ਸਾਨੂੰ ਉਸ ਨੇ ਉਸ ਦੇ ਧਰਮ ਦੀ ਕਦਰ ਕਰਨੀ ਸਿਖਾਈ
ਸਾਨੂੰ ਉਸ ਨੇ ਉਸ ਦੇ ਧਰਮ ਦੀ ਕਦਰ ਕਰਨੀ ਸਿਖਾਈ
ਇਟਲੀ ਦੇ ਰੋਵੀਗਓ ਇਲਾਕੇ ਵਿਚ ਰਹਿਣ ਵਾਲੀ ਯਹੋਵਾਹ ਦੀ ਇਕ ਗਵਾਹ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਸੀ। ਉਹ ਸਿਰਫ਼ 36 ਸਾਲਾਂ ਦੀ ਸੀ। ਉਸ ਨੂੰ ਹਸਪਤਾਲ ਕਈ ਵਾਰੀ ਜਾਣਾ ਪਿਆ ਜਿੱਥੇ ਉਸ ਨੇ ਲਹੂ ਲੈਣ ਤੋਂ ਬਿਨਾਂ ਇਲਾਜ ਕਰਵਾਇਆ। ਇਸ ਤੋਂ ਬਾਅਦ ਨਰਸਾਂ ਨੇ ਉਸ ਦੇ ਘਰ ਜਾ ਕੇ ਉਸ ਦੀ ਦੇਖ-ਭਾਲ ਕੀਤੀ।
ਜਿਨ੍ਹਾਂ ਨਰਸਾਂ-ਡਾਕਟਰਾਂ ਨੇ ਇਸ ਭੈਣ ਦੀ ਦੇਖ-ਭਾਲ ਕੀਤੀ, ਉਹ ਉਸ ਦੇ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਏ। ਆਪਣੇ ਪਰਮੇਸ਼ੁਰ ਵਿਚ ਪੱਕਾ ਵਿਸ਼ਵਾਸ ਰੱਖਣ ਦੇ ਨਾਲ-ਨਾਲ ਉਹ ਬੜੀ ਹਲੀਮੀ ਨਾਲ ਨਰਸਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਰਹਿੰਦੀ ਸੀ। ਉਸ ਦੀ ਮੌਤ ਤੋਂ ਪਹਿਲਾਂ ਇਕ ਕਰਮਚਾਰੀ ਨੇ ਉਸ ਬਾਰੇ ਇਕ ਖਤ ਲਿਖ ਕੇ ਡਾਕਟਰੀ ਰਸਾਲੇ ਨੂੰ ਭੇਜਿਆ। ਇਸ ਖਤ ਵਿਚ ਉਸ ਨੇ ਮਰੀਜ਼ ਨੂੰ ਐਂਜਲਾ ਸੱਦਿਆ।
“ਐਂਜਲਾ ਨੇ ਜ਼ਿੰਦਗੀ ਦੀ ਡੋਰ ਨੂੰ ਘੁੱਟ ਕੇ ਫੜਿਆ ਹੋਇਆ ਹੈ। ਉਹ ਮਰਨ ਬਾਰੇ ਨਹੀਂ ਸੋਚਦੀ। ਉਹ ਜਾਣਦੀ ਹੈ ਕਿ ਉਸ ਨੂੰ ਗੰਭੀਰ ਬੀਮਾਰੀ ਲੱਗੀ ਹੋਈ ਹੈ ਜਿਸ ਕਰਕੇ ਉਹ ਜੀਵਨ ਦੇ ਹੋਰਨਾਂ ਪ੍ਰੇਮੀਆਂ ਵਾਂਗ ਇਲਾਜ ਲੱਭ ਰਹੀ ਹੈ। ਅਸੀਂ ਐਂਜਲਾ ਨੂੰ ਹੌਲੀ-ਹੌਲੀ ਜਾਣਨ ਲੱਗੇ। ਉਸ ਦੇ ਰਵੱਈਏ ਕਰਕੇ ਉਸ ਦੀ ਮਦਦ ਕਰਨੀ ਸਾਡੇ ਲਈ ਕੋਈ ਔਖੀ ਗੱਲ ਨਹੀਂ, ਸਗੋਂ ਸਾਨੂੰ ਉਸ ਦੀ ਦੇਖ-ਭਾਲ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਜੀ ਹਾਂ, ਐਂਜਲਾ ਨਾਲ ਸਮਾਂ ਬੀਤਾ ਕੇ ਸਾਡਾ ਹੌਸਲਾ ਵਧਦਾ ਹੈ।” ਇਹ ਕਰਮਚਾਰੀ ਵਿਸ਼ਵਾਸ ਕਰਦਾ ਸੀ ਕਿ ਐਂਜਲਾ ਦੇ ਲਹੂ ਲੈਣ ਨਾਲ ਹੀ ਸਹੀ ਇਲਾਜ ਹੋਣਾ ਸੀ। ਇਸ ਲਈ ਉਸ ਨੇ ਅੱਗੇ ਕਿਹਾ: “ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਉਸ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਉਸ ਦੀ ਮਦਦ ਕਰਨ ਵਿਚ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ।” ਪਰ ਐਂਜਲਾ ਨੇ ਲਹੂ ਲੈਣ ਤੋਂ ਸਾਫ਼ ਇਨਕਾਰ ਕੀਤਾ।—ਰਸੂਲਾਂ ਦੇ ਕਰਤੱਬ 15:28, 29.
“ਅਸੀਂ ਐਂਜਲਾ ਨੂੰ ਦੱਸਿਆ ਕਿ ਅਸੀਂ ਉਸ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਸਾਂ। ਪਰ ਉਸ ਨੇ ਸਾਨੂੰ ਸਮਝਾਇਆ ਕਿ ਜ਼ਿੰਦਗੀ ਉਸ ਲਈ ਮਾਮੂਲੀ ਨਹੀਂ ਸਗੋਂ ਬਹੁਤ ਹੀ ਕੀਮਤੀ ਸੀ। ਸਾਨੂੰ ਅਹਿਸਾਸ ਹੋਇਆ ਕਿ ਉਸ ਦਾ ਧਰਮ ਉਸ ਲਈ ਤੇ ਉਸ ਦੇ ਪਰਿਵਾਰ ਲਈ ਕਿੰਨਾ ਅਹਿਮੀਅਤ ਰੱਖਦਾ ਸੀ। ਐਂਜਲਾ ਨੇ ਬੀਮਾਰੀ ਦੇ ਸਾਮ੍ਹਣੇ ਹਾਰ ਨਹੀਂ ਮੰਨੀ। ਉਸ ਨੇ ਬੀਮਾਰੀ ਨਾਲ ਡਟ ਕੇ ਮੁਕਾਬਲਾ ਕੀਤਾ। ਉਹ ਜੀਉਣਾ ਚਾਹੁੰਦੀ ਹੈ। ਉਸ ਕੋਲ ਜੀਉਣ ਲਈ ਇਕ ਪੱਕੀ ਉਮੀਦ ਹੈ। ਜਦ ਕਿ ਉਸ ਦੀ ਨਿਹਚਾ ਪੱਕੀ ਹੈ ਸਾਡੇ ਵਿਚ ਇਸ ਗੁਣ ਦੀ ਘਾਟ ਹੈ। ਐਂਜਲਾ ਨੇ ਸਾਨੂੰ ਉਸ ਦੇ ਧਰਮ ਦੀ ਕਦਰ ਕਰਨੀ ਅਤੇ ਇਸ ਦੇ ਮੁਤਾਬਕ ਉਸ ਦੀ ਦੇਖ-ਭਾਲ ਕਰਨੀ ਸਿਖਾਈ, ਭਾਵੇਂ ਕਿ ਇਹ ਸਾਡੇ ਡਾਕਟਰੀ ਅਸੂਲਾਂ ਤੋਂ ਕਿਤੇ ਵੱਖਰਾ ਹੈ। ਸਾਡੇ ਖ਼ਿਆਲ ਵਿਚ ਐਂਜਲਾ ਨੇ ਸਾਨੂੰ ਇਕ ਬੜਾ ਕੀਮਤੀ ਸਬਕ ਸਿਖਾਇਆ ਹੈ। ਅਸੀਂ ਵੱਖੋ-ਵੱਖਰੇ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਦੇ ਵੱਖੋ-ਵੱਖਰੇ ਖ਼ਿਆਲ, ਧਰਮ ਤੇ ਹਾਲਾਤ ਹੁੰਦੇ ਹਨ। ਇਸ ਲਈ, ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਅਸੀਂ ਉਨ੍ਹਾਂ ਤੋਂ ਕੁਝ-ਨ-ਕੁਝ ਸਿੱਖ ਵੀ ਸਕਦੇ ਹਾਂ।”
ਫਿਰ ਇਸ ਰਸਾਲੇ ਵਿਚ 1999 ਵਿਚ ਸਵੀਕਾਰ ਕੀਤੇ ਇਤਾਲਵੀ ਨਰਸਾਂ ਦੇ ਨਿਯਮਾਂ ਦਾ ਬਿਆਨ ਕੀਤਾ ਜਿਸ ਵਿਚ ਲਿਖਿਆ ਹੈ: “ਨਰਸਾਂ ਨੂੰ ਮਰੀਜ਼ ਦੇ ਧਾਰਮਿਕ, ਨੈਤਿਕ, ਸਭਿਆਚਾਰਕ ਅਤੇ ਹੋਰ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।” ਇਹ ਸੱਚ ਹੈ ਕਿ ਕੁਝ ਹਾਲਾਤਾਂ ਵਿਚ ਡਾਕਟਰਾਂ ਤੇ ਨਰਸਾਂ ਲਈ ਮਰੀਜ਼ ਦੀ ਇੱਛਾ ਅਨੁਸਾਰ ਚੱਲਣਾ ਮੁਸ਼ਕਲ ਹੋ ਸਕਦਾ ਹੈ। ਪਰ ਜਿਹੜੇ ਡਾਕਟਰ ਇਨ੍ਹਾਂ ਗੱਲਾਂ ਵਿਚ ਮਰੀਜ਼ ਦਾ ਆਦਰ ਕਰਦੇ ਹਨ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।
ਯਹੋਵਾਹ ਦੇ ਗਵਾਹ ਜੋ ਵੀ ਆਪਣੀ ਸਿਹਤ ਸੰਬੰਧੀ ਫ਼ੈਸਲੇ ਕਰਦੇ ਹਨ ਉਹ ਚੰਗੀ ਤਰ੍ਹਾਂ ਸੋਚ-ਸਮਝ ਕੇ ਕਰਦੇ ਹਨ। ਉਹ ਬਾਈਬਲ ਵਿਚ ਲਿਖੀਆਂ ਗੱਲਾਂ ਬਾਰੇ ਬੜੀ ਗੰਭੀਰਤਾ ਨਾਲ ਸੋਚਦੇ ਹਨ। ਪਰ ਜਿਸ ਤਰ੍ਹਾਂ ਸਾਨੂੰ ਐਂਜਲਾ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਉਹ ਹਠ-ਧਰਮੀ ਜਾਂ ਜ਼ਿੱਦੀ ਨਹੀਂ ਹਨ। (ਤੀਤੁਸ 3:2) ਅੱਜ ਦੁਨੀਆਂ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਯਹੋਵਾਹ ਦੇ ਗਵਾਹਾਂ ਦੀ ਦੇਖ-ਭਾਲ ਕਰਦੇ ਹੋਏ ਉਨ੍ਹਾਂ ਦੇ ਫ਼ੈਸਲਿਆਂ ਦੀ ਕਦਰ ਕਰਦੇ ਹਨ।