕਰਦਾ ਹੁੰਦਾ ਸੀ?
3 ਧਿਆਨ ਦਿਓ ਕਿ ਮੂਸਾ ਨੇ ਇਸਰਾਏਲੀਆਂ ਦਾ ਡਰ ਦੇਖ ਕੇ ਕੀ ਕੀਤਾ ਸੀ। ਬਾਈਬਲ ਵਿਚ ਲਿਖਿਆ ਹੈ: “ਜਾਂ ਮੂਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪੜਦਾ ਪਾ ਲਿਆ। ਜਦ ਮੂਸਾ [ਡੇਹਰੇ ਵਿਚ] ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪੜਦਾ ਲਾਹ ਸੁੱਟਦਾ ਸੀ ਜਦ ਤੀਕ ਉਹ ਬਾਹਰ ਨਹੀਂ ਸੀ ਆਉਂਦਾ ਅਰ ਬਾਹਰ ਆਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ। ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਭਈ ਮੂਸਾ ਦੇ ਮੂੰਹ ਦੀ ਖੱਲ ਚਮਕਦੀ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਸੀ ਜਦ ਤੀਕ [ਯਹੋਵਾਹ] ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ।” (ਕੂਚ 34:33-35) ਮੂਸਾ ਕਈ ਵਾਰ ਆਪਣੇ ਮੂੰਹ ਨੂੰ ਪਰਦੇ ਨਾਲ ਕਿਉਂ ਢੱਕ ਲੈਂਦਾ ਸੀ? ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ।
ਮੌਕਾ ਹੱਥੋਂ ਨਿਕਲ ਗਿਆ
4. ਪੌਲੁਸ ਨੇ ਮੂਸਾ ਦੇ ਚਿਹਰੇ ਤੇ ਪਏ ਪਰਦੇ ਬਾਰੇ ਕੀ ਕਿਹਾ ਸੀ?
4 ਪੌਲੁਸ ਰਸੂਲ ਨੇ ਸਮਝਾਇਆ ਕਿ ਮੂਸਾ ਦਾ ਆਪਣੇ ਚਿਹਰੇ ਨੂੰ ਪਰਦੇ ਨਾਲ ਢੱਕਣਾ ਇਸਰਾਏਲੀਆਂ ਦੇ ਦਿਲਾਂ ਤੇ ਮਨਾਂ ਦੀ ਭੈੜੀ ਹਾਲਤ ਨਾਲ ਸੰਬੰਧ ਰੱਖਦਾ ਸੀ। ਪੌਲੁਸ ਨੇ ਲਿਖਿਆ: ‘ਇਸਰਾਏਲ ਦਾ ਵੰਸ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ, ਕਿਉਂਕਿ ਓਹਨਾਂ ਦੀ ਬੁੱਧ ਮੋਟੀ ਹੋ ਗਈ।’ (2 ਕੁਰਿੰਥੀਆਂ 3:7, 14) ਇਹ ਕਿੰਨੇ ਅਫ਼ਸੋਸ ਦੀ ਗੱਲ ਸੀ! ਇਸਰਾਏਲੀ ਯਹੋਵਾਹ ਦੇ ਚੁਣੇ ਹੋਏ ਲੋਕ ਸਨ ਅਤੇ ਉਹ ਚਾਹੁੰਦਾ ਸੀ ਕਿ ਉਹ ਉਸ ਦੇ ਨੇੜੇ ਆਉਣ। (ਕੂਚ 19:4-6) ਪਰ ਉਹ ਪਰਮੇਸ਼ੁਰ ਦੇ ਤੇਜ ਦਾ ਪ੍ਰਗਟਾਵਾ ਦੇਖਣ ਤੋਂ ਹਿਚਕਚਾਉਂਦੇ ਸਨ। ਸ਼ਰਧਾ ਭਰੇ ਦਿਲਾਂ ਤੇ ਮਨਾਂ ਨੂੰ ਯਹੋਵਾਹ ਵੱਲ ਮੋੜਨ ਦੀ ਬਜਾਇ ਉਨ੍ਹਾਂ ਨੇ ਉਸ ਤੋਂ ਆਪਣਾ ਮੂੰਹ ਮੋੜ ਲਿਆ।
5, 6. (ੳ) ਪਹਿਲੀ ਸਦੀ ਦੇ ਯਹੂਦੀ ਮੂਸਾ ਦੇ ਜ਼ਮਾਨੇ ਦੇ ਇਸਰਾਏਲੀਆਂ ਵਰਗੇ ਕਿਵੇਂ ਸਨ? (ਅ) ਯਿਸੂ ਦੀਆਂ ਗੱਲਾਂ ਸੁਣਨ ਵਾਲਿਆਂ ਅਤੇ ਨਾ ਸੁਣਨ ਵਾਲਿਆਂ ਵਿਚ ਕੀ ਫ਼ਰਕ ਸੀ?
