Skip to content

Skip to table of contents

‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੋ’

‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੋ’

‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੋ’

“ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:15.

1, 2. (ੳ) ਕਾਮਿਆਂ ਨੂੰ ਸੰਦਾਂ ਦੀ ਲੋੜ ਕਿਉਂ ਹੁੰਦੀ ਹੈ? (ਅ) ਮਸੀਹੀ ਕਿਹੜਾ ਕੰਮ ਕਰਦੇ ਹਨ ਅਤੇ ਉਹ ਕਿਵੇਂ ਦਿਖਾਉਂਦੇ ਹਨ ਕਿ ਉਹ ਪਹਿਲਾਂ ਰਾਜ ਨੂੰ ਭਾਲਦੇ ਹਨ?

ਕਾਮਿਆਂ ਨੂੰ ਕੰਮ ਕਰਨ ਲਈ ਸੰਦਾਂ ਦੀ ਲੋੜ ਹੁੰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਿਸੇ ਵੀ ਸੰਦ ਨਾਲ ਕੰਮ ਸਾਰ ਲੈਣਗੇ। ਕਾਮੇ ਨੂੰ ਢੁਕਵੇਂ ਸੰਦ ਦੀ ਲੋੜ ਹੈ ਅਤੇ ਇਹ ਸੰਦ ਉਸ ਨੂੰ ਢੰਗ ਨਾਲ ਵਰਤਣਾ ਚਾਹੀਦਾ ਹੈ। ਮਿਸਾਲ ਲਈ, ਜੇ ਸ਼ੈੱਡ ਬਣਾਉਣ ਲਈ ਤੁਸੀਂ ਲੱਕੜ ਦੇ ਦੋ ਤਖ਼ਤਿਆਂ ਨੂੰ ਆਪਸ ਵਿਚ ਜੋੜਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਡੇ ਕੋਲ ਇਕ ਹਥੌੜਾ ਅਤੇ ਮੇਖਾਂ ਹੋਣੀਆਂ ਹੀ ਕਾਫ਼ੀ ਨਹੀਂ ਹਨ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਲੱਕੜ ਵਿਚ ਮੇਖ ਨੂੰ ਵਿੰਗੀ ਹੋਏ ਬਿਨਾਂ ਕਿੱਦਾਂ ਗੱਡਣਾ ਹੈ। ਜੇ ਹਥੌੜਾ ਹੀ ਮਾਰਨਾ ਨਹੀਂ ਆਉਂਦਾ, ਤਾਂ ਲੱਕੜ ਵਿਚ ਮੇਖ ਗੱਡਣੀ ਬਹੁਤ ਮੁਸ਼ਕਲ ਹੋਵੇਗੀ ਅਤੇ ਤੁਹਾਨੂੰ ਮਾਯੂਸੀ ਦਾ ਸਾਮ੍ਹਣਾ ਵੀ ਕਰਨਾ ਪਵੇਗਾ। ਪਰ ਢੰਗ ਨਾਲ ਸੰਦਾਂ ਨੂੰ ਵਰਤਣ ਨਾਲ ਸਾਡਾ ਕੰਮ ਵੀ ਪੂਰਾ ਹੋਵੇਗਾ ਤੇ ਚੰਗੇ ਨਤੀਜਿਆਂ ਨੂੰ ਦੇਖ ਕੇ ਸਾਨੂੰ ਖ਼ੁਸ਼ੀ ਵੀ ਮਿਲੇਗੀ।

2 ਮਸੀਹੀ ਹੋਣ ਦੇ ਨਾਤੇ, ਸਾਨੂੰ ਇਕ ਬਹੁਤ ਜ਼ਰੂਰੀ ਕੰਮ ਦਿੱਤਾ ਗਿਆ ਹੈ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ‘ਪਹਿਲਾਂ ਰਾਜ ਨੂੰ ਭਾਲੋ।’ (ਮੱਤੀ 6:33) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜੋਸ਼ੀਲੇ ਬਣੀਏ। ਦੂਜਾ, ਸਾਡੀ ਸੇਵਕਾਈ ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਹੋਣੀ ਚਾਹੀਦੀ ਹੈ। ਤੀਜਾ, ਸਾਡਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ। (ਮੱਤੀ 24:14; 28:19, 20; ਰਸੂਲਾਂ ਦੇ ਕਰਤੱਬ 8:25; 1 ਪਤਰਸ 2:12) ਇਸ ਮਸੀਹੀ ਜ਼ਿੰਮੇਵਾਰੀ ਨੂੰ ਅਸਰਕਾਰੀ ਤਰੀਕੇ ਨਾਲ ਤੇ ਖ਼ੁਸ਼ੀ ਨਾਲ ਪੂਰਾ ਕਰਨ ਲਈ ਸਾਨੂੰ ਢੁਕਵੇਂ ਸੰਦਾਂ ਦੀ ਲੋੜ ਹੈ। ਨਾਲੇ ਇਨ੍ਹਾਂ ਸੰਦਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਸ ਸੰਬੰਧੀ ਪੌਲੁਸ ਰਸੂਲ ਨੇ ਵਧੀਆ ਮਿਸਾਲ ਕਾਇਮ ਕੀਤੀ ਅਤੇ ਉਸ ਨੇ ਦੂਸਰੇ ਮਸੀਹੀਆਂ ਨੂੰ ਵੀ ਉਤਸ਼ਾਹ ਦਿੱਤਾ ਕਿ ਉਹ ਉਸ ਦੀ ਨਕਲ ਕਰਨ। (1 ਕੁਰਿੰਥੀਆਂ 10:33; 15:10) ਤਾਂ ਫਿਰ ਅਸੀਂ ਆਪਣੇ ਸੰਗੀ ਕਾਮੇ ਪੌਲੁਸ ਤੋਂ ਕੀ ਸਿੱਖ ਸਕਦੇ ਹਾਂ?

ਪੌਲੁਸ—ਰਾਜ ਦਾ ਜੋਸ਼ੀਲਾ ਪ੍ਰਚਾਰਕ

3. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪੌਲੁਸ ਰਸੂਲ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਦਾ ਸੀ?

3 ਪੌਲੁਸ ਕਿਸ ਤਰ੍ਹਾਂ ਦਾ ਕਾਮਾ ਸੀ? ਉਹ ਬਹੁਤ ਜੋਸ਼ੀਲਾ ਸੀ। ਉਸ ਨੇ ਭੂਮੱਧ-ਸਾਗਰ ਦੇ ਆਲੇ-ਦੁਆਲੇ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ ਆਪਣੀ ਪੂਰੀ ਵਾਹ ਲਾਈ ਸੀ। ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਨ ਦੇ ਕਾਰਨ ਬਾਰੇ ਦੱਸਦੇ ਹੋਏ ਇਸ ਅਣਥੱਕ ਰਸੂਲ ਨੇ ਕਿਹਾ: “ਭਾਵੇਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!” (1 ਕੁਰਿੰਥੀਆਂ 9:16) ਕੀ ਪੌਲੁਸ ਸਿਰਫ਼ ਆਪਣੀ ਜਾਨ ਬਚਾਉਣ ਲਈ ਪ੍ਰਚਾਰ ਕਰਦਾ ਸੀ? ਨਹੀਂ। ਉਹ ਸੁਆਰਥੀ ਨਹੀਂ ਸੀ। ਇਸ ਦੀ ਬਜਾਇ, ਉਹ ਚਾਹੁੰਦਾ ਸੀ ਕਿ ਦੂਸਰਿਆਂ ਨੂੰ ਵੀ ਖ਼ੁਸ਼ ਖ਼ਬਰੀ ਤੋਂ ਫ਼ਾਇਦਾ ਹੋਵੇ। ਉਸ ਨੇ ਲਿਖਿਆ: “ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।”—1 ਕੁਰਿੰਥੀਆਂ 9:23.

4. ਮਸੀਹੀ ਕਾਮੇ ਕਿਹੜੇ ਸੰਦ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ?

4 ਪੌਲੁਸ ਨਿਮਰ ਸੁਭਾਅ ਦਾ ਕਾਮਾ ਸੀ। ਉਸ ਨੂੰ ਪਤਾ ਸੀ ਕਿ ਉਹ ਸਿਰਫ਼ ਆਪਣੀ ਕਾਬਲੀਅਤ ਨਾਲ ਕੁਝ ਨਹੀਂ ਕਰ ਸਕਦਾ। ਜਿਵੇਂ ਤਰਖਾਣ ਨੂੰ ਹਥੌੜੇ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪੌਲੁਸ ਨੂੰ ਇਕ ਢੁਕਵੇਂ ਸੰਦ ਦੀ ਲੋੜ ਸੀ ਜਿਸ ਦੀ ਮਦਦ ਨਾਲ ਉਹ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਬਾਰੇ ਸੱਚਾਈ ਬਿਠਾ ਸਕਦਾ। ਉਹ ਮੁੱਖ ਤੌਰ ਤੇ ਕਿਹੜਾ ਸੰਦ ਵਰਤਦਾ ਸੀ? ਉਹ ਪਰਮੇਸ਼ੁਰ ਦਾ ਬਚਨ ਵਰਤਦਾ ਸੀ। ਉਸੇ ਤਰ੍ਹਾਂ, ਅਸੀਂ ਵੀ ਚੇਲੇ ਬਣਾਉਣ ਲਈ ਮੁੱਖ ਤੌਰ ਤੇ ਪੂਰੀ ਬਾਈਬਲ ਵਰਤਦੇ ਹਾਂ।

5. ਅਸਰਕਾਰੀ ਪ੍ਰਚਾਰਕ ਬਣਨ ਲਈ ਬਾਈਬਲ ਵਿੱਚੋਂ ਹਵਾਲੇ ਦੇਣ ਤੋਂ ਇਲਾਵਾ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?

5 ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਦੇ ਬਚਨ ਦਾ ਸਹੀ ਇਸਤੇਮਾਲ ਕਰਨ ਲਈ ਸਿਰਫ਼ ਇਸ ਵਿੱਚੋਂ ਹਵਾਲੇ ਦੇਣੇ ਹੀ ਕਾਫ਼ੀ ਨਹੀਂ ਸਨ। ਉਸ ਨੇ ਪਰਮੇਸ਼ੁਰ ਦੇ ਲਿਖਤੀ ਬਚਨ ਵਿੱਚੋਂ “ਪਰਮਾਣ” ਜਾਂ ਦਲੀਲਾਂ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਰਾਜ ਦੀ ਸੱਚਾਈ ਅਪਣਾਉਣ ਲਈ ਕਾਇਲ ਕੀਤਾ। (ਰਸੂਲਾਂ ਦੇ ਕਰਤੱਬ 28:23) ਉਹ ਅਫ਼ਸੁਸ ਦੇ ਯਹੂਦੀ ਸਭਾ-ਘਰ ਵਿਚ ਤਿੰਨ ਮਹੀਨੇ ‘ਪਰਮੇਸ਼ੁਰ ਦੇ ਰਾਜ ਦੇ ਵਿਖੇ ਬਚਨ ਸੁਣਾਉਂਦਾ ਰਿਹਾ ਅਤੇ ਲੋਕਾਂ ਨੂੰ ਸਮਝਾਉਂਦਾ ਰਿਹਾ।’ ਹਾਲਾਂਕਿ “ਕਿੰਨਿਆਂ ਨੇ ਕਠੋਰ ਹੋ ਕੇ ਨਾ ਮੰਨਿਆਂ,” ਪਰ ਹੋਰਨਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਮੰਨ ਲਿਆ। ਅਫ਼ਸੁਸ ਵਿਚ ਪੌਲੁਸ ਦੇ ਪ੍ਰਚਾਰ ਕਰਨ ਨਾਲ ‘ਪ੍ਰਭੁ ਦਾ ਬਚਨ ਵਧਦਾ ਗਿਆ ਅਤੇ ਪਰਬਲ ਹੁੰਦਾ ਗਿਆ।’—ਰਸੂਲਾਂ ਦੇ ਕਰਤੱਬ 19:8, 9, 20.

