ਮੈਂ ਯਹੋਵਾਹ ਉੱਤੇ ਭਰੋਸਾ ਕੀਤਾ
ਜੀਵਨੀ
ਮੈਂ ਯਹੋਵਾਹ ਉੱਤੇ ਭਰੋਸਾ ਕੀਤਾ
ਆਨਾ ਡੈਂਟਸ ਟਰਪਨ ਦੀ ਜ਼ਬਾਨੀ
“ਤੇਰੀ ਜ਼ਬਾਨ ਤੇ ਤਾਂ ਬਸ ‘ਕਿਉਂ’ ਰਹਿੰਦਾ ਹੈ!” ਮਾਤਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ। ਛੋਟੀ ਹੁੰਦੀ ਮੈਂ ਆਪਣੇ ਮਾਪਿਆਂ ਤੋਂ ਸਵਾਲ ਪੁੱਛਦੀ ਰਹਿੰਦੀ ਸੀ। ਪਰ ਉਨ੍ਹਾਂ ਨੇ ਮੇਰੇ ਸਵਾਲ ਪੁੱਛਣ ਤੇ ਕਦੀ ਝਿੜਕਿਆ ਨਹੀਂ। ਇਸ ਦੀ ਬਜਾਇ ਉਨ੍ਹਾਂ ਨੇ ਮੈਨੂੰ ਸੋਚਣਾ ਤੇ ਬਾਈਬਲ-ਸਿੱਖਿਅਤ ਜ਼ਮੀਰ ਦੇ ਆਧਾਰ ਤੇ ਆਪ ਫ਼ੈਸਲੇ ਕਰਨੇ ਸਿਖਾਏ। ਉਨ੍ਹਾਂ ਦੀ ਦਿੱਤੀ ਸਿੱਖਿਆ ਮੇਰੇ ਬਹੁਤ ਕੰਮ ਆਈ! ਜਦੋਂ ਮੈਂ 14 ਸਾਲਾਂ ਦੀ ਸੀ, ਤਾਂ ਇਕ ਦਿਨ ਨਾਜ਼ੀ ਮੇਰੇ ਮਾਪਿਆਂ ਨੂੰ ਮੇਰੇ ਤੋਂ ਖੋਹ ਕੇ ਲੈ ਗਏ। ਉਸ ਤੋਂ ਬਾਅਦ ਮੈਂ ਦੁਬਾਰਾ ਆਪਣੇ ਮਾਪਿਆਂ ਨੂੰ ਨਹੀਂ ਦੇਖਿਆ।
ਮੇਰੇ ਪਿਤਾ ਜੀ, ਓਸਕਾਰ ਡੈਂਟਸ ਤੇ ਮੇਰੇ ਮਾਤਾ ਜੀ ਆਨਾ ਮਾਰੀਆ ਸਵਿਟਜ਼ਰਲੈਂਡ ਦੇ ਬਾਰਡਰ ਨੇੜੇ ਜਰਮਨੀ ਦੇ ਸ਼ਹਿਰ ਲੋਰਾਕ ਵਿਚ ਰਹਿੰਦੇ ਸਨ। ਜਵਾਨੀ ਦੇ ਦਿਨਾਂ ਵਿਚ ਉਹ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਕਰਦੇ ਸਨ ਜਿਸ ਕਰਕੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਨ੍ਹਾਂ ਦਾ ਆਦਰ-ਮਾਣ ਕਰਦੇ ਸਨ। ਪਰ 1922 ਵਿਚ ਮੇਰੇ ਮਾਪਿਆਂ ਨੇ ਆਪਣੇ ਵਿਆਹ ਤੋਂ ਕੁਝ ਸਮੇਂ ਬਾਅਦ ਰਾਜਨੀਤੀ ਸੰਬੰਧੀ ਆਪਣੇ ਵਿਚਾਰ ਅਤੇ ਜ਼ਿੰਦਗੀ ਦਾ ਮਕਸਦ ਬਦਲ ਲਿਆ। ਮਾਤਾ ਜੀ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਏ। ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਸ਼ਾਂਤੀ ਕਾਇਮ ਕਰੇਗਾ। ਜਲਦੀ ਹੀ ਪਿਤਾ ਜੀ ਵੀ ਅਧਿਐਨ ਕਰਨ ਲੱਗ ਪਏ ਅਤੇ ਉਨ੍ਹਾਂ ਦੋਵਾਂ ਨੇ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਸ ਸਾਲ ਪਿਤਾ ਜੀ ਨੇ ਕ੍ਰਿਸਮਸ ਦੇ ਤੋਹਫ਼ੇ ਵਿਚ ਮਾਤਾ ਜੀ ਨੂੰ ਬਾਈਬਲ-ਆਧਾਰਿਤ ਇਕ ਕਿਤਾਬ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਦਿੱਤੀ। ਮੈਂ ਆਪਣੇ ਮਾਪਿਆਂ ਦੀ ਇੱਕੋ-ਇਕ ਸੰਤਾਨ ਸੀ ਤੇ ਮੇਰਾ ਜਨਮ 25 ਮਾਰਚ 1923 ਨੂੰ ਹੋਇਆ ਸੀ।
ਆਪਣੇ ਮਾਪਿਆਂ ਨਾਲ ਬਿਤਾਏ ਸਮੇਂ ਦੀਆਂ ਮਿੱਠੀਆਂ ਯਾਦਾਂ ਅਜੇ ਵੀ ਮੇਰੇ ਮਨ ਵਿਚ ਤਾਜ਼ਾ ਹਨ।
ਅਸੀਂ ਗਰਮੀਆਂ ਦੇ ਦਿਨਾਂ ਵਿਚ ਬਲੈਕ ਫਾਰੈਸਟ ਨਾਂ ਦੇ ਸ਼ਾਂਤਮਈ ਜੰਗਲਾਂ ਵਿਚ ਸੈਰ ਕਰਨ ਜਾਂਦੇ ਹੁੰਦੇ ਸੀ। ਮਾਤਾ ਜੀ ਮੈਨੂੰ ਖਾਣਾ ਪਕਾਉਣਾ ਤੇ ਘਰ ਦੇ ਹੋਰ ਕੰਮ-ਕਾਰ ਕਰਨੇ ਸਿਖਾਉਂਦੇ ਸੀ। ਸਭ ਤੋਂ ਜ਼ਰੂਰੀ ਚੀਜ਼ ਮੇਰੇ ਮਾਪਿਆਂ ਨੇ ਮੈਨੂੰ ਜੋ ਸਿਖਾਈ ਉਹ ਸੀ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਨਾ ਅਤੇ ਉਸ ਤੇ ਭਰੋਸਾ ਰੱਖਣਾ।ਸਾਡੀ ਕਲੀਸਿਯਾ ਵਿਚ ਤਕਰੀਬਨ 40 ਜੋਸ਼ੀਲੇ ਰਾਜ ਪ੍ਰਚਾਰਕ ਸਨ। ਮੇਰੇ ਮਾਪੇ ਹਰ ਮੌਕੇ ਤੇ ਦੂਸਰਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਬਾਤ ਸ਼ੁਰੂ ਕਰਨ ਵਿਚ ਮਾਹਰ ਸਨ। ਕਿਉਂਕਿ ਉਹ ਪਹਿਲਾਂ ਕਾਫ਼ੀ ਸਮਾਜ ਸੇਵਾ ਕਰਦੇ ਰਹੇ ਸਨ, ਇਸ ਲਈ ਉਨ੍ਹਾਂ ਨੂੰ ਲੋਕਾਂ ਨਾਲ ਗੱਲ ਕਰਨ ਵਿਚ ਕੋਈ ਦਿੱਕਤ ਨਹੀਂ ਆਉਂਦੀ ਸੀ ਤੇ ਲੋਕ ਵੀ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਸਨ। ਜਦੋਂ ਮੈਂ ਸੱਤਾਂ ਸਾਲਾਂ ਦੀ ਹੋਈ, ਤਾਂ ਮੈਂ ਵੀ ਘਰ-ਘਰ ਪ੍ਰਚਾਰ ਕਰਨਾ ਚਾਹੁੰਦੀ ਸੀ। ਪਹਿਲੇ ਦਿਨ ਮੇਰੇ ਨਾਲ ਪ੍ਰਚਾਰ ਕਰ ਰਹੀ ਭੈਣ ਨੇ ਮੈਨੂੰ ਕੁਝ ਕਿਤਾਬਾਂ ਦੇ ਕੇ ਇਕ ਘਰ ਵੱਲ ਇਸ਼ਾਰਾ ਕੀਤਾ ਤੇ ਕਿਹਾ, “ਜਾ ਤੇ ਉੱਥੇ ਰਹਿਣ ਵਾਲਿਆਂ ਤੋਂ ਪੁੱਛ ਕਿ ਉਨ੍ਹਾਂ ਨੂੰ ਇਹ ਕਿਤਾਬਾਂ ਚਾਹੀਦੀਆਂ ਹਨ ਜਾਂ ਨਹੀਂ।” ਸਾਲ 1931 ਵਿਚ ਅਸੀਂ ਸਵਿਟਜ਼ਰਲੈਂਡ ਦੇ ਬਾਜ਼ਲ ਸ਼ਹਿਰ ਵਿਚ ਬਾਈਬਲ ਸਟੂਡੈਂਟਸ ਦੇ ਇਕ ਸੰਮੇਲਨ ਵਿਚ ਗਏ। ਉੱਥੇ ਮੇਰੇ ਮਾਤਾ-ਪਿਤਾ ਨੇ ਬਪਤਿਸਮਾ ਲੈ ਲਿਆ।
