ਤੁਸੀਂ ਆਪਣੀ ਅਧਿਆਤਮਿਕ ਲੋੜ ਕਿਸ ਤਰ੍ਹਾਂ ਪੂਰੀ ਕਰ ਸਕਦੇ ਹੋ?
ਤੁਸੀਂ ਆਪਣੀ ਅਧਿਆਤਮਿਕ ਲੋੜ ਕਿਸ ਤਰ੍ਹਾਂ ਪੂਰੀ ਕਰ ਸਕਦੇ ਹੋ?
ਅਮਰੀਕਾ ਦੇ ਯੂ.ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਰਸਾਲੇ ਵਿਚ ਲਿਖਿਆ ਸੀ ਕਿ ‘ਪਿਛਲੇ ਦੱਸਾਂ ਸਾਲਾਂ ਦੌਰਾਨ, ਕੰਮ ਦੀ ਥਾਂ ਤੇ ਲੋਕਾਂ ਦੀ ਰੂਹਾਨੀਅਤ ਨੂੰ ਮਜ਼ਬੂਤ ਕਰਨ ਬਾਰੇ 300 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਗਈਆਂ ਹਨ।’ ਇਸ ਗੱਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਮੀਰ ਮੁਲਕਾਂ ਵਿਚ ਲੋਕ ਆਪਣੀ ਜ਼ਿੰਦਗੀ ਨੂੰ ਸੇਧ ਦੇਣ ਲਈ ਧਾਰਮਿਕ ਗੱਲਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਟ੍ਰੇਨਿੰਗ ਐਂਡ ਡਿਵੈਲਪਮੈਂਟ ਨਾਮਕ ਬਿਜ਼ਨਿਸ ਰਸਾਲੇ ਵਿਚ ਲਿਖਿਆ ਸੀ: “ਅੱਜ ਤਕਨਾਲੋਜੀ ਨੇ ਹਰ ਪੱਖੋਂ ਬਹੁਤ ਤਰੱਕੀ ਕੀਤੀ ਹੈ, ਪਰ ਅਸੀਂ ਅਜੇ ਵੀ ਜ਼ਿੰਦਗੀ ਦੇ ਮਕਸਦ ਅਤੇ ਅਸਲੀ ਖ਼ੁਸ਼ੀ ਦੀ ਤਲਾਸ਼ ਵਿਚ ਇੱਧਰ-ਉੱਧਰ ਭਟਕ ਰਹੇ ਹਾਂ।”
ਪਰ ਸਾਨੂੰ ਆਪਣੀ ਅਧਿਆਤਮਿਕ ਲੋੜ ਪੂਰੀ ਕਰਨ ਲਈ ਰੂਹਾਨੀ ਸੇਧ ਕਿੱਥੋਂ ਮਿਲ ਸਕਦੀ ਹੈ? ਪੁਰਾਣੇ ਜ਼ਮਾਨੇ ਵਿਚ ਲੋਕ “ਜ਼ਿੰਦਗੀ ਦੇ ਮਕਸਦ” ਬਾਰੇ ਜਾਣਨ ਲਈ ਧਰਮ ਦਾ ਸਹਾਰਾ ਲੈਂਦੇ ਸਨ। ਪਰ ਅੱਜ ਬਹੁਤ ਸਾਰੇ ਲੋਕ ਆਪਣੇ ਧਰਮ ਨੂੰ ਛੱਡ ਰਹੇ ਹਨ। ਟ੍ਰੇਨਿੰਗ ਐਂਡ ਡਿਵੈਲਪਮੈਂਟ ਰਸਾਲੇ ਮੁਤਾਬਕ ਕੰਪਨੀਆਂ ਦੇ 90 ਮੈਨੇਜਰਾਂ ਅਤੇ ਅਫ਼ਸਰਾਂ ਦੇ ਜਾਇਜ਼ੇ ਤੋਂ ਪਤਾ ਲੱਗਿਆ ਕਿ “ਉਨ੍ਹਾਂ ਲਈ ਧਰਮ ਅਤੇ ਰੂਹਾਨੀਅਤ ਵਿਚ ਬਹੁਤ ਫ਼ਰਕ ਹੈ।” ਉਨ੍ਹਾਂ ਨੇ ਕਿਹਾ ਕਿ ਧਰਮ ਲੋਕਾਂ ਨੂੰ ਕੱਟੜਵਾਦੀ ਬਣਾਉਂਦਾ ਹੈ ਅਤੇ ਲੋਕਾਂ ਵਿਚ ਫੁੱਟ ਪਾਉਂਦਾ ਹੈ, ਪਰ ਰੂਹਾਨੀਅਤ ਇਸ ਤਰ੍ਹਾਂ ਕਰਨ ਦੀ ਬਜਾਇ ਲੋਕਾਂ ਨੂੰ ਮਿਲਾਉਂਦੀ ਹੈ।