5 ਪਹਿਲੀ ਸਦੀ ਵਿਚ ਵੀ ਅਜਿਹੀ ਗੱਲ ਹੋਈ ਸੀ। ਜਿਸ ਸਮੇਂ ਪੌਲੁਸ ਮਸੀਹੀ ਬਣਿਆ ਸੀ, ਉਸ ਸਮੇਂ ਮੂਸਾ ਦੀ ਬਿਵਸਥਾ ਦੀ ਜਗ੍ਹਾ ਨਵੇਂ ਨੇਮ ਨੇ ਲੈ ਲਈ ਸੀ। ਇਸ ਨਵੇਂ ਨੇਮ ਦਾ ਵਿਚੋਲਾ ਮਹਾਨ ਮੂਸਾ ਯਾਨੀ ਯਿਸੂ ਮਸੀਹ ਹੈ। ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਯਹੋਵਾਹ ਦਾ ਤੇਜ ਪੂਰੀ ਤਰ੍ਹਾਂ ਪ੍ਰਗਟ ਕੀਤਾ ਸੀ। ਪੌਲੁਸ ਨੇ ਜੀ ਉਠਾਏ ਗਏ ਯਿਸੂ ਬਾਰੇ ਲਿਖਿਆ: ‘ਉਹ ਯਹੋਵਾਹ ਦੇ ਤੇਜ ਦਾ ਪਿਰਤ ਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੈ।’ (ਇਬਰਾਨੀਆਂ 1:3) ਯਹੂਦੀਆਂ ਕੋਲ ਕਿੰਨਾ ਵਧੀਆ ਮੌਕਾ ਸੀ! ਉਹ ਪਰਮੇਸ਼ੁਰ ਦੇ ਪੁੱਤਰ ਦੇ ਮੂੰਹੋਂ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਸੁਣ ਸਕਦੇ ਸਨ! ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਨੇ ਉਸ ਦੀਆਂ ਗੱਲਾਂ ਨਹੀਂ ਸੁਣੀਆਂ। ਉਨ੍ਹਾਂ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਹਵਾਲਾ ਦਿੱਤਾ: “ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।”—ਮੱਤੀ 13:15; ਯਸਾਯਾਹ 6:9, 10.
6 ਇਨ੍ਹਾਂ ਯਹੂਦੀਆਂ ਅਤੇ ਯਿਸੂ ਦੇ ਚੇਲਿਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ।” (ਮੱਤੀ 13:16) ਸੱਚੇ ਮਸੀਹੀ ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਲਈ ਤਰਸਦੇ ਹਨ। ਉਨ੍ਹਾਂ ਨੂੰ ਬਾਈਬਲ ਵਿਚ ਦਰਜ ਉਸ ਦੀ ਮਰਜ਼ੀ ਪੂਰੀ ਕਰਨ ਤੋਂ ਬੇਹੱਦ ਖ਼ੁਸ਼ੀ ਮਿਲਦੀ ਹੈ। ਨਤੀਜੇ ਵਜੋਂ, ਮਸਹ ਕੀਤੇ ਹੋਏ ਮਸੀਹੀ ਨਵੇਂ ਨੇਮ ਦੀ ਆਪਣੀ ਸੇਵਕਾਈ ਵਿਚ ਯਹੋਵਾਹ ਦਾ ਤੇਜ ਪ੍ਰਗਟ ਕਰਦੇ ਹਨ ਅਤੇ ਦੂਸਰੇ ਮਸੀਹੀ ਵੀ ਇਸੇ ਤਰ੍ਹਾਂ ਕਰਦੇ ਹਨ।—2 ਕੁਰਿੰਥੀਆਂ 3:6, 18.
ਖ਼ੁਸ਼ ਖ਼ਬਰੀ ਉੱਤੇ ਪਰਦਾ
7. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਹੈ ਕਿ ਜ਼ਿਆਦਾਤਰ ਲੋਕ ਖ਼ੁਸ਼ ਖ਼ਬਰੀ ਨਹੀਂ ਸੁਣਦੇ?