ਗੜਬੜੀ ਦਾ ਮਾਹੌਲ ਤੇ ਤਾਨਾਸ਼ਾਹੀ ਰਾਜ
ਉਨ੍ਹੀਂ ਦਿਨੀਂ ਜਰਮਨੀ ਵਿਚ ਬੜੀ ਗੜਬੜੀ ਫੈਲੀ ਹੋਈ ਸੀ ਅਤੇ ਕਈ ਰਾਜਨੀਤਿਕ ਧੜਿਆਂ ਵਿਚ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਇਕ ਰਾਤ ਮੈਂ ਗੁਆਂਢੀਆਂ ਦੇ ਘਰੋਂ ਚੀਕਾਂ ਸੁਣ ਕੇ ਉੱਠ ਖੜ੍ਹੀ ਹੋਈ। ਦੋ ਮੁੰਡਿਆਂ ਨੇ ਆਪਣੇ ਵੱਡੇ ਭਰਾ ਨੂੰ ਤੰਗਲੀ ਨਾਲ ਮਾਰ ਦਿੱਤਾ ਸੀ ਕਿਉਂਕਿ ਉਹ ਉਸ ਦੇ ਰਾਜਨੀਤਿਕ ਵਿਚਾਰਾਂ ਨਾਲ ਸਹਿਮਤ ਨਹੀਂ ਸਨ। ਯਹੂਦੀਆਂ ਪ੍ਰਤੀ ਵੀ ਨਫ਼ਰਤ ਭੜਕ ਉੱਠੀ ਸੀ। ਸਕੂਲ ਵਿਚ ਇਕ ਕੁੜੀ ਨੂੰ ਇਕ ਕੋਨੇ ਵਿਚ ਖੜ੍ਹਾ ਰਹਿਣਾ ਪੈਂਦਾ ਸੀ ਕਿਉਂਕਿ ਉਹ ਯਹੂਦੀ ਸੀ। ਮੈਨੂੰ ਉਸ ਉੱਤੇ ਬਹੁਤ ਤਰਸ ਆਉਂਦਾ ਸੀ। ਪਰ ਉਸ ਵੇਲੇ ਜ਼ਰਾ ਵੀ ਮੇਰੇ ਚਿੱਤ-ਖ਼ਿਆਲ ਵਿਚ ਨਹੀਂ ਸੀ ਕਿ ਜਲਦੀ ਹੀ ਲੋਕ ਮੇਰੇ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਕਰਨਗੇ।
ਅਡੌਲਫ਼ ਹਿਟਲਰ 30 ਜਨਵਰੀ 1933 ਨੂੰ ਜਰਮਨੀ ਦਾ ਮੁੱਖ ਮੰਤਰੀ ਬਣਿਆ। ਆਪਣੇ ਘਰ ਤੋਂ ਕੁਝ ਦੂਰੀ ਤੇ ਅਸੀਂ ਨਾਜ਼ੀਆਂ ਨੂੰ ਬੜੇ ਮਾਣ ਨਾਲ ਸਿਟੀ ਹਾਲ ਤੇ ਆਪਣਾ ਸਵਾਸਤਿਕ ਝੰਡਾ ਲਹਿਰਾਉਂਦੇ ਦੇਖਿਆ। ਸਕੂਲ ਵਿਚ ਜੋਸ਼ ਨਾਲ ਭਰੇ ਸਾਡੇ ਟੀਚਰ ਨੇ ਸਾਨੂੰ “ਹਾਈਲ ਹਿਟਲਰ!” ਕਹਿਣਾ ਸਿਖਾਇਆ। ਦੁਪਹਿਰ ਨੂੰ ਮੈਂ ਇਸ ਬਾਰੇ ਪਿਤਾ ਜੀ ਨੂੰ ਦੱਸਿਆ। ਉਹ ਪਰੇਸ਼ਾਨ ਹੋ ਗਏ। ਉਨ੍ਹਾਂ ਨੇ ਕਿਹਾ, “ਇਹ ਠੀਕ ਨਹੀਂ ਹੈ। ‘ਹਾਈਲ’ ਦਾ ਮਤਲਬ ਹੈ ਮੁਕਤੀ। ਜੇ ਅਸੀਂ ‘ਹਾਈਲ ਹਿਟਲਰ’ ਕਹਿੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਮੁਕਤੀ ਯਹੋਵਾਹ ਨਹੀਂ, ਸਗੋਂ ਹਿਟਲਰ ਦੇਵੇਗਾ। ਮੈਨੂੰ ਲੱਗਦਾ ਹੈ ਕਿ ਇਹ ਨਾਅਰਾ ਲਾਉਣਾ ਗ਼ਲਤ ਹੈ, ਪਰ ਤੂੰ ਆਪ ਫ਼ੈਸਲਾ ਕਰ ਕਿ ਤੂੰ ਇਹ ਨਾਅਰਾ ਲਾਵੇਂਗੀ ਜਾਂ ਨਹੀਂ।”
ਮੈਂ ਹਾਈਲ ਹਿਟਲਰ ਨਾ ਕਹਿਣ ਦਾ ਫ਼ੈਸਲਾ ਕੀਤਾ ਜਿਸ ਕਰਕੇ ਮੇਰੇ ਜਮਾਤੀ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਏ। ਕੁਝ ਮੁੰਡਿਆਂ ਨੇ ਟੀਚਰਾਂ ਦੀ ਗ਼ੈਰ-ਮੌਜੂਦਗੀ ਵਿਚ ਮੈਨੂੰ ਕੁੱਟਿਆ ਵੀ। ਪਰ ਬਾਅਦ ਵਿਚ ਉਨ੍ਹਾਂ ਨੇ ਮੈਨੂੰ ਪਰੇਸ਼ਾਨ ਕਰਨਾ ਛੱਡ ਦਿੱਤਾ। ਮੇਰੀਆਂ
ਸਹੇਲੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾਵਾਂ ਨੇ ਉਨ੍ਹਾਂ ਨੂੰ ਮੇਰੇ ਨਾਲ ਖੇਡਣ ਤੋਂ ਵਰਜਿਆ ਸੀ ਕਿਉਂਕਿ ਮੈਂ ਬਹੁਤ ਖ਼ਤਰਨਾਕ ਕੁੜੀ ਸੀ।ਜਰਮਨੀ ਵਿਚ ਸੱਤਾ ਸੰਭਾਲਣ ਤੋਂ ਦੋ ਮਹੀਨਿਆਂ ਬਾਅਦ ਨਾਜ਼ੀਆਂ ਨੇ ਯਹੋਵਾਹ ਦੇ ਗਵਾਹਾਂ ਨੂੰ ਦੇਸ਼ ਲਈ ਖ਼ਤਰਾ ਕਰਾਰ ਦੇ ਕੇ ਉਨ੍ਹਾਂ ਤੇ ਪਾਬੰਦੀ ਲਾ ਦਿੱਤੀ। ਨਾਜ਼ੀ ਸਿਪਾਹੀਆਂ ਨੇ ਮੈਗਡੇਬਰਗ ਵਿਚ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਸਭਾਵਾਂ ਕਰਨ ਤੇ ਰੋਕ ਲਾ ਦਿੱਤੀ। ਪਰ ਕਿਉਂਕਿ ਅਸੀਂ ਬਾਰਡਰ ਦੇ ਨੇੜੇ ਰਹਿੰਦੇ ਸੀ, ਇਸ ਲਈ ਪਿਤਾ ਜੀ ਨੇ ਬਾਰਡਰ ਪਾਰ ਕਰ ਕੇ ਬਾਜ਼ਲ ਜਾਣ ਦਾ ਪਰਮਿਟ ਲੈ ਲਿਆ। ਅਸੀਂ ਬਾਜ਼ਲ ਵਿਚ ਐਤਵਾਰ ਨੂੰ ਸਭਾਵਾਂ ਵਿਚ ਜਾਂਦੇ ਹੁੰਦੇ ਸੀ। ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਕਾਸ਼ ਜਰਮਨੀ ਵਿਚ ਸਾਡੇ ਭਰਾ ਵੀ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਹੌਸਲੇ ਨਾਲ ਕਰਨ ਲਈ ਅਧਿਆਤਮਿਕ ਭੋਜਨ ਪ੍ਰਾਪਤ ਕਰ ਸਕਦੇ।
