Skip to content

Skip to table of contents

ਕੀ ਮੇਰੇ ਬੱਚੇ ਨੂੰ ਸਕੂਲ ਜਾਣ ਦੀ ਲੋੜ ਹੈ?

ਕੀ ਮੇਰੇ ਬੱਚੇ ਨੂੰ ਸਕੂਲ ਜਾਣ ਦੀ ਲੋੜ ਹੈ?

ਕੀ ਮੇਰੇ ਬੱਚੇ ਨੂੰ ਸਕੂਲ ਜਾਣ ਦੀ ਲੋੜ ਹੈ?

ਜ਼ਰਾ ਸੋਚੋ ਕਿ ਤੁਸੀਂ ਇਸ ਪੰਨੇ ਉੱਤੇ ਲਿਖੇ ਸ਼ਬਦ ਪੜ੍ਹਨ ਦੇ ਯੋਗ ਨਹੀਂ ਹੋ ਜਾਂ ਤੁਸੀਂ ਦੁਨੀਆਂ ਦੇ ਨਕਸ਼ੇ ਉੱਤੇ ਆਪਣੇ ਦੇਸ਼ ਨੂੰ ਲੱਭ ਨਹੀਂ ਸਕਦੇ! ਦੁਨੀਆਂ ਦੇ ਲੱਖਾਂ ਬੱਚਿਆਂ ਦਾ ਵੱਡੇ ਹੋ ਕੇ ਇਹੋ ਹਾਲ ਹੋਣ ਵਾਲਾ ਹੈ। ਪਰ ਤੁਹਾਡੇ ਬੱਚੇ ਬਾਰੇ ਕੀ?

ਕੀ ਤੁਹਾਡੇ ਬੱਚੇ ਨੂੰ ਸਕੂਲ ਜਾਣ ਦੀ ਲੋੜ ਹੈ? ਕਈ ਦੇਸ਼ਾਂ ਵਿਚ ਬੱਚਿਆਂ ਲਈ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਵਿਚ ਪੜ੍ਹਨਾ ਜ਼ਰੂਰੀ ਹੁੰਦਾ ਹੈ ਅਤੇ ਪੜ੍ਹਾਈ ਅਕਸਰ ਮੁਫ਼ਤ ਹੁੰਦੀ ਹੈ। ਬਾਲ ਅਧਿਕਾਰਾਂ ਸੰਬੰਧੀ ਇਕਰਾਰਨਾਮਾ (Convention on the Rights of the Child) ਕਹਿੰਦਾ ਹੈ ਕਿ ਪੜ੍ਹਾਈ ਬੱਚਿਆਂ ਦਾ ਬੁਨਿਆਦੀ ਹੱਕ ਹੈ। ਮਨੁੱਖੀ ਅਧਿਕਾਰਾਂ ਦਾ ਵਿਸ਼ਵ ਘੋਸ਼ਣਾ-ਪੱਤਰ ਵੀ ਇਹੋ ਗੱਲ ਤੇ ਜ਼ੋਰ ਦਿੰਦਾ ਹੈ। ਪਰ ਕੁਝ ਦੇਸ਼ਾਂ ਵਿਚ ਪੜ੍ਹਾਈ ਮੁਫ਼ਤ ਨਹੀਂ ਹੁੰਦੀ ਅਤੇ ਗ਼ਰੀਬ ਮਾਪਿਆਂ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣਾ ਬਹੁਤ ਮੁਸ਼ਕਲ ਹੁੰਦਾ ਹੈ। ਆਓ ਆਪਾਂ ਮਸੀਹੀ ਮਾਪਿਆਂ ਦੀ ਨਜ਼ਰ ਤੋਂ ਸਕੂਲੀ ਪੜ੍ਹਾਈ ਦੇ ਵਿਸ਼ੇ ਉੱਤੇ ਗੌਰ ਕਰੀਏ ਜੋ ਇਹੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਜਾਣ, ਭਾਵੇਂ ਸਕੂਲ ਜਾ ਕੇ ਜਾਂ ਕਿਸੇ ਹੋਰ ਜ਼ਰੀਏ ਦੁਆਰਾ।

ਬਾਈਬਲ ਵਿਚ ਪੜ੍ਹੇ-ਲਿਖੇ ਲੋਕਾਂ ਦੀਆਂ ਉਦਾਹਰਣਾਂ

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਜ਼ਿਆਦਾਤਰ ਸੇਵਕ ਜਿਨ੍ਹਾਂ ਦਾ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਹੈ, ਪੜ੍ਹਨਾ-ਲਿਖਣਾ ਜਾਣਦੇ ਸਨ। ਯਿਸੂ ਦੇ ਯਹੂਦੀ ਚੇਲੇ ਪਤਰਸ ਤੇ ਯੂਹੰਨਾ ਮਛਿਆਰੇ ਸਨ ਅਤੇ ਉਹ ਗਲੀਲੀ ਉਪ-ਭਾਸ਼ਾ ਬੋਲਦੇ ਸਨ। * ਪਰ ਉਨ੍ਹਾਂ ਨੇ ਯੂਨਾਨੀ ਭਾਸ਼ਾ ਵਿਚ ਬਾਈਬਲ ਦੀਆਂ ਕਈ ਕਿਤਾਬਾਂ ਲਿਖੀਆਂ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਾਇਆ-ਲਿਖਾਇਆ ਸੀ। ਇਹੋ ਗੱਲ ਦਾਊਦ, ਆਮੋਸ, ਯਿਸੂ ਦੇ ਮਤਰੇਏ ਭਰਾ ਯਹੂਦਾਹ ਤੇ ਦੂਸਰੇ ਕਈ ਬਾਈਬਲ ਲਿਖਾਰੀਆਂ ਬਾਰੇ ਵੀ ਸੱਚ ਹੈ ਜੋ ਚਰਵਾਹੇ, ਕਿਸਾਨ ਜਾਂ ਤਰਖਾਣ ਦਾ ਕੰਮ ਕਰਦੇ ਸਨ।

ਅੱਯੂਬ ਨਾਂ ਦਾ ਆਦਮੀ ਪੜ੍ਹਿਆ-ਲਿਖਿਆ ਸੀ ਅਤੇ ਬਾਈਬਲ ਵਿਚ ਉਸ ਦੇ ਨਾਂ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਵਿਗਿਆਨ ਬਾਰੇ ਜਾਣਕਾਰੀ ਸੀ। ਉਹ ਇਕ ਚੰਗਾ ਲੇਖਕ ਵੀ ਸੀ ਕਿਉਂਕਿ ਅੱਯੂਬ ਦੀ ਕਿਤਾਬ ਵਿਚ ਉਸ ਨੇ ਕਈ ਗੱਲਾਂ ਕਵਿਤਾ ਦੇ ਰੂਪ ਵਿਚ ਲਿਖੀਆਂ ਸਨ। ਅੱਜ ਅਜਿਹੀਆਂ ਕਈ ਠੀਕਰੀਆਂ ਮਿਲੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਵੀ ਪੜ੍ਹੇ-ਲਿਖੇ ਸਨ ਕਿਉਂਕਿ ਉਹ ਇਨ੍ਹਾਂ ਠੀਕਰੀਆਂ ਉੱਤੇ ਪਵਿੱਤਰ ਸ਼ਾਸਤਰ ਦੀਆਂ ਗੱਲਾਂ ਲਿਖਦੇ ਹੁੰਦੇ ਸਨ।

ਮਸੀਹੀਆਂ ਲਈ ਪੜ੍ਹਾਈ ਜ਼ਰੂਰੀ ਹੈ

ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਰੇ ਮਸੀਹੀਆਂ ਨੂੰ ਬਾਈਬਲ ਦਾ ਗਿਆਨ ਲੈਂਦੇ ਰਹਿਣ ਦੀ ਲੋੜ ਹੈ। (ਫ਼ਿਲਿੱਪੀਆਂ 1:9-11; 1 ਥੱਸਲੁਨੀਕੀਆਂ 4:1) ਬਾਈਬਲ ਅਤੇ ਇਸ ਉੱਤੇ ਆਧਾਰਿਤ ਕਿਤਾਬਾਂ ਦੀ ਲਗਨ ਨਾਲ ਪੜ੍ਹਾਈ ਕਰ ਕੇ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਬਣ ਸਕਦੇ ਹਾਂ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਭਗਤ ਪੜ੍ਹ-ਲਿਖ ਸਕਣ, ਤਾਈਂ ਉਸ ਨੇ ਆਪਣਾ ਲਿਖਤੀ ਬਚਨ ਦਿੱਤਾ ਹੈ। ਜੇ ਅਸੀਂ ਬਾਈਬਲ ਨੂੰ ਪੜ੍ਹਨ ਦੇ ਨਾਲ-ਨਾਲ ਇਸ ਨੂੰ ਸਮਝੀਏ ਵੀ, ਤਾਂ ਸਾਡੇ ਲਈ ਇਸ ਦੀਆਂ ਸਲਾਹਾਂ ਨੂੰ ਮੰਨਣਾ ਜ਼ਿਆਦਾ ਆਸਾਨ ਹੋਵੇਗਾ। ਪਰ ਕੁਝ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰਨ ਲਈ ਸਾਨੂੰ ਬਾਈਬਲ ਦੇ ਕੁਝ ਹਿੱਸਿਆਂ ਨੂੰ ਕਈ ਵਾਰ ਪੜ੍ਹਨਾ ਪੈਂਦਾ ਹੈ।—ਜ਼ਬੂਰਾਂ ਦੀ ਪੋਥੀ 119:104; 143:5; ਕਹਾਉਤਾਂ 4:7.

ਹਰ ਸਾਲ, “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਗਰਾਨੀ ਹੇਠ ਯਹੋਵਾਹ ਦੇ ਲੋਕਾਂ ਲਈ ਕਈ ਫ਼ਾਇਦੇਮੰਦ ਕਿਤਾਬਾਂ ਛਾਪੀਆਂ ਜਾਂਦੀਆਂ ਹਨ। (ਮੱਤੀ 24:45-47) ਇਨ੍ਹਾਂ ਵਿਚ ਪਰਿਵਾਰਕ ਜ਼ਿੰਦਗੀ, ਰਵਾਇਤਾਂ, ਧਰਮ, ਵਿਗਿਆਨ ਅਤੇ ਕਈ ਹੋਰ ਵਿਸ਼ਿਆਂ ਉੱਤੇ ਚਰਚਾ ਕੀਤੀ ਜਾਂਦੀ ਹੈ। ਪਰ ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਅਧਿਆਤਮਿਕ ਵਿਸ਼ਿਆਂ ਉੱਤੇ ਬਾਈਬਲ ਵਿੱਚੋਂ ਸਲਾਹ ਦਿੱਤੀ ਗਈ ਹੁੰਦੀ ਹੈ। ਇਸ ਲਈ, ਜੇ ਤੁਹਾਡੇ ਬੱਚੇ ਪੜ੍ਹ ਨਹੀਂ ਸਕਦੇ, ਤਾਂ ਉਹ ਇਸ ਜ਼ਰੂਰੀ ਜਾਣਕਾਰੀ ਤੋਂ ਵਾਂਝੇ ਰਹਿ ਜਾਣਗੇ।

ਮਨੁੱਖੀ ਇਤਿਹਾਸ ਬਾਰੇ ਸਿੱਖਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਨੂੰ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਕਿਉਂ ਲੋੜ ਹੈ। ਭੂਗੋਲ ਬਾਰੇ ਥੋੜ੍ਹਾ-ਬਹੁਤ ਗਿਆਨ ਹੋਣਾ ਵੀ ਚੰਗੀ ਗੱਲ ਹੈ। ਬਾਈਬਲ ਕਈ ਦੇਸ਼ਾਂ ਬਾਰੇ ਗੱਲ ਕਰਦੀ ਹੈ, ਜਿਵੇਂ ਇਸਰਾਏਲ, ਮਿਸਰ ਅਤੇ ਯੂਨਾਨ। ਕੀ ਤੁਹਾਡਾ ਬੱਚਾ ਦੁਨੀਆਂ ਦੇ ਨਕਸ਼ੇ ਉੱਤੇ ਇਨ੍ਹਾਂ ਦੇਸ਼ਾਂ ਨੂੰ ਲੱਭ ਸਕਦਾ ਹੈ? ਕੀ ਉਹ ਇਹ ਦੱਸ ਸਕਦਾ ਹੈ ਕਿ ਉਸ ਦਾ ਆਪਣਾ ਦੇਸ਼ ਕਿੱਥੇ ਹੈ? ਜੇ ਇਕ ਵਿਅਕਤੀ ਨੂੰ ਨਕਸ਼ਾ ਦੇਖਣਾ ਨਹੀਂ ਆਉਂਦਾ, ਤਾਂ ਉਸ ਲਈ ਨਿਰਧਾਰਿਤ ਇਲਾਕੇ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੋ ਸਕਦਾ ਹੈ।—2 ਤਿਮੋਥਿਉਸ 4:5.

ਕਲੀਸਿਯਾ ਵਿਚ ਸੇਵਾ ਕਰਨ ਦੇ ਖ਼ਾਸ ਮੌਕੇ

ਮਸੀਹੀ ਬਜ਼ੁਰਗ ਤੇ ਸਹਾਇਕ ਸੇਵਕ ਕਈ ਜ਼ਿੰਮੇਵਾਰੀਆਂ ਸੰਭਾਲਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਪੜ੍ਹਨਾ-ਲਿਖਣਾ ਆਉਣਾ ਚਾਹੀਦਾ ਹੈ। ਮਿਸਾਲ ਲਈ ਕਲੀਸਿਯਾ ਸਭਾਵਾਂ ਵਿਚ ਪੇਸ਼ਕਾਰੀਆਂ ਦੇਣ ਲਈ ਉਨ੍ਹਾਂ ਨੂੰ ਤਿਆਰੀ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਸਾਹਿੱਤ ਦੀ ਸਪਲਾਈ ਅਤੇ ਚੰਦਿਆਂ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਪੈਂਦਾ ਹੈ। ਜੇ ਇਕ ਵਿਅਕਤੀ ਪੜ੍ਹਿਆ-ਲਿਖਿਆ ਨਾ ਹੋਵੇ, ਤਾਂ ਉਸ ਨੂੰ ਇਹ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਬੜੀ ਔਖਿਆਈ ਆ ਸਕਦੀ ਹੈ।

ਦੁਨੀਆਂ ਭਰ ਦੇ ਬੈਥਲ ਘਰਾਂ ਵਿਚ ਸਵੈ-ਸੇਵਕ ਕੰਮ ਕਰਦੇ ਹਨ। ਉੱਥੇ ਕਈ ਕੰਮ ਕੀਤੇ ਜਾਂਦੇ ਹਨ ਜਿਵੇਂ ਸਾਹਿੱਤ ਦਾ ਅਨੁਵਾਦ ਕਰਨਾ ਅਤੇ ਮਸ਼ੀਨਾਂ ਠੀਕ ਕਰਨੀਆਂ। ਇਹ ਕੰਮ ਕਰਨ ਲਈ ਉਨ੍ਹਾਂ ਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਜੇ ਤੁਹਾਡੇ ਬੱਚੇ ਯਹੋਵਾਹ ਦੀ ਇਸ ਤਰੀਕੇ ਨਾਲ ਸੇਵਾ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ਬੁਨਿਆਦੀ ਸਿੱਖਿਆ ਹਾਸਲ ਕਰਨੀ ਬਹੁਤ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਹੋਰ ਕਿਹੜੇ ਕਾਰਨ ਹਨ?

ਗ਼ਰੀਬੀ ਅਤੇ ਵਹਿਮ

ਜਿਹੜੇ ਲੋਕ ਗ਼ਰੀਬ ਹਨ, ਉਹ ਕਈ ਹਾਲਾਤਾਂ ਵਿਚ ਬਿਲਕੁਲ ਲਾਚਾਰ ਹੁੰਦੇ ਹਨ। ਪਰ ਕੁਝ ਹਾਲਾਤਾਂ ਵਿਚ ਪੜ੍ਹੇ-ਲਿਖੇ ਹੋਣ ਨਾਲ ਅਸੀਂ ਅਤੇ ਸਾਡੇ ਬੱਚੇ ਕਈ ਮੁਸ਼ਕਲਾਂ ਤੋਂ ਬਚ ਸਕਦੇ ਹਾਂ। ਅਨਪੜ੍ਹ ਲੋਕ ਅਕਸਰ ਬੜੀ ਔਖੀ ਜ਼ਿੰਦਗੀ ਗੁਜ਼ਾਰਦੇ ਹਨ ਕਿਉਂਕਿ ਉਨ੍ਹਾਂ ਨੂੰ ਚੰਗੀ ਨੌਕਰੀ ਨਹੀਂ ਮਿਲਦੀ। ਬੱਚੇ ਅਤੇ ਕਦੇ-ਕਦੇ ਮਾਪੇ ਵੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਘੱਟ ਕਮਾਈ ਹੋਣ ਕਰਕੇ ਉਨ੍ਹਾਂ ਕੋਲ ਆਪਣਾ ਇਲਾਜ ਕਰਾਉਣ ਲਈ ਪੈਸੇ ਨਹੀਂ ਹੁੰਦੇ। ਜਿਹੜੇ ਲੋਕ ਬਹੁਤ ਘੱਟ ਪੜ੍ਹੇ-ਲਿਖੇ ਹਨ ਜਾਂ ਅਨਪੜ੍ਹ ਹਨ, ਉਨ੍ਹਾਂ ਨੂੰ ਅਕਸਰ ਸਹੀ ਖ਼ੁਰਾਕ ਬਾਰੇ ਜਾਣਕਾਰੀ ਨਹੀਂ ਹੁੰਦੀ ਜਾਂ ਉਹ ਆਪਣੇ ਰਹਿਣ-ਸਹਿਣ ਨੂੰ ਸੁਧਾਰਨ ਦੇ ਯੋਗ ਨਹੀਂ ਹੁੰਦੇ। ਇਨ੍ਹਾਂ ਹਾਲਾਤਾਂ ਵਿਚ ਇਕ ਵਿਅਕਤੀ ਦਾ ਪੜ੍ਹਿਆ-ਲਿਖਿਆ ਹੋਣਾ ਕਾਫ਼ੀ ਸਹਾਇਕ ਸਾਬਤ ਹੋ ਸਕਦਾ ਹੈ।

ਇਕ ਪੜ੍ਹਿਆ-ਲਿਖਿਆ ਵਿਅਕਤੀ ਆਸਾਨੀ ਨਾਲ ਵਹਿਮਾਂ ਦਾ ਸ਼ਿਕਾਰ ਨਹੀਂ ਹੁੰਦਾ। ਇਹ ਸੱਚ ਹੈ ਕਿ ਪੜ੍ਹੇ-ਲਿਖੇ ਅਤੇ ਅਨਪੜ੍ਹ ਦੋਨੋਂ ਹੀ ਵਹਿਮੀ ਹੋ ਸਕਦੇ ਹਨ। ਪਰ ਅਨਪੜ੍ਹ ਲੋਕ ਜ਼ਿਆਦਾ ਆਸਾਨੀ ਨਾਲ ਦੂਸਰਿਆਂ ਦੇ ਧੋਖੇ ਵਿਚ ਆ ਜਾਂਦੇ ਹਨ। ਉਹ ਅਜਿਹੀ ਜਾਣਕਾਰੀ ਪੜ੍ਹਨ ਦੇ ਯੋਗ ਨਹੀਂ ਹੁੰਦੇ ਜੋ ਧੋਖੇਬਾਜ਼ਾਂ ਦਾ ਪਰਦਾਫ਼ਾਸ਼ ਕਰਦੀ ਹੈ। ਇਸ ਲਈ ਉਹ ਵਹਿਮਾਂ-ਭਰਮਾਂ ਵਿਚ ਫਸੇ ਰਹਿੰਦੇ ਹਨ ਅਤੇ ਮੰਨਦੇ ਹਨ ਕਿ ਬਾਬੇ ਉਨ੍ਹਾਂ ਦੀਆਂ ਬੀਮਾਰੀਆਂ ਚਮਤਕਾਰੀ ਢੰਗ ਨਾਲ ਠੀਕ ਕਰ ਦੇਣਗੇ।—ਬਿਵਸਥਾ ਸਾਰ 18:10-12; ਪਰਕਾਸ਼ ਦੀ ਪੋਥੀ 21:8.

ਪੜ੍ਹਾਈ ਸਿਰਫ਼ ਨੌਕਰੀ ਲੱਭਣ ਲਈ ਹੀ ਨਹੀਂ

ਕਈ ਲੋਕ ਸੋਚਦੇ ਹਨ ਕਿ ਪੜ੍ਹਾਈ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੈ। ਪਰ ਸੱਚ ਤਾਂ ਇਹ ਹੈ ਕਿ ਕਈ ਪੜ੍ਹੇ-ਲਿਖੇ ਲੋਕ ਬੇਕਾਰ ਬੈਠੇ ਹਨ ਜਾਂ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਇਸ ਲਈ ਕੁਝ ਮਾਪੇ ਸੋਚ ਸਕਦੇ ਹਨ ਕਿ ਬੱਚਿਆਂ ਨੂੰ ਸਕੂਲ ਭੇਜਣ ਦਾ ਕੋਈ ਲਾਭ ਨਹੀਂ। ਪਰ ਬੱਚੇ ਪੜ੍ਹ-ਲਿਖ ਕੇ ਨਾ ਸਿਰਫ਼ ਚੰਗੀ ਨੌਕਰੀ ਲੱਭਣ ਦੇ ਕਾਬਲ ਬਣਦੇ ਹਨ, ਸਗੋਂ ਉਹ ਜ਼ਿੰਦਗੀ ਦੇ ਕਈ ਹਾਲਾਤਾਂ ਨਾਲ ਨਜਿੱਠਣ ਦੇ ਵੀ ਯੋਗ ਬਣਦੇ ਹਨ। (ਉਪਦੇਸ਼ਕ ਦੀ ਪੋਥੀ 7:12) ਇਕ ਪੜ੍ਹਿਆ-ਲਿਖਿਆ ਵਿਅਕਤੀ ਡਾਕਟਰਾਂ, ਸਰਕਾਰੀ ਅਫ਼ਸਰਾਂ ਜਾਂ ਬੈਂਕ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਡਰਨ ਦੀ ਬਜਾਇ ਉਨ੍ਹਾਂ ਨਾਲ ਸੌਖਿਆਂ ਹੀ ਗੱਲ ਕਰ ਲੈਂਦਾ ਹੈ।

ਕੁਝ ਦੇਸ਼ਾਂ ਵਿਚ ਮਾਪੇ ਆਪਣੇ ਅਨਪੜ੍ਹ ਬੱਚਿਆਂ ਨੂੰ ਕਿਸੇ ਦੇ ਨਾਲ ਲਾ ਦਿੰਦੇ ਹਨ, ਤਾਂਕਿ ਉਹ ਰਾਜ-ਮਿਸਤਰੀ, ਮੱਛੀਆਂ ਫੜਨ, ਦਰਜੀ ਦਾ ਕੰਮ ਜਾਂ ਕੋਈ ਹੋਰ ਕੰਮ ਸਿੱਖ ਸਕਣ। ਕੰਮ ਸਿੱਖਣ ਵਿਚ ਕੋਈ ਬੁਰਾਈ ਨਹੀਂ, ਪਰ ਜੇ ਬੱਚੇ ਸਕੂਲ ਨਹੀਂ ਜਾਂਦੇ, ਤਾਂ ਉਹ ਸ਼ਾਇਦ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਨਹੀਂ ਸਿੱਖਣਗੇ। ਇਸ ਲਈ ਜੇ ਉਹ ਕਿੱਤਾ ਸਿੱਖਣ ਤੋਂ ਪਹਿਲਾਂ ਮੁਢਲੀ ਪੜ੍ਹਾਈ ਕਰ ਲੈਣ, ਤਾਂ ਹੋ ਸਕਦਾ ਹੈ ਕਿ ਉਹ ਇੰਨੀ ਆਸਾਨੀ ਨਾਲ ਦੂਸਰਿਆਂ ਦੇ ਧੋਖੇ ਵਿਚ ਨਹੀਂ ਆਉਣਗੇ। ਉਹ ਆਪਣੀ ਜ਼ਿੰਦਗੀ ਵੀ ਸੁਧਾਰ ਸਕਣਗੇ।

ਯਿਸੂ ਨਾਸਰਤ ਵਿਚ ਤਰਖਾਣ ਦਾ ਕੰਮ ਕਰਦਾ ਸੀ। ਉਸ ਨੇ ਜ਼ਰੂਰ ਆਪਣੇ ਪਿਤਾ ਯੂਸੁਫ਼ ਕੋਲੋਂ ਇਹ ਕੰਮ ਸਿੱਖਿਆ ਹੋਣਾ। (ਮੱਤੀ 13:55; ਮਰਕੁਸ 6:3) ਯਿਸੂ ਪੜ੍ਹਿਆ-ਲਿਖਿਆ ਵੀ ਸੀ ਕਿਉਂਕਿ 12 ਸਾਲ ਦੀ ਉਮਰ ਤੇ ਉਸ ਨੇ ਪਰਮੇਸ਼ੁਰ ਦੀ ਹੈਕਲ ਵਿਚ ਗਿਆਨੀਆਂ ਨਾਲ ਬੜੀਆਂ ਸਮਝਦਾਰੀ ਦੀਆਂ ਗੱਲਾਂ ਕੀਤੀਆਂ ਸਨ। (ਲੂਕਾ 2:46, 47) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਕਿੱਤਾ ਸਿੱਖਣ ਦੇ ਨਾਲ-ਨਾਲ ਪੜ੍ਹਾਈ ਵੀ ਕੀਤੀ ਸੀ।

ਧੀਆਂ ਨੂੰ ਵੀ ਪੜ੍ਹਾਉਣਾ ਚਾਹੀਦਾ?

ਕਈ ਮਾਤਾ-ਪਿਤਾ ਆਪਣੇ ਮੁੰਡਿਆਂ ਨੂੰ ਤਾਂ ਸਕੂਲ ਭੇਜਦੇ ਹਨ, ਪਰ ਆਪਣੀਆਂ ਧੀਆਂ ਨੂੰ ਨਹੀਂ ਪੜ੍ਹਾਉਂਦੇ। ਉਹ ਸ਼ਾਇਦ ਸੋਚਦੇ ਹਨ ਕਿ ਕੁੜੀਆਂ ਨੂੰ ਪੜ੍ਹਾਉਣ ਤੇ ਬਹੁਤ ਪੈਸਾ ਬਰਬਾਦ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਧੀਆਂ ਨੂੰ ਪੂਰਾ ਦਿਨ ਘਰ ਰਹਿ ਕੇ ਆਪਣੀਆਂ ਮਾਵਾਂ ਦਾ ਹੱਥ ਵਟਾਉਣਾ ਚਾਹੀਦਾ ਹੈ। ਪਰ ਅਨਪੜ੍ਹ ਹੋਣ ਕਰਕੇ ਕੁੜੀਆਂ ਆਪਣੀ ਜ਼ਿੰਦਗੀ ਵਿਚ ਤਰੱਕੀ ਨਹੀਂ ਕਰ ਸਕਦੀਆਂ। ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਦੀ ਇਕ ਕਿਤਾਬ ਕਹਿੰਦੀ ਹੈ: “ਕਈ ਅਧਿਐਨਾਂ ਤੋਂ ਇਹੋ ਗੱਲ ਸਾਬਤ ਹੋਈ ਹੈ ਕਿ ਕੁੜੀਆਂ ਨੂੰ ਪੜ੍ਹਾਉਣਾ ਹੀ ਗ਼ਰੀਬੀ ਦੀ ਜ਼ੰਜੀਰ ਨੂੰ ਤੋੜਨ ਦਾ ਸਭ ਤੋਂ ਵਧੀਆ ਤਰੀਕਾ ਹੈ।” (ਗ਼ਰੀਬੀ ਅਤੇ ਬੱਚੇ: 1990 ਦੇ ਦਹਾਕੇ ਤੋਂ ਅੱਤ ਪੱਛੜੇ ਦੇਸ਼ਾਂ ਲਈ ਸਬਕ [ਅੰਗ੍ਰੇਜ਼ੀ]) ਪੜ੍ਹੀਆਂ-ਲਿਖੀਆਂ ਕੁੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਚੰਗੇ ਫ਼ੈਸਲੇ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਇਸ ਤੋਂ ਪੂਰੇ ਪਰਿਵਾਰ ਨੂੰ ਲਾਭ ਹੁੰਦਾ ਹੈ।

ਬੇਨਿਨ, ਪੱਛਮੀ ਅਫ਼ਰੀਕਾ ਵਿਚ ਨਿਆਣਿਆਂ ਦੀ ਮੌਤ ਦਰ ਉੱਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਨਪੜ੍ਹ ਮਾਵਾਂ ਦੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ 167 ਪ੍ਰਤੀ 1,000 ਹੈ, ਜਦ ਕਿ ਪੜ੍ਹੀਆਂ-ਲਿਖੀਆਂ ਔਰਤਾਂ ਦੇ 1,000 ਬੱਚਿਆਂ ਵਿੱਚੋਂ ਸਿਰਫ਼ 38 ਬੱਚਿਆਂ ਦੀ ਮੌਤ ਹੁੰਦੀ ਹੈ। ਯੂਨੀਸੈਫ਼ ਇਸ ਸਿੱਟੇ ਤੇ ਪਹੁੰਚਿਆ ਹੈ: “ਬਾਕੀ ਦੇਸ਼ਾਂ ਵਾਂਗ, ਬੇਨਿਨ ਵਿਚ ਵੀ ਇਹੋ ਦੇਖਿਆ ਗਿਆ ਹੈ ਕਿ ਨਿਆਣਿਆਂ ਦੀ ਮੌਤ ਦਰ ਦਾ ਸਿੱਖਿਆ ਦੀ ਦਰ ਨਾਲ ਡੂੰਘਾ ਸੰਬੰਧ ਹੈ।” ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਧੀਆਂ ਨੂੰ ਪੜ੍ਹਾਉਣ ਦੇ ਬਹੁਤ ਫ਼ਾਇਦੇ ਹਨ।

ਕੀ ਸਾਖਰਤਾ ਕਲਾਸਾਂ ਕਾਫ਼ੀ ਹਨ?

ਜਿੱਥੇ ਲੋੜ ਹੁੰਦੀ ਹੈ, ਉੱਥੇ ਯਹੋਵਾਹ ਦੇ ਗਵਾਹ ਆਪਣੀ ਕਲੀਸਿਯਾ ਦੇ ਅਨਪੜ੍ਹ ਮੈਂਬਰਾਂ ਨੂੰ ਪੜ੍ਹਾਉਣ ਲਈ ਸਾਖਰਤਾ ਕਲਾਸਾਂ ਲਗਾਉਂਦੇ ਹਨ। * ਇਨ੍ਹਾਂ ਫ਼ਾਇਦੇਮੰਦ ਕਲਾਸਾਂ ਵਿਚ ਲੋਕਾਂ ਨੂੰ ਆਮ ਤੌਰ ਤੇ ਆਪਣੇ ਇਲਾਕੇ ਦੀ ਮੁੱਖ ਭਾਸ਼ਾ ਵਿਚ ਪੜ੍ਹਨਾ-ਲਿਖਣਾ ਸਿਖਾਇਆ ਜਾਂਦਾ ਹੈ। ਕੀ ਇਹ ਕਲਾਸਾਂ ਸਕੂਲੀ ਪੜ੍ਹਾਈ ਦੇ ਬਰਾਬਰ ਹਨ? ਕੀ ਮਾਪਿਆਂ ਨੂੰ ਇਹ ਆਸ ਰੱਖਣੀ ਚਾਹੀਦੀ ਹੈ ਕਿ ਬੱਚੇ ਇਨ੍ਹਾਂ ਸਾਖਰਤਾ ਕਲਾਸਾਂ ਵਿਚ ਹੀ ਪੜ੍ਹ-ਲਿਖ ਜਾਣ ਅਤੇ ਉਨ੍ਹਾਂ ਨੂੰ ਸਕੂਲ ਜਾਣ ਦੀ ਕੋਈ ਲੋੜ ਨਹੀਂ?

ਭਾਵੇਂ ਕਿ ਇਹ ਸਾਖਰਤਾ ਕਲਾਸਾਂ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੁਆਰਾ ਕੀਤੇ ਗਏ ਪਿਆਰ ਭਰੇ ਪ੍ਰਬੰਧ ਹਨ, ਪਰ ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਬਚਪਨ ਵਿਚ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਸੀ। ਹੋ ਸਕਦਾ ਹੈ ਕਿ ਉਨ੍ਹਾਂ ਦੇ ਮਾਪੇ ਪੜ੍ਹਾਈ ਦੀ ਅਹਿਮੀਅਤ ਤੋਂ ਅਣਜਾਣ ਸਨ ਜਾਂ ਉਨ੍ਹਾਂ ਦੇ ਇਲਾਕੇ ਵਿਚ ਕੋਈ ਸਕੂਲ ਨਹੀਂ ਸੀ। ਇਹ ਲੋਕ ਕਲੀਸਿਯਾਵਾਂ ਵਿਚ ਚਲਾਈਆਂ ਜਾਂਦੀਆਂ ਸਾਖਰਤਾ ਕਲਾਸਾਂ ਵਿਚ ਪੜ੍ਹਨਾ-ਲਿਖਣਾ ਸਿੱਖ ਸਕਦੇ ਹਨ। ਪਰ ਇਨ੍ਹਾਂ ਕਲਾਸਾਂ ਦਾ ਉਦੇਸ਼ ਆਮ ਸਕੂਲਾਂ ਵਾਂਗ ਪੜ੍ਹਾਉਣਾ ਨਹੀਂ ਹੈ ਕਿਉਂਕਿ ਇਨ੍ਹਾਂ ਕਲਾਸਾਂ ਵਿਚ ਵਿਗਿਆਨ, ਗਣਿਤ ਅਤੇ ਇਤਿਹਾਸ ਨਹੀਂ ਪੜ੍ਹਾਏ ਜਾਂਦੇ।

ਅਫ਼ਰੀਕਾ ਵਿਚ ਸਾਖਰਤਾ ਕਲਾਸਾਂ ਆਮ ਤੌਰ ਤੇ ਕਬਾਇਲੀ ਭਾਸ਼ਾਵਾਂ ਵਿਚ ਚਲਾਈਆਂ ਜਾਂਦੀਆਂ ਹਨ, ਪਰ ਕਦੇ-ਕਦੇ ਇਹ ਕੌਮੀ ਭਾਸ਼ਾ ਵਿਚ ਵੀ ਚਲਾਈਆਂ ਜਾਂਦੀਆਂ ਹਨ। ਸਕੂਲਾਂ ਵਿਚ ਪੜ੍ਹਾਈ ਮੁੱਖ ਤੌਰ ਤੇ ਕੌਮੀ ਭਾਸ਼ਾ ਵਿਚ ਕੀਤੀ ਜਾਂਦੀ ਹੈ। ਇਹ ਬੱਚਿਆਂ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਜ਼ਿਆਦਾਤਰ ਕਿਤਾਬਾਂ, ਰਸਾਲੇ ਜਾਂ ਅਖ਼ਬਾਰਾਂ ਕੌਮੀ ਭਾਸ਼ਾ ਵਿਚ ਹੀ ਹੁੰਦੀਆਂ ਹਨ। ਭਾਵੇਂ ਕਿ ਬੱਚੇ ਇਨ੍ਹਾਂ ਸਾਖਰਤਾ ਕਲਾਸਾਂ ਤੋਂ ਲਾਭ ਹਾਸਲ ਕਰ ਸਕਦੇ ਹਨ, ਪਰ ਇਹ ਸਕੂਲ ਦੇ ਬਰਾਬਰ ਨਹੀਂ। ਇਸ ਲਈ ਜੇ ਮੁਮਕਿਨ ਹੋਵੇ, ਤਾਂ ਕੀ ਬੱਚਿਆਂ ਨੂੰ ਸਕੂਲ ਨਹੀਂ ਘੱਲਣਾ ਚਾਹੀਦਾ?

ਮਾਪਿਆਂ ਦੀ ਜ਼ਿੰਮੇਵਾਰੀ

ਕਲੀਸਿਯਾ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਮਿਸਾਲੀ ਮਸੀਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਘਰ ਅਤੇ ਬੱਚਿਆਂ ਦੀ “ਚੰਗੀ ਤਰਾਂ” ਦੇਖ-ਭਾਲ ਕਰਨੀ ਚਾਹੀਦੀ ਹੈ। (1 ਤਿਮੋਥਿਉਸ 3:4, 12) “ਚੰਗੀ ਤਰਾਂ” ਦੇਖ-ਭਾਲ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਪਿਤਾ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨ ਦੀ ਹਰ ਸੰਭਵ ਕੋਸ਼ਿਸ਼ ਕਰੇ।

ਪਰਮੇਸ਼ੁਰ ਨੇ ਮਸੀਹੀ ਮਾਪਿਆਂ ਨੂੰ ਇਕ ਬਹੁਤ ਭਾਰੀ ਜ਼ਿੰਮੇਵਾਰੀ ਸੌਂਪੀ ਹੈ। ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਅਤੇ ‘ਗਿਆਨ ਨਾਲ ਪ੍ਰੀਤ ਰੱਖਣ’ ਵਿਚ ਉਨ੍ਹਾਂ ਦੀ ਮਦਦ ਕਰਨ। (ਕਹਾਉਤਾਂ 12:1; 22:6; ਅਫ਼ਸੀਆਂ 6:4) ਪੌਲੁਸ ਰਸੂਲ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਆਪਣੇ ਘਰਾਣੇ ਲਈ ਤਰੱਦਦ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇਕ ਚੰਗਾ ਭਵਿੱਖ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨ।

ਕਦੇ-ਕਦਾਈਂ ਸਕੂਲਾਂ ਵਿਚ ਬੱਚਿਆਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਾਇਆ ਜਾਂਦਾ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸ਼ਾਇਦ ਕਲਾਸਾਂ ਬੱਚਿਆਂ ਨਾਲ ਠੁਸ-ਠੁਸ ਕੇ ਭਰੀਆਂ ਹੁੰਦੀਆਂ ਹਨ ਜਾਂ ਸਕੂਲ ਚਲਾਉਣ ਲਈ ਕਾਫ਼ੀ ਪੈਸੇ ਨਹੀਂ ਹੁੰਦੇ ਜਾਂ ਹੋ ਸਕਦਾ ਹੈ ਕਿ ਅਧਿਆਪਕ ਘੱਟ ਤਨਖ਼ਾਹਾਂ ਕਰਕੇ ਖ਼ੁਸ਼ ਨਹੀਂ ਹਨ। ਇਸ ਲਈ ਮਾਪਿਆਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਲੈਣ। ਜਦੋਂ ਸਕੂਲ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ, ਉਦੋਂ ਸਕੂਲ ਜਾ ਕੇ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਮਿਲੋ। ਉਨ੍ਹਾਂ ਤੋਂ ਸਲਾਹ ਮੰਗੋ ਕਿ ਤੁਹਾਡੇ ਬੱਚੇ ਚੰਗੇ ਵਿਦਿਆਰਥੀ ਬਣਨ ਲਈ ਕੀ ਕਰ ਸਕਦੇ ਹਨ। ਇਸ ਤਰ੍ਹਾਂ ਅਧਿਆਪਕਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਦੀ ਕਦਰ ਕਰਦੇ ਹੋ ਅਤੇ ਉਹ ਬੱਚਿਆਂ ਨੂੰ ਹੋਰ ਚੰਗੀ ਤਰ੍ਹਾਂ ਪੜ੍ਹਾਉਣ ਦੀ ਕੋਸ਼ਿਸ਼ ਕਰਨਗੇ।

ਬੱਚਿਆਂ ਦੇ ਵਿਕਾਸ ਲਈ ਪੜ੍ਹਾਈ ਬਹੁਤ ਹੀ ਜ਼ਰੂਰੀ ਹੈ। ਕਹਾਉਤਾਂ 10:14 ਕਹਿੰਦਾ ਹੈ: “ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ।” ਇਹ ਖ਼ਾਸਕਰ ਬਾਈਬਲ ਦੇ ਗਿਆਨ ਬਾਰੇ ਸੱਚ ਹੈ। ਯਹੋਵਾਹ ਦੇ ਵੱਡੇ-ਛੋਟੇ ਸਾਰੇ ਸੇਵਕਾਂ ਨੂੰ ਗਿਆਨ ਲੈਂਦੇ ਰਹਿਣ ਦੀ ਲੋੜ ਹੈ, ਤਾਂਕਿ ਉਹ ਦੂਸਰਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰ ਸਕਣ ਅਤੇ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾ’ ਸਕਣ। ਉਹ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲੇ ਹੋਣ ਕਰਕੇ ਲੱਜਿਆਵਾਨ’ ਨਹੀਂ ਹੋਣਗੇ। (2 ਤਿਮੋਥਿਉਸ 2:15; 1 ਤਿਮੋਥਿਉਸ 4:15) ਤਾਂ ਫਿਰ, ਕੀ ਤੁਹਾਡੇ ਬੱਚਿਆਂ ਨੂੰ ਸਕੂਲ ਜਾਣ ਦੀ ਲੋੜ ਹੈ? ਯਕੀਨਨ ਤੁਸੀਂ ਇਹੋ ਕਹੋਗੇ ਕਿ ਹਾਂ, ਉਨ੍ਹਾਂ ਨੂੰ ਸਕੂਲ ਜਾਣਾ ਚਾਹੀਦਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜੋਗੇ ਜਾਂ ਨਹੀਂ, ਇਹ ਕਾਫ਼ੀ ਹੱਦ ਤਕ ਤੁਹਾਡੇ ਦੇਸ਼ ਦੇ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ। ਪਰ ਮਸੀਹੀ ਮਾਪਿਆਂ ਨੂੰ ਪਹਿਲਾਂ ਇਸ ਅਹਿਮ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ: ‘ਕੀ ਮੇਰੇ ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਦੀ ਲੋੜ ਹੈ?’ ਭਾਵੇਂ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿੰਦੇ ਹੋ, ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਜਵਾਬ ਹਾਂ ਹੋਣਾ ਚਾਹੀਦਾ ਹੈ?

[ਸਫ਼ਾ 12, 13 ਉੱਤੇ ਡੱਬੀ/ਤਸਵੀਰ]

ਜੇ ਸਕੂਲ ਜਾਣਾ ਮੁਮਕਿਨ ਨਾ ਹੋਵੇ

ਕੁਝ ਹਾਲਾਤਾਂ ਵਿਚ ਬੱਚਿਆਂ ਲਈ ਸਕੂਲ ਜਾਣਾ ਨਾਮੁਮਕਿਨ ਹੁੰਦਾ ਹੈ। ਮਿਸਾਲ ਲਈ, ਰਫ਼ਿਊਜੀਜ਼ ਰਸਾਲੇ ਵਿਚ ਦਿੱਤੀ ਰਿਪੋਰਟ ਅਨੁਸਾਰ, ਰਫ਼ਿਊਜੀ ਕੈਂਪਾਂ ਵਿਚ 5 ਵਿੱਚੋਂ ਸਿਰਫ਼ 1 ਬੱਚਾ ਸਕੂਲ ਜਾ ਪਾਉਂਦਾ ਹੈ। ਕੁਝ ਹਾਲਾਤਾਂ ਵਿਚ ਅਧਿਆਪਕ ਹੜਤਾਲ ਕਰ ਦਿੰਦੇ ਹਨ ਜਿਸ ਕਰਕੇ ਸਕੂਲ ਲੰਬੇ ਸਮੇਂ ਤਕ ਬੰਦ ਰਹਿੰਦੇ ਹਨ। ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਸਕੂਲ ਬਹੁਤ ਹੀ ਦੂਰ ਹਨ ਜਾਂ ਸਕੂਲ ਹੀ ਨਹੀਂ ਹਨ। ਜਾਂ ਹੋ ਸਕਦਾ ਹੈ ਕਿ ਜਦੋਂ ਮਸੀਹੀਆਂ ਉੱਤੇ ਅਤਿਆਚਾਰ ਢਾਹੇ ਜਾਂਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਸਕੂਲੋਂ ਕੱਢ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਦੇ ਹਾਲਾਤਾਂ ਵਿਚ ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ? ਜੇ ਤੁਹਾਡੇ ਕਈ ਬੱਚੇ ਹਨ ਅਤੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਸਾਰੇ ਬੱਚਿਆਂ ਨੂੰ ਸਕੂਲ ਭੇਜਣਾ ਬਹੁਤ ਹੀ ਮਹਿੰਗਾ ਪਵੇਗਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਜੇ ਬੱਚਿਆਂ ਦੀ ਅਧਿਆਤਮਿਕ ਸਲਾਮਤੀ ਨੂੰ ਕੋਈ ਖ਼ਤਰਾ ਪੇਸ਼ ਨਹੀਂ ਆਵੇਗਾ, ਤਾਂ ਕੀ ਤੁਸੀਂ ਇਕ ਜਾਂ ਦੋ ਬੱਚਿਆਂ ਨੂੰ ਸਕੂਲ ਭੇਜ ਸਕਦੇ ਹੋ? ਜੇ ਹਾਂ, ਤਾਂ ਹੋ ਸਕਦਾ ਹੈ ਕਿ ਇਹ ਬੱਚੇ ਸਕੂਲ ਵਿਚ ਜੋ ਕੁਝ ਸਿੱਖਦੇ ਹਨ, ਉਹ ਅੱਗੋਂ ਘਰ ਵਿਚ ਆਪਣੇ ਭੈਣ-ਭਰਾਵਾਂ ਨੂੰ ਸਿਖਾਉਣ ਵਿਚ ਮਦਦ ਕਰ ਸਕਦੇ ਹਨ।

ਕੁਝ ਦੇਸ਼ਾਂ ਵਿਚ ਮਾਪੇ ਬੱਚਿਆਂ ਨੂੰ ਘਰ ਪੜ੍ਹਾਉਂਦੇ ਹਨ। ਇਸ ਪ੍ਰਬੰਧ ਵਿਚ ਆਮ ਤੌਰ ਤੇ ਮਾਤਾ ਜਾਂ ਪਿਤਾ ਹਰ ਦਿਨ ਬੱਚੇ ਨਾਲ ਬੈਠ ਕੇ ਉਸ ਨੂੰ ਕੁਝ ਘੰਟੇ ਪੜ੍ਹਾਉਂਦਾ ਹੈ। ਬਾਈਬਲ ਸਮਿਆਂ ਵਿਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਸਿਖਾਉਣ ਵਿਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਸੀ। ਯਾਕੂਬ ਦੇ ਪੁੱਤਰ ਯੂਸੁਫ਼ ਨੂੰ ਵੀ ਆਪਣੇ ਮਾਤਾ-ਪਿਤਾ ਤੋਂ ਚੰਗੀ ਸਿੱਖਿਆ ਮਿਲੀ ਸੀ, ਤਾਂ ਹੀ ਉਹ ਛੋਟੀ ਉਮਰ ਵਿਚ ਹੀ ਸ਼ਾਸਕ ਦੀ ਪਦਵੀ ਸੰਭਾਲ ਸਕਿਆ ਸੀ।

ਰਫ਼ਿਊਜੀ ਕੈਂਪ ਵਰਗੀਆਂ ਥਾਵਾਂ ਤੇ ਸ਼ਾਇਦ ਬੱਚਿਆਂ ਲਈ ਸਕੂਲ ਜਾਂ ਕੋਈ ਹੋਰ ਸਿੱਖਿਆ ਪ੍ਰਬੰਧ ਨਾ ਹੋਵੇ, ਪਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਕਿਤਾਬਾਂ ਇਸਤੇਮਾਲ ਕਰ ਸਕਦੇ ਹਨ। ਮਿਸਾਲ ਲਈ, ਛੋਟੇ ਬੱਚਿਆਂ ਨੂੰ ਸਿਖਾਉਣ ਲਈ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਕਾਫ਼ੀ ਸਹਾਈ ਸਾਬਤ ਹੋ ਸਕਦੀ ਹੈ। ਜਾਗਰੂਕ ਬਣੋ! ਰਸਾਲੇ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਲੇਖ ਛਪਦੇ ਹਨ। ਬੱਚਿਆਂ ਨੂੰ ਵਿਗਿਆਨ ਬਾਰੇ ਸਿਖਾਉਣ ਲਈ ਮਾਪੇ ਜੀਵਨ​—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਇਸਤੇਮਾਲ ਕਰ ਸਕਦੇ ਹਨ। ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਵਿਚ ਕਈ ਦੇਸ਼ਾਂ ਵਿਚ ਲੋਕਾਂ ਦੇ ਰਹਿਣ-ਸਹਿਣ ਅਤੇ ਪ੍ਰਚਾਰ ਦੇ ਕੰਮ ਬਾਰੇ ਜਾਣਕਾਰੀ ਦਿੰਦੀ ਹੈ।

ਬੱਚਿਆਂ ਨੂੰ ਸਿਖਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰੋ। ਜੇ ਤੁਸੀਂ ਉਨ੍ਹਾਂ ਦੀ ਉਮਰ ਤੇ ਕਾਬਲੀਅਤ ਦੇ ਅਨੁਸਾਰ ਪਾਠ ਤਿਆਰ ਕਰੋਗੇ, ਤਾਂ ਇਸ ਤੋਂ ਬੱਚੇ ਜ਼ਿਆਦਾ ਲਾਭ ਹਾਸਲ ਕਰ ਸਕਣਗੇ। ਬੱਚਿਆਂ ਨੂੰ ਪੜ੍ਹਾਉਂਦੇ ਰਹਿਣ ਨਾਲ, ਬਾਅਦ ਵਿਚ ਜੇ ਉਨ੍ਹਾਂ ਨੂੰ ਕਦੀ ਸਕੂਲ ਜਾਣ ਦਾ ਮੌਕਾ ਮਿਲਿਆ, ਤਾਂ ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਇੰਨੀ ਮੁਸ਼ਕਲ ਨਹੀਂ ਲੱਗੇਗੀ। ਜੇ ਤੁਸੀਂ ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਅਤੇ ਲਗਨ ਨਾਲ ਪੜ੍ਹਾਉਂਦੇ ਹੋ, ਤਾਂ ਉਹ ਪੜ੍ਹ-ਲਿਖ ਕੇ ਕਾਮਯਾਬ ਇਨਸਾਨ ਬਣਨਗੇ!

[ਫੁਟਨੋਟ]

^ ਪੈਰਾ 5 ਉਨ੍ਹਾਂ ਦੀ ਮਾਂ-ਬੋਲੀ ਅਰਾਮੀ ਭਾਸ਼ਾ ਜਾਂ ਇਬਰਾਨੀ ਭਾਸ਼ਾ ਦੀ ਉਪਬੋਲੀ ਸੀ ਜੋ ਗਲੀਲ ਵਿਚ ਬੋਲੀ ਜਾਂਦੀ ਸੀ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਸ਼ਾਸਤਰ ਉੱਤੇ ਅੰਤਰ-ਦ੍ਰਿਸ਼ਟੀ (ਅੰਗ੍ਰੇਜ਼ੀ) ਦੇ ਖੰਡ 1 ਦੇ ਸਫ਼ੇ 144-6 ਦੇਖੋ।

[ਤਸਵੀਰ]

ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਇਲਾਕੇ ਵਿਚ ਤੁਹਾਡੇ ਬੱਚਿਆਂ ਲਈ ਸਕੂਲ ਜਾਣਾ ਮੁਮਕਿਨ ਨਹੀਂ ਹੈ?