ਅਸੀਂ ਹਰ ਪਰਤਾਵੇ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ!
ਅਸੀਂ ਹਰ ਪਰਤਾਵੇ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ!
ਕੀ ਤੁਸੀਂ ਕਿਸੇ ਪਰਤਾਵੇ ਦਾ ਸਾਮ੍ਹਣਾ ਕਰ ਰਹੇ ਹੋ? ਕੀ ਕਿਸੇ ਮੁਸੀਬਤ ਕਾਰਨ ਤੁਹਾਡਾ ਦਮ ਘੁੱਟ ਰਿਹਾ ਹੈ? ਕੀ ਤੁਸੀਂ ਕਦੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਕੋਈ ਤੁਹਾਡੀ ਸਮੱਸਿਆ ਨੂੰ ਸਮਝਦਾ ਨਹੀਂ ਜਾਂ ਤੁਹਾਡੀ ਮੁਸ਼ਕਲ ਦਾ ਕੋਈ ਹੱਲ ਨਹੀਂ? ਪਰ ਇਸ ਸਭ ਦੇ ਬਾਵਜੂਦ ਦਿਲ ਨਾ ਛੱਡੋ ਕਿਉਂਕਿ ਬਾਈਬਲ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਨੂੰ ਹਰ ਪਰਤਾਵੇ ਦਾ ਸਾਮ੍ਹਣਾ ਕਰਨ ਦੀ ਤਾਕਤ ਦੇ ਸਕਦਾ ਹੈ।
ਬਾਈਬਲ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਪਰਮੇਸ਼ੁਰ ਦੇ ਸੇਵਕ ‘ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪੈਣਗੇ।’ (ਯਾਕੂਬ 1:2) ਯੂਨਾਨੀ ਸ਼ਬਦ ਪਿਕੀਲੋਸ ਦਾ ਤਰਜਮਾ ਇੱਥੇ “ਭਾਂਤ ਭਾਂਤ” ਕੀਤਾ ਗਿਆ ਹੈ, ਪਰ ਇਸ ਦਾ ਮਤਲਬ “ਬਹੁ-ਰੰਗਾ” ਵੀ ਹੋ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਰਤਾਵੇ ਕਈ ਤਰ੍ਹਾਂ ਦੇ ਹੋ ਸਕਦੇ ਹਨ। ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪਰਤਾਵਿਆਂ ਦੇ ਕਈ ਰੰਗ ਹੋ ਸਕਦੇ ਹਨ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਨ੍ਹਾਂ ਸਾਰਿਆਂ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ। ਇਸ ਗੱਲ ਦਾ ਅਸੀਂ ਯਕੀਨ ਕਿਉਂ ਕਰ ਸਕਦੇ ਹਾਂ?
“ਪਰਮੇਸ਼ੁਰ ਦੀ ਬਹੁਰੰਗੀ ਕਿਰਪਾ”
ਪਤਰਸ ਰਸੂਲ ਨੇ ਕਿਹਾ ਸੀ ਕਿ ਯਿਸੂ ਦੇ ਚੇਲੇ “ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ” ਹੁੰਦੇ ਹਨ। (1 ਪਤਰਸ 1:6) ਫਿਰ 1 ਪਤਰਸ 4:10 ਵਿਚ ਉਸ ਨੇ “ਪਰਮੇਸ਼ੁਰ ਦੀ ਬਹੁਰੰਗੀ ਕਿਰਪਾ” ਦੀ ਗੱਲ ਕੀਤੀ। ਇਸ ਆਇਤ ਵਿਚ “ਬਹੁਰੰਗੀ” ਲਈ ਉਸ ਨੇ ਉਹੀ ਯੂਨਾਨੀ ਸ਼ਬਦ ਵਰਤਿਆ ਸੀ ਜੋ ਯਾਕੂਬ 1:2 ਵਿਚ ਵਰਤਿਆ ਗਿਆ ਸੀ। ਇਸ ਯੂਨਾਨੀ ਸ਼ਬਦ ਤੇ ਟਿੱਪਣੀ ਕਰਦੇ ਹੋਏ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: ‘ਇਸ ਸ਼ਬਦ ਦਾ ਬਹੁਤ ਹੀ ਡੂੰਘਾ ਅਰਥ ਹੈ। ਪਰਮੇਸ਼ੁਰ ਦੀ ਕਿਰਪਾ ਨੂੰ ਪਿਕੀਲੋਸ ਕਹਿਣ ਦਾ ਮਤਲਬ ਹੈ ਕਿ ਸਾਡੇ ਪਰਤਾਵੇ ਭਾਵੇਂ ਕਿਸੇ ਵੀ ਰੰਗ ਦੇ ਕਿਉਂ ਨਾ ਹੋਣ, ਪਰਮੇਸ਼ੁਰ ਉਸੇ ਰੰਗ ਦਾ ਮਿਲਦਾ-ਜੁਲਦਾ ਉਪਾਅ ਕੱਢ ਸਕਦਾ ਹੈ।’ ਉਸ ਨੇ ਅੱਗੇ ਕਿਹਾ: ‘ਇਹੋ ਜਿਹੀ ਕੋਈ ਹਾਲਤ, ਮੁਸੀਬਤ ਜਾਂ ਤੰਗੀ ਨਹੀਂ ਹੈ ਜਿਸ ਤੇ ਪਰਮੇਸ਼ੁਰ ਦੀ ਕਿਰਪਾ ਹਾਵੀ ਨਾ ਹੋ ਸਕੇ। ਜ਼ਿੰਦਗੀ ਵਿਚ ਅਜਿਹੀ ਕੋਈ ਮੁਸ਼ਕਲ ਨਹੀਂ ਜਿਸ ਦਾ ਸਾਮ੍ਹਣਾ ਪਰਮੇਸ਼ੁਰ ਦੀ ਕਿਰਪਾ ਨਾਲ ਨਾ ਕੀਤਾ ਜਾ ਸਕੇ। ਇਸ ਸ਼ਾਨਦਾਰ ਸ਼ਬਦ ਪਿਕੀਲੋਸ ਨੂੰ ਪੜ੍ਹ ਕੇ ਸਾਡੇ ਮਨ ਵਿਚ ਇਹੋ ਖ਼ਿਆਲ ਆਉਂਦਾ ਹੈ ਕਿ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਸਾਨੂੰ ਹਰ ਪਰਤਾਵਾ ਝੱਲਣ ਦੀ ਤਾਕਤ ਦੇ ਸਕਦੀ ਹੈ।’
ਪਰਮੇਸ਼ੁਰ ਦੀ ਕਿਰਪਾ ਦੇ ਜ਼ਰੀਏ ਮਦਦ
ਪਤਰਸ ਨੇ ਕਿਹਾ ਕਿ ਪਰਮੇਸ਼ੁਰ ਨੇ ਕਲੀਸਿਯਾ ਵਿਚ ਵੱਖ-ਵੱਖ ਭੈਣ-ਭਾਈਆਂ ਦੇ ਜ਼ਰੀਏ ਆਪਣੀ ਕਿਰਪਾ ਪ੍ਰਗਟ ਕੀਤੀ ਹੈ। (1 ਪਤਰਸ 4:11) ਪਰਮੇਸ਼ੁਰ ਦੇ ਹਰ ਸੇਵਕ ਨੂੰ ਦਾਤਾਂ ਮਿਲੀਆਂ ਹਨ ਯਾਨੀ ਉਨ੍ਹਾਂ ਸਾਰਿਆਂ ਵਿਚ ਕੋਈ-ਨ-ਕੋਈ ਕਾਬਲੀਅਤ ਹੈ ਜਿਸ ਨਾਲ ਉਹ ਆਪਣੇ ਭੈਣ-ਭਾਈਆਂ ਨੂੰ ਸਹਾਰਾ ਦੇ ਸਕਦੇ ਹਨ। (ਰੋਮੀਆਂ 12:6-8) ਮਿਸਾਲ ਲਈ ਕੁਝ ਭੈਣ-ਭਾਈ ਬਹੁਤ ਵਧੀਆ ਢੰਗ ਨਾਲ ਬਾਈਬਲ ਦੀ ਸਿੱਖਿਆ ਦੇ ਸਕਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਬਾਕੀਆਂ ਨੂੰ ਹੌਸਲਾ ਮਿਲਦਾ ਹੈ। (ਨਹਮਯਾਹ 8:1-4, 8, 12) ਕੁਝ ਭਰਾ ਬਾਕਾਇਦਾ ਉਨ੍ਹਾਂ ਭੈਣ-ਭਾਈਆਂ ਦੇ ਘਰ ਜਾਂਦੇ ਹਨ ਜਿਨ੍ਹਾਂ ਨੂੰ ਮਦਦ ਤੇ ਸਹਾਰੇ ਦੀ ਲੋੜ ਹੁੰਦੀ ਹੈ। ਇਨ੍ਹਾਂ ਮੌਕਿਆਂ ਤੇ ਉਹ ‘ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਹਨ।’ (ਕੁਲੁੱਸੀਆਂ 2:2) ਜਦ ਕਲੀਸਿਯਾ ਦੇ ਬਜ਼ੁਰਗ ਚਰਵਾਹਿਆਂ ਵਾਂਗ ਇਸ ਤਰ੍ਹਾਂ ਭੇਡਾਂ ਦੀ ਰਾਖੀ ਕਰਦੇ ਹਨ, ਤਾਂ ਮਾਨੋ ਉਹ ਪਰਮੇਸ਼ੁਰ ਤੋਂ ਮਿਲੀ ਦਾਤ ਵਰਤ ਰਹੇ ਹੁੰਦੇ ਹਨ। (ਯੂਹੰਨਾ 21:16) ਕਲੀਸਿਯਾ ਵਿਚ ਹੋਰ ਭੈਣ-ਭਾਈ ਪਿਆਰ-ਮੁਹੱਬਤ ਅਤੇ ਹਮਦਰਦੀ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਤੋਂ ਬਾਕੀਆਂ ਨੂੰ ਤਸੱਲੀ ਮਿਲਦੀ ਹੈ। (ਰੋਮੀਆਂ 12:10; ਕੁਲੁੱਸੀਆਂ 3:10) ਇਨ੍ਹਾਂ ਭੈਣ-ਭਰਾਵਾਂ ਦੀ ਮਦਦ ਅਤੇ ਸਹਾਰੇ ਤੋਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਨਜ਼ਰ ਆਉਂਦੀ ਹੈ।—ਕਹਾਉਤਾਂ 12:25; 17:17.
“ਸਰਬ ਦਿਲਾਸੇ ਦਾ ਪਰਮੇਸ਼ੁਰ”
ਯਹੋਵਾਹ ਹਰ ਹਾਲਤ ਵਿਚ ਸਾਨੂੰ ਦਿਲਾਸਾ ਦਿੰਦਾ ਹੈ। ਬਾਈਬਲ ਕਹਿੰਦੀ ਹੈ ਕਿ ਉਹ “ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4) ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਉਹ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਤਾਕਤ ਦਿੰਦਾ ਹੈ ਅਤੇ ਆਪਣੇ ਬਚਨ ਬਾਈਬਲ ਦੁਆਰਾ ਬੁੱਧ ਦਿੰਦਾ ਹੈ। (ਯਸਾਯਾਹ 30:18, 21; ਲੂਕਾ 11:13; ਯੂਹੰਨਾ 14:16) ਪੌਲੁਸ ਰਸੂਲ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਇਹ ਵਾਅਦਾ ਕੀਤਾ ਸੀ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:13) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!
ਜੀ ਹਾਂ, ਸਾਡੇ ਉੱਤੇ ਭਾਵੇਂ ਜਿਸ ਤਰ੍ਹਾਂ ਦੇ ਵੀ ਪਰਤਾਵੇ ਆਉਣ, ਫਿਰ ਵੀ ਅਸੀਂ ਪਰਮੇਸ਼ੁਰ ਦੀ ਮਦਦ ਨਾਲ ਉਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ। (ਯਾਕੂਬ 1:17) ਯਹੋਵਾਹ ਹਰ ਕਿਸਮ ਦੀਆਂ ਚੁਣੌਤੀਆਂ ਅਤੇ ਅਜ਼ਮਾਇਸ਼ਾਂ ਦੇ ਸਮੇਂ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ। ਇਹ ਸਬੂਤ ਹੈ ਕਿ ‘ਪਰਮੇਸ਼ਰ ਦਾ ਗਿਆਨ ਕਈ ਪੱਖਾ ਹੈ।’ (ਅਫ਼ਸੀਆਂ 3:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਆਓ ਆਪਾਂ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਸਮੇਂ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖੀਏ!
[ਸਫ਼ੇ 31 ਉੱਤੇ ਤਸਵੀਰਾਂ]
ਯਹੋਵਾਹ ਸਾਨੂੰ ਪਰਤਾਵਿਆਂ ਦਾ ਡਟ ਕੇ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