ਖ਼ਤਰੇ ਭਰੀਆਂ ਸੈਰਾਂ
ਮੈਗਡੇਬਰਗ ਬ੍ਰਾਂਚ ਆਫ਼ਿਸ ਬੰਦ ਹੋ ਜਾਣ ਤੋਂ ਬਾਅਦ ਉੱਥੇ ਕੰਮ ਕਰਨ ਵਾਲਾ ਭਰਾ ਯੂਲੀਉਸ ਰਿਫ਼ਲ ਆਪਣੇ ਸ਼ਹਿਰ ਲੋਰਾਕ ਵਾਪਸ ਆ ਗਿਆ। ਉਸ ਨੇ ਖ਼ਾਸ ਪ੍ਰਬੰਧ ਕੀਤੇ ਤਾਂਕਿ ਗਵਾਹ ਲੁਕ-ਛਿੱਪ ਕੇ ਪ੍ਰਚਾਰ ਦਾ ਕੰਮ ਜਾਰੀ ਰੱਖ ਸਕਣ। ਪਿਤਾ ਜੀ ਤੁਰੰਤ ਇਸ ਕੰਮ ਵਿਚ ਮਦਦ ਕਰਨ ਲਈ ਮੰਨ ਗਏ। ਉਨ੍ਹਾਂ ਨੇ ਮੈਨੂੰ ਤੇ ਮਾਤਾ ਜੀ ਨੂੰ ਬਿਠਾ ਕੇ ਸਮਝਾਇਆ ਕਿ ਉਨ੍ਹਾਂ ਨੇ ਸਵਿਟਜ਼ਰਲੈਂਡ ਤੋਂ ਜਰਮਨੀ ਵਿਚ ਬਾਈਬਲ ਸਾਹਿੱਤ ਲਿਆਉਣ ਲਈ ਹਾਂ ਕਹਿ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਬਹੁਤ ਹੀ ਖ਼ਤਰਨਾਕ ਸੀ ਅਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਪੁਲਸ ਗਿਰਫ਼ਤਾਰ ਕਰ ਸਕਦੀ ਸੀ। ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਉਹ ਸਾਡੇ ਤੇ ਦਬਾਅ ਨਹੀਂ ਪਾਉਣਾ ਚਾਹੁੰਦੇ ਸਨ ਕਿਉਂਕਿ ਇਹ ਕੰਮ ਸਾਡੇ ਲਈ ਵੀ ਬਹੁਤ ਖ਼ਤਰੇ ਭਰਿਆ ਸੀ। ਪਰ ਮਾਤਾ ਜੀ ਨੇ ਤੁਰੰਤ ਕਿਹਾ: “ਮੈਂ ਤੁਹਾਡੇ ਨਾਲ ਹਾਂ।” ਉਨ੍ਹਾਂ ਦੋਵਾਂ ਨੇ ਮੇਰੇ ਵੱਲ ਦੇਖਿਆ ਅਤੇ ਮੈਂ ਕਿਹਾ, “ਮੈਂ ਵੀ ਤੁਹਾਡੇ ਨਾਲ ਹਾਂ!”
ਮਾਤਾ ਜੀ ਨੇ ਪਹਿਰਾਬੁਰਜ ਰਸਾਲੇ ਦੇ ਨਾਪ ਦਾ ਇਕ ਪਰਸ ਬੁਣਿਆ। ਉਹ ਪਰਸ ਦੇ ਇਕ ਪਾਸੇ ਦੀ ਜੇਬ ਵਿਚ ਰਸਾਲਾ ਪਾ ਕੇ ਕਰੋਸ਼ੀਏ ਨਾਲ ਜੇਬ ਦਾ ਮੂੰਹ ਉੱਪਰੋਂ ਬੰਦ ਕਰ ਦਿੰਦੇ ਸਨ। ਉਨ੍ਹਾਂ ਨੇ ਪਿਤਾ ਜੀ ਦੇ ਕੱਪੜਿਆਂ ਵਿਚ ਵੀ ਚੋਰ ਜੇਬਾਂ ਬਣਾਈਆਂ। ਉਨ੍ਹਾਂ ਨੇ ਆਪਣੇ ਲਈ ਅਤੇ ਮੇਰੇ ਲਈ ਦੋ ਚੱਡੀਆਂ ਬੁਣੀਆਂ ਜਿਨ੍ਹਾਂ ਵਿਚ ਅਸੀਂ ਛੋਟੀਆਂ ਕਿਤਾਬਾਂ ਵਗੈਰਾ ਲੁਕੋ ਲੈਂਦੇ ਸੀ। ਹਰ ਵਾਰ ਜਦੋਂ ਅਸੀਂ ਸਾਹਿੱਤ ਲੈ ਕੇ ਸਹੀ-ਸਲਾਮਤ ਘਰ ਪਹੁੰਚਦੇ ਸੀ, ਤਾਂ ਅਸੀਂ ਸੁੱਖ ਦਾ ਸਾਹ ਲੈਂਦੇ ਸੀ ਤੇ ਯਹੋਵਾਹ ਦਾ ਧੰਨਵਾਦ ਕਰਦੇ ਸੀ। ਅਸੀਂ ਸਾਹਿੱਤ ਪੜਛੱਤੀ ਵਿਚ ਰੱਖ ਦਿੰਦੇ ਸੀ।
ਸ਼ੁਰੂ-ਸ਼ੁਰੂ ਵਿਚ ਨਾਜ਼ੀਆਂ ਨੂੰ ਸਾਡੇ ਤੇ ਸ਼ੱਕ ਨਾ ਹੋਇਆ। ਉਨ੍ਹਾਂ ਨੇ ਨਾ ਤਾਂ ਸਾਡੇ ਤੋਂ ਪੁੱਛ-ਪੜਤਾਲ ਕੀਤੀ ਤੇ ਨਾ ਸਾਡੇ ਘਰ ਦੀ ਤਲਾਸ਼ੀ ਲਈ। ਫਿਰ ਵੀ ਖ਼ਤਰੇ ਵਿਚ ਆਪਣੇ ਭਰਾਵਾਂ ਨੂੰ ਚੇਤਾਵਨੀ ਦੇਣ ਲਈ ਅਸੀਂ ਇਕ ਕੋਡ ਚੁਣਿਆ। ਸਾਡਾ ਕੋਡ ਸੀ 4711 ਜੋ ਕਿ ਇਕ ਮਸ਼ਹੂਰ ਸੈਂਟ ਦਾ ਨਾਂ ਸੀ। ਜੇ ਸਾਨੂੰ ਪਤਾ ਲੱਗਦਾ ਸੀ ਕਿ ਸਾਡੇ ਘਰ ਆਉਣ ਤੇ ਭਰਾਵਾਂ ਨੂੰ ਖ਼ਤਰਾ ਹੋ ਸਕਦਾ ਸੀ, ਤਾਂ ਅਸੀਂ ਕਿਸੇ-ਨ-ਕਿਸੇ ਤਰ੍ਹਾਂ ਇਹ ਕੋਡ ਵਰਤ ਕੇ ਉਨ੍ਹਾਂ ਨੂੰ ਖ਼ਬਰਦਾਰ ਕਰ ਦਿੰਦੇ ਸੀ। ਪਿਤਾ ਜੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਬਿਲਡਿੰਗ ਵਿਚ ਵੜਨ ਤੋਂ ਪਹਿਲਾਂ ਉਹ ਬੈਠਕ ਦੀਆਂ ਬਾਰੀਆਂ ਵੱਲ ਦੇਖ ਲੈਣ। ਜੇ ਖੱਬੀ ਬਾਰੀ ਖੁੱਲ੍ਹੀ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਕੋਈ ਖ਼ਤਰਾ ਸੀ ਤੇ ਉਹ ਅੰਦਰ ਨਾ ਆਉਣ।