ਇਸੇ ਤਰ੍ਹਾਂ ਆਸਟ੍ਰੇਲੀਆ, ਨਿਉਜ਼ੀਲੈਂਡ, ਬਰਤਾਨੀਆ ਅਤੇ ਯੂਰਪ ਵਰਗੇ ਦੇਸ਼ਾਂ ਵਿਚ ਰਹਿਣ ਵਾਲੇ ਬਹੁਤ ਸਾਰੇ ਨੌਜਵਾਨ ਵੀ ਇਹੋ ਕਹਿੰਦੇ ਹਨ ਕਿ ਉਨ੍ਹਾਂ ਲਈ ਧਰਮ ਅਤੇ ਰੂਹਾਨੀਅਤ ਵਿਚ ਬਹੁਤ ਫ਼ਰਕ ਹੈ। ਆਸਟ੍ਰੇਲੀਆ ਦੀ ਇਕ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ‘ਬਹੁਤ ਸਾਰੇ ਨੌਜਵਾਨ ਪਰਮੇਸ਼ੁਰ ਨੂੰ ਜਾਂ ਕਿਸੇ ਮਹਾਨ ਸ਼ਕਤੀ ਨੂੰ ਮੰਨਦੇ ਤਾਂ ਹਨ, ਪਰ ਚਰਚ ਜਾਣਾ ਜ਼ਰੂਰੀ ਨਹੀਂ ਸਮਝਦੇ।’—ਯੂਥ ਸਟੱਡੀਜ਼ ਆਸਟ੍ਰੇਲੀਆ।
ਸੱਚਾ ਧਰਮ ਰੂਹਾਨੀਅਤ ਪੈਦਾ ਕਰਦਾ ਹੈ
ਅਸੀਂ ਸਮਝ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਧਰਮਾਂ ਨੂੰ ਕਿਉਂ ਨਹੀਂ ਪਸੰਦ ਕਰਦੇ। ਕਈ ਧਾਰਮਿਕ ਸੰਸਥਾਵਾਂ ਸਿਆਸੀ ਮਾਮਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਬਹੁਤ ਸਾਰੇ ਬੇਗੁਨਾਹ ਲੋਕਾਂ ਦਾ ਖ਼ੂਨ ਮਜ਼ਹਬੀ ਜੰਗਾਂ ਵਿਚ ਵਹਾਇਆ ਗਿਆ ਹੈ। ਇਹ ਧਰਮ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹੋਰ ਹਨ। ਇਨ੍ਹਾਂ ਬੁਰੇ ਕੰਮਾਂ ਨੂੰ ਦੇਖ ਕੇ ਲੋਕ ਧਰਮਾਂ ਨੂੰ ਠੁਕਰਾ ਰਹੇ ਹਨ। ਪਰ ਇਸ ਦੇ ਨਾਲ-ਨਾਲ ਕੁਝ ਲੋਕ ਬਾਈਬਲ ਨੂੰ ਵੀ ਰੱਦ ਕਰਨ ਦੀ ਗ਼ਲਤੀ ਕਰਦੇ ਹਨ। ਉਨ੍ਹਾਂ ਦੇ ਖ਼ਿਆਲ ਵਿਚ ਬਾਈਬਲ ਇਨ੍ਹਾਂ ਸਾਰੀਆਂ ਗੱਲਾਂ ਦੀ ਇਜਾਜ਼ਤ ਦਿੰਦੀ ਹੈ।
ਪਰ ਸੱਚੀ ਗੱਲ ਤਾਂ ਇਹ ਹੈ ਕਿ ਬਾਈਬਲ ਪਖੰਡ ਅਤੇ ਕੁਧਰਮ ਦੇ ਖ਼ਿਲਾਫ਼ ਹੈ। ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਕਿਹਾ ਸੀ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ। ਇਸੇ ਤਰਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ।”—ਮੱਤੀ 23:27, 28.
