Skip to content

Skip to table of contents

“ਆਪੋ ਵਿੱਚ ਪ੍ਰੇਮ ਰੱਖੋ”

“ਆਪੋ ਵਿੱਚ ਪ੍ਰੇਮ ਰੱਖੋ”

“ਆਪੋ ਵਿੱਚ ਪ੍ਰੇਮ ਰੱਖੋ”

“ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.

1. ਆਪਣੀ ਮੌਤ ਤੋਂ ਕੁਝ ਸਮੇਂ ਪਹਿਲਾਂ ਯਿਸੂ ਨੇ ਕਿਹੜੇ ਗੁਣ ਉੱਤੇ ਜ਼ੋਰ ਦਿੱਤਾ ਸੀ?

ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਪਿਆਰ ਨਾਲ ਆਪਣੇ ਰਸੂਲਾਂ ਨੂੰ “ਹੇ ਬਾਲਕੋ” ਕਹਿ ਕੇ ਬੁਲਾਇਆ। (ਯੂਹੰਨਾ 13:33) ਇੰਜੀਲਾਂ ਵਿਚ ਯਿਸੂ ਨੇ ਪਹਿਲੀ ਵਾਰ ਉਨ੍ਹਾਂ ਨਾਲ ਗੱਲ ਕਰਦੇ ਹੋਏ ਇਹ ਪ੍ਰੇਮਪੂਰਣ ਸ਼ਬਦ ਵਰਤੇ ਸਨ। ਪਰ ਇਸ ਖ਼ਾਸ ਰਾਤ ਨੂੰ ਉਹ ਇਨ੍ਹਾਂ ਸ਼ਬਦਾਂ ਦੁਆਰਾ ਚੇਲਿਆਂ ਲਈ ਆਪਣੇ ਗਹਿਰੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦਾ ਸੀ। ਦਰਅਸਲ, ਯਿਸੂ ਨੇ ਉਸ ਰਾਤ ਪਿਆਰ ਦਾ ਜ਼ਿਕਰ ਕੁਝ 30 ਵਾਰ ਕੀਤਾ ਸੀ। ਉਸ ਨੇ ਇਸ ਗੁਣ ਉੱਤੇ ਇੰਨਾ ਜ਼ੋਰ ਕਿਉਂ ਦਿੱਤਾ ਸੀ?

2. ਮਸੀਹੀਆਂ ਲਈ ਇਕ-ਦੂਜੇ ਨਾਲ ਪਿਆਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

2 ਯਿਸੂ ਨੇ ਪਿਆਰ ਦੀ ਮਹੱਤਤਾ ਸਮਝਾਉਣ ਲਈ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35; 15:12, 17) ਜੇ ਅਸੀਂ ਮਸੀਹ ਦੇ ਚੇਲੇ ਬਣਨਾ ਚਾਹੁੰਦੇ ਹਾਂ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰੀਏ। ਸੱਚੇ ਮਸੀਹੀ ਕਿਸੇ ਖ਼ਾਸ ਲਿਬਾਸ ਜਾਂ ਰੀਤਾਂ-ਰਿਵਾਜਾਂ ਦੁਆਰਾ ਨਹੀਂ ਪਛਾਣੇ ਜਾਂਦੇ, ਸਗੋਂ ਉਹ ਇਕ-ਦੂਜੇ ਲਈ ਆਪਣੇ ਪ੍ਰੇਮ ਦੁਆਰਾ ਪਛਾਣੇ ਜਾਂਦੇ ਹਨ। ਪਿਛਲੇ ਲੇਖ ਵਿਚ ਅਸੀਂ ਯਿਸੂ ਦੇ ਚੇਲੇ ਬਣਨ ਦੀਆਂ ਤਿੰਨ ਮੰਗਾਂ ਬਾਰੇ ਜ਼ਿਕਰ ਕੀਤਾ ਸੀ। ਇਨ੍ਹਾਂ ਵਿੱਚੋਂ ਪ੍ਰੇਮ ਰੱਖਣਾ ਦੂਜੀ ਮੰਗ ਹੈ। ਇਹ ਮੰਗ ਪੂਰੀ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

“ਤੁਸੀਂ ਹੋਰ ਭੀ ਵਧਦੇ ਚੱਲੇ ਜਾਓ”

3. ਪ੍ਰੇਮ ਦੇ ਸੰਬੰਧ ਵਿਚ ਪੌਲੁਸ ਰਸੂਲ ਨੇ ਕਿਹੜੀ ਸਲਾਹ ਦਿੱਤੀ ਸੀ?

3 ਜਿਵੇਂ ਪਹਿਲੀ ਸਦੀ ਵਿਚ ਮਸੀਹ ਦੇ ਚੇਲੇ ਇਕ-ਦੂਜੇ ਨਾਲ ਪਿਆਰ ਕਰਦੇ ਸਨ, ਤਿਵੇਂ ਅੱਜ ਵੀ ਅਜਿਹਾ ਪਿਆਰ ਸੱਚੇ ਮਸੀਹੀਆਂ ਦੇ ਆਪਸ ਵਿਚ ਦੇਖਿਆ ਜਾਂਦਾ ਹੈ। ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖਿਆ: ‘ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ। ਤੁਸੀਂ ਤਾਂ ਸਭਨਾਂ ਭਾਈਆਂ ਨਾਲ ਅਜਿਹਾ ਹੀ ਕਰਦੇ ਭੀ ਹੋ।’ ਫਿਰ ਵੀ ਪੌਲੁਸ ਨੇ ਅੱਗੇ ਕਿਹਾ: “ਤੁਸੀਂ ਹੋਰ ਭੀ ਵਧਦੇ ਚੱਲੇ ਜਾਓ।” (1 ਥੱਸਲੁਨੀਕੀਆਂ 3:12; 4:9, 10) ਸਾਨੂੰ ਵੀ ਪੌਲੁਸ ਦੀ ਸਲਾਹ ਉੱਤੇ ਚੱਲ ਕੇ ਇਕ-ਦੂਜੇ ਨਾਲ ਪ੍ਰੇਮ ਕਰਨ ਵਿਚ ‘ਹੋਰ ਭੀ ਵਧਣਾ’ ਚਾਹੀਦਾ ਹੈ।

4. ਪੌਲੁਸ ਅਤੇ ਯਿਸੂ ਨੇ ਸਾਨੂੰ ਕਿਨ੍ਹਾਂ ਵੱਲ ਖ਼ਾਸ ਧਿਆਨ ਦੇਣ ਲਈ ਕਿਹਾ ਸੀ?

4 ਪੌਲੁਸ ਨੇ ਇਸੇ ਪੱਤਰੀ ਵਿਚ ਮਸੀਹੀਆਂ ਨੂੰ ‘ਕਮਦਿਲਿਆਂ ਨੂੰ ਦਿਲਾਸਾ ਦੇਣ’ ਅਤੇ ‘ਨਿਤਾਣਿਆਂ ਨੂੰ ਸੰਭਾਲਣ’ ਲਈ ਵੀ ਉਤਸ਼ਾਹਿਤ ਕੀਤਾ ਸੀ। (1 ਥੱਸਲੁਨੀਕੀਆਂ 5:14) ਇਕ ਹੋਰ ਮੌਕੇ ਤੇ ਉਸ ਨੇ ਮਸੀਹੀਆਂ ਨੂੰ ਯਾਦ ਦਿਲਾਇਆ ਕਿ ‘ਜੋ ਤਕੜੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਉਹ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰਣ।’ (ਰੋਮੀਆਂ 15:1) ਯਿਸੂ ਨੇ ਵੀ ਕਮਜ਼ੋਰਾਂ ਦੀ ਮਦਦ ਕਰਨ ਲਈ ਕਿਹਾ ਸੀ। ਯਿਸੂ ਨੇ ਪਤਰਸ ਨੂੰ ਦੱਸਿਆ ਸੀ ਕਿ ਜਿਸ ਰਾਤ ਉਸ ਨੂੰ ਗਿਰਫ਼ਤਾਰ ਕੀਤਾ ਜਾਵੇਗਾ ਪਤਰਸ ਉਸ ਦਾ ਇਨਕਾਰ ਕਰੇਗਾ। ਫਿਰ ਯਿਸੂ ਨੇ ਕਿਹਾ: “ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।” ਯਿਸੂ ਨੇ ਇਹ ਕਿਉਂ ਕਿਹਾ ਸੀ? ਕਿਉਂਕਿ ਹੋਰਨਾਂ ਚੇਲਿਆਂ ਨੇ ਵੀ ਯਿਸੂ ਦਾ ਇਨਕਾਰ ਕਰਨਾ ਸੀ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੋਣੀ ਸੀ। (ਲੂਕਾ 22:32; ਯੂਹੰਨਾ 21:15-17) ਪਰਮੇਸ਼ੁਰ ਦਾ ਬਚਨ ਸਾਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਕਰਨ ਲਈ ਕਹਿੰਦਾ ਹੈ ਜੋ ਸ਼ਾਇਦ ਰੂਹਾਨੀ ਤੌਰ ਤੇ ਕਮਜ਼ੋਰ ਹੋਣ ਕਰਕੇ ਮੀਟਿੰਗਾਂ ਵਿਚ ਨਹੀਂ ਆਉਂਦੇ। (ਇਬਰਾਨੀਆਂ 12:12) ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ? ਇਸ ਦਾ ਜਵਾਬ ਯਿਸੂ ਦੇ ਦੋ ਦ੍ਰਿਸ਼ਟਾਂਤਾਂ ਤੋਂ ਮਿਲਦਾ ਹੈ।

ਗੁਆਚੀ ਭੇਡ ਅਤੇ ਗੁਆਚੀ ਅਠੰਨੀ

5, 6. (ੳ) ਯਿਸੂ ਨੇ ਕਿਹੜੇ ਦੋ ਦ੍ਰਿਸ਼ਟਾਂਤ ਦਿੱਤੇ ਸਨ? (ਅ) ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

5 ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਦੋ ਛੋਟੇ-ਛੋਟੇ ਦ੍ਰਿਸ਼ਟਾਂਤ ਦਿੱਤੇ ਜਿਨ੍ਹਾਂ ਦੁਆਰਾ ਉਸ ਨੇ ਸਿਖਾਇਆ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ ਜੋ ਸੱਚਾਈ ਦੇ ਰਾਹ ਤੋਂ ਭਟਕ ਗਏ ਹਨ। ਪਹਿਲਾ ਦ੍ਰਿਸ਼ਟਾਂਤ ਇਕ ਅਯਾਲੀ ਬਾਰੇ ਹੈ। ਯਿਸੂ ਨੇ ਕਿਹਾ: “ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ? ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉੱਤੇ ਰੱਖ ਲੈਂਦਾ। ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।”—ਲੂਕਾ 15:4-7.

6 ਦੂਜਾ ਦ੍ਰਿਸ਼ਟਾਂਤ ਇਕ ਔਰਤ ਬਾਰੇ ਹੈ। ਯਿਸੂ ਨੇ ਕਿਹਾ: “ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ? ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਢਣਾਂ ਨੂੰ ਇਕੱਠੀਆਂ ਬੁਲਾ ਕੇ ਆਖਦੀ ਹੈ, ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।”—ਲੂਕਾ 15:8-10.

7. ਗੁਆਚੀ ਭੇਡ ਅਤੇ ਗੁਆਚੀ ਅਠੰਨੀ ਦੇ ਦ੍ਰਿਸ਼ਟਾਂਤਾਂ ਤੋਂ ਅਸੀਂ ਕਿਹੜੇ ਦੋ ਸਬਕ ਸਿੱਖਦੇ ਹਾਂ?

7 ਅਸੀਂ ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਕੀ ਸਿੱਖ ਸਕਦੇ ਹਾਂ? ਇਹ ਦਿਖਾਉਂਦੇ ਹਨ (1) ਕਿ ਸਾਨੂੰ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਕਮਜ਼ੋਰ ਹੋ ਗਏ ਹਨ ਅਤੇ (2) ਕਿ ਸਾਨੂੰ ਉਨ੍ਹਾਂ ਦੀ ਮਦਦ ਕਰਨ ਵਿਚ ਕੀ ਕਰਨਾ ਚਾਹੀਦਾ ਹੈ। ਆਓ ਆਪਾਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਈਏ।

ਗੁਆਚੀਆਂ ਚੀਜ਼ਾਂ ਕੀਮਤੀ ਸਨ

8. (ੳ) ਅਯਾਲੀ ਅਤੇ ਔਰਤ ਨੇ ਕੀ ਕੀਤਾ ਸੀ ਜਦੋਂ ਉਨ੍ਹਾਂ ਦੀ ਚੀਜ਼ ਗੁਆਚ ਗਈ ਸੀ? (ਅ) ਉਹ ਗੁਆਚੀ ਚੀਜ਼ ਨੂੰ ਕਿਵੇਂ ਵਿਚਾਰਦੇ ਸਨ?

8 ਦੋਹਾਂ ਦ੍ਰਿਸ਼ਟਾਂਤਾਂ ਵਿਚ ਕੋਈ ਚੀਜ਼ ਗੁਆਚੀ ਹੋਈ ਸੀ। ਪਰ ਧਿਆਨ ਦਿਓ ਕਿ ਅਯਾਲੀ ਤੇ ਔਰਤ ਨੇ ਕੀ ਕੀਤਾ ਸੀ। ਅਯਾਲੀ ਨੇ ਇਸ ਤਰ੍ਹਾਂ ਨਹੀਂ ਕਿਹਾ: ‘ਫਿਰ ਕੀ ਹੋਇਆ ਜੇ ਇਕ ਭੇਡ ਗੁਆਚ ਗਈ ਹੈ, ਮੈਨੂੰ ਉਹ ਦੀ ਕੀ ਲੋੜ ਹੈ? ਮੇਰੇ ਕੋਲ ਹਾਲੇ 99 ਹੋਰ ਹਨ।’ ਔਰਤ ਨੇ ਇਸ ਤਰ੍ਹਾਂ ਨਹੀਂ ਕਿਹਾ: ‘ਇਕ ਅਠੰਨੀ ਦੀ ਚਿੰਤਾ ਕਰਨ ਦੀ ਕੀ ਲੋੜ ਹੈ? ਮੇਰੇ ਕੋਲ ਹਾਲੇ ਨੌਂ ਹਨ, ਉਹੀ ਮੇਰੇ ਲਈ ਕਾਫ਼ੀ ਹਨ।’ ਇਸ ਦੀ ਬਜਾਇ ਅਯਾਲੀ ਨੇ ਉਸ ਗੁਆਚੀ ਭੇਡ ਦੀ ਇਸ ਤਰ੍ਹਾਂ ਭਾਲ ਕੀਤੀ ਜਿਵੇਂ ਉਹ ਉਸ ਦੀ ਇੱਕੋ-ਇਕ ਭੇਡ ਸੀ। ਔਰਤ ਨੇ ਵੀ ਗੁਆਚੀ ਅਠੰਨੀ ਦੀ ਭਾਲ ਇਸ ਤਰ੍ਹਾਂ ਕੀਤੀ ਜਿਵੇਂ ਉਸ ਕੋਲ ਹੋਰ ਅਠੰਨੀਆਂ ਨਹੀਂ ਸਨ। ਦੋਹਾਂ ਦ੍ਰਿਸ਼ਟਾਂਤਾਂ ਵਿਚ ਗੁਆਚੀ ਚੀਜ਼ ਦੀ ਕੀਮਤ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਟੀ ਨਹੀਂ। ਇਸ ਤੋਂ ਕੀ ਦੇਖਿਆ ਜਾ ਸਕਦਾ ਹੈ?

9. ਅਯਾਲੀ ਅਤੇ ਔਰਤ ਦੀ ਚਿੰਤਾ ਤੋਂ ਕੀ ਦੇਖਿਆ ਜਾਂਦਾ ਹੈ?

9 ਧਿਆਨ ਦਿਓ ਕਿ ਯਿਸੂ ਨੇ ਇਨ੍ਹਾਂ ਦੋ ਦ੍ਰਿਸ਼ਟਾਂਤਾਂ ਨੂੰ ਸਮਾਪਤ ਕਿਸ ਤਰ੍ਹਾਂ ਕੀਤਾ ਸੀ: ‘ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਬਹੁਤ ਖੁਸ਼ੀ ਹੋਵੇਗੀ’ ਅਤੇ “ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।” ਕੁਝ ਹੱਦ ਤਕ ਅਯਾਲੀ ਅਤੇ ਔਰਤ ਦੀ ਚਿੰਤਾ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਅਤੇ ਉਸ ਦੇ ਸਵਰਗੀ ਦੂਤ ਕੀ ਮਹਿਸੂਸ ਕਰਦੇ ਹਨ। ਠੀਕ ਜਿਵੇਂ ਗੁਆਚੀ ਚੀਜ਼ ਦੀ ਕੀਮਤ ਅਯਾਲੀ ਅਤੇ ਔਰਤ ਦੀਆਂ ਨਜ਼ਰਾਂ ਵਿਚ ਘਟੀ ਨਹੀਂ, ਉਸੇ ਤਰ੍ਹਾਂ ਜੋ ਵਿਅਕਤੀ ਸੱਚਾਈ ਦੇ ਰਾਹ ਤੋਂ ਭਟਕ ਜਾਂਦੇ ਹਨ ਅਤੇ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਨਹੀਂ ਰੱਖਦੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਹਾਲੇ ਵੀ ਕੀਮਤੀ ਹਨ। (ਯਿਰਮਿਯਾਹ 31:3) ਅਜਿਹੇ ਵਿਅਕਤੀ ਰੂਹਾਨੀ ਤੌਰ ਤੇ ਸ਼ਾਇਦ ਕਮਜ਼ੋਰ ਹੋਣ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਈ ਗ਼ਲਤ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕਮਜ਼ੋਰ ਹਾਲਤ ਦੇ ਬਾਵਜੂਦ, ਉਹ ਕੁਝ ਹੱਦ ਤਕ ਸ਼ਾਇਦ ਹਾਲੇ ਵੀ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਦੇ ਹੋਣ। (ਜ਼ਬੂਰਾਂ ਦੀ ਪੋਥੀ 119:176; ਰਸੂਲਾਂ ਦੇ ਕਰਤੱਬ 15:29) ਇਸ ਲਈ ਯਹੋਵਾਹ ਉਨ੍ਹਾਂ ਨੂੰ ‘ਆਪਣੇ ਹਜ਼ੂਰੋਂ ਪਰੇ ਨਹੀਂ ਹਟਾਉਂਦਾ।’—2 ਰਾਜਿਆਂ 13:23.

10, 11. (ੳ) ਉਨ੍ਹਾਂ ਬਾਰੇ ਸਾਡਾ ਕਿਹੋ ਜਿਹਾ ਵਿਚਾਰ ਹੋਣਾ ਚਾਹੀਦਾ ਹੈ ਜੋ ਕਲੀਸਿਯਾ ਤੋਂ ਭਟਕ ਗਏ ਹਨ? (ਅ) ਯਿਸੂ ਦੇ ਦ੍ਰਿਸ਼ਟਾਂਤਾਂ ਅਨੁਸਾਰ ਅਸੀਂ ਉਨ੍ਹਾਂ ਲਈ ਆਪਣੀ ਚਿੰਤਾ ਜ਼ਾਹਰ ਕਿਵੇਂ ਕਰ ਸਕਦੇ ਹਾਂ?

10 ਯਹੋਵਾਹ ਅਤੇ ਯਿਸੂ ਵਾਂਗ ਸਾਨੂੰ ਵੀ ਉਨ੍ਹਾਂ ਦੀ ਚਿੰਤਾ ਹੈ ਜੋ ਕਮਜ਼ੋਰ ਹਨ ਅਤੇ ਮਸੀਹੀ ਸਭਾਵਾਂ ਵਿਚ ਨਹੀਂ ਆਉਂਦੇ। (ਹਿਜ਼ਕੀਏਲ 34:16; ਲੂਕਾ 19:10) ਸਾਡੀਆਂ ਨਜ਼ਰਾਂ ਵਿਚ ਰੂਹਾਨੀ ਤੌਰ ਤੇ ਇਕ ਕਮਜ਼ੋਰ ਵਿਅਕਤੀ ਉਸ ਗੁਆਚੀ ਹੋਈ ਭੇਡ ਵਰਗਾ ਹੈ। ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ: ‘ਇਕ ਕਮਜ਼ੋਰ ਵਿਅਕਤੀ ਬਾਰੇ ਚਿੰਤਾ ਕਰਨ ਦੀ ਕੀ ਲੋੜ ਹੈ? ਉਸ ਤੋਂ ਬਿਨਾਂ ਕਲੀਸਿਯਾ ਵਿਚ ਕੰਮ-ਕਾਰ ਠੀਕ ਹੀ ਚੱਲ ਰਿਹਾ ਹੈ।’ ਇਸ ਦੀ ਬਜਾਇ, ਜੋ ਵਿਅਕਤੀ ਭਟਕ ਗਏ ਹਨ ਪਰ ਯਹੋਵਾਹ ਦੀ ਸੇਵਾ ਦੁਬਾਰਾ ਕਰਨੀ ਚਾਹੁੰਦੇ ਹਨ, ਉਹ ਸਾਡੇ ਲਈ ਉੱਨੇ ਹੀ ਕੀਮਤੀ ਹਨ ਜਿੰਨੇ ਕਿ ਉਹ ਯਹੋਵਾਹ ਲਈ ਕੀਮਤੀ ਹਨ।

11 ਪਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਚਿੰਤਾ ਹੈ? ਯਿਸੂ ਦੇ ਦੋ ਦ੍ਰਿਸ਼ਟਾਂਤਾਂ ਤੋਂ ਪਤਾ ਲੱਗਦਾ ਹੈ ਕਿ (1) ਸਾਨੂੰ ਉਨ੍ਹਾਂ ਦੀ ਮਦਦ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ, (2) ਸਾਨੂੰ ਪਿਆਰ ਨਾਲ ਉਨ੍ਹਾਂ ਨੂੰ ਸਹਾਰਾ ਦੇਣ ਦੀ ਲੋੜ ਹੈ ਅਤੇ (3) ਸਾਨੂੰ ਮਦਦ ਕਰਦੇ ਹੋਏ ਹਾਰ ਨਹੀਂ ਮੰਨਣੀ ਚਾਹੀਦੀ। ਆਓ ਆਪਾਂ ਇਨ੍ਹਾਂ ਤਿੰਨਾਂ ਗੱਲਾਂ ਵੱਲ ਹੋਰ ਧਿਆਨ ਦੇਈਏ।

ਮਦਦ ਕਰਨ ਲਈ ਕਦਮ ਚੁੱਕੋ

12. ਅਯਾਲੀ “ਗੁਆਚੀ ਹੋਈ [ਭੇਡ] ਦੀ ਭਾਲ ਵਿੱਚ” ਜਾਂਦਾ ਹੈ। ਇਸ ਤੋਂ ਉਸ ਦੇ ਰਵੱਈਏ ਬਾਰੇ ਕੀ ਪਤਾ ਲੱਗਾ ਹੈ?

12 ਪਹਿਲੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹਾ ਸੀ ਕਿ ਅਯਾਲੀ “ਗੁਆਚੀ ਹੋਈ [ਭੇਡ] ਦੀ ਭਾਲ ਵਿੱਚ” ਜਾਂਦਾ ਹੈ। ਜੀ ਹਾਂ, ਅਯਾਲੀ ਨੇ ਆਪ ਜਾ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਦਾ ਵੱਡਾ ਜਤਨ ਕੀਤਾ ਸੀ। ਉਸ ਨੂੰ ਔਖਿਆਈ, ਖ਼ਤਰੇ ਅਤੇ ਦੂਰੀ ਦੀ ਜ਼ਰਾ ਵੀ ਚਿੰਤਾ ਨਹੀਂ ਸੀ। ਸਗੋਂ ਉਹ ਆਪਣੀ ਕੋਸ਼ਿਸ਼ ਵਿਚ ਲੱਗਾ ਰਿਹਾ ‘ਜਦ ਤਾਈਂ ਉਹ ਉਸ ਨੂੰ ਲੱਭੀ ਨਹੀਂ।’—ਲੂਕਾ 15:4.

13. ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੇ ਕਮਜ਼ੋਰ ਇਨਸਾਨਾਂ ਦੀ ਮਦਦ ਕਿਵੇਂ ਕੀਤੀ ਸੀ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

13 ਇਸੇ ਤਰ੍ਹਾਂ ਕਿਸੇ ਕਮਜ਼ੋਰ ਵਿਅਕਤੀ ਦਾ ਹੌਸਲਾ ਵਧਾਉਣ ਲਈ ਅਕਸਰ ਨਿਹਚਾ ਵਿਚ ਕਿਸੇ ਮਜ਼ਬੂਤ ਵਿਅਕਤੀ ਨੂੰ ਪਹਿਲਾ ਕਦਮ ਚੁੱਕਣਾ ਪੈਂਦਾ ਹੈ। ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਇਸ ਗੱਲ ਨੂੰ ਸਮਝਦੇ ਸਨ। ਮਿਸਾਲ ਲਈ, ਜਦੋਂ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਨੂੰ ਮਾਲੂਮ ਹੋਇਆ ਕਿ ਉਸ ਦੇ ਜਿਗਰੀ ਦੋਸਤ ਦਾਊਦ ਨੂੰ ਹੌਸਲਾ-ਅਫ਼ਜ਼ਾਈ ਦੀ ਜ਼ਰੂਰਤ ਸੀ, ਤਾਂ ਉਹ “ਉੱਠਿਆ ਅਤੇ ਦਾਊਦ ਦੇ ਕੋਲ ਬਣ ਵਿੱਚ ਜਾ ਕੇ ਉਹ ਦਾ ਹੱਥ ਪਰਮੇਸ਼ੁਰ ਵਿੱਚ ਤਕੜਾ ਕੀਤਾ।” (1 ਸਮੂਏਲ 23:15, 16) ਸਦੀਆਂ ਬਾਅਦ, ਜਦ ਗਵਰਨਰ ਨਹਮਯਾਹ ਨੇ ਦੇਖਿਆ ਕਿ ਉਸ ਦੇ ਕੁਝ ਯਹੂਦੀ ਭਰਾ ਕਮਜ਼ੋਰ ਹੋ ਚੁੱਕੇ ਸਨ, ਤਾਂ ਉਹ ਵੀ ਤੁਰੰਤ “ਉੱਠਿਆ” ਅਤੇ ਉਸ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਉਹ ‘ਯਹੋਵਾਹ ਨੂੰ ਯਾਦ ਰੱਖਣ।’ (ਨਹਮਯਾਹ 4:14) ਅੱਜ ਸਾਨੂੰ ਵੀ ‘ਉੱਠ ਕੇ’ ਯਾਨੀ ਕੁਝ ਕਰ ਕੇ ਕਮਜ਼ੋਰ ਭੈਣ-ਭਰਾਵਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਪਰ ਕਲੀਸਿਯਾ ਵਿਚ ਇਸ ਤਰ੍ਹਾਂ ਕਿਨ੍ਹਾਂ ਨੂੰ ਕਰਨਾ ਚਾਹੀਦਾ ਹੈ?

14. ਕਲੀਸਿਯਾ ਵਿਚ ਕਿਸੇ ਕਮਜ਼ੋਰ ਭੈਣ-ਭਰਾ ਦੀ ਮਦਦ ਕਿਨ੍ਹਾਂ ਨੂੰ ਕਰਨੀ ਚਾਹੀਦੀ ਹੈ?

14 ਖ਼ਾਸ ਕਰਕੇ ਮਸੀਹੀ ਬਜ਼ੁਰਗਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ‘ਢਿੱਲੇ ਹੱਥਾਂ ਨੂੰ ਤਕੜੇ ਕਰਨ, ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰਨ ਅਤੇ ਧੜਕਦੇ ਦਿਲ ਵਾਲਿਆਂ ਨੂੰ ਆਖਣ, ਤਕੜੇ ਹੋਵੋ! ਨਾ ਡਰੋ!’ (ਯਸਾਯਾਹ 35:3, 4; 1 ਪਤਰਸ 5:1, 2) ਪਰ ਧਿਆਨ ਦਿਓ ਕਿ ਪੌਲੁਸ ਦੀ ਸਲਾਹ ਕਿ “ਕਮਦਿਲਿਆਂ ਨੂੰ ਦਿਲਾਸਾ ਦਿਓ” ਅਤੇ “ਨਿਤਾਣਿਆਂ ਨੂੰ ਸਮ੍ਹਾਲੋ,” ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਦਿੱਤੀ ਗਈ ਸੀ। ਸਗੋਂ ਉਸ ਦੇ ਸ਼ਬਦ ‘ਥੱਸਲੁਨੀਕੀਆਂ ਦੀ ਪੂਰੀ ਕਲੀਸਿਯਾ’ ਨੂੰ ਕਹੇ ਗਏ ਸਨ। (1 ਥੱਸਲੁਨੀਕੀਆਂ 1:1; 5:14) ਇਸ ਲਈ ਕਮਜ਼ੋਰ ਇਨਸਾਨਾਂ ਦੀ ਮਦਦ ਕਰਨੀ ਹਰ ਮਸੀਹੀ ਦੀ ਜ਼ਿੰਮੇਵਾਰੀ ਹੈ। ਦ੍ਰਿਸ਼ਟਾਂਤ ਦੇ ਅਯਾਲੀ ਵਾਂਗ ਹਰ ਮਸੀਹੀ ਨੂੰ ‘ਗੁਆਚੇ ਹੋਏ ਦੀ ਭਾਲ ਵਿੱਚ’ ਜਾਣਾ ਚਾਹੀਦਾ ਹੈ। ਜੇਕਰ ਅਸੀਂ ਬਜ਼ੁਰਗਾਂ ਨਾਲ ਮਿਲ ਕੇ ਇਹ ਕੰਮ ਕਰੀਏ, ਤਾਂ ਇਹ ਸਭ ਤੋਂ ਵਧੀਆ ਹੋਵੇਗਾ। ਕੀ ਤੁਸੀਂ ਆਪਣੀ ਕਲੀਸਿਯਾ ਵਿਚ ਕਿਸੇ ਕਮਜ਼ੋਰ ਭੈਣ-ਭਰਾ ਦੀ ਮਦਦ ਕਰਨ ਵਿਚ ਕਦਮ ਚੁੱਕ ਸਕਦੇ ਹੋ?

ਪਿਆਰ ਨਾਲ ਸਹਾਰਾ ਦਿਓ

15. ਅਯਾਲੀ ਨੇ ਭੇਡ ਦੀ ਦੇਖ-ਭਾਲ ਕਿਸ ਤਰ੍ਹਾਂ ਕੀਤੀ ਸੀ ਅਤੇ ਕਿਉਂ?

15 ਆਖ਼ਰਕਾਰ ਜਦੋਂ ਅਯਾਲੀ ਨੂੰ ਗੁਆਚੀ ਭੇਡ ਲੱਭ ਗਈ ਸੀ, ਤਾਂ ਉਸ ਨੇ ਕੀ ਕੀਤਾ ਸੀ? ਉਸ ਨੇ ‘ਉਹ ਨੂੰ ਆਪਣਿਆਂ ਮੋਢਿਆਂ ਉੱਤੇ ਰੱਖਿਆ।’ (ਲੂਕਾ 15:5) ਇਹ ਨਜ਼ਾਰਾ ਕਿੰਨਾ ਪਿਆਰਾ ਹੈ! ਭੇਡ ਸ਼ਾਇਦ ਕਈਆਂ ਦਿਨਾਂ ਦੀ ਓਪਰੇ ਖੇਤਾਂ ਵਿਚ ਘੁੰਮਦੀ-ਫਿਰਦੀ ਰਹੀ। ਹੋ ਸਕਦਾ ਹੈ ਕਿ ਉਸ ਨੂੰ ਸ਼ਿਕਾਰੀ ਸ਼ੇਰਾਂ ਦਾ ਵੀ ਖ਼ਤਰਾ ਸੀ। (ਅੱਯੂਬ 38:39, 40) ਖ਼ੁਰਾਕ ਤੋਂ ਬਿਨਾਂ ਉਹ ਬਹੁਤ ਕਮਜ਼ੋਰ ਹੋ ਗਈ ਸੀ। ਇਸ ਕਰਕੇ ਉਹ ਆਪਣੀ ਸ਼ਕਤੀ ਨਾਲ ਇੱਜੜ ਨੂੰ ਵਾਪਸ ਨਹੀਂ ਜਾ ਸਕਦੀ ਸੀ। ਇਸ ਲਈ ਅਯਾਲੀ ਪਿਆਰ ਨਾਲ ਉਹ ਨੂੰ ਚੁੱਕ ਕੇ ਹਰ ਮੁਸ਼ਕਲ ਪਾਰ ਕਰਦਾ ਹੋਇਆ ਘਰ ਵਾਪਸ ਲੈ ਗਿਆ। ਅਸੀਂ ਇਸ ਅਯਾਲੀ ਦੇ ਪਿਆਰ ਦੀ ਰੀਸ ਕਿਵੇਂ ਕਰ ਸਕਦੇ ਹਾਂ?

16. ਅਯਾਲੀ ਦੀ ਤਰ੍ਹਾਂ ਸਾਨੂੰ ਪਿਆਰ ਨਾਲ ਕਮਜ਼ੋਰ ਵਿਅਕਤੀ ਦੀ ਮਦਦ ਕਿਉਂ ਕਰਨੀ ਚਾਹੀਦੀ ਹੈ?

16 ਜਿਹੜਾ ਵਿਅਕਤੀ ਹੁਣ ਸਭਾਵਾਂ ਵਿਚ ਨਹੀਂ ਆਉਂਦਾ ਉਹ ਰੂਹਾਨੀ ਤੌਰ ਤੇ ਥੱਕੀ-ਟੁੱਟੀ ਹਾਲਤ ਵਿਚ ਹੋ ਸਕਦਾ ਹੈ। ਉਸ ਭੇਡ ਦੀ ਤਰ੍ਹਾਂ ਜੋ ਆਪਣੇ ਅਯਾਲੀ ਤੋਂ ਦੂਰ ਹੋ ਗਈ ਸੀ, ਉਹ ਵੀ ਸ਼ਾਇਦ ਕਲੀਸਿਯਾ ਤੋਂ ਦੂਰ ਹੋ ਕੇ ਇਸ ਬੇਰਹਿਮ ਦੁਨੀਆਂ ਵਿਚ ਭਟਕਦਾ ਫਿਰਦਾ ਹੋਵੇ। ਮਸੀਹੀ ਕਲੀਸਿਯਾ ਦੀ ਰੱਖਿਆ ਤੋਂ ਬਿਨਾਂ ਉਸ ਨੂੰ ਸ਼ਤਾਨ ਦੇ ਹਮਲਿਆਂ ਦਾ ਜ਼ਿਆਦਾ ਖ਼ਤਰਾ ਹੈ, ਜੋ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਇਸ ਤੋਂ ਇਲਾਵਾ, ਰੂਹਾਨੀ ਖ਼ੁਰਾਕ ਨਾ ਮਿਲਣ ਕਰਕੇ ਉਹ ਕਮਜ਼ੋਰ ਹੈ। ਇਸ ਕਰਕੇ ਉਹ ਕਲੀਸਿਯਾ ਨੂੰ ਵਾਪਸ ਆਉਣ ਲਈ ਆਪਣੀ ਸ਼ਕਤੀ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਸਕਦਾ। ਇਸ ਲਈ, ਸਾਨੂੰ ਉਸ ਨੂੰ ਸਹਾਰਾ ਦੇ ਕੇ ਉਸ ਦੀ ਪਿਆਰ ਨਾਲ ਮਦਦ ਕਰਨੀ ਚਾਹੀਦੀ ਹੈ ਤੇ ਕਲੀਸਿਯਾ ਨੂੰ ਵਾਪਸ ਲਿਆਉਣਾ ਚਾਹੀਦਾ ਹੈ। (ਗਲਾਤੀਆਂ 6:2) ਅਸੀਂ ਇਹ ਕਿਵੇਂ ਕਰ ਸਕਦੇ ਹਾਂ?

17. ਜਦੋਂ ਅਸੀਂ ਕਮਜ਼ੋਰ ਭੈਣ-ਭਰਾ ਨੂੰ ਮਿਲਣ ਜਾਂਦੇ ਹਾਂ, ਤਾਂ ਅਸੀਂ ਪੌਲੁਸ ਰਸੂਲ ਦੀ ਰੀਸ ਕਿਵੇਂ ਕਰ ਸਕਦੇ ਹਾਂ?

17 ਪੌਲੁਸ ਰਸੂਲ ਨੇ ਕਿਹਾ: “ਜੇਕਰ ਕਦੀ ਕਿਸੇ ਤੇ ਕੋਈ ਕਮਜ਼ੋਰੀ ਆਈ ਹੈ, ਤਾਂ ਕੀ ਉਸ ਦੀ ਕਮਜ਼ੋਰੀ ਦਾ ਹਿੱਸੇਦਾਰ ਮੈਂ ਨਹੀਂ ਬਣਿਆ?” (2 ਕੁਰਿੰਥੁਸ 11:29, ਪਵਿੱਤਰ ਬਾਈਬਲ ਨਵਾਂ ਅਨੁਵਾਦ; 1 ਕੁਰਿੰਥੀਆਂ 9:22) ਪੌਲੁਸ ਦੇ ਦਿਲ ਵਿਚ ਸਾਰਿਆਂ ਲਈ, ਹਾਂ ਕਮਜ਼ੋਰ ਲੋਕਾਂ ਲਈ ਵੀ ਹਮਦਰਦੀ ਸੀ। ਸਾਨੂੰ ਵੀ ਕਮਜ਼ੋਰ ਇਨਸਾਨਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਕਮਜ਼ੋਰ ਭੈਣ-ਭਰਾ ਨੂੰ ਮਿਲਣ ਜਾਂਦੇ ਹਾਂ, ਤਾਂ ਸਾਨੂੰ ਉਸ ਨੂੰ ਇਸ ਗੱਲ ਦਾ ਇਹਸਾਸ ਦਿਲਾਉਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਹੀ ਕੀਮਤੀ ਹੈ ਅਤੇ ਕਲੀਸਿਯਾ ਦੇ ਭੈਣ-ਭਰਾ ਉਸ ਨੂੰ ਬਹੁਤ ਯਾਦ ਕਰਦੇ ਹਨ। (1 ਥੱਸਲੁਨੀਕੀਆਂ 2:17) ਉਸ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਭੈਣ-ਭਰਾ ਉਸ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹਨ। ਉਹ ਉਸ ਨੂੰ ‘ਬਿਪਤਾ ਦੇ ਦਿਨ ਲਈ ਜੰਮੇ’ ਭਰਾ ਵਾਂਗ ਸਹਾਰਾ ਦੇਣਗੇ। (ਕਹਾਉਤਾਂ 17:17; ਜ਼ਬੂਰਾਂ ਦੀ ਪੋਥੀ 34:18) ਪਿਆਰ ਨਾਲ ਦਿਲੋਂ ਕਹੇ ਗਏ ਸ਼ਬਦ ਉਸ ਦਾ ਹੌਸਲਾ ਵਧਾ ਸਕਦੇ ਹਨ ਅਤੇ ਉਸ ਨੂੰ ਕਲੀਸਿਯਾ ਵਿਚ ਦੁਬਾਰਾ ਆਉਣ ਦੀ ਸ਼ਕਤੀ ਦੇ ਸਕਦੇ ਹਨ। ਇਸ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਦਾ ਜਵਾਬ ਸਾਨੂੰ ਔਰਤ ਅਤੇ ਗੁਆਚੀ ਅਠੰਨੀ ਦੇ ਦ੍ਰਿਸ਼ਟਾਂਤ ਤੋਂ ਮਿਲਦਾ ਹੈ।

ਮਦਦ ਕਰਨ ਵਿਚ ਹਾਰ ਨਾ ਮੰਨੋ

18. (ੳ) ਔਰਤ ਨੇ ਅਠੰਨੀ ਲੱਭਣ ਦੀ ਉਮੀਦ ਕਿਉਂ ਨਹੀਂ ਛੱਡੀ ਸੀ? (ਅ) ਔਰਤ ਨੇ ਕਿਹੜਾ ਵੱਡਾ ਜਤਨ ਕੀਤਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

18 ਜਿਸ ਔਰਤ ਦੀ ਅਠੰਨੀ ਗੁਆਚੀ ਸੀ ਉਹ ਜਾਣਦੀ ਸੀ ਕਿ ਉਸ ਨੂੰ ਲੱਭਣਾ ਔਖਾ ਸੀ, ਪਰ ਉਸ ਨੇ ਲੱਭਣ ਦੀ ਉਮੀਦ ਨਹੀਂ ਛੱਡੀ। ਜੇਕਰ ਅਠੰਨੀ ਕਿਸੇ ਖੇਤ ਵਿਚ ਜਾਂ ਝੀਲ ਦੇ ਡੂੰਘੇ ਤੇ ਗੰਦੇ ਪਾਣੀਆਂ ਵਿਚ ਡਿਗੀ ਹੁੰਦੀ, ਤਾਂ ਉਹ ਸ਼ਾਇਦ ਉਸ ਨੂੰ ਲੱਭਣ ਦੀ ਕੋਸ਼ਿਸ਼ ਵੀ ਨਾ ਕਰਦੀ। ਪਰ ਉਸ ਨੂੰ ਪਤਾ ਸੀ ਕਿ ਅਠੰਨੀ ਘਰ ਵਿਚ ਹੀ ਕਿਤੇ ਡਿਗੀ ਸੀ, ਇਸ ਲਈ ਉਸ ਨੇ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। (ਲੂਕਾ 15:8) ਪਹਿਲਾਂ ਉਸ ਨੇ ਦੀਵਾ ਬਾਲ ਕੇ ਘਰ ਵਿਚ ਲੋ ਕੀਤੀ। ਫਿਰ ਉਸ ਨੇ ਝਾੜੂ ਲੈ ਕੇ ਘਰ ਨੂੰ ਹੂੰਝਿਆ, ਇਸ ਉਮੀਦ ਨਾਲ ਕਿ ਉਸ ਨੂੰ ਅਠੰਨੀ ਦੀ ਆਵਾਜ਼ ਸੁਣ ਪਵੇਗੀ। ਅਖ਼ੀਰ ਵਿਚ ਉਸ ਨੇ ਘਰ ਦਾ ਖੂੰਜਾ-ਖੂੰਜਾ ਛਾਣ ਮਾਰਿਆ, ਜਦ ਤਕ ਉਸ ਨੂੰ ਅਠੰਨੀ ਦੀ ਝਲਕ ਨਜ਼ਰ ਨਹੀਂ ਆਈ। ਔਰਤ ਨੂੰ ਉਸ ਦੀ ਮਿਹਨਤ ਦਾ ਫਲ ਆਖ਼ਰ ਮਿਲ ਹੀ ਗਿਆ।

19. ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਵਿਚ ਅਸੀਂ ਉਸ ਔਰਤ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ ਜਿਸ ਦੀ ਅਠੰਨੀ ਗੁਆਚੀ ਸੀ?

19 ਇਸ ਦ੍ਰਿਸ਼ਟਾਂਤ ਦੁਆਰਾ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਅਸੀਂ ਕਮਜ਼ੋਰ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਤੇ ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਜਤਨ ਕਰਨ ਦੀ ਲੋੜ ਹੈ। ਦਰਅਸਲ, ਪੌਲੁਸ ਰਸੂਲ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਹਾ ਸੀ: “ਮਿਹਨਤ ਕਰ ਕੇ ਨਤਾਣਿਆਂ ਦੀ ਸਹਾਇਤਾ ਕਰੋ।” (ਰਸੂਲਾਂ ਦੇ ਕਰਤੱਬ 20:35ੳ) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਔਰਤ ਨੂੰ ਅਠੰਨੀ ਘਰ ਵਿਚ ਮਾੜਾ ਜਿਹਾ ਏਧਰ-ਉੱਧਰ ਦੇਖ ਕੇ ਨਹੀਂ ਲੱਭੀ ਸੀ। ਉਸ ਨੇ ਘਰ ਦਾ ਖੂੰਜਾ-ਖੂੰਜਾ ਛਾਣ ਮਾਰਿਆ ‘ਜਦ ਤੀਕੁਰ ਉਹ ਨੂੰ ਅਠੰਨੀ ਲੱਭੀ ਨਹੀਂ।’ ਇਸੇ ਤਰ੍ਹਾਂ, ਜਦੋਂ ਅਸੀਂ ਰੂਹਾਨੀ ਤੌਰ ਤੇ ਕਿਸੇ ਕਮਜ਼ੋਰ ਵਿਅਕਤੀ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਆਪਣਾ ਮਕਸਦ ਯਾਦ ਰੱਖਦੇ ਹੋਏ ਹਾਰ ਨਹੀਂ ਮੰਨਣੀ ਚਾਹੀਦੀ। ਅਸੀਂ ਕੀ ਕਰ ਸਕਦੇ ਹਾਂ?

20. ਕਮਜ਼ੋਰ ਇਨਸਾਨਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

20 ਅਸੀਂ ਕਮਜ਼ੋਰ ਵਿਅਕਤੀ ਦੀ ਨਿਹਚਾ ਮਜ਼ਬੂਤ ਕਰਨ ਅਤੇ ਰੂਹਾਨੀ ਗੱਲਾਂ ਲਈ ਉਸ ਦੀ ਕਦਰ ਵਧਾਉਣ ਵਿਚ ਮਦਦ ਕਿਵੇਂ ਕਰ ਸਕਦੇ ਹਾਂ? ਹੋ ਸਕਦਾ ਹੈ ਕਿ ਉਸ ਨੂੰ ਕਿਸੇ ਢੁਕਵੀਂ ਬਾਈਬਲ-ਆਧਾਰਿਤ ਪੁਸਤਕ ਦੁਆਰਾ ਨਿੱਜੀ ਬਾਈਬਲ ਸਟੱਡੀ ਦੀ ਲੋੜ ਹੋਵੇ। ਉਸ ਦੇ ਨਾਲ ਬਾਈਬਲ ਸਟੱਡੀ ਕਰਨ ਦੁਆਰਾ ਅਸੀਂ ਲਗਾਤਾਰ ਅਤੇ ਚੰਗੀ ਤਰ੍ਹਾਂ ਉਸ ਦੀ ਮਦਦ ਕਰ ਸਕਾਂਗੇ। ਕਲੀਸਿਯਾ ਦੇ ਸੇਵਾ ਨਿਗਾਹਬਾਨ ਦੁਆਰਾ ਇਹ ਜ਼ਿੰਮੇਵਾਰੀ ਕਿਸੇ ਯੋਗ ਭੈਣ-ਭਰਾ ਨੂੰ ਸੌਂਪੀ ਜਾ ਸਕਦੀ ਹੈ। ਸੇਵਾ ਨਿਗਾਹਬਾਨ ਇਹ ਵੀ ਸੁਝਾਅ ਦੇ ਸਕਦਾ ਹੈ ਕਿ ਕਿਨ੍ਹਾਂ ਵਿਸ਼ਿਆਂ ਅਤੇ ਕਿਹੜੀ ਪੁਸਤਕ ਦਾ ਅਧਿਐਨ ਕਰਨਾ ਜ਼ਿਆਦਾ ਫ਼ਾਇਦੇਮੰਦ ਹੋਵੇਗਾ। ਜਿਵੇਂ ਦ੍ਰਿਸ਼ਟਾਂਤ ਵਿਚ ਔਰਤ ਨੇ ਅਠੰਨੀ ਲੱਭਣ ਵਿਚ ਕੁਝ ਫ਼ਾਇਦੇਮੰਦ ਚੀਜ਼ਾਂ ਵਰਤੀਆਂ ਸਨ, ਉਸੇ ਤਰ੍ਹਾਂ ਸਾਡੇ ਕੋਲ ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਲਈ ਕੁਝ ਬਹੁਤ ਹੀ ਫ਼ਾਇਦੇਮੰਦ ਕਿਤਾਬਾਂ ਹਨ। ਇਨ੍ਹਾਂ ਵਿੱਚੋਂ ਦੋ ਕਿਤਾਬਾਂ ਖ਼ਾਸ ਕਰਕੇ ਸਾਡੀ ਮਦਦ ਕਰਨਗੀਆਂ। ਉਹ ਹਨ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਅਤੇ ਯਹੋਵਾਹ ਦੇ ਨੇੜੇ ਰਹੋ। (ਅੰਗ੍ਰੇਜ਼ੀ) *

21. ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਨਾਲ ਸਾਰਿਆਂ ਨੂੰ ਬਰਕਤਾਂ ਕਿਵੇਂ ਮਿਲਦੀਆਂ ਹਨ?

21 ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਨਾਲ ਸਾਰਿਆਂ ਨੂੰ ਬਰਕਤਾਂ ਮਿਲਦੀਆਂ ਹਨ। ਜਿਸ ਦੀ ਮਦਦ ਕੀਤੀ ਜਾਂਦੀ ਹੈ ਉਹ ਸੱਚੇ ਦੋਸਤਾਂ ਨੂੰ ਦੁਬਾਰਾ ਮਿਲ ਕੇ ਖ਼ੁਸ਼ ਹੁੰਦਾ ਹੈ। ਕਮਜ਼ੋਰ ਇਨਸਾਨਾਂ ਦੀ ਮਦਦ ਕਰਨ ਵਿਚ ਸਾਡਾ ਦਿਲ ਵੀ ਖ਼ੁਸ਼ ਹੁੰਦਾ ਹੈ। (ਲੂਕਾ 15:6, 9; ਰਸੂਲਾਂ ਦੇ ਕਰਤੱਬ 20:35ਅ) ਜਦੋਂ ਸਾਰੇ ਜਣੇ ਇਕ-ਦੂਜੇ ਦੀ ਪਿਆਰ ਨਾਲ ਮਦਦ ਕਰਦੇ ਹਨ, ਤਾਂ ਕਲੀਸਿਯਾ ਵਿਚ ਨਿੱਘਾ ਮਾਹੌਲ ਪੈਦਾ ਹੁੰਦਾ ਹੈ। ਸਭ ਤੋਂ ਵੱਧ ਯਹੋਵਾਹ ਅਤੇ ਯਿਸੂ ਦੀ ਵਡਿਆਈ ਹੁੰਦੀ ਹੈ ਕਿਉਂਕਿ ਉਹ ਸਾਡੇ ਅਯਾਲੀ ਹਨ ਅਤੇ ਪਿਆਰ ਨਾਲ ਕਮਜ਼ੋਰ ਇਨਸਾਨਾਂ ਦੀ ਮਦਦ ਕਰਨੀ ਚਾਹੁੰਦੇ ਹਨ ਤੇ ਸਾਨੂੰ ਵੀ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 72:12-14; ਮੱਤੀ 11:28-30; 1 ਕੁਰਿੰਥੀਆਂ 11:1; ਅਫ਼ਸੀਆਂ 5:1) ‘ਆਪੋ ਵਿੱਚ ਪ੍ਰੇਮ ਰੱਖਣ’ ਦੇ ਇਹ ਕਿੰਨੇ ਵਧੀਆ ਕਾਰਨ ਹਨ!

[ਫੁਟਨੋਟ]

^ ਪੈਰਾ 20 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ।

ਕੀ ਤੁਸੀਂ ਸਮਝਾ ਸਕਦੇ ਹੋ?

• ਸਾਡੇ ਸਾਰਿਆਂ ਲਈ ਇਕ-ਦੂਜੇ ਨਾਲ ਪਿਆਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

• ਸਾਨੂੰ ਕਮਜ਼ੋਰ ਵਿਅਕਤੀਆਂ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ?

• ਗੁਆਚੀ ਭੇਡ ਅਤੇ ਗੁਆਚੀ ਅਠੰਨੀ ਦੇ ਦ੍ਰਿਸ਼ਟਾਂਤਾਂ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?

• ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਵਿਚ ਅਸੀਂ ਕੀ ਕਰ ਸਕਦੇ ਹਾਂ?

[ਸਵਾਲ]

[ਸਫ਼ੇ 16 ਉੱਤੇ ਤਸਵੀਰਾਂ]

ਕਮਜ਼ੋਰ ਇਨਸਾਨਾਂ ਦੀ ਮਦਦ ਕਰਨ ਲਈ ਸਾਨੂੰ ਕਦਮ ਚੁੱਕ ਕੇ ਪਿਆਰ ਨਾਲ ਉਨ੍ਹਾਂ ਨੂੰ ਸਹਾਰਾ ਦਿੰਦੇ ਰਹਿਣ ਦੀ ਲੋੜ ਹੈ

[ਸਫ਼ੇ 17 ਉੱਤੇ ਤਸਵੀਰਾਂ]

ਕਮਜ਼ੋਰ ਵਿਅਕਤੀਆਂ ਦੀ ਮਦਦ ਕਰਨ ਦੁਆਰਾ ਸਾਰਿਆਂ ਨੂੰ ਬਰਕਤਾਂ ਮਿਲਦੀਆਂ ਹਨ