ਸਾਲ 1936 ਅਤੇ 1937 ਵਿਚ ਗਸਤਾਪੋ ਨੇ ਹਜ਼ਾਰਾਂ ਗਵਾਹਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹਾਂ ਤੇ ਤਸ਼ੱਦਦ ਕੈਂਪਾਂ ਵਿਚ ਸੁੱਟ ਦਿੱਤਾ ਜਿੱਥੇ ਉਨ੍ਹਾਂ ਨੂੰ ਬਹੁਤ ਹੀ ਬੇਰਹਿਮੀ ਤੇ ਕਰੂਰਤਾ ਨਾਲ ਤਸੀਹੇ ਦਿੱਤੇ ਗਏ। ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਵਿਚ ਬ੍ਰਾਂਚ ਆਫ਼ਿਸ ਨੇ ਨਾਜ਼ੀਆਂ ਦੇ ਅਤਿਆਚਾਰਾਂ ਦਾ ਪਰਦਾ ਫ਼ਾਸ਼ ਕਰਨ ਲਈ ਇਕ ਕਿਤਾਬ ਮਸੀਹੀਅਤ ਵਿਰੁੱਧ ਅੰਦੋਲਨ (ਅੰਗ੍ਰੇਜ਼ੀ) ਲਿਖਣ ਵਾਸਤੇ ਰਿਪੋਰਟਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਕਿਤਾਬ ਵਾਸਤੇ ਤਸ਼ੱਦਦ ਕੈਂਪਾਂ ਵਿੱਚੋਂ ਵੀ ਰਿਪੋਰਟਾਂ ਚੋਰੀ ਘੱਲੀਆਂ ਗਈਆਂ। ਅਸੀਂ ਬਾਰਡਰ ਪਾਰ ਕਰ ਕੇ ਬਾਜ਼ਲ ਸ਼ਹਿਰ ਇਹ
ਖੁਫੀਆ ਰਿਪੋਰਟਾਂ ਲੈ ਜਾਣ ਦਾ ਖ਼ਤਰਨਾਕ ਕੰਮ ਕੀਤਾ। ਜੇ ਨਾਜ਼ੀਆਂ ਨੇ ਸਾਨੂੰ ਇਨ੍ਹਾਂ ਰਿਪੋਰਟਾਂ ਨਾਲ ਰੰਗੇ ਹੱਥੀਂ ਫੜ ਲਿਆ ਹੁੰਦਾ, ਤਾਂ ਸਾਨੂੰ ਉਸੇ ਵੇਲੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ। ਭਰਾਵਾਂ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਪੜ੍ਹ ਕੇ ਮੈਂ ਬਹੁਤ ਰੋਈ। ਪਰ ਮੈਂ ਡਰੀ ਨਹੀਂ। ਮੈਨੂੰ ਪੂਰਾ ਭਰੋਸਾ ਸੀ ਕਿ ਮੇਰੇ ਸਭ ਤੋਂ ਚੰਗੇ ਦੋਸਤ ਯਹੋਵਾਹ ਤੇ ਮੇਰੇ ਮਾਤਾ-ਪਿਤਾ ਮੈਨੂੰ ਸੰਭਾਲਣਗੇ।ਮੈਂ 14 ਸਾਲ ਦੀ ਉਮਰ ਤੇ ਆਪਣੀ ਸਕੂਲੀ ਪੜ੍ਹਾਈ ਖ਼ਤਮ ਕੀਤੀ ਅਤੇ ਇਕ ਹਾਡਵੇਅਰ ਸਟੋਰ ਵਿਚ ਕੰਮ ਕਰਨ ਲੱਗ ਪਈ। ਆਮ ਤੌਰ ਤੇ ਅਸੀਂ ਸ਼ਨੀਵਾਰ ਦੁਪਹਿਰ ਨੂੰ ਜਾਂ ਐਤਵਾਰ ਨੂੰ ਬਾਰਡਰ ਪਾਰ ਸਾਹਿੱਤ ਲੈਣ ਜਾਂਦੇ ਸੀ ਕਿਉਂਕਿ ਉਸ ਦਿਨ ਪਿਤਾ ਜੀ ਨੂੰ ਕੰਮ ਤੋਂ ਛੁੱਟੀ ਹੁੰਦੀ ਸੀ। ਅਸੀਂ ਤਕਰੀਬਨ ਹਰ ਦੋ ਹਫ਼ਤਿਆਂ ਬਾਅਦ ਜਾਂਦੇ ਸੀ। ਬਹੁਤ ਸਾਰੇ ਪਰਿਵਾਰ ਸ਼ਨੀਵਾਰ ਤੇ ਐਤਵਾਰ ਸੈਰ ਕਰਨ ਜਾਂਦੇ ਸੀ ਜਿਸ ਕਰਕੇ ਤਕਰੀਬਨ ਚਾਰ ਸਾਲ ਤਕ ਫ਼ੌਜੀਆਂ ਨੇ ਕਦੇ ਰੋਕ ਕੇ ਸਾਡੀ ਤਲਾਸ਼ੀ ਨਹੀਂ ਲਈ। ਪਰ ਫਰਵਰੀ 1938 ਵਿਚ ਇਕ ਦਿਨ ਉਨ੍ਹਾਂ ਨੇ ਸਾਨੂੰ ਰੋਕ ਲਿਆ।
ਫੜੇ ਗਏ
ਮੈਂ ਆਪਣੇ ਪਿਤਾ ਜੀ ਦੀ ਤੱਕਣੀ ਨੂੰ ਕਦੀ ਨਹੀਂ ਭੁੱਲ ਸਕਦੀ ਜਦੋਂ ਅਸੀਂ ਬਾਜ਼ਲ ਨੇੜੇ ਸਾਹਿੱਤ ਲੈਣ ਵਾਲੀ ਥਾਂ ਤੇ ਪਹੁੰਚੇ ਅਤੇ ਉੱਥੇ ਕਾਫ਼ੀ ਸਾਰਾ ਸਾਹਿੱਤ ਪਿਆ ਦੇਖਿਆ। ਜਰਮਨੀ ਵਿਚ ਸਾਹਿੱਤ ਲੈ ਜਾਣ ਵਾਲਾ ਇਕ ਹੋਰ ਪਰਿਵਾਰ ਗਿਰਫ਼ਤਾਰ ਹੋ ਗਿਆ ਸੀ, ਇਸ ਲਈ ਸਾਨੂੰ ਉਨ੍ਹਾਂ ਦਾ ਸਾਹਿੱਤ ਵੀ ਲੈ ਜਾਣਾ ਪੈਣਾ ਸੀ। ਬਾਰਡਰ ਉੱਤੇ ਇਕ ਕਸਟਮ ਅਧਿਕਾਰੀ ਨੂੰ ਸਾਡੇ ਤੇ ਸ਼ੱਕ ਹੋ ਗਿਆ ਤੇ ਉਸ ਨੇ ਤਲਾਸ਼ੀ ਦਾ ਹੁਕਮ ਦਿੱਤਾ। ਸਾਹਿੱਤ ਮਿਲਣ ਤੇ ਉਹ ਸਾਨੂੰ ਬੰਦੂਕ ਦੀ ਨੋਕ ਤੇ ਪੁਲਸ ਕਾਰ ਵਿਚ ਬਿਠਾ ਕੇ ਪੁਲਸ ਸਟੇਸ਼ਨ ਲੈ ਗਿਆ। ਜਦੋਂ ਪੁਲਸ ਸਾਨੂੰ ਲੈ ਜਾ ਰਹੀ ਸੀ, ਉਸ ਵੇਲੇ ਪਿਤਾ ਜੀ ਨੇ ਮੇਰਾ ਹੱਥ ਘੁੱਟਿਆ ਤੇ ਹੌਲੇ ਜਿਹੇ ਕਿਹਾ: “ਗੱਦਾਰੀ ਨਾ ਕਰੀਂ। ਕਿਸੇ ਦਾ ਨਾਂ ਨਾ ਦੱਸੀਂ!” ਮੈਂ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ: “ਮੈਂ ਇਸ ਤਰ੍ਹਾਂ ਨਹੀਂ ਕਰਾਂਗੀ।” ਲੋਰਾਕ ਵਾਪਸ ਆਉਣ ਤੇ ਪੁਲਸ ਪਿਤਾ ਜੀ ਨੂੰ ਲੈ ਗਈ। ਮੈਂ ਉਸ ਦਿਨ ਆਖ਼ਰੀ ਵਾਰ ਉਨ੍ਹਾਂ ਨੂੰ ਦੇਖਿਆ।