ਬਾਈਬਲ ਸਾਨੂੰ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ ਲਈ ਕਹਿੰਦੀ ਹੈ। ਇਕ-ਦੂਸਰੇ ਨੂੰ ਕਤਲ ਕਰਨ ਦੀ ਬਜਾਇ ਬਾਈਬਲ ਮਸੀਹੀਆਂ ਨੂੰ ਇਕ-ਦੂਸਰੇ ਲਈ ਜਾਨ ਦੇਣ ਨੂੰ ਤਿਆਰ ਰਹਿਣ ਲਈ ਕਹਿੰਦੀ ਹੈ। (ਯੂਹੰਨਾ 15:12, 13; 18:36; 1 ਯੂਹੰਨਾ 3:10-12) ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣ ਵਾਲਾ ਸੱਚਾ ਧਰਮ ਲੋਕਾਂ ਵਿਚ ਫੁੱਟ ਪਾਉਣ ਦੀ ਬਜਾਇ ਉਨ੍ਹਾਂ ਨੂੰ ਮਿਲਾਉਂਦਾ ਹੈ। ਪਤਰਸ ਰਸੂਲ ਨੇ ਕਿਹਾ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਬਾਈਬਲ ਸਾਨੂੰ ਰੂਹਾਨੀ ਤੌਰ ਤੇ ਫ਼ਾਇਦਾ ਪਹੁੰਚਾਉਂਦੀ ਹੈ
ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਹੈ। (ਉਤਪਤ 1:26, 27) ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਜਿਸਮਾਨੀ ਤੌਰ ਤੇ ਰੱਬ ਵਰਗੇ ਹਾਂ, ਪਰ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਾਂ ਅਤੇ ਅਸੀਂ ਰੂਹਾਨੀ ਗੱਲਾਂ ਦੀ ਕਦਰ ਕਰ ਸਕਦੇ ਹਾਂ।
ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਰੱਬ ਸਾਨੂੰ ਇਹ ਵੀ ਜ਼ਰੂਰ ਦੱਸੇਗਾ ਕਿ ਅਸੀਂ ਆਪਣੀ ਅਧਿਆਤਮਿਕ ਲੋੜ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਾਂ। ਉਹ ਸਾਨੂੰ ਸਹੀ ਸੇਧ ਦੇ ਸਕਦਾ ਹੈ ਤਾਂਕਿ ਅਸੀਂ ਸਹੀ ਤੇ ਗ਼ਲਤ ਰਾਹ ਪਛਾਣ ਸਕੀਏ। ਜਿਸ ਤਰ੍ਹਾਂ ਰੱਬ ਨੇ ਸਾਡੀ ਜਿਸਮਾਨੀ ਸਿਹਤ ਵਾਸਤੇ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੇ ਕਾਬਲ ਬਣਾਇਆ ਹੈ, ਉਸੇ ਤਰ੍ਹਾਂ ਉਸ ਨੇ ਸਾਡੀ ਰੂਹਾਨੀ ਸਿਹਤ ਵਾਸਤੇ ਸਾਨੂੰ ਇਕ ਜ਼ਮੀਰ ਦਿੱਤੀ ਹੈ ਜੋ ਸਾਨੂੰ ਅਛਾਈ ਤੇ ਬੁਰਾਈ ਨੂੰ ਪਛਾਣਨ ਦੇ ਕਾਬਲ ਬਣਾਉਂਦੀ ਹੈ। ਇਸ ਜ਼ਮੀਰ ਦੀ ਮਦਦ ਨਾਲ ਅਸੀਂ ਜਿਸਮਾਨੀ ਤੇ ਰੂਹਾਨੀ ਨੁਕਸਾਨ ਤੋਂ ਬਚ ਸਕਦੇ ਹਾਂ। (ਰੋਮੀਆਂ 2:14, 15) ਜੇ ਅਸੀਂ ਠੀਕ ਤਰ੍ਹਾਂ ਰੋਟੀ ਨਹੀਂ ਖਾਂਦੇ, ਤਾਂ ਸਾਡਾ ਸਰੀਰ ਬੀਮਾਰੀ ਨਾਲ ਠੀਕ ਤਰ੍ਹਾਂ ਲੜ ਨਹੀਂ ਸਕਦਾ। ਇਸੇ ਤਰ੍ਹਾਂ ਜੇ ਅਸੀਂ ਠੀਕ ਰੂਹਾਨੀ ਖ਼ੁਰਾਕ ਨਹੀਂ ਖਾਂਦੇ ਯਾਨੀ ਰੂਹਾਨੀ ਤੌਰ ਤੇ ਆਪਣੀ ਦੇਖ-ਭਾਲ ਨਹੀਂ ਕਰਦੇ, ਤਾਂ ਸਾਡੀ ਜ਼ਮੀਰ ਵੀ ਬੁਰੇ ਪ੍ਰਭਾਵਾਂ ਦਾ ਵਿਰੋਧ ਨਹੀਂ ਕਰ ਸਕੇਗੀ।
ਮੱਤੀ 4:4) ਯਹੋਵਾਹ ਦੇ ਵਾਕ ਉਸ ਦੇ ਬਚਨ ਬਾਈਬਲ ਵਿਚ ਲਿਖੇ ਹੋਏ ਹਨ ਅਤੇ ਉਹ ‘ਸਿੱਖਿਆ, ਤਾੜਨ ਤੇ ਸੁਧਾਰਨ ਲਈ ਗੁਣਕਾਰ ਹਨ।’ (2 ਤਿਮੋਥਿਉਸ 3:16) ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਹ ਰੂਹਾਨੀ ਖ਼ੁਰਾਕ ਲੈਂਦੇ ਹਾਂ ਜਾਂ ਨਹੀਂ। ਜਿਸ ਹੱਦ ਤਕ ਅਸੀਂ ਬਾਈਬਲ ਪੜ੍ਹ ਕੇ ਉਸ ਦੇ ਅਸੂਲ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ, ਉਸ ਹੱਦ ਤਕ ਸਾਨੂੰ ਰੂਹਾਨੀ ਤੇ ਜਿਸਮਾਨੀ ਤੌਰ ਤੇ ਲਾਭ ਹੋਵੇਗਾ।—ਯਸਾਯਾਹ 48:17, 18.
ਯਿਸੂ ਨੇ ਦੱਸਿਆ ਸੀ ਕਿ ਸਹੀ ਰੂਹਾਨੀ ਖ਼ੁਰਾਕ ਕੀ ਹੈ ਜਦ ਉਸ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਅਸੀਂ ਕੋਸ਼ਿਸ਼ ਕਿਉਂ ਕਰੀਏ?
ਮੰਨ ਲਿਆ ਕਿ ਬਾਈਬਲ ਪੜ੍ਹਨ ਤੇ ਸਟੱਡੀ ਕਰਨ ਲਈ ਸਮਾਂ ਲੱਗਦਾ ਹੈ ਅਤੇ ਅਕਸਰ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ। ਪਰ ਜੇ ਅਸੀਂ ਸਮਾਂ ਕੱਢ ਕੇ ਬਾਈਬਲ ਵੱਲ ਆਪਣਾ ਧਿਆਨ ਲਾਈਏ, ਤਾਂ ਇਸ ਦਾ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਆਓ ਆਪਾਂ ਦੇਖੀਏ ਕਿ ਕੁਝ ਪੇਸ਼ਾਵਰ ਲੋਕਾਂ ਨੇ ਆਪਣੀ ਰੂਹਾਨੀ ਸਿਹਤ ਦੀ ਦੇਖ-ਭਾਲ ਕਰਨ ਲਈ ਸਮਾਂ ਕਿਉਂ ਕੱਢਿਆ ਹੈ।
ਮਾਰੀਨਾ ਇਕ ਡਾਕਟਰ ਹੈ। ਉਹ ਕਹਿੰਦੀ ਹੈ: “ਮੈਂ ਪਹਿਲਾਂ ਕਦੇ ਆਪਣੀ ਰੂਹਾਨੀ ਸਿਹਤ ਬਾਰੇ ਨਹੀਂ ਸੋਚਿਆ ਸੀ। ਪਰ ਜਦ ਮੈਂ ਹਸਪਤਾਲ ਵਿਚ ਕੰਮ ਕਰਨਾ ਸ਼ੁਰੂ ਕੀਤਾ, ਤਾਂ ਲੋਕਾਂ ਦਾ ਦੁੱਖ-ਦਰਦ ਦੇਖ ਕੇ ਮੈਂ ਸੋਚਣ ਲੱਗੀ ਕਿ ਰੱਬ ਇਸ ਦੀ ਇਜਾਜ਼ਤ ਕਿਉਂ ਦਿੰਦਾ ਹੈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਬਾਰੇ ਜਾਣਨ ਦੀ ਲੋੜ ਸੀ। ਦੂਸਰਿਆਂ ਦੀ ਦੇਖ-ਰੇਖ ਵਿਚ ਮੇਰਾ ਪੂਰਾ ਸਮਾਂ ਲੱਗ ਜਾਂਦਾ ਸੀ, ਪਰ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲ ਰਹੀ ਸੀ।
“ਹੁਣ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਹੀ ਹਾਂ। ਇਸ ਸਟੱਡੀ ਦੀ ਮਦਦ ਨਾਲ ਮੈਂ ਆਪਣੀ ਜਾਂਚ ਕਰ ਸਕਦੀ ਹਾਂ ਕਿ ਮੈਂ ਕੋਈ ਕੰਮ ਕਿਉਂ ਕਰਦੀ ਹਾਂ, ਇਸ ਦਾ ਮਕਸਦ ਕੀ ਹੈ ਅਤੇ ਇਸ ਤਰ੍ਹਾਂ ਮੈਨੂੰ ਆਪਣੀ ਸੋਚਣੀ ਨੂੰ ਸੁਧਾਰਨ ਵਿਚ ਮਦਦ ਮਿਲਦੀ ਹੈ। ਮੈਨੂੰ ਆਪਣੇ ਕੰਮ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ, ਪਰ ਬਾਈਬਲ ਦੀ ਸਟੱਡੀ ਕਰਨ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਮੈਂ ਹੁਣ ਬੁਰੇ ਖ਼ਿਆਲਾਂ ਨੂੰ ਆਪਣੇ ਮਨ ਵਿਚ ਨਹੀਂ ਆਉਣ ਦਿੰਦੀ ਤੇ ਮੇਰਾ ਟੈਨਸ਼ਨ ਵੀ ਕਾਫ਼ੀ ਘੱਟ ਗਿਆ ਹੈ। ਮੈਂ ਹੁਣ ਮਰੀਜ਼ਾਂ ਨਾਲ ਧੀਰਜ ਅਤੇ ਹਮਦਰਦੀ ਨਾਲ ਪੇਸ਼ ਆਉਂਦੀ ਹਾਂ। ਬਾਈਬਲ ਦੇ ਅਸੂਲਾਂ ਦੀ ਮਦਦ ਨਾਲ ਸਾਡੇ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਸੁਧਾਰ ਆਇਆ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਯਹੋਵਾਹ ਪਰਮੇਸ਼ੁਰ ਨੂੰ ਜਾਣਿਆ ਹੈ ਅਤੇ ਉਸ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਮੈਂ ਹੁਣ ਇਕ ਮਕਸਦ-ਭਰੀ ਜ਼ਿੰਦਗੀ ਜੀ ਰਹੀ ਹਾਂ।”