7 ਜਿਵੇਂ ਅਸੀਂ ਦੇਖ ਚੁੱਕੇ ਹਾਂ, ਯਿਸੂ ਅਤੇ ਮੂਸਾ ਦੇ ਜ਼ਮਾਨੇ ਵਿਚ ਬਹੁਤ ਸਾਰੇ ਇਸਰਾਏਲੀਆਂ ਨੇ ਇਕ ਸ਼ਾਨਦਾਰ ਮੌਕਾ ਹੱਥੋਂ ਜਾਣ ਦਿੱਤਾ। ਸਾਡੇ ਜ਼ਮਾਨੇ ਵਿਚ ਵੀ ਲੋਕਾਂ ਦਾ ਇਹੋ ਹਾਲ ਹੈ। ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਸੁਣਦੇ ਜਦੋਂ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਦਿੰਦੇ ਹਾਂ। ਪਰ ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਪੌਲੁਸ ਨੇ ਲਿਖਿਆ: “ਜੇ ਸਾਡੀ ਖੁਸ਼ ਖਬਰੀ ਉੱਤੇ ਪੜਦਾ ਪਿਆ ਹੋਇਆ ਹੈ ਤਾਂ ਉਹ ਉਨ੍ਹਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ। ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ।” (2 ਕੁਰਿੰਥੀਆਂ 4:3, 4) ਸ਼ਤਾਨ ਖ਼ੁਸ਼ ਖ਼ਬਰੀ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੈ, ਪਰ ਲੋਕ ਵੀ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦੇ ਹਨ ਕਿਉਂਕਿ ਉਹ ਕੁਝ ਦੇਖਣਾ ਨਹੀਂ ਚਾਹੁੰਦੇ।
8. ਕਈ ਲੋਕਾਂ ਨੂੰ ਅਗਿਆਨਤਾ ਨੇ ਕਿਵੇਂ ਅੰਨ੍ਹਾ ਕੀਤਾ ਹੋਇਆ ਹੈ ਅਤੇ ਅਸੀਂ ਇਸ ਤਰ੍ਹਾਂ ਅੰਨ੍ਹੇ ਹੋਣ ਤੋਂ ਕਿਵੇਂ ਬਚ ਸਕਦੇ ਹਾਂ?
8 ਕਈ ਲੋਕਾਂ ਦੀਆਂ ਅੱਖਾਂ ਉੱਤੇ ਅਗਿਆਨਤਾ ਦਾ ਪਰਦਾ ਪਿਆ ਹੋਇਆ ਹੈ। ਬਾਈਬਲ ਕਹਿੰਦੀ ਹੈ ਕਿ ਕੌਮਾਂ ਦੀ “ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।” (ਅਫ਼ਸੀਆਂ 4:18) ਭਾਵੇਂ ਪੌਲੁਸ ਮਸੀਹੀ ਬਣਨ ਤੋਂ ਪਹਿਲਾਂ ਬਿਵਸਥਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਫਿਰ ਵੀ ਅਗਿਆਨਤਾ ਨੇ ਉਸ ਨੂੰ ਇੰਨਾ ਅੰਨ੍ਹਾ ਕੀਤਾ ਹੋਇਆ ਸੀ ਕਿ ਉਹ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਉਂਦਾ ਹੁੰਦਾ ਸੀ। (1 ਕੁਰਿੰਥੀਆਂ 15:9) ਪਰ ਯਹੋਵਾਹ ਨੇ ਉਸ ਉੱਤੇ ਸੱਚਾਈ ਪ੍ਰਗਟ ਕੀਤੀ। ਪੌਲੁਸ ਨੇ ਸਮਝਾਇਆ: “ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ।” (1 ਤਿਮੋਥਿਉਸ 1:16) ਪੌਲੁਸ ਵਾਂਗ ਕਈ ਜੋ ਪਰਮੇਸ਼ੁਰ ਦੀ ਸੱਚਾਈ ਦਾ ਵਿਰੋਧ ਕਰਦੇ ਸਨ ਹੁਣ ਯਹੋਵਾਹ ਦੀ ਸੇਵਾ ਕਰ ਰਹੇ ਹਨ। ਸੋ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਜੋ ਸਾਡਾ ਵਿਰੋਧ ਕਰਦੇ ਹਨ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਬਚਨ ਦਾ ਲਗਾਤਾਰ ਅਧਿਐਨ ਕਰ ਕੇ ਅਤੇ ਇਸ ਦੀ ਸਮਝ ਹਾਸਲ ਕਰ ਕੇ ਅਗਿਆਨਤਾ ਵਿਚ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜੋ ਯਹੋਵਾਹ ਨੂੰ ਨਾਰਾਜ਼ ਕਰੇ।
9, 10. (ੳ) ਪਹਿਲੀ ਸਦੀ ਦੇ ਯਹੂਦੀ ਕੱਟੜ ਕਿਵੇਂ ਸਾਬਤ ਹੋਏ? (ਅ) ਅੱਜ ਇਸਾਈ-ਜਗਤ ਦੇ ਲੋਕ ਪਹਿਲੀ ਸਦੀ ਦੇ ਯਹੂਦੀਆਂ ਵਰਗੇ ਕਿਵੇਂ ਹਨ?
9 ਕਈ ਲੋਕ ਇਸ ਲਈ ਸੱਚਾਈ ਨੂੰ ਦੇਖ ਨਹੀਂ ਪਾਉਂਦੇ ਹਨ ਕਿਉਂਕਿ ਉਹ ਕੁਝ ਸਿੱਖਣਾ ਹੀ ਨਹੀਂ ਚਾਹੁੰਦੇ ਜਾਂ ਉਹ ਕੱਟੜ ਵਿਚਾਰਾਂ ਦੇ ਹੁੰਦੇ ਹਨ। ਕਈ ਯਹੂਦੀਆਂ ਨੇ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਰੱਦ ਕੀਤਾ ਕਿਉਂਕਿ ਉਹ ਮੂਸਾ ਦੀ ਬਿਵਸਥਾ ਨੂੰ ਛੱਡਣ ਲਈ ਤਿਆਰ ਨਹੀਂ ਸਨ। ਪਰ ਸਾਰੇ ਯਹੂਦੀ ਇਸ ਤਰ੍ਹਾਂ ਨਹੀਂ ਸਨ। ਮਿਸਾਲ ਲਈ, ਯਿਸੂ ਦੇ ਜੀ ਉੱਠਣ ਤੋਂ ਬਾਅਦ “ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।” (ਰਸੂਲਾਂ ਦੇ ਕਰਤੱਬ 6:7) ਲੇਕਿਨ ਜ਼ਿਆਦਾਤਰ ਯਹੂਦੀਆਂ ਬਾਰੇ ਪੌਲੁਸ ਨੇ ਲਿਖਿਆ: “ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ।” (2 ਕੁਰਿੰਥੀਆਂ 3:15) ਪੌਲੁਸ ਨੂੰ ਸ਼ਾਇਦ ਪਤਾ ਸੀ ਕਿ ਯਿਸੂ ਨੇ ਵੀ ਯਹੂਦੀ ਧਾਰਮਿਕ ਆਗੂਆਂ ਨੂੰ ਕਿਹਾ ਸੀ: “ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਏਹੋ ਹਨ।” (ਯੂਹੰਨਾ 5:39) ਜਿਨ੍ਹਾਂ ਲਿਖਤਾਂ ਨੂੰ ਉਹ ਇੰਨੇ ਧਿਆਨ ਨਾਲ ਪੜ੍ਹ ਰਹੇ ਸਨ ਉਨ੍ਹਾਂ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਯਿਸੂ ਹੀ ਮਸੀਹਾ ਸੀ। ਪਰ ਯਹੂਦੀ ਆਪਣੇ ਵਿਚਾਰਾਂ ਤੇ ਅੜੇ ਰਹੇ ਤੇ ਪਰਮੇਸ਼ੁਰ ਦੇ ਪੁੱਤਰ ਦੇ ਚਮਤਕਾਰ ਵੀ ਉਨ੍ਹਾਂ ਦੇ ਮਨ ਨਹੀਂ ਬਦਲ ਸਕੇ।
10 ਅੱਜ ਈਸਾਈ-ਜਗਤ ਦੇ ਲੋਕਾਂ ਬਾਰੇ ਵੀ ਇਹੋ ਗੱਲ ਕਹੀ ਜਾ ਸਕਦੀ ਹੈ। ਪਹਿਲੀ ਸਦੀ ਦੇ ਯਹੂਦੀਆਂ ਵਾਂਗ “ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਭਾਵੇਂ ਕੁਝ ਲੋਕ ਬਾਈਬਲ ਦਾ ਅਧਿਐਨ ਕਰਦੇ ਹਨ, ਪਰ ਉਹ ਉਸ ਦੀਆਂ ਗੱਲਾਂ ਨਹੀਂ ਮੰਨਦੇ। ਉਹ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਰਾਹੀਂ ਸਿਖਾ ਰਿਹਾ ਹੈ। (ਮੱਤੀ 24:45) ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਿਖਾ ਰਿਹਾ ਹੈ ਅਤੇ ਹੌਲੀ-ਹੌਲੀ ਸੱਚਾਈ ਉੱਤੇ ਚਾਨਣ ਪਾ ਰਿਹਾ ਹੈ। (ਕਹਾਉਤਾਂ 4:18) ਜੇ ਅਸੀਂ ਯਹੋਵਾਹ ਤੋਂ ਸਿੱਖਣ ਲਈ ਤਿਆਰ ਰਹੀਏ, ਤਾਂ ਅਸੀਂ ਉਸ ਦੀ ਮਰਜ਼ੀ ਅਤੇ ਮਕਸਦ ਬਾਰੇ ਸਮਝ ਸਕਾਂਗੇ।
11. ਕਈ ਲੋਕ ਸੱਚਾਈ ਪ੍ਰਤੀ ਆਪਣੀਆਂ ਅੱਖਾਂ ਕਿਵੇਂ ਮੀਟ ਲੈਂਦੇ ਹਨ?