ਚਾਰ ਘੰਟਿਆਂ ਤਕ ਗਸਤਾਪੋ ਅਧਿਕਾਰੀ ਮੇਰੇ ਤੋਂ ਪੁੱਛ-ਗਿੱਛ ਕਰਦੇ ਰਹੇ। ਉਹ ਮੇਰੇ ਤੋਂ ਦੂਸਰੇ ਗਵਾਹਾਂ ਦੇ ਨਾਂ ਤੇ ਪਤੇ ਚਾਹੁੰਦੇ ਸਨ। ਜਦੋਂ ਮੈਂ ਨਾਂ ਤੇ ਪਤੇ ਦੱਸਣ ਤੋਂ ਇਨਕਾਰ ਕਰ ਦਿੱਤਾ, ਤਾਂ ਇਕ ਅਫ਼ਸਰ ਨੇ ਗੁੱਸੇ ਵਿਚ ਆ ਕੇ ਮੈਨੂੰ ਡਰਾਇਆ: “ਤੇਰੇ ਤੋਂ ਸਾਰੀ ਗੱਲ ਉਗਲਵਾਉਣ ਦੇ ਸਾਡੇ ਕੋਲ ਹੋਰ ਵੀ ਤਰੀਕੇ ਹਨ!” ਪਰ ਮੈਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ। ਫਿਰ ਉਹ ਮੈਨੂੰ ਤੇ ਮਾਤਾ ਜੀ ਨੂੰ ਘਰ ਲੈ ਗਏ ਤੇ ਪਹਿਲੀ ਵਾਰ ਸਾਡੇ ਘਰ ਦੀ ਤਲਾਸ਼ੀ ਲਈ। ਉਨ੍ਹਾਂ ਨੇ ਮਾਤਾ ਜੀ ਨੂੰ ਗਿਰਫ਼ਤਾਰ ਕਰ ਲਿਆ ਤੇ ਮੈਨੂੰ ਮੇਰੇ ਮਾਸੀ ਜੀ ਕੋਲ ਘੱਲ ਦਿੱਤਾ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਵੀ ਯਹੋਵਾਹ ਦੀ ਗਵਾਹ ਸੀ। ਭਾਵੇਂ ਮੈਨੂੰ ਕੰਮ ਕਰਨ ਦੀ ਇਜਾਜ਼ਤ ਸੀ, ਪਰ ਚਾਰ ਗਸਤਾਪੋ ਅਧਿਕਾਰੀ ਮੇਰੇ ਤੇ ਨਜ਼ਰ ਰੱਖਣ ਲਈ ਘਰ ਦੇ ਸਾਮ੍ਹਣੇ ਕਾਰ ਵਿਚ ਬੈਠੇ ਰਹਿੰਦੇ ਸਨ ਤੇ ਇਕ ਪੁਲਸ ਵਾਲਾ ਗਲੀ ਵਿਚ ਗਸ਼ਤ ਕਰਦਾ ਰਹਿੰਦਾ ਸੀ।
ਕੁਝ ਦਿਨਾਂ ਬਾਅਦ ਦੁਪਹਿਰ ਨੂੰ ਮੈਂ ਆਪਣੇ ਘਰੋਂ ਬਾਹਰ ਨਿਕਲੀ ਤੇ ਇਕ ਭੈਣ ਨੂੰ ਸਾਈਕਲ ਤੇ ਆਉਂਦੇ ਦੇਖਿਆ। ਮੇਰੇ ਕੋਲ ਆਣ ਕੇ ਉਸ ਨੇ ਮੇਰੇ ਵੱਲ ਇਕ ਕਾਗਜ਼ ਦਾ ਟੁਕੜਾ ਸੁੱਟਿਆ। ਮੈਂ ਉਹ ਟੁਕੜਾ ਬੋਚ ਲਿਆ ਤੇ ਮੁੜ ਕੇ ਦੇਖਿਆ ਕਿ ਕਿਤੇ ਗਸਤਾਪੋ ਅਧਿਕਾਰੀਆਂ ਨੇ ਮੈਨੂੰ ਦੇਖਿਆ ਤਾਂ ਨਹੀਂ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਸੇ ਵੇਲੇ ਉਹ ਕਿਸੇ ਗੱਲ ਤੇ ਜ਼ੋਰ-ਜ਼ੋਰ ਦੀ ਹੱਸ ਰਹੇ ਸਨ।
ਉਸ ਭੈਣ ਨੇ ਚਿੱਠੀ ਵਿਚ ਲਿਖਿਆ ਸੀ ਕਿ ਮੈਂ 12 ਵਜੇ ਦੁਪਹਿਰ ਨੂੰ ਉਸ ਦੇ ਮਾਪਿਆਂ ਦੇ ਘਰ ਜਾਵਾਂ। ਗਸਤਾਪੋ ਮੇਰੇ ਤੇ ਨਜ਼ਰ ਰੱਖ ਰਹੀ ਸੀ, ਇਸ ਹਾਲਤ ਵਿਚ ਮੈਂ ਉਸ ਦੇ ਮਾਪਿਆਂ ਲਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ। ਮੈਂ ਉਨ੍ਹਾਂ ਚਾਰ ਗਸਤਾਪੋ ਅਧਿਕਾਰੀਆਂ ਨੂੰ ਅਤੇ ਸੜਕ ਤੇ ਗਸ਼ਤ ਕਰ ਰਹੇ ਪੁਲਸ ਵਾਲੇ ਨੂੰ ਦੇਖਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਤੇ ਮੈਂ ਦਿਲ ਵਿਚ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ। ਅਚਾਨਕ ਪੁਲਸ ਵਾਲੇ ਨੇ ਕਾਰ ਕੋਲ ਜਾ ਕੇ ਅਧਿਕਾਰੀਆਂ ਨੂੰ ਕੁਝ ਕਿਹਾ। ਫਿਰ ਉਹ ਉਨ੍ਹਾਂ ਨਾਲ ਕਾਰ ਵਿਚ ਬੈਠ ਗਿਆ ਤੇ ਉਹ ਸਾਰੇ ਉੱਥੋਂ ਚਲੇ ਗਏ!
ਉਸੇ ਵੇਲੇ ਮੈਂ ਮਾਸੀ ਜੀ ਨੂੰ ਆਉਂਦੇ ਦੇਖਿਆ। ਉਸ ਭੈਣ ਦੇ ਮਾਪਿਆਂ ਨੂੰ ਮਿਲਣ ਦਾ ਸਮਾਂ ਤਾਂ ਨਿਕਲ ਚੁੱਕਿਆ ਸੀ। ਮਾਸੀ ਜੀ ਨੇ ਚਿੱਠੀ ਪੜ੍ਹੀ ਤੇ ਕਿਹਾ ਕਿ ਸਾਨੂੰ ਉਸ ਭੈਣ ਦੇ ਮਾਪਿਆਂ ਦੇ ਘਰ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਅਨੁਮਾਨ ਲਾਇਆ ਕਿ ਭਰਾਵਾਂ ਨੇ ਮੈਨੂੰ ਸਵਿਟਜ਼ਰਲੈਂਡ ਲੈ ਜਾਣ ਦਾ ਪ੍ਰਬੰਧ ਕੀਤਾ ਹੋਣਾ। ਜਦੋਂ ਅਸੀਂ ਉਸ ਭੈਣ ਦੇ ਘਰ ਪਹੁੰਚੇ, ਤਾਂ ਉਸ ਦੇ ਮਾਤਾ-ਪਿਤਾ ਨੇ ਮੇਰੀ ਮੁਲਾਕਾਤ ਇਕ ਭਰਾ ਹਾਈਨਰਿਖ਼ ਰਾਈਫ ਨਾਲ ਕਰਾਈ ਜਿਸ ਨੂੰ ਮੈਂ ਨਹੀਂ ਜਾਣਦੀ ਸੀ। ਹਾਈਨਰਿਖ਼ ਨੇ ਮੇਰੇ ਉੱਥੇ ਸਹੀ-ਸਲਾਮਤ ਪਹੁੰਚਣ ਤੇ ਖ਼ੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਿ ਉਹ ਮੈਨੂੰ ਸਵਿਟਜ਼ਰਲੈਂਡ ਲੈ ਜਾਵੇਗਾ। ਉਸ ਨੇ ਮੈਨੂੰ ਅੱਧੇ ਘੰਟੇ ਬਾਅਦ ਜੰਗਲ ਵਿਚ ਮਿਲਣ ਲਈ ਕਿਹਾ।
ਘਰੋਂ ਦੂਰ ਜ਼ਿੰਦਗੀ
ਜਦੋਂ ਮੈਂ ਭਰਾ ਰਾਈਫ ਨੂੰ ਮਿਲੀ, ਤਾਂ ਮੈਂ ਇਹ ਸੋਚ-ਸੋਚ ਕੇ ਬਹੁਤ ਰੋਈ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਜਾ ਰਹੀ ਸੀ। ਸਭ ਕੁਝ ਇੰਨੀ ਜਲਦੀ ਹੋ ਰਿਹਾ ਸੀ। ਕੁਝ ਚਿੰਤਾ ਭਰੇ ਪਲਾਂ ਤੋਂ ਬਾਅਦ ਅਸੀਂ ਸੈਲਾਨੀਆਂ ਨਾਲ ਰਲ ਗਏ ਤੇ ਸਹੀ-ਸਲਾਮਤ ਬਾਰਡਰ ਪਾਰ ਕਰ ਗਏ।
ਜਦੋਂ ਮੈਂ ਬਰਨ ਵਿਚ ਬ੍ਰਾਂਚ ਆਫ਼ਿਸ ਪਹੁੰਚੀ, ਤਾਂ ਮੈਨੂੰ ਪਤਾ ਲੱਗਿਆ ਕਿ ਬ੍ਰਾਂਚ ਦੇ ਭਰਾਵਾਂ ਨੇ ਮੇਰੇ ਲਈ ਜਰਮਨੀ ਵਿੱਚੋਂ
ਭੱਜਣ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਨੇ ਮੈਨੂੰ ਰਹਿਣ ਲਈ ਜਗ੍ਹਾ ਦਿੱਤੀ। ਮੈਨੂੰ ਰਸੋਈ ਵਿਚ ਕੰਮ ਕਰਨ ਲਈ ਦਿੱਤਾ ਗਿਆ ਜੋ ਮੈਨੂੰ ਬਹੁਤ ਚੰਗਾ ਲੱਗਦਾ ਸੀ। ਪਰ ਘਰੋਂ ਦੂਰ ਰਹਿਣਾ ਬਹੁਤ ਮੁਸ਼ਕਲ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਮਾਤਾ-ਪਿਤਾ ਕਿਸ ਹਾਲਤ ਵਿਚ ਸਨ। ਉਨ੍ਹਾਂ ਦੋਵਾਂ ਨੂੰ ਦੋ-ਦੋ ਸਾਲ ਦੀ ਸਜ਼ਾ ਹੋਈ ਸੀ। ਕਈ ਵਾਰ ਮੇਰਾ ਦੁੱਖ ਅਸਹਿ ਹੋ ਜਾਂਦਾ ਤੇ ਮੈਂ ਗੁਸਲਖਾਨੇ ਵਿਚ ਜਾ ਕੇ ਫੁੱਟ-ਫੁੱਟ ਕੇ ਰੋਂਦੀ ਸੀ। ਪਰ ਸਾਡੇ ਵਿਚ ਚਿੱਠੀਆਂ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤੇ ਉਹ ਮੈਨੂੰ ਵਫ਼ਾਦਾਰ ਰਹਿਣ ਦਾ ਹੌਸਲਾ ਦਿੰਦੇ ਸਨ।ਆਪਣੇ ਵਫ਼ਾਦਾਰ ਮਾਪਿਆਂ ਦੀ ਚੰਗੀ ਮਿਸਾਲ ਕਰਕੇ ਮੈਂ ਵੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ 25 ਜੁਲਾਈ 1938 ਵਿਚ ਬਪਤਿਸਮਾ ਲੈ ਲਿਆ। ਬੈਥਲ ਵਿਚ ਇਕ ਸਾਲ ਰਹਿਣ ਮਗਰੋਂ ਮੈਂ ਸ਼ਾਨੇਲਾਜ਼ ਫਾਰਮ ਵਿਚ ਕੰਮ ਕਰਨ ਚਲੀ ਗਈ ਜੋ ਸਵਿਟਜ਼ਰਲੈਂਡ ਬ੍ਰਾਂਚ ਨੇ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਭੋਜਨ ਮੁਹੱਈਆ ਕਰਾਉਣ ਵਾਸਤੇ ਅਤੇ ਅਤਿਆਚਾਰ ਕਰਕੇ ਘਰ ਛੱਡ ਕੇ ਭੱਜੇ ਭੈਣਾਂ-ਭਰਾਵਾਂ ਦੇ ਰਹਿਣ ਲਈ ਖ਼ਰੀਦਿਆ ਸੀ।
ਸੰਨ 1940 ਵਿਚ ਮੇਰੇ ਮਾਪਿਆਂ ਦੀ ਸਜ਼ਾ ਖ਼ਤਮ ਹੋਣ ਤੇ ਨਾਜ਼ੀਆਂ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਰਿਹਾ ਕਰਨ ਦੀ ਪੇਸ਼ਕਸ਼ ਕੀਤੀ ਕਿ ਉਹ ਆਪਣੇ ਧਰਮ ਨੂੰ ਛੱਡ ਦੇਣ। ਪਰ ਉਹ ਡਟੇ ਰਹੇ ਜਿਸ ਕਰਕੇ ਉਨ੍ਹਾਂ ਨੂੰ ਤਸ਼ੱਦਦ ਕੈਂਪਾਂ ਵਿਚ ਘੱਲ ਦਿੱਤਾ ਗਿਆ। ਪਿਤਾ ਜੀ ਨੂੰ ਡਾਖਾਓ ਕੈਂਪ ਵਿਚ ਅਤੇ ਮਾਤਾ ਜੀ ਨੂੰ ਰੈਵਨਜ਼ਬਰੂਕ ਵਿਚ ਘੱਲ ਦਿੱਤਾ ਗਿਆ। ਸਾਲ 1941 ਦੀਆਂ ਸਰਦੀਆਂ ਵਿਚ, ਕੈਂਪ ਵਿਚ ਮਾਤਾ ਜੀ ਤੇ ਹੋਰ ਗਵਾਹ ਭੈਣਾਂ ਨੇ ਫ਼ੌਜ ਵਾਸਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ 3 ਦਿਨ ਤੇ ਤਿੰਨ ਰਾਤਾਂ ਬਾਹਰ ਠੰਢ ਵਿਚ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਗਈ, ਇਸ ਤੋਂ ਬਾਅਦ ਉਨ੍ਹਾਂ ਨੂੰ ਹਨੇਰ ਕੋਠੜੀ ਵਿਚ ਬੰਦ ਕਰ ਦਿੱਤਾ ਤੇ 40 ਦਿਨਾਂ ਤਕ ਖਾਣ ਨੂੰ ਨਾਂਮਾਤਰ ਖਾਣਾ ਦਿੱਤਾ ਗਿਆ। ਉਨ੍ਹਾਂ ਨੂੰ ਡੰਡੇ ਨਾਲ ਕੁੱਟਿਆ ਜਾਂਦਾ ਸੀ। ਇਕ ਵਾਰ ਬੇਰਹਿਮੀ ਨਾਲ ਕੁੱਟੇ ਜਾਣ ਤੋਂ ਤਿੰਨ ਹਫ਼ਤਿਆਂ ਬਾਅਦ ਮਾਤਾ ਜੀ 31 ਜਨਵਰੀ 1942 ਨੂੰ ਦਮ ਤੋੜ ਗਏ।
ਪਿਤਾ ਜੀ ਨੂੰ ਡਾਖਾਓ ਕੈਂਪ ਤੋਂ ਆਸਟ੍ਰੀਆ ਦੇ ਮਾਉਥਾਉਸਨ ਕੈਂਪ ਘੱਲ ਦਿੱਤਾ ਗਿਆ। ਇਸ ਕੈਂਪ ਵਿਚ ਨਾਜ਼ੀ ਸਿਪਾਹੀ ਕੈਦੀਆਂ ਨੂੰ ਭੁੱਖੇ ਰੱਖ-ਰੱਖ ਕੇ ਤੇ ਭਾਰੀ ਕੰਮ ਕਰਵਾ-ਕਰਵਾ ਕੇ ਮਾਰ ਦਿੰਦੇ ਸਨ। ਪਰ ਮਾਤਾ ਜੀ ਦੀ ਮੌਤ ਤੋਂ ਛੇ ਮਹੀਨਿਆਂ ਬਾਅਦ ਨਾਜ਼ੀਆਂ ਨੇ ਪਿਤਾ ਜੀ ਨੂੰ ਮਾਰਨ ਲਈ ਇਕ ਵੱਖਰਾ ਤਰੀਕਾ ਵਰਤਿਆ। ਕੈਂਪ ਦੇ ਡਾਕਟਰ ਮੈਡੀਕਲ ਤਜਰਬਾ ਕਰਨ ਲਈ ਜਾਣ-ਬੁੱਝ ਕੇ ਕੈਦੀਆਂ ਨੂੰ ਟੀ. ਬੀ.-ਯੁਕਤ ਟੀਕੇ ਲਾਉਂਦੇ ਸਨ। ਤਜਰਬਾ ਪੂਰਾ ਹੋ ਜਾਣ ਤੋਂ ਬਾਅਦ ਕੈਦੀਆਂ ਦੇ ਦਿਲ ਵਿਚ ਇਕ ਜਾਨ-ਲੇਵਾ ਟੀਕਾ ਲਾਇਆ ਜਾਂਦਾ ਸੀ। ਕੈਂਪ ਦੇ ਰਿਕਾਰਡ ਵਿਚ ਲਿਖਿਆ ਸੀ ਕਿ ਪਿਤਾ ਜੀ ਦੀ ਮੌਤ “ਦਿਲ ਕਮਜ਼ੋਰ” ਹੋ ਜਾਣ ਨਾਲ ਹੋਈ। ਉਹ ਉਦੋਂ ਸਿਰਫ਼ 43 ਸਾਲਾਂ ਦੇ ਸਨ। ਮੈਨੂੰ ਆਪਣੇ ਮਾਤਾ-ਪਿਤਾ ਦੀ ਮੌਤ ਬਾਰੇ ਕਈ ਮਹੀਨਿਆਂ ਬਾਅਦ ਪਤਾ ਲੱਗਾ। ਆਪਣੇ ਮਾਪਿਆਂ ਨੂੰ ਯਾਦ ਕਰ ਕੇ ਮੈਂ ਅੱਜ ਵੀ ਰੋ ਪੈਂਦੀ ਹਾਂ। ਪਰ ਫਿਰ ਮੈਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਮੇਰੇ ਮਾਤਾ-ਪਿਤਾ ਜਿਨ੍ਹਾਂ ਦੀ ਉਮੀਦ ਸਵਰਗੀ ਸੀ, ਹੁਣ ਯਹੋਵਾਹ ਕੋਲ ਸੁਰੱਖਿਅਤ ਹਨ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਮੈਨੂੰ ਨਿਊਯਾਰਕ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 11ਵੀਂ ਕਲਾਸ ਵਿਚ ਬੈਠਣ ਦਾ ਮੌਕਾ ਮਿਲਿਆ। ਕਿੰਨੇ ਖ਼ੁਸ਼ੀਆਂ ਭਰੇ ਸਨ ਉਹ ਪੰਜ ਮਹੀਨੇ ਜਿਨ੍ਹਾਂ ਦੌਰਾਨ ਅਸੀਂ ਬਾਈਬਲ ਦਾ ਡੂੰਘਾ ਅਧਿਐਨ ਕੀਤਾ! ਸਾਲ 1948 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਮੈਨੂੰ ਸਵਿਟਜ਼ਰਲੈਂਡ ਵਿਚ ਮਿਸ਼ਨਰੀ ਦੇ ਤੌਰ ਤੇ ਘੱਲਿਆ ਗਿਆ। ਕੁਝ ਸਮੇਂ ਬਾਅਦ ਮੈਂ ਜੇਮਸ ਐੱਲ. ਟਰਪਨ ਨਾਂ ਦੇ ਵਫ਼ਾਦਾਰ ਭਰਾ ਨੂੰ ਮਿਲੀ। ਉਹ ਗਿਲਿਅਡ ਦੀ 5ਵੀਂ ਕਲਾਸ ਤੋਂ ਗ੍ਰੈਜੂਏਟ ਹੋਇਆ ਸੀ। ਜਦੋਂ ਤੁਰਕੀ ਵਿਚ ਪਹਿਲਾ ਬ੍ਰਾਂਚ ਆਫ਼ਿਸ ਖੋਲ੍ਹਿਆ ਗਿਆ ਸੀ, ਉਸ ਵੇਲੇ ਜੇਮਸ ਬ੍ਰਾਂਚ ਓਵਰਸੀਅਰ ਸੀ। ਅਸੀਂ ਮਾਰਚ
1951 ਵਿਚ ਵਿਆਹ ਕਰਾ ਲਿਆ, ਕੁਝ ਸਮੇਂ ਬਾਅਦ ਸਾਨੂੰ ਪਤਾ ਚੱਲਿਆ ਕਿ ਅਸੀਂ ਮਾਪੇ ਬਣਨ ਵਾਲੇ ਸੀ। ਅਸੀਂ ਅਮਰੀਕਾ ਜਾ ਕੇ ਰਹਿਣ ਲੱਗ ਪਏ ਤੇ ਉੱਥੇ ਦਸੰਬਰ ਮਹੀਨੇ ਸਾਡੀ ਕੁੜੀ ਮਾਰਲੀਨ ਦਾ ਜਨਮ ਹੋਇਆ।ਮੈਂ ਤੇ ਜਿਮ ਨੇ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਹਨ। ਮੈਨੂੰ ਅਜੇ ਵੀ ਪੈਨੀ ਨਾਂ ਦੀ ਆਪਣੀ ਇਕ ਚੀਨੀ ਬਾਈਬਲ ਵਿਦਿਆਰਥਣ ਯਾਦ ਹੈ ਜਿਸ ਨੂੰ ਬਾਈਬਲ ਦਾ ਅਧਿਐਨ ਕਰਨ ਦਾ ਬਹੁਤ ਸ਼ੌਕ ਸੀ। ਉਸ ਨੇ ਬਪਤਿਸਮਾ ਲੈ ਲਿਆ ਤੇ ਬਾਅਦ ਵਿਚ ਉਸ ਦਾ ਵਿਆਹ ਗਾਏ ਪੀਅਰਸ ਨਾਲ ਹੋ ਗਿਆ ਸੀ। ਗਾਏ ਪੀਅਰਸ ਹੁਣ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਹੈ। ਮਾਪਿਆਂ ਦੇ ਚਲੇ ਜਾਣ ਨਾਲ ਮੇਰੀ ਜ਼ਿੰਦਗੀ ਵਿਚ ਜੋ ਸੁੰਨਾਪਨ ਆ ਗਿਆ ਸੀ, ਉਸ ਨੂੰ ਅਜਿਹੇ ਪਿਆਰੇ ਲੋਕਾਂ ਨੇ ਭਰਿਆ ਹੈ।
ਸਾਲ 2004 ਦੇ ਸ਼ੁਰੂ ਵਿਚ ਮੇਰੇ ਜੱਦੀ ਸ਼ਹਿਰ ਲੋਰਾਕ ਵਿਚ ਭਰਾਵਾਂ ਨੇ ਸ਼ਟਿੱਖ਼ ਸਟ੍ਰੀਟ ਉੱਤੇ ਇਕ ਨਵਾਂ ਕਿੰਗਡਮ ਹਾਲ ਬਣਾਇਆ। ਯਹੋਵਾਹ ਦੇ ਗਵਾਹਾਂ ਦੀ ਮਿਹਨਤ ਅਤੇ ਕੁਰਬਾਨੀਆਂ ਲਈ ਕਦਰਦਾਨੀ ਦਿਖਾਉਂਦੇ ਹੋਏ ਸ਼ਹਿਰ ਦੀ ਕੌਂਸਲ ਨੇ ਮੇਰੇ ਮਾਪਿਆਂ ਦੇ ਸਨਮਾਨ ਵਿਚ ਸ਼ਟਿੱਖ਼ ਸਟ੍ਰੀਟ ਦਾ ਨਾਂ ਬਦਲ ਕੇ ਡੈਂਟਸ ਸਟ੍ਰੀਟ ਰੱਖ ਦਿੱਤਾ। ਇਕ ਸਥਾਨਕ ਅਖ਼ਬਾਰ ਨੇ ਇਕ ਲੇਖ ਛਾਪਿਆ ਜਿਸ ਦਾ ਸਿਰਲੇਖ ਸੀ “ਕਤਲ ਕੀਤੇ ਗਏ ਡੈਂਟਸ ਜੋੜੇ ਦੀ ਯਾਦ ਵਿਚ: ਗਲੀ ਦਾ ਨਵਾਂ ਨਾਂ।” ਇਸ ਲੇਖ ਵਿਚ ਕਿਹਾ ਗਿਆ ਸੀ ਕਿ ਮੇਰੇ ਮਾਪਿਆਂ ਦਾ “ਨਾਜ਼ੀਆਂ ਦੇ ਰਾਜ ਦੌਰਾਨ ਤਸ਼ੱਦਦ ਕੈਂਪਾਂ ਵਿਚ ਉਨ੍ਹਾਂ ਦੇ ਧਰਮ ਕਰਕੇ ਕਤਲ ਕਰ ਦਿੱਤਾ ਗਿਆ ਸੀ।” ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼ਹਿਰ ਦੀ ਕੌਂਸਲ ਮੇਰੇ ਮਾਪਿਆਂ ਨੂੰ ਇਸ ਤਰ੍ਹਾਂ ਸਨਮਾਨਿਤ ਕਰੇਗੀ, ਪਰ ਕੌਂਸਲ ਦੇ ਇਸ ਕੰਮ ਤੋਂ ਮੈਨੂੰ ਬਹੁਤ ਖ਼ੁਸ਼ੀ ਹੋਈ।
ਪਿਤਾ ਜੀ ਕਿਹਾ ਕਰਦੇ ਸਨ ਕਿ ਸਾਨੂੰ ਭਵਿੱਖ ਬਾਰੇ ਇਹ ਸੋਚ ਕੇ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਕਿ ਆਰਮਾਗੇਡਨ ਸਾਡੇ ਜੀਉਂਦੇ-ਜੀ ਨਹੀਂ ਆਵੇਗਾ, ਪਰ ਸਾਨੂੰ ਆਪਣੀ ਜ਼ਿੰਦਗੀ ਇਸ ਤਰ੍ਹਾਂ ਜੀਣੀ ਚਾਹੀਦੀ ਹੈ ਕਿ ਆਰਮਾਗੇਡਨ ਕੱਲ੍ਹ ਨੂੰ ਹੀ ਆ ਜਾਵੇਗਾ। ਉਨ੍ਹਾਂ ਦੀ ਇਸ ਕੀਮਤੀ ਸਲਾਹ ਉੱਤੇ ਮੈਂ ਅਜੇ ਵੀ ਚੱਲਦੀ ਹਾਂ। ਧੀਰਜ ਨਾਲ ਨਵੀਂ ਦੁਨੀਆਂ ਦੀ ਉਡੀਕ ਕਰਨੀ ਅਤੇ ਆਪਣੇ ਜੋਸ਼ ਨੂੰ ਬਰਕਰਾਰ ਰੱਖਣਾ ਮੇਰੇ ਲਈ ਹਮੇਸ਼ਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਹੁਣ ਕਿਉਂਕਿ ਮੈਂ ਬਿਰਧ ਹੋਣ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੀ। ਪਰ ਮੈਂ ਯਹੋਵਾਹ ਦੇ ਇਸ ਵਾਅਦੇ ਤੇ ਕਦੀ ਸ਼ੱਕ ਨਹੀਂ ਕੀਤਾ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, . . . ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
[ਡੱਬੀ/ਸਫ਼ੇ 29 ਉੱਤੇ ਤਸਵੀਰ]
ਇਕ ਅਨਮੋਲ ਖ਼ਜ਼ਾਨਾ
ਸੰਨ 1980 ਦੇ ਦਹਾਕੇ ਵਿਚ ਲੋਰਾਕ ਦੇ ਲੋਕ ਆਪਣੇ ਘਰ ਦੀਆਂ ਬੇਕਾਰ ਚੀਜ਼ਾਂ ਲਿਆ ਕੇ ਇਕ ਜਗ੍ਹਾ ਇਕੱਠੀਆਂ ਕਰ ਰਹੇ ਸਨ। ਜਿਨ੍ਹਾਂ ਨੂੰ ਵੀ ਉਹ ਚੀਜ਼ਾਂ ਚਾਹੀਦੀਆਂ ਸਨ, ਉਹ ਉਨ੍ਹਾਂ ਨੂੰ ਲੈ ਜਾ ਸਕਦੇ ਸਨ। ਲੋਰਾਕ ਤੋਂ ਕੁਝ ਦੂਰ ਇਕ ਪਿੰਡ ਤੋਂ ਇਕ ਤੀਵੀਂ ਇਹ ਚੀਜ਼ਾਂ ਦੇਖਣ ਲਈ ਲੋਰਾਕ ਆਈ। ਇਸ ਤੀਵੀਂ ਨੇ ਸੂਈ-ਧਾਗੇ, ਕੈਂਚੀ ਵਗੈਰਾ ਰੱਖਣ ਵਾਲੀ ਇਕ ਡੱਬੀ ਦੇਖੀ ਤੇ ਉਸ ਨੂੰ ਘਰ ਲੈ ਗਈ। ਬਾਅਦ ਵਿਚ ਉਸ ਨੂੰ ਡੱਬੀ ਵਿੱਚੋਂ ਇਕ ਛੋਟੀ ਕੁੜੀ ਦੀਆਂ ਫ਼ੋਟੋਆਂ ਅਤੇ ਤਸ਼ੱਦਦ ਕੈਂਪਾਂ ਤੋਂ ਲਿਖੀਆਂ ਚਿੱਠੀਆਂ ਮਿਲੀਆਂ। ਚਿੱਠੀਆਂ ਪੜ੍ਹ ਕੇ ਉਸ ਤੀਵੀਂ ਦੇ ਦਿਲ ਵਿਚ ਇਹ ਪਤਾ ਲਗਾਉਣ ਦੀ ਇੱਛਾ ਪੈਦਾ ਹੋਈ ਕਿ ਇਹ ਗੁੱਤਾਂ ਵਾਲੀ ਛੋਟੀ ਕੁੜੀ ਕੌਣ ਸੀ।
ਸਾਲ 2000 ਵਿਚ ਇਕ ਦਿਨ ਉਸ ਤੀਵੀਂ ਨੇ ਲੋਰਾਕ ਵਿਚ ਲੱਗੀ ਇਤਿਹਾਸਕ ਨੁਮਾਇਸ਼ ਬਾਰੇ ਇਕ ਅਖ਼ਬਾਰ ਵਿਚ ਲੇਖ ਪੜ੍ਹਿਆ। ਉਸ ਲੇਖ ਵਿਚ ਨਾਜ਼ੀਆਂ ਦੇ ਰਾਜ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਬਾਰੇ ਦੱਸਿਆ ਗਿਆ ਸੀ। ਮੇਰੇ ਮਾਤਾ-ਪਿਤਾ ਬਾਰੇ ਵੀ ਉਸ ਵਿਚ ਲਿਖਿਆ ਗਿਆ ਸੀ। ਉਸ ਅਖ਼ਬਾਰ ਵਿਚ ਮੇਰੀਆਂ ਕਿਸ਼ੋਰ ਉਮਰ ਦੀਆਂ ਫੋਟੋਆਂ ਛਪੀਆਂ ਸਨ। ਇਨ੍ਹਾਂ ਫੋਟੋਆਂ ਨੂੰ ਡੱਬੀ ਵਿੱਚੋਂ ਮਿਲੀਆਂ ਤਸਵੀਰਾਂ ਨਾਲ ਮਿਲਾਉਣ ਤੋਂ ਬਾਅਦ ਉਸ ਤੀਵੀਂ ਨੇ ਲੇਖ ਲਿਖਣ ਵਾਲੀ ਪੱਤਰਕਾਰ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਉਨ੍ਹਾਂ ਕੁੱਲ 42 ਚਿੱਠੀਆਂ ਬਾਰੇ ਦੱਸਿਆ। ਕੁਝ ਹਫ਼ਤਿਆਂ ਬਾਅਦ ਉਹ ਚਿੱਠੀਆਂ ਮੇਰੇ ਕੋਲ ਪਹੁੰਚ ਗਈਆਂ। ਉਹ ਚਿੱਠੀਆਂ ਮੇਰੇ ਮਾਤਾ-ਪਿਤਾ ਨੇ ਮੇਰੇ ਮਾਸੀ ਜੀ ਨੂੰ ਲਿਖੀਆਂ ਸਨ ਤੇ ਉਨ੍ਹਾਂ ਵਿਚ ਉਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ ਸੀ। ਉਹ ਮਰਦੇ ਦਮ ਤਕ ਮੇਰੀ ਚਿੰਤਾ ਕਰਦੇ ਰਹੇ ਸਨ। ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਚਿੱਠੀਆਂ 60 ਸਾਲਾਂ ਬਾਅਦ ਮੈਨੂੰ ਸਹੀ-ਸਲਾਮਤ ਮਿਲ ਗਈਆਂ!
[ਸਫ਼ੇ 25 ਉੱਤੇ ਤਸਵੀਰ]
ਹਿਟਲਰ ਦੇ ਸੱਤਾ ਵਿਚ ਆਉਣ ਨਾਲ ਸਾਡਾ ਹੱਸਦਾ-ਖੇਡਦਾ ਪਰਿਵਾਰ ਬਿਖਰ ਗਿਆ
[ਕ੍ਰੈਡਿਟ ਲਾਈਨ]
ਹਿਟਲਰ: U.S. Army photo
[ਸਫ਼ੇ 26 ਉੱਤੇ ਤਸਵੀਰ]
1. ਮੈਗਡੇਬਰਗ ਆਫ਼ਿਸ
2. ਗਸਤਾਪੋ ਨੇ ਹਜ਼ਾਰਾਂ ਗਵਾਹਾਂ ਨੂੰ ਗਿਰਫ਼ਤਾਰ ਕੀਤਾ
[ਸਫ਼ੇ 28 ਉੱਤੇ ਤਸਵੀਰ]
ਮੈਂ ਤੇ ਜਿਮ ਨੇ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਹਨ