Skip to content

Skip to table of contents

ਸ਼ਾਹੀ ਨਮੂਨੇ ਦੀ ਰੀਸ ਕਰੋ

ਸ਼ਾਹੀ ਨਮੂਨੇ ਦੀ ਰੀਸ ਕਰੋ

ਸ਼ਾਹੀ ਨਮੂਨੇ ਦੀ ਰੀਸ ਕਰੋ

“ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ . . . ਲਿਖ ਲਵੇ। ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ।”—ਬਿਵਸਥਾ ਸਾਰ 17:18, 19.

1. ਇਕ ਮਸੀਹੀ ਸ਼ਾਇਦ ਕਿਸ ਦੀ ਰੀਸ ਕਰਨੀ ਚਾਹੇ?

ਤੁਸੀਂ ਸ਼ਾਇਦ ਆਪਣੇ ਆਪ ਨੂੰ ਇਕ ਰਾਜਾ ਜਾਂ ਰਾਣੀ ਵਰਗੇ ਨਾ ਸਮਝੋ। ਕਿਹੜਾ ਵਫ਼ਾਦਾਰ ਮਸੀਹੀ ਜਾਂ ਬਾਈਬਲ ਦਾ ਵਿਦਿਆਰਥੀ ਕਲਪਨਾ ਕਰ ਸਕਦਾ ਹੈ ਕਿ ਉਸ ਕੋਲ ਸ਼ਾਹੀ ਅਧਿਕਾਰ ਹੈ ਜਿਵੇਂ ਚੰਗੇ ਰਾਜਿਆਂ ਦਾਊਦ, ਯੋਸੀਯਾਹ, ਹਿਜ਼ਕੀਯਾਹ, ਅਤੇ ਯਹੋਸ਼ਾਫ਼ਾਟ ਕੋਲ ਸੀ? ਫਿਰ ਵੀ, ਤੁਸੀਂ ਇਕ ਖ਼ਾਸ ਤਰੀਕੇ ਵਿਚ ਉਨ੍ਹਾਂ ਦੀ ਰੀਸ ਕਰ ਸਕਦੇ ਹੋ ਅਤੇ ਤੁਹਾਨੂੰ ਕਰਨੀ ਚਾਹੀਦੀ ਵੀ ਹੈ। ਉਹ ਤਰੀਕਾ ਕਿਹੜਾ ਹੈ? ਅਤੇ ਤੁਹਾਨੂੰ ਇਸ ਵਿਚ ਉਨ੍ਹਾਂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

2, 3. ਯਹੋਵਾਹ ਨੂੰ ਰਾਜੇ ਦੇ ਸੰਬੰਧ ਵਿਚ ਆਪਣਿਆਂ ਲੋਕਾਂ ਦੀ ਕਿਹੜੀ ਖ਼ਾਹਸ਼ ਬਾਰੇ ਪਹਿਲਾਂ ਹੀ ਪਤਾ ਸੀ, ਅਤੇ ਇਕ ਰਾਜੇ ਨੂੰ ਕੀ ਕਰਨ ਦੀ ਜ਼ਰੂਰਤ ਸੀ?

2 ਮੂਸਾ ਦੇ ਸਮੇਂ ਵਿਚ ਪਰਮੇਸ਼ੁਰ ਨੇ ਹਾਲੇ ਕਿਸੇ ਨੂੰ ਵੀ ਇਸਰਾਏਲੀਆਂ ਉੱਤੇ ਰਾਜੇ ਵਜੋਂ ਨਹੀਂ ਠਹਿਰਾਇਆ ਸੀ ਪਰ ਉਸ ਨੂੰ ਪਤਾ ਸੀ ਕਿ ਉਸ ਦੇ ਲੋਕ ਭਵਿੱਖ ਵਿਚ ਇਕ ਰਾਜੇ ਦੀ ਖ਼ਾਹਸ਼ ਜ਼ਰੂਰ ਕਰਨਗੇ। ਇਸ ਲਈ ਉਸ ਨੇ ਮੂਸਾ ਨੂੰ ਬਿਵਸਥਾ ਨੇਮ ਵਿਚ ਕੁਝ ਜ਼ਰੂਰੀ ਹਿਦਾਇਤਾਂ ਲਿਖਣ ਲਈ ਪ੍ਰੇਰਿਆ ਸੀ। ਇਹ ਰਾਜੇ ਲਈ ਖ਼ਾਸ ਹਿਦਾਇਤਾਂ ਸਨ।

3 ਪਰਮੇਸ਼ੁਰ ਨੇ ਕਿਹਾ: “ਜਦ ਤੁਸੀਂ ਉਸ ਦੇਸ ਵਿੱਚ ਆਓ . . . ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਆਖਣ ਲੱਗ ਪਓ ਭਈ ਅਸੀਂ ਆਪਣੇ ਉੱਤੇ ਇੱਕ ਰਾਜਾ ਆਲੇ ਦੁਆਲੇ ਦੀਆਂ ਕੌਮਾਂ ਵਾਂਙੁ ਟਿੱਕ ਲਈਏ। ਤਾਂ ਤੁਸੀਂ ਜ਼ਰੂਰ ਉਸ ਰਾਜੇ ਨੂੰ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਆਪਣੇ ਉੱਤੇ ਟਿੱਕ ਲਓ। . . . ਐਉਂ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ . . . ਲਿਖ ਲਵੇ। ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ।”—ਬਿਵਸਥਾ ਸਾਰ 17:14-19.

4. ਰਾਜਿਆਂ ਨੂੰ ਪਰਮੇਸ਼ੁਰ ਨੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਸਨ?

4 ਜੀ ਹਾਂ, ਜਿਸ ਰਾਜੇ ਨੂੰ ਯਹੋਵਾਹ ਨੇ ਆਪਣਿਆਂ ਲੋਕਾਂ ਲਈ ਚੁਣਨਾ ਸੀ ਉਸ ਨੂੰ ਆਪਣੇ ਲਈ ਪਵਿੱਤਰ ਲਿਖਤਾਂ ਦੀ ਨਕਲ ਕਿਤਾਬ ਵਿਚ ਉਤਾਰਨੀ ਚਾਹੀਦੀ ਸੀ ਜੋ ਤੁਸੀਂ ਆਪਣੀ ਬਾਈਬਲ ਵਿਚ ਦੇਖ ਸਕਦੇ ਹੋ। ਫਿਰ ਉਸ ਰਾਜੇ ਨੂੰ ਇਸ ਕਿਤਾਬ ਨੂੰ ਹਰ ਰੋਜ਼ ਲਗਾਤਾਰ ਪੜ੍ਹਨਾ ਸੀ। ਇਹ ਸਿਰਫ਼ ਗੱਲਾਂ ਯਾਦ ਰੱਖਣ ਵਾਸਤੇ ਨਹੀਂ ਸੀ ਕੀਤਾ ਜਾਂਦਾ। ਇਹ ਲਿਖਤਾਂ ਦੀ ਜਾਂਚ ਸੀ ਜਿਸ ਤੋਂ ਪੜ੍ਹਨ ਵਾਲੇ ਨੂੰ ਫ਼ਾਇਦਾ ਹੋਣਾ ਸੀ। ਰਾਜੇ ਨੂੰ ਯਹੋਵਾਹ ਦਾ ਦਿਲ ਖ਼ੁਸ਼ ਕਰਨ ਵਾਸਤੇ ਅਜਿਹਾ ਅਧਿਐਨ ਕਰਨ ਦੀ ਲੋੜ ਸੀ ਤਾਂਕਿ ਉਹ ਚੰਗਾ ਰਵੱਈਆ ਅਪਣਾਏ ਅਤੇ ਕਾਇਮ ਕਰ ਸਕੇ। ਅਤੇ ਉਸ ਨੂੰ ਪਰਮੇਸ਼ੁਰ ਵੱਲੋਂ ਇਨ੍ਹਾਂ ਲਿਖਤਾਂ ਦਾ ਅਧਿਐਨ ਇਸ ਲਈ ਵੀ ਕਰਨ ਦੀ ਜ਼ਰੂਰਤ ਸੀ ਤਾਂਕਿ ਉਹ ਸਮਝਦਾਰ ਅਤੇ ਸਫ਼ਲ ਰਾਜਾ ਬਣ ਸਕੇ।—2 ਰਾਜਿਆਂ 22:8-13; ਕਹਾਉਤਾਂ 1:1-4.

ਰਾਜੇ ਵਾਂਗ ਸਿੱਖੋ

5. ਰਾਜਾ ਦਾਊਦ ਨੇ ਪਵਿੱਤਰ ਲਿਖਤਾਂ ਦੇ ਕਿਹੜਿਆਂ ਹਿੱਸਿਆਂ ਦੀ ਪੜ੍ਹਾਈ ਅਤੇ ਨਕਲ ਕੀਤੀ ਸੀ, ਅਤੇ ਉਸ ਨੇ ਇਸ ਬਾਰੇ ਕੀ ਮਹਿਸੂਸ ਕੀਤਾ ਸੀ?

5 ਤੁਹਾਡੇ ਖ਼ਿਆਲ ਵਿਚ ਦਾਊਦ ਲਈ ਇਸ ਦਾ ਕੀ ਮਤਲਬ ਸੀ ਜਦ ਉਹ ਇਸਰਾਏਲ ਦਾ ਰਾਜਾ ਬਣਿਆ? ਉਸ ਨੂੰ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੀ ਨਕਲ ਕਰਨੀ ਪਈ ਸੀ (ਉਤਪਤ, ਕੂਚ, ਲੇਵੀਆਂ ਦੀ ਪੋਥੀ, ਗਿਣਤੀ, ਬਿਵਸਥਾ ਸਾਰ)। ਆਪਣਿਆਂ ਹੱਥਾਂ ਨਾਲ ਬਿਵਸਥਾ ਦੀ ਨਕਲ ਕਰਨ ਨਾਲ ਜ਼ਰਾ ਸੋਚੋ ਕਿ ਇਸ ਦਾ ਦਾਊਦ ਦੇ ਦਿਲ ਅਤੇ ਮਨ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ ਹੋਵੇਗਾ। ਸੰਭਵ ਹੈ ਕਿ ਮੂਸਾ ਨੇ ਅੱਯੂਬ ਦੀ ਕਿਤਾਬ ਅਤੇ ਜ਼ਬੂਰ 90 ਅਤੇ 91 ਵੀ ਲਿਖੇ ਸਨ। ਕੀ ਦਾਊਦ ਨੇ ਇਨ੍ਹਾਂ ਦੀ ਨਕਲ ਵੀ ਕੀਤੀ ਸੀ? ਹੋ ਸਕਦਾ ਹੈ। ਅਤੇ ਸੰਭਵ ਹੈ ਕਿ ਉਸ ਕੋਲ ਯਹੋਸ਼ੁਆ, ਨਿਆਈਆਂ ਦੀ ਪੋਥੀ, ਅਤੇ ਰੂਥ ਦੀ ਕਿਤਾਬ ਵੀ ਸੀ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਦਾਊਦ ਕੋਲ ਪੜ੍ਹਨ ਅਤੇ ਗੌਰ ਕਰਨ ਵਾਸਤੇ ਬਾਈਬਲ ਦਾ ਕਾਫ਼ੀ ਹਿੱਸਾ ਸੀ। ਅਤੇ ਸਾਡੇ ਕੋਲ ਯਕੀਨ ਕਰਨ ਦੀ ਵਜ੍ਹਾ ਹੈ ਕਿ ਦਾਊਦ ਨੇ ਇਸ ਤਰ੍ਹਾਂ ਹੀ ਕੀਤਾ ਸੀ ਕਿਉਂਕਿ ਜ਼ਬੂਰ 19:7-11 ਵਿਚ ਪਰਮੇਸ਼ੁਰ ਦੇ ਨਿਯਮ ਬਾਰੇ ਉਸ ਦੇ ਵਿਚਾਰ ਪਾਏ ਜਾਂਦੇ ਹਨ।

6. ਅਸੀਂ ਯਕੀਨ ਨਾਲ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਦਾਊਦ ਵਾਂਗ ਯਿਸੂ ਵੀ ਬਾਈਬਲ ਵਿਚ ਦਿਲਚਸਪੀ ਰੱਖਦਾ ਸੀ?

6 ਯਿਸੂ ਨੂੰ ਮਹਾਨ ਦਾਊਦ ਸੱਦਿਆ ਜਾਂਦਾ ਹੈ ਕਿਉਂਕਿ ਉਹ ਦਾਊਦ ਦੀ ਵੰਸ਼ ਵਿੱਚੋਂ ਪੈਦਾ ਹੋਇਆ ਸੀ ਅਤੇ ਉਸ ਨੇ ਦਾਊਦ ਦੀ ਰੀਸ ਕੀਤੀ ਸੀ। ਯਿਸੂ ਹਰ ਹਫ਼ਤੇ ਸਭਾ-ਘਰ ਨੂੰ ਜਾਂਦਾ ਸੀ। ਉਹ ਉੱਥੇ ਸ਼ਾਸਤਰ ਦੀ ਪੜ੍ਹਾਈ ਅਤੇ ਉਸ ਉੱਤੇ ਟਿੱਪਣੀਆਂ ਸੁਣਨ ਜਾਂਦਾ ਸੀ। ਇਸ ਤੋਂ ਵੀ ਵੱਧ ਕਈ ਮੌਕਿਆਂ ਤੇ ਯਿਸੂ ਨੇ ਖ਼ੁਦ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾਇਆ ਅਤੇ ਲੋਕਾਂ ਨੂੰ ਸਮਝਾਇਆ ਕਿ ਉਹ ਆਪਣੇ ਜੀਵਨ ਵਿਚ ਉਸ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਸਨ। (ਲੂਕਾ 4:16-21) ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਯਿਸੂ ਕੋਲ ਸ਼ਾਸਤਰ ਦੀ ਕਿੰਨੀ ਜਾਣਕਾਰੀ ਸੀ। ਜ਼ਰਾ ਇੰਜੀਲ ਦੇ ਬਿਰਤਾਂਤ ਪੜ੍ਹ ਕੇ ਦੇਖੋ ਅਤੇ ਧਿਆਨ ਦਿਓ ਕਿ ਯਿਸੂ ਨੇ ਕਿੰਨੀ ਵਾਰ ਇਹ ਕਿਹਾ ਸੀ ਕਿ “ਲਿਖਿਆ ਹੈ” ਜਾਂ ਸ਼ਾਸਤਰ ਵਿੱਚੋਂ ਕੋਈ ਖ਼ਾਸ ਹਵਾਲਾ ਦਿੱਤਾ ਸੀ। ਮਿਸਾਲ ਲਈ ਮੱਤੀ ਦੁਆਰਾ ਲਿਖੇ ਗਏ ਯਿਸੂ ਦੇ ਪਹਾੜੀ ਉਪਦੇਸ਼ ਵਿਚ ਯਿਸੂ ਨੇ 21 ਵਾਰ ਇਬਰਾਨੀ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ ਸਨ।—ਮੱਤੀ 4:4-10; 7:29; 11:10; 21:13; 26:24, 31; ਯੂਹੰਨਾ 6:31, 45; 8:17.

7. ਯਿਸੂ ਅਤੇ ਧਾਰਮਿਕ ਆਗੂਆਂ ਵਿਚ ਕੀ ਫ਼ਰਕ ਸੀ?

7 ਯਿਸੂ ਜ਼ਬੂਰ 1:1-3 ਦੀ ਸਲਾਹ ਉੱਤੇ ਚੱਲਿਆ ਸੀ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, . . . ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। . . . ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” ਯਿਸੂ ਅਤੇ ਉਸ ਦੇ ਸਮੇਂ ਦੇ ਧਾਰਮਿਕ ਆਗੂਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ, ਜੋ ‘ਮੂਸਾ ਦੀ ਗੱਦੀ ਉੱਤੇ ਬੈਠੇ ਸਨ’ ਪਰ “ਯਹੋਵਾਹ ਦੀ ਬਿਵਸਥਾ” ਨੂੰ ਰੱਦ ਕਰਦੇ ਸਨ!—ਮੱਤੀ 23:2-4.

8. ਯਹੂਦੀ ਧਾਰਮਿਕ ਆਗੂਆਂ ਦਾ ਬਾਈਬਲ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਦਾ ਕੋਈ ਫ਼ਾਇਦਾ ਕਿਉਂ ਨਹੀਂ ਸੀ?

8 ਲੇਕਿਨ, ਅਗਲਾ ਹਵਾਲਾ ਪੜ੍ਹ ਕੇ ਕੁਝ ਲੋਕ ਸ਼ਾਇਦ ਉਲਝਣ ਵਿਚ ਪੈ ਜਾਣ ਕਿਉਂਕਿ ਇਸ ਤੋਂ ਲੱਗਦਾ ਹੈ ਕਿ ਯਿਸੂ ਇਵੇਂ ਕਹਿ ਰਿਹਾ ਹੈ ਕਿ ਸਾਨੂੰ ਬਾਈਬਲ ਦਾ ਅਧਿਐਨ ਨਹੀਂ ਕਰਨਾ ਚਾਹੀਦਾ। ਯੂਹੰਨਾ 5:39, 40 ਵਿਚ ਅਸੀਂ ਯਿਸੂ ਦੇ ਸ਼ਬਦ ਪੜ੍ਹਦੇ ਹਾਂ ਜੋ ਉਸ ਨੇ ਆਪਣੇ ਸਮੇਂ ਦਿਆਂ ਕੁਝ ਲੋਕਾਂ ਨੂੰ ਕਹੇ ਸਨ: “ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਏਹੋ ਹਨ। ਤੁਸੀਂ ਜੀਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ।” ਯਿਸੂ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਯਹੂਦੀ ਲੋਕਾਂ ਨੂੰ ਸ਼ਾਸਤਰ ਦਾ ਅਧਿਐਨ ਕਰਨ ਦੀ ਲੋੜ ਨਹੀਂ ਸੀ। ਇਸ ਦੀ ਬਜਾਇ ਯਿਸੂ ਦਿਖਾ ਰਿਹਾ ਸੀ ਕਿ ਉਹ ਪਖੰਡੀ ਸਨ ਅਤੇ ਉਹ ਜੋ ਕਰਦੇ ਸਨ ਦਿਲੋਂ ਨਹੀਂ ਸੀ ਕਰਦੇ। ਉਹ ਜਾਣਦੇ ਸਨ ਕਿ ਸ਼ਾਸਤਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾ ਸਕਦੇ ਸਨ, ਪਰ ਉਹੀ ਸ਼ਾਸਤਰ ਜਿਨ੍ਹਾਂ ਦੀ ਉਹ ਖੋਜ ਕਰ ਰਹੇ ਸਨ ਉਨ੍ਹਾਂ ਨੂੰ ਯਿਸੂ, ਯਾਨੀ ਮਸੀਹਾ ਵੱਲ ਵੀ ਲੈ ਜਾ ਸਕਦੇ ਸਨ। ਪਰ ਉਨ੍ਹਾਂ ਨੇ ਯਿਸੂ ਨੂੰ ਕਬੂਲ ਨਹੀਂ ਕੀਤਾ। ਇਸ ਲਈ ਉਨ੍ਹਾਂ ਨੂੰ ਅਧਿਐਨ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ ਕਿਉਂਕਿ ਉਹ ਦਿਲੋਂ ਸਿੱਖਣਾ ਨਹੀਂ ਸੀ ਚਾਹੁੰਦੇ।—ਬਿਵਸਥਾ ਸਾਰ 18:15; ਲੂਕਾ 11:52; ਯੂਹੰਨਾ 7:47, 48.

9. ਪ੍ਰਾਚੀਨ ਨਬੀਆਂ ਅਤੇ ਰਸੂਲਾਂ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ?

9 ਯਿਸੂ ਦੇ ਚੇਲੇ ਅਤੇ ਰਸੂਲ ਇਨ੍ਹਾਂ ਧਾਰਮਿਕ ਆਗੂਆਂ ਨਾਲੋਂ ਬਹੁਤ ਹੀ ਵੱਖਰੇ ਸਨ। ਉਨ੍ਹਾਂ ਨੇ “ਪਵਿੱਤਰ ਲਿਖਤਾਂ” ਦਾ ਅਧਿਐਨ ਕੀਤਾ ਜਿਹੜੀਆਂ ਵਿਅਕਤੀ ਨੂੰ “ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।” (2 ਤਿਮੋਥਿਉਸ 3:15) ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਪ੍ਰਾਚੀਨ ਨਬੀਆਂ ਦੀ ਰੀਸ ਕੀਤੀ ਜਿਨ੍ਹਾਂ ਨੇ “ਵੱਡੀ ਭਾਲ ਅਤੇ ਖੋਜ ਵਿਚਾਰ” ਕੀਤੀ ਸੀ। ਇਨ੍ਹਾਂ ਨਬੀਆਂ ਲਈ ਅਜਿਹੀ ਖੋਜ ਸਿਰਫ਼ ਕੁਝ ਹੀ ਮਹੀਨਿਆਂ ਦੀ ਜਾਂ ਇਕ-ਦੋ ਸਾਲਾਂ ਦੀ ਗੱਲ ਨਹੀਂ ਸੀ। ਪਤਰਸ ਰਸੂਲ ਨੇ ਕਿਹਾ ਸੀ ਕਿ ‘ਓਹ ਖੋਜ ਵਿਚਾਰ ਕਰਦੇ ਰਹੇ,’ ਖ਼ਾਸ ਕਰਕੇ ਯਿਸੂ ਬਾਰੇ ਅਤੇ ਮਨੁੱਖਜਾਤੀ ਨੂੰ ਬਚਾਉਣ ਦੇ ਸੰਬੰਧ ਵਿਚ ਉਸ ਦੇ ਵਡਿਆਏ ਜਾਣੇ ਬਾਰੇ। ਆਪਣੀ ਪਹਿਲੀ ਪੱਤਰੀ ਵਿਚ ਪਤਰਸ ਨੇ ਬਾਈਬਲ ਦੀਆਂ ਦਸ ਪੁਸਤਕਾਂ ਵਿੱਚੋਂ 34 ਵਾਰ ਹਵਾਲੇ ਦਿੱਤੇ ਸਨ।—1 ਪਤਰਸ 1:10, 11.

10. ਸਾਨੂੰ ਸਾਰਿਆਂ ਨੂੰ ਬਾਈਬਲ ਦਾ ਅਧਿਐਨ ਕਰਨ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

10 ਇਸ ਲਈ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਨਾ ਰਾਜਿਆਂ ਦੀ ਸ਼ਾਹੀ ਜ਼ਿੰਮੇਵਾਰੀ ਸੀ। ਯਿਸੂ ਨੇ ਵੀ ਉਨ੍ਹਾਂ ਵਾਂਗ ਅਧਿਐਨ ਕੀਤਾ ਸੀ। ਅਤੇ ਬਾਈਬਲ ਦਾ ਅਧਿਐਨ ਕਰਨਾ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਮਸੀਹ ਨਾਲ ਸਵਰਗ ਵਿਚ ਰਾਜ ਕਰਨਾ ਹੈ। (ਲੂਕਾ 22:28-30; ਰੋਮੀਆਂ 8:17; 2 ਤਿਮੋਥਿਉਸ 2:12; ਪਰਕਾਸ਼ ਦੀ ਪੋਥੀ 5:10; 20:6) ਇਹ ਸ਼ਾਹੀ ਨਮੂਨਾ ਉਨ੍ਹਾਂ ਲਈ ਵੀ ਜ਼ਰੂਰੀ ਹੈ ਜੋ ਪਰਮੇਸ਼ੁਰ ਦੇ ਰਾਜ ਹੇਠਾਂ ਧਰਤੀ ਉੱਤੇ ਬਰਕਤਾਂ ਦੀ ਉਮੀਦ ਰੱਖਦੇ ਹਨ।—ਮੱਤੀ 25:34, 46.

ਰਾਜਿਆਂ ਦੀ ਅਤੇ ਤੁਹਾਡੀ ਜ਼ਿੰਮੇਵਾਰੀ

11. (ੳ) ਅਧਿਐਨ ਕਰਨ ਵਿਚ ਮਸੀਹੀ ਕਿਹੜੀ ਭੈੜੀ ਆਦਤ ਵਿਚ ਪੈ ਸਕਦੇ ਹਨ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

11 ਅਸੀਂ ਜ਼ੋਰ ਨਾਲ ਅਤੇ ਸਾਫ਼-ਸਾਫ਼ ਕਹਿ ਸਕਦੇ ਹਾਂ ਕਿ ਹਰ ਸੱਚੇ ਮਸੀਹੀ ਨੂੰ ਨਿੱਜੀ ਤੌਰ ਤੇ ਬਾਈਬਲ ਦੀ ਖੋਜ ਕਰਨੀ ਚਾਹੀਦੀ ਹੈ। ਇਹ ਸਿਰਫ਼ ਉਸ ਸਮੇਂ ਹੀ ਕਰਨਾ ਜ਼ਰੂਰੀ ਨਹੀਂ ਜਦੋਂ ਅਸੀਂ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਪੱਕਾ ਇਰਾਦਾ ਬਣਾਉਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਦੀ ਰੀਸ ਨਾ ਕਰੀਏ ਜੋ ਪੌਲੁਸ ਰਸੂਲ ਦੇ ਦਿਨਾਂ ਵਿਚ ਨਿੱਜੀ ਅਧਿਐਨ ਕਰਨ ਵਿਚ ਸੁਸਤ ਪੈ ਗਏ ਸਨ। ਉਨ੍ਹਾਂ ਨੇ “ਪਰਮੇਸ਼ੁਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ” ਜਿਵੇਂ ਕਿ “ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ” ਸਿੱਖੀਆਂ ਸਨ। ਪਰ ਉਨ੍ਹਾਂ ਨੇ ਅਧਿਐਨ ਕਰਨਾ ਜਾਰੀ ਨਹੀਂ ਰੱਖਿਆ ਅਤੇ ਇਸ ਲਈ ਉਹ ‘ਸਿਆਣਪੁਣੇ ਦੀ ਵੱਲ ਅਗਾਹਾਂ ਨਹੀਂ ਵਧੇ।’ (ਇਬਰਾਨੀਆਂ 5:12–6:3) ਇਸ ਬਾਰੇ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ‘ਭਾਵੇਂ ਮੈਨੂੰ ਮਸੀਹੀ ਕਲੀਸਿਯਾ ਵਿਚ ਹੁੰਦੇ ਹੋਏ ਨੂੰ ਕੁਝ ਹੀ ਸਮਾਂ ਜਾਂ ਬਹੁਤ ਸਮਾਂ ਹੋ ਚੁੱਕਾ ਹੈ, ਮੈਂ ਪਰਮੇਸ਼ੁਰ ਦੇ ਬਚਨ ਦੇ ਨਿੱਜੀ ਅਧਿਐਨ ਕਰਨ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹਾਂ? ਪੌਲੁਸ ਦੀ ਇਹ ਪ੍ਰਾਰਥਨਾ ਸੀ ਕਿ ਉਸ ਸਮੇਂ ਦੇ ਮਸੀਹੀ “ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ” ਰਹਿਣ। ਕੀ ਮੈਂ ਦਿਖਾਉਂਦਾ ਹਾਂ ਕਿ ਮੇਰੀ ਵੀ ਇਹੀ ਖ਼ਾਹਸ਼ ਹੈ?’—ਕੁਲੁੱਸੀਆਂ 1:9, 10.

12. ਸਾਨੂੰ ਪਰਮੇਸ਼ੁਰ ਦੇ ਬਚਨ ਲਈ ਲਗਾਤਾਰ ਚਾਹ ਪੈਦਾ ਕਰਨ ਦੀ ਕਿਉਂ ਜ਼ਰੂਰਤ ਹੈ?

12 ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪੈਦਾ ਕਰਨ ਵਾਸਤੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਲਈ ਚਾਹ ਪੈਦਾ ਕਰਨ ਦੀ ਜ਼ਰੂਰਤ ਹੈ। ਜ਼ਬੂਰ 119:14-16 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਲਗਾਤਾਰ ਪਰਮੇਸ਼ੁਰ ਦੇ ਬਚਨ ਉੱਤੇ ਚੰਗੀ ਤਰ੍ਹਾਂ ਮਨਨ ਕਰਨ ਦੀ ਲੋੜ ਹੈ ਤਾਂਕਿ ਉਸ ਨੂੰ ਪੜ੍ਹਨ ਵਿਚ ਖ਼ੁਸ਼ੀ ਮਿਲੇ। ਅਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਇਹ ਗੱਲ ਹਰ ਮਸੀਹੀ ਉੱਤੇ ਲਾਗੂ ਹੁੰਦੀ ਹੈ ਚਾਹੇ ਉਹ ਕਿੰਨੀ ਦੇਰ ਤਕ ਸੱਚਾਈ ਵਿਚ ਹੋਣ। ਇਸ ਗੱਲ ਉੱਤੇ ਜ਼ੋਰ ਦੇਣ ਲਈ ਤਿਮੋਥਿਉਸ ਦੀ ਮਿਸਾਲ ਵੱਲ ਧਿਆਨ ਦਿਓ। ਭਾਵੇਂ ਕਿ ਇਹ ਮਸੀਹੀ ਬਜ਼ੁਰਗ “ਮਸੀਹ ਯਿਸੂ ਦੇ ਚੰਗੇ ਸਿਪਾਹੀ” ਵਜੋਂ ਪਹਿਲਾਂ ਹੀ ਸੇਵਾ ਕਰ ਰਿਹਾ ਸੀ, ਪੌਲੁਸ ਨੇ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਵਿਚ ਪੂਰਾ ਜਤਨ ਕਰੇ। (2 ਤਿਮੋਥਿਉਸ 2:3, 15; 1 ਤਿਮੋਥਿਉਸ 4:15) ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ “ਜਤਨ” ਕਰਨ ਵਿਚ ਸਾਨੂੰ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪੈਦਾ ਕਰਨ ਦੀ ਲੋੜ ਹੈ।

13. (ੳ) ਬਾਈਬਲ ਦਾ ਅਧਿਐਨ ਕਰਨ ਲਈ ਹੋਰ ਸਮਾਂ ਕਿਵੇਂ ਕੱਢਿਆ ਜਾ ਸਕਦਾ ਹੈ? (ਅ) ਆਪਣਾ ਅਧਿਐਨ ਕਰਨ ਦਾ ਸਮਾਂ ਵਧਾਉਣ ਲਈ ਤੁਸੀਂ ਆਪ ਸ਼ਾਇਦ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ?

13 ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪੈਦਾ ਕਰਨ ਵਾਸਤੇ ਸਾਨੂੰ ਬਾਈਬਲ ਦਾ ਅਧਿਐਨ ਕਰਨ ਲਈ ਲਗਾਤਾਰ ਸਮਾਂ ਕੱਢਣ ਦੀ ਜ਼ਰੂਰਤ ਹੈ। ਇਸ ਮਾਮਲੇ ਵਿਚ ਤੁਸੀਂ ਕਿੰਨੀ ਕੁ ਤਰੱਕੀ ਕੀਤੀ ਹੈ? ਤੁਹਾਡਾ ਜਵਾਬ ਜੋ ਮਰਜ਼ੀ ਹੋਵੇ, ਕੀ ਤੁਹਾਨੂੰ ਲੱਗਦਾ ਹੈ ਕਿ ਨਿੱਜੀ ਅਧਿਐਨ ਕਰਨ ਵਿਚ ਹੋਰ ਸਮਾਂ ਲਗਾਉਣ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ? ਤੁਸੀਂ ਸ਼ਾਇਦ ਸੋਚੋ ਕਿ ‘ਮੈਂ ਇਸ ਲਈ ਕਿਵੇਂ ਸਮਾਂ ਕੱਢ ਸਕਦਾ ਹਾਂ?’ ਕਈ ਭੈਣ-ਭਰਾ ਬਾਈਬਲ ਦੇ ਅਧਿਐਨ ਨੂੰ ਚੰਗੀ ਤਰ੍ਹਾਂ ਕਰਨ ਵਾਸਤੇ ਸਵੇਰ ਨੂੰ ਕੁਝ ਸਮਾਂ ਪਹਿਲਾਂ ਉੱਠਦੇ ਹਨ। ਉਹ ਜਾਂ ਤਾਂ 15 ਮਿੰਟਾਂ ਲਈ ਬਾਈਬਲ ਪੜ੍ਹਦੇ ਹਨ ਜਾਂ ਕਿਸੇ ਹੋਰ ਗੱਲ ਦਾ ਅਧਿਐਨ ਕਰਦੇ ਹਨ। ਕੀ ਤੁਸੀਂ ਹਫ਼ਤੇ ਵਿਚ ਆਪਣੇ ਕੰਮਾਂ-ਕਾਰਾਂ ਵਿਚ ਥੋੜ੍ਹੀ ਜਿਹੀ ਤਬਦੀਲੀ ਲਿਆ ਕੇ ਸਮਾਂ ਕੱਢ ਸਕਦੇ ਹੋ? ਮਿਸਾਲ ਲਈ ਅਗਰ ਤੁਹਾਡੀ ਤਕਰੀਬਨ ਹਰ ਰੋਜ਼ ਅਖ਼ਬਾਰ ਪੜ੍ਹਨ ਜਾਂ ਟੈਲੀਵਿਯਨ ਤੇ ਖ਼ਬਰਾਂ ਦੇਖਣ ਦੀ ਆਦਤ ਹੈ, ਤਾਂ ਕੀ ਤੁਸੀਂ ਹਫ਼ਤੇ ਵਿਚ ਸਿਰਫ਼ ਇਕ ਦਿਨ ਨੂੰ ਅਲੱਗ ਕਰ ਸਕਦੇ ਹੋ? ਤੁਸੀਂ ਉਹ ਸਮਾਂ ਬਾਈਬਲ ਦਾ ਹੋਰ ਅਧਿਐਨ ਕਰਨ ਵਿਚ ਗੁਜ਼ਾਰ ਸਕਦੇ ਹੋ। ਜੇਕਰ ਤੁਸੀਂ ਖ਼ਬਰਾਂ ਪੜ੍ਹਨ ਜਾਂ ਸੁਣਨ ਦੇ ਸਮੇਂ ਵਿੱਚੋਂ ਹਫ਼ਤੇ ਵਿਚ ਅੱਧਾ ਘੰਟਾ ਨਿੱਜੀ ਅਧਿਐਨ ਕਰਨ ਵਿਚ ਲਗਾਓ ਤਾਂ ਤੁਸੀਂ ਸਾਲ ਵਿਚ 25 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਅਧਿਐਨ ਕਰਨ ਵਿਚ ਲਾਓਗੇ। ਜ਼ਰਾ ਸੋਚੋ ਕਿ ਬਾਈਬਲ ਦੀ ਪੜ੍ਹਾਈ ਅਤੇ ਉਸ ਦੇ ਅਧਿਐਨ ਵਿਚ ਅਗਰ ਤੁਸੀਂ 25 ਘੰਟੇ ਹੋਰ ਲਾਓ ਤਾਂ ਉਸ ਤੋਂ ਤੁਹਾਨੂੰ ਕਿੰਨਾ ਫ਼ਾਇਦਾ ਹੋ ਸਕਦਾ ਹੈ! ਇਕ ਹੋਰ ਸਲਾਹ ਇਹ ਹੈ: ਅਗਲੇ ਹਫ਼ਤੇ ਦੌਰਾਨ ਹਰ ਦਿਨ ਦੇ ਅਖ਼ੀਰ ਵਿਚ ਆਪਣਿਆਂ ਕੰਮਾਂ-ਕਾਰਾਂ ਵੱਲ ਧਿਆਨ ਦਿਓ। ਕੀ ਕੋਈ ਅਜਿਹਾ ਕੰਮ ਹੈ ਜਿਸ ਦੇ ਥਾਂ ਤੁਸੀਂ ਬਾਈਬਲ ਦੀ ਪੜ੍ਹਾਈ ਜਾਂ ਉਸ ਦੇ ਅਧਿਐਨ ਕਰਨ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਹੋ?—ਅਫ਼ਸੀਆਂ 5:15, 16.

14, 15. (ੳ) ਨਿੱਜੀ ਅਧਿਐਨ ਕਰਨ ਵਿਚ ਟੀਚੇ ਬਣਾਉਣੇ ਜ਼ਰੂਰੀ ਕਿਉਂ ਹਨ? (ਅ) ਬਾਈਬਲ ਪੜ੍ਹਨ ਵਿਚ ਅਸੀਂ ਕਿਹੜੇ ਟੀਚੇ ਬਣਾ ਸਕਦੇ ਹਾਂ?

14 ਕਿਹੜੀ ਚੀਜ਼ ਤੁਹਾਡੇ ਅਧਿਐਨ ਨੂੰ ਹੋਰ ਆਸਾਨ ਅਤੇ ਆਨੰਦਦਾਇਕ ਬਣਾ ਸਕਦੀ ਹੈ? ਅਸੀਂ ਟੀਚੇ ਬਣਾ ਸਕਦੇ ਹਾਂ। ਅਧਿਐਨ ਕਰਨ ਲਈ ਤੁਸੀਂ ਕਿਹੜੇ ਢੁਕਵੇਂ ਟੀਚੇ ਬਣਾ ਸਕਦੇ ਹੋ? ਇਹ ਕਿੰਨੀ ਚੰਗੀ ਗੱਲ ਹੈ ਕਿ ਕਈ ਮਸੀਹੀ ਪੂਰੀ ਬਾਈਬਲ ਪੜ੍ਹਨੀ ਆਪਣਾ ਪਹਿਲਾ ਟੀਚਾ ਬਣਾਉਂਦੇ ਹਨ। ਸ਼ਾਇਦ ਹੁਣ ਤਕ ਤੁਸੀਂ ਸਮੇਂ-ਸਮੇਂ ਤੇ ਬਾਈਬਲ ਦੇ ਕੁਝ ਹੀ ਹਿੱਸੇ ਪੜ੍ਹਨ ਤੋਂ ਫ਼ਾਇਦਾ ਉਠਾਇਆ ਹੋਵੇਗਾ। ਕੀ ਹੁਣ ਤੁਸੀਂ ਪੂਰੀ ਬਾਈਬਲ ਪੜ੍ਹਨ ਦਾ ਇਰਾਦਾ ਬਣਾ ਸਕਦੇ ਹੋ? ਪੂਰੀ ਬਾਈਬਲ ਪੜ੍ਹਨ ਦੇ ਮਕਸਦ ਨਾਲ ਤੁਸੀਂ ਚਾਰ ਇੰਜੀਲਾਂ ਪੜ੍ਹਨੀਆਂ ਆਪਣਾ ਪਹਿਲਾ ਟੀਚਾ ਬਣਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਹੋਰ ਟੀਚਾ ਰੱਖ ਸਕਦੇ ਹੋ ਜਿਵੇਂ ਕਿ ਮਸੀਹੀ ਯੂਨਾਨੀ ਸ਼ਾਸਤਰ ਦੀਆਂ ਬਾਕੀ ਲਿਖਤਾਂ ਪੜ੍ਹਨੀਆਂ। ਜਦੋਂ ਤੁਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਇਨ੍ਹਾਂ ਤੋਂ ਫ਼ਾਇਦਾ ਉਠਾ ਚੁੱਕੇ ਹੋਵੋ ਤਾਂ ਤੁਹਾਡਾ ਅਗਲਾ ਟੀਚਾ ਮੂਸਾ ਦੁਆਰਾ ਲਿਖੀਆਂ ਕਿਤਾਬਾਂ ਅਤੇ ਉਸ ਤੋਂ ਬਾਅਦ ਅਸਤਰ ਦੀ ਕਿਤਾਬ ਤਕ ਇਤਿਹਾਸਕ ਪੁਸਤਕਾਂ ਪੜ੍ਹਨ ਦਾ ਤੁਹਾਡਾ ਟੀਚਾ ਹੋ ਸਕਦਾ ਹੈ। ਇਹ ਟੀਚਾ ਪੂਰਾ ਕਰ ਕੇ ਤੁਸੀਂ ਦੇਖੋਗੇ ਕਿ ਤੁਸੀਂ ਬਾਕੀ ਦੀ ਬਾਈਬਲ ਆਸਾਨੀ ਨਾਲ ਪੂਰੀ ਕਰ ਸਕਦੇ ਹੋ। ਇਕ ਔਰਤ ਤਕਰੀਬਨ 65 ਸਾਲਾਂ ਦੀ ਉਮਰ ਤੇ ਇਕ ਮਸੀਹੀ ਬਣੀ। ਉਸ ਨੇ ਆਪਣੀ ਬਾਈਬਲ ਦੇ ਅੰਦਰਲੇ ਹਿੱਸੇ ਵਿਚ ਉਹ ਤਾਰੀਖ਼ ਲਿਖੀ ਜਦ ਉਸ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਤੇ ਜਦੋਂ ਖ਼ਤਮ ਕੀਤੀ। ਉਹ ਹੁਣ ਤਕ ਪੰਜ ਵਾਰ ਬਾਈਬਲ ਪੜ੍ਹ ਚੁੱਕੀ ਹੈ! (ਬਿਵਸਥਾ ਸਾਰ 32:45-47) ਉਸ ਨੇ ਬਾਈਬਲ ਨੂੰ ਕੰਪਿਊਟਰ ਦੀ ਸਕ੍ਰੀਨ ਤੇ ਜਾਂ ਕੰਪਿਊਟਰ ਤੋਂ ਕਾਪੀ ਲਾਹ ਕੇ ਨਹੀਂ ਪਰ ਆਪਣੇ ਹੱਥਾਂ ਵਿਚ ਲੈ ਕੇ ਪੜ੍ਹੀ।

15 ਜਿਨ੍ਹਾਂ ਨੇ ਪਹਿਲਾਂ ਹੀ ਪੂਰੀ ਬਾਈਬਲ ਪੜ੍ਹ ਲਈ ਹੈ, ਉਨ੍ਹਾਂ ਨੇ ਆਪਣੇ ਅਧਿਐਨ ਨੂੰ ਜ਼ਿਆਦਾ ਫ਼ਾਇਦੇਮੰਦ ਬਣਾਉਣ ਲਈ ਹੋਰ ਟੀਚੇ ਬਣਾਏ ਹਨ। ਇਕ ਤਰੀਕਾ ਇਹ ਹੈ ਕਿ ਅਸੀਂ ਕੋਈ ਵੀ ਬਾਈਬਲ ਦੀ ਪੁਸਤਕ ਪੜ੍ਹਨ ਤੋਂ ਪਹਿਲਾਂ ਉਸ ਬਾਰੇ ਖ਼ਾਸ ਜਾਣਕਾਰੀ ਹਾਸਲ ਕਰ ਸਕਦੇ ਹਾਂ। ‘ਪੂਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ) ਅਤੇ ਇਨਸਾਈਟ ਔਨ ਦ ਸਕ੍ਰਿਪਚਰਸ ਪੁਸਤਕਾਂ ਵਿੱਚੋਂ ਸਾਨੂੰ ਬਾਈਬਲ ਦੀ ਹਰ ਇਕ ਪੁਸਤਕ ਬਾਰੇ ਵਧੀਆ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਪੁਸਤਕ ਦੇ ਲਿਖਣ ਦੇ ਸਮੇਂ ਕੀ ਕੁਝ ਹੋ ਰਿਹਾ ਸੀ, ਲਿਖਾਰੀ ਦਾ ਲਿਖਣ ਦਾ ਤਰੀਕਾ ਕੀ ਸੀ, ਅਤੇ ਪੁਸਤਕ ਪੜ੍ਹਨ ਦੇ ਫ਼ਾਇਦੇ ਕੀ ਹਨ। *

16. ਬਾਈਬਲ ਦਾ ਅਧਿਐਨ ਕਰਨ ਵਿਚ ਸਾਨੂੰ ਕਿਨ੍ਹਾਂ ਮਿਸਾਲਾਂ ਦੀ ਰੀਸ ਨਹੀਂ ਕਰਨੀ ਚਾਹੀਦੀ?

16 ਅਧਿਐਨ ਕਰਦੇ ਸਮੇਂ, ਉਸ ਤਰ੍ਹਾਂ ਨਾ ਕਰੋ ਜਿਸ ਤਰ੍ਹਾਂ ਬਾਈਬਲ ਦੇ ਅਖਾਉਤੀ ਵਿਦਵਾਨ ਆਮ ਤੌਰ ਤੇ ਕਰਦੇ ਹਨ। ਉਹ ਬਾਈਬਲ ਦੇ ਹਵਾਲਿਆਂ ਦੀ ਇਸ ਤਰ੍ਹਾਂ ਖੋਜ ਕਰਦੇ ਹਨ ਜਿਵੇਂ ਉਹ ਇਨਸਾਨਾਂ ਦੇ ਖ਼ਿਆਲ ਹੋਣ। ਉਨ੍ਹਾਂ ਵਿੱਚੋਂ ਕਈ ਇਸ ਬਾਰੇ ਅੰਦਾਜ਼ਾ ਲਾਉਂਦੇ ਹਨ ਕਿ ਹਰੇਕ ਪੁਸਤਕ ਕਿਨ੍ਹਾਂ ਵਾਸਤੇ ਲਿਖੀ ਹੋਈ ਹੈ, ਅਤੇ ਕਿ ਲਿਖਾਰੀ ਦਾ ਲਿਖਣ ਦਾ ਮਕਸਦ ਜਾਂ ਇਰਾਦਾ ਕੀ ਸੀ। ਇਸ ਤਰ੍ਹਾਂ ਦੀ ਇਨਸਾਨੀ ਸੋਚ ਦਾ ਨਤੀਜਾ ਇਹ ਹੋ ਸਕਦਾ ਕਿ ਅਸੀਂ ਬਾਈਬਲ ਦੀਆਂ ਕਿਤਾਬਾਂ ਨੂੰ ਸਿਰਫ਼ ਇਤਿਹਾਸਕ ਪੁਸਤਕਾਂ ਹੀ ਸਮਝ ਬੈਠੀਏ ਜਾਂ ਇਹ ਸੋਚੀਏ ਕਿ ਇਨਸਾਨਾਂ ਨੇ ਧਰਮ ਵਿਚ ਇਨ੍ਹਾਂ ਦੁਆਰਾ ਹੌਲੀ-ਹੌਲੀ ਤਬਦੀਲੀਆਂ ਲਿਆਂਦੀਆਂ ਹਨ। ਕਈ ਹੋਰ ਵਿਦਵਾਨ ਬਾਈਬਲ ਦੇ ਵੱਖਰੇ-ਵੱਖਰੇ ਸ਼ਬਦਾਂ ਦਾ ਅਧਿਐਨ ਕਰਦੇ ਹਨ। ਪਰਮੇਸ਼ੁਰ ਦੇ ਸੰਦੇਸ਼ ਦਾ ਅਸਲੀ ਮਤਲਬ ਸਮਝਣ ਦੀ ਬਜਾਇ ਉਹ ਉਸ ਦੇ ਸ਼ਬਦਾਂ ਦਾ ਮੁਢਲਾ ਅਰਥ ਇਬਰਾਨੀ ਅਤੇ ਯੂਨਾਨੀ ਭਾਸ਼ਾ ਤੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਅਧਿਐਨ ਕਰਨ ਦੁਆਰਾ ਤੁਹਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਤੁਸੀਂ ਕੁਝ ਕਰਨ ਲਈ ਪ੍ਰੇਰਿਤ ਹੋਵੋਗੇ?—1 ਥੱਸਲੁਨੀਕੀਆਂ 2:13.

17. ਸਾਨੂੰ ਕਿਉਂ ਸਮਝਣਾ ਚਾਹੀਦਾ ਹੈ ਕਿ ਬਾਈਬਲ ਦਾ ਸੰਦੇਸ਼ ਸਾਰਿਆਂ ਲਈ ਹੈ?

17 ਕੀ ਵਿਦਵਾਨਾਂ ਦੇ ਇਹ ਵਿਚਾਰ ਸਹੀ ਹਨ? ਕੀ ਇਹ ਸੱਚ ਹੈ ਕਿ ਹਰ ਕਿਤਾਬ ਖ਼ਾਸ ਲੋਕਾਂ ਲਈ ਜਾਂ ਕਿਸੇ ਖ਼ਾਸ ਮਕਸਦ ਲਈ ਲਿਖੀ ਗਈ ਹੈ? (1 ਕੁਰਿੰਥੀਆਂ 1:19-21) ਸੱਚ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਬਚਨ ਤੋਂ ਸਾਰਿਆਂ ਲੋਕਾਂ ਲਈ ਹਮੇਸ਼ਾ ਦਾ ਫ਼ਾਇਦਾ ਹੁੰਦਾ ਹੈ ਚਾਹੇ ਉਹ ਕਿਸੇ ਵੀ ਉਮਰ ਦੇ ਜਾਂ ਪਿਛੋਕੜ ਦੇ ਹਨ। ਭਾਵੇਂ ਕਿ ਸ਼ੁਰੂ ਵਿਚ ਇਕ ਕਿਤਾਬ ਕਿਸੇ ਇਕ ਵਿਅਕਤੀ ਨੂੰ ਲਿਖੀ ਹੋਵੇ, ਜਿਵੇਂ ਕਿ ਤਿਮੋਥਿਉਸ ਜਾਂ ਤੀਤੁਸ, ਜਾਂ ਕਿਸੇ ਖ਼ਾਸ ਸਮੂਹ ਵਾਸਤੇ ਲਿਖੀ ਹੋਵੇ, ਜਿਵੇਂ ਕਿ ਗਲਾਤੀਆਂ ਅਤੇ ਫ਼ਿਲਿੱਪੀਆਂ ਨੂੰ, ਫਿਰ ਵੀ ਅਸੀਂ ਸਾਰੇ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਸਕਦੇ ਹਾਂ ਅਤੇ ਇਨ੍ਹਾਂ ਦਾ ਅਧਿਐਨ ਕਰ ਸਕਦੇ ਹਾਂ। ਇਹ ਕਿਤਾਬਾਂ ਸਾਰਿਆਂ ਲਈ ਜ਼ਰੂਰੀ ਹਨ। ਇਕ ਕਿਤਾਬ ਵਿਚ ਸ਼ਾਇਦ ਵੱਖਰੇ-ਵੱਖਰੇ ਵਿਸ਼ਿਆਂ ਉੱਤੇ ਗੱਲ ਕੀਤੀ ਗਈ ਹੋਵੇ ਜਿਸ ਤੋਂ ਬਹੁਤ ਸਾਰਿਆਂ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ। ਜੀ ਹਾਂ, ਬਾਈਬਲ ਦਾ ਸੰਦੇਸ਼ ਸਾਰਿਆਂ ਲਈ ਹੈ, ਇਸੇ ਲਈ ਉਸ ਦਾ ਤਰਜਮਾ ਦੁਨੀਆਂ ਭਰ ਦਿਆਂ ਲੋਕਾਂ ਦੀਆਂ ਭਾਸ਼ਾਵਾਂ ਵਿਚ ਕੀਤਾ ਗਿਆ ਹੈ।—ਰੋਮੀਆਂ 15:4.

ਤੁਹਾਡੇ ਲਈ ਅਤੇ ਦੂਸਰਿਆਂ ਲਈ ਫ਼ਾਇਦਾ

18. ਜਿਉਂ ਤੁਸੀਂ ਬਾਈਬਲ ਪੜ੍ਹਦੇ ਹੋ ਤੁਹਾਨੂੰ ਕਿਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

18 ਜਿਵੇਂ ਤੁਸੀਂ ਅਧਿਐਨ ਕਰੋਗੇ ਤੁਸੀਂ ਦੇਖੋਗੇ ਕਿ ਬਾਈਬਲ ਦੀ ਸਹੀ ਸਮਝ ਹਾਸਲ ਕਰਨੀ ਕਿੰਨੀ ਜ਼ਰੂਰੀ ਹੈ ਅਤੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਉਸ ਦੀਆਂ ਗੱਲਾਂ ਇਕ ਦੂਸਰੇ ਨਾਲ ਕਿਵੇਂ ਮਿਲਦੀਆਂ-ਜੁਲਦੀਆਂ ਹਨ। (ਕਹਾਉਤਾਂ 2:3-5; 4:7) ਯਹੋਵਾਹ ਨੇ ਜੋ ਕੁਝ ਆਪਣੇ ਬਚਨ ਵਿਚ ਸਾਨੂੰ ਦੱਸਿਆ ਹੈ ਉਸ ਦਾ ਉਸ ਦੇ ਮਕਸਦ ਨਾਲ ਗਹਿਰਾ ਸੰਬੰਧ ਹੈ। ਇਸ ਲਈ ਜਿਹੜੀਆਂ ਗੱਲਾਂ ਜਾਂ ਸਲਾਹ ਬਾਰੇ ਤੁਸੀਂ ਪੜ੍ਹਦੇ ਹੋ ਉਸ ਦਾ ਪਰਮੇਸ਼ੁਰ ਦੇ ਮਕਸਦ ਨਾਲ ਸੰਬੰਧ ਜੋੜੋ। ਤੁਸੀਂ ਸ਼ਾਇਦ ਇਹ ਸੋਚ-ਵਿਚਾਰ ਕਰੋ ਕਿ ਕਿਸੇ ਘਟਣਾ, ਵਿਚਾਰ, ਜਾਂ ਭਵਿੱਖਬਾਣੀ ਦਾ ਪਰਮੇਸ਼ੁਰ ਦੇ ਮਕਸਦ ਨਾਲ ਕੀ ਸੰਬੰਧ ਹੈ। ਆਪਣੇ ਆਪ ਤੋਂ ਪੁੱਛੋ: ‘ਇਹ ਗੱਲ ਸਾਨੂੰ ਯਹੋਵਾਹ ਬਾਰੇ ਕੀ ਦੱਸਦੀ ਹੈ? ਇਸ ਦਾ ਪਰਮੇਸ਼ੁਰ ਦੇ ਮਕਸਦ ਨਾਲ ਕੀ ਸੰਬੰਧ ਹੈ ਜੋ ਉਸ ਦੇ ਰਾਜ ਦੁਆਰਾ ਪੂਰਾ ਹੋਵੇਗਾ?’ ਤੁਸੀਂ ਸ਼ਾਇਦ ਇਸ ਬਾਰੇ ਵੀ ਗੌਰ ਕਰੋ ਕਿ ‘ਮੈਂ ਇਸ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ? ਕੀ ਮੈਂ ਇਸ ਨੂੰ ਦੂਸਰਿਆਂ ਨੂੰ ਸਿਖਾਉਣ ਲਈ ਜਾਂ ਉਨ੍ਹਾਂ ਨੂੰ ਸਲਾਹ ਦੇਣ ਲਈ ਵਰਤ ਸਕਦਾ ਹਾਂ?’—ਯਹੋਸ਼ੁਆ 1:8.

19. ਜਦੋਂ ਤੁਸੀਂ ਦੂਸਰਿਆਂ ਨੂੰ ਸਿੱਖੀਆਂ ਗਈਆਂ ਗੱਲਾਂ ਦੱਸਦੇ ਹੋ ਤਾਂ ਕਿਸ ਨੂੰ ਫ਼ਾਇਦਾ ਹੁੰਦਾ ਹੈ? ਸਮਝਾਓ।

19 ਦੂਸਰਿਆਂ ਬਾਰੇ ਸੋਚਣ ਨਾਲ ਇਕ ਹੋਰ ਵੀ ਫ਼ਾਇਦਾ ਹੁੰਦਾ ਹੈ। ਬਾਈਬਲ ਦੀ ਪੜ੍ਹਾਈ ਅਤੇ ਅਧਿਐਨ ਕਰਦੇ ਹੋਏ ਤੁਸੀਂ ਨਵੀਆਂ-ਨਵੀਆਂ ਗੱਲਾਂ ਸਿੱਖੋਗੇ ਅਤੇ ਗਹਿਰੀ ਸਮਝ ਹਾਸਲ ਕਰੋਗੇ। ਇਨ੍ਹਾਂ ਬਾਰੇ ਆਪਣੇ ਪਰਿਵਾਰ ਜਾਂ ਦੂਸਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਉਨ੍ਹਾਂ ਦਾ ਹੌਸਲਾ ਵਧਾ ਸਕੋ। ਜੇਕਰ ਤੁਸੀਂ ਸਹੀ ਮੌਕੇ ਤੇ ਅਤੇ ਨਿਮਰਤਾ ਨਾਲ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਗੱਲਬਾਤ ਦਾ ਜ਼ਰੂਰ ਫ਼ਾਇਦਾ ਹੋਵੇਗਾ। ਜੇਕਰ ਤੁਸੀਂ ਪੜ੍ਹੀਆਂ ਗਈਆਂ ਦਿਲਚਸਪ ਗੱਲਾਂ ਬਾਰੇ ਦਿਲੋਂ ਅਤੇ ਜੋਸ਼ੀਲੇ ਹੋ ਕੇ ਦੂਸਰਿਆਂ ਨੂੰ ਦੱਸੋ ਤਾਂ ਇਨ੍ਹਾਂ ਗੱਲਾਂ ਦਾ ਉਨ੍ਹਾਂ ਉੱਤੇ ਗਹਿਰਾ ਅਸਰ ਜਾਂ ਪ੍ਰਭਾਵ ਪਵੇਗਾ। ਇਸ ਤੋਂ ਵੀ ਵੱਧ ਤੁਹਾਨੂੰ ਇਨ੍ਹਾਂ ਗੱਲਾਂ ਤੋਂ ਨਿੱਜੀ ਫ਼ਾਇਦਾ ਹੋਵੇਗਾ। ਕਿਸ ਤਰ੍ਹਾਂ? ਮਾਹਰ ਬਿਆਨ ਕਰਦੇ ਹਨ ਕਿ ਜਦੋਂ ਕੋਈ ਵਿਅਕਤੀ ਕੋਈ ਨਵੀਂ-ਨਵੀਂ ਸਿੱਖੀ ਗਈ ਗੱਲ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਹੈ ਅਤੇ ਉਸ ਬਾਰੇ ਦੂਸਰਿਆਂ ਨੂੰ ਦੱਸਦਾ ਹੈ ਤਾਂ ਉਹ ਗੱਲ ਉਸ ਨੂੰ ਜ਼ਿਆਦਾ ਸਮੇਂ ਲਈ ਯਾਦ ਰਹੇਗੀ। *

20. ਬਾਈਬਲ ਨੂੰ ਲਗਾਤਾਰ ਪੜ੍ਹਨ ਤੋਂ ਕਿਉਂ ਫ਼ਾਇਦਾ ਹੁੰਦਾ ਹੈ?

20 ਜਦੋਂ ਵੀ ਤੁਸੀਂ ਬਾਈਬਲ ਦੀ ਕਿਸੇ ਵੀ ਕਿਤਾਬ ਦੀ ਪੜ੍ਹਾਈ ਕਰੋਗੇ ਤੁਸੀਂ ਜ਼ਰੂਰ ਨਵੀਆਂ ਗੱਲਾਂ ਸਿੱਖੋਗੇ। ਜਿਨ੍ਹਾਂ ਗੱਲਾਂ ਦਾ ਤੁਹਾਡੇ ਉੱਤੇ ਪਹਿਲਾਂ ਇੰਨਾ ਅਸਰ ਨਹੀਂ ਪਿਆ ਹੁਣ ਦੁਬਾਰਾ ਪੜ੍ਹਨ ਨਾਲ ਉਨ੍ਹਾਂ ਦਾ ਤੁਹਾਡੇ ਉੱਤੇ ਜ਼ਰੂਰ ਅਸਰ ਪਵੇਗਾ। ਇਨ੍ਹਾਂ ਗੱਲਾਂ ਬਾਰੇ ਤੁਹਾਡੀ ਸਮਝ ਵਧੇਗੀ। ਇਸ ਤੋਂ ਸਾਨੂੰ ਇਹ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਬਾਈਬਲ ਦੀਆਂ ਕਿਤਾਬਾਂ ਸਿਰਫ਼ ਇਨਸਾਨੀ ਲਿਖਤਾਂ ਨਹੀਂ ਹਨ ਪਰ ਇਹ ਸਾਡੇ ਲਈ ਇਕ ਕੀਮਤੀ ਖ਼ਜ਼ਾਨਾ ਹਨ ਜਿਸ ਦੇ ਲਗਾਤਾਰ ਅਧਿਐਨ ਤੋਂ ਸਾਨੂੰ ਫ਼ਾਇਦਾ ਹੋ ਸਕਦਾ ਹੈ। ਯਾਦ ਰੱਖੋ ਕੇ ਦਾਊਦ ਵਰਗੇ ਰਾਜਿਆਂ ਨੂੰ ‘ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹਨ’ ਦੀ ਲੋੜ ਸੀ।

21. ਬਾਈਬਲ ਦੀ ਹੋਰ ਪੜ੍ਹਾਈ ਕਰਨ ਦੁਆਰਾ ਤੁਸੀਂ ਕਿਨ੍ਹਾਂ ਬਰਕਤਾਂ ਦੀ ਉਮੀਦ ਰੱਖ ਸਕਦੇ ਹੋ?

21 ਜੀ ਹਾਂ ਜਿਹੜੇ ਬਾਈਬਲ ਦਾ ਗਹਿਰਾ ਅਧਿਐਨ ਕਰਨ ਲਈ ਸਮਾਂ ਕੱਢਦੇ ਹਨ ਉਨ੍ਹਾਂ ਨੂੰ ਉਸ ਤੋਂ ਬਹੁਤ ਹੀ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੂੰ ਰੂਹਾਨੀ ਤੌਰ ਤੇ ਚੰਗੀ ਸਮਝ ਹਾਸਲ ਹੁੰਦੀ ਹੈ। ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਤੇ ਗੂੜ੍ਹਾ ਹੁੰਦਾ ਹੈ। ਅਤੇ ਉਹ ਪਰਿਵਾਰ ਦੇ ਮੈਂਬਰਾਂ ਦੀ, ਮਸੀਹੀ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ, ਅਤੇ ਦੂਸਰਿਆਂ ਲੋਕਾਂ ਦੀ ਜੋ ਹਾਲੇ ਯਹੋਵਾਹ ਦੇ ਗਵਾਹ ਨਹੀਂ ਹਨ, ਅੱਗੇ ਨਾਲੋਂ ਜ਼ਿਆਦਾ ਸੇਵਾ ਕਰ ਸਕਦੇ ਹਨ।—ਰੋਮੀਆਂ 10:9-14; 1 ਤਿਮੋਥਿਉਸ 4:16.

[ਫੁਟਨੋਟ]

^ ਪੈਰਾ 15 ਅਧਿਐਨ ਕਰਨ ਲਈ ਇਹ ਪੁਸਤਕਾਂ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਕਈਆਂ ਭਾਸ਼ਾਵਾਂ ਵਿਚ ਮਿਲ ਸਕਦੀਆਂ ਹਨ।

^ ਪੈਰਾ 19 ਅਗਸਤ 15, 1993 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 13 ਅਤੇ 14 ਦੇਖੋ।

ਕੀ ਤੁਹਾਨੂੰ ਯਾਦ ਹੈ?

• ਇਸਰਾਏਲ ਦੇ ਰਾਜਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਸੀ?

• ਬਾਈਬਲ ਦੇ ਅਧਿਐਨ ਕਰਨ ਵਿਚ ਯਿਸੂ ਅਤੇ ਉਸ ਦੇ ਰਸੂਲਾਂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?

• ਤੁਸੀਂ ਨਿੱਜੀ ਅਧਿਐਨ ਕਰਨ ਦਾ ਸਮਾਂ ਵਧਾਉਣ ਲਈ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ?

• ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਿਸ ਰਵੱਈਏ ਨਾਲ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 15 ਉੱਤੇ ਡੱਬੀ]

“ਸਾਡਿਆਂ ਹੱਥਾਂ ਵਿਚ”

‘ਜੇਕਰ ਅਸੀਂ ਬਾਈਬਲ ਦੀਆਂ ਸਿਰਫ਼ ਕੁਝ ਗੱਲਾਂ ਬਾਰੇ ਜਾਣਨਾ ਚਾਹੁੰਦੇ ਹਾਂ ਤਾਂ ਅਸੀਂ ਇੰਟਰਨੈੱਟ ਤੇ ਦੇਖ ਸਕਦੇ ਹਾਂ। ਪਰ ਜੇ ਅਸੀਂ ਬਾਈਬਲ ਪੜ੍ਹਨੀ, ਉਸ ਦਾ ਅਧਿਐਨ ਕਰਨਾ, ਉਸ ਬਾਰੇ ਸੋਚ-ਵਿਚਾਰ ਕਰਨਾ, ਅਤੇ ਉਸ ਉੱਤੇ ਮਨਨ ਕਰਨਾ ਚਾਹੁੰਦੇ ਹਾਂ ਤਾਂ ਬਾਈਬਲ ਸਾਡਿਆਂ ਹੱਥਾਂ ਵਿਚ ਹੋਣੀ ਚਾਹੀਦੀ ਹੈ। ਸਿਰਫ਼ ਇਸੇ ਤਰ੍ਹਾਂ ਉਸ ਦੀਆਂ ਗੱਲਾਂ ਦਾ ਸਾਡਿਆਂ ਮਨਾਂ ਅਤੇ ਦਿਲਾਂ ਉੱਤੇ ਅਸਰ ਪਵੇਗਾ।’—ਗੈਟਰੂਡ ਹਿਮਲਫਾਬ, ਨਿਊਯਾਰਕ ਸ਼ਹਿਰ ਦੀ ਯੂਨੀਵਰਸਿਟੀ ਦੀ ਇਕ ਰਿਟਾਇਰ ਹੋ ਚੁੱਕੀ ਪ੍ਰਸਿੱਧ ਪ੍ਰੋਫ਼ੈਸਰ।