11 ਕਈ ਲੋਕ ਉਹੀ ਗੱਲਾਂ ਮੰਨਦੇ ਹਨ ਜੋ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ ਜਿਸ ਕਰਕੇ ਉਹ ਸੱਚਾਈ ਪ੍ਰਤੀ ਅੱਖਾਂ ਮੀਟ ਲੈਂਦੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੁਝ ਲੋਕ ਪਰਮੇਸ਼ੁਰ ਦੇ ਲੋਕਾਂ ਤੇ ਉਨ੍ਹਾਂ ਦੇ ਸੰਦੇਸ਼ ਦਾ ਮਖੌਲ ਕਰਨਗੇ। ਪਤਰਸ ਰਸੂਲ ਨੇ ਲਿਖਿਆ: “ਆਪਣੀਆਂ ਕਾਮਨਾਂ ਦੇ ਅਨੁਸਾਰ . . . ਓਹ ਜਾਣ ਬੁੱਝ ਕੇ ਇਹ ਨੂੰ ਭੁਲਾ ਛੱਡਦੇ ਹਨ” ਕਿ ਨੂਹ ਦੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਜਲ-ਪਰਲੋ ਲਿਆਂਦੀ ਸੀ। (2 ਪਤਰਸ 3:3-6) ਇਸੇ ਤਰ੍ਹਾਂ ਕਈ ਲੋਕ ਮੰਨਦੇ ਹਨ ਕਿ ਯਹੋਵਾਹ ਦਇਆ, ਰਹਿਮ ਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਉਹ ਸਜ਼ਾ ਵੀ ਦੇਣ ਵਾਲਾ ਹੈ। (ਕੂਚ 34:6, 7) ਸੱਚੇ ਮਸੀਹੀ ਬਾਈਬਲ ਦੀਆਂ ਸਾਰੀਆਂ ਗੱਲਾਂ ਸਮਝਣ ਦਾ ਜਤਨ ਕਰਦੇ ਹਨ।
12. ਬਹੁਤ ਸਾਰੇ ਲੋਕ ਮਨੁੱਖੀ ਰੀਤਾਂ-ਰਿਵਾਜਾਂ ਕਰਕੇ ਅੰਨ੍ਹੇ ਕਿਵੇਂ ਹੋਏ ਹੋਏ ਹਨ?
12 ਚਰਚ ਜਾਣ ਵਾਲੇ ਬਹੁਤ ਸਾਰੇ ਲੋਕ ਮਨੁੱਖੀ ਰੀਤਾਂ-ਰਿਵਾਜਾਂ ਕਰਕੇ ਅੰਨ੍ਹੇ ਹੋਏ ਹੋਏ ਹਨ। ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਕਿਹਾ ਸੀ: “ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।” (ਮੱਤੀ 15:6) ਬਾਬਲ ਦੀ ਗ਼ੁਲਾਮੀ ਤੋਂ ਮੁੜੇ ਯਹੂਦੀਆਂ ਨੇ ਜੋਸ਼ ਨਾਲ ਯਹੋਵਾਹ ਦੀ ਭਗਤੀ ਕੀਤੀ ਸੀ। ਪਰ ਫਿਰ ਜਾਜਕ ਹੰਕਾਰੀ ਹੋ ਗਏ ਅਤੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਧਰਮੀ ਸਮਝਣ ਲੱਗ ਪਏ। ਧਾਰਮਿਕ ਤਿਉਹਾਰ ਯਹੋਵਾਹ ਲਈ ਗਹਿਰੀ ਸ਼ਰਧਾ ਦੇ ਸਬੂਤ ਹੋਣ ਦੀ ਬਜਾਇ ਕੇਵਲ ਇਕ ਰਸਮ ਹੀ ਬਣ ਕੇ ਰਹਿ ਗਏ ਸਨ। (ਮਲਾਕੀ 1:6-8) ਜਦ ਯਿਸੂ ਧਰਤੀ ਉੱਤੇ ਆਇਆ, ਤਾਂ ਯਹੂਦੀ ਗ੍ਰੰਥੀਆਂ ਤੇ ਫ਼ਰੀਸੀਆਂ ਨੇ ਮੂਸਾ ਦੀ ਬਿਵਸਥਾ ਨਾਲ ਬਹੁਤ ਸਾਰੇ ਰੀਤੀ-ਰਿਵਾਜ ਜੋੜ ਦਿੱਤੇ ਸਨ। ਯਿਸੂ ਨੇ ਉਨ੍ਹਾਂ ਨੂੰ ਪਖੰਡੀ ਕਿਹਾ ਕਿਉਂਕਿ ਉਹ ਬਿਵਸਥਾ ਦੇ ਧਰਮੀ ਅਸੂਲਾਂ ਨੂੰ ਅਣਗੌਲਿਆਂ ਕਰ ਰਹੇ ਸਨ। (ਮੱਤੀ 23:23, 24) ਇਸ ਲਈ ਸੱਚੇ ਮਸੀਹੀਆਂ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਨਸਾਨਾਂ ਦੀਆਂ ਰੀਤਾਂ-ਰਸਮਾਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਭਗਤੀ ਤੋਂ ਦੂਰ ਨਾ ਲੈ ਜਾਣ।
“ਅਣਦੇਖੇ ਪਰਮੇਸ਼ਰ ਦਾ ਦਰਸ਼ਨ”
13. ਮੂਸਾ ਨੇ ਕਿਨ੍ਹਾਂ ਦੋ ਤਰੀਕਿਆਂ ਨਾਲ ਪਰਮੇਸ਼ੁਰ ਦਾ ਤੇਜ ਦੇਖਿਆ ਸੀ?
13 ਮੂਸਾ ਨੇ ਪਹਾੜ ਉੱਤੇ ਪਰਮੇਸ਼ੁਰ ਦਾ ਤੇਜ ਦੇਖਣ ਦੀ ਅਰਜ਼ ਕੀਤੀ ਸੀ ਅਤੇ ਉਸ ਨੇ ਦੇਖਿਆ ਵੀ। ਜਦ ਉਹ ਡੇਹਰੇ ਵਿਚ ਜਾਂਦਾ ਸੀ, ਤਾਂ ਉਹ ਆਪਣਾ ਮੂੰਹ ਪਰਦੇ ਨਾਲ ਨਹੀਂ ਢੱਕਦਾ ਸੀ। ਮੂਸਾ ਨੂੰ ਯਹੋਵਾਹ ਉੱਤੇ ਪੱਕੀ ਨਿਹਚਾ ਸੀ ਅਤੇ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ। ਭਾਵੇਂ ਉਸ ਨੇ ਪਰਮੇਸ਼ੁਰ ਦੇ ਤੇਜ ਦੀ ਝਲਕ ਦੇਖੀ ਸੀ, ਪਰ ਕਿਹਾ ਜਾ ਸਕਦਾ ਹੈ ਕਿ ਉਹ ਪਹਿਲਾਂ ਹੀ ਨਿਹਚਾ ਦੀਆਂ ਨਜ਼ਰਾਂ ਨਾਲ ਪਰਮੇਸ਼ੁਰ ਨੂੰ ਦੇਖ ਚੁੱਕਾ ਸੀ। ਬਾਈਬਲ ਵਿਚ ਲਿਖਿਆ ਹੈ ਕਿ “ਉਹ ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਸੀ।” (ਇਬਰਾਨੀਆਂ 11:27, ਪਵਿੱਤਰ ਬਾਈਬਲ ਨਵਾਂ ਅਨੁਵਾਦ; ਕੂਚ 34:5-7) ਉਸ ਨੇ ਸਿਰਫ਼ ਆਪਣੇ ਚਿਹਰੇ ਦੀ ਚਮਕ ਦੁਆਰਾ ਹੀ ਪਰਮੇਸ਼ੁਰ ਦਾ ਤੇਜ ਪ੍ਰਗਟ ਨਹੀਂ ਕੀਤਾ, ਸਗੋਂ ਉਸ ਨੇ ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਵਿਚ ਇਸਰਾਏਲੀਆਂ ਦੀ ਮਦਦ ਕਰ ਕੇ ਵੀ ਇਹ ਤੇਜ ਪ੍ਰਗਟ ਕੀਤਾ ਸੀ।
14. ਯਿਸੂ ਨੇ ਯਹੋਵਾਹ ਦਾ ਤੇਜ ਕਿਵੇਂ ਦੇਖਿਆ ਸੀ ਅਤੇ ਉਸ ਨੂੰ ਕਿਸ ਗੱਲ ਤੋਂ ਖ਼ੁਸ਼ੀ ਮਿਲਦੀ ਸੀ?
14 ਦੁਨੀਆਂ ਦੀ ਸ੍ਰਿਸ਼ਟੀ ਤੋਂ ਪਹਿਲਾਂ ਹਜ਼ਾਰਾਂ-ਲੱਖਾਂ ਸਾਲ ਯਿਸੂ ਨੇ ਸਵਰਗ ਵਿਚ ਪਰਮੇਸ਼ੁਰ ਦਾ ਤੇਜ ਦੇਖਿਆ ਸੀ। (ਕਹਾਉਤਾਂ 8:22, 30) ਉਸ ਸਮੇਂ ਯਹੋਵਾਹ ਅਤੇ ਯਿਸੂ ਵਿਚ ਗੂੜ੍ਹਾ ਰਿਸ਼ਤਾ ਕਾਇਮ ਹੋ ਗਿਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਜੇਠੇ ਪੁੱਤਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਯਿਸੂ ਨੇ ਵੀ ਆਪਣੇ ਜੀਵਨਦਾਤਾ ਲਈ ਆਪਣੇ ਪਿਆਰ ਨੂੰ ਲਫ਼ਜ਼ਾਂ ਵਿਚ ਬਿਆਨ ਕੀਤਾ। (ਯੂਹੰਨਾ 14:31; 17:24) ਪਿਤਾ-ਪੁੱਤਰ ਦਾ ਇਹ ਰਿਸ਼ਤਾ ਪਿਆਰ ਦੀ ਉੱਤਮ ਮਿਸਾਲ ਸੀ। ਮੂਸਾ ਦੀ ਤਰ੍ਹਾਂ ਯਿਸੂ ਵੀ ਆਪਣੀਆਂ ਸਿੱਖਿਆਵਾਂ ਰਾਹੀਂ ਯਹੋਵਾਹ ਦਾ ਤੇਜ ਪ੍ਰਗਟ ਕਰ ਕੇ ਬਹੁਤ ਖ਼ੁਸ਼ ਹੁੰਦਾ ਸੀ।
15. ਮਸੀਹੀ ਕਿਸ ਤਰੀਕੇ ਨਾਲ ਪਰਮੇਸ਼ੁਰ ਦੇ ਤੇਜ ਵੱਲ ਧਿਆਨ ਦਿੰਦੇ ਹਨ?
15 ਮੂਸਾ ਅਤੇ ਯਿਸੂ ਵਾਂਗ ਅੱਜ ਧਰਤੀ ਉੱਤੇ ਪਰਮੇਸ਼ੁਰ ਦੇ ਲੋਕ ਉਤਸੁਕਤਾ ਨਾਲ ਪਰਮੇਸ਼ੁਰ ਦੇ ਤੇਜ ਵੱਲ ਧਿਆਨ ਦਿੰਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਤੋਂ ਆਪਣਾ ਮੂੰਹ ਨਹੀਂ ਮੋੜਿਆ ਹੈ। ਪੌਲੁਸ ਰਸੂਲ ਨੇ ਲਿਖਿਆ: “ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ।” (2 ਕੁਰਿੰਥੀਆਂ 3:16) ਅਸੀਂ ਬਾਈਬਲ ਪੜ੍ਹਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਾਂ। ਅਸੀਂ ਯਹੋਵਾਹ ਦੇ ਪੁੱਤਰ ਅਤੇ ਰਾਜਾ ਯਿਸੂ ਮਸੀਹ ਦੇ ਚਿਹਰੇ ਉੱਤੇ ਪਰਮੇਸ਼ੁਰ ਦੇ ਤੇਜ ਦੀ ਚਮਕ ਦੇਖ ਕੇ ਖ਼ੁਸ਼ ਹੁੰਦੇ ਹਾਂ ਅਤੇ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। ਮੂਸਾ ਅਤੇ ਯਿਸੂ ਵਾਂਗ ਸਾਨੂੰ ਵੀ ਸੇਵਕਾਈ ਦਿੱਤੀ ਗਈ ਹੈ ਤਾਂਕਿ ਅਸੀਂ ਦੂਸਰਿਆਂ ਨੂੰ ਆਪਣੇ ਮਹਾਨ ਪਰਮੇਸ਼ੁਰ ਬਾਰੇ ਸਿਖਾਈਏ।
16. ਸੱਚਾਈ ਜਾਣ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
16 ਯਿਸੂ ਨੇ ਪ੍ਰਾਰਥਨਾ ਕੀਤੀ ਸੀ: “ਹੇ ਪਿਤਾ . . . ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ।” (ਮੱਤੀ 11:25) ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਸ਼ਖ਼ਸੀਅਤ ਤੇ ਆਪਣੇ ਮਕਸਦਾਂ ਦੀ ਸਮਝ ਦਿੰਦਾ ਹੈ ਜੋ ਨਿਮਰ ਹਨ ਅਤੇ ਦਿਲੋਂ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। (1 ਕੁਰਿੰਥੀਆਂ 1:26-28) ਯਹੋਵਾਹ ਸਾਡਾ ਰਖਵਾਲਾ ਹੈ ਤੇ ਉਹ ਸਾਡੇ ਭਲੇ ਲਈ ਸਾਨੂੰ ਸਭ ਤੋਂ ਵਧੀਆ ਜ਼ਿੰਦਗੀ ਜੀਉਣ ਦੀ ਸਿੱਖਿਆ ਦਿੰਦਾ ਹੈ। ਆਓ ਆਪਾਂ ਉਸ ਦੇ ਨੇੜੇ ਜਾਣ ਦੇ ਹਰ ਮੌਕੇ ਅਤੇ ਪ੍ਰਬੰਧ ਦਾ ਫ਼ਾਇਦਾ ਉਠਾ ਕੇ ਉਸ ਨਾਲ ਆਪਣੀ ਦੋਸਤੀ ਪੱਕੀ ਕਰਦੇ ਰਹੀਏ।
17. ਅਸੀਂ ਯਹੋਵਾਹ ਦੇ ਗੁਣਾਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ?
17 ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਿਆ: “ਅਸੀਂ ਸਭ ਬਿਨਾਂ ਮੂੰਹ ਤੇ ਪਰਦਾ ਕੀਤੇ ਪ੍ਰਭੂ ਦੇ ਤੇਜ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪ੍ਰਗਟ ਕਰਦੇ ਹਾਂ। ਇਸ ਤਰ੍ਹਾਂ ਅਸੀਂ ਵੀ ਉਸੇ ਦੀ ਤਰ੍ਹਾਂ ਹੋ ਜਾਂਦੇ ਹਾਂ ਅਰਥਾਤ ਤੇਜ ਤੋਂ ਤੇਜ ਬਣ ਜਾਂਦੇ ਹਾਂ।” 2 ਕੁਰਿੰਥੀਆਂ 3:18, ਨਵਾਂ ਅਨੁਵਾਦ) ਬਾਈਬਲ ਤੋਂ ਅਸੀਂ ਯਹੋਵਾਹ ਦੇ ਗੁਣਾਂ ਅਤੇ ਉਸ ਦੀ ਸ਼ਖ਼ਸੀਅਤ ਨੂੰ ਜਾਣ ਸਕਦੇ ਹਾਂ। ਚਾਹੇ ਅਸੀਂ ਸਵਰਗ ਵਿਚ ਜਾਂ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਦੇ ਹਾਂ, ਪਰ ਜਿੰਨਾ ਜ਼ਿਆਦਾ ਅਸੀਂ ਯਹੋਵਾਹ ਨੂੰ ਜਾਣਾਂਗੇ ਉੱਨਾ ਜ਼ਿਆਦਾ ਅਸੀਂ ਉਸ ਵਰਗੇ ਬਣਾਂਗੇ। ਜੇ ਅਸੀਂ ਯਿਸੂ ਮਸੀਹ ਦੀ ਜ਼ਿੰਦਗੀ, ਸੇਵਕਾਈ ਅਤੇ ਸਿੱਖਿਆਵਾਂ ਉੱਤੇ ਮਨਨ ਕਰਾਂਗੇ, ਤਾਂ ਅਸੀਂ ਯਹੋਵਾਹ ਦੇ ਗੁਣਾਂ ਨੂੰ ਹੋਰ ਚੰਗੀ ਤਰ੍ਹਾਂ ਪ੍ਰਗਟ ਕਰ ਸਕਾਂਗੇ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੀ ਵਡਿਆਈ ਕਰ ਸਕਦੇ ਹਾਂ ਜਿਸ ਦਾ ਤੇਜ ਅਸੀਂ ਪ੍ਰਗਟ ਕਰਨਾ ਚਾਹੁੰਦੇ ਹਾਂ!
(ਕੀ ਤੁਹਾਨੂੰ ਯਾਦ ਹੈ?
• ਮੂਸਾ ਦੇ ਮੂੰਹ ਉੱਤੇ ਪ੍ਰਗਟ ਪਰਮੇਸ਼ੁਰ ਦਾ ਤੇਜ ਦੇਖਣ ਤੋਂ ਇਸਰਾਏਲੀ ਕਿਉਂ ਡਰਦੇ ਸਨ?
• ਪਹਿਲੀ ਸਦੀ ਵਿਚ ਅਤੇ ਸਾਡੇ ਜ਼ਮਾਨੇ ਵਿਚ ਵੀ ਕਿਨ੍ਹਾਂ ਤਰੀਕਿਆਂ ਨਾਲ ਖ਼ੁਸ਼ ਖ਼ਬਰੀ ਉੱਤੇ “ਪੜਦਾ” ਪਿਆ ਹੋਇਆ ਹੈ?
• ਅਸੀਂ ਪਰਮੇਸ਼ੁਰ ਦਾ ਤੇਜ ਕਿਵੇਂ ਪ੍ਰਗਟ ਕਰਦੇ ਹਾਂ?
[ਸਵਾਲ]
[ਸਫ਼ੇ 19 ਉੱਤੇ ਤਸਵੀਰ]
ਇਸਰਾਏਲੀ ਮੂਸਾ ਦਾ ਚਮਕਦਾ ਚਿਹਰਾ ਦੇਖ ਨਹੀਂ ਸਕਦੇ ਸਨ
[ਸਫ਼ੇ 21 ਉੱਤੇ ਤਸਵੀਰਾਂ]
ਪੌਲੁਸ ਵਾਂਗ ਕਈ ਜੋ ਪਹਿਲਾਂ ਪਰਮੇਸ਼ੁਰ ਦੀ ਸੱਚਾਈ ਦਾ ਵਿਰੋਧ ਕਰਦੇ ਸਨ, ਉਹ ਹੁਣ ਉਸ ਦੀ ਸੇਵਾ ਕਰ ਰਹੇ ਹਨ
[ਸਫ਼ੇ 23 ਉੱਤੇ ਤਸਵੀਰਾਂ]
ਯਹੋਵਾਹ ਦੇ ਸੇਵਕ ਉਸ ਦਾ ਤੇਜ ਪ੍ਰਗਟ ਕਰ ਕੇ ਖ਼ੁਸ਼ ਹੁੰਦੇ ਹਨ