Skip to content

Skip to table of contents

ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ

ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ

ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ

“ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?”—ਚੇਲਿਆਂ ਦੇ ਕਰਤੱਵ 26:28, ਪਵਿੱਤਰ ਬਾਈਬਲ ਨਵਾਂ ਅਨੁਵਾਦ।

1, 2. ਪੌਲੁਸ ਰਸੂਲ ਨੂੰ ਕਿਉਂ ਹਾਕਮ ਫ਼ੇਸਤੁਸ ਅਤੇ ਰਾਜਾ ਹੇਰੋਦੇਸ ਅਗ੍ਰਿੱਪਾ ਦੂਜੇ ਦੇ ਸਾਮ੍ਹਣੇ ਲਿਆਂਦਾ ਗਿਆ ਸੀ?

ਰਾਜਾ ਹੇਰੋਦੇਸ ਅਗ੍ਰਿੱਪਾ ਅਤੇ ਉਸ ਦੀ ਭੈਣ ਬਰਨੀਕੇ 58 ਸਾ.ਯੁ. ਵਿਚ ਰੋਮੀ ਹਾਕਮ ਪੁਰਕਿਯੁਸ ਫ਼ੇਸਤੁਸ ਨੂੰ ਕੈਸਰਿਯਾ ਵਿਚ ਮਿਲਣ ਆਏ। ਉਹ ਹਾਕਮ ਫ਼ੇਸਤੁਸ ਦੇ ਸੱਦੇ ਤੇ “ਵੱਡੀ ਧੂਮ ਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਸਣੇ ਕਚਹਿਰੀ ਵਿੱਚ” ਗਏ। ਫ਼ੇਸਤੁਸ ਦੇ ਹੁਕਮ ਤੇ ਮਸੀਹੀ ਰਸੂਲ ਪੌਲੁਸ ਨੂੰ ਉਨ੍ਹਾਂ ਦੇ ਸਾਮ੍ਹਣੇ ਲਿਆਂਦਾ ਗਿਆ। ਫ਼ੇਸਤੁਸ ਹਾਕਮ ਦੀ ਅਦਾਲਤ ਵਿਚ ਯਿਸੂ ਮਸੀਹ ਦੇ ਇਸ ਚੇਲੇ ਨੂੰ ਕਿਉਂ ਲਿਆਂਦਾ ਗਿਆ ਸੀ?—ਰਸੂਲਾਂ ਦੇ ਕਰਤੱਬ 25:13-23.

2 ਫ਼ੇਸਤੁਸ ਦੁਆਰਾ ਆਪਣੇ ਮਹਿਮਾਨਾਂ ਨੂੰ ਦੱਸੀਆਂ ਗੱਲਾਂ ਤੋਂ ਇਸ ਸਵਾਲ ਦਾ ਜਵਾਬ ਮਿਲਦਾ ਹੈ। ਉਸ ਨੇ ਦੱਸਿਆ: “ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਐੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਐਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਰ ਐੱਥੇ ਭੀ ਮੇਰੇ ਪਿੱਛੇ ਪਏ ਅਤੇ ਇਹ ਡੰਡ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜੀਉਂਦਾ ਰਹਿਣਾ ਹੀ ਜੋਗ ਨਹੀਂ। ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਠਾਣ ਲਿਆ ਜੋ ਉਹ ਨੂੰ ਘੱਲ ਦਿਆਂ। ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਅਤੇ ਿਨੱਜ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਤਹਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸੱਕਾਂ। ਕਿਉਂ ਜੋ ਮੈਨੂੰ ਇਹ ਸਿਆਣੀ ਗੱਲ ਨਹੀਂ ਮਲੂਮ ਹੁੰਦੀ ਭਈ ਇੱਕ ਕੈਦੀ ਨੂੰ ਘੱਲਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਕੀ ਦੋਸ਼ ਉਹ ਦੇ ਜੁੰਮੇ ਲਾਏ ਹਨ।”—ਰਸੂਲਾਂ ਦੇ ਕਰਤੱਬ 25:24-27.

3. ਧਾਰਮਿਕ ਆਗੂਆਂ ਨੇ ਪੌਲੁਸ ਉੱਤੇ ਕਿਉਂ ਇਲਜ਼ਾਮ ਲਾਏ ਸਨ?

3 ਫ਼ੇਸਤੁਸ ਦੇ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਪੌਲੁਸ ਉੱਤੇ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਦੇ ਝੂਠੇ ਇਲਜ਼ਾਮ ਲਾਏ ਗਏ ਸਨ। ਇਸ ਅਪਰਾਧ ਦੀ ਸਜ਼ਾ ਮੌਤ ਹੁੰਦੀ ਸੀ। (ਰਸੂਲਾਂ ਦੇ ਕਰਤੱਬ 25:11) ਪਰ ਪੌਲੁਸ ਬੇਕਸੂਰ ਸੀ। ਪੌਲੁਸ ਤੇ ਇਹ ਇਲਜ਼ਾਮ ਯਰੂਸ਼ਲਮ ਦੇ ਧਾਰਮਿਕ ਆਗੂਆਂ ਨੇ ਈਰਖਾ ਕਾਰਨ ਲਾਏ ਸਨ। ਉਹ ਪੌਲੁਸ ਦੇ ਪ੍ਰਚਾਰ ਦੇ ਕੰਮ ਦਾ ਵਿਰੋਧ ਕਰਦੇ ਸਨ ਅਤੇ ਬਹੁਤ ਖਿਝਦੇ ਸਨ ਕਿ ਉਹ ਯਿਸੂ ਮਸੀਹ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕਰਦਾ ਸੀ। ਪੌਲੁਸ ਨੂੰ ਭਾਰੀ ਸੁਰੱਖਿਆ ਹੇਠ ਯਰੂਸ਼ਲਮ ਤੋਂ ਕੈਸਰਿਯਾ ਲਿਆਂਦਾ ਗਿਆ ਜਿੱਥੇ ਉਸ ਨੇ ਕੈਸਰ ਨੂੰ ਅਪੀਲ ਕੀਤੀ। ਫਿਰ ਇਸ ਬੰਦਰਗਾਹ ਵਾਲੇ ਸ਼ਹਿਰ ਤੋਂ ਉਸ ਨੂੰ ਰੋਮ ਲਿਜਾਇਆ ਜਾਣਾ ਸੀ।

4. ਰਾਜਾ ਅਗ੍ਰਿੱਪਾ ਨੇ ਕਿਹੜੀ ਹੈਰਾਨੀ ਦੀ ਗੱਲ ਕਹੀ?

