ਜਦ ਪਤੀ-ਪਤਨੀ ਵਿਚ ਅਣਬਣ ਹੁੰਦੀ ਹੈ
ਜਦ ਪਤੀ-ਪਤਨੀ ਵਿਚ ਅਣਬਣ ਹੁੰਦੀ ਹੈ
ਕੋਈ ਵੀ ਪਤੀ-ਪਤਨੀ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਵਿਚ ਤੂੰ-ਤੂੰ ਮੈਂ-ਮੈਂ ਹੋਵੇ। ਫਿਰ ਵੀ ਘਰਾਂ ਵਿਚ ਲੜਾਈ-ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ। ਇਕ ਜਣਾ ਕੁਝ ਕਹਿੰਦਾ ਹੈ ਤੇ ਦੂਜਾ ਖਿੱਝ ਜਾਂਦਾ ਹੈ। ਗੁੱਸਾ ਭੜਕ ਉੱਠਦਾ ਹੈ, ਆਵਾਜ਼ਾਂ ਉੱਚੀਆਂ ਹੋ ਜਾਂਦੀਆਂ ਹਨ ਅਤੇ ਝਗੜਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਦੋਵੇਂ ਚੁੱਪ ਸਾਧ ਲੈਂਦੇ ਹਨ। ਬਾਅਦ ਵਿਚ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਂਦਾ ਹੈ ਅਤੇ ਉਹ ਇਕ-ਦੂਜੇ ਤੋਂ ਮਾਫ਼ੀ ਮੰਗ ਲੈਂਦੇ ਹਨ। ਅਗਲੇ ਝਗੜੇ ਤਕ ਘਰ ਦਾ ਮਾਹੌਲ ਸ਼ਾਂਤ ਰਹਿੰਦਾ ਹੈ।
ਪਤੀ-ਪਤਨੀਆਂ ਦੇ ਝਗੜਿਆਂ ਬਾਰੇ ਬਹੁਤ ਸਾਰੇ ਚੁਟਕਲੇ ਬਣਾਏ ਗਏ ਹਨ ਅਤੇ ਟੈਲੀਵਿਯਨ ਉੱਤੇ ਸੀਰੀਅਲ ਦਿਖਾਏ ਜਾਂਦੇ ਹਨ। ਪਰ ਅਸਲ ਵਿਚ ਇਹ ਕੋਈ ਹਾਸੇ-ਮਜ਼ਾਕ ਦੀ ਗੱਲ ਨਹੀਂ ਹੈ। ਬਾਈਬਲ ਵਿਚ ਇਕ ਕਹਾਵਤ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” (ਕਹਾਉਤਾਂ 12:18) ਜੀ ਹਾਂ, ਪਤੀ-ਪਤਨੀ ਚੁਭਵੀਆਂ ਗੱਲਾਂ ਦੇ ਅਜਿਹੇ ਵਾਰ ਕਰ ਸਕਦੇ ਹਨ ਕਿ ਇਨ੍ਹਾਂ ਦੇ ਜ਼ਖ਼ਮ ਛੇਤੀ ਕੀਤਿਆਂ ਭਰਦੇ ਨਹੀਂ। ਹੋ ਸਕਦਾ ਹੈ ਕਿ ਝਗੜੇ ਦੌਰਾਨ ਮਾਰ-ਕੁੱਟ ਵੀ ਸ਼ੁਰੂ ਹੋ ਜਾਵੇ।—ਕੂਚ 21:18.
ਹਰ ਇਨਸਾਨ ਕੋਲੋਂ ਗ਼ਲਤੀਆਂ ਹੁੰਦੀਆਂ ਹਨ, ਇਸ ਲਈ ਵਿਆਹੁਤਾ ਜ਼ਿੰਦਗੀ ਵਿਚ ਸਮੱਸਿਆਵਾਂ ਤਾਂ ਖੜ੍ਹੀਆਂ ਹੋਣਗੀਆਂ ਹੀ। (ਉਤਪਤ 3:16; 1 ਕੁਰਿੰਥੀਆਂ 7:28) ਫਿਰ ਵੀ, ਤੁਹਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹਰ ਵਕਤ ਝਗੜੇ ਹੋਣੇ ਆਮ ਗੱਲ ਹਨ। ਮਾਹਰ ਕਹਿੰਦੇ ਹਨ ਕਿ ਹਰ ਰੋਜ਼ ਲੜਨ-ਝਗੜਨ ਨਾਲ ਤਲਾਕ ਦੀ ਸੰਭਾਵਨਾ ਵਧਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਠੰਢੇ ਦਿਮਾਗ਼ ਨਾਲ ਬਹਿਸ ਖ਼ਤਮ ਕਰਨੀ ਸਿੱਖੋ।
ਆਪਣੀ ਜਾਂਚ ਕਰੋ
ਜੇ ਤੁਹਾਡੀ ਹਰ ਗੱਲ ਤੇ ਆਪਣੇ ਵਿਆਹੁਤਾ ਸਾਥੀ ਨਾਲ ਬਹਿਸ ਹੁੰਦੀ ਰਹਿੰਦੀ ਹੈ, ਤਾਂ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਕਿਉਂ ਅਤੇ ਕਦੋਂ ਸ਼ੁਰੂ ਹੁੰਦੀ ਹੈ। ਜਦ ਤੁਸੀਂ ਕਿਸੇ ਗੱਲ ਉੱਤੇ ਆਪਣੇ ਸਾਥੀ ਨਾਲ ਸਹਿਮਤ ਨਹੀਂ ਹੁੰਦੇ, ਤਾਂ ਅਕਸਰ ਕੀ ਹੁੰਦਾ ਹੈ? ਕੀ ਤੁਹਾਡੀ ਗੱਲਬਾਤ ਜਲਦੀ ਤੂੰ-ਤੂੰ ਮੈਂ-ਮੈਂ ਤੇ ਉੱਤਰ ਆਉਂਦੀ ਹੈ? ਕੀ ਤੁਸੀਂ ਗੁੱਸੇ ਹੋ ਕੇ ਇਕ-ਦੂਜੇ ਉੱਤੇ ਦੋਸ਼ ਲਾਉਂਦੇ ਹੋ ਜਾਂ ਗਾਲ੍ਹਾਂ ਕੱਢਣ ਲੱਗ ਪੈਂਦੇ ਹੋ? ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਪਹਿਲੀ ਗੱਲ, ਸੱਚੇ ਮਨ ਨਾਲ ਸੋਚੋ ਕਿ ਇਸ ਵਿਚ ਤੁਹਾਡੀ ਕੀ ਗ਼ਲਤੀ ਹੋ ਸਕਦੀ ਹੈ। ਕੀ ਤੁਹਾਨੂੰ ਛੇਤੀ ਗੁੱਸਾ ਚੜ੍ਹ ਜਾਂਦਾ ਹੈ? ਕੀ ਤੁਸੀਂ ਝਗੜਾਲੂ ਹੋ? ਤੁਹਾਡਾ ਸਾਥੀ ਤੁਹਾਡੇ ਬਾਰੇ ਕੀ ਕਹੇਗਾ? ਇਹ ਆਖ਼ਰੀ ਸਵਾਲ ਬਹੁਤ ਜ਼ਰੂਰੀ ਹੈ ਕਿਉਂਕਿ ਝਗੜਾਲੂ ਹੋਣ ਬਾਰੇ ਤੁਹਾਡਾ ਵਿਚਾਰ ਸ਼ਾਇਦ ਤੁਹਾਡੇ ਸਾਥੀ ਦੇ ਵਿਚਾਰ ਤੋਂ ਵੱਖਰਾ ਹੋਵੇ।
ਮਿਸਾਲ ਲਈ, ਤੁਹਾਡਾ ਸਾਥੀ ਸ਼ਾਇਦ ਚੁੱਪ-ਚਾਪ ਰਹਿਣ ਵਾਲਾ ਹੋਵੇ ਜਦ ਕਿ ਤੁਸੀਂ ਬੜੇ ਜੋਸ਼ ਨਾਲ ਜੋ ਮਨ ਵਿਚ ਆਇਆ ਝੱਟ ਕਹਿ ਦਿੰਦੇ ਹੋ। ਤੁਸੀਂ ਸ਼ਾਇਦ ਕਹੋ: “ਸਾਡੇ ਘਰ ਵਿਚ ਸਾਰੇ ਇਸੇ ਤਰ੍ਹਾਂ ਇਕ-ਦੂਜੇ ਨਾਲ ਗੱਲ ਕਰਦੇ ਸਨ। ਤੁਸੀਂ ਇਸ ਨੂੰ ਝਗੜਾ ਕਰਨਾ ਨਹੀਂ ਕਹਿ ਸਕਦੇ!” ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਰਹੇ ਹੋ। ਪਰ ਹੋ ਸਕਦਾ ਹੈ ਕਿ ਤੁਹਾਡੇ ਸ਼ਬਦ ਤੇ ਲਹਿਜਾ ਤੁਹਾਡੇ ਸਾਥੀ ਨੂੰ ਦੁੱਖ ਪਹੁੰਚਾ ਰਹੇ ਹੋਣ ਅਤੇ ਉਸ ਨੂੰ ਲੱਗੇ ਕਿ ਤੁਸੀਂ ਉਸ ਨਾਲ ਲੜ ਰਹੇ ਹੋ। ਇਹ ਜਾਣਨਾ ਕਿ ਤੁਹਾਡਾ ਗੱਲ ਕਰਨ ਦਾ ਢੰਗ ਇਕ-ਦੂਜੇ ਤੋਂ ਅਲੱਗ ਹੈ, ਝਗੜਿਆਂ ਨੂੰ ਰੋਕ ਸਕਦਾ ਹੈ।
ਇਹ ਵੀ ਯਾਦ ਰੱਖੋ ਕਿ ਝਗੜਾ ਸਿਰਫ਼ ਉੱਚੀ ਆਵਾਜ਼ ਵਿਚ ਹੀ ਨਹੀਂ ਕੀਤਾ ਜਾਂਦਾ। ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: ‘ਰੌਲਾ ਅਤੇ ਦੁਰਬਚਨ ਤੁਹਾਥੋਂ ਦੂਰ ਹੋਵੇ।’ (ਅਫ਼ਸੀਆਂ 4:31) “ਰੌਲਾ” ਉੱਚੀ ਆਵਾਜ਼ ਨੂੰ ਸੰਕੇਤ ਕਰਦਾ ਹੈ ਜਦ ਕਿ “ਦੁਰਬਚਨ” ਤੁਹਾਡੀ ਕਹੀ ਗੱਲ ਨੂੰ। ਕਹਿਣ ਦਾ ਮਤਲਬ ਕਿ ਬਹਿਸ ਕਰਨ ਵਾਲੇ ਹੌਲੀ ਆਵਾਜ਼ ਵਿਚ ਵੀ ਬਹਿਸ ਕਰ ਲੈਂਦੇ ਹਨ। ਭਾਵੇਂ ਤੁਸੀਂ ਉੱਚੀ ਨਾ ਵੀ ਬੋਲੋ, ਫਿਰ ਵੀ ਤੁਹਾਡੀਆਂ ਚੁਭਵੀਆਂ ਗੱਲਾਂ ਤੋਂ ਤੁਹਾਡਾ ਸਾਥੀ ਖਿੱਝ ਸਕਦਾ ਹੈ।
ਇਨ੍ਹਾਂ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ ਦੁਬਾਰਾ ਸੋਚੋ ਕਿ ਤੁਸੀਂ ਆਪਸ ਵਿਚ ਮਤਭੇਦ ਕਿਵੇਂ ਸੁਲਝਾਉਂਦੇ ਹੋ। ਕੀ ਤੁਸੀਂ ਝਗੜਾਲੂ ਹੋ? ਅਸੀਂ ਦੇਖਿਆ ਹੈ ਕਿ ਇਸ ਸਵਾਲ ਦਾ ਸਹੀ ਜਵਾਬ ਤੁਹਾਡਾ ਸਾਥੀ ਦੇ ਸਕਦਾ ਹੈ। ਤੁਸੀਂ ਇਹ ਨਾ ਸੋਚੋ ਕਿ ‘ਮੇਰਾ ਸਾਥੀ ਤਾਂ ਹਰ ਗੱਲ ਵਿਚ ਰਾਈ ਦਾ ਪਹਾੜ ਬਣਾ ਲੈਂਦਾ ਹੈ।’ ਤੁਸੀਂ ਉਸ ਦੀਆਂ ਨਜ਼ਰਾਂ ਨਾਲ ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਕਰੋ ਅਤੇ ਜ਼ਰੂਰਤ ਪੈਣ ਤੇ ਆਪਣੇ ਆਪ ਨੂੰ ਸੁਧਾਰੋ। ਪੌਲੁਸ ਨੇ ਲਿਖਿਆ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”—1 ਕੁਰਿੰਥੀਆਂ 10:24.
“ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ”
ਮਤਭੇਦ ਪੈਦਾ ਹੋਣ ਤੇ ਯਿਸੂ ਦੀ ਇਹ ਸਲਾਹ ਲਾਗੂ ਕਰੋ: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।” (ਲੂਕਾ 8:18) ਇਹ ਸੱਚ ਹੈ ਕਿ ਇੱਥੇ ਯਿਸੂ ਪਤੀ-ਪਤਨੀ ਦੇ ਗੱਲਬਾਤ ਕਰਨ ਦੇ ਢੰਗ ਬਾਰੇ ਨਹੀਂ ਦੱਸ ਰਿਹਾ ਸੀ। ਫਿਰ ਵੀ, ਇਹ ਸਿਧਾਂਤ ਲਾਗੂ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਸਾਥੀ ਦੀ ਗੱਲ ਕਿੰਨੇ ਕੁ ਧਿਆਨ ਨਾਲ ਸੁਣਦੇ ਹੋ? ਕੀ ਤੁਸੀਂ ਸੁਣਦੇ ਵੀ ਹੋ? ਜਾਂ ਕੀ ਤੁਸੀਂ ਪੂਰੀ ਗੱਲ ਸੁਣੇ ਤੇ ਸਮਝੇ ਬਗੈਰ ਹੀ ਝੱਟ ਵਿੱਚੋਂ ਬੋਲ ਪੈਂਦੇ ਹੋ? ਬਾਈਬਲ ਵਿਚ ਲਿਖਿਆ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” (ਕਹਾਉਤਾਂ 18:13) ਜਦ ਮਤਭੇਦ ਪੈਦਾ ਹੁੰਦਾ ਹੈ, ਤਾਂ ਤੁਹਾਨੂੰ ਇਸ ਬਾਰੇ ਇਕ-ਦੂਜੇ ਨਾਲ ਗੱਲ ਕਰਨੀ ਅਤੇ ਧਿਆਨ ਨਾਲ ਇਕ-ਦੂਜੇ ਦੀ ਗੱਲ ਸੁਣਨੀ ਵੀ ਚਾਹੀਦੀ ਹੈ।
ਆਪਣੇ ਸਾਥੀ ਦੀ ਗੱਲ ਐਵੇਂ ਨਾ ਸਮਝੋ ਬਲਕਿ “ਆਪੋ ਵਿੱਚੀਂ ਦਰਦੀ ਬਣੋ।” (1 ਪਤਰਸ 3:8) ਹਾਂ, ਇਕ-ਦੂਜੇ ਦਾ ਦੁੱਖ ਸਮਝੋ। ਜੇ ਤੁਹਾਡਾ ਸਾਥੀ ਕਿਸੇ ਗੱਲ ਕਰਕੇ ਦੁਖੀ ਹੈ, ਤਾਂ ਤੁਹਾਨੂੰ ਵੀ ਉਸ ਦਾ ਦੁੱਖ ਮਹਿਸੂਸ ਕਰਨਾ ਚਾਹੀਦਾ ਹੈ। ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ।
ਇਸਹਾਕ ਨੇ ਇਸੇ ਤਰ੍ਹਾਂ ਕੀਤਾ ਸੀ। ਬਾਈਬਲ ਦੱਸਦੀ ਹੈ ਕਿ ਉਸ ਦੀ ਪਤਨੀ ਰਿਬਕਾਹ ਆਪਣੇ ਪੁੱਤਰ ਯਾਕੂਬ ਬਾਰੇ ਬਹੁਤ ਹੀ ਪਰੇਸ਼ਾਨ ਸੀ। ਉਸ ਨੇ ਇਸਹਾਕ ਨੂੰ ਕਿਹਾ: “ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?”—ਉਤਪਤ 27:46.
ਇਹ ਸੱਚ ਹੈ ਕਿ ਰਿਬਕਾਹ ਨੇ ਸ਼ਾਇਦ ਆਪਣੀ ਪਰੇਸ਼ਾਨੀ ਵਧਾ-ਚੜ੍ਹਾ ਕੇ ਦੱਸੀ ਹੋਵੇ। ਕੀ ਉਹ ਸੱਚ-ਮੁੱਚ ਜ਼ਿੰਦਗੀ ਤੋਂ ਅੱਕ ਗਈ ਸੀ? ਜੇ ਉਸ ਦਾ ਪੁੱਤਰ ਹੇਥ ਦੀ ਕਿਸੇ ਧੀ ਨਾਲ ਵਿਆਹ ਕਰਾ ਲੈਂਦਾ, ਤਾਂ ਕੀ ਉਸ ਨੇ ਸੱਚ-ਮੁੱਚ ਮਰ ਜਾਣਾ ਸੀ? ਨਹੀਂ, ਪਰ ਇਸਹਾਕ ਨੇ ਉਸ ਦੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਸਮਝਿਆ। ਉਸ ਨੇ ਦੇਖਿਆ ਕਿ ਰਿਬਕਾਹ ਦੀ ਗੱਲ ਠੀਕ ਸੀ ਅਤੇ ਉਸ ਨੇ ਉਸ ਦੀ ਪਰੇਸ਼ਾਨੀ ਦੂਰ ਕਰਨ ਲਈ ਕੁਝ ਕੀਤਾ। (ਉਤਪਤ 28:1) ਤੁਸੀਂ ਵੀ ਇਸਹਾਕ ਦੀ ਰੀਸ ਕਰ ਸਕਦੇ ਹੋ। ਅਗਲੀ ਵਾਰ ਜਦ ਤੁਹਾਡਾ ਸਾਥੀ ਕਿਸੇ ਗੱਲ ਕਰਕੇ ਪਰੇਸ਼ਾਨ ਹੋਵੇ, ਤਾਂ ਉਸ ਦੀ ਗੱਲ ਧਿਆਨ ਨਾਲ ਸੁਣੋ, ਸਮਝੋ ਅਤੇ ਪਿਆਰ ਨਾਲ ਉਸ ਦੀ ਪਰੇਸ਼ਾਨੀ ਦੂਰ ਕਰਨ ਲਈ ਕੁਝ ਕਰੋ।
ਸੁਣੋ ਅਤੇ ਸਮਝੋ
ਬਾਈਬਲ ਸਮਝਦਾਰ ਇਨਸਾਨ ਬਾਰੇ ਕਹਿੰਦੀ ਹੈ: “ਸਮਝਦਾਰ ਛੇਤੀ ਭੜਕਦਾ ਨਹੀਂ।” (ਕਹਾਉਤਾਂ 19:11) ਝਗੜਾ ਕਰਦੇ ਹੋਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਬਹੁਤ ਸੌਖਾ ਹੈ। ਪਰ ਇਸ ਨਾਲ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ। ਇਸ ਲਈ, ਜਦ ਤੁਹਾਡਾ ਸਾਥੀ ਗੱਲ ਕਰਦਾ ਹੈ, ਤਾਂ ਸਿਰਫ਼ ਉਸ ਦੇ ਸ਼ਬਦਾਂ ਨੂੰ ਹੀ ਨਾ ਸੁਣੋ, ਸਗੋਂ ਸ਼ਬਦਾਂ ਦੇ ਪਿੱਛੇ ਉਸ ਦੇ ਜਜ਼ਬਾਤਾਂ ਨੂੰ ਵੀ ਸਮਝੋ। ਇਸ ਤਰ੍ਹਾਂ ਤੁਸੀਂ ਆਪਣੇ ਸਾਥੀ ਦਾ ਗੁੱਸਾ ਹੀ ਨਹੀਂ ਦੇਖੋਗੇ, ਸਗੋਂ ਇਹ ਵੀ ਦੇਖੋਗੇ ਕਿ ਉਹ ਕਿਉਂ ਗੁੱਸੇ ਵਿਚ ਹੈ।
ਮਿਸਾਲ ਲਈ, ਸ਼ਾਇਦ ਤੁਹਾਡੀ ਪਤਨੀ ਕਹੇ, “ਤੁਸੀਂ ਮੇਰੇ ਲਈ ਕਦੇ ਸਮਾਂ ਨਹੀਂ ਕੱਢਦੇ!” ਤੁਸੀਂ ਸ਼ਾਇਦ ਖਿੱਝ ਕੇ ਜਵਾਬ ਦਿਓ: “ਪਿੱਛਲੇ ਮਹੀਨੇ ਮੈਂ ਪੂਰਾ ਦਿਨ ਤੇਰੇ ਨਾਲ ਗੁਜ਼ਾਰਿਆ ਸੀ!” ਪਰ ਜੇ ਤੁਸੀਂ ਧਿਆਨ ਨਾਲ ਸੁਣੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਪਤਨੀ ਮਿੰਟਾਂ ਜਾਂ ਘੰਟਿਆਂ ਦੀ ਗੱਲ ਨਹੀਂ ਕਰ ਰਹੀ। ਉਹ ਸ਼ਾਇਦ ਭਰੋਸਾ ਚਾਹੁੰਦੀ ਹੋਵੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਉਸ ਨੂੰ ਸ਼ਾਇਦ ਲੱਗਦਾ ਹੋਵੇ ਕਿ ਤੁਸੀਂ ਉਸ ਨੂੰ ਪਿਆਰ ਨਹੀਂ ਕਰਦੇ।
ਫ਼ਰਜ਼ ਕਰੋ ਕਿ ਤੁਸੀਂ ਇਕ ਪਤਨੀ ਹੋ ਅਤੇ ਤੁਹਾਡਾ ਪਤੀ ਤੁਹਾਡੀ ਕਿਸੇ ਖ਼ਰੀਦੀ ਚੀਜ਼ ਬਾਰੇ ਪਰੇਸ਼ਾਨ ਹੋ ਕੇ ਕਹੇ: “ਤੂੰ ਇੰਨੇ ਪੈਸੇ ਕਿਉਂ ਖ਼ਰਚੇ?” ਤੁਸੀਂ ਸ਼ਾਇਦ ਦੱਸੋ ਕਿ ਹੋਰ ਚੀਜ਼ਾਂ ਤੇ ਵੀ ਤਾਂ ਪੈਸੇ ਖ਼ਰਚੀਦੇ ਹੈ ਜਾਂ ਕਹੋ ਕਿ ਉਸ ਨੇ ਵੀ ਤਾਂ ਇਕ ਵਾਰ ਇੰਨੇ ਪੈਸੇ ਖ਼ਰਚੇ ਸਨ। ਪਰ ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਉਹ ਸ਼ਾਇਦ ਰੁਪਏ-ਪੈਸੇ ਬਾਰੇ ਗੱਲ ਨਾ ਕਰ ਰਿਹਾ ਹੋਵੇ। ਸ਼ਾਇਦ ਉਸ ਨੂੰ ਇਸ ਗੱਲ ਦਾ ਦੁੱਖ ਹੋਵੇ ਕਿ ਇੰਨਾ ਪੈਸਾ ਖ਼ਰਚਣ ਤੋਂ ਪਹਿਲਾਂ ਉਸ ਦੀ ਸਲਾਹ ਨਹੀਂ ਲਈ ਗਈ ਸੀ।
ਇਹ ਹਰ ਵਿਆਹੁਤਾ ਜੋੜੇ ਦੇ ਹਾਲਾਤਾਂ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਇਕੱਠੇ ਗੁਜ਼ਾਰਨਗੇ ਜਾਂ ਕਿੰਨਾ ਖ਼ਰਚਾ ਕਰਨਗੇ। ਪਰ ਜਦ ਅਜਿਹੀਆਂ ਗੱਲਾਂ ਕਰਕੇ ਝਗੜਾ ਸ਼ੁਰੂ ਹੋ ਜਾਂਦਾ ਹੈ, ਤਾਂ ਆਪਣੇ ਸਾਥੀ ਦੇ ਜਜ਼ਬਾਤਾਂ ਨੂੰ ਸਮਝਣ ਨਾਲ ਤੁਸੀਂ ਸ਼ਾਂਤ ਰਹਿ ਸਕੋਗੇ ਅਤੇ ਅਸਲੀ ਮਸਲੇ ਦਾ ਹੱਲ ਲੱਭ ਸਕੋਗੇ। ਇਕਦਮ ਗੁੱਸੇ ਹੋਣ ਦੀ ਬਜਾਇ ਬਾਈਬਲ ਦੀ ਇਹ ਸਲਾਹ ਲਾਗੂ ਕਰੋ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।”—ਯਾਕੂਬ 1:19.
ਯਾਦ ਰੱਖੋ ਕਿ ਗੱਲ ਕਰਨ ਦੇ ਢੰਗ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਾਈਬਲ ਵਿਚ ਲਿਖਿਆ ਹੈ: “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਜਦ ਤੁਸੀਂ ਕਿਸੇ ਗੱਲ ਨਾਲ ਅਸਹਿਮਤ ਹੁੰਦੇ ਹੋ, ਤਾਂ ਕੀ ਤੁਹਾਡੇ ਸ਼ਬਦ ਦੁੱਖ ਦਿੰਦੇ ਹਨ ਜਾਂ ਚੰਗਾ ਕਰਦੇ ਹਨ? ਕੀ ਤੁਹਾਡੇ ਲਫ਼ਜ਼ ਮੇਲ-ਮਿਲਾਪ ਲਈ ਰਾਹ ਤਿਆਰ ਕਰਦੇ ਹਨ ਜਾਂ ਕੰਧਾਂ ਖੜ੍ਹੀਆਂ ਕਰਦੇ ਹਨ? ਜਿਵੇਂ ਅਸੀਂ ਦੇਖ ਚੁੱਕੇ ਹਾਂ, ਗੁੱਸੇ ਵਿਚ ਜਵਾਬ ਦੇਣ ਨਾਲ ਲੜਾਈ-ਝਗੜੇ ਸ਼ੁਰੂ ਹੁੰਦੇ ਹਨ।—ਕਹਾਉਤਾਂ 29:22.
ਜੇ ਤੁਸੀਂ ਕੌੜੇ ਸ਼ਬਦਾਂ ਨਾਲ ਇਕ-ਦੂਜੇ ਤੇ ਵਾਰ ਕਰਨੇ ਸ਼ੁਰੂ ਕਰ ਦਿੰਦੇ ਹੋ, ਤਾਂ ਅਸਲੀ ਮੁੱਦੇ ਨੂੰ ਯਾਦ ਰੱਖਣ ਦੀ ਕਹਾਉਤਾਂ 15:1) ਤੁਹਾਡਾ ਸਾਥੀ ਤੁਹਾਡੀ ਗੱਲ ਮੰਨੇਗਾ ਕਿ ਨਹੀਂ, ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਅਤੇ ਕਿਸ ਤਰ੍ਹਾਂ ਕਹਿੰਦੇ ਹੋ।
ਕੋਸ਼ਿਸ਼ ਕਰੋ। ਇਕ-ਦੂਜੇ ਤੇ ਵਾਰ ਕਰਨ ਦੀ ਬਜਾਇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਆਪਣੀ ਗੱਲ ਤੇ ਅੜੇ ਨਾ ਰਹੋ, ਸਗੋਂ ਉਹ ਕਰੋ ਜੋ ਸਹੀ ਹੈ। ਧਿਆਨ ਰੱਖੋ ਕਿ ਤੁਹਾਡੇ ਲਫ਼ਜ਼ ਬਲਦੀ ਤੇ ਤੇਲ ਨਾ ਪਾਉਣ। ਬਾਈਬਲ ਕਹਿੰਦੀ ਹੈ: “ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਝਗੜਾ ਜਿੱਤਣ ਦੀ ਬਜਾਇ ਮਸਲਾ ਸੁਲਝਾਓ
ਸਾਡਾ ਇਰਾਦਾ ਝਗੜਾ ਜਿੱਤਣਾ ਨਹੀਂ, ਬਲਕਿ ਮਸਲੇ ਦਾ ਹੱਲ ਲੱਭਣਾ ਹੋਣਾ ਚਾਹੀਦਾ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਬਾਈਬਲ ਦੀ ਸਲਾਹ ਲਓ ਤੇ ਫਿਰ ਉਸ ਨੂੰ ਲਾਗੂ ਕਰੋ। ਪਤੀਆਂ ਨੂੰ ਇਸ ਵਿਚ ਪਹਿਲ ਕਰਨੀ ਚਾਹੀਦੀ ਹੈ। ਜਦ ਕੋਈ ਮਸਲਾ ਪੈਦਾ ਹੁੰਦਾ ਹੈ, ਤਾਂ ਝਟਪਟ ਆਪਣੀ ਰਾਇ ਦੇਣ ਦੀ ਬਜਾਇ ਯਹੋਵਾਹ ਦੀ ਰਾਇ ਪਤਾ ਕਰਨ ਦੀ ਕੋਸ਼ਿਸ਼ ਕਰੋ। ਉਸ ਨੂੰ ਪ੍ਰਾਰਥਨਾ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਪਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। (ਅਫ਼ਸੀਆਂ 6:18; ਫ਼ਿਲਿੱਪੀਆਂ 4:6, 7) ਤੁਸੀਂ ਆਪਣੇ ਹੀ ਫ਼ਾਇਦੇ ਬਾਰੇ ਨਾ ਸੋਚੋ, ਪਰ ਆਪਣੇ ਸਾਥੀ ਬਾਰੇ ਵੀ ਸੋਚੋ।—ਫ਼ਿਲਿੱਪੀਆਂ 2:4.
ਉਦੋਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਾਥੀ ਦੀ ਗੱਲ ਨੂੰ ਦਿਲ ਤੇ ਲਾ ਲੈਂਦੇ ਹੋ ਅਤੇ ਆਪਣੇ ਦਿਲ ਦੇ ਜ਼ਖ਼ਮ ਨੂੰ ਛੇੜੀ ਜਾਂਦੇ ਹੋ। ਦੂਜੇ ਪਾਸੇ, ਜੇ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਕਰੋਗੇ, ਤਾਂ ਤੁਸੀਂ ਸੁਲ੍ਹਾ ਕਰ ਸਕੋਗੇ ਅਤੇ ਤੁਹਾਨੂੰ ਸ਼ਾਂਤੀ ਅਤੇ ਯਹੋਵਾਹ ਦੀ ਬਰਕਤ ਮਿਲੇਗੀ। (2 ਕੁਰਿੰਥੀਆਂ 13:11) ਇਸ ਲਈ “ਜਿਹੜੀ ਬੁੱਧ ਉੱਪਰੋਂ ਹੈ” ਉਸ ਮੁਤਾਬਕ ਚੱਲੋ, ਚੰਗੇ ਗੁਣ ਦਿਖਾਓ ਅਤੇ “ਮੇਲ ਕਰਾਉਣ” ਵਾਲੇ ਬਣ ਕੇ ਘਰ ਦੀ ਸ਼ਾਂਤੀ ਬਰਕਰਾਰ ਰੱਖੋ।—ਯਾਕੂਬ 3:17, 18.
ਸਾਨੂੰ ਸਾਰਿਆਂ ਨੂੰ ਮਤਭੇਦ ਸੁਲਝਾਉਣੇ ਸਿੱਖਣੇ ਚਾਹੀਦੇ ਹਨ, ਭਾਵੇਂ ਇਸ ਲਈ ਸਾਨੂੰ ਆਪਣੀ ਗੱਲ ਛੱਡਣੀ ਪਵੇ। (1 ਕੁਰਿੰਥੀਆਂ 6:7) ਪੌਲੁਸ ਦੀ ਸਲਾਹ ਲਾਗੂ ਕਰੋ ਕਿ ਤੁਸੀਂ ‘ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟੋ ਅਤੇ ਨਵੀਂ ਨੂੰ ਪਹਿਨ ਲਓ।’—ਕੁਲੁੱਸੀਆਂ 3:8-10.
ਪਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕਦੀ-ਕਦਾਈਂ ਤੁਸੀਂ ਅਜਿਹੀ ਗੱਲ ਕਹਿ ਦੇਵੋਗੇ ਜਿਸ ਕਰਕੇ ਤੁਸੀਂ ਬਾਅਦ ਵਿਚ ਪਛਤਾਓ। (ਯਾਕੂਬ 3:8) ਇਹ ਹੋਣ ਤੇ ਆਪਣੇ ਸਾਥੀ ਤੋਂ ਮਾਫ਼ੀ ਮੰਗੋ। ਮਤਭੇਦ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੋ। ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਮਤਭੇਦਾਂ ਨੂੰ ਸ਼ਾਂਤੀ ਨਾਲ ਸੁਲਝਾਉਣਾ ਸਿੱਖ ਜਾਓਗੇ।
[ਡੱਬੀ/ਸਫ਼ੇ 22 ਉੱਤੇ ਤਸਵੀਰ]
ਮਤਭੇਦ ਸੁਲਝਾਉਣ ਦੇ ਤਿੰਨ ਕਦਮ
• ਆਪਣੇ ਸਾਥੀ ਦੀ ਗੱਲ ਸੁਣੋ। ਕਹਾਉਤਾਂ 10:19
• ਉਸ ਦੀ ਗੱਲ ਨੂੰ ਸਮਝੋ। ਫ਼ਿਲਿੱਪੀਆਂ 2:4
• ਪਿਆਰ ਨਾਲ ਪੇਸ਼ ਆਓ। 1 ਕੁਰਿੰਥੀਆਂ 13:4-7
[ਡੱਬੀ/ਸਫ਼ੇ 23 ਉੱਤੇ ਤਸਵੀਰ]
ਤੁਸੀਂ ਹੁਣ ਕੀ ਕਰ ਸਕਦੇ ਹੋ?
ਆਪਣੇ ਸਾਥੀ ਤੋਂ ਹੇਠਾਂ ਦਿੱਤੇ ਸਵਾਲ ਪੁੱਛੋ ਅਤੇ ਗੱਲ ਟੋਕੇ ਬਿਨਾਂ ਉਸ ਦੇ ਜਵਾਬ ਸੁਣੋ। ਫਿਰ ਤੁਹਾਡਾ ਸਾਥੀ ਇਹ ਸਵਾਲ ਤੁਹਾਡੇ ਤੋਂ ਵੀ ਪੁੱਛ ਸਕਦਾ ਹੈ।
• ਕੀ ਮੈਂ ਝਗੜਾਲੂ ਹਾਂ?
• ਕੀ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਹਾਂ ਜਾਂ ਕੀ ਤੁਹਾਡੀ ਗੱਲ ਖ਼ਤਮ ਹੋਣ ਤੋਂ ਪਹਿਲਾਂ ਹੀ ਵਿੱਚੋਂ ਬੋਲ ਪੈਂਦਾ ਹਾਂ?
• ਕੀ ਮੇਰੇ ਲਫ਼ਜ਼ ਤੁਹਾਨੂੰ ਗੁੱਸੇ ਭਰੇ ਲੱਗਦੇ ਹਨ? ਕੀ ਮੈਂ ਆਪਣੇ ਸ਼ਬਦਾਂ ਰਾਹੀਂ ਤੁਹਾਨੂੰ ਦੁੱਖ ਪਹੁੰਚਾਉਂਦਾ ਹਾਂ?
• ਅਸੀਂ ਦੋਵੇਂ ਗੱਲਬਾਤ ਕਰਨ ਦੇ ਢੰਗ ਨੂੰ ਕਿਵੇਂ ਸੁਧਾਰ ਸਕਦੇ ਹਾਂ, ਖ਼ਾਸ ਕਰਕੇ ਜਦ ਅਸੀਂ ਕਿਸੇ ਗੱਲ ਉੱਤੇ ਸਹਿਮਤ ਨਹੀਂ ਹੁੰਦੇ?
[ਸਫ਼ੇ 21 ਉੱਤੇ ਤਸਵੀਰ]
ਕੀ ਤੁਸੀਂ ਸੁਣਦੇ ਹੋ?
[ਸਫ਼ੇ 22 ਉੱਤੇ ਤਸਵੀਰ]
“ਤੁਸੀਂ ਮੈਨੂੰ ਪਿਆਰ ਨਹੀਂ ਕਰਦੇ”
[ਸਫ਼ੇ 22 ਉੱਤੇ ਤਸਵੀਰ]
“ਤੁਸੀਂ ਮੇਰੇ ਲਈ ਕਦੇ ਸਮਾਂ ਨਹੀਂ ਕੱਢਦੇ!”
[ਸਫ਼ੇ 22 ਉੱਤੇ ਤਸਵੀਰ]
“ਪਿੱਛਲੇ ਮਹੀਨੇ ਮੈਂ ਪੂਰਾ ਦਿਨ ਤੇਰੇ ਨਾਲ ਗੁਜ਼ਾਰਿਆ ਸੀ!”