ਕੀ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਮਿਲਦਾ ਹੈ?
ਕੀ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੋਂ ਹੌਸਲਾ ਮਿਲਦਾ ਹੈ?
ਜਦ ਤੁਹਾਡੇ ਤੇ ਮੁਸ਼ਕਲਾਂ ਜਾਂ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਤੁਸੀਂ ਕੀ ਕਰਦੇ ਹੋ? ਯਿਸੂ ਨੇ ਅਜ਼ਮਾਇਸ਼ਾਂ ਦੇ ਸਾਮ੍ਹਣੇ ਕੀ ਕੀਤਾ ਸੀ? ਜਦ ਸ਼ਤਾਨ ਉਸ ਨੂੰ ਪਰਤਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਯਿਸੂ ਨੇ ਪਰਮੇਸ਼ੁਰ ਦੇ ਬਚਨ ਤੋਂ ਕੁਝ ਹਵਾਲਿਆਂ ਨਾਲ ਸ਼ਤਾਨ ਨੂੰ ਜਵਾਬ ਦਿੱਤਾ ਸੀ। (ਮੱਤੀ 4:1-11) ਇਸੇ ਤਰ੍ਹਾਂ ਜਦ ਰਾਜਾ ਦਾਊਦ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਿਹਾ ਸੀ, ਤਾਂ ਉਸ ਨੇ ਵੀ ਪਰਮੇਸ਼ੁਰ ਦੇ ਬਚਨ ਤੋਂ ਕੁਝ ਯਾਦ ਕਰ ਕੇ ਹੌਸਲਾ ਪਾਇਆ। ਉਸ ਨੇ ਕਿਹਾ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖ਼ੁਸ਼ ਕਰਦੀਆਂ ਹਨ।”—ਜ਼ਬੂਰਾਂ ਦੀ ਪੋਥੀ 94:19.
ਤਾਂ ਫਿਰ, ਜਦ ਅਸੀਂ ਕਿਸੇ ਮੁਸ਼ਕਲ ਜਾਂ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ, ਤਾਂ ਅਸੀਂ ਵੀ ਬਾਈਬਲ ਵਿੱਚੋਂ ਕੋਈ-ਨ-ਕੋਈ ਹਵਾਲਾ ਯਾਦ ਕਰ ਕੇ ਦਿਲਾਸਾ ਪਾ ਸਕਦੇ ਹਾਂ। ਮਿਸਾਲ ਵਜੋਂ, ਰੈਕਸ ਦੀ ਉਦਾਹਰਣ ਉੱਤੇ ਗੌਰ ਕਰੋ। ਇਹ ਭਰਾ ਹੁਣ 89 ਸਾਲਾਂ ਦਾ ਹੈ ਅਤੇ 1931 ਤੋਂ ਇਕ ਪਾਇਨੀਅਰ ਵਜੋਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦਾ ਆਇਆ ਹੈ। ਉਹ ਕਹਿੰਦਾ ਹੈ: “ਜਦੋਂ ਵੀ ਮੈਨੂੰ ਪ੍ਰਚਾਰ ਦੇ ਸੰਬੰਧ ਵਿਚ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤਾਂ ਮੈਂ ਕਦੇ ਉਸ ਦੇ ਕਾਬਲ ਮਹਿਸੂਸ ਨਹੀਂ ਕਰਦਾ ਸੀ।” ਉਹ ਇਸ ਬਾਰੇ ਕੀ ਕਰਦਾ ਸੀ? “ਮੈਂ ਬਾਈਬਲ ਵਿੱਚੋਂ ਆਪਣਾ ਮਨਪਸੰਦ ਹਵਾਲਾ, ਕਹਾਉਤਾਂ 3:5 ਯਾਦ ਕਰਦਾ ਹੁੰਦਾ ਸੀ ਜਿਸ ਵਿਚ ਲਿਖਿਆ ਹੈ: ‘ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।’ ਇਸ ਨੂੰ ਯਾਦ ਕਰ ਕੇ ਅਤੇ ਇਸ ਤੇ ਚੱਲ ਕੇ ਮੈਂ ਉਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਜੋ ਮੈਨੂੰ ਸੌਂਪੀਆਂ ਗਈਆਂ ਸਨ ਪੂਰੀਆਂ ਕਰ ਸਕਿਆ।”
ਨੌਜਵਾਨਾਂ ਨੂੰ ਵੀ ਬਾਈਬਲ ਵਿੱਚੋਂ ਕੋਈ ਆਇਤ ਯਾਦ ਰੱਖਣ ਨਾਲ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਛੇ ਸਾਲਾਂ ਦੇ ਜੈਕ ਨੂੰ ਮੱਤੀ 24:14 ਦਾ ਹਵਾਲਾ ਵਧੀਆ ਲੱਗਦਾ ਹੈ। ਇਸ ਹਵਾਲੇ ਤੋਂ ਉਸ ਨੂੰ ਪ੍ਰਚਾਰ ਦੇ ਕੰਮ ਵਿਚ ਜਾਣ ਦਾ ਹੌਸਲਾ ਮਿਲਦਾ ਹੈ। ਉਹ ਕਹਿੰਦਾ ਹੈ: “ਮੈਨੂੰ ਆਪਣੇ ਮੰਮੀ-ਡੈਡੀ ਅਤੇ ਭੈਣ ਨਾਲ ਹਰ ਸ਼ਨੀਵਾਰ ਪ੍ਰਚਾਰ ਕਰਨ ਜਾਣਾ ਬਹੁਤ ਚੰਗਾ ਲੱਗਦਾ ਹੈ।”
ਯਿਸੂ ਵਾਂਗ ਕੀ ਤੁਹਾਡੀ ਨਿਹਚਾ ਵੀ ਕਦੀ ਪਰਖੀ ਜਾਂਦੀ ਹੈ? ਤਾਂ ਫਿਰ ਸ਼ਾਇਦ ਤੁਹਾਡੇ ਲਈ ਫ਼ਿਲਿੱਪੀਆਂ 4:13 ਯਾਦ ਰੱਖਣਾ ਵਧੀਆ ਹੋਵੇਗਾ। ਕੀ ਰਾਜਾ ਦਾਊਦ ਵਾਂਗ ਤੁਹਾਨੂੰ ਵੀ ਕਦੀ ਬਹੁਤ “ਚਿੰਤਾ ਹੁੰਦੀ ਹੈ”? ਜੇ ਹੁੰਦੀ ਹੈ, ਤਾਂ ਫ਼ਿਲਿੱਪੀਆਂ 4:6, 7 ਦੇ ਸ਼ਬਦ ਯਾਦ ਕਰਨ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਕੀ ਤੁਹਾਨੂੰ ਕਦੀ ਇਹ ਫ਼ਿਕਰ ਹੁੰਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਵਿਚ ਤੁਸੀਂ ਜੋ ਵੀ ਕਰਦੇ ਹੋ ਉਹ ਸ਼ਾਇਦ ਵਿਅਰਥ ਹੈ? ਤਾਂ ਫਿਰ 1 ਕੁਰਿੰਥੀਆਂ 15:58 ਦੇ ਸ਼ਬਦ ਯਾਦ ਕਰ ਕੇ ਤੁਹਾਨੂੰ ਹੌਸਲਾ ਤੇ ਬਲ ਮਿਲੇਗਾ।
ਬਾਈਬਲ ਵਿੱਚੋਂ ਵੱਖਰੇ-ਵੱਖਰੇ ਹਵਾਲੇ ਯਾਦ ਕਰ ਕੇ ਅਸੀਂ ਦੇਖਾਂਗੇ ਕਿ ਸਾਡੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਬਚਨ ਤੋਂ ਕਿੰਨਾ ਹੌਸਲਾ ਮਿਲਦਾ ਹੈ। (ਇਬਰਾਨੀਆਂ 4:12) ਇਨ੍ਹਾਂ ਆਇਤਾਂ ਤੋਂ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਲਈ ਹੌਸਲਾ ਅਤੇ ਦਿਲਾਸਾ ਮਿਲਦਾ ਹੈ।—ਰੋਮੀਆਂ 15:4.