ਨਿਕੋਲਸ ਇਕ ਆਰਕੀਟੈਕਟ ਹੈ। ਉਹ ਕਹਿੰਦਾ ਹੈ: “ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਤੋਂ ਪਹਿਲਾਂ ਮੈਨੂੰ ਰੂਹਾਨੀ ਗੱਲਾਂ ਵਿਚ ਕੋਈ ਰੁਚੀ ਨਹੀਂ ਸੀ। ਮੇਰਾ ਮਕਸਦ ਸਿਰਫ਼ ਜ਼ਿੰਦਗੀ ਵਿਚ ਸਫ਼ਲ ਹੋਣਾ ਹੀ ਸੀ। ਪਰ ਬਾਈਬਲ ਸਟੱਡੀ ਕਰ ਕੇ ਮੈਂ ਸਿੱਖਿਆ ਹੈ ਕਿ ਜ਼ਿੰਦਗੀ ਵਿਚ ਹੋਰ ਵੀ ਜ਼ਰੂਰੀ ਚੀਜ਼ਾਂ ਹਨ ਅਤੇ ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਹੀ ਸੱਚੀ ਖ਼ੁਸ਼ੀ ਮਿਲਦੀ ਹੈ।
“ਮੇਰੇ ਕੰਮ ਤੋਂ ਮੈਨੂੰ ਖ਼ੁਸ਼ੀ ਤਾਂ ਮਿਲਦੀ ਹੈ, ਪਰ ਬਾਈਬਲ ਤੋਂ ਮੈਂ ਰੂਹਾਨੀ ਗੱਲਾਂ ਵੱਲ ਧਿਆਨ ਲਗਾਉਣ ਅਤੇ ਸਾਦੀ ਜ਼ਿੰਦਗੀ ਜੀਣ ਦੀ ਅਹਿਮੀਅਤ ਬਾਰੇ ਸਿੱਖਿਆ ਹੈ। ਇਸ ਤਰ੍ਹਾਂ ਕਰ ਕੇ ਮੈਂ ਤੇ ਮੇਰੀ ਬੀਵੀ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦੇ ਚੱਕਰ ਵਿਚ ਪੈਣ ਤੋਂ ਬਚ ਸਕੇ ਹਾਂ। ਧਾਰਮਿਕ ਗੱਲਾਂ ਵਿਚ ਰੁਚੀ ਰੱਖਣ ਵਾਲੇ ਹੋਰਨਾਂ ਲੋਕਾਂ ਨਾਲ ਸੰਗਤ ਕਰ ਕੇ ਅਸੀਂ ਕਈ ਨਵੇਂ ਦੋਸਤ ਵੀ ਬਣਾਏ ਹਨ।”
ਵਿਨਸੰਟ ਇਕ ਵਕੀਲ ਹੈ। ਉਹ ਕਹਿੰਦਾ ਹੈ: “ਇਕ ਚੰਗੇ ਪੇਸ਼ੇ ਤੋਂ ਕੁਝ ਹੱਦ ਤਕ ਸੰਤੁਸ਼ਟੀ ਤਾਂ ਮਿਲਦੀ ਹੈ, ਪਰ ਮੈਂ ਦੇਖਿਆ ਹੈ ਕਿ ਅਸਲੀ ਖ਼ੁਸ਼ੀ ਤੇ ਸੁਖ-ਸੰਤੋਖ ਪਾਉਣ ਲਈ ਸਾਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਇਸ ਵਿਸ਼ੇ ਤੇ ਬਾਈਬਲ ਦੀ ਸਿੱਖਿਆ ਜਾਣਨ ਤੋਂ ਪਹਿਲਾਂ ਮੈਂ ਸੋਚਿਆ ਕਰਦਾ ਸੀ ਕਿ ਜੀਣ ਦਾ ਕੀ ਫ਼ਾਇਦਾ—ਇਨਸਾਨ ਜੰਮਦਾ, ਵੱਡਾ ਹੁੰਦਾ, ਰੋਜ਼ੀ-ਰੋਟੀ ਕਮਾਉਂਦਾ, ਵਿਆਹ ਕਰਾਉਂਦਾ, ਬੱਚੇ ਪਾਲਦਾ ਤੇ ਉਨ੍ਹਾਂ ਨੂੰ ਅੱਗੇ ਜ਼ਿੰਦਗੀ ਦੇ ਉਸੇ ਚੱਕਰ ਵਿਚ ਪਾ ਕੇ ਆਖ਼ਰਕਾਰ ਆਪ ਬੁੱਢਾ ਹੋ ਕੇ ਮਰ ਜਾਂਦਾ ਹੈ।
“ਸਿਰਫ਼ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਦਾ ਕੀ ਮਕਸਦ ਹੈ। ਹੁਣ ਮੈਂ ਆਪਣੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਨੂੰ ਜਾਣਦਾ ਹਾਂ ਤੇ ਮੈਂ ਉਸ ਨਾਲ ਪਿਆਰ ਕਰਨਾ ਸਿੱਖਿਆ ਹੈ। ਉਸ ਦਾ ਮਕਸਦ ਜਾਣ ਕੇ ਮੈਂ ਆਪਣੀ ਜ਼ਿੰਦਗੀ ਨੂੰ ਉਸ ਮੁਤਾਬਕ ਜੀਣ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਮੈਂ ਤੇ ਮੇਰੀ ਪਤਨੀ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਲਗਾ ਕੇ ਬਹੁਤ ਖ਼ੁਸ਼ ਹਾਂ।”
ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਵੀ ਇਕ ਮਕਸਦ-ਭਰੀ ਜ਼ਿੰਦਗੀ ਜੀ ਸਕਦੇ ਹੋ। ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ। ਮਾਰੀਨਾ, ਨਿਕੋਲਸ ਤੇ ਵਿਨਸੰਟ ਵਾਂਗ ਤੁਸੀਂ ਵੀ ਇਹ ਜਾਣ ਕੇ ਖ਼ੁਸ਼ੀ ਪਾ ਸਕਦੇ ਹੋ ਕਿ ਮਨੁੱਖਜਾਤੀ ਲਈ ਅਤੇ ਨਿੱਜੀ ਤੌਰ ਤੇ ਤੁਹਾਡੇ ਲਈ ਯਹੋਵਾਹ ਦਾ ਮਕਸਦ ਕੀ ਹੈ। ਤੁਸੀਂ ਸਿਰਫ਼ ਆਪਣੀ ਅਧਿਆਤਮਿਕ ਲੋੜ ਹੀ ਨਹੀਂ ਪੂਰੀ ਕਰ ਪਾਓਗੇ, ਸਗੋਂ ਤੁਹਾਨੂੰ ਪੂਰੀ ਤੰਦਰੁਸਤੀ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਵੀ ਮਿਲੇਗਾ ਜੋ ਕਿ ਸਿਰਫ਼ ਉਨ੍ਹਾਂ ਨੂੰ ਮਿਲੇਗਾ ਜੋ “ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।”—ਮੱਤੀ 5:3, ਨਵਾਂ ਅਨੁਵਾਦ।
ਰੂਹਾਨੀ ਤੌਰ ਤੇ ਤੰਦਰੁਸਤ ਰਹਿਣ ਦਾ ਇਕ ਤਰੀਕਾ ਹੈ ਪ੍ਰਾਰਥਨਾ ਕਰਨੀ। ਯਿਸੂ ਨੇ ਸਮਾਂ ਕੱਢ ਕੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। ਆਮ ਤੌਰ ਤੇ ਇਸ ਪ੍ਰਾਰਥਨਾ ਨੂੰ ਪ੍ਰਭੂ ਦੀ ਪ੍ਰਾਰਥਨਾ ਕਿਹਾ ਜਾਂਦਾ ਹੈ। ਇਹ ਪ੍ਰਾਰਥਨਾ ਅੱਜ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ? ਤੁਹਾਨੂੰ ਇਸ ਤੋਂ ਕੀ ਲਾਭ ਹੋ ਸਕਦਾ ਹੈ? ਅਗਲੇ ਦੋ ਲੇਖਾਂ ਵਿਚ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।
[ਸਫ਼ੇ 6 ਉੱਤੇ ਤਸਵੀਰ]
ਮਾਰੀਨਾ
[ਸਫ਼ੇ 7 ਉੱਤੇ ਤਸਵੀਰ]
ਨਿਕੋਲਸ
[ਸਫ਼ੇ 7 ਉੱਤੇ ਤਸਵੀਰ]
ਵਿਨਸੰਟ