4 ਜ਼ਰਾ ਕਲਪਨਾ ਕਰੋ ਕਿ ਪੌਲੁਸ ਫ਼ੇਸਤੁਸ ਹਾਕਮ ਦੇ ਮਹਿਲ ਵਿਚ ਬਹੁਤ ਸਾਰੇ ਲੋਕਾਂ ਦੇ ਸਾਮ੍ਹਣੇ ਖੜ੍ਹਾ ਹੈ ਜਿਨ੍ਹਾਂ ਵਿਚ ਰੋਮੀ ਸਾਮਰਾਜ ਦੇ ਇਕ ਮਹੱਤਵਪੂਰਣ ਇਲਾਕੇ ਦਾ ਰਾਜਾ ਵੀ ਮੌਜੂਦ ਹੈ। ਰਾਜਾ ਅਗ੍ਰਿੱਪਾ ਪੌਲੁਸ ਵੱਲ ਮੁੜ ਕੇ ਕਹਿੰਦਾ ਹੈ: “ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦੀ ਆਗਿਆ ਹੈ।” ਪੌਲੁਸ ਜੋ ਕੁਝ ਕਹਿੰਦਾ ਹੈ, ਉਸ ਦਾ ਅਸਰ ਰਾਜੇ ਉੱਤੇ ਹੋਣ ਲੱਗਦਾ ਹੈ। ਰਾਜਾ ਅਗ੍ਰਿੱਪਾ ਕਹਿੰਦਾ ਹੈ: “ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?” (ਨਵਾਂ ਅਨੁਵਾਦ)—ਰਸੂਲਾਂ ਦੇ ਕਰਤੱਬ 26:1-28.

5. ਅਗ੍ਰਿੱਪਾ ਨੂੰ ਕਹੇ ਪੌਲੁਸ ਦੇ ਸ਼ਬਦ ਇੰਨੇ ਅਸਰਕਾਰੀ ਕਿਉਂ ਸਨ?

5 ਜ਼ਰਾ ਸੋਚੋ। ਪੌਲੁਸ ਨੇ ਇੰਨੀ ਚੰਗੀ ਤਰ੍ਹਾਂ ਸਫ਼ਾਈ ਪੇਸ਼ ਕੀਤੀ ਕਿ ਪਰਮੇਸ਼ੁਰ ਦੇ ਬਚਨ ਦੀ ਤਾਕਤ ਨੇ ਇਕ ਹਾਕਮ ਨੂੰ ਪ੍ਰਭਾਵਿਤ ਕਰ ਦਿੱਤਾ! (ਇਬਰਾਨੀਆਂ 4:12) ਪੌਲੁਸ ਦੁਆਰਾ ਦਿੱਤੀ ਸਫ਼ਾਈ ਵਿਚ ਕਿਹੜੀ ਗੱਲ ਇੰਨੀ ਅਸਰਕਾਰੀ ਸੀ? ਅਸੀਂ ਪੌਲੁਸ ਤੋਂ ਕਿਹੜੀ ਗੱਲ ਸਿੱਖ ਸਕਦੇ ਹਾਂ ਜੋ ਚੇਲੇ ਬਣਾਉਣ ਦੇ ਕੰਮ ਵਿਚ ਸਾਡੀ ਮਦਦ ਕਰ ਸਕੇ? ਜੇ ਅਸੀਂ ਉਸ ਦੀ ਸਫ਼ਾਈ ਦੀ ਧਿਆਨ ਨਾਲ ਜਾਂਚ ਕਰੀਏ, ਤਾਂ ਦੋ ਗੱਲਾਂ ਉੱਭਰ ਕੇ ਸਾਮ੍ਹਣੇ ਆਉਂਦੀਆਂ ਹਨ: (1) ਪੌਲੁਸ ਕਾਇਲ ਕਰਨ ਵਿਚ ਮਾਹਰ ਸੀ। (2) ਉਸ ਨੇ ਪਰਮੇਸ਼ੁਰ ਦੇ ਬਚਨ ਬਾਰੇ ਆਪਣੇ ਗਿਆਨ ਨੂੰ ਕੁਸ਼ਲਤਾ ਨਾਲ ਵਰਤਿਆ, ਜਿਵੇਂ ਕੋਈ ਕਾਰੀਗਰ ਵਧੀਆ ਢੰਗ ਨਾਲ ਕਿਸੇ ਸੰਦ ਨੂੰ ਵਰਤਦਾ ਹੈ।

ਕਾਇਲ ਕਰਨ ਦੀ ਕਲਾ ਵਰਤੋ

6, 7. (ੳ) ਕਾਇਲ ਕਰਨ ਦਾ ਮਤਲਬ ਕੀ ਹੈ? (ਅ) ਬਾਈਬਲ ਦੀ ਸਿੱਖਿਆ ਸਵੀਕਾਰਨ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਕਾਇਲ ਕਰਨ ਦੀ ਕਲਾ ਕੀ ਭੂਮਿਕਾ ਨਿਭਾਉਂਦੀ ਹੈ?

6 ਰਸੂਲਾਂ ਦੇ ਕਰਤੱਬ ਕਿਤਾਬ ਵਿਚ ਪੌਲੁਸ ਦੀ ਕਾਇਲ ਕਰਨ ਦੀ ਕੁਸ਼ਲਤਾ ਦਾ ਵਾਰ-ਵਾਰ ਵੱਖੋ-ਵੱਖਰੇ ਯੂਨਾਨੀ ਸ਼ਬਦਾਂ ਰਾਹੀਂ ਜ਼ਿਕਰ ਕੀਤਾ ਗਿਆ ਹੈ। ਚੇਲੇ ਬਣਾਉਣ ਦੇ ਸਾਡੇ ਕੰਮ ਵਿਚ ਕਾਇਲ ਕਰਨ ਦੀ ਕਲਾ ਕੀ ਭੂਮਿਕਾ ਨਿਭਾਉਂਦੀ ਹੈ?

7 ਇਕ ਡਿਕਸ਼ਨਰੀ ਅਨੁਸਾਰ ਮਸੀਹੀ ਯੂਨਾਨੀ ਸ਼ਾਸਤਰ ਵਿਚ “ਕਾਇਲ ਕਰਨਾ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਜਿੱਤਣਾ” ਜਾਂ “ਦਲੀਲ ਦੇ ਕੇ ਜਾਂ ਸਹੀ ਤੇ ਗ਼ਲਤ ਵਿਚ ਫ਼ਰਕ ਸਮਝਾ ਕੇ ਕਿਸੇ ਦੇ ਸੋਚ-ਵਿਚਾਰ ਨੂੰ ਬਦਲਣਾ।” ਇਸ ਸ਼ਬਦ ਦੇ ਮੂਲ ਅਰਥ ਦੀ ਜਾਂਚ ਕਰਨ ਨਾਲ ਹੋਰ ਜ਼ਿਆਦਾ ਜਾਣਕਾਰੀ ਮਿਲਦੀ ਹੈ। ਇਹ ਸ਼ਬਦ ਕਿਸੇ ਦੇ ਭਰੋਸੇ ਨੂੰ ਜਿੱਤਣ ਦਾ ਅਰਥ ਰੱਖਦਾ ਹੈ। ਇਸ ਲਈ, ਜਦੋਂ ਤੁਸੀਂ ਕਿਸੇ ਨੂੰ ਬਾਈਬਲ ਦੀ ਕੋਈ ਸਿੱਖਿਆ ਸਵੀਕਾਰ ਕਰਨ ਲਈ ਕਾਇਲ ਕਰ ਲੈਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ ਭਰੋਸੇ ਨੂੰ ਜਿੱਤ ਲਿਆ ਜਿਸ ਕਰਕੇ ਉਹ ਵਿਅਕਤੀ ਉਸ ਸਿੱਖਿਆ ਨੂੰ ਸੱਚ ਮੰਨਣ ਲੱਗ ਪੈਂਦਾ ਹੈ। ਕਿਸੇ ਨੂੰ ਕਾਇਲ ਕਰਨ ਲਈ ਇਹੀ ਦੱਸਣਾ ਕਾਫ਼ੀ ਨਹੀਂ ਹੈ ਕਿ ਕਿਸੇ ਸਿੱਖਿਆ ਬਾਰੇ ਬਾਈਬਲ ਕੀ ਕਹਿੰਦੀ ਹੈ। ਤੁਹਾਡੇ ਸੁਣਨ ਵਾਲੇ ਨੂੰ ਯਕੀਨ ਹੋ ਜਾਣਾ ਚਾਹੀਦਾ ਹੈ ਕਿ ਜੋ ਕੁਝ ਤੁਸੀਂ ਕਹਿੰਦੇ ਹੋ ਉਹ ਸਹੀ ਹੈ, ਭਾਵੇਂ ਤੁਸੀਂ ਕਿਸੇ ਬੱਚੇ, ਗੁਆਂਢੀ, ਸਹਿਕਰਮੀ, ਸਹਿਪਾਠੀ ਜਾਂ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਹੋ।—2 ਤਿਮੋਥਿਉਸ 3:14, 15.

8. ਬਾਈਬਲ ਦੀ ਕਿਸੇ ਸਿੱਖਿਆ ਬਾਰੇ ਕਿਸੇ ਵਿਅਕਤੀ ਨੂੰ ਯਕੀਨ ਦਿਵਾਉਣ ਵਿਚ ਕੀ-ਕੀ ਕਰਨਾ ਸ਼ਾਮਲ ਹੈ?

8 ਤੁਸੀਂ ਕਿਸੇ ਵਿਅਕਤੀ ਨੂੰ ਕਿਵੇਂ ਯਕੀਨ ਦਿਵਾ ਸਕਦੇ ਹੋ ਕਿ ਪਰਮੇਸ਼ੁਰ ਦੇ ਬਚਨ ਤੋਂ ਤੁਸੀਂ ਜੋ ਕੁਝ ਕਹਿ ਰਹੇ ਹੋ ਉਹ ਸਹੀ ਹੈ? ਪੌਲੁਸ ਨੇ ਠੋਸ ਦਲੀਲਾਂ ਦੇ ਕੇ ਅਤੇ ਤਰਕ ਕਰ ਕੇ ਆਪਣੇ ਸੁਣਨ ਵਾਲਿਆਂ ਨੂੰ ਦਿਲੋਂ ਬੇਨਤੀ ਕੀਤੀ ਸੀ ਕਿ ਉਹ ਸੱਚਾਈ ਨੂੰ ਸਵੀਕਾਰ ਕਰਨ। * ਸਿਰਫ਼ ਇਹੀ ਦਾਅਵਾ ਕਰਨ ਦੀ ਬਜਾਇ ਕਿ ਜੋ ਕੁਝ ਤੁਸੀਂ ਕਹਿ ਰਹੋ ਉਹ ਸਹੀ ਹੈ, ਤੁਹਾਨੂੰ ਇਸ ਦੀ ਪੁਸ਼ਟੀ ਲਈ ਠੋਸ ਸਬੂਤ ਦੇਣ ਦੀ ਲੋੜ ਹੈ। ਇਹ ਤੁਸੀਂ ਕਿਵੇਂ ਕਰ ਸਕਦੇ ਹੋ? ਪੂਰੀ ਤਸੱਲੀ ਕਰ ਲਓ ਕਿ ਤੁਹਾਡੀ ਗੱਲ ਪੂਰੀ ਤਰ੍ਹਾਂ ਬਾਈਬਲ ਤੇ ਆਧਾਰਿਤ ਹੈ, ਨਾ ਕਿ ਇਹ ਤੁਹਾਡਾ ਆਪਣਾ ਵਿਚਾਰ ਹੈ। ਨਾਲੇ ਦਿਲੋਂ ਦੱਸੀਆਂ ਇਨ੍ਹਾਂ ਗੱਲਾਂ ਨੂੰ ਸਮਝਾਉਣ ਲਈ ਹੋਰ ਸਬੂਤ ਦਿਓ। (ਕਹਾਉਤਾਂ 16:23) ਮਿਸਾਲ ਲਈ, ਜੇ ਤੁਸੀਂ ਦੱਸਦੇ ਹੋ ਕਿ ਆਗਿਆਕਾਰ ਲੋਕ ਫਿਰਦੌਸ ਵਿਚ ਜ਼ਿੰਦਗੀ ਦਾ ਆਨੰਦ ਮਾਣਨਗੇ, ਤਾਂ ਇਸ ਦੇ ਸਮਰਥਨ ਲਈ ਬਾਈਬਲ ਵਿੱਚੋਂ ਹਵਾਲੇ ਦਿਓ ਜਿਵੇਂ ਯਸਾਯਾਹ 65:21-25. ਆਪਣੀ ਗੱਲ ਦੇ ਸਮਰਥਨ ਲਈ ਤੁਸੀਂ ਬਾਈਬਲ ਤੋਂ ਇਲਾਵਾ ਹੋਰ ਕਿਹੜਾ ਸਬੂਤ ਦੇ ਸਕਦੇ ਹੋ? ਤੁਸੀਂ ਅਜਿਹੀਆਂ ਮਿਸਾਲਾਂ ਦੇ ਸਕਦੇ ਹੋ ਜਿਨ੍ਹਾਂ ਬਾਰੇ ਤੁਹਾਡਾ ਸੁਣਨ ਵਾਲਾ ਜਾਣਦਾ ਹੈ। ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ ਕਿ ਡੁੱਬਦੇ ਸੂਰਜ ਦਾ ਨਜ਼ਾਰਾ ਦੇਖਣ, ਫੁੱਲਾਂ ਦੀ ਭਿੰਨੀ-ਭਿੰਨੀ ਖ਼ੁਸ਼ਬੂ ਲੈਣ, ਮਿੱਠੇ-ਮਿੱਠੇ ਫਲ ਖਾਣ ਜਾਂ ਕਿਸੇ ਮਾਦਾ ਪੰਛੀ ਦੁਆਰਾ ਆਪਣੇ ਬੱਚੇ ਨੂੰ ਚੋਗਾ ਦਿੰਦੇ ਦੇਖਣ ਨਾਲ ਸਾਨੂੰ ਕਿੰਨਾ ਆਨੰਦ ਮਿਲਦਾ ਹੈ। ਇਹ ਆਨੰਦ ਅਸੀਂ ਮੁਫ਼ਤ ਵਿਚ ਹੀ ਲੈਂਦੇ ਹਾਂ। ਇਹ ਆਨੰਦ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਅਸੀਂ ਧਰਤੀ ਉੱਤੇ ਜ਼ਿੰਦਗੀ ਦਾ ਆਨੰਦ ਮਾਣੀਏ।—ਉਪਦੇਸ਼ਕ ਦੀ ਪੋਥੀ 3:11, 12.

9. ਪ੍ਰਚਾਰ ਕਰਦੇ ਸਮੇਂ ਅਸੀਂ ਸਮਝਦਾਰੀ ਕਿਵੇਂ ਦਿਖਾ ਸਕਦੇ ਹਾਂ?

9 ਜਦੋਂ ਤੁਸੀਂ ਕਿਸੇ ਨੂੰ ਬਾਈਬਲ ਦੀ ਕੋਈ ਸਿੱਖਿਆ ਸਵੀਕਾਰਨ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਧਿਆਨ ਰੱਖੋ ਕਿ ਤੁਹਾਡੇ ਜੋਸ਼ ਤੋਂ ਇੱਦਾਂ ਨਾ ਲੱਗੇ ਕਿ ਤੁਸੀਂ ਜ਼ਬਰਦਸਤੀ ਆਪਣੇ ਵਿਚਾਰ ਉਸ ਉੱਤੇ ਥੋਪ ਰਹੇ ਹੋ। ਨਹੀਂ ਤਾਂ ਉਹ ਵਿਅਕਤੀ ਤੁਹਾਡੀ ਗੱਲ ਨਹੀਂ ਸੁਣੇਗਾ। ਸੇਵਾ ਸਕੂਲ ਕਿਤਾਬ ਇਹ ਸਲਾਹ ਦਿੰਦੀ ਹੈ: “ਜੇ ਅਸੀਂ ਲੋਕਾਂ ਦੇ ਕਿਸੇ ਵਿਸ਼ਵਾਸ ਬਾਰੇ ਸਿੱਧੇ-ਸਿੱਧੇ ਕਹਿ ਦਿੰਦੇ ਹਾਂ ਕਿ ਇਹ ਗ਼ਲਤ ਹੈ, ਤਾਂ ਉਹ ਸਾਡੀ ਗੱਲ ਸੁਣਨੀ ਪਸੰਦ ਨਹੀਂ ਕਰਨਗੇ ਭਾਵੇਂ ਅਸੀਂ ਆਪਣੀ ਗੱਲ ਦੇ ਸਮਰਥਨ ਵਿਚ ਜਿੰਨੀਆਂ ਮਰਜ਼ੀ ਆਇਤਾਂ ਦਿਖਾ ਦੇਈਏ। ਉਦਾਹਰਣ ਲਈ, ਜੇ ਅਸੀਂ ਮੰਨੇ-ਪ੍ਰਮੰਨੇ ਤਿਉਹਾਰਾਂ ਦੀ ਸਿੱਧੇ-ਸਿੱਧੇ ਬੁਰਾਈ ਕਰਾਂਗੇ ਅਤੇ ਇਹ ਕਹਾਂਗੇ ਕਿ ਉਨ੍ਹਾਂ ਨੂੰ ਮਨਾਉਣਾ ਗ਼ਲਤ ਹੈ, ਤਾਂ ਜ਼ਰੂਰੀ ਨਹੀਂ ਕਿ ਲੋਕ ਉਨ੍ਹਾਂ ਤਿਉਹਾਰਾਂ ਦੇ ਬਾਰੇ ਆਪਣੀ ਰਾਇ ਬਦਲ ਲੈਣ। ਇਸ ਦੇ ਲਈ, ਤਰਕ ਕਰ ਕੇ ਸਮਝਾਉਣ ਦੇ ਅਕਸਰ ਚੰਗੇ ਨਤੀਜੇ ਨਿਕਲਦੇ ਹਨ।” ਤਰਕ ਕਰਨ ਲਈ ਸਾਨੂੰ ਸਖ਼ਤ ਜਤਨ ਕਿਉਂ ਕਰਨਾ ਚਾਹੀਦਾ ਹੈ? ਕਿਤਾਬ ਕਹਿੰਦੀ ਹੈ: “ਤਰਕ ਕਰਨ ਨਾਲ ਲੋਕ ਗੱਲ ਕਰਨ ਲਈ ਤਿਆਰ ਹੁੰਦੇ ਹਨ। ਇਹ ਉਨ੍ਹਾਂ ਨੂੰ ਸੋਚਣ ਲਈ ਉਕਸਾਉਂਦਾ ਹੈ, ਨਾਲ ਹੀ ਭਵਿੱਖ ਵਿਚ ਹੋਰ ਚਰਚਾ ਕਰਨ ਦਾ ਰਸਤਾ ਖੁੱਲ੍ਹ ਜਾਂਦਾ ਹੈ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਕਾਇਲ ਕਰਨ ਵਿਚ ਸਫ਼ਲ ਹੋ ਸਕਦੇ ਹਾਂ।”—ਕੁਲੁੱਸੀਆਂ 4:6.

ਸੋਹਣੇ ਤਰੀਕੇ ਨਾਲ ਸਮਝਾਓ

10. ਪੌਲੁਸ ਨੇ ਕਿਸ ਤਰੀਕੇ ਨਾਲ ਅਗ੍ਰਿੱਪਾ ਅੱਗੇ ਆਪਣੀ ਗੱਲ ਸ਼ੁਰੂ ਕੀਤੀ?

10 ਆਓ ਆਪਾਂ ਰਸੂਲਾਂ ਦੇ ਕਰਤੱਬ ਕਿਤਾਬ ਦੇ 26ਵੇਂ ਅਧਿਆਇ ਤੇ ਗੌਰ ਕਰੀਏ ਕਿ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਪੌਲੁਸ ਨੇ ਕੀ ਕਿਹਾ ਸੀ। ਧਿਆਨ ਦਿਓ ਕਿ ਉਸ ਨੇ ਗੱਲ ਕਿਵੇਂ ਸ਼ੁਰੂ ਕੀਤੀ ਸੀ। ਪਹਿਲਾਂ ਤਾਂ ਉਸ ਨੇ ਇਕ ਗੱਲੋਂ ਅਗ੍ਰਿੱਪਾ ਦੀ ਤਾਰੀਫ਼ ਕੀਤੀ, ਜਦ ਕਿ ਉਸ ਰਾਜੇ ਦੇ ਆਪਣੀ ਭੈਣ ਬਰਨੀਕੇ ਨਾਲ ਨਾਜਾਇਜ਼ ਸੰਬੰਧ ਸਨ। ਪੌਲੁਸ ਨੇ ਕਿਹਾ: “ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਭਾਗਿਆਵਾਨ ਸਮਝਦਾ ਹਾਂ ਕਿ ਅੱਜ ਮੈਨੂੰ ਤੁਹਾਡੇ ਸਾਹਮਣੇ ਉਹਨਾਂ ਗੱਲਾਂ ਦੀ ਸਫ਼ਾਈ ਵਿਚ ਕੁਝ ਕਹਿਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦਾ ਦੋਸ਼ ਯਹੂਦੀ ਮੇਰੇ ਤੇ ਲਾਉਂਦੇ ਹਨ। ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਰਸਮਾਂ ਅਤੇ ਵਿਵਾਦਾਂ ਤੋਂ ਜਾਣੂ ਹੋ। ਇਸ ਲਈ ਮੇਰੀ ਬੇਨਤੀ ਹੈ ਕਿ ਮੇਰੀ ਗਲ ਜ਼ਰਾ ਧਿਆਨ ਨਾਲ ਸੁਣਨ ਦੀ ਕਿਰਪਾ ਕਰਨਾ।”—ਚੇਲਿਆਂ ਦੇ ਕਰਤੱਵ 26:2, 3, ਨਵਾਂ ਅਨੁਵਾਦ।

11. ਪੌਲੁਸ ਨੇ ਕਿਨ੍ਹਾਂ ਸ਼ਬਦਾਂ ਨਾਲ ਅਗ੍ਰਿੱਪਾ ਦਾ ਆਦਰ ਕੀਤਾ ਅਤੇ ਇਸ ਦਾ ਕੀ ਫ਼ਾਇਦਾ ਹੋਇਆ?

11 ਕੀ ਤੁਸੀਂ ਧਿਆਨ ਦਿੱਤਾ ਕਿ ਪੌਲੁਸ ਨੇ ਅਗ੍ਰਿੱਪਾ ਨੂੰ ਰਾਜਾ ਕਹਿ ਕੇ ਉਸ ਦੀ ਉੱਚੀ ਪਦਵੀ ਦਾ ਸਨਮਾਨ ਕੀਤਾ? ਉਸ ਨੇ ਸਹੀ ਸ਼ਬਦ ਵਰਤ ਕੇ ਅਗ੍ਰਿੱਪਾ ਦਾ ਆਦਰ ਕੀਤਾ। (1 ਪਤਰਸ 2:17) ਪੌਲੁਸ ਨੇ ਅਗ੍ਰਿੱਪਾ ਦੀ ਤਾਰੀਫ਼ ਕੀਤੀ ਕਿ ਉਹ ਆਪਣੀ ਯਹੂਦੀ ਪਰਜਾ ਦੇ ਗੁੰਝਲਦਾਰ ਰੀਤੀ-ਰਿਵਾਜਾਂ ਅਤੇ ਨਿਯਮਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਕਿਹਾ ਕਿ ਉਹ ਅਜਿਹੇ ਗਿਆਨਵਾਨ ਹਾਕਮ ਅੱਗੇ ਆਪਣੀ ਸਫ਼ਾਈ ਦੇਣ ਵਿਚ ਖ਼ੁਸ਼ ਸੀ। ਭਾਵੇਂ ਅਗ੍ਰਿੱਪਾ ਮਸੀਹੀ ਨਹੀਂ ਸੀ, ਫਿਰ ਵੀ ਪੌਲੁਸ ਨੇ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। (ਫ਼ਿਲਿੱਪੀਆਂ 2:3) ਇਸ ਦੀ ਬਜਾਇ, ਪੌਲੁਸ ਨੇ ਬੇਨਤੀ ਕੀਤੀ ਕਿ ਉਹ ਉਸ ਦੀ ਗੱਲ ਧੀਰਜ ਨਾਲ ਸੁਣੇ। ਪੌਲੁਸ ਨੇ ਅਜਿਹਾ ਮਾਹੌਲ ਤਿਆਰ ਕੀਤਾ ਜਿਸ ਵਿਚ ਅਗ੍ਰਿੱਪਾ ਅਤੇ ਦੂਸਰੇ ਸੁਣਨ ਵਾਲੇ ਉਸ ਦੀਆਂ ਗੱਲਾਂ ਨਾਲ ਸਹਿਮਤ ਹੋ ਸਕਦੇ ਸਨ। ਇਸ ਤਰ੍ਹਾਂ ਉਸ ਨੇ ਆਪਣੀ ਗੱਲਬਾਤ ਅੱਗੇ ਤੋਰਨ ਲਈ ਵਧੀਆ ਆਧਾਰ ਕਾਇਮ ਕੀਤਾ।

12. ਪ੍ਰਚਾਰ ਦਾ ਕੰਮ ਕਰਦੇ ਸਮੇਂ ਅਸੀਂ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹਾਂ?

12 ਪੌਲੁਸ ਵਾਂਗ ਆਓ ਆਪਾਂ ਵੀ ਰਾਜ ਦਾ ਸੰਦੇਸ਼ ਸੁਣਾਉਣ ਵੇਲੇ ਆਪਣੇ ਸੁਣਨ ਵਾਲੇ ਦੇ ਦਿਲ ਨੂੰ ਛੋਹਣ ਦੀ ਕੋਸ਼ਿਸ਼ ਕਰੀਏ। ਅਸੀਂ ਉਸ ਦਾ ਆਦਰ ਕਰ ਕੇ ਅਤੇ ਖ਼ਾਸ ਕਰਕੇ ਉਸ ਦੇ ਪਿਛੋਕੜ ਤੇ ਵਿਚਾਰਾਂ ਵਿਚ ਸੱਚੀ ਦਿਲਚਸਪੀ ਲੈ ਕੇ ਇਸ ਤਰ੍ਹਾਂ ਕਰ ਸਕਦੇ ਹਾਂ।—1 ਕੁਰਿੰਥੀਆਂ 9:20-23.

ਕੁਸ਼ਲਤਾ ਨਾਲ ਪਰਮੇਸ਼ੁਰ ਦਾ ਬਚਨ ਵਰਤੋ

13. ਪੌਲੁਸ ਵਾਂਗ ਤੁਸੀਂ ਕਿਵੇਂ ਆਪਣੇ ਸੁਣਨ ਵਾਲਿਆਂ ਨੂੰ ਪ੍ਰੇਰਿਤ ਕਰ ਸਕਦੇ ਹੋ?

13 ਪੌਲੁਸ ਆਪਣੇ ਸੁਣਨ ਵਾਲਿਆਂ ਨੂੰ ਖ਼ੁਸ਼ ਖ਼ਬਰੀ ਮੁਤਾਬਕ ਚੱਲਣ ਲਈ ਪ੍ਰੇਰਿਤ ਕਰਨਾ ਚਾਹੁੰਦਾ ਸੀ। (1 ਥੱਸਲੁਨੀਕੀਆਂ 1:5-7) ਇਸ ਲਈ, ਉਸ ਨੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਦਿਲ ਹੀ ਕਿਸੇ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਆਓ ਫਿਰ ਤੋਂ ਅਗ੍ਰਿੱਪਾ ਅੱਗੇ ਸਫ਼ਾਈ ਪੇਸ਼ ਕਰ ਰਹੇ ਪੌਲੁਸ ਤੇ ਗੌਰ ਕਰੀਏ। ਧਿਆਨ ਦਿਓ ਕਿ ਪੌਲੁਸ ਨੇ ਕਿਵੇਂ ਮੂਸਾ ਅਤੇ ਨਬੀਆਂ ਦੁਆਰਾ ਦੱਸੀਆਂ ਗੱਲਾਂ ਵੱਲ ਧਿਆਨ ਖਿੱਚ ਕੇ ‘ਪਰਮੇਸ਼ੁਰ ਦੇ ਬਚਨ ਦਾ ਜਥਾਰਥ ਵਖਿਆਣ ਕੀਤਾ ਸੀ।’—2 ਤਿਮੋਥਿਉਸ 2:15.

14. ਸਮਝਾਓ ਕਿ ਪੌਲੁਸ ਨੇ ਅਗ੍ਰਿੱਪਾ ਨੂੰ ਕਿਵੇਂ ਕਾਇਲ ਕੀਤਾ?

14 ਪੌਲੁਸ ਜਾਣਦਾ ਸੀ ਕਿ ਅਗ੍ਰਿੱਪਾ ਸਿਰਫ਼ ਨਾਂ ਦਾ ਹੀ ਯਹੂਦੀ ਸੀ। ਯਹੂਦੀ ਧਰਮ ਬਾਰੇ ਅਗ੍ਰਿੱਪਾ ਦੇ ਗਿਆਨ ਨੂੰ ਮਨ ਵਿਚ ਰੱਖਦੇ ਹੋਏ, ਪੌਲੁਸ ਨੇ ਤਰਕ ਕੀਤਾ ਕਿ ‘ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਮਸੀਹ ਦੀ ਮੌਤ ਅਤੇ ਜੀ ਉੱਠਣ ਬਾਰੇ ਆਖੀਆਂ ਸਨ ਉਨ੍ਹਾਂ ਤੋਂ ਬਿਨਾ ਹੋਰ ਉਹ ਕੁਝ ਨਹੀਂ ਕਹਿੰਦਾ ਸੀ।’ (ਰਸੂਲਾਂ ਦੇ ਕਰਤੱਬ 26:22, 23) ਫਿਰ ਅਗ੍ਰਿੱਪਾ ਨੂੰ ਸੰਬੋਧਿਤ ਕਰਦੇ ਹੋਏ ਪੌਲੁਸ ਨੇ ਪੁੱਛਿਆ: “ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਦੀ ਪਰਤੀਤ ਕਰਦੇ ਹੋ?” ਅਗ੍ਰਿੱਪਾ ਭਸੂੜੀ ਵਿਚ ਪੈ ਗਿਆ। ਜੇ ਉਹ ਕਹਿ ਦਿੰਦਾ ਕਿ ਉਹ ਨਬੀਆਂ ਨੂੰ ਨਹੀਂ ਮੰਨਦਾ, ਤਾਂ ਉਸ ਦਾ ਯਹੂਦੀ ਭਗਤ ਹੋਣ ਦਾ ਦਾਅਵਾ ਝੂਠਾ ਹੋ ਜਾਣਾ ਸੀ। ਪਰ ਜੇ ਉਹ ਪੌਲੁਸ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦਾ, ਤਾਂ ਇਸ ਦਾ ਮਤਲਬ ਸੀ ਕਿ ਉਹ ਖੁੱਲ੍ਹੇ-ਆਮ ਪੌਲੁਸ ਨਾਲ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ ਤੇ ਲੋਕਾਂ ਨੇ ਉਸ ਨੂੰ ਮਸੀਹੀ ਸਮਝਣ ਲੱਗ ਪੈਣਾ ਸੀ। ਪੌਲੁਸ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਸਵਾਲ ਦਾ ਜਵਾਬ ਖ਼ੁਦ ਦਿੰਦਾ ਹੈ: ‘ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪਰਤੀਤ ਕਰਦੇ ਹੋ।’ (ਰਸੂਲਾਂ ਦੇ ਕਰਤੱਬ 26:27) ਅਗ੍ਰਿੱਪਾ ਦੇ ਦਿਲ ਨੇ ਉਸ ਨੂੰ ਕੀ ਕਹਿਣ ਲਈ ਪ੍ਰੇਰਿਤ ਕੀਤਾ? ਉਸ ਨੇ ਕਿਹਾ: “ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?” (ਚੇਲਿਆਂ ਦੇ ਕਰਤੱਵ 26:28, ਨਵਾਂ ਅਨੁਵਾਦ) ਹਾਲਾਂਕਿ ਅਗ੍ਰਿੱਪਾ ਮਸੀਹੀ ਨਹੀਂ ਬਣਿਆ, ਪਰ ਪੌਲੁਸ ਦੇ ਸੰਦੇਸ਼ ਨੇ ਕੁਝ ਹੱਦ ਤਕ ਉਸ ਦੇ ਦਿਲ ਉੱਤੇ ਅਸਰ ਪਾਇਆ ਸੀ।—ਇਬਰਾਨੀਆਂ 4:12.

15. ਥੱਸਲੁਨੀਕਾ ਵਿਚ ਪੌਲੁਸ ਕਿਵੇਂ ਇਕ ਕਲੀਸਿਯਾ ਸਥਾਪਿਤ ਕਰ ਸਕਿਆ?

15 ਕੀ ਤੁਸੀਂ ਧਿਆਨ ਦਿੱਤਾ ਕਿ ਪੌਲੁਸ ਨੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਦੇ ਨਾਲ-ਨਾਲ ਕਾਇਲ ਕਰਨ ਦੀ ਕਲਾ ਵੀ ਵਰਤੀ? ‘ਪਰਮੇਸ਼ੁਰ ਦੇ ਬਚਨ ਦਾ ਜਥਾਰਥ ਵਖਿਆਣ’ ਕਰਨ ਦੇ ਨਾਲ-ਨਾਲ ਇਨ੍ਹਾਂ ਦੋ ਗੱਲਾਂ ਨੂੰ ਵਰਤਣ ਕਾਰਨ ਕੁਝ ਲੋਕਾਂ ਨੇ ਸਿਰਫ਼ ਉਸ ਦੀ ਗੱਲ ਹੀ ਨਹੀਂ ਸੁਣੀ, ਬਲਕਿ ਵਿਸ਼ਵਾਸ ਵੀ ਕੀਤਾ। ਥੱਸਲੁਨੀਕਾ ਵਿਚ ਇਸੇ ਤਰ੍ਹਾਂ ਹੋਇਆ ਸੀ ਜਿੱਥੇ ਪੌਲੁਸ ਨੂੰ ਯਹੂਦੀ ਸਭਾ-ਘਰ ਵਿਚ ਯਹੂਦੀ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਗ਼ੈਰ-ਯਹੂਦੀ ਲੋਕ ਮਿਲੇ ਸਨ। ਰਸੂਲਾਂ ਦੇ ਕਰਤੱਬ 17:2-4 ਦੱਸਦਾ ਹੈ: “ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ। ਅਤੇ ਅਰਥ ਖੋਲ੍ਹ ਕੇ ਉਹ ਨੇ ਬਿਆਨ ਕੀਤਾ ਭਈ ਮਸੀਹ ਦਾ ਦੁਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜਰੂਰੀ ਸੀ . . . ਸੋ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਮੰਨ ਲਿਆ।” ਪੌਲੁਸ ਨੇ ਕਾਇਲ ਕਰਨ ਦੀ ਕਲਾ ਵਰਤੀ। ਉਸ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਤਰਕ ਕਰ ਕੇ ਸਮਝਾਇਆ ਅਤੇ ਸਾਬਤ ਕੀਤਾ ਕਿ ਯਿਸੂ ਹੀ ਲੰਮੇ ਸਮੇਂ ਤੋਂ ਵਾਅਦਾ ਕੀਤਾ ਹੋਇਆ ਮਸੀਹਾ ਸੀ। ਇਸ ਦਾ ਨਤੀਜਾ ਕੀ ਨਿਕਲਿਆ? ਨਿਹਚਾ ਕਰਨ ਵਾਲੇ ਲੋਕਾਂ ਦੀ ਇਕ ਕਲੀਸਿਯਾ ਸਥਾਪਿਤ ਹੋ ਗਈ।

16. ਰਾਜ ਦਾ ਪ੍ਰਚਾਰ ਕਰਨ ਵਿਚ ਤੁਹਾਨੂੰ ਜ਼ਿਆਦਾ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

16 ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸਮਝਾਉਣ ਵੇਲੇ ਦੂਜਿਆਂ ਨੂੰ ਹੋਰ ਚੰਗੀ ਤਰ੍ਹਾਂ ਕਾਇਲ ਕਰ ਸਕਦੇ ਹੋ? ਜੇ ਹਾਂ, ਤਾਂ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਆਪਣੇ ਕੰਮ ਵਿਚ ਤੁਹਾਨੂੰ ਹੋਰ ਜ਼ਿਆਦਾ ਸੰਤੁਸ਼ਟੀ ਅਤੇ ਖ਼ੁਸ਼ੀ ਮਿਲੇਗੀ। ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਨੂੰ ਇਹੀ ਤਜਰਬਾ ਹੋਇਆ ਹੈ ਜਿਨ੍ਹਾਂ ਨੇ ਪ੍ਰਚਾਰ ਦੇ ਆਪਣੇ ਕੰਮ ਵਿਚ ਬਾਈਬਲ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਸੁਝਾਵਾਂ ਨੂੰ ਲਾਗੂ ਕੀਤਾ ਹੈ।

17. ਆਪਣੀ ਸੇਵਕਾਈ ਵਿਚ ਬਾਈਬਲ ਵਰਤਣ ਦੇ ਫ਼ਾਇਦੇ ਦੱਸਣ ਲਈ ਕੋਈ ਨਿੱਜੀ ਤਜਰਬਾ ਦੱਸੋ ਜਾਂ ਇਸ ਪੈਰੇ ਵਿਚ ਦਿੱਤੇ ਤਜਰਬੇ ਦਾ ਸਾਰ ਦਿਓ।

17 ਮਿਸਾਲ ਲਈ, ਯਹੋਵਾਹ ਦੇ ਗਵਾਹਾਂ ਦੇ ਇਕ ਸਫ਼ਰੀ ਨਿਗਾਹਬਾਨ ਨੇ ਲਿਖਿਆ: “ਘਰ-ਘਰ ਪ੍ਰਚਾਰ ਕਰਦੇ ਸਮੇਂ ਹੁਣ ਬਹੁਤ ਸਾਰੇ ਭੈਣ-ਭਰਾਵਾਂ ਨੇ ਆਪਣੇ ਹੱਥਾਂ ਵਿਚ ਬਾਈਬਲ ਫੜੀ ਹੁੰਦੀ ਹੈ। ਇਸ ਨਾਲ ਪ੍ਰਕਾਸ਼ਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹਵਾਲੇ ਪੜ੍ਹ ਕੇ ਸੁਣਾਉਣ ਦਾ ਮੌਕਾ ਮਿਲਿਆ ਹੈ। ਇਸ ਤਰ੍ਹਾਂ ਲੋਕਾਂ ਅਤੇ ਪ੍ਰਕਾਸ਼ਕਾਂ ਨੂੰ ਇਹ ਸਮਝਣ ਵਿਚ ਮਦਦ ਮਿਲੀ ਹੈ ਕਿ ਸਾਡਾ ਕੰਮ ਸਿਰਫ਼ ਰਸਾਲੇ ਤੇ ਕਿਤਾਬਾਂ ਵੰਡਣੀਆਂ ਹੀ ਨਹੀਂ ਹੈ, ਸਗੋਂ ਬਾਈਬਲ ਦਾ ਗਿਆਨ ਦੇਣਾ ਵੀ ਹੈ।” ਪ੍ਰਚਾਰ ਕਰਦੇ ਵੇਲੇ ਅਸੀਂ ਬਾਈਬਲ ਆਪਣੇ ਹੱਥ ਵਿਚ ਫੜਦੇ ਹਾਂ ਜਾਂ ਨਹੀਂ, ਇਹ ਸਾਡੇ ਇਲਾਕੇ ਦੇ ਹਾਲਾਤਾਂ ਤੇ ਨਿਰਭਰ ਕਰਦਾ ਹੈ। ਪਰ ਜੋ ਵੀ ਹੋਵੇ, ਸਾਡੀ ਇਹ ਚਾਹਤ ਹੋਣੀ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਕਾਇਲ ਕਰਨ ਅਤੇ ਬਾਈਬਲ ਨੂੰ ਕੁਸ਼ਲਤਾ ਨਾਲ ਵਰਤਣ ਵਾਲਿਆਂ ਵਜੋਂ ਜਾਣੇ ਜਾਈਏ।

ਸੇਵਕਾਈ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਦੇਖੋ

18, 19. (ੳ) ਪਰਮੇਸ਼ੁਰ ਸਾਡੀ ਸੇਵਕਾਈ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਅਤੇ ਸਾਨੂੰ ਉਸ ਦਾ ਨਜ਼ਰੀਆ ਕਿਉਂ ਅਪਣਾਉਣਾ ਚਾਹੀਦਾ ਹੈ? (ਅ) ਕਿਹੜੀ ਗੱਲ ਸਫ਼ਲ ਪੁਨਰ-ਮੁਲਾਕਾਤਾਂ ਕਰਨ ਵਿਚ ਸਾਡੀ ਮਦਦ ਕਰੇਗੀ? (ਸਫ਼ਾ 16 ਉੱਤੇ ਡੱਬੀ “ਪੁਨਰ-ਮੁਲਾਕਾਤਾਂ ਕਰਨ ਵਿਚ ਸਫ਼ਲ ਕਿਵੇਂ ਹੋਈਏ” ਦੇਖੋ।)

18 ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚਣ ਦਾ ਇਕ ਹੋਰ ਤਰੀਕਾ ਹੈ ਆਪਣੀ ਸੇਵਕਾਈ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਦੇਖਣਾ ਅਤੇ ਧੀਰਜ ਰੱਖਣਾ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਮਨੁੱਖ “ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਕੀ ਅਸੀਂ ਵੀ ਇਹੀ ਨਹੀਂ ਚਾਹੁੰਦੇ? ਯਹੋਵਾਹ ਵੀ ਧੀਰਜ ਕਰਦਾ ਹੈ ਅਤੇ ਉਸ ਦਾ ਧੀਰਜ ਲੋਕਾਂ ਨੂੰ ਤੋਬਾ ਕਰਨ ਦੇ ਮੌਕੇ ਦਿੰਦਾ ਹੈ। (2 ਪਤਰਸ 3:9) ਇਸ ਲਈ, ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਹੈ ਜੋ ਰਾਜ ਬਾਰੇ ਹੋਰ ਸਿੱਖਣਾ ਚਾਹੁੰਦਾ ਹੈ, ਤਾਂ ਹੋ ਸਕਦਾ ਹੈ ਕਿ ਉਸ ਦੀ ਦਿਲਚਸਪੀ ਨੂੰ ਵਧਾਉਣ ਲਈ ਸਾਨੂੰ ਵਾਰ-ਵਾਰ ਉਸ ਨੂੰ ਮਿਲਣ ਜਾਣਾ ਪਵੇ। ਸੱਚਾਈ ਦੇ ਬੀਜ ਵਧਣ ਵਿਚ ਸਮਾਂ ਲੱਗਦਾ ਹੈ ਜਿਸ ਦੇ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ। (1 ਕੁਰਿੰਥੀਆਂ 3:6) ਦੂਜਿਆਂ ਦੀ ਦਿਲਚਸਪੀ ਵਧਾਉਣ ਲਈ ਡੱਬੀ “ਪੁਨਰ-ਮੁਲਾਕਾਤਾਂ ਕਰਨ ਵਿਚ ਸਫ਼ਲ ਕਿਵੇਂ ਹੋਈਏ” ਵਿਚ ਸੁਝਾਅ ਦਿੱਤੇ ਗਏ ਹਨ। ਯਾਦ ਰੱਖੋ ਕਿ ਲੋਕਾਂ ਦੀਆਂ ਜ਼ਿੰਦਗੀਆਂ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹਾਲਾਤ ਬਦਲਦੇ ਰਹਿੰਦੇ ਹਨ। ਉਨ੍ਹਾਂ ਨੂੰ ਘਰਾਂ ਵਿਚ ਮਿਲਣ ਵਾਸਤੇ ਸਾਨੂੰ ਕਈ ਵਾਰ ਜਾਣਾ ਪੈ ਸਕਦਾ ਹੈ, ਪਰ ਇਸ ਤਰ੍ਹਾਂ ਕਰਨ ਦਾ ਫ਼ਾਇਦਾ ਹੁੰਦਾ ਹੈ। ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੁਕਤੀ ਦੇ ਸੰਦੇਸ਼ ਨੂੰ ਸੁਣਨ ਦਾ ਮੌਕਾ ਦੇਣਾ ਚਾਹੁੰਦੇ ਹਾਂ। ਇਸ ਲਈ, ਆਪਣੀ ਸੇਵਕਾਈ ਵਿਚ ਦੂਜਿਆਂ ਨੂੰ ਕਾਇਲ ਕਰਨ ਦੀ ਯੋਗਤਾ ਵਧਾਉਣ ਲਈ ਯਹੋਵਾਹ ਪਰਮੇਸ਼ੁਰ ਨੂੰ ਬੁੱਧ ਲਈ ਪ੍ਰਾਰਥਨਾ ਕਰੋ।

19 ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ ਜੋ ਰਾਜ ਦੇ ਸੰਦੇਸ਼ ਬਾਰੇ ਹੋਰ ਜਾਣਨਾ ਚਾਹੁੰਦਾ ਹੈ, ਤਾਂ ਮਸੀਹੀ ਕਾਮਿਆਂ ਵਜੋਂ ਅਸੀਂ ਹੋਰ ਕੀ ਕਰ ਸਕਦੇ ਹਾਂ? ਸਾਡਾ ਅਗਲਾ ਲੇਖ ਇਸ ਬਾਰੇ ਦੱਸਦਾ ਹੈ।

[ਫੁਟਨੋਟ]

^ ਪੈਰਾ 8 ਕਾਇਲ ਕਰਨ ਬਾਰੇ ਜ਼ਿਆਦਾ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਦੇ ਅਧਿਆਇ 48 ਤੇ 49 ਦੇਖੋ।

ਕੀ ਤੁਹਾਨੂੰ ਯਾਦ ਹੈ?

• ਅਗ੍ਰਿੱਪਾ ਅੱਗੇ ਪੌਲੁਸ ਦੁਆਰਾ ਦਿੱਤੀ ਸਫ਼ਾਈ ਵਿਚ ਕਿਹੜੀ ਗੱਲ ਇੰਨੀ ਅਸਰਕਾਰੀ ਸੀ?

• ਸਾਡਾ ਸੰਦੇਸ਼ ਲੋਕਾਂ ਦੇ ਦਿਲਾਂ ਨੂੰ ਕਿਵੇਂ ਛੋਹ ਸਕਦਾ ਹੈ?

• ਅਸੀਂ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਪਰਮੇਸ਼ੁਰ ਦੇ ਬਚਨ ਨੂੰ ਕਿਵੇਂ ਅਸਰਕਾਰੀ ਤਰੀਕੇ ਨਾਲ ਵਰਤ ਸਕਦੇ ਹਾਂ?

• ਅਸੀਂ ਆਪਣੀ ਸੇਵਕਾਈ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਕਿਵੇਂ ਦੇਖ ਸਕਦੇ ਹਾਂ?

[ਸਵਾਲ]

[ਡੱਬੀ/ਸਫ਼ੇ 16 ਉੱਤੇ ਤਸਵੀਰ]

ਪੁਨਰ-ਮੁਲਾਕਾਤਾਂ ਕਰਨ ਵਿਚ ਸਫ਼ਲ ਕਿਵੇਂ ਹੋਈਏ

• ਲੋਕਾਂ ਵਿਚ ਦਿਲੋਂ ਦਿਲਚਸਪੀ ਲਓ।

• ਗੱਲਬਾਤ ਕਰਨ ਲਈ ਬਾਈਬਲ ਦਾ ਕੋਈ ਵਧੀਆ ਵਿਸ਼ਾ ਚੁਣੋ।

• ਅਗਲੀ ਮੁਲਾਕਾਤ ਲਈ ਕੋਈ ਸਵਾਲ ਛੱਡ ਕੇ ਜਾਓ।

• ਬਾਅਦ ਵਿਚ ਵੀ ਉਸ ਵਿਅਕਤੀ ਬਾਰੇ ਸੋਚਦੇ ਰਹੋ।

• ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਜਲਦੀ ਮਿਲਣ ਜਾਓ, ਹੋ ਸਕੇ ਤਾਂ ਇਕ ਜਾਂ ਦੋ ਦਿਨਾਂ ਬਾਅਦ।

• ਯਾਦ ਰੱਖੋ ਕਿ ਤੁਹਾਡਾ ਮਕਸਦ ਬਾਈਬਲ ਅਧਿਐਨ ਸ਼ੁਰੂ ਕਰਨਾ ਹੈ।

• ਪ੍ਰਾਰਥਨਾ ਕਰੋ ਕਿ ਯਹੋਵਾਹ ਉਸ ਵਿਅਕਤੀ ਦੀ ਦਿਲਚਸਪੀ ਨੂੰ ਵਧਾਵੇ।

[ਸਫ਼ੇ 15 ਉੱਤੇ ਤਸਵੀਰ]

ਹਾਕਮ ਫ਼ੇਸਤੁਸ ਅਤੇ ਰਾਜਾ ਅਗ੍ਰਿੱਪਾ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਕਾਇਲ ਕਰਨ ਦੀ ਕਲਾ ਵਰਤੀ ਸੀ