6, 7. ਪੌਲੁਸ ਨੇ ਆਪਣੀ ਸੇਵਕਾਈ ਦੀ ਵਡਿਆਈ ਕਿਵੇਂ ਕੀਤੀ ਅਤੇ ਉਸ ਵਾਂਗ ਅਸੀਂ ਵੀ ਕਿਵੇਂ ਕਰ ਸਕਦੇ ਹਾਂ?

6 ਜੋਸ਼ੀਲਾ ਪ੍ਰਚਾਰਕ ਹੋਣ ਦੇ ਨਾਤੇ, ਪੌਲੁਸ “ਆਪਣੀ ਸੇਵਾ ਦੀ ਵਡਿਆਈ ਕਰਦਾ” ਸੀ। (ਰੋਮੀਆਂ 11:13) ਕਿਵੇਂ? ਉਹ ਆਪਣੀ ਵਡਿਆਈ ਨਹੀਂ ਚਾਹੁੰਦਾ ਸੀ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦਾ ਸੇਵਕ ਕਹਾਉਣ ਤੋਂ ਵੀ ਨਹੀਂ ਸ਼ਰਮਾਉਂਦਾ ਸੀ। ਇਸ ਦੀ ਬਜਾਇ, ਉਹ ਆਪਣੀ ਸੇਵਕਾਈ ਨੂੰ ਬਹੁਤ ਵੱਡਾ ਸਨਮਾਨ ਸਮਝਦਾ ਸੀ। ਪੌਲੁਸ ਨੇ ਪਰਮੇਸ਼ੁਰ ਦੇ ਬਚਨ ਨੂੰ ਕੁਸ਼ਲਤਾ ਨਾਲ ਅਤੇ ਅਸਰਕਾਰੀ ਤਰੀਕੇ ਨਾਲ ਵਰਤਿਆ। ਉਸ ਦੇ ਪ੍ਰਚਾਰ ਕੰਮ ਦੇ ਚੰਗੇ ਨਤੀਜਿਆਂ ਨੂੰ ਦੇਖ ਕੇ ਦੂਸਰਿਆਂ ਨੂੰ ਵੀ ਆਪਣੀ ਸੇਵਕਾਈ ਵਿਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ। ਇਸ ਤਰੀਕੇ ਨਾਲ ਵੀ ਉਸ ਦੀ ਸੇਵਕਾਈ ਦੀ ਵਡਿਆਈ ਹੋਈ।

7 ਪ੍ਰਚਾਰਕ ਹੋਣ ਦੇ ਨਾਤੇ, ਅਸੀਂ ਵੀ ਪੌਲੁਸ ਵਾਂਗ ਅਸਰਕਾਰੀ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦੁਆਰਾ ਆਪਣੇ ਪ੍ਰਚਾਰ ਦੇ ਕੰਮ ਦੀ ਵਡਿਆਈ ਕਰ ਸਕਦੇ ਹਾਂ। ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਨ ਵੇਲੇ ਸਾਡਾ ਟੀਚਾ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਾਇਲ ਕਰੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਤਿੰਨ ਮਹੱਤਵਪੂਰਣ ਤਰੀਕਿਆਂ ਉੱਤੇ ਗੌਰ ਕਰੋ: (1) ਇਸ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਖਿੱਚੋ ਕਿ ਦੂਸਰਾ ਵਿਅਕਤੀ ਵੀ ਇਸ ਦਾ ਆਦਰ ਕਰੇ। (2) ਆਇਤਾਂ ਨੂੰ ਸਹੀ ਢੰਗ ਨਾਲ ਸਮਝਾਓ ਕਿ ਇਹ ਸਾਡੇ ਲਈ ਕੀ ਅਰਥ ਰੱਖਦੀਆਂ ਹਨ ਅਤੇ (3) ਬਾਈਬਲ ਵਿੱਚੋਂ ਦਲੀਲਾਂ ਦਿਓ ਤਾਂਕਿ ਦੂਸਰਾ ਵਿਅਕਤੀ ਕਾਇਲ ਹੋ ਜਾਵੇ।

8. ਸਾਡੇ ਕੋਲ ਅੱਜ ਰਾਜ ਦਾ ਪ੍ਰਚਾਰ ਕਰਨ ਲਈ ਕਿਹੜੇ ਸੰਦ ਹਨ ਤੇ ਤੁਸੀਂ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਹੈ?

8 ਅੱਜ ਦੇ ਜ਼ਮਾਨੇ ਦੇ ਰਾਜ ਪ੍ਰਚਾਰਕਾਂ ਕੋਲ ਅਜਿਹੇ ਸੰਦ ਹਨ ਜੋ ਪੌਲੁਸ ਕੋਲ ਨਹੀਂ ਸਨ। ਇਹ ਹਨ: ਕਿਤਾਬਾਂ, ਰਸਾਲੇ, ਬਰੋਸ਼ਰ, ਸੱਦਾ ਪੱਤਰ, ਟ੍ਰੈਕਟ ਅਤੇ ਆਡੀਓ ਤੇ ਵਿਡਿਓ ਕੈਸਟਾਂ। ਪਿਛਲੀ ਸਦੀ ਵਿਚ ਪ੍ਰਚਾਰ ਕੰਮ ਲਈ ਟੈਸਟੀਮਨੀ ਕਾਰਡ, ਫੋਨੋਗ੍ਰਾਫ, ਲਾਉਡ-ਸਪੀਕਰ ਵਾਲੀਆਂ ਕਾਰਾਂ ਅਤੇ ਰੇਡੀਓ ਪ੍ਰਸਾਰਣ ਵਰਤੇ ਜਾਂਦੇ ਸਨ। ਪਰ ਸਾਡਾ ਸਭ ਤੋਂ ਵਧੀਆ ਅਤੇ ਖ਼ਾਸ ਸੰਦ ਬਾਈਬਲ ਹੀ ਹੈ ਅਤੇ ਸਾਨੂੰ ਇਸ ਸੰਦ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਦੀ ਲੋੜ ਹੈ।

ਸਾਡੀ ਸੇਵਕਾਈ ਦਾ ਪੱਕਾ ਆਧਾਰ ਪਰਮੇਸ਼ੁਰ ਦਾ ਬਚਨ ਹੋਣਾ ਚਾਹੀਦਾ ਹੈ

9, 10. ਪਰਮੇਸ਼ੁਰ ਦੇ ਬਚਨ ਦੀ ਵਰਤੋਂ ਬਾਰੇ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਅਸੀਂ ਪਰਮੇਸ਼ੁਰ ਦੇ ਬਚਨ ਨੂੰ ਅਸਰਕਾਰੀ ਢੰਗ ਨਾਲ ਕਿਵੇਂ ਵਰਤ ਸਕਦੇ ਹਾਂ? ਆਪਣੇ ਸਾਥੀ ਕਾਮੇ ਤਿਮੋਥਿਉਸ ਨੂੰ ਕਹੇ ਪੌਲੁਸ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇ ਕੇ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਵਿਚ ਕੀ ਕੁਝ ਕਰਨਾ ਸ਼ਾਮਲ ਹੈ?

10 ‘ਜਥਾਰਥ ਵਖਿਆਣ ਕਰਨਾ’ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ ਹੈ “ਸਿੱਧਾ ਕੱਟਣਾ” ਜਾਂ “ਸਿੱਧਾ ਰਾਹ ਕੱਢਣਾ।” ਮਸੀਹੀ ਯੂਨਾਨੀ ਸ਼ਾਸਤਰ ਵਿਚ ਇਹ ਸ਼ਬਦ ਤਿਮੋਥਿਉਸ ਨੂੰ ਦਿੱਤੀ ਸਿਰਫ਼ ਪੌਲੁਸ ਦੀ ਸਲਾਹ ਵਿਚ ਹੀ ਮਿਲਦਾ ਹੈ। ਇਹੀ ਸ਼ਬਦ ਹਲ ਦੇ ਨਾਲ ਸਿੱਧੇ ਸਿਆੜ ਕੱਢਣ ਦੇ ਸੰਬੰਧ ਵਿਚ ਵੀ ਵਰਤਿਆ ਜਾ ਸਕਦਾ ਹੈ। ਇਕ ਤਜਰਬੇਕਾਰ ਕਿਸਾਨ ਲਈ ਵਿੰਗੇ-ਟੇਢੇ ਸਿਆੜ ਕੱਢਣੇ ਸ਼ਰਮ ਦੀ ਗੱਲ ਹੋਵੇਗੀ। ‘ਅਜਿਹਾ ਕਾਰੀਗਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ’ ਬਣਨ ਲਈ ਤਿਮੋਥਿਉਸ ਨੂੰ ਯਾਦ ਕਰਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਤੋਂ ਉਲਟ ਨਹੀਂ ਚੱਲਣਾ ਸੀ। ਉਸ ਨੇ ਪਰਮੇਸ਼ੁਰ ਦੀ ਸਿੱਖਿਆ ਵਿਚ ਆਪਣੇ ਵਿਚਾਰ ਨਹੀਂ ਰਲਾਉਣੇ ਸਨ। ਉਸ ਨੇ ਸਿੱਧਾ ਪਰਮੇਸ਼ੁਰ ਦੇ ਬਚਨ ਤੋਂ ਹੀ ਪ੍ਰਚਾਰ ਕਰਨਾ ਸੀ ਤੇ ਸਿੱਖਿਆ ਦੇਣੀ ਸੀ। (2 ਤਿਮੋਥਿਉਸ 4:2-4) ਇਸ ਤਰ੍ਹਾਂ, ਚੰਗੇ ਦਿਲ ਵਾਲੇ ਲੋਕਾਂ ਨੂੰ ਦੁਨਿਆਵੀ ਫ਼ਲਸਫ਼ੇ ਦੀ ਬਜਾਇ ਯਹੋਵਾਹ ਦੇ ਵਿਚਾਰਾਂ ਦੀ ਸਿੱਖਿਆ ਮਿਲਣੀ ਸੀ। (ਕੁਲੁੱਸੀਆਂ 2:4, 8) ਇਹੀ ਗੱਲ ਅੱਜ ਵੀ ਲਾਗੂ ਹੁੰਦੀ ਹੈ।

ਸਾਡਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ

11, 12. ਪਰਮੇਸ਼ੁਰ ਦੇ ਬਚਨ ਦੀ ਸਹੀ ਵਰਤੋਂ ਕਰਨ ਦਾ ਸਾਡੇ ਚਾਲ-ਚਲਣ ਨਾਲ ਕੀ ਸੰਬੰਧ ਹੈ?

11 ਪਰਮੇਸ਼ੁਰੀ ਸੱਚਾਈਆਂ ਦਾ ਐਲਾਨ ਕਰ ਕੇ ਪਰਮੇਸ਼ੁਰ ਦੇ ਬਚਨ ਦੀ ਸਹੀ ਵਰਤੋਂ ਕਰਨੀ ਹੀ ਕਾਫ਼ੀ ਨਹੀਂ ਹੈ। ਸਾਡਾ ਚਾਲ-ਚਲਣ ਵੀ ਇਸ ਦੇ ਅਨੁਸਾਰ ਹੋਣਾ ਚਾਹੀਦਾ ਹੈ। “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ,” ਇਸ ਲਈ ਸਾਨੂੰ ਪਖੰਡੀ ਕਾਮੇ ਨਹੀਂ ਬਣਨਾ ਚਾਹੀਦਾ। (1 ਕੁਰਿੰਥੀਆਂ 3:9) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਹੈਂ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈਂ?” (ਰੋਮੀਆਂ 2:21, 22) ਇਸ ਲਈ ਅੱਜ ਪਰਮੇਸ਼ੁਰ ਦੇ ਕਾਮਿਆਂ ਵਜੋਂ, ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰੀਕੇ ਨਾਲ ਸਮਝਾਉਣ ਦਾ ਇਕ ਤਰੀਕਾ ਹੈ ਇਸ ਸਲਾਹ ਤੇ ਚੱਲਣਾ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

12 ਪਰਮੇਸ਼ੁਰ ਦੇ ਬਚਨ ਦਾ “ਜਥਾਰਥ ਵਖਿਆਣ” ਕਰਨ ਨਾਲ ਅਸੀਂ ਕਿਹੜੇ ਨਤੀਜਿਆਂ ਦੀ ਆਸ ਰੱਖ ਸਕਦੇ ਹਾਂ? ਗੌਰ ਕਰੋ ਕਿ ਪਰਮੇਸ਼ੁਰ ਦੇ ਲਿਖਤੀ ਬਚਨ ਦਾ ਨੇਕਦਿਲ ਲੋਕਾਂ ਦੀਆਂ ਜ਼ਿੰਦਗੀਆਂ ਤੇ ਕੀ ਅਸਰ ਪੈ ਸਕਦਾ ਹੈ।

ਪਰਮੇਸ਼ੁਰ ਦਾ ਬਚਨ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਹੈ

13. ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲਣ ਨਾਲ ਇਕ ਇਨਸਾਨ ਉੱਤੇ ਕੀ ਅਸਰ ਪੈ ਸਕਦਾ ਹੈ?

13 ਜਦੋਂ ਲੋਕ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਮੰਨਦੇ ਹਨ, ਤਾਂ ਇਸ ਦਾ ਸੰਦੇਸ਼ ਉਨ੍ਹਾਂ ਉੱਤੇ ਜ਼ੋਰਦਾਰ ਅਸਰ ਪਾਉਂਦਾ ਹੈ। ਇਸ ਨਾਲ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ ਤਬਦੀਲੀਆਂ ਕਰਨ ਦੀ ਮਦਦ ਮਿਲਦੀ ਹੈ। ਪੌਲੁਸ ਨੇ ਪ੍ਰਾਚੀਨ ਥੱਸਲੁਨੀਕਾ ਵਿਚ ਮਸੀਹੀ ਬਣੇ ਲੋਕਾਂ ਉੱਤੇ ਪਰਮੇਸ਼ੁਰ ਦੇ ਬਚਨ ਦੇ ਪਏ ਚੰਗੇ ਅਸਰ ਨੂੰ ਦੇਖਿਆ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਅਸੀਂ ਵੀ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ।” (1 ਥੱਸਲੁਨੀਕੀਆਂ 2:13) ਉਦੋਂ ਵੀ ਤੇ ਅੱਜ ਵੀ ਯਿਸੂ ਦੇ ਸਾਰੇ ਸੱਚੇ ਚੇਲੇ ਮੰਨਦੇ ਹਨ ਕਿ ਪਰਮੇਸ਼ੁਰ ਦੀ ਬੁੱਧ ਦੇ ਸਾਮ੍ਹਣੇ ਇਨਸਾਨ ਦੀਆਂ ਦਲੀਲਾਂ ਕੁਝ ਵੀ ਨਹੀਂ ਹਨ। (ਯਸਾਯਾਹ 55:9) ਥੱਸਲੁਨੀਕਾ ਦੇ ਲੋਕਾਂ ਨੇ ‘ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕੀਤਾ’ ਅਤੇ ਉਹ ਹੋਰਨਾਂ ਵਿਸ਼ਵਾਸੀਆਂ ਲਈ ਚੰਗੀਆਂ ਮਿਸਾਲਾਂ ਬਣੇ।—1 ਥੱਸਲੁਨੀਕੀਆਂ 1:5-7.

14, 15. ਪਰਮੇਸ਼ੁਰ ਦਾ ਬਚਨ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਅਤੇ ਕਿਉਂ?

14 ਯਹੋਵਾਹ ਵਾਂਗ ਉਸ ਦੇ ਬਚਨ ਵਿਚ ਵੀ ਕਾਫ਼ੀ ਤਾਕਤ ਹੈ। ਇਹ ਬਚਨ “ਜੀਉਂਦੇ ਪਰਮੇਸ਼ੁਰ” ਵੱਲੋਂ ਹੈ ਜਿਸ ਦੇ ਸ਼ਬਦ ਨਾਲ “ਅਕਾਸ਼ ਬਣਾਏ ਗਏ” ਅਤੇ ਇਹ ਬਚਨ ਹਮੇਸ਼ਾ ਆਪਣੇ ਮਕਸਦ ਵਿਚ ‘ਸਫ਼ਲ ਹੁੰਦਾ ਹੈ।’ (ਇਬਰਾਨੀਆਂ 3:12; ਜ਼ਬੂਰਾਂ ਦੀ ਪੋਥੀ 33:6; ਯਸਾਯਾਹ 55:11) ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: ‘ਪਰਮੇਸ਼ੁਰ ਆਪਣੇ ਬਚਨ ਤੋਂ ਕਦੀ ਮੁੱਕਰਦਾ ਨਹੀਂ। ਇਹ ਬਚਨ ਪ੍ਰਭਾਵਸ਼ਾਲੀ ਹੈ ਅਤੇ ਕਦੇ ਵੀ ਬੇਅਸਰ ਨਹੀਂ ਹੁੰਦਾ ਕਿਉਂਕਿ ਇਸ ਦਾ ਸੰਬੰਧ ਜੀਉਂਦੇ-ਜਾਗਦੇ ਪਰਮੇਸ਼ੁਰ ਨਾਲ ਹੈ।’

15 ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਕਿੰਨਾ ਕੁ ਪ੍ਰਭਾਵਸ਼ਾਲੀ ਹੈ? ਇਸ ਵਿਚ ਜ਼ਬਰਦਸਤ ਤਾਕਤ ਹੈ। ਇਸ ਲਈ ਪੌਲੁਸ ਨੇ ਠੀਕ ਹੀ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।”—ਇਬਰਾਨੀਆਂ 4:12.

16. ਪਰਮੇਸ਼ੁਰ ਦਾ ਬਚਨ ਕਿਸੇ ਇਨਸਾਨ ਨੂੰ ਕਿੰਨਾ ਕੁ ਬਦਲ ਸਕਦਾ ਹੈ?

16 ਪਰਮੇਸ਼ੁਰ ਦੇ ਲਿਖਤੀ ਬਚਨ ਦਾ ਸੰਦੇਸ਼ “ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ।” ਇਸ ਲਈ, ਕੋਈ ਵੀ ਮਨੁੱਖੀ ਸੰਦ ਇਸ ਦੀ ਜ਼ਬਰਦਸਤ ਤਾਕਤ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰਮੇਸ਼ੁਰ ਦਾ ਬਚਨ ਇਨਸਾਨ ਨੂੰ ਅੰਦਰੋਂ ਪੂਰੀ ਤਰ੍ਹਾਂ ਜਾਂਚਦਾ ਹੈ। ਇਹ ਉਸ ਦੇ ਮਨ ਅਤੇ ਦਿਲ ਤੇ ਅਸਰ ਕਰ ਕੇ ਉਸ ਦੀ ਸੋਚ ਅਤੇ ਇੱਛਾਵਾਂ ਨੂੰ ਬਦਲ ਸਕਦਾ ਹੈ ਅਤੇ ਉਸ ਨੂੰ ਪਰਮੇਸ਼ੁਰ ਦਾ ਯੋਗ ਸੇਵਕ ਬਣਾ ਸਕਦਾ ਹੈ। ਕਿੰਨਾ ਪ੍ਰਭਾਵਸ਼ਾਲੀ ਸੰਦ!

17. ਸਮਝਾਓ ਕਿ ਪਰਮੇਸ਼ੁਰ ਦਾ ਬਚਨ ਕਿੱਦਾਂ ਕਿਸੇ ਦੇ ਸੁਭਾਅ ਨੂੰ ਬਦਲ ਸਕਦਾ ਹੈ।

17 ਕੁਝ ਲੋਕ ਆਪਣੇ ਆਪ ਨੂੰ ਬਹੁਤ ਚੰਗਾ ਸਮਝਦੇ ਹਨ ਜਾਂ ਦੂਜਿਆਂ ਅੱਗੇ ਚੰਗਾ ਬਣਨ ਦਾ ਦਿਖਾਵਾ ਕਰਦੇ ਹਨ, ਪਰ ਪਰਮੇਸ਼ੁਰ ਦਾ ਬਚਨ ਦਿਖਾ ਦਿੰਦਾ ਹੈ ਕਿ ਉਹ ਅਸਲ ਵਿਚ ਅੰਦਰੋਂ ਕਿੱਦਾਂ ਦੇ ਹਨ। (1 ਸਮੂਏਲ 16:7) ਕਦੇ-ਕਦੇ ਇਕ ਬੁਰਾ ਇਨਸਾਨ ਦਾਨ-ਪੁੰਨ ਕਰ ਕੇ ਜਾਂ ਧਰਮੀ ਹੋਣ ਦਾ ਦਿਖਾਵਾ ਕਰ ਕੇ ਆਪਣੇ ਅੰਦਰਲੇ ਮਨੁੱਖ ਨੂੰ ਛੁਪਾ ਸਕਦਾ ਹੈ। ਭੈੜੇ ਲੋਕ ਢੌਂਗ ਕਰ ਕੇ ਦੂਜਿਆਂ ਨੂੰ ਧੋਖਾ ਦਿੰਦੇ ਹਨ। ਘਮੰਡੀ ਲੋਕ ਨਿਮਰ ਹੋਣ ਦਾ ਪਖੰਡ ਕਰਦੇ ਹਨ, ਜਦ ਕਿ ਅੰਦਰੋਂ ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਦੀ ਤਾਰੀਫ਼ ਕਰਨ। ਪਰ ਪਰਮੇਸ਼ੁਰ ਦਾ ਬਚਨ ਜ਼ਾਹਰ ਕਰ ਦਿੰਦਾ ਹੈ ਕਿ ਕਿਸੇ ਦੇ ਦਿਲ ਵਿਚ ਕੀ ਹੈ। ਇਹ ਨਿਮਰ ਲੋਕਾਂ ਨੂੰ ਪੁਰਾਣਾ ਸੁਭਾਅ ਛੱਡਣ ਅਤੇ ‘ਨਵੀਂ ਇਨਸਾਨੀਅਤ ਨੂੰ ਪਹਿਨਣ’ ਲਈ ਜ਼ਬਰਦਸਤ ਤਰੀਕੇ ਨਾਲ ਉਕਸਾ ਸਕਦਾ ਹੈ ‘ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ ਹੈ।’ (ਅਫ਼ਸੀਆਂ 4:22-24) ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਸ਼ਰਮੀਲੇ ਲੋਕਾਂ ਨੂੰ ਯਹੋਵਾਹ ਦੇ ਦਲੇਰ ਗਵਾਹ ਅਤੇ ਰਾਜ ਦੇ ਜੋਸ਼ੀਲੇ ਪ੍ਰਚਾਰਕ ਵੀ ਬਣਾ ਸਕਦੀਆਂ ਹਨ।—ਯਿਰਮਿਯਾਹ 1:6-9.

18, 19. ਇਨ੍ਹਾਂ ਪੈਰਿਆਂ ਜਾਂ ਖੇਤਰ ਸੇਵਕਾਈ ਵਿਚ ਹੋਏ ਕਿਸੇ ਨਿੱਜੀ ਤਜਰਬੇ ਦੇ ਆਧਾਰ ਤੇ ਦੱਸੋ ਕਿ ਬਾਈਬਲ ਦੀ ਸੱਚਾਈ ਕਿਸੇ ਵਿਅਕਤੀ ਦੇ ਰਵੱਈਏ ਨੂੰ ਕਿਵੇਂ ਬਦਲ ਸਕਦੀ ਹੈ।

18 ਪਰਮੇਸ਼ੁਰ ਦੇ ਬਚਨ ਦੀ ਤਾਕਤ ਹਰ ਥਾਂ ਦੇ ਲੋਕਾਂ ਉੱਤੇ ਚੰਗਾ ਅਸਰ ਪਾਉਂਦੀ ਹੈ। ਮਿਸਾਲ ਲਈ, ਨਾਮ ਪੇਨ, ਕੰਬੋਡੀਆ ਦੇ ਰਹਿਣ ਵਾਲੇ ਪ੍ਰਚਾਰਕ ਕੌਮਪੌਂਗ ਚੌਮ ਦੇ ਇਲਾਕੇ ਵਿਚ ਮਹੀਨੇ ਵਿਚ ਦੋ ਵਾਰ ਪ੍ਰਚਾਰ ਕਰਦੇ ਸਨ। ਉਸ ਇਲਾਕੇ ਦੀ ਇਕ ਮਹਿਲਾ ਪਾਦਰੀ ਨੇ ਦੂਜੇ ਪਾਦਰੀਆਂ ਤੋਂ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਗੱਲਾਂ ਸੁਣੀਆਂ। ਇਸ ਲਈ ਉਸ ਨੇ ਅਗਲੀ ਵਾਰ ਗਵਾਹਾਂ ਨੂੰ ਮਿਲਣ ਦਾ ਇੰਤਜ਼ਾਮ ਕੀਤਾ। ਉਸ ਨੇ ਗਵਾਹਾਂ ਤੋਂ ਤਿਉਹਾਰ ਮਨਾਉਣ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਅਤੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜੋ ਉਹ ਬਾਈਬਲ ਵਿੱਚੋਂ ਦੱਸ ਰਹੇ ਸਨ। ਫਿਰ ਉਸ ਨੇ ਕਿਹਾ: “ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੇ ਨਾਲ ਦੇ ਪਾਦਰੀਆਂ ਨੇ ਤੁਹਾਡੇ ਬਾਰੇ ਜੋ ਕੁਝ ਕਿਹਾ, ਉਹ ਝੂਠ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਬਾਈਬਲ ਵਿੱਚੋਂ ਨਹੀਂ ਦੱਸਦੇ, ਪਰ ਤੁਸੀਂ ਤਾਂ ਸਾਰੀਆਂ ਗੱਲਾਂ ਮੈਨੂੰ ਬਾਈਬਲ ਵਿੱਚੋਂ ਹੀ ਦੱਸੀਆਂ ਹਨ!”

19 ਇਹ ਔਰਤ ਗਵਾਹਾਂ ਨਾਲ ਬਾਈਬਲ ਬਾਰੇ ਬਾਕਾਇਦਾ ਗੱਲਬਾਤ ਕਰਦੀ ਰਹੀ ਅਤੇ ਉਸ ਨੇ ਪਾਦਰੀ ਦੇ ਅਹੁਦੇ ਤੋਂ ਹਟਾਏ ਜਾਣ ਦੀਆਂ ਧਮਕੀਆਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਫਿਰ ਉਸ ਨੇ ਆਪਣੀ ਇਕ ਸਹੇਲੀ ਨੂੰ ਇਸ ਗੱਲਬਾਤ ਬਾਰੇ ਦੱਸਿਆ ਜਿਸ ਨੇ ਬਾਅਦ ਵਿਚ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਇਹ ਸਹੇਲੀ ਸਿੱਖੀਆਂ ਗੱਲਾਂ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਇਕ ਵਾਰ ਉਹ ਚਰਚ ਦੀ ਸਭਾ ਵਿਚ ਇਹ ਕਹਿਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੀ: “ਤੁਸੀਂ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰੋ!” ਇਸ ਤੋਂ ਜਲਦੀ ਬਾਅਦ, ਉਸ ਨੇ ਚਰਚ ਨਾਲੋਂ ਆਪਣਾ ਨਾਤਾ ਤੋੜ ਲਿਆ। ਸਾਬਕਾ ਮਹਿਲਾ ਪਾਦਰੀ, ਉਸ ਦੀ ਸਹੇਲੀ ਅਤੇ ਦੂਸਰੇ ਲੋਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਏ।

20. ਘਾਨਾ ਵਿਚ ਇਕ ਔਰਤ ਦੇ ਤਜਰਬੇ ਤੋਂ ਪਰਮੇਸ਼ੁਰ ਦੇ ਬਚਨ ਦੀ ਤਾਕਤ ਬਾਰੇ ਕਿਵੇਂ ਪਤਾ ਲੱਗਦਾ ਹੈ?

20 ਪਰਮੇਸ਼ੁਰ ਦੇ ਬਚਨ ਦੀ ਤਾਕਤ ਦਾ ਅਸਰ ਘਾਨਾ ਦੀ ਇਕ ਪੌਲੀਨਾ ਨਾਂ ਦੀ ਔਰਤ ਤੇ ਵੀ ਪਿਆ। ਇਕ ਪਾਇਨੀਅਰ ਭੈਣ ਨੇ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ  * ਵਿੱਚੋਂ ਉਸ ਨੂੰ ਅਧਿਐਨ ਕਰਾਇਆ। ਪੌਲੀਨਾ ਦਾ ਵਿਆਹ ਅਜਿਹੇ ਆਦਮੀ ਨਾਲ ਹੋਇਆ ਸੀ ਜਿਸ ਦੀ ਪਹਿਲਾਂ ਵੀ ਇਕ ਪਤਨੀ ਸੀ। ਅਧਿਐਨ ਕਰ ਕੇ ਉਹ ਵਿਆਹ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਅਪਣਾਉਣਾ ਚਾਹੁੰਦੀ ਸੀ। ਪਰ ਉਸ ਦੇ ਪਤੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਬਹੁਤ ਵਿਰੋਧ ਕੀਤਾ। ਉਸ ਦਾ ਨਾਨਾ ਉੱਚ ਅਦਾਲਤ ਦਾ ਜੱਜ ਸੀ ਅਤੇ ਚਰਚ ਦਾ ਮੋਹਰੀ ਸੀ। ਉਸ ਨੇ ਮੱਤੀ 19:4-6 ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਸਮਝਾਉਣ ਦੁਆਰਾ ਪੌਲੀਨਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜੱਜ ਦੀ ਗੱਲ ਸਹੀ ਜਾਪਦੀ ਸੀ, ਪਰ ਪੌਲੀਨਾ ਨੇ ਫੱਟ ਪਛਾਣ ਲਿਆ ਕਿ ਸ਼ਤਾਨ ਨੇ ਵੀ ਇਸੇ ਤਰ੍ਹਾਂ ਹਵਾਲਿਆਂ ਨੂੰ ਤੋੜ-ਮਰੋੜ ਕੇ ਵਰਤਣ ਦੁਆਰਾ ਯਿਸੂ ਮਸੀਹ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ ਸੀ। (ਮੱਤੀ 4:5-7) ਉਸ ਨੇ ਵਿਆਹ ਬਾਰੇ ਯਿਸੂ ਦੇ ਕਹੇ ਸਪੱਸ਼ਟ ਸ਼ਬਦਾਂ ਨੂੰ ਚੇਤੇ ਕੀਤਾ ਕਿ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਬਣਾਇਆ ਸੀ, ਨਾ ਕਿ ਆਦਮੀ ਤੇ ਔਰਤਾਂ ਨੂੰ। ਪਰਮੇਸ਼ੁਰ ਨੇ ਦੋ ਜਣਿਆਂ ਨੂੰ ਕਿਹਾ ਸੀ ਕਿ ਉਹ ਇਕ ਸਰੀਰ ਹੋਣਗੇ, ਨਾ ਕਿ ਤਿੰਨਾਂ ਜਣਿਆਂ ਨੂੰ। ਉਹ ਆਪਣੇ ਫ਼ੈਸਲੇ ਤੇ ਅੜੀ ਰਹੀ ਤੇ ਅਖ਼ੀਰ ਉਸ ਨੂੰ ਤਲਾਕ ਮਿਲ ਗਿਆ। ਜਲਦੀ ਹੀ ਉਹ ਰਾਜ ਦੀ ਬਪਤਿਸਮਾ-ਪ੍ਰਾਪਤ ਪ੍ਰਚਾਰਕ ਬਣ ਗਈ।

ਪਰਮੇਸ਼ੁਰ ਦੇ ਬਚਨ ਦਾ “ਜਥਾਰਥ ਵਖਿਆਣ” ਕਰਦੇ ਰਹੋ

21, 22. (ੳ) ਰਾਜ ਦੇ ਪ੍ਰਚਾਰਕਾਂ ਵਜੋਂ ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੁੰਦੇ ਹਾਂ? (ਅ) ਅਗਲੇ ਲੇਖ ਵਿਚ ਕੀ ਦੱਸਿਆ ਜਾਵੇਗਾ?

21 ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਇਕ ਸ਼ਕਤੀਸ਼ਾਲੀ ਸੰਦ ਹੈ ਜਿਸ ਨਾਲ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ, ਤਾਂਕਿ ਉਹ ਪਰਮੇਸ਼ੁਰ ਦੇ ਨੇੜੇ ਜਾਣ ਲਈ ਆਪਣੀਆਂ ਜ਼ਿੰਦਗੀਆਂ ਬਦਲ ਸਕਣ। (ਯਾਕੂਬ 4:8) ਜਿਵੇਂ ਕੁਸ਼ਲ ਕਾਰੀਗਰ ਵਧੀਆ ਕੰਮ ਕਰਨ ਲਈ ਸੰਦ ਨੂੰ ਚੰਗੇ ਤਰੀਕੇ ਨਾਲ ਵਰਤਦੇ ਹਨ, ਆਓ ਆਪਾਂ ਵੀ ਰਾਜ ਦੇ ਪ੍ਰਚਾਰਕ ਹੋਣ ਦੇ ਨਾਤੇ ਪਰਮੇਸ਼ੁਰ ਦੇ ਕੰਮ ਵਿਚ ਉਸ ਦੇ ਬਚਨ ਬਾਈਬਲ ਨੂੰ ਕੁਸ਼ਲਤਾ ਨਾਲ ਵਰਤਣ ਦਾ ਪੱਕਾ ਇਰਾਦਾ ਕਰੀਏ।

22 ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਬਾਈਬਲ ਨੂੰ ਹੋਰ ਅਸਰਕਾਰੀ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ? ਇਕ ਤਰੀਕਾ ਹੈ ਅਸਰਦਾਰ ਸਿੱਖਿਅਕ ਬਣਨ ਲਈ ਆਪਣੀਆਂ ਯੋਗਤਾਵਾਂ ਨੂੰ ਵਧਾਉਣਾ। ਕਿਰਪਾ ਕਰ ਕੇ ਅਗਲੇ ਲੇਖ ਤੇ ਧਿਆਨ ਦਿਓ ਜਿਸ ਵਿਚ ਦੂਜਿਆਂ ਨੂੰ ਸਿਖਾਉਣ ਅਤੇ ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਸੁਝਾਅ ਦਿੱਤੇ ਗਏ ਹਨ।

[ਫੁਟਨੋਟ]

^ ਪੈਰਾ 20 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਹਾਨੂੰ ਯਾਦ ਹੈ?

• ਰਾਜ ਦੇ ਪ੍ਰਚਾਰਕਾਂ ਕੋਲ ਕਿਹੜੇ ਸੰਦ ਹਨ?

• ਪੌਲੁਸ ਨੇ ਕਿਹੜੇ ਤਰੀਕਿਆਂ ਨਾਲ ਰਾਜ ਦਾ ਪ੍ਰਚਾਰ ਕਰਨ ਵਿਚ ਚੰਗੀ ਮਿਸਾਲ ਕਾਇਮ ਕੀਤੀ?

• ਪਰਮੇਸ਼ੁਰ ਦੇ ਬਚਨ ਦਾ ਸਹੀ ਇਸਤੇਮਾਲ ਕਰਨ ਵਿਚ ਕੀ ਕੁਝ ਸ਼ਾਮਲ ਹੈ?

• ਯਹੋਵਾਹ ਦਾ ਲਿਖਤੀ ਬਚਨ ਕਿੰਨਾ ਕੁ ਪ੍ਰਭਾਵਸ਼ਾਲੀ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਕੁਝ ਸੰਦ ਜੋ ਰਾਜ ਦਾ ਪ੍ਰਚਾਰ ਕਰਨ ਦੇ ਕੰਮ ਵਿਚ ਵਰਤੇ ਜਾਂਦੇ ਹਨ