“ਸਾਡੇ ਪਿਆਰ ਵਿਚ ਹੋਰ ਵਾਧਾ ਹੋਇਆ”
“ਸਾਡੇ ਪਿਆਰ ਵਿਚ ਹੋਰ ਵਾਧਾ ਹੋਇਆ”
ਸ਼ੁੱਕਰਵਾਰ, 31 ਮਾਰਚ 2000 ਨੂੰ ਜਪਾਨ ਦੇ ਹੋਕਾਇਡੋ ਟਾਪੂ ਉੱਤੇ ਸਥਿਤ ਯੂਸੂ ਪਹਾੜ ਵਿਚ 23 ਸਾਲਾਂ ਤੋਂ ਸੁੱਤਾ ਪਿਆ ਜਵਾਲਾਮੁਖੀ ਫੱਟ ਗਿਆ। ਉਸ ਖ਼ਤਰਨਾਕ ਇਲਾਕੇ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਨਿਕਲ ਜਾਣ ਲਈ ਮਜਬੂਰ ਹੋਣਾ ਪਿਆ। ਬਹੁਤ ਸਾਰੇ ਲੋਕ ਆਪਣੇ ਘਰਾਂ ਤੇ ਨੌਕਰੀਆਂ ਤੋਂ ਵਾਂਝੇ ਹੋ ਗਏ, ਪਰ ਖ਼ੁਸ਼ੀ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਥੋਂ ਭੱਜਣ ਵਾਲੇ ਲੋਕਾਂ ਵਿਚ 46 ਯਹੋਵਾਹ ਦੇ ਗਵਾਹ ਸਨ ਜਿਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ ਗਈ ਸੀ।
ਜਵਾਲਾਮੁਖੀ ਫੱਟਣ ਵਾਲੇ ਦਿਨ ਉਸ ਇਲਾਕੇ ਦੇ ਸਫ਼ਰੀ ਮਸੀਹੀ ਸੇਵਕ ਦੀ ਮਦਦ ਨਾਲ ਰਾਹਤ ਸਾਮੱਗਰੀ ਦੇ ਪ੍ਰਬੰਧ ਕੀਤੇ ਗਏ। ਜਲਦੀ ਹੀ ਗੁਆਂਢੀ ਕਲੀਸਿਯਾਵਾਂ ਤੋਂ ਰਾਹਤ ਸਾਮੱਗਰੀ ਆਉਣ ਲੱਗ ਪਈ। ਜਪਾਨ ਸ਼ਾਖ਼ਾ ਦੀ ਨਿਗਰਾਨੀ ਹੇਠ ਫ਼ੌਰਨ ਇਕ ਰਾਹਤ ਕਮੇਟੀ ਬਣਾਈ ਗਈ ਤੇ ਜਪਾਨ ਦੇ ਹਰ ਕੋਨੇ ਤੋਂ ਗਵਾਹਾਂ ਨੇ ਰਾਹਤ ਸਾਮੱਗਰੀ ਲਈ ਬਹੁਤ ਸਾਰਾ ਚੰਦਾ ਭੇਜਿਆ। ਅਧਿਆਤਮਿਕ ਕੰਮਾਂ ਵਿਚ ਮਦਦ ਕਰਨ ਲਈ ਯਹੋਵਾਹ ਦੇ ਗਵਾਹਾਂ ਦੇ ਪੂਰੇ ਸਮੇਂ ਦੇ ਸੇਵਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਲੀਸਿਯਾ ਵਿਚ ਭੇਜਿਆ ਗਿਆ ਅਤੇ ਸਰਕਟ ਨਿਗਾਹਬਾਨ ਨੇ ਉਸ ਇਲਾਕੇ ਵਿਚ ਕਈ ਵਾਰ ਆ ਕੇ ਭੈਣ-ਭਰਾਵਾਂ ਨੂੰ ਭਾਵਾਤਮਕ ਤੇ ਅਧਿਆਤਮਿਕ ਤੌਰ ਤੇ ਮਦਦ ਦਿੱਤੀ।
ਪ੍ਰਭਾਵਿਤ ਇਲਾਕੇ ਦੇ ਗਵਾਹ ਉਸ ਮੁਸ਼ਕਲ ਸਮੇਂ ਦੌਰਾਨ ਸੁਰੱਖਿਅਤ ਇਲਾਕੇ ਦੇ ਭੈਣ-ਭਰਾਵਾਂ ਦੇ ਘਰਾਂ ਵਿਚ ਆਪਣੀਆਂ ਮਸੀਹੀ ਸਭਾਵਾਂ ਕਰਦੇ ਸਨ। ਜਦੋਂ ਉਸ ਇਲਾਕੇ ਵਿੱਚੋਂ, ਜਿੱਥੇ ਕਿੰਗਡਮ ਹਾਲ ਸਥਿਤ ਸੀ, ਘਰਾਂ ਨੂੰ ਖਾਲੀ ਕਰਨ ਦੇ ਦਿੱਤੇ ਗਏ ਹੁਕਮ ਨੂੰ ਵਾਪਸ ਲੈ ਲਿਆ ਗਿਆ, ਤਾਂ ਭਰਾ ਵਾਪਸ ਗਏ ਅਤੇ ਉੱਥੇ ਉਨ੍ਹਾਂ ਨੇ ਦੇਖਿਆ ਕਿ ਕਿੰਗਡਮ ਹਾਲ ਦੀ ਇਮਾਰਤ ਟੇਢੀ ਹੋ ਗਈ ਸੀ ਅਤੇ ਇਸ ਵਿਚ ਤਰੇੜਾਂ ਪਈਆਂ ਹੋਈਆਂ ਸਨ। ਕਿੰਗਡਮ ਹਾਲ ਤੋਂ ਥੋੜ੍ਹੀ ਹੀ ਦੂਰ ਜਵਾਲਾਮੁਖੀ ਨਾਲ ਪਏ ਟੋਏ ਵਿੱਚੋਂ ਅਜੇ ਵੀ ਸੰਘਣਾ ਧੂੰਆਂ ਉੱਠ ਰਿਹਾ ਸੀ। ਗਵਾਹ ਦੁਬਿਧਾ ਵਿਚ ਪਏ ਸਨ, ‘ਕੀ ਇਸ ਥਾਂ ਤੇ ਸਭਾਵਾਂ ਜਾਰੀ ਰੱਖਣੀਆਂ ਅਕਲਮੰਦੀ ਹੋਵੇਗੀ? ਕੀ ਕਿੰਗਡਮ ਹਾਲ ਦੀ ਮੁਰੰਮਤ ਕੀਤੀ ਜਾ ਸਕਦੀ ਹੈ?’
ਫਿਰ ਫ਼ੈਸਲਾ ਕੀਤਾ ਗਿਆ ਕਿ ਨੇੜੇ ਦੀ ਕਿਸੇ ਸੁਰੱਖਿਅਤ ਥਾਂ ਤੇ ਨਵਾਂ ਕਿੰਗਡਮ ਹਾਲ ਬਣਾਇਆ ਜਾਵੇ। ਪ੍ਰਾਦੇਸ਼ਕ ਨਿਰਮਾਣ ਸਮਿਤੀ ਨੇ ਇਮਾਰਤ ਬਣਾਉਣ ਵਿਚ ਲੋੜੀਂਦੀ ਮਦਦ ਦਿੱਤੀ। ਦੇਸ਼ ਭਰ ਦੇ ਗਵਾਹਾਂ ਦੁਆਰਾ ਦਾਨ ਕੀਤੇ ਗਏ ਪੈਸੇ ਨੂੰ ਇਸ ਉਸਾਰੀ ਕੰਮ ਲਈ ਵਰਤਿਆ ਗਿਆ। ਜਲਦੀ ਹੀ ਜ਼ਮੀਨ ਖ਼ਰੀਦੀ ਗਈ ਤੇ ਥੋੜ੍ਹੇ ਹੀ ਸਮੇਂ ਵਿਚ ਸੈਂਕੜੇ ਸਵੈ-ਸੇਵਕਾਂ ਦੀ ਮਦਦ ਨਾਲ ਨਵਾਂ ਕਿੰਗਡਮ ਹਾਲ ਬਣਾਇਆ ਗਿਆ। ਇਸ ਨਵੇਂ ਬਣੇ ਕਿੰਗਡਮ ਹਾਲ ਵਿਚ ਐਤਵਾਰ, 23 ਜੁਲਾਈ 2000 ਨੂੰ ਹੋਈ ਪਹਿਲੀ ਸਭਾ ਵਿਚ 75 ਲੋਕ ਹਾਜ਼ਰ ਹੋਏ। ਹਾਜ਼ਰ ਹੋਏ ਭੈਣ-ਭਰਾਵਾਂ ਵਿੱਚੋਂ ਕਈਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ। ਉਸੇ ਸਾਲ ਅਕਤੂਬਰ ਵਿਚ ਜਦੋਂ ਕਿੰਗਡਮ ਹਾਲ ਸਮਰਪਿਤ ਕੀਤਾ ਗਿਆ ਸੀ, ਤਾਂ ਉਸ ਕਲੀਸਿਯਾ ਦਾ ਇਕ ਬਜ਼ੁਰਗ ਇਹ ਕਹਿਣ ਲਈ ਪ੍ਰੇਰਿਤ ਹੋਇਆ: “ਇਸ ਜਵਾਲਾਮੁਖੀ ਦੇ ਫੱਟਣ ਕਰਕੇ ਸਾਨੂੰ ਮੁਸ਼ਕਲਾਂ ਤੇ ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਪਰ ਇਸ ਕਿੰਗਡਮ ਹਾਲ ਨੇ ਸਾਡੇ ਡਰ ਨੂੰ ਖ਼ੁਸ਼ੀ ਵਿਚ ਬਦਲ ਦਿੱਤਾ ਹੈ। ਯਹੋਵਾਹ ਲਈ ਤੇ ਆਪਣੇ ਮਸੀਹੀ ਭਾਈਚਾਰੇ ਲਈ ਸਾਡੇ ਪਿਆਰ ਵਿਚ ਹੋਰ ਵਾਧਾ ਹੋਇਆ ਹੈ!”
[ਸਫ਼ੇ 19 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਯੂਸੂ ਪਹਾੜ ਦਾ ਜਵਾਲਾਮੁਖੀ: AP Photo/Koji